ਡਿੱਗਣ ਲੱਗੀਆਂ ਇਨਸਾਨੀ ਕਦਰਾਂ ਕੀਮਤਾਂ ਨੂੰ ਬਹਾਲ ਕਰਨਾ ਸਮੇਂ ਦੀ ਮਹੱਤਵਪੂਰਣ ਲੋੜ
ਇਨਸਾਨੀ ਤਰੱਕੀ ਅੱਜ ਕਿਸੇ ਪਛਾਣ ਜਾਂ ਵਿਆਖਿਆ ਦੀ ਮੁਹਤਾਜ ਨਹੀਂ ਹੈ। ਭਾਵੇ ਨਿੱਕੀ ਜਿਹੀ ਸੂਈ ਦੀ ਘਾੜਤ ਹੋਵੇ ਜਾਂ ਫਿਰ ਮਨੁੱਖ ਦੁਆਰਾ ਮਾਰੀਆਂ ਮੱਲਾਂ ਦਿਨ ਪ੍ਹਤੀ ਦਿਨ ਹੈਰਾਨੀ ਵਿੱਚ ਵਾਧਾ ਹੀ ਕਰਦੀਆਂ ਜਾਂਦੀਆਂ ਹਨ। ਭਾਵੇਂ ਇਸ ਤਰੱਕੀ ਅਤੇ ਅਗਾਂਹਵਧੂ ਇਰਾਦਿਆਂ ਨੇ ਮਨੁੱਖ ਦੀ ਜੂਨ ਬਦਲ ਕੇ ਰੱਖ ਦਿੱਤੀ ਹੈ ਪਰ ਇਸ ਕਰਕੇ ਪਏ ਪੁਆੜਿਆਂ ਤੋਂ ਵੀ ਅੱਖਾਂ ਨਹੀਂ ਮੀਟੀਆਂ ਜਾ ਸਕਦੀਆਂ ਹਨ। ਅਗਾਂਹ ਵਧਣ ਹੋੜ ਅਤੇ ਪੱਛਮੀ ਸੱਭਿਆਚਾਰ ਦੇ ਮੰਦੇ ਪ੍ਹਭਾਵ ਕਬੂਲਣ ਸਦਕਾ ਇਨਸਾਨੀ ਕਦਰਾਂ ਕੀਮਤਾਂ ਕਿਤੇ ਦੂਰ ਉਡਾਰੀ ਮਾਰ ਗਈਆਂ ਹਨ। ਇਸ ਦੌੜ ਵਿੱਚ ਦੌੜਨ ਵਾਲੇ ਇਹ ਭੁੱਲ ਗਏ ਕਿ ਉਹ ਕਿੱਧਰ ਨੂੰ ਦੌੜ ਰਹੇ ਹਨ, ਨੇਤਿਕ ਕਦਰਾਂ ਕੀਮਤਾਂ ਅਤੇ ਫਰਜ ਚੇਤੇ ਰਹਿਣਾ ਤਾਂ ਦੂਰ ਦੀ ਗੱਲ ਹੈ। ਰੋਜ਼ਮਰਾ ਦੀ ਜਿੰਦਗੀ ਵਿੱਚ ਵਪਾਰਨ ਵਾਲੇ ਕੁੱਝ ਬਿਰਤਾਂਤ ਪੂਰੇ ਵਰਤਾਰੇ ਨੂੰ ਬੇਪਰਦ ਕਰ ਦਿੰਦੇ ਹਨ। ਸਮਾਜ ਵਿੱਚ ਆਏ ਨਿਘਾਰ ਦੀਆਂ ਖਬਰਾਂ ਅਖਬਾਰਾਂ ਵਿੱਚ ਛਪਦੀਆਂ ਹਨ ਜਿਨ੍ਹਾਂ ਦਾਲ ਇਨਸਾਨ ਦੇ ਅਚੇਤ ਮਨ ਤੇ ਚੋਟ ਵਜਦੀ ਹੈ। ਕਈ ਵਰ੍ਹੇ ਪਹਿਲਾਂ ਜਦੋਂ ਪੰਜਾਬ ਚੋਂ ਵਿਦੇਸ਼ਾਂ ਨੂੰ ਉਡਾਰੀਆਂ ਸ਼ੁਰੂ ਹੋਈਆਂ ਸਨ ਤਾਂ ਬੁੱਧੀਜੀਵੀ ਵਰਗ ਨੇ ਇਸ ਦਾ ਪੰਜਾਬੀ ਸੱਭਿਆਚਾਰ ਅਤੇ ਸੱਭਿਅਤਾ ਤੇ ਮੰਦਾ ਪ੍ਰਭਾਵ ਪੈਣ ਦੀ ਪੇਸ਼ੀਨਗੋਈ ਕੀਤੀ ਸੀ ।
ਉਸ ਵਕਤ ਕਿਸੇ ਨੇ ਵੀ ਨਹੀਂ ਸੀ ਸੋਚਿਆ ਕਿ ਪੰਜਾਬੀ ਸਮਾਜ ਦੇ ਪੱਛਮੀ ਸਭਿਆਚਾਰਕ ਰੰਗੇ ਜਾਣ ਪ੍ਰਤੀ ਪ੍ਰਗਟ ਕੀਤਾ ਗਿਆ ਇਹ ਸੰਸਾ ਇੰਨੇ ਕੌੜੇ ਰੂਪ ਵਿੱਚ ਸਾਹਮਣੇ ਆਵੇਗਾ।ਕੁੱਕੜ ਦੀ ਬਾਂਗ ਤੋਂ ਲੈ ਕੇ ਵੱਗਾਂ ਵੇਲਿਆਂ ਦੇ ਨਾਲ –ਨਾਲ ਸਰਘੀ ਵੇਲੇ ਦੇ ਸ਼ੀਤਲ ਮਹੌਲ ਨਾਲ ਪਕੇਰੀਆਂ ਹੋਈਆਂ ਮੋਹ ਦੀਆਂ ਤੰਦਾਂ ਸਮਾਜ ਵਿੱਚ ਬੁਰੀ ਖੂਰੀਆਂ ਹਨ। ਅੱਜ ਮਰਨਾ ਅਤੇ ਮਾਰਨਾ ਆਮ ਜਿਹੀ ਗੱਲ ਹੋਈ ਪਈ ਹੈ।ਇੱਥੇ ਦੁੱਖ ਇਹ ਹੈ ਕਿ ਮਾਰਧਾੜ ਉਨੂ ਰਿਸ਼ਤਿਆਂ ਵਿੱਚ ਵਧੇਰੇ ਹੋ ਰਹੀ ਹੈ ਜੋ ਆਮ ਤੌਰ ਤੇ ਬਹੁਤ ਹੀ ਜਿਆਦਾ ਪੱਕੇ ਅਤੇ ਵਿਸ਼ਵਾਸ਼ ਭਰਪੂਰ ਸਮਝੇ ਜਾਂਦੇ ਹਨ।ਇਸ ਤੋਂ ਇਲਾਵਾ ਸਮਾਜ ਵਿੱਚ ਠੱਗੀ-ਠੋਰੀ ਦੇ ਵਧੇਰੇ ਕਾਰਨਾਮੇ ਵੀ ਹੁਣ ਰਿਸ਼ਤੇ ਨਹੀਂ ਦੇਖਦੇ।
ਆਪਸੀ ਪਿਆਰ ਦਾ ਇੱਕੋ ਇੱਕ ਪੈਮਾਨਾ ‘ਤਜੋਰੀ ਅੰਦਰਲਾ ਮਾਲ’ ਬਣ ਗਿਆ ਹੈ।ਇੱਕ ਸਮਾਂ ਸੀ ਜਦੋਂ ਨੂੰਹ-ਪੁੱਤ ਦੁਆਰਾ ਮਾਤਾ-ਪਿਤਾ ਤੇ ਕੀਤੇ ਜਾਂਦੇ ਜੁਲਮ ਅਤੇ ਉਨਾਂ ਨੂੰ ਦੁਰਦਸ਼ਾ ਅਖਬਾਰਾਂ ਅਤੇ ਸਮਾਜ ਵਿੱਚ ਚਰਚਾ ਦਾ ਵਿਸ਼ਾ ਬਣਦੀ ਸੀ ਪਰ ਅੱਜ ਹਾਲਾਤ ਬਦਲ ਤੋਂ ਬਦਤਰ ਹੋ ਗਏ ਹਨ। ਇਸ ਵਰਤਾਰੇ ਦੇ ਨਾਲ-ਨਾਲ ਮਾਇਆ ਚੰਦਰੀ ਨੇ ਮਾਤਾ ਪਿਤਾ ਦੇ ਅਣਮੁੱਲੇ ਪਿਆਰ ਨੂੰ ਵੀ ਨਹੀਂ ਬਖਸ਼ਿਆ।ਮਾਤਾ ਪਿਤਾ ਵੱਲੋਂ ਨੂੰਹ ਪੁੱਤ ਨੂੰ ਘਰ ਤੋਂ ਕੱਢਣ ਅਤੇ ਪੁੱਤਾਂ ਨੂੰ ਪਾਲਣ ਵਾਲੇ ਮਾਪਿਆਂ ਸਮੇਤ ਮਾਸੂਮ ਬੱਚਿਆਂ ਨਾਲ ਜ਼ੁਲਮੋ-ਸਿਤਮ ਜਿਹੀਆਂ ਘਟਨਾਵਾਂ ਵਿਚ ਵੀ ਵਾਧਾ ਹੋਇਆ ਹੈ ਜੋ ਸਮਾਜਿਕ ਤਾਣੇ ਬਾਣੇ ਉੱਪਰ ਬਹੁਤ ਵੱਡਾ ਸਵਾਲੀਆ ਚਿੰਨ੍ਹ ਲਗਾਉਂਦਾ ਹੈ । ਸਮੇਂ ਦੀ ਤਬਦੀਲੀ ਦੀ ਗੱਲ ਕਰੀਏ ਤਾਂ ਜਾਪਦਾ ਹੈ ਕਿ ਸੱਤ ਜਨਮਾਂ ਤੱਕ ਪਤੀ ਦਾ ਸਾਥ ਨਿਭਾਉਣ ਵਾਲੀਆਂ ਗੱਲਾਂ ਫ਼ਰਜ਼ੀ ਤੇ ਕਵੀਆਂ ਦੀ ਰਚਨਾ ਬਣ ਕੇ ਰਹਿ ਗਈਆਂ ਹਨ।ਇਸ ਦੀ ਗਵਾਹੀ ਪੁਲਿਸ ਦੇ ਵੂਮੈਨ ਸੈੱਲਾਂ ਵਿਚ ਸੁਣਵਾਈ ਲਈ ਅਹੁਦਿਆਂ ਤੋਂ ਮਿਲਦੀ ਹੈ। ਰਿਸ਼ਤਿਆਂ ਵਿੱਚ ਬੇਗਾਨਗੀ ਅਤੇ ਬੇਭਰੋਸਗੀ ਇਸ ਕਦਰ ਹਾਵੀ ਹੈ ਕਿ ਕਈ ਪਤਨੀਆਂ ਕਿਸੇ ਹੋਰ ਦੀ ਖਾਤਰ ਆਪਣੇ ਸਿਰ ਦੇ ਸਾਈਂ ਦੀ ਲੰਮੀ ਉਮਰ ਦੀ ਕਾਮਨਾ ਕਰਨ ਦੀ ਬਜਾਏ ਉਹਨਾਂ ਨੂੰ ਜਹਾਨੋਂ ਤੋਰਨ ਨੂੰ ਤਰਜੀਹ ਦੇਣ ਲੱਗੀਆਂ ਹਨ।
ਮਰਦਾਂ ਦੀ ਸਥਿਤੀ ਵੀ ਕੋਈ ਵੱਖਰੀ ਨਹੀਂ ।ਉਹਨਾਂ ਦੇ ਗੈਰ ਇਖਲਾਕੀ ਸਬੰਧਾਂ ਨੇ ਹਸਦੇ ਵਸਦੇ ਘਰਾਂ ਨੂੰ ਨਰਕ ਬਣਾ ਦਿੱਤਾ ਹੈ। ਸਮਾਜ ਸੇਵੀਆਂ ਦਾ ਕਹਿਣਾ ਹੈ ਕਿ ਇਹ ਸਮਾਜ ਲਈ ਬੜੀ ਸ਼ਰਮ ਵਾਲੀ ਹੈ ਕਿ ਪਤੀ-ਪਤਨੀ ਦੇ ਆਪਸੀ ਝਗੜਿਆਂ ਦੇ ਅੰਕੜੇ ਬੜੀ ਤੇਜੀ ਨਾਲ ਵੱਧ ਰਹੇ ਹਨ।ਚਿੰਤਾ ਦਾ ਵਿਸ਼ਾ ਹੋਣ ਦੇ ਨਾਲ-2 ਇਹ ਕਾਫੀ ਦੁਖਾਂਤਕ ਵੀ ਹੈ ਕਿ ਕਈ ਵਾਰ ਇਹ ਲੜਾਈ ਹਿੰਸਕ ਰੂਪ ਧਾਰਕੇ ਉਨਾਂ ਬੱਚਿਆਂ ਦੀਆਂ ਕੀਮਤੀ ਜਾਨਾਂ ਨੂੰ ਵੀ ਨਿਗਲ ਜਾਂਦੀ ਹੈ।ਸਮਾਜਿਕ ਕਦਰਾਂ ਕੀਮਤਾ ਦੇ ਖਾਤਮੇ ਵਿੱਚ ਨਸ਼ਿਆਂ ਦਾ ਬਹੁਤ ਵੱਡਾ ਹੱਥ ਹੈ।
ਨਸ਼ਾ ਭਾਵੇਂ ਪੁਰਾਤਨ ਸਮਿਆਂ ਤੋਂ ਹੀ ਪ੍ਰਚੱਲਤ ਸੀ ਪਰ ਹੁਣ ਹਾਲਾਤ ਇਹ ਹਨ ਕਿ ਨਸ਼ਿਆਂ ਨੇ ਆਪਣੀ ਕਿਸਮ ਬਦਲਕੇ ਬਹੁਤ ਹੀ ਭਿਆਨਕ ਰੂਪ ਧਾਰਨ ਕਰ ਲਿਆ ਹੈ। ਗੱਭਰੂ ਪੁੱਤ ਆਪਣੀਆਂ ਮਾਵਾਂ ਦੀਆਂ ਬੁੱਕਲਾਂ ’ਚੋਂ ਨਿੱਕਲ ਕੇ ਸਮੈਕੀਆਂ ਦੀ ਢਾਣੀ ਵਿੱਚ ਜਾ ਉੱਤਰੇ ਹਨ। ਬੇਰੁਜ਼ਗਾਰੀ ਅਤੇ ਗੁਰਬਤਾਂ ਦੇ ਭੰਨੇ ਇਹ ਬਦਨਸੀਬ ਮੁਸਾਫਰ ਜਾਣ ਤਾਂ ਕਿਧਰ ਜਾਣ।ਸਮਾਜਿਕ ਤਾਣੇ ਬਾਣੇ ਦੇ ਗੁੰਝਲਦਾਰ ਹੋ ਜਾਣ ਸਦਕਾ ਮੋਹ ਪਿਆਰ ਦੀਆਂ ਗੱਲਾਂ ਖਤਮ ਹੁੰਦੀਆਂ ਜਾ ਰਹੀਆਂ ਅਤੇ ਚੁਫੇਰੇ ਇੱਕ ਬੇਗਾਨਗੀ ਵਰਗੀ ਚੁੱਪ ਪਸਰੀ ਹੋਈ ਹੈ।
ਲੰਗਰ ਲਾਉਣ ,ਗੁਰੂਆਂ -ਪੀਰਾਂ ਦੇ ਜਨਮ ਦਿਹਾੜੇ ਮਨਾਉਣ ਅਤੇ ਮੇਲਿਆਂ ਵਿੱਚ ਲੁੱਡੀਆਂ ਪਾਉਣ ਵਾਲਿਆਂ ਦੀ ਇਸ ਧਰਤੀ ਪੰਜਾਬ ਵਿੱਚ ਕਹਾਣੀਆਂ ਸਲਫਾਸ,ਫਾਹਾ ਲੈਣ,ਰੇਲ ਦੀ ਪਟੜੀ,ਤੇ ਜਾਂ ਫਿਰ ਨਹਿਰ ਵਿਚ ਛਾਲ ਮਾਰਨ ਦੀਆਂ ਸੁਣਨ ਨੂੰ ਮਿਲਦੀਆਂ ਹਨ।ਬੜੀਆਂ ਕਿਤਾਬਾਂ ਵਿੱਚ ਪੜ੍ਹਿਆ ਅਤੇ ਸਿਆਣਿਆਂ ਦੇ ਮੂੰਹੋਂ ਸੁਣਿਆ ਹੈ ਕਿ ਇਨਸਾਨੀ ਜੂਨ ਸਭ ਤੋਂ ਉੱਤਮ ਹੈ।ਬੱਚਾ ਮਾਂ ਦੇ ਗਰਭ ਵਿੱਚ ਆਉਣ ਨਾਲ ਉਸਦੀ ਇਸ ਉੱਤਮ ਸਫਰ ਦੀ ਸ਼ੁਰੂਆਂਤ ਹੋ ਜਾਂਦੀ ਹੈ।ਪਰ ਉਸ ਸਮੇਂ ਉਸ ਨੂੰ ਇਹ ਨਹੀਂ ਪਤਾ ਹੁੰਦਾ ਉਸ ਦਾ ਵਾਸਤਾ ਕਿੱਥੇ ਪੈਣ ਜਾ ਰਿਹਾ ਹੈ।ਉਸ ਦੇ ਆਪਣੇ ਜਨਮਦਾਤਾ ਅਤੇ ਪਾਲਣ-ਹਾਰੇ ਹੀ ਬੈਟਰੀ ਲੈ ਕੇ ਬੱਚੇ ਦੇ ਲਿੰਗ ਦੀ ਪਛਾਣ ਵਿੱਚ ਮਸ਼ਰੂਫ ਹੋ ਜਾਂਦੇ ਹਨ।
ਜੇਕਰ ਮੁੰਡਾ ਹੋਇਆ ਤਾਂ ਨੱਚਣਗੇ ਤੇ ਜੇ ਕਿੱਧਰੇ ਧੀ ਹੋਈ ਤਾਂ ਡਾਕਟਰ ਨੂੰ ਪੱਲਿਓਂ ਪੈਸੇ ਦੇ ਕੇ ਉਸ ਨੰਨੀ ਜਾਨ ਦਾ ਕਤਲ ਕਰਨ ਦਾ ਹੁਕਮ ਦੇ ਦਿੱਤਾ ਜਾਂਦਾ ਹੈ।ਇਸ ਤੋਂ ਵੱਧ ਮਾਨਵਤਾ ਦਾ ਘਾਣ ਕੀ ਹੋ ਸਕਦਾ ਹੈ ਕਿ ਜਿਸ ਡਾਕਟਰ ਨੂੰ ਤੋਂ ਪਿੱਛੋਂ ਜੀਵਨ ਦਾਨ ਦੇਣ ਵਾਲਾ ਮੰਨਿਆਂ ਜਾਂਦਾ ਹੈ,ਉਸ ਨੇ ਵੀ ਆਪਣੀ ਫਿਲਾਸਫੀ ਬਦਲ ਕੇ ਡਾਕਟਰੀ ਵਰਗੇ ਪਵਿੱਤਰ ਪੇਸ਼ੇ ਨੂੰ ਕਲੰਕਿਤ ਕਰ ਦਿੱਤਾ ਹੈ। ਧੀਆਂ ਹੋਣ ਦੀ ਐਡੀ ਵੱਡੀ ਸਜ਼ਾ ਉਹ ਵੀ ਸਰਜਮੀਨ ਤੇ ਜਿੱਥੇ ਬਾਬੇ ਨਾਨਕ ਨੇ ਔਰਤ ਜਾਤੀ ਨੂੰ ‘ਸੋ ਕਿਓਂ ਮੰਦਾ ਆਖੀਐ ਜਿੱਤੁ ਜੰਮੈ ਰਾਜਾਨੁ” ਵਰਗਾ ਮਹਾਂਵਾਕ ਉਚਾਰ ਕੇ ਬਹੁਤ ਹੀ ਉੱਚਾ ਦਰਜਾ ਦਿੱਤਾ ਸੀ।
ਆਪਣੇ ਆਸ ਪਾਸ ਨਜ਼ਰ ਮਾਰੀਏ ਤਾਂ ਭਾਵੇਂ ਸ਼ਹਿਰ ਹੋਵੇ, ਕਸਬਾ ਜਾਂ ਫਿਰ ਪਿੰਡ ,ਅੱਧਿਓ ਵੱਧ ਅਬਾਦੀ ਕੋਈ ਵਧੀਆ ਜੂਨ ਨਹੀਂ ਭੋਗ ਰਹੀ। ਜਿੱਥੇ ਇੱਕ ਪਾਸੇ ਗਰੀਬੀ ਦੇ ਭੰਨੇ ਲੋਕਾਂ ਨੂੰ ਅਨਾਜ ਵੀ ਨਸੀਬ ਹੋਣਾ ਮੁਸ਼ਕਿਲ ਪਿਆ ਹੈ,ਉੱਥੇ ਹੀ ਅਜਿਹੇ ਵੀ ਲੋਕ ਹਨ ਜੋ ਆਪਣੇ ਕੁੱਤਿਆਂ ਜਾਂ ਹੋਰਨਾਂ ਪਾਲਤੂ ਪਸ਼ੂਆਂ ਤੇ ਹਜਾਰਾਂ ਰੁਪਏ ਖਰਚ ਰਹੇ ਹਨ।ਪਿੱਛੇ ਜਿਹੇ ਸੁਣਿਆ ਕਿ ਇੱਕ ਕਤੂਰਾ ਹੀ 1 ਲੱਖ ਦਾ ਵਿਕਿਆ ਹੈ ।ਭੁੱਖ ਦੇ ਭੰਨਿਆ ਨੂੰ ਜਦੋਂ ਪਤਾ ਲੱਗੇਗਾ ਕਿ ਕਤੂਰੇਦਾ ਮੁੱਲ ਹਜਾਰਾਂ ਅਤੇ ਇਨਸਾਨੀ ਜੂਨ ਦਾ ਕੌਡੀ ਤਾਂ ਉਹ ਅਗਲੇ ਜਨਮ ਮਨੁੱਖ ਬਣਨ ਬਾਰੇ ਨਾ ਸੋਚਣ।
ਡਿੱਗਦੀ ਇਨਸਾਨੀ ਕੀਮਤ ਨੂੰ ਦੇਖ ਕੇ ਤਾਂ ਕੁੱਤੇ ਵੀ ਆਪਣੇ ਸਾਥਿਆਂ ਨੂੰ ਸਲਾਹਾਂ ਦੇਣ ਲੱਗੇ ਹਨ ਕਿ ਦੇਖੀ ਬੰਦੇ ਦੀ ਮੌਤ ਨਾ ਮਰ ਜਾਈਂ।ਦੁਖਦਾਈ ਗੱਲ ਹੈ ਕਿ ਸਾਡਾ ਪ੍ਰਬੰਧ ਹੀ ਐਸਾ ਬਣ ਗਿਆ ਹੈ ਜਿੱਥੇ ਕੇਵਲ ਪੈਸਾ ਹੀ ਇੱਜਤ ਅਤੇ ਸਤਿਕਾਰ ਦਾ ਪੈਮਾਨਾ ਹੈ। ਇਸ ਲਈ ਗੁਆਚੀਆਂ ਕਦਰਾਂ ਨੂੰ ਮੁੜ ਬਹਾਲ ਕਰਨ ਲਈ ਜਰੂਰੀ ਹੈ ਕਿ ਇਸ ਅੰਧਰੀ ਸੁਰੰਗ ਵਿੱਚ ਗਿਆਨ ਦੇ ਦੀਪਕ ਨੂੰ ਜਗਾਇਆ ਜਾਵੇ। ਆਪਣੇ ਅੰਦਰ ਨੂੰ ਮਨੁੱਖਤਾ ਦੇ ਪਿਆਰ ਅਤੇ ਸਤਿਕਾਰ ਨਾਲ ਭਰੀਏ ਅਤੇ ਉਨ੍ਹਾਂ ਲੋਕਾਂ ਲਈ ਵੀ ਦਰਦ ਰੱਖਣ ਦੀ ਕੋਸ਼ਿਸ਼ ਕਰੀਏ ਜਿੰਨਾ ਨੂੰ ਕਦੇ ਕੱਚਿਆਂ ਘਰਾਂ ਦੀਆ ਕੰਧਾਂ ਤੇ ਟਿਕੇ ਦੀਵਿਆਂ ਦੀ ਲੋਅ ’ਚੋਂ ਨਿਕਲਣ ਦਾ ਮੌਕਾ ਹੀ ਨਹੀਂ ਮਿਲਿਆ।
ਮਹਾਨ ਕਵੀ ਸ਼ਾਹ ਮਹੁੰਮਦ ਵੀ ਆਖ ਗਏ ਹਨ।
“ਸਦਾ ਨਹੀਂ ਜਵਾਨੀ ਤੇ ਐਸ ਮਾਪੇ ਸਦਾ ਨਹੀਂ ਜੇ ਬਾਲ ਵਰੇਸ ਮੀਆ,
ਸਦਾ ਨਹੀਂ ਜੇ ਦੌਲਤਾਂ ਫੀਲ ਘੋੜੇ,ਸਦਾ ਨਹੀਂ ਰਾਜਿਆ ਦੇਸ ਮੀਆਂ,
ਸ਼ਾਹ ਮਹੁੰਮਦਾ ਸਦਾ ਨਾ ਰੂਪ ਦੁਨੀਆ,ਸਦਾ ਰਹਿਣੇ ਨਾ ਕਾਲੜੇ ਕੇਸ ਮੀਆਂ”।
ਇਸ ਲਈ ਆਓ ਅਸੀਂ ਰਲ ਕੇ ਹੰਭਲਾ ਮਾਰੀਏ ਅਤੇ ਡਿੱਗਦੀਆਂ ਇਨਸਾਨੀ ਕਦਰਾਂ-ਕੀਮਤਾਂ ਨੂੰ ਬਹਾਲ ਕਰ ਕੇ ਮੁੜ ਤੋਂ ਇਨਸਾਨੀ ਜੂਨ ਨੂੰ ਉੱਤਮ ਜੂਨ ਬਣਾਈਏ।
-
ਸ਼੍ਰੀਮਤੀ ਡਿੰਪਲ ਵਰਮਾ, ਹੈੱਡਮਿਸਟੈ੍ਰਸ
00000000000
90236-00302
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.