ਸਤਨਾਮ ਸਿੰਘ ਮੱਟੂ ਦਾ ਕਾਵਿ ਸੰਗ੍ਰਹਿ ‘ਯਖ਼ ਰਾਤਾਂ ਪੋਹ ਦੀਆਂ’ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਨੂੰ ਸ਼ਰਧਾਂਜ਼ਲੀ.... ਉਜਾਗਰ ਸਿੰਘ ਦੀ ਕਲਮ ਤੋਂ
ਇੰਜੀ.ਸਤਨਾਮ ਸਿੰਘ ਮੱਟੂ ਧਾਰਮਿਕ ਪ੍ਰਵਿਰਤੀ ਨੂੰ ਪ੍ਰਣਾਇਆ ਹੋਇਆ ਕਵੀ ਹੈ। ਉਸ ਦੀਆਂ ਕਵਿਤਾਵਾਂ/ਗੀਤਾਂ ਦੇ ਵਿਸ਼ੇ ਗੁਰਮਤਿ ਵਿਚਾਰਧਾਰਾ ਨਾਲ ਸੰਬੰਧਤ ਹੁੰਦੇ ਹਨ। ਚਰਚਾ ਅਧੀਨ ਕਾਵਿ ਸੰਗ੍ਰਹਿ ‘ਯਖ਼ ਰਾਤਾਂ ਪੋਹ ਦੀਆਂ’ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਨਾਲ ਵਾਪਰੀਆਂ ਅਣਹੋਣੀਆਂ ਘਟਨਾਵਾਂ ਨਾਲ ਸੰਬੰਧਤ ਹੈ। ਇਹ ਉਸ ਦਾ ਪਲੇਠਾ ਕਾਵਿ ਸੰਗ੍ਰਹਿ ਹੈ। ਛੇ ਪੋਹ ਤੋਂ 13 ਪੋਹ ਦੇ ਸਪਤਾਹ ਦਰਮਿਆਨ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਜਿਹੜੇ ਅਣਸੁਖਾਵੇਂ ਹਾਲਾਤਾਂ ਵਿੱਚੋਂ ਲੰਘਣਾ ਪਿਆ ਹੈ, ਉਸ ਅੱਤ ਦੀ ਸਰਦੀ ਦੇ ਸਮੇਂ ਦੇ ਹਾਲਾਤਾਂ ਨੂੰ ਸਤਨਾਮ ਸਿੰਘ ਮੱਟੂ ਨੇ ਕਵਿਤਾ ਰੂਪ ਦਿੱਤਾ ਹੈ। ਇਸ ਕਾਵਿ ਸ੍ਰੰਗਹਿ ਵਿੱਚ 25 ਕਵਿਤਾਵਾਂ/ਗੀਤ ਹਨ। ਇਨ੍ਹਾਂ ਕਵਿਤਾਵਾਂ/ਗੀਤਾਂ ਵਿਚ ਗੁਰੂ ਜੀ ਦੇ ਪਰਿਵਾਰ ਤੋਂ ਬਿਨਾਂ ਜਿਹੜੇ ਸ਼ਰਧਾਲੂਆਂ ਨੇ ਦਸਮ ਪਾਤਸ਼ਾਹ ਦੇ ਪਰਿਵਾਰ ਨਾਲ ਮੋਹ ਕਰਦਿਆਂ ਆਪਣੀਆਂ ਜ਼ਿੰਦਗੀਆਂ ਨੂੰ ਦਾਅ ‘ਤੇ ਲਾਉਂਦਿਆਂ ਹੋਇਆਂ ਹਾਅ ਦਾ ਨਾਅਰਾ ਮਾਰਿਆ ਸੀ, ਉਨ੍ਹਾਂ ਬਾਰੇ ਵੀ ਕਵਿਤਾਵਾਂ/ਗੀਤ ਲਿਖਕੇ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਗਈ ਹੈ। ਕਵੀ ਦੀ ਪਹਿਲੀ ਕਵਿਤਾ ‘ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ’ ਸਿਰਲੇਖ ਵਾਲੀ ਲਿਖੀ ਹੈ, ਜਿਸ ਵਿਚ ਉਨ੍ਹਾਂ ਦੇ ਬਚਪਨ ਤੋਂ ਪੰਥ ਦੀ ਸਿਰਜਣਾ ਤੱਕ ਦੇ ਸਫ਼ਰ ਬਾਰੇ ਚਾਨਣਾ ਪਾਇਆ ਹੈ। ਇਸ ਕਾਵਿ ਸੰਗ੍ਰਹਿ ਵਿੱਚ ਮਾਤਾ ਗੁਜਰੀ, ਚਮਕੌਰ ਦੀ ਗੜ੍ਹੀ ਦੇ ਸਿੰਘ, ਬਾਬਾ ਮੋਤੀ ਮਹਿਰਾ ਜੀ, ਮਾਂ ਗੁਜਰੀ ਦੇ ਪੋਤੇ, ਦੀਵਾਨ ਟੋਡਰ ਮੱਲ ਜੀ, ਭਾਈ ਜੈਤਾ/ ਭਾਈ ਜੀਵਨ ਸਿੰਘ, ਸਰਹੰਦ ਦੀ ਦੀਵਾਰੇ ਅਤੇ ਮਾਂ ਲੱਛਮੀ ਬਾਰੇ ਕਵਿਤਾਵਾਂ/ਗੀਤ ਲਿਖੀਆਂ ਹਨ। ਇਨ੍ਹਾਂ ਕਵਿਤਾਵਾਂ/ਗੀਤਾਂ ਵਿੱਚ ਸੂਬਾ ਸਰਹੰਦ ਅਤੇ ਗੰਗੂ ਬ੍ਰਾਹਮਣ ਦੇ ਕਿਰਦਾਰ ਦੇ ਜ਼ਾਲਮਾਨਾ ਵਿਵਹਾਰ ਬਾਰੇ ਵੀ ਲਿਖਿਆ ਗਿਆ ਹੈ। 6 ਪੋਹ ਵਾਲੀ ਕਵਿਤਾ ਵਿੱਚ ਆਨੰਦਪੁਰ ਸਾਹਿਬ ਤੋਂ ਦਸਮ ਪਾਤਸ਼ਾਹ ਦੇ ਪਰਿਵਾਰ ਦੇ ਕੂਚ ਕਰਨ ਦੇ ਦਿ੍ਰਸ਼ ਨੂੰ ਆਪਣੀ ਕਵਿਤਾ ਵਿੱਚ ਬਿਆਨ ਕੀਤਾ ਹੈ। 7 ਪੋਹ ਦੀ ਰਾਤ ਨੂੰ ਸਰਸਾ ਨਦੀ ਪਾਰ ਕਰਨ ਅਤੇ ਪਰਿਵਾਰ ਦੇ ਵਿਛੜਨ ਬਾਰੇ ਹਿਰਦੇਵੇਦਿਕ ਕਵਿਤਾ ਲਿਖੀ ਹੈ। ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਗੰਗੂ ਨਾਲ ਚਲੇ ਗਏ, ਗੁਰੂ ਜੀ ਤੇ ਵੱਡੇ ਸਾਹਿਬਜ਼ਾਦੇ ਵੱਖਰੇ ਹੋ ਗਏ। ਸਰਸਾ ਨਦੀ ਨੂੰ ਪਾਰ ਕਰਨ ਅਤੇ ਠੰਡ ਦੇ ਪ੍ਰਕੋਪ ਦੀ ਸਥਿਤੀ ਨੂੰ ਦਿ੍ਰਸ਼ਟਾਂਤਕ ਰੂਪ ਨਾਲ ਵਰਣਨ ਕੀਤਾ ਹੈ। ‘ਮਾਤਾ ਗੁਜਰੀ ਜੀ’ ਸਿਰਲੇਖ ਵਾਲੀ ਕਵਿਤਾ ਵਿੱਚ ਮਾਤਾ ਗੁਜਰੀ ਵੱਲੋਂ ਛੋਟੇ ਸਾਹਿਜ਼ਾਦਿਆਂ ਨੂੰ ਦਲੇਰੀ ਦੇਣੀ ਅਤੇ ਗੰਗੂ ਦੀ ਬਦਨੀਤੀ ਬਾਰੇ ਸੰਵੇਦਨਸ਼ੀਲ ਢੰਗ ਨਾਲ ਕਾਵਿਕ ਰੂਪ ਦਿੱਤਾ ਹੈ। ‘ਮਾਂ ਲੱਛਮੀ’ ਸਿਰਲੇਖ ਵਾਲੀ ਰਚਨਾ ਵਿਚ ਕੁੰਮੇ ਮਾਸ਼ਕੀ ਦੀ ਪਤਨੀ ਦੇ ਹੌਂਸਲੇ ਅਤੇ ਕੁੰਮੇ ਵੱਲੋਂ ਭੋਜਨ ਤਿਆਰ ਕਰਕੇ ਲਿਆਉਣ ਅਤੇ ਠੰਡ ਤੋਂ ਬਚਣ ਲਈ ਕਪੜੇ ਦੇਣ ਦੀ ਤਾਰੀਫ ਵਿੱਚ ਕਵਿਤਾ ਲਿਖੀ ਗਈ ਹੈ। ‘8 ਪੋਹ ਦਾ ਦਿਨ’ ਕਵਿਤਾ ਵਿੱਚ ਚਮਕੌਰ ਦੀ ਗੜ੍ਹੀ ‘ਤੇ ਮੁਗਲਾਂ ਦਾ ਹਮਲਾ ਅਤੇ ਵੱਡੇ ਸਾਹਿਬਜ਼ਾਦਿਆਂ ਦੀ ਦਲੇਰੀ ਅਤੇ ਸ਼ਹੀਦੀ ਦਾ ਜਾਮ ਪੀ ਕੇ ਕੁਰਬਾਨੀ ਦਾ ਇਤਿਹਾਸ ਸਿਰਜਣ ਦੀ ਦਿਲਾਂ ਨੂੰ ਝੰਜੋੜਦੀ ਵਿਥਿਆ ਹੈ। ‘ਚਮਕੌਰ ਦੀ ਗੜ੍ਹੀ’ ਕਵਿਤਾ ਵਿੱਚ ਵੀ ਦੋਵਾਂ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਤੇ ਬਾਬਾ ਝੁਜਾਰ ਸਿੰਘ ਦੀ ਕੁਰਬਾਨੀ ਦਾ ਵਿਵਰਣ ਅਤੇ ਸਿੰਘਾਂ ਦੀ ਦਲੇਰੀ ਦੀ ਦਾਸਤਾਂ ਹੈ। ‘9 ਪੋਹ ਦਾ ਦਿਨ’ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਗ੍ਰਿਫਤਾਰੀ ਗੰਗੂ ਦੀ ਬੇਵਫ਼ਾਈ ਸੰਬੰਧੀ ਕਵਿਤਾ ਹੈ। ‘10 ਪੋਹ ਦਾ ਦਿਨ’ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਠੰਡੇ ਬੁਰਜ ਵਿੱਚ ਕੈਦ ਹੋਣਾ ਤੇ ਭੁੱਖੇ ਭਾਣੇ ਰਹਿਣ ਬਾਰੇ ਦੱਸਿਆ ਹੈ। ‘ਬਾਬਾ ਮੋਤੀ ਮਹਿਰਾ’ ਕਵਿਤਾ ਵਿੱਚ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਨੂੰ ਮੋਤੀ ਮਹਿਰਾ ਵਲੋਂ ਦੁੱਧ ਪਿਲਾਉਣ ਦੀ ਬਾਖ਼ੂਬੀ ਨਾਲ ਪ੍ਰਸੰਸਾ ਕੀਤੀ ਗਈ ਹੈ। ‘11 ਪੋਹ ਦਾ ਦਿਨ’ ਵਿੱਚ ਸਾਹਿਬਜ਼ਾਦਿਆਂ ਦੇ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਜਾਣ ਸਮੇਂ ਮਾਤਾ ਗੁਜਰੀ ਦੀਆਂ ਨਸੀਹਤਾਂ ਬਾਰੇ ਚਾਨਣਾ ਪਾਇਆ ਗਿਆ ਹੈ। ਸਾਹਿਬਜ਼ਾਦਿਆਂ ਦੇ ਦਲੇਰੀ ਨਾਲ ਦਿੱਤੇ ਗਏ ਜਵਾਬ ਨੂੰ ਦਰਸਾਇਆ ਗਿਆ ਹੈ ਕਿ ਉਹ ਕਿਸੇ ਕੀਮਤ ‘ਤੇ ਵੀ ਧਰਮ ਨਹੀਂ ਬਦਲਣਗੇ, ਮੌਤ ਨੂੰ ਤਰਜੀਹ ਦੇਣਗੇ। ‘12 ਪੋਹ ਦਾ ਦਿਨ’ ਕਵਿਤਾ ਵਿੱਚ ਸੂਬਾ ਸਰਹੰਦ ਦੇ ਲਾਲਚ, ਐਸ਼ ਆਰਾਮ ਦੇ ਸਾਧਨਾ ਅਤੇ ਡਰਾਵਿਆਂ ਅਤੇ ਸਾਹਿਬਜ਼ਾਦਿਆਂ ਦੇ ਦਲੇਰਾਨਾ ਜਵਾਬ ਬੜੇ ਵਧੀਆ ਢੰਗ ਨਾਲ ਲਿਖੇ ਗਏ ਹਨ। ‘13 ਪੋਹ ਦਾ ਦਿਨ’ ਦੀ ਸੂਬਾ ਸਰਹੰਦ ਕੋਲ ਆਖ਼ਰੀ ਪੇਸ਼ੀ ‘ਤੇ ਜਾਣ ਸਮੇਂ ਮਾਤਾ ਗੁਜਰੀ ਦੀਆਂ ਨਸੀਹਤਾਂ, ਸੁੱਚਾ ਨੰਦ ਦੀ ਗੱਦਾਰੀ, ਨਵਾਬ ਮਾਲੇਰਕੋਟਲਾ ਦਾ ਹਾਅ ਦਾ ਨਾਅਰਾ ਮਾਰਨਾ ਆਦਿ ਨੂੰ ਭਾਵਨਾਤਮਿਕ ਢੰਗ ਨਾਲ ਕਾਵਿਕ ਰੂਪ ਦਿੱਤਾ ਗਿਆ ਹੈ। ਨੀਂਹਾਂ ਵਿੱਚ ਚਿਣੇ ਜਾਣ ਦੇ ਦ੍ਰਿਸ਼ ਨੂੰ ਸੰਜੀਦਗੀ ਨਾਲ ਕਵਿਤਾ ਵਿਚ ਦਰਸਾਇਆ ਗਿਆ ਹੈ। ਨੀਂਹਾਂ ਵਿੱਚ ਖੜ੍ਹੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦੀ ਸੁੰਦਰਤਾ ਦੇ ਜਲੌਅ ਬਾਰੇ ਵਰਣਨ ਕੀਤਾ ਗਿਆ ਹੈ। ‘ਦੀਵਾਨ ਟੋਡਰ ਮੱਲ ਜੀ’ ਸਿਰਲੇਖ ਵਾਲੀ ਕਵਿਤਾ ਵਿੱਚ ਦੀਵਾਨ ਵੱਲੋਂ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਦੇ ਸਸਕਾਰ ਕਰਨ ਲਈ ਸੂਬੇ ਤੋਂ ਇਜ਼ਾਜ਼ਤ ਦੀ ਮੰਗ ਅਤੇ ਸੂਬੇ ਦਾ ਮੋਹਰਾਂ ਵਿਛਾ ਕੇ ਜ਼ਮੀਨ ਖ੍ਰੀਦਣ ਦਾ ਹੁਕਮ, ਦੀਵਾਨ ਟੋਡਰ ਮੱਲ ਜੀ ਦੀ ਵੱਲੋਂ ਮੋਹਰਾਂ ਵਿਛਾ ਕੇ ਜ਼ਮੀਨ ਖ੍ਰੀਦਕੇ ਸਸਕਾਰ ਕਰਨ ਦੇ ਹਾਲਾਤ ਨੂੰ ਸੰਜੀਦਗੀ ਨਾਲ ਕਾਵਿਕ ਰੂਪ ਦਿੱਤਾ ਗਿਆ ਹੈ। ‘ਏਨਾ ਸੀ ਕਸੂਰ ਮੋਤੀ ਮਹਿਰਾ’ ਵਿਚ ਮੋਤੀ ਮਹਿਰਾ ਦੇ ਪਰਿਵਾਰ ਨੂੰ ਕੋਹਲੂ ਵਿੱਚ ਪੀੜਨ ਦੇ ਬਹੁਤ ਹੀ ਦਰਦਨਾਕ ਜ਼ੁਲਮ ਦਾ ਸ਼ਬਦਾਂ ਦੇ ਹੰਝੂਆਂ ਨਲ ਵਰਣਨ ਕੀਤਾ ਗਿਆ ਹੈ।
‘ਭਾਈ ਜੈਤਾ/ ਭਾਈ ਜੀਵਨ ਸਿੰਘ’ ਕਵਿਤਾ ਵਿੱਚ ਭਾਈ ਜੈਤਾ ਭਾਈ ਦੇ ਯੋਗਦਾਨ ਦੀ ਤਾਰੀਫ਼ ਕਰਦਿਆਂ ਲਿਖਿਆ ਹੈ ਕਿ ਉਹ ਹਮੇਸ਼ਾ ਗੁਰੂ ਜੀ ਦੇ ਪਰਿਵਾਰ ਦੇ ਅੰਗ ਸੰਗ ਰਿਹਾ। ਸਾਹਿਬਜ਼ਾਦਿਆਂ ਨੂੰ ਯੁੱਧ ਦੀ ਸਿਖਿਆ ਦਿੱਤੀ। ਬਾਬਾ ਅਜੀਤ ਸਿੰਘ ਦੀ ਚਮਕੌਰ ਦੀ ਗੜ੍ਹੀ ਦੀ ਲੜਾਈ ਦੌਰਾਨ ਬਹਾਦਰੀ ਦੇ ਕਾਰਨਾਮਿਆਂ ਦਾ ਗੁਣ ਗਾਨ ਕੀਤਾ ਗਿਆ ਹੈ। ਮਾਤਾ ਗੁਜਰੀ ਜੀ ਦੀ ਸਿਦਕਦਿਲੀ, ਦਲੇਰੀ, ਸ਼ਹਿਣਸ਼ੀਲਤਾ ਅਤੇ ਪਰਿਵਾਰ ਦੀ ਸ਼ਹੀਦੀ ਤੇ ਸੰਜਮ ਰੱਖਣ ਦੀ ਦਲੇਰੀ ਦਾ ਮਹੱਤਵ ਦੱਸਿਆ ਹੈ। ‘ਲੱਖ-ਲੱਖ ਨਾਲ਼ ਇਕ ਨੂੰ ਲੜਾਇਆ’ ਸਿਰਲੇਖ ਵਾਲੀ ਕਵਿਤਾ ਸਮੁੱਚੇ ਰੂਪ ਵਿੱਚ ਸਿੰਘਾਂ ਦੀ ਹਰ ਕਦਮ ‘ਤੇ ਬਹਾਦਰੀ ਦਾ ਦਿ੍ਰਸ਼ਟਾਂਤਕ ਵਰਣਨ ਕਰਦੀ ਹੈ। ‘ਪੰਜਾਬ ਵਿੱਚ ਜੰਮਿਆਂ ਨੂੰ’ ਕਵਿਤਾ ਵਿੱਚ ਦਲੇਰ ਪੰਜਾਬੀਆਂ, ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ, ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਕੁਰਬਾਨੀਆਂ ਦੀ ਤਸਵੀਰ ਖਿਚੀ ਗਈ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਦਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਸ਼ੀਰਵਾਦ ਦੇ ਕੇ ਪੰਜਾਬ ਭੇਜਣਾ, ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਦਾ ਮੱਸੇ ਰੰਗੜ੍ਹ ਨੂੰ ਸਬਕ ਸਿਖਾਉਣਾ, ਹਰੀ ਸਿੰਘ ਨਲੂਆ ਦਾ ਅਫ਼ਗਾਨਤਾਨ ਨੂੰ ਜਿੱਤਣਾ, ਮਾਈ ਭਾਗੋ ਦਾ ਖਿਦਰਾਣੇ ਦੀ ਢਾਬ ‘ਤੇ ਲੜਨਾ, ਫ਼ਾਂਸੀ ਦੀਆਂ ਰੱਸੀਆਂ ਨੂੰ ਚੁੰਮਣਾ, ਜਿਗਰ ਦੇ ਟੋਟਿਆਂ ਦੇ ਹਾਰ ਪਵਾਉਣੇ ਆਦਿ ਘਟਨਵਾਂ ਨੂੰ ਤਰਤੀਬ ਵਿਚ ਲਿਖਿਆ ਹੈ। ਕਵੀ ਪੰਜਾਬ ਦੀ ਵਰਤਮਾਨ ਨਸ਼ਿਆ ਵਿੱਚ ਗਲਤਾਨ ਪੰਜਾਬੀ ਨੌਜਵਾਨੀ ਤੋਂ ਚਿੰਤਾ ਪ੍ਰਗਟ ਕਰਨੋ ਰਹਿ ਨਹੀਂ ਸਕਿਆ। ‘ਇੰਝ ਪੈਦਾ ਹੋਏ ਸਰਦਾਰ’ ਕਵਿਤਾ ਵਿੱਚ ਦਸਾਂ ਗੁਰੂਆਂ ਦੇ ਉਦਮਾ ਦਾ ਜ਼ਿਕਰ ਕੀਤਾ ਗਿਆ ਹੈ। ਇਸ ਲਹਿਰ ਨੇ ਜ਼ਾਤ ਪਾਤ ਦਾ ਖਾਤਮਾ, ਸਰਬੱਤ ਦਾ ਭਲਾ, ਸਦਭਾਵਨਾ, ਜ਼ੁਲਮ ਦਾ ਟਾਕਰਾ ਕਰਨ ਦੀ ਨਸੀਹਤ ਦਿੱਤੀ ਹੈ। ਅਖ਼ੀਰ ਵਿੱਚ ‘ਸਰਹੰਦ ਦੀ ਦੀਵਾਰ’ ਸਿੱਖ ਇਤਿਹਾਸ ਦੀਆਂ ਕੁਰਬਾਨੀਆਂ ਦੀ ਜਿਉਂਦੀ ਜਾਗਦੀ ਉਦਾਹਰਣ ਦੇ ਰੂਪ ਵਿੱਚ ਦਰਸਾਈ ਗਈ ਹੈ। ਇਹ ਕਾਵਿ ਸੰਗ੍ਰਹਿ ਇਤਿਹਾਸਿਕ ਤੱਥਾਂ ਅਨੁਸਾਰ ਤਰਤੀਬ ਵਿੱਚ ਲਿਖਿਆ ਗਿਆ ਹੈ।
100 ਰੁਪਏ ਕੀਮਤ, 59 ਪੰਨਿਆਂ ਵਾਲਾ ਇਹ ਕਾਵਿ ਸੰਗ੍ਰਹਿ ਜੇ.ਪੀ.ਪਬਲੀਕੇਸ਼ਨ ਘਲੌੜੀ ਗੇਟ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ।
-
ਉਜਾਗਰ ਸਿੰਘ, ਸਾਬਕਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178-13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.