ਉਸ ਨੇ ਮੈਨੂੰ ਫ਼ੋਨ ਤੇ ਕਿਹਾ
ਭਾ ਜੀ ਤੁਸੀਂ ਮੈਨੂੰ
ਸ਼ਰਮਾ ਜੀ ਨਾ ਕਿਹਾ ਕਰੋ ।
ਤੁਹਾਡੇ ਏਦਾਂ ਕਹਿਣ ਨਾਲ
ਕੁਲੀਨ-ਵਰਗੀਏ ਬੁਰਾ ਮਨਾਉਂਦੇ ਨੇ ।
ਮੈਂ ਸ਼ਰਮਾ ਨਹੀਂ, ਪਰਜਾਪੱਤ ਹਾਂ ।
ਜਿਸ ਨੂੰ ਇਹ ਘੁਮਿਆਰ ਕਹਿੰਦੇ ਨੇ ।
ਮੈਂ ਅੱਕ ਗਿਆ ਹਾਂ
ਇਨ੍ਹਾਂ ਦੀਆਂ ਸੁਣਦਾ ਸਕੂਲ ਵੇਲੇ ਤੋਂ ।
ਕਦੇ ਕੁਝ ਕਦੇ ਕੁਝ ਵੰਨ ਸੁਵੰਨੀਆਂ ।
ਇਹ ਬੰਦੇ ਨੂੰ ਬੰਦਾ ਨਹੀਂ ਗਿਣਦੇ
ਹਰ ਵੇਲੇ ਹੰਕਾਰ ਦੇ ਡੰਗੇ
ਟੰਮਣੇ ਤੇ ਚੜ੍ਹੇ ਰਹਿੰਦੇ ਨੇ ।
ਜਦ ਤੋਂ ਦਿੱਲੀ 'ਚ
ਬੋਦੀ ਵਾਲਾ ਤਾਰਾ ਚੜ੍ਹਿਐ
ਇਹ ਪਿੰਡ ਬੈਠੇ ਹੀ
ਖ਼ੁਦ ਨੂੰ ਹਾਕਮ ਸਮਝਦੇ ਨੇ ।
ਹੁਣ ਹੋਰ ਵੀ ਨੀਮ ਚੜ੍ਹੇ ਕਰੇਲੇ ਵਾਂਗ
ਬੋਲ ਕੇ ਮੂੰਹ ਕੁਸੈਲਾ ਕਰ ਜਾਂਦੇ ਨੇ ।
ਪਤਾ ਨਹੀਂ ਕਿਸ ਭੁਲੇਖੇ 'ਚ ਹਨ?
ਬੰਦੇ ਨੂੰ ਬੰਦਾ ਹੀ ਨਹੀਂ ਗਿਣਦੇ ।
ਭਾ ਜੀ ਕੋਈ ਪੁੱਛਣ ਵਾਲਾ ਹੀ ਨਹੀਂ,
ਗਿਆਨ ਗਰੰਥ ਹਨ੍ਹੇਰੇ ਚ ਲਿਖੇ ਸਨ?
ਇਨ੍ਹਾਂ ਦੇ ਵੱਡੇ ਵਡੇਰਿਆਂ,
ਦੀਵੇ ਬਗੈਰ ਕਿਸ ਨੇ ਚਾਨਣ ਬੀਜਿਆ?
ਕਿਸ ਦੀ ਗਵਾਹੀ ਹੈ ਹਰਫ਼ ਹਰਫ਼?
ਉਹ ਚਿਰਾਗ ਕਿਸ ਨੇ ਬਣਾਏ ਸਨ?
ਸਾਡੇ ਹੀ ਬਜ਼ੁਰਗਾਂ ਪਹਿਲਾਂ,
ਚੀਕਨੀ ਮਿੱਟੀ ਲੱਭੀ, ਕੁੱਟੀ, ਗੁੰਨ੍ਹੀ ।
ਚੱਕ ਨੂੰ ਘੁੰਮਾਇਆ,
ਆਕਾਰ ਬਣਾਇਆ,
ਆਵੇ 'ਚ ਪਕਾਇਆ ।
ਚਿਰਾਗ 'ਚ ਤੇਲ ਵੀ ਤਾਂ ਅਸਾਂ ਤੁਸਾਂ ਪਾਇਆ!
ਜਿੰਨ੍ਹਾਂ ਨੂੰ ਇਹ ਸ਼ੂਦਰ ਦੱਸਦੇ ਨੇ ।
ਭਾ ਜੀ, ਤੁਹਾਨੂੰ ਪਤੈ,
ਜਿਸ ਰੱਬ ਨੂੰ ਇਹ ਪੂਜਦੇ ਨੇ,
ਉਸ ਦੀ ਅੰਗਲੀ ਸੰਗਲੀ ਵੀ
ਸਾਡੇ ਨਾਲ ਬਹੁਤ ਰਲ਼ਦੀ ਹੈ ।
ਰੱਬ ਦੇ ਜ਼ਿੰਮੇ ਕਾਇਨਾਤ ਚਲਾਉਣਾ ਹੈ,
ਤੇ ਸਾਡੇ ਜ਼ਿੰਮੇ ਚੱਕ ਨੂੰ ਘੁਮਾਉਣਾ ।
ਰੱਬ ਮਿੱਟੀ ਤੋਂ ਬੰਦੇ ਘੜਦਾ
ਤੇ ਅਸੀਂ ਮਿੱਟੀ ਤੋਂ ਭਾਂਡੇ ।
ਬਾਬਾ ਵਿਸ਼ਵਕਰਮਾ ਨੇ ਸਾਡੇ ਲਈ ਹੀ ਤਾਂ
ਗੋਲ ਚੱਕ ਬਣਾਇਆ ਸੀ ।
ਇਨ੍ਹਾਂ ਲਈ ਕੀ ਬਣਾਇਆ?
ਦੱਸਣ ਤਾਂ ਸਹੀਂ ਪੱਤਰੀਆਂ ਫ਼ੋਲ ਕੇ ।
ਅਸੀਂ ਤਾਂ ਮੱਘੀਆਂ, ਸੁਰਾਹੀਆਂ
ਥਾਲ਼ੀਆਂ, ਕੁਨਾਲ਼ੀਆਂ ਬਣਾਈਆਂ ।
ਖੂਹ ਚੋਂ ਪਾਣੀ ਕੱਢਦੀਆਂ ਟਿੰਡਾਂ ਵੀ,
ਅਸੀਂ ਹੀ ਮੁੱਦਤਾਂ ਪਹਿਲਾਂ ਬਣਾਈਆਂ ।
ਲੋਹਾ ਤਾਂ ਬਹੁਤ ਮਗਰੋਂ ਜੰਮਿਆ ਹੈ ।
ਪਤਾ ਨਹੀਂ ਸਦੀਆਂ ਬਾਅਦ ਵੀ,
ਇਹ ਗੁਰਬਤ ਵਾਂਗ,
ਸਾਡਾ ਖਹਿੜਾ ਨਹੀਂ ਛੱਡਦੇ ।
ਹਾਂ, ਸੱਚ ਇੱਕ ਗੱਲ ਹੋਰ ਸੁਣੋ!
ਗੀਤਾਂ ਚ ਜਿਸ ਨੂੰ ਇਹ
ਰੰਨ ਕਹਿ ਕੇ ਬੁਲਾਉਂਦੇ ਨੇ
ਜੋ ਅੱਡੀਆਂ ਕੂਚਦੀ ਮਰ ਗਈ ਸੀ,
ਜਿਸ ਨੂੰ ਬਾਂਕਾਂ ਨਹੀਂ ਸਨ ਜੁੜੀਆਂ,
ਉਹ ਵੀ ਸਾਡੇ ਪੁਰਖ਼ਿਆਂ ਦੀ ਦਾਦੀ ਸੀ ।
ਕਹਿੰਦੇ ਨੇ
ਉਹ ਅਕਸਰ ਆਖਦੀ ਸੀ,
ਵੇ ਪੁੱਤਰੋ! ਸਾਰੇ ਭਾਂਡੇ, ਬੁਘਨੀਆਂ,ਘੁੱਗੂ ਘੋੜੇ ਤੇ ਝਾਵੇਂ ਬਣਾ ਲੈਂਦੇ ਹੋ,
ਇਨ੍ਹਾਂ ਜ਼ਾਤ ਅਭਿਮਾਨੀਆਂ ਦੇ
ਮਨ ਦੀ ਮੈਲ ਲਾਹੁਣ ਲਈ ਵੀ
ਕੋਈ ਨਵਾਂ ਯੰਤਰ ਬਣਾਉ ।
ਕਹਿੰਦੇ ਨੇ ਕਿ
ਉਸੇ ਨੇ ਪਹਿਲੀ ਵਾਰ ਪੁੱਤਰ ਧੀਆਂ ਨੂੰ
ਸਕੂਲ ਦਾ ਰਾਹ ਵਿਖਾਇਆ ਸੀ ।
ਪਰ ਉਸ ਨੂੰ ਕੀ ਪਤਾ ਸੀ ਕਿ
ਦੁਲੱਤੇ, ਟੀਟਣੇ ਮਾਰਨ ਵਾਲੇ
ਹਰ ਥਾਂ ਪਹਿਲਾਂ ਹੀ ਹਾਜ਼ਰ ਨਾਜ਼ਰ ।
ਬੰਦਾ ਕਿੱਧਰ ਜਾਵੇ?
ਕੀ ਦੱਸਾਂ ਭਾ ਜੀ,
ਕਾਲਿਜ ਚ ਪ੍ਰੋਫ਼ੈਸਰੀ ਕਰਦਿਆਂ ਵੀ
ਇਨ੍ਹਾਂ ਲਈ ਅਜੇ ਮੈਂ ਤਰਸੇਮ ਨਹੀਂ,
ਘੁਮਿਆਰਾਂ ਦਾ ਤੇਮਾ ਹੀ ਹਾਂ ।
ਗਧੇ-ਚਾਰਾਂ ਦੀ ਛੇੜ ਨਾਲ ਵਿੰਨ੍ਹਦੇ ।
ਇਨ੍ਹਾਂ ਨੂੰ ਕੋਈ ਪੁੱਛੇ,
ਜਿਸ ਕੂੰਡੇ ਵਿੱਚ ਚਟਨੀ ਕੁੱਟਦੇ ਹੋ ।
ਦੇਗਚੀ ਵਿੱਚ ਦਾਲ ਰਿੰਨ੍ਹਦੇ ਹੋ,
ਘੜੇ ਨੂੰ ਕੁੰਭ ਕਹਿ ਕੇ,
ਪੂਜਾ ਵੇਲੇ ਲੱਭਦੇ ਫਿਰਦੇ ਹੋ,
ਉਹ ਕਿਸੇ ਮਸ਼ੀਨ ਨੇ ਨਹੀਂ ਘੜਿਆ
ਸਾਡੇ ਵਡਿੱਕਿਆਂ ਨੇ ਹੀ ਬਣਾਇਆ ਹੈ ।
ਸਿਰਫ਼ ਅੱਖਾਂ ਬੰਦ ਕਰੋ
ਅੰਤਰ ਧਿਆਨ ਹੋਵੋ ਤੇ ਸੋਚੋ,
ਹਰ ਥਾਂ ਪੈੜਾਂ ਹਨ
ਸਾਡੇ ਬਾਪੂਆਂ ਦੀਆਂ ।
ਚੱਪਣੀ ਨਾ ਹੁੰਦੀ ਤਾਂ
ਬੇਸ਼ਰਮ ਕਿੱਥੇ ਡੁੱਬ ਮਰਦੇ?
ਹੋਰ ਸੁਣੋ!
ਉਹ ਚੱਪਣੀ ਵੀ ਅਸੀਂ ਹੀ ਬਣਾਈ ਹੈ ।
ਬੰਦਾ ਗਿਆਨ ਦੇ ਲੜ ਤਾਂ
ਇਸ ਲਈ ਲੱਗਦਾ ਹੈ ਨਾ ਕਿ
ਉਹ ਇਨਸਾਨੀਅਤ ਦਾ ਸਬਕ ਸਿੱਖੇ ।
ਪਰ ਇਹ ਓਥੇ ਦੇ ਓਥੇ ਖੜ੍ਹੇ ਨੇ,
ਜਿੱਥੇ ਮਨੂ ਸੰਮ੍ਰਿਤੀ ਵਾਲਾ
ਭਾਈ ਛੱਡ ਗਿਆ ।
ਨਾ ਇੱਕ ਕਦਮ ਅੱਗੇ ਨਾ ਪਿੱਛੇ!
ਭਾ ਜੀ! ਇਹ
ਪਿਆਰ ਦੀ ਭਾਸ਼ਾ ਕਿਉਂ ਨਹੀਂ ਸਮਝਦੇ
ਨਾ ਪਿਆਰ ਲੈਂਦੇ, ਨਾ ਦੇਂਦੇ ।
ਹਰ ਵੇਲੇ ਆਪਣੇ
ਉੱਚ - ਕੁਲੀਨ ਰੁਤਬੇ ਦੀ ਰਾਖੀ ਬੈਠ ਕੇ
ਇਹੀ ਸਿੱਖਿਆ ਦਿੰਦੇ ਨੇ ।
ਆਹ ਕਰੋ, ਆਹ ਨਾ ਕਰੋ ।
ਬਿੱਲੀ ਰਾਹ ਕੱਟ ਜਾਵੇ ਤਾਂ
ਸਾਨੂੰ ਪਰਤ ਜਾਉ ਕਹਿੰਦੇ ।
ਨਿੱਛ ਮਾਰ ਬਹੀਏ ਤਾਂ
ਕਹਿਣਗੇ, ਅਸੀਂ ਭਿੱਟੇ ਗਏ!
ਤੁਸੀਂ ਨਹਾ ਕੇ ਆਉ!
ਪੁੱਛਣ ਵਾਲਾ ਹੀ ਕੋਈ ਨਹੀਂ,
ਭਿੱਟੇ ਗਏ ਤੁਸੀਂ ਤੇ ਨਹਾਈਏ ਅਸੀਂ!
ਗੋਹਾ ਕੂੜਾ ਕਰਦੀ ਕੋਈ ਧੀ ਭੈਣ
ਟੋਕਰਾ ਚੁੱਕੀ ਮੱਥੇ ਲੱਗੇ
ਤਾਂ ਇਹ ਬਦਸ਼ਗਨੀ ਆਖਦੇ ਨੇ ।
ਚਾਰ ਦਿਨ ਗਊ ਮਾਤਾ ਦਾ ਗੋਹਾ
ਇਨ੍ਹਾਂ ਘਰ ਪਿਆ ਰਹੇ ਤਾਂ ਪਤਾ ਲੱਗੇ
ਬਈ ਕੀ ਭਾਅ ਵਿਕਦੀ ਹੈ?
ਇਨ੍ਹਾਂ ਦਾ ਕੂੜਾ ਸਮੇਟਦੇ,
ਰੂੜੀਆਂ ਤੇ ਸੁੱਟਣ ਜਾਂਦੇ ਲੋਕ
ਇਨ੍ਹਾਂ ਦੇ ਮਨ ਵਿੱਚ ਨਿਗੂਣੇ ਜੀਵ ਨੇ ।
ਕਾਨੂੰਨ ਨੂੰ ਵੀ ਟਿੱਚ ਜਾਣਦੇ ਨੇ ਇਹ
ਧੱਕਾ ਕਰਕੇ ਆਪੇ ਆਖਦੇ
ਸਬੂਤ ਪੇਸ਼ ਕਰੋ!
ਦਿਲ ਦੇ ਜ਼ਖ਼ਮ ਐਕਸਰੇ ਚ ਨਹੀਂ ਆਉਂਦੇ ।
ਹੌਕਿਆਂ ਦੀ ਸਕੈਨਿੰਗ ਨਹੀਂ ਹੁੰਦੀ ।
ਰੂਹ ਤੇ ਪਈਆਂ ਲਾਸਾਂ ਦਾ ਜੁਰਮ ਨਹੀਂ ਬਣਦਾ ।
ਅਰਜ਼ੀ ਵਿੱਚ ਇਹ ਸਾਰਾ ਕੁਝ ਕਿਵੇਂ ਲਿਖੀਏ ।
ਸਬੂਤ ਤਾਂ ਨੰਗੀ ਅੱਖ ਹੀ ਵੇਖ ਸਕਦੀ
ਇਹ ਜਬਰ ਜਾਨਣ ਲਈ
ਤੀਸਰਾ ਨੇਤਰ ਚਾਹੀਦਾ ਹੈ ।
ਉਹੀ ਗ਼ੈਰ ਹਾਜ਼ਰ ਹੈ ।
ਭਾ ਜੀ!
ਕਿਸੇ ਨਾਲ ਕੋਈ ਗੱਲ ਨਾ ਕਰਿਉ
ਪਰ ਸੱਚ ਪੁੱਛਿਉ,
ਇਹ ਵੇਖ ਕੇ ਵੱਟ ਬਹੁਤ ਚੜ੍ਹਦੈ ।
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajangill@gmail.com
98726 31199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.