ਬੇਰੁਜ਼ਗਾਰੀ ਦਾ ਹੱਲ ਕਿੱਤਾਮੁਖੀ ਸਿੱਖਿਆ
ਬੇਰੁਜ਼ਗਾਰੀ ਬਹੁਤ ਵੱਡੀ ਸਮੱਸਿਆ ਹੈ। ਹਰ ਸਾਲ ਲੱਖਾਂ ਹੀ ਨੌਜਵਾਨ ਆਪਣੀ ਸਕੂਲ/ਕਾਲਜ ਦੀ ਪੜ੍ਹਾਈ ਪੂਰੀ ਕਰਨ ਉਪਰੰਤ ਹੱਥਾਂ ’ਚ ਡਿਗਰੀਆਂ/ਡਿਪਲੋਮੇ ਲੈ ਕੇ ਨੌਕਰੀ ਦੀ ਭਾਲ ਕਰਦੇ ਹਨ। ਸੰਗਠਿਤ ਤੇ ਗ਼ੈਰ-ਸੰਗਠਿਤ ਸੈਕਟਰ ’ਚ ਰੁਜ਼ਗਾਰ ਦੇ ਮੌਕੇ ਘੱਟ ਹੋਣ ਕਾਰਨ ਬੇਰੁਜ਼ਗਾਰੀ ’ਚ ਵਾਧਾ ਹੋ ਰਿਹਾ ਹੈ। ਪੰਜਾਬ ’ਚ ਬੇਰੁਜ਼ਗਾਰੀ ਨੂੰ ਖ਼ਤਮ ਕਰਨ ਲਈ ਕਿੱਤਾਮੁਖੀ ਤੇ ਤਕਨੀਕੀ ਸਿੱਖਿਆ ਨੂੰ ਵਧੇਰੇ ਹੁਲਾਰਾ ਦੇਣ ਦੀ ਲੋੜ ਹੈ। ਡਾਇਰੈਕਟੋਰੇਟ ਜਨਰਲ ਆਫ ਟ੍ਰੇਨਿੰਗ, ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲਾ, ਭਾਰਤ ਸਰਕਾਰ ਅਧੀਨ ਰਾਸ਼ਟਰੀ ਪੱਧਰ ’ਤੇ ਕਿੱਤਾਮੁਖੀ ਸਿਖਲਾਈ ਨਾਲ ਸਬੰਧਤ ਪ੍ਰੋਗਰਾਮ ਚਲਾਉਣ ਦੀ ਅਪੈਕਸ ਬਾਡੀ ਹੈ।
ਕੋਰਸ
ਕਰਾਫਟਸਮੈਨ ਸਕੀਮ ਤੇ ਡਿਊਲ ਸਿਸਟਮ ਆਫ ਟ੍ਰੇਨਿੰਗ
ਇਸ ਸਕੀਮ ਅਧੀਨ ਇਲੈਕਟ੍ਰੀਸ਼ਨ, ਰੈਫਰੀਜਿਰੇਸ਼ਨ ਐਂਡ ਏਅਰ ਕੰਡੀਸ਼ਨਿੰਗ ਮਕੈਨਿਕ, ਫਿਟਰ, ਮਸ਼ੀਨਿਸਟ, ਮਕੈਨਿਕ ਟਰੈਕਟਰ, ਵਾਇਰਮੈਨ, ਮਕੈਨਿਕ ਡੀਜ਼ਲ, ਪਲੰਬਰ, ਵੈਲਡਰ, ਕੋਪਾ ਆਦਿ 62 ਤਰ੍ਹਾਂ ਦੇ ਇੰਜੀਨੀਅਰਿੰਗ ਤੇ ਨਾਨ-ਇੰਜੀਨੀਅਰਿੰਗ ਕੋਰਸ ਮੁਹੱਈਆ ਹਨ। ਨਵੇਂ ਕੋਰਸ ਵੀ ਸ਼ੁਰੂ ਕੀਤੇ ਜਾ ਰਹੇ ਹਨ। ਇਹ ਕੋਰਸ 1 ਜਾਂ 2 ਸਾਲ ਦੀ ਮਿਆਦ ਦੇ ਹੁੰਦੇ ਹਨ। ਇਹ ਕੋਰਸ ਐੱਨਸੀਵੀਟੀ/ਐੱਸਸੀਵੀਟੀ ਨਾਲ ਐਫੀਲੀਏਟਿਡ ਹੁੰਦੇ ਹਨ। ਡਿਊਲ ਟ੍ਰੇਨਿੰਗ ਸਕੀਮ ਅਧੀਨ ਸਿਖਿਆਰਥੀਆਂ ਦੀਆਂ ਥਿਊਰੀ ਕਲਾਸਾਂ ਸੰਸਥਾ ’ਚ ਲਗਾਈਆਂ ਜਾਂਦੀਆਂ ਹਨ ਤੇ ਮੁੱਢਲੀ ਪ੍ਰੈਕਟੀਕਲ ਟ੍ਰੇਨਿੰਗ ਦੇਣ ਤੋਂ ਬਾਅਦ ਤਾਲਮੇਲ ਕੀਤੇ ਉਦਯੋਗਾਂ ’ਚ ਆਧੁਨਿਕ ਮਸ਼ੀਨਾਂ ’ਤੇ ਨਵੀਨਤਮ ਤਕਨਾਲੋਜੀ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਪਾਸ-ਆਊਟ ਵਿਦਿਆਰਥੀਆਂ ਨੂੰ ਐੱਨਸੀਵੀਟੀ ਸਰਟੀਫਿਕੇਟ ਦਿੱਤਾ ਜਾਂਦਾ ਹੈ।
- ਆਰਟ ਐਂਡ ਕਰਾਫਟ ਟੀਚਰ ਟ੍ਰੇਨਿੰਗ ਕੋਰਸ।
- ਪੰਜਾਬੀ ਸਟੈਨੋਗ੍ਰਾਫੀ।
- ਕਟਾਈ-ਸਿਲਾਈ ਤੇ ਕਢਾਈ ਟੀਚਰ ਟ੍ਰੇਨਿੰਗ ਕੋਰਸ।
ਸੰਸਥਾਵਾਂ
ਕਿੱਤਾਮੁਖੀ ਸਿੱਖਿਆ ਪ੍ਰਦਾਨ ਕਰਨ ਲਈ ਦੇਸ਼ ’ਚ ਉਦਯੋਗਿਕ ਸਿਖਲਾਈ ਸੰਸਥਾਵਾਂ, ਨੈਸ਼ਨਲ ਸਕਿੱਲ ਟ੍ਰੇਨਿੰਗ ਇੰਸਟੀਚਿਊਟਸ (ਐੱਨਐੱਸਟੀਆਈਜ਼) ਹਨ। ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ, ਪੰਜਾਬ ਅਧੀਨ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਤੇ ਪ੍ਰਾਈਵੇਟ ਐਫੀਲੀਏਟਿਡ ਉਦਯੋਗਿਕ ਸਿਖਲਾਈ ਸੰਸਥਾਵਾਂ/ਕੇਂਦਰ/ਟੀਚਰ ਟ੍ਰੇਨਿੰਗ ਸੰਸਥਾਵਾਂ/ਆਰਟ ਤੇ ਕਰਾਫਟ ਸੰਸਥਾਵਾਂ ਹਨ। ਸਾਰੀਆਂ ਸਰਕਾਰੀ ਤੇ ਪ੍ਰਾਈਵੇਟ ਉਦਯੋਗਿਕ ਸਿਖਲਾਈ ਸੰਸਥਾਵਾਂ ਦੀ ਜਾਣਕਾਰੀ ਵਿਭਾਗ ਦੀ ਵੈੱਬਸਾਈਟ www.punjabitis.gov.in ’ਤੇ ਮੁਹੱਈਆ ਹੈ।
ਨੈਸ਼ਨਲ ਸਕਿੱਲ ਟ੍ਰੇਨਿੰਗ ਇੰਸਟੀਚਿਊਟ (ਐੱਨਐੱਸਟੀਆਈ), ਮੋਹਾਲੀ ਵਿਖੇ ਕਰਾਫਟਮੈਨ ਟ੍ਰੇਨਿੰਗ ਸਕੀਮ(ਸੀਟੀਐੱਸ) ਅਧੀਨ ਬੇਸਿਕ ਕੌਸਮੋਟੋਲੋਜੀ, ਇੰਟੀਰੀਅਰ ਡਿਜ਼ਾਈਨ ਐਂਡ ਡੈਕੋਰੇਸ਼ਨ, ਫੈਸ਼ਨ ਡਿਜ਼ਾਈਨ ਤਕਨਾਲੋਜੀ, ਇਲੈਕਟ੍ਰਾਨਿਕ ਮਕੈਨਿਕ, ਹੌਸਪੀਟਲ ਹਾਊਸ ਕੀਪਿੰਗ ਪ੍ਰਜ਼ਰਵੇਸ਼ਨ ਆਫ ਫਰੂਟਸ ਐਂਡ ਵੈਜੀਟੇਬਲਜ਼ ਕੋਰਸ ਮੁਹੱਈਆ ਹਨ।
ਨੈਸ਼ਨਲ ਸਕਿੱਲ ਟ੍ਰੇਨਿੰਗ ਇੰਸਟੀਚਿਊਟ (ਐੱਨਐੱਸਟੀਆਈ), ਲੁਧਿਆਣਾ (ਪਹਿਲਾ ਨਾਂ ਏਟੀਆਈ) ਵਿਖੇ ਕਾਰੀਗਰ ਸਿਖਲਾਈ ਸਕੀਮ (ਸੀਟੀਐੱਸ) ਅਧੀਨ ਦੋ ਸਾਲਾ ਟਰਨਰ ਤੇ ਇਕ ਸਾਲਾ ਆਈਓਟੀ ਤਕਨੀਸ਼ੀਅਨ (ਸਮਾਰਟ ਐਗਰੀਕਲਚਰ) ਟਰੇਡ ਮੁਹੱਈਆ ਹਨ।
ਵੈੱਬਸਾਈਟ : www.nstiludhiana.dgt.gov.in
ਦਾਖ਼ਲੇ ਲਈ ਮੁੱਢਲੀ ਯੋਗਤਾ
ਕਰਾਫਟਸਮੈਨ ਸਕੀਮ ਅਧੀਨ ਵਧੇਰੇ ਕੋਰਸਾਂ ’ਚ ਦਾਖ਼ਲੇ ਦੀ ਘੱਟੋ-ਘੱਟ ਯੋਗਤਾ 10+2 ਸਿੱਖਿਆ ਪ੍ਰਣਾਲੀ ਅਧੀਨ 10ਵੀਂ (ਮੈਟਿ੍ਰਕੁਲੇਸ਼ਨ) ਪਾਸ ਹੋਣਾ ਲਾਜ਼ਮੀ ਹੈ। ਕਈ ਕੋਰਸਾਂ ’ਚ ਸਾਇੰਸ ਅਤੇ ਮੈਥ ਵਿਸ਼ੇ ਲਾਜ਼ਮੀ ਹੁੰਦੇ ਹਨ। ਕੁਝ ਕੋਰਸਾਂ ਜਿਵੇਂ ਕਾਰਪੇਂਟਰ, ਮੈਸਨ, ਵਾਇਰਮੈਨ, ਵੈਲਡਰ, ਡਰਾਈਵਰ-ਕਮ-ਮਕੈਨਿਕ (ਲਾਈਟ ਮੋਟਰ ਵ੍ਹੀਕਲ) ਲਈ ਘੱਟੋ-ਘੱਟ ਯੋਗਤਾ ਅੱਠਵੀਂ ਪਾਸ ਹੁੰਦੀ ਹੈ। ਦਾਖ਼ਲੇ ਦੇ ਸਾਲ ਪਹਿਲੀ ਅਗਸਤ ਨੂੰ ਘੱਟੋ-ਘੱਟ ਉਮਰ 14 ਸਾਲ ਤੇ ਉਪਰਲੀ ਉਮਰ ਦੀ ਹੱਦ ਕੋਈ ਨਹੀਂ ਹੁੰਦੀ।
ਆਰਟ ਕਰਾਫਟ ਲਈ ਘੱਟੋ-ਘੱਟ ਯੋਗਤਾ 10+2 ਪ੍ਰਣਾਲੀ ਅਧੀਨ ਦਸਵੀਂ ਪਾਸ ਹੈ ਅਤੇ 8ਵੀਂ ਜਮਾਤ/10ਵੀਂ ਜਮਾਤ ਜਾਂ 10+2 ਜਮਾਤ ਵਿੱਚ ਡਰਾਇੰਗ/ਪੇਂਟਿੰਗ ਵਿਸ਼ਾ ਲਾਜ਼ਮੀ ਪੜ੍ਹਿਆ ਹੋਵੇ ਜਾਂ 10+2/ਬੀਏ ਜਾਂ ਐੱਮਏ ਕਲਾਸਾਂ ’ਚ ਫਾਈਨ ਆਰਟ/ਕਮਰਸ਼ੀਅਲ ਆਰਟਸ ਪੜ੍ਹਿਆ ਹੋਵੇ। ਘੱਟੋ-ਘੱਟ ਉਮਰ 15 ਸਾਲ ਹੋਣੀ ਜ਼ਰੂਰੀ ਹੈ।
ਸਟੈਨੋਗ੍ਰਾਫੀ ਲਈ ਘੱਟੋ-ਘੱਟ ਯੋਗਤਾ 10+2 ਪ੍ਰਣਾਲੀ ਅਧੀਨ 10ਵੀਂ ਪਾਸ ਹੋਣਾ ਜ਼ਰੂਰੀ ਹੈ ਅਤੇ 10ਵੀਂ ਜਮਾਤ ਵਿਚ ਪੰਜਾਬੀ ਵਿਸ਼ਾ ਲਾਜ਼ਮੀ ਹੋਵੇ। ਡਰਾਈਵਰ-ਕਮ-ਮਕੈਨਿਕ (ਲਾਈਟ ਵ੍ਹੀਕਲ) ਲਈ ਯੋਗਤਾ 8ਵੀਂ ਜਮਾਤ ਪਾਸ ਅਤੇ 18 ਸਾਲ ਉਮਰ ਪੂਰੀ ਹੋਣੀ ਜ਼ਰੂਰੀ ਹੈ। ਉਮੀਦਵਾਰ ਸਰੀਰਕ ਤੌਰ ’ਤੇ ਫਿੱਟ ਹੋਣਾ ਚਾਹੀਦਾ ਹੈ।
ਨਿਊ ਵੋਕੇਸ਼ਨਲ ਵੈਲਫੇਅਰ ਟ੍ਰੇਨਿੰਗ ਸਕੀਮ
ਪੰਜਾਬ ਰਾਜ ਦੀਆਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ’ਚ ਨਿਊ ਵੋਕੇਸ਼ਨਲ ਵੈਲਫੇਅਰ ਟ੍ਰੇਨਿੰਗ ਸਕੀਮ ਅਧੀਨ ਅਨੁਸੂਚਿਤ ਜਾਤੀਆਂ ਦੇ ਉਮੀਦਵਾਰਾਂ ਦਾ ਦਾਖ਼ਲਾ ਕੀਤਾ ਜਾਂਦਾ ਹੈ।
ਦਾਖ਼ਲਾ ਵਿਧੀ
ਇਨ੍ਹਾਂ ਕੋਰਸਾਂ ’ਚ ਦਾਖ਼ਲਾ ਆਨਲਾਈਨ ਵਿਧੀ ਰਾਹੀਂ ਕੀਤਾ ਜਾਂਦਾ ਹੈ। ਉਮੀਦਵਾਰਾਂ ਨੂੰ ਪੋਰਟਲ ’ਤੇ ਰਜਿਸਟਰ ਕਰਵਾਉਣਾ ਪੈਂਦਾ ਹੈ। ਦਾਖ਼ਲਾ ਯੋਗਤਾ ਪ੍ਰੀਖਿਆ ’ਚੋਂ ਪ੍ਰਾਪਤ ਅੰਕਾਂ ਦੀ ਮੈਰਿਟ ਦੇ ਆਧਾਰ ’ਤੇ ਕੀਤਾ ਜਾਂਦਾ ਹੈ। ਉਚੇਰੀ ਪੜ੍ਹਾਈ ਲਈ ਵਾਧੂ ਅੰਕ ਦੇ ਕੇ ਮੈਰਿਟ ਤਿਆਰ ਕੀਤੀ ਜਾਂਦੀ ਹੈ।
ਆਨਲਾਈਨ ਰਜਿਸਟ੍ਰੇਸ਼ਨ : www.itipunjab.nic.in
ਸੀਟੀਐੱਸ ਅਧੀਨ ਫਾਈਨਲ ਟਰੇਡ ਪ੍ਰੀਖਿਆ ਐਨਸੀਵੀਟੀ, ਨਵੀਂ ਦਿੱਲੀ ਵੱਲੋਂ ਅਤੇ ਐੱਸਸੀਵੀਟੀ ਅਧੀਨ ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਵੱਲੋਂ ਸੰਚਾਲਿਤ ਕੀਤੀ ਜਾਂਦੀ ਹੈ। ਇਮਤਿਹਾਨ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਨੈਸ਼ਨਲ ਟਰੇਡ ਸਰਟੀਫਿਕੇਟ/ਸਟੇਟ ਟਰੇਡ ਸਰਟੀਫਿਕੇਟ ਦਿੱਤਾ ਜਾਂਦਾ ਹੈ।
ਕਿੱਤਾਮੁਖੀ ਕੋਰਸਾਂ ’ਚ ਭਵਿੱਖ
ਆਈਟੀਆਈਜ਼ ਦੇ ਕਿੱਤਾਮੁਖੀ ਕੋਰਸਾਂ ਦਾ ਭਵਿੱਖ ਬਹੁਤ ਵਧੀਆ ਹੈ। ਸਾਰੇ ਕੋਰਸ ਰੁਜ਼ਗਾਰ-ਮੁਖੀ ਹੁੰਦੇ ਹਨ। ਆਈਟੀਆਈ ਦੇ ਕਿੱਤਾਮੁਖੀ ਕੋਰਸਾਂ ਨਾਲ ਉੱਜਵਲ ਭਵਿੱਖ ਬਣਾਇਆ ਜਾ ਸਕਦਾ ਹੈ। ਦੇਸ਼-ਵਿਦੇਸ਼ ਦੇ ਉਦਯੋਗਾਂ ’ਚ ਹੁਨਰਮੰਦ ਕਾਮਿਆਂ ਦੀ ਭਾਰੀ ਮੰਗ ਹੈ।
ਉੱਚ ਵਿੱਦਿਆ
ਦੋ ਸਾਲਾ ਆਈਟੀ ਆਈ ਕੋਰਸ ਕਰਨ ਤੋਂ ਬਾਅਦ ਪੋਲੀਟੈਕਨਿਕ ਕਾਲਜਾਂ ਵਿਚ ਇੰਜੀਨੀਅਰਿੰਗ ਦੇ ਤਿੰਨ ਸਾਲਾ ਡਿਪਲੋਮਾ ਕੋਰਸਾਂ ਵਿਚ ਲੇਟਰਲ ਐਂਟਰੀ ਰਾਹੀਂ ਦੂਜੇ ਸਾਲ ਵਿਚ ਸਿੱਧਾ ਦਾਖ਼ਲਾ ਮਿਲ ਜਾਂਦਾ ਹੈ। ਕਟਾਈ ਸਿਲਾਈ ਤੇ ਕਢਾਈ ਟੀਚਰ ਟ੍ਰੇਨਿੰਗ ਕੋਰਸ ਲਈ ਯੋਗਤਾ (ੳ) 10+2 ਪ੍ਰਣਾਲੀ ਤਹਿਤ 10ਵੀਂ ਪਾਸ (ਅ) ਕਟਾਈ ਤੇ ਸਿਲਾਈ/ਡਰੈੱਸ ਮੇਕਿੰਗ/ਫੈਸ਼ਨ ਤਕਨਾਲੋਜੀ ਵਿਚ ਨੈਸ਼ਨਲ ਟਰੇਡ ਸਰਟੀਫਿਕੇਟ (ੲ) ਕਢਾਈ ਤੇ ਨੀਡਲ ਵਰਕ/ ਹੇਅਰ ਐਂਡ ਸਕਿਨ ਕੇਅਰ/ਫਰੂਟ ਐਂਡ ਵੈਜੀਟੇਬਲ ਪ੍ਰੀਜ਼ਰਵੇਸ਼ਨ/ਫਰੂਟ ਪ੍ਰੋਸੈਸਿੰਗ ਟਰੇਡ ਵਿਚ ਨੈਸ਼ਨਲ ਟਰੇਡ ਸਰਟੀਫਿਕੇਟ ਹੋਣਾ ਲਾਜ਼ਮੀ ਹੈ। ਘੱਟੋ-ਘੱਟ ਉਮਰ 16 ਸਾਲ ਹੋਣੀ ਚਾਹੀਦੀ ਹੈ।
ਕਰਾਫਟ ਇੰਸਟਰੱਕਟਰ ਟ੍ਰੇਨਿੰਗ ਕੋਰਸ
ਡਾਇਰੈਕਟੋਰੇਟ ਜਨਰਲ ਆਫ ਟਰੇਨਿੰਗ, ਕੌਸ਼ਲ ਵਿਕਾਸ ਅਤੇ ਉੱਦਮੀਅਤਾ ਮੰਤਰਾਲੇ ਅਧੀਨ ਰਾਸ਼ਟਰੀ ਕੌਸ਼ਲ ਸਿਖਲਾਈ ਸੰਸਥਾਨ (ਐੱਨਐੱਸਟੀਆਈਜ਼) ਅਤੇ ਟ੍ਰੇਨਰਜ਼ ਦੇ ਸਿਖਲਾਈ ਸੰਸਥਾਨਾਂ (ਆਈਟੀਓਟੀਜ਼) ਵਿਚ ਕਾਰੀਗਰ ਇੰਸਟਰੱਕਟਰ ਸਿਖਲਾਈ ਯੋਜਨਾ (ਸੀਆਈਟੀਐਸ) ਦੇ ਅਧੀਨ ਦਾਖ਼ਲਾ ਅਖਿਲ ਭਾਰਤੀ ਸਾਂਝੀ ਪ੍ਰਵੇਸ਼ ਪ੍ਰੀਖਿਆ (ਏਆਈਸੀਈਟੀ) ’ਚੋਂ ਪ੍ਰਾਪਤ ਰੈਂਕ/ਮੈਰਿਟ ਦੇ ਆਧਾਰ ’ਤੇ ਕੀਤਾ ਜਾਂਦਾ ਹੈ। ਡਾਇਰੈਕਟਰ ਜਨਰਲ ਟ੍ਰੇਨਿੰਗ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਰਾਫਟ ਇੰਸਟੱ੍ਰਕਟਰ ਲੱਗਣ ਲਈ ਇਹ ਵਿੱਦਿਅਕ ਯੋਗਤਾ ਲਾਜ਼ਮੀ ਹੈ।
ਵੈੱਬਸਾਈਟ : www.nimionlineadmission.in
ਰੁਜ਼ਗਾਰ ਦੇ ਮੌਕੇ
ਆਈਟੀਆਈ ਦੇ ਕਿੱਤਾਮੁਖੀ ਕੋਰਸਾਂ ਦਾ ਮਕਸਦ ਉਦਯੋਗਾਂ ਲਈ ਨਿਪੁੰਨ ਕਾਮੇ ਤਿਆਰ ਕਰਨਾ ਹੈ। ਵੱਖ-ਵੱਖ ਸਰਕਾਰੀ ਵਿਭਾਗਾਂ ਜਿਵੇਂ ਰੇਲਵੇ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ, ਪਨਬੱਸ, ਪੀਆਰਟੀਸੀ ਤੇ ਪ੍ਰਾਈਵੇਟ ਅਦਾਰਿਆਂ ਆਦਿ ’ਚ ਰੁਜ਼ਗਾਰ ਪ੍ਰਾਪਤ ਕੀਤਾ ਜਾ ਸਕਦਾ ਹੈ। ਆਰਟ ਤੇ ਕਰਾਫਟ ਕੋਰਸ ਕਰਨ ਤੋਂ ਬਾਅਦ ਸਿੱਖਿਆ ਵਿਭਾਗ ਅਧੀਨ ਵੱਖ-ਵੱਖ ਸਕੂਲਾਂ ਵਿਚ ਬਤੌਰ ਆਰਟ ਐਂਡ ਕਰਾਫਟ ਟੀਚਰ/ਡਰਾਇੰਗ ਮਾਸਟਰ ਨਿਯੁਕਤੀ ਹੋ ਸਕਦੀ ਹੈ। ਪੰਜਾਬੀ ਸਟੈਨੋਗ੍ਰਾਫੀ ਕੋਰਸ ਕਰਨ ਤੋਂ ਬਾਅਦ ਵੱਖ-ਵੱਖ ਅਦਾਰਿਆਂ ’ਚ ਦਫ਼ਤਰੀ ਕੰਮ ਪੰਜਾਬੀ ਭਾਸ਼ਾ ਵਿਚ ਕਰਨ ਲਈ ਸਟੈਨੋਗ੍ਰਾਫਰ ਨਿਯੁਕਤ ਕੀਤੇ ਜਾਂਦੇ ਹਨ। ਕਟਾਈ ਸਿਲਾਈ ਅਤੇ ਕਢਾਈ ਟੀਚਰ ਟ੍ਰੇਨਿੰਗ ਕੋਰਸ ਕਰਨ ਤੋਂ ਬਾਅਦ ਉਦਯੋਗਿਕ ਸਿਖਲਾਈ ਸੰਸਥਾਵਾਂ ਅਤੇ ਸਿੱਖਿਆ ਸੰਸਥਾਵਾਂ ਵਿਚ ਕਟਾਈ-ਸਿਲਾਈ ਅਤੇ ਕਢਾਈ ਅਧਿਆਪਕਾਵਾਂ ਦੇ ਤੌਰ ’ਤੇ ਨਿਯੁਕਤੀ ਹੋ ਸਕਦੀ ਹੈ। ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਵੈ-ਰੁਜ਼ਗਾਰ ਸਬੰਧੀ ਸਕੀਮਾਂ ਦਾ ਲਾਹਾ ਲੈ ਕੇ ਆਪਣਾ ਕਾਰੋਬਾਰ ਵੀ ਸ਼ੁਰੂ ਕੀਤਾ ਜਾ ਸਕਦਾ ਹੈ।
ਅਪ੍ਰੈਂਟਿਸਸ਼ਿਪ
ਸਿਖਿਆਰਥੀ ਉਦਯੋਗਿਕ ਸਿਖਲਾਈ ਸੰਸਥਾਵਾਂ ਵਿੱਚੋਂ ਇਕ ਸਾਲ ਜਾਂ ਦੋ ਸਾਲਾ ਟਰੇਡ ਦੀ ਸਿਖਲਾਈ ਪਾਸ ਕਰਨ ਉਪਰੰਤ ਸਿਖਿਆਰਥੀਪਣ ਐਕਟ, 1961 ਅਧੀਨ ਡਿਜ਼ਗਨੇਟਿਡ ਟਰੇਡ ਵਿਚ ਐਪਰੈਂਟਿਸ ਦੇ ਤੌਰ ’ਤੇ ਉਚੇਰੀ ਸਿਖਲਾਈ ਲਈ ਉਦਯੋਗਿਕ/ਸਰਵਿਸ ਅਦਾਰਿਆਂ ’ਚ ਲੱਗ ਸਕਦੇ ਹਨ ਅਤੇ ਹੁਨਰਮੰਦ ਵਰਕਰ ਬਣ ਸਕਦੇ ਹਨ।
-
ਵਿਜੈ ਗਰਗ, ਰਿਟਾਇਰਡ ਪ੍ਰਿੰਸੀਪਲ ਐਜੂਕੇਸ਼ਨਲ ਕਾਲਮਨਿਸਟ ਮਲੋਟ ਪੰਜਾਬ
vkmalout@gmail.com
00000000000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.