ਕਦੇ ਨਹੀਂ ਭੁੱਲੀ 25 ਜੂਨ,1975 ਦੀ ਉਹ ਰਾਤ-ਮੇਰੇ ਤੇ ਵੀ ਲੱਗਿਆ ਸੀ ਕਾਲਾ ਕਾਨੂੰਨ ਐੱਮਰਜੈਂਸੀ ਦੌਰਾਨ-ਬਲਜੀਤ ਬੱਲੀ
26 ਜੂਨ ਨੂੰ ਸਵੇਰੇ ਉੱਠੇ ਤਾਂ ਸਭ ਕੁਛ ਬਦਲਿਆ ਹੋਇਆ ਸੀ
ਮੇਰੇ ਤੇ ਵੀ ਲੱਗਿਆ ਸੀ ਕਾਲਾ ਕਾਨੂੰਨ - ਡੀ. ਆਈ. ਆਰ.
...ਸਾਡੇ ਘਰ ਵਿਚੋਂ ਭਾਵੇਂ ਤਿੰਨ ਜਣੇ ਅਤੇ ਸਾਡੇ ਰਿਸ਼ਤੇਦਾਰ ਚਮਨ ਲਾਲ ਪ੍ਰਭਾਕਰ ( ਪ੍ਰੋ ਚਮਨ ਲਾਲ ਜੇ ਐਨ ਯੂ ਵਾਲੇ ) ਜੇਲ੍ਹ ਵਿਚ ਬੰਦ ਰੱਖੇ ਗਏ ਪਰ ਸਭ ਤੋਂ ਵੱਧ ਪਰੇਸ਼ਾਨੀ ਅਤੇ ਸਰੀਰਕ ਅਤੇ ਮਾਨਸਿਕ ਤਕਲੀਫ਼ ਅਤੇ ਤਣਾਅ ਝੱਲਣਾ ਪਿਆ ਉਹ ਸੀ ਸਾਡੇ ਮਾਪੇ ਅਤੇ ਮੇਰੀ ਭੈਣ ਜੋ ਸਟੇਟ ਬੈਂਕ ਆਫ਼ ਪਟਿਆਲਾ ਦੀ ਕਰਮਚਾਰੀ ਸੀ । ਜਦੋਂ ਐੱਮਰਜੈਂਸੀ ਲੱਗੀ ਤਾਂ ਮੇਰੀ ਭੈਣ ਗਰਭਵਤੀ ਸੀ ।ਸਾਡੇ ਭਰਾਵਾਂ ਅਤੇ ਉਸਦੇ ਪਤੀ ਦੀ ਤਲਾਸ਼ ਵਿੱਚ ਪੁਲਿਸ ਲਗਾਤਾਰ ਛਾਪੇ ਮਾਰਦੀ ਸੀ ।ਗਰਭਵਤੀ ਹਾਲਤ ਵਿਚ ਮੇਰੀ ਭੈਣ ਨੂੰ ਇੱਧਰ-ਉੱਧਰ ਲੁਕਣਾ ਪੈਂਦਾ ਸੀ। ਤੇ ਫਿਰ 5 ਜੁਲਾਈ 1975 ਨੂੰ ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਵੀ ਲੈ ਲਿਆ।ਸ਼ਹਿਰ ਦੇ ਕੁਝ ਪਤਵੰਤੇ ਜ਼ੋਰ ਪਾ ਕੇ ਅਤੇ ਉਸਦੇ ਗਰਭਵਤੀ ਹੋਣ ਦਾ ਵਾਸਤਾ ਪਾਕੇ ਉਸਨੂੰ ਛੁਡਵਾ ਕੇ ਲੈ ਕੇ ਆਏ।ਇੱਕ ਰਾਤ ਰਾਮਪੁਰਾ ਫੂਲ ਥਾਣੇ ਵਿਚ ਰੱਖਿਆ। ਇਸ ਤੋਂ ਬਾਅਦ ਉਸ ਨੂੰ ਡਿਲਿਵਰੀ ਵੀ ਮੋਗੇ ਵਿੱਚ ਰਹਿ ਰਹੇ ਸਾਡੇ ਇੱਕ ਮਿੱਤਰ ਪਰਿਵਾਰ ਦੇ ਘਰ ਕਰਾਉਣੀ ਪਈ ਕਿਉਂਕਿ ਪੁਲਿਸ ਲਗਾਤਾਰ ਤੰਗ ਕਰਦੀ ਸੀ। ਬੱਚਾ ਹੋਣ ਤੋਂ ਬਾਅਦ ਵੀ ਮਜਬੂਰੀ ਵੱਸ ਕਾਫ਼ੀ ਸਮਾਂ ਘਰ ਤੋਂ ਬਾਹਰ ਲੁਕ ਛਿਪ ਕੇ ਰਹਿਣਾ ਪਿਆ ..
ਇਹ ਕਿੱਸਾ 25 ਜੂਨ, 1975 ਦੀ ਰਾਤ ਦਾ ਹੈ। ਮੈਂ ਉਸ ਵੇਲੇ ਰਜਿੰਦਰਾ ਬਠਿੰਡੇ ਵਿੱਚ ਬੀ ਏ ਫਾਈਨਲ ਦਾ ਵਿਦਿਆਰਥੀ ਸੀ।ਕਾਲਜ ਵਿੱਚ ਛੁੱਟੀਆਂ ਸਨ। ਬੇਹੱਦ ਗਰਮੀ ਦੇ ਦਿਨ ਸੀ।ਉਦੋਂ ਬਠਿੰਡਾ ਰੇਤ ਦੇ ਟਿੱਬਿਆਂ ਵਿੱਚ ਘਿਰਿਆ ਇੱਕ ਕਸਬਾ ਨੁਮਾ ਸ਼ਹਿਰ ਸੀ।ਬੇਹੱਦ ਤੱਤੀਆਂ ਲੋਆਂ ਦੇ ਨਾਲ ਹਨ੍ਹੇਰੀਆਂ ਅਤੇ ਵਾਵਰੋਲੇ ਆਮ ਜਿਹੀ ਗੱਲ ਹੁੰਦੀ ਸੀ।ਰੇਤਾ ਐਨਾ ਉਡਦਾ ਸੀ ਕਿ ਬਠਿੰਡੇ ਜ਼ਿਲ੍ਹੇ ਵਿਚ ਲਗਭਗ ਸਭ ਨੂੰ ਕੁੱਕਰੇ ਹੁੰਦੇ ਸਨ।ਸ਼ਾਮ ਨੂੰ ਮੈਂ ਆਪਣੇ ਨਗਰ ਰਾਮਪੁਰਾ ਫੂਲ ਤੋਂ ਬਠਿੰਡੇ ਹੁੰਦਾ ਹੋਇਆ ਗੋਨਿਆਨੇ ਮੰਡੀ ਪੁੱਜਾ।ਬੱਸ ਤੋਂ ਉੱਤਰ ਕੇ ਮੈਂ ਆਪਣੇ ਹੀ ਕਾਲਜ ਦੇ ਜੂਨੀਅਰ ਵਿਦਿਆਰਥੀ ਪੰਜਾਬ ਸਿੰਘ ਦੇ ਘਰ ਪੁੱਜਾ।ਉਹ ਪੰਜਾਬ ਸਟੂਡੈਂਟਸ ਯੂਨੀਅਨ ਦਾ ਸਰਗਰਮ ਕਰਿੰਦਾ ਸੀ ਅਤੇ ਮੈਂ ਉਸ ਵੇਲੇ ਯੂਨੀਅਨ ਦਾ ਸੂਬਾਈ ਪੱਧਰ ਦਾ ਆਗੂ ਸਾਂ।
ਉਦੋਂ ਲੈਂਡ ਲਾਈਨ ਫ਼ੋਨ ਤਕ ਵੀ ਨਹੀਂ ਸੀ ਹੁੰਦੇ , ਮੋਬਾਈਲ ਫ਼ੋਨ ਦੀ ਕਲਪਨਾ ਵੀ ਨਹੀਂ ਸੀ ਕੀਤੀ ਜਾ ਸਕਦੀ।ਜੇਕਰ ਕਿਸੇ ਨਾਲ ਕੋਈ ਗੱਲ ਕਰਨੀ ਹੁੰਦੀ ਤਾਂ ਖ਼ੁਦ ਹੀ ਇੱਕ ਦੂਜੇ ਦੇ ਘਰ ਜਾਣਾ ਪੈਂਦਾ ਸੀ।ਉਨ੍ਹਾ ਦਿਨਾਂ ਵਿਚ ਅਜੋਕਾ ਸ਼ਹਿਰੀਕਰਨ ਨਹੀਂ ਸੀ ਹੋਇਆ ਅਤੇ ਕਾਲਜ ਦੇ ਦਿਨਾਂ ਵਿਚ ਜਾਂ ਛੁੱਟੀਆਂ ਵਿਚ ਕਾਲਜੀਏਟ ਇੱਕ ਦੂਜੇ ਦੇ ਘਰ ਅਕਸਰ ਜਾਇਆ ਕਰਦੇ ਸੀ ਅਤੇ ਰਾਤਾਂ ਵੀ ਠਹਿਰ ਜਾਂਦੇ ਸੀ।ਪੰਜਾਬ ਸਟੂਡੈਂਟਸ ਯੂਨੀਅਨ ਵਿਚ ਸਰਗਰਮ ਵਿਦਿਆਰਥੀ ਤਾਂ ਇੱਕ ਦੂਜੇ ਨਾਲ ਰਾਬਤਾ ਰੱਖਣ ਲਈ ਇੱਕ ਦੂਜੇ ਦੇ ਘਰ ਅਕਸਰ ਹੀ ਚੱਕਰ ਲਾਉਂਦੇ ਰਹਿੰਦੇ ਸੀ ਤੇ ਕਾਲਜ ਤੋਂ ਬਿਨਾਂ ਘਰਾਂ ਵਿਚ ਵੀ ਮੀਟਿੰਗਾਂ ਕਰ ਲਿਆ ਕਰਦੇ ਸੀ।ਘਰੋਂ ਰੋਟੀ ਪਾਣੀ ਜੁ ਚੰਗਾ ਮਿਲ ਜਾਂਦਾ ਸੀ। ਉਸ ਦਿਨ ਮੈਂ ਵੀ ਰਾਤ ਗੋਨਿਆਨੇ ਵਿਚ ਪੰਜਾਬ ਸਿੰਘ ਦੇ ਘਰ ਠਹਿਰਿਆ।ਗੱਪਸ਼ਪ ਕੀਤੀ ਤੇ ਸੌ ਗਏ ।
ਸਵੇਰੇ ਉਠਕੇ ਨਾਸ਼ਤਾ ਕਰਕੇ ਮੈਂ ਬੱਸ ਫੜੀ ਤੇ ਬਠਿੰਡੇ ਆ ਗਿਆ । ਉਂਝ ਉਨ੍ਹਾ ਦਿਨਾਂ ਵਿਚ ਅਸੀਂ 15 -20 ਕਿਲੋਮੀਟਰ ਦਾ ਸਫ਼ਰ ਸਾਈਕਲ ਤੇ ਆਮ ਹੀ ਕਰ ਲੈਂਦੇ ਸੀ ਪਰ ਉਸ ਦਿਨ ਗਰਮੀ ਬਹੁਤੀ ਹੋਣ ਕਰਕੇ ਮੈਂ ਬੱਸ ਹੀ ਫੜੀ। ਬਠਿੰਡੇ ਬੱਸ ਅੱਡ ਤੇ ਉੱਤਰਕੇ ਜ਼ਿਲ੍ਹਾ ਕਚਹਿਰੀ ਸਾਹਮਣੇ ਹਲਵਾਈ ਦੀ ਇੱਕ ਦੁਕਾਨ ਵੱਲ ਅਜੇ ਮੈਂ ਜਾ ਹੀ ਰਿਹਾ ਸੀ ਕਿ ਮੇਰਾ ਇੱਕ ਕਾਲਜਮੇਟ ਅਤੇ ਪੀ ਐਸ ਯੂ ਦਾ ਕਰਿੰਦਾ ਮਿਲ ਪਿਆ। ਉਹ ਇੱਕ ਦਮ ਮੈਨੂੰ ਖਿੱਚ ਕੇ ਦੁਕਾਨ ਦੇ ਅੰਦਰ ਲੈ ਗਿਆ ਅਤੇ ਤ੍ਰਭਕ ਕੇ ਬੋਲਿਆ ,'' ਉਹ ਬੱਲੀ, ਤੂੰ ਕਿਵੇਂ ਮੌਜ ਨਾਲ ਫਿਰਦੈਂ, ਤੈਨੂੰ ਪਤਾ ਨਹੀਂ ਤੈਨੂੰ ਪੁਲਿਸ ਲੱਭ ਰਹੀ ਐ ?ਰਾਤ ਨੂੰ ਪੁਲਿਸ ਨੇ ਛਾਪੇ ਮਾਰੇ ਸੀ। ਥੋਡੇ ਘਰੇ ਰਾਮਪੁਰੇ ਵੀ ਅੱਧੀ ਰਾਤ ਨੂੰ ਪੁਲਿਸ ਗਈ ਸੀ ਤੈਨੂੰ ਫੜਨ।ਹੋਰ ਕਈ ਥਾਈਂ ਛਪੇ ਪਏ ਨੇ, ਹੁਣ ਪਤਾ ਨਹੀਂ ਕੌਣ ਕਾਬੂ ਆਇਆ ਤੇ ਕੌਣ ਬਚਿਐ ?'' ਉਹ ਇੱਕੇ ਸਾਹ ਹੀ ਸਾਰਾ ਕੁਝ ਕਹਿ ਗਿਆ।
1975-1977 ਦੀ ਐਮਰਜੈਂਸੀ ਦੌਰਾਨ ਰੁਪੋਸ਼ੀ ਦੇ ਦਿਨ ਦੀ ਮੇਰੀ ਫੋਟੋ
ਮੈਂ ਬਹੁਤ ਹੈਰਾਨ ਹੋਇਆ।ਮੈਂ ਕਿਹਾ ,'' ਪੁਲਿਸ ਕਾਹਤੋਂ ਛਪੇ ਮਾਰ ਰਹੀ ਐ , ਅਸੀਂ ਤਾਂ ਕੁਛ ਕੀਤਾ ਹੀ ਨਹੀਂ , ਨਾ ਹੀ ਕੋਈ ਐਜੀਟੇਸ਼ਨ ਚੱਲ ਰਹੀ ਹੈ ਤੇ ਨਾ ਹੀ ਕੋਈ ਲੜਾਈ ਝਗੜਾ ਹੋਇਐ ?'' ਉਸ ਨੇ ਦੱਸਿਆ ਕਿ ਕੋਈ ਐੱਮਰਜੈਂਸੀ ਲੱਗੀ ਐ। ਕਹਿੰਦੇ ਐ ਇੰਦਰਾ ਨੇ ਲਾਈ ਐ। ਮੇਰੀ ਤਾਂ ਸਮਝੋ ਬਾਹਰ ਸੀ ।ਐੱਮਰਜੈਂਸੀ ਦਾ ਨਾਂ ਵੀ ਅਸੀਂ ਪਹਿਲੀ ਵਾਰ ਸੁਣਿਆ ਸੀ।ਇਸ ਤੋਂ ਪਹਿਲਾਂ 1965 ਅਤੇ 1971 ਦੀਆਂ ਜੰਗਾਂ ਵੇਲੇ ਬਲੈਕ ਆਊਟ ਤਾਂ ਹੰਢਾਏ ਸੀ ਪਰ ਅਜਿਹੀ ਐੱਮਰਜੈਂਸੀ ਬਾਰੇ ਕਦੇ ਨਹੀਂ ਸੀ ਸੁਣਿਆ।ਉਸ ਨੇ ਦੱਸਿਆ ਕਿ ਸਿਰਫ਼ ਪੀ ਐਸ ਯੂ ਵਾਲਿਆਂ ਦੇ ਹੀ ਨਹੀਂ ਹੋਰ ਕਈ ਪਾਰਟੀਆਂ ਅਤੇ ਜਥੇਬੰਦੀਆਂ ਦੇ ਨੇਤਾ ਵੀ ਪੁਲਿਸ ਨੇ ਫੜੇ ਨੇ।ਫੇਰ ਪੁਲਿਸ ਤੋਂ ਬਚਦੇ ਬਚਾਉਂਦੇ ਅਸੀਂ ਅਖ਼ਬਾਰ ਲੱਭਿਆ।
ਇੰਗਲਿਸ਼ ਵਿੱਚ ਪੜ੍ਹਨ ਲਈ ਕਲਿੱਕ ਕਰੋ
That unforgettable summer of Emergency-June 1975 .. by Baljit Balli
ਮੈਨੂੰ ਇੰਡੀਅਨ ਐਕਸਪ੍ਰੈਸ ਦਾ 26 ਜੂਨ ਦਾ ਉਹ ਪਹਿਲਾ ਸਫ਼ਾ ਯਾਦ ਹੈ ਜੋ ਲਗਭਗ ਸਾਰਾ ਖ਼ਾਲੀ ਸੀ।ਉਸ ਤੇ ਇੱਕ ਵੱਡੀ ਸਾਰੀ ਕੈਂਚੀ ਛਾਪ ਕੇ ਸਿਰਫ਼ -ਸੈਂਸਰਡ ਸ਼ਬਦ ਲਿਖਿਆ ਹੋਇਆ ਸੀ ।ਫਿਰ ਹੌਲੀ ਹੌਲੀ ਇਧਰੋਂ ਉਧਰੋਂ ਸੁਣ ਕੇ ਸਮਝ ਆਈ ਕਿ ਓਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਜੈ ਪ੍ਰਕਾਸ਼ ਨਾਰਾਇਣ ਦੀ ਅਗਵਾਈ ਹੇਠ ਸ਼ੁਰੂ ਹੋਏ ਜਨਤਕ ਅੰਦੋਲਨ ਨੂੰ ਦਬਾਉਣ ਲਈ ਅੰਦਰੂਨੀ ਸੁਰੱਖਿਆ ਨੂੰ ਖ਼ਤਰੇ ਦੇ ਬਹਾਨੇ ਐੱਮਰਜੈਂਸੀ ਲਾਈ ਸੀ ਅਤੇ ਸਾਰੇ ਸਿਆਸੀ ਵਿਰੋਧੀਆਂ ਨੂੰ ਫੜ ਕੇ ਜੇਲ੍ਹਾਂ ਵਿਚ ਪਾ ਦਿੱਤਾ ਸੀ।ਉਨ੍ਹਾ 'ਤੇ ਅੰਗਰੇਜ਼ ਸਰਕਾਰ ਦੇ ਜ਼ਮਾਨੇ ਦਾ ਬਣਾਇਆ ਕਾਲਾ ਕਾਨੂੰਨ -ਡਿਫੈਂਸ ਆਫ ਇੰਡੀਆ ਰੂਲਸ (ਡੀ.ਆਈ.ਆਰ. )- ਲਾਕੇ ਜੇਲ੍ਹਾਂ ਵਿਚ ਬੰਦ ਕਰ ਦਿੱਤਾ ਸੀ।ਇਸ ਐਕਟ ਹੇਠ ਕਿਸੇ ਨੂੰ ਅੰਦਰੂਨੀ ਸੁਰੱਖਿਆ ਨੂੰ ਖ਼ਤਰੇ ਬਹਾਨੇ ਵੀ ਦੋ ਸਾਲ ਲਈ ਬਿਨਾਂ ਮੁਕੱਦਮਾ ਚਲਾਏ ਜੇਲ੍ਹ ਵਿਚ ਨਜ਼ਰਬੰਦ ਰੱਖਿਆ ਜਾ ਸਕਦਾ ਸੀ।ਉਸ ਵੇਲੇ ਚਾਰੇ ਪਾਸੇ ਬਹੁਤ ਖੌਫ਼ਜ਼ਦਾ ਮਾਹੌਲ ਸੀ। ਅਸੀਂ ਜਾਂ ਸਾਡੀ ਯੂਨੀਅਨ ਸਿੱਧੇ ਰੂਪ ਵਿਚ ਜੈ ਪ੍ਰਕਾਸ਼ ਨਾਰਾਇਣ ਦੇ ਅੰਦੋਲਨ ਵਿਚ ਸ਼ਾਮਲ ਨਹੀਂ ਸੀ ਅਤੇ ਅਸੀਂ ਤਾਂ ਖੱਬੇਪੱਖੀ ਸਮਝੇ ਜਾਂਦੇ ਸੀ ਪਰ ਅਸੀਂ ਵੀ ਐੱਮਰਜੈਂਸੀ ਦੇ ਰਗੜੇ ਵਿੱਚ ਆ ਗਏ ਸੀ।ਮੇਰੇ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਉਸ ਵੇਲੇ ਦੇ ਪ੍ਰਸਿੱਧ ਆਗੂ ਪਿਰਥੀਪਾਲ ਸਿੰਘ ਰੰਧਾਵਾ ਅਤੇ ਸਾਡੇ ਕਈ ਹੋਰ ਸਾਥੀਆਂ ਤੇ ਵੀ ਐੱਮਰਜੈਂਸੀ ਵਰਗੇ ਤਾਨਾਸ਼ਾਹ ਕਦਮ ਦਾ ਵਿਰੋਧ ਕਰਨ ਦਾ ਫ਼ੈਸਲਾ ਪੀ ਐਸ ਯੂ ਨੇ ਵੀ ਕੀਤਾ। ਉਹੀ ਕਾਲਾ ਕਾਨੂੰਨ -ਡੀ. ਆਈ. ਆਰ. ਮੇਰੇ ਤੇ ਲਾਇਆ ਗਿਆ ਸੀ ਪਰ ਮੈਂ ਅਤੇ ਮੇਰੇ ਕਈ ਹੋਰ ਸਾਥੀ ਪੁਲਿਸ ਦੇ ਹਥ ਨਹੀਂ ਸੀ ਨਹੀਂ ਸੀ ਆਏ . ਜਿੰਨਾ ਚਿਰ ਐੱਮਰਜੈਂਸੀ ਲੱਗੀ ਰਹੀ ਮੈ ਅੰਡਰ -ਗਰਾਉਂਡ ਹੀ ਰਿਹਾ।
ਪਹਿਲੇ ਕੁਝ ਮਹੀਨੇ ਪੁਲਿਸ ਘਰੀਂ ਛਾਪੇ ਮਾਰਦੇ ਰਹੇ ਪਰ ਫੇਰ ਹੌਲੀ - ਹੌਲੀ ਓਹ ਢਿੱਲੇ ਪੈ ਗਏ. ਮੇਰੇ ਤੋਂ ਇਲਾਵਾ ਮੇਰੇ ਦੋ ਭਰਾਵਾਂ ਅਤੇ ਇੱਕ ਹੋਰ ਨਜ਼ਦੀਕੀ ਰਿਸ਼ਤੇਦਾਰ ਤੇ ਵੀ ਡੀ. ਆਈ. ਆਰ. ਲਾਇਆ ਗਿਆ ਸੀ ਅਤੇ ਉਹ ਤਿੰਨੇ ਲੰਮਾ ਸਮਾਂ ਜੇਲ੍ਹ ਵਿਚ ਹੀ ਰਹੇ ਸਨ। ਸਾਡੇ ਘਰ ਵਿਚੋਂ ਭਾਵੇਂ ਤਿੰਨ ਜਣੇ ਅਤੇ ਸਾਡੇ ਰਿਸ਼ਤੇਦਾਰ ਚਮਨ ਲਾਲ ਪ੍ਰਭਾਕਰ ( ਪ੍ਰੋ ਚਮਨ ਲਾਲ ਜੇ ਐਨ ਯੂ ਵਾਲੇ ) ਜੇਲ੍ਹ ਵਿਚ ਬੰਦ ਰੱਖੇ ਗਏ ਪਰ ਸਭ ਤੋਂ ਵੱਧ ਪਰੇਸ਼ਾਨੀ ਅਤੇ ਸਰੀਰਕ ਅਤੇ ਮਾਨਸਿਕ ਤਕਲੀਫ਼ ਅਤੇ ਤਣਾਅ ਝੱਲਣਾ ਪਿਆ ਉਹ ਸੀ ਸਾਡੇ ਮਾਪੇ ਅਤੇ ਮੇਰੀ ਭੈਣ ਜੋ ਸਟੇਟ ਬੈਂਕ ਆਫ਼ ਪਟਿਆਲਾ ਦੀ ਕਰਮਚਾਰੀ ਸੀ । ਜਦੋਂ ਐੱਮਰਜੈਂਸੀ ਲੱਗੀ ਤਾਂ ਮੇਰੀ ਭੈਣ ਗਰਭਵਤੀ ਸੀ ।ਸਾਡੇ ਭਰਾਵਾਂ ਅਤੇ ਉਸਦੇ ਪਤੀ ਦੀ ਤਲਾਸ਼ ਵਿੱਚ ਪੁਲਿਸ ਲਗਾਤਾਰ ਛਾਪੇ ਮਾਰਦੀ ਸੀ ।ਗਰਭਵਤੀ ਹਾਲਤ ਵਿਚ ਮੇਰੀ ਭੈਣ ਨੂੰ ਇੱਧਰ-ਉੱਧਰ ਲੁਕਣਾ ਪੈਂਦਾ ਸੀ। ਤੇ ਫਿਰ 5 ਜੁਲਾਈ 1975 ਨੂੰ ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਵੀ ਲੈ ਲਿਆ।ਸ਼ਹਿਰ ਦੇ ਕੁਝ ਪਤਵੰਤੇ ਜ਼ੋਰ ਪਾ ਕੇ ਅਤੇ ਉਸਦੇ ਗਰਭਵਤੀ ਹੋਣ ਦਾ ਵਾਸਤਾ ਪਾਕੇ ਉਸਨੂੰ ਛੁਡਵਾ ਕੇ ਲੈ ਕੇ ਆਏ।ਇੱਕ ਰਾਤ ਰਾਮਪੁਰਾ ਫੂਲ ਥਾਣੇ ਵਿਚ ਰੱਖਿਆ। ਇਸ ਤੋਂ ਬਾਅਦ ਉਸ ਨੂੰ ਡਿਲਿਵਰੀ ਵੀ ਮੋਗੇ ਵਿੱਚ ਰਹਿ ਰਹੇ ਸਾਡੇ ਇੱਕ ਮਿੱਤਰ ਪਰਿਵਾਰ ਦੇ ਘਰ ਕਰਾਉਣੀ ਪਈ ਕਿਉਂਕਿ ਪੁਲਿਸ ਲਗਾਤਾਰ ਤੰਗ ਕਰਦੀ ਸੀ। ਬੱਚਾ ਹੋਣ ਤੋਂ ਬਾਅਦ ਵੀ ਮਜਬੂਰੀ ਵੱਸ ਕਾਫ਼ੀ ਸਮਾਂ ਘਰ ਤੋਂ ਬਾਹਰ ਲੁਕ ਛਿਪ ਕੇ ਰਹਿਣਾ ਪਿਆ ।
ਅਸੀਂ ਐੱਮਰਜੈਂਸੀ ਦਾ ਵਿਰੋਧ ਕਰਨ ਅਤੇ ਲੋਕਾਂ ਨੂੰ ਇਸਦੇ ਖ਼ਿਲਾਫ਼ ਲੜਨ ਦਾ ਸੱਦਾ ਦੇਣ ਲਈ ਆਮ ਤੌਰ ਤੇ ਹੱਥ ਲਿਖਤ ਪੋਸਟਰ ਕਾਲਜਾਂ ਅਤੇ ਜਨਤਕ ਥਾਵਾਂ ਤੇ ਰਾਤਾਂ ਨੂੰ ਲਾਉਂਦੇ ਸੀ ਤਾਂ ਕਿ ਪੁਲਿਸ ਨੂੰ ਪਤਾ ਨਾ ਲੱਗੇ।ਕਾਲਜਾਂ ਵਿਚ ਮੀਟਿੰਗਾ ਅਤੇ ਕਦੇ ਕਦੇ ਖੁੱਲ੍ਹੀਆਂ ਰੋਸ ਰੈਲੀਆਂ ਵੀ ਕਰ ਲੈਂਦੇ ਪਰ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਖਿਸਕ ਜਾਂਦੇ ਸੀ।ਪੀ ਐਸ ਯੂ ਦੀ ਸਟੇਟ ਕਮੇਟੀ ਦੇ ਫ਼ੈਸਲੇ ਮੁਤਾਬਿਕ ਪਿਰਥੀਪਾਲ ਸਿੰਘ ਰੰਧਾਵਾ ਅਤੇ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਵਰਗੇ ਆਗੂ ਤਾਂ ਗ੍ਰਿਫ਼ਤਾਰ ਹੋ ਗਏ, ਉਨ੍ਹਾਂ ਤੇ ਮੀਸਾ ਲਾਇਆ ਗਿਆ ਸੀ ਪਰ ਮੈਂ ਅਤੇ ਯੂਨੀਅਨ ਦੇ ਕੁਝ ਇੱਕ ਹੋਰ ਨੇਤਾ ਮਿਥ ਕੇ ਭੂਮੀਗਤ ਹੀ ਰਹੇ। ਪਹਿਲਾਂ-ਪਹਿਲਾਂ ਤਾਂ ਪੁਲਿਸ ਨੇ ਬਹੁਤ ਸਖ਼ਤੀ ਕੀਤੀ ਸੀ ਪਰ ਸਾਲ ਕੁ ਬਾਅਦ ਕੁਝ ਢਿੱਲ ਮਿਲ ਗਈ ਸੀ ਪਰ ਮੇਰੇ ਤੇ ਲੱਗਿਆ ਡੀ ਆਈ ਆਰ 23 ਮਾਰਚ 1977 ਨੂੰ ਉਦੋਂ ਹੀ ਖ਼ਤਮ ਹੋਇਆ ਜਦੋਂ ਐੱਮਰਜੈਂਸੀ ਚੁੱਕੀ ਗਈ ਸੀ।ਉਹ ਸਮਾ ਕਾਲਜ ਦੇ ਦਿਨਾਂ ਦੀ ਇੱਕ ਅਭੁੱਲ ਯਾਦ ਬਣਿਆ ਹੋਇਐ ਅਤੇ ਹਰ ਵਰ੍ਹੇ ਜੂਨ ਮਹੀਨੇ ਵਿਚ ਇਹ ਯਾਦ ਤਾਜ਼ਾ ਹੋ ਜਾਂਦੀ ਹੈ।
( ਇਹ ਲਿਖਤ 24 ਜੂਨ ,2011 ਨੂੰ ਲਿਖੀ ਗਈ ਸੀ ਅਤੇ ਅਤੇ ਇੱਕ ਦੋ ਥਾਈਂ ਪ੍ਰਕਾਸ਼ਤ ਵੀ ਹੋਈ ਸੀ ਅਤੇ ਬਾਅਦ ਵਿੱਚ ਕੁਝ ਸੋਧੀ ਵੀ ਜਾਂਦੀ ਰਹੀ )
-
ਬਲਜੀਤ ਬੱਲੀ, ਐਡੀਟਰ , ਬਾਬੂਸ਼ਾਹੀ ਨੈਟਵਰਕ , ਤਿਰਛੀ ਨਜ਼ਰ ਮੀਡੀਆ
tirshinazar@gmail.com
+91-919915177722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.