ਸ਼ਹੀਦ ਭਾਈ ਫਤਿਹ ਸਿੰਘ ਜੀ ਮਹਾਨ ਜਰਨੈਲ ਅਤੇ ਸਿੱਖ ਕੌਮ ਦੇ ਪਹਿਲੇ ਗਵਰਨਰ ਹੋਏ ਹਨ। ਆਪ ਜੀ ਦਾ ਜਨਮ ਮਹਾਨ ਤੇਜੱਸਵੀ ਭਾਈ ਭਗਤੂ ਜੀ ਦੇ ਖਾਨਦਾਨ ਵਿੱਚ ਹੋਇਆ ਸੀ। ਆਪ ਦੇ ਪੜਦਾਦਾ ਭਾਈ ਭਗਤੂ ਜੀ ਚੌਥੇ ਗੁਰੂ ਰਾਮਦਾਸ ਜੀ ਦੇ ਵਰ ਨਾਲ ਪੈਦਾ ਹੋਏ ਸਨ ਅਤੇ ਉਨ੍ਹਾਂ ਨੂੰ ਮਾਤਾ ਭਾਨੀ ਜੀ ਦੀ ਗੋਦ ਦਾ ਨਿੱਘ ਮਾਣਨ ਅਤੇ ਬਚਪਨ ਗੁਰੂ ਅਰਜੁਨ ਜੀ ਨਾਲ ਖੇਡ ਕੇ ਬਿਤਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ।ਗੁਰੂ ਅਰਜੁਨ ਭਗਤੂ ਜੀ ਨੂੰ ਭਰਾ ਸਮਝ ਕੇ ਭਾਈ ਕਹਿ ਕੇ ਪੁਕਾਰਦੇ ਸਨ। ਜਿਸ ਕਾਰਨ ਭਾਈ ਦੀ ਉਪਾਧੀ ਜੁੜ ਕੇ ਆਪਦਾ ਨਾਮ ਭਾਈ ਭਗਤੂ ਪੈ ਗਿਆ।ਅੱਜ ਵੀ ਉਨ੍ਹਾਂ ਦੇ ਵੰਸ਼ ਦੇ ਲੋਕ ਆਪਣੇ ਨਾਮ ਨਾਲ ਭਾਈਕਾ ਤਖੱਲਸ ਂਜੋੜ ਕੇ ਫਖਰ ਮਹਿਸੂਸ ਕਰਦੇ ਹਨ
ਭਾਈ ਸਾਹਿਬ ਚਾਰ ਭਰਾ ਭਾਈ ਬਖਤੂ ਭਾਈ ਤਖਤੂ ਭਾਈ ਰਾਮ ਸਿੰਘ ਅਤੇ ਭਾਈ ਫਤਿਹ ਸਿੰਘ ਸਨ । ਜਿੰਨ੍ਹਾਂ ਦੇ ਨਾਮ ਤੇ ਬਠਿੰਡਾ ਜ਼ਿਲ੍ਹੇ ਵਿੱਚ ਤਿੰਨ ਪਿੰਡ ਚੱਕ ਬਖਤੂ, ਚੱਕ ਰਾਮ ਸਿੰਘ ਵਾਲਾ ਅਤੇ ਚੱਕ ਫਤਿਹ ਸਿੰਘ ਵਾਲਾ ਵਸੇ ਹੋਏ ਹਨ। ਭਾਈ ਤਖਤੂ ਜੀ ਦੇ ਕੋਈ ਔਲਾਦ ਨਹੀਂ ਸੀ। ਆਪ ਦਾ ਖਾਨਦਾਨ ਗੁਰੂ ਪ੍ਰੀਵਾਰਾਂ ਨਾਲ ਜੁੜਿਆ ਹੋਇਆ ਸੀ ਜਿਸਦਾ ਸ਼ਾਨਾਂਮੱਤਾ ਇਤਿਹਾਸ ਹੈ।ਆਪ ਦੇ ਵੰਸ਼ ਨੇ ਜੀਂਦ ਰਿਆਸਤ ਉਪਰ ਵੀ ਰਾਜ ਕੀਤਾ ਹੇ।
ਜਿਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬੋ ਪਹੁੰਚੇ ਤਾਂ ਉਸ ਸਮੇਂ ਚਾਰੇ ਭਰਾ ਚੱਕ ਫਤਿਹ ਸਿੰਘ ਵਾਲਾ ਵਿਖੇ ਰਹਿੰਦੇ ਸਨ। ਗੁਰੂ ਜੀ ਦਾ ਆਗਮਨ ਸੁਣ ਕੇ ਚਾਰੇ ਭਰਾ ਦਰਸ਼ਨਾਂ ਲਈ ਉਨ੍ਹਾਂ ਪਾਸ ਪਹੁੰਚੇ ਅਤੇ ਗੁਰੂ ਸਾਹਿਬ ਦੇ ਹੱਥੋਂ ਅੰਮ੍ਰਿਤ ਛਕ ਕੇ ਸਿੰਘ ਸਜ਼ ਗਏ। ਜਦੋਂ ਵਾਪਿਸ ਮੁੜਣ ਲੱਗੇ ਤਾਂ ਗੁਰੂ ਸਾਹਿਬ ਨੇ ਕਿਹਾ ਕਿ ''ਭਾਈ ਕਿਉ'' ( ਭਾਈ ਖਾਨਦਾਨ ਦੇ ਵਾਰਸੋ ) ਅਸੀਂ ਤੁਹਾਡੇ ਪਿੰਡ ਤੁਹਾਡੇ ਪ੍ਰੀਵਾਰ ਨੂੰ ਮਿਲਣ ਆਵਾਂਗੇ। ਇਹ ਸੁਣ ਕੇ ਸਾਰੇ ਭਰਾ ਅੰਦਰੋਂ ਤਾਂ ਖੁਸ਼ ਹੋਏ ਪਰ ਉਸ ਸਮੇਂ ਗਰਮੀਂ ਅਤੇ ਗੁਰੂ ਸਹਿਬ ਦੇ ਰਹਿਣ ਲਾਇਕ ਸਾਧਨ ਨਾਂ ਹੋਣ ਕਰਕੇ ਘਬਰਾ ਗਏ ਅਤੇ ਗੁਰੂ ਸਾਹਿਬ ਨੂੰ ਨਾਂ ਆਉਣ ਲਈ ਬੇਨਤੀ ਕਰਨ ਲੱਗੇ। ਪਰ ਗੁਰੂ ਸਾਹਿਬ ਨੇ ਹੁਕਮ ਕੀਤਾ ਕਿ ਜਾਓ ਅਤੇ ਤਿਆਰੀ ਕਰੋ।
ਪਿੰਡ ਆ ਕੇ ਸਾਰੇ ਭਰਾ ਤਿਆਰੀ ਵਿੱਚ ਜੁਟ ਗਏ। ਭਾਈ ਫਤਿਹ ਸਿੰਘ ਨੇ ਪਿੰਡ ਦੇ ਬਾਹਰ ਛੱਪੜ ਕਿਨਾਰੇ ਢੁੱਕਵੀਂ ਥਾਵੇਂ ਕਾਨਿਆਂ ਅਤੇ ਕਰੀਰਾਂ ਦਾ ਢਾਂਚਾ ਖੜ੍ਹਾ ਕਰਕੇ ਉਸ ਨੂੰ ਸਰਕੰਡੇ ਨਾਲ ਢੱਕ ਕੇ ਅਤੇ ਹੇਠਾਂ ਕੱਕਾ ਰੇਤ ਵਿਛਾ ਕੇ ਗੁਰੂ ਜੀ ਦੇ ਬੈਠਣ ਲਈ ਇੱਕ ਕਮਰਾ ਤਿਆਰ ਕਰ ਦਿੱਤਾ। ਇਸ ਉਪਰੰਤ ਅਠਾਰਾਂ ਜੇਠ ੧੭੦੬ ਨੂੰ ਗੁਰੂ ਗੋਬਿੰਦ ਸਿੰਘ ਜੀ ਮਾਤਾ ਸਾਹਿਬ ਕੌਰ ਅਤੇ ਮਾਤਾ ਜੀਤ ਕੌਰ ਸਮੇਤ ਚੱਕ ਫਤਿਹ ਸਿੰਘ ਵਾਲਾ ਵਿਖੇ ਪਹੁੰਚ ਗਏ।ਦੂਰੋਂ ਦੂਰੋਂ ਸੰਗਤ ਦਰਸ਼ਨਾਂ ਲਈ ਆਉਣ ਲੱਗੀਆਂ।
ਦਿਨ ਵੇਲੇ ਗੁਰੂ ਸਾਹਿਬ ਇਸ ਥਾਂ ਬੈਠ ਕੇ ਸੰਗਤਾਂ ਨੂੰ ਦਰਸ਼ਨ ਦੇਣ ਲੱਗੇ। ਭਾਈ ਫਤਿਹ ਸਿੰਘ ਨੇ ਗਰਮੀ ਵੇਖਦੇ ਹੋਏ ਸਰਕੰਡੇ ਅਤੇ ਕੱਕੇ ਰੇਤੇ ਉਪਰ ਪਾਣੀ ਛਿੜਕ ਦਿੱਤਾ ਜਿਸ ਨਾਲ ਜੇਠ ਦੀ ਤਪਦੀ ਲੂਅ ਵੀ ਠੰਡੀ ਠਾਰ ਹੋ ਕੇ ਅੰਦਰ ਆੳਣ ਲੱਗ ਪਈ ਕਮਰੇ ਅੰਦਰਲੇ ਖੁਸ਼ਨੁਮਾਂ ਮਹੌਲ ਤੋਂ ਪ੍ਰਸੰਨ ਹੋ ਕੇ ਗੁਰੂ ਸਾਹਿਬ ਨੇ ਇਸ ਜਗ੍ਹਾ ਨੂੰ ਪਾਉਂਟਾ ਸਾਹਿਬ ਦਾ ਵਰ ਦਿੱਤਾ। ਇਸ ਜਗ੍ਹਾ ਸੁੰਦਰ ਗੁਰਦਵਾਰਾ ਸਾਹਿਬ ਬਣਿਆ ਹੈ।ਅਤੇ ਨਾਲ ਹੀ ਬਾਬਾ ਜੀ ਦੀ ਯਾਦ ਚ ਬਣੀ ਬਹੁਤ ਸੁੰਤਰ ਪਾਰਕ ਹੈ। ਰਾਤ ਸਮੇਂ ਗੁਰੂ ਸਾਹਿਬ ਅਤੇ ਦੋਵੇਂ ਮਾਤਾਵਾਂ ਪਿੰਡ ਦੇ ਅੰਦਰ ਭਾਈ ਫਤਿਹ ਸਿੰਘ ਦੇ ਘਰ ਠਹਿਰਦੇ ਸਨ । ਗੁਰੂ ਜ਼ੀ ਜਿਸ ਕੱਚੇ ਘਰ ਵਿੱਚ ਰਹਿੰਦੇ ਸਨ ਉਹ ਅੱਜ ਵੀ ੳਸੇ ਹਾਲਤ ਵਿੱਚ ਕਾਇਮ ਹੈ ।
ਇਹ ਦੁਨੀਆਂ ਦੀ ਸਿੱਖ ਇਤਿਹਾਸ ਨਾਲ ਸਬੰਧਤ ਇੱਕੋ ਇੱਕ ਮੂਲ ਰੂਪ ਚ ਬਚੀ ਇਮਾਰਤ ਹੈ। ਜਿਸ ਨੂੰ ਪਿੰਡ ਦੇ ਲੋਕ ਬਾਬੇ ਦਾ ਬੁਰਜ਼ ਕਹਿੰਦੇ ਹਨ । ਇਸ ਅਸਥਾਨ ਤੇ ਗੁਰੂ ਸਾਹਿਬ ਦੀ ਦਸਤਾਰ ਅਤੇ ਮਾਤਾ ਜੀ ਦੇ ਵਸਤਰ ਵੀ ਨਿਸ਼ਾਨੀ ਵਜੋਂ ਸਾਂਭੇ ਹੋਏ ਹਨ। ਇਸ ਤਰ੍ਹਾਂ ਗੁਰੂ ਸਹਿਬ ਨੌਂ ਦਿਨ ਇਸ ਪਿੰਡ ਵਿੱਚ ਰਹਿ ਕੇ ਵਾਪਿਸ ਤਲਵੰਡੀ ਸਾਬੋ ਅਤੇ ਅੱਗੇ ਦੱਖਣ ਵੱਲ ਨੰਦੇੜ ਸਾਹਿਬ ਵੱਲ ਰਵਂਾਨਾ ਹੋ ਗਏ ਭਾਈ ਫਤਿਹ ਸਿੰਘ ਕਾਫੀ ਦੂਰ ਤੱਕ ਉਨ੍ਹਾਂ ਦੇ ਨਾਲ ਗਏ । ਇਸ ਤਰ੍ਹਾਂ ਭਾਈ ਫਤਿਹ ਸਿੰਘ ਦੇ ਪ੍ਰੀਵਾਰ ਦਾ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰੀਵਾਰ ਨਾਲ ਪਿਆਰ ਅਤੇ ਅਪਣੱਤ ਭਰਿਆ ਸਬੰਧ ਸੀ। ਆਪ ਕੁੱਝ ਸਮਾਂ ਤਖਤ ਦਮਦਮਾਂ ਸਾਹਿਬ ਦੇ ਕਾਰਜਕਾਰੀ ਜਥੇਦ਼ਾਰ ਵੀ ਰਹੇ।
ਜਿਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਹਜ਼ੂਰ ਸਾਹਿਬ ਤੋਂ ਪੰਜਾਬ ਵੱਲ ਤੋਰਿਆ ਤਾਂ ਜਿੰਨ੍ਹਾਂ ਪੰਜ ਸਿੰਘਾਂ ਦੇ ਨਾਮ ਸੰਗਠਨ ਕਾਇਮ ਕਰਨ ਲਈ ਦਿੱਤੇ ਉਨ੍ਹਾਂ ਵਿੱਚੋਂ ਭਾਈ ਫਤਿਹ ਸਿੰਘ ਦਾ ਨਾਮ ਪ੍ਰਮੁੱਖ ਸੀ ਦੂਜੇ ਸਿੰਘਾਂ ਦੇ ਨਾਮ ਭਾਈ ਆਲੀ ਸਿੰਘ, ਭਾਈ ਮਾਲੀ ਸਿੰਘ ਭਾਈ ਰਾਮ ਸਿੰਘ ਅਤੇ ਭਾਈ ਬਿਨੋਦ ਸਿੰਘ ਸਨ।ਇਨ੍ਹਾਂ ਪੰਜ ਸਿੰਘਾਂ ਨੂੰ ਨਾਲ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਲੇ ਖਾਲਸਾ ਫੌਜ਼ ਤਿਆਰ ਕੀਤੀ ਜਿਸਦੇ ਜ਼ਰਨੈਲ ਇਹ ਪੰਜ ਸਿੰਘ ਸਨ। ਬਾਬਾ ਬੰਦਾ ਸਿੰਘ ਨੇ ੧੭੦੯ ਵਿੱਚ ਮੁਗਲ ਹਕੂਮਤ ਨੂੰ ਲਲਕਾਰਦੇ ਹੋਏ ਸਢੌਰੇ ਅਤੇ ਸਮਾਨੇ ( ਜ਼ੋ ਮੁਗਲਾਂ ਦਾ ਗੜ੍ਹ ਸਨ ) ਤੇ ਹਮਲਾ ਕਰ ਦਿੱਤਾ ਅਤੇ ਜਿੱਤ ਦੇ ਝੰਡੇ ਗੱਡ ਦਿੱਤੇ ।ਇਸ ਜੰਗ ਵਿੱਚ ਭਾਈ ਫਤਿਹ ਸਿੰਘ ਦੀ ਸੂਝ ਬੂਝ ਅਤੇ ਬਹਾਦਰੀ ਨੂੰ ਵੇਖਦੇ ਹੋਏ ਬਾਬਾ ਬੰਦਾ ਸਿੰਘ ਬਹਾਦਰ ਨੇ ਉਨ੍ਹਾਂ ਨੂੰ ਸਮਾਨੇ ਦਾ ਸੂਬੇਦਾਰ ( ਗਵਰਨਰ ) ਥਾਪ ਦਿੱਤਾ।
ਜੋ ਸਿੱਖ ਰਾਜ ਦਾ ਪਹਿਲਾ ਗਵਰਨਰ ਸੀ। ਅਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਣ ਲਈ ਸਰਹਿੰਦ ਵੱਲ ਕੂਚ ਕਰ ਦਿੱਤਾ।ਸਰਹਿੰਦ ਦੇ ਸੂਬੇਦਾਰ ਵਜ਼ੀਦ ਖਾਨ, ਜਿਸਨੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਚ ਚਿਣਵਾ ਕੇ ਸ਼ਹੀਦ ਕਰਵਾਇਆ ਸੀ ਸਿੱਖ ਫੌਜ਼ਾਂ ਨੂੰ ਰੋਕਣ ਲਈ ਅੱਗੇ ਵਧਿਆ ਅਤੇ ਚੱਪੜ ਚਿੜੀ ਦੇ ਅਸਥਾਨ ਤੇ ਦੋਵੇਂ ਫੌਜ਼ਾਂ ਦਾ ਸਾਹਮਣ੍ਹਾ ਹੋ ਗਿਆ। ਭਾਈ ਫਤਿਹ ਸਿੰਘ ਨੂੰ ਖਬਰ ਮਿਲੀ ਤਾਂ ਉਹ ਵੀ ਸਮਾਨੇ ਤੋਂ ਆਪਣੀ ਫੌਜ ਲੈ ਕੇ ਆ ਮਿਲੇ ਬਾਕੀ ਜ਼ਰਨੈਲ ਵੀ ਮੌਜ਼ੂਦ ਸਨ ਅਤੇ ਗਹਿਗੱਚ ਲੜਾਈ ਸ਼ੁਰੂ ਹੋਈ। ਬਾਬਾ ਬੰਦਾ ਸਿੰਘ ਬਹਾਦਰ ਉੱਚੀ ਥਾਂ ਤੇ ਖੜ੍ਹ ਕੇ ਅਗਵਾਈ ਕਰ ਰਹੇ ਸਨ। ਮੁਗਲ ਫੌਜ਼ ਨੇ ਚਲਾਕੀ ਨਾਲ ਆਪਣੇ ਕੁੱਝ ਫੌਜ਼ੀ ਸਿੱਖ ਫੌਜ਼ ਵਿੱਚ ਵਾੜ ਦਿੱਤੇ ਸਨ।
੧੨ ਮਈ ੧੭੧੦ ਨੂੰ ਜਦੋਂ ਲੜਾਈ ਸਿਖਰ ਤੇ ਸੀ ਤਾਂ ਸਿੱਖ ਫੌਜ਼ ਦੇ ਹੌਸ਼ਲੇ ਪਸ਼ਤ ਕਰਨ ਲਈ ਇਹ ਨਕਲੀ ਸਿਪਾਹੀ ਇਹ ਰੌਲਾ ਪਾਉਂਦੇ ਹੋਏ ਮਦਨ ਚੋਂ ਭੱਜ ਨਿੱਕਲੇ ਕਿ ਮੁਗਲ ਫੌਜ਼ ਭਾਰੀ ਪੈ ਗਈ ਹੈ ਪਰੰਤੂ ਸਿੱਖ ਜ਼ਰਨੈਲਾਂ ਦੀ ਬਾਜ਼ ਅੱਖ ਇੰਨ੍ਹਾਂ ਨੂੰ ਪਹਿਲਾਂ ਹੀ ਵੇਖ ਰਹੀ ਸੀ ਅਤੇ ਉਹ ਖੁਦ ਅੱਗੇ ਆ ਕੇ ਲੜਣ ਲੱਗੇ। ਬਾਬਾ ਬੰਦਾ ਸਿੰਘ ਬਹਾਦਰ ਵੀ ਮੈਦਾਨ ਵਿੱਚ ਆ ਗਏ ਮੁਗਲ ਫੌਜ਼ ਪਿੱਛੇ ਹਟਦੀ ਵੇਖ ਵਜ਼ੀਦ ਖਾਨ ਵੀ ਮਜ਼ਬੂਰ ਹੋ ਕੇ ਮੈਦਾਨ ਵਿੱਚ ਆ ਗਿਆ ਅਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਮੁਕਾਬਲਾ ਕਰਨ ਲੱਗਾ। ਜਦੋਂ ਵਜ਼ੀਦ ਖਾਂ ਬਾਬਾ ਬੰਦਾ ਸਿੰਘ ਬਹਾਦਰ ਤੇ ਹਮਲਾ ਕਰਨ ਲੱਗਾ ਤਾਂ ਭਾਈ ਫਤਿਹ ਸਿੰਘ ਨੇ ਬਿਜਲੀ ਵਰਗੀ ਫੁਰਤੀ ਨਾਲ ਵਜ਼ੀਦ ਖਾਂ ਉਪਰ ਤਲਵਾਰ ਨਾਲ ਅਜਿਹਾ ਵਾਰ ਕੀਤਾ ਕਿ ਭਾਈ ਫਤਿਹ ਸਿੰਘ ਦੀ ਤਲਵਾਰ ਵਜ਼ੀਦ ਖਾਂ ਦੀ ਧੌਣ ਨੂੰ ਚੀਰਦੀ ਹੋਈ ਲੱਕ ਤੱਕ ਪਹੁੰਚ ਗਈ ਅਤੇ ਸੂਬੇ ਨੂੰ ਦੂਜਾ ਸਾਹ ਲੈਣ ਦਾ ਮੌਕਾ ਨਾਂ ਮਿਲਿਆ। ਉਸ ਦੀ ਲਾਸ਼ ਧੜੰਮ ਕਰਕੇ ਧਰਤੀ ਕੇ ਡਿੱਗੀ ਅਤੇ ਮੁਗਲਾਂ ਵਿੱਚ ਹਫੜਾਦਫੜੀ ਮੱਚ ਗਈ। ਇਸ ਤਰ੍ਹਾਂ ਭਾਈ ਫਤਿਹ ਸਿੰਘ ਨੇ ਸਰਹਿੰਦ ਫਤਿਹ ਦਾ ਮੁੱਢ ਬੰਨ੍ਹ ਦਿੱਤਾ ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲਿਆ। ਅਕਾਲੀ ਸਰਕਾਰ ਸਮੇਂ ਚੱਪੜ ਚਿੜੀ ਵਿੱਚ ਬਣੀ ਫਤਿਹ ਬੁਰਜ਼ ਯਾਦਗਰ ਵਿੱਚ ਸੁਸ਼ੋਭਤ ਭਾਈ ਫਤਿਹ ਸਿੰਘ ਦਾ ਬੁੱਤ ਸਿ ਗੱਲ ਦੀ ਗਵਾਹੀ ਭਰਦਾ ਹੈ। ਇਸ ਤਰ੍ਹਾਂਂ ਸਿੰਘਾਂ ਨੇ ੧੪ ਮਈ ੧੭੧੦ ਨੂੰ ਸਰਹਿੰਦ ਉਪਰ ਖਾਲਸਾਈ ਨਿਸ਼ਾਨ ਸਾਹਿਬ ਝੁਲਾ ਕੇ ਸਿੱਖ ਰਾਜ ਕਾਇਮ ਕਰ ਲਿਆ।
ਅਖੀਰ ੧੭੧੬ ਵਿੱਚ ਗੜ੍ਹੀ ਨੰਗਲ ਦੀ ਲੜਾਈ ਵਿੱਚ ਹਾਰਣ ਪਿੱਛੋਂ ਮੁਗਲਾਂ ਨੇ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਨ੍ਹਾਂ ਨੂੰ ਕਾਫਲੇ ਦੇ ਰੂਪ ਵਿੱਚ ਦਿੱਲੀ ਲਿਜਾਇਆ ਗਿਆ ਕਾਫਲੇ ਵਿੱਚ ਸਭ ਤੇੋਂ ਮੂਹਰੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਿੰਜ਼ਰੇ ਵਿੱਚ ਬੰਨ੍ਹ ਕੇ ਹਾਥੀ ਉਪਰ ਬਿਠਾਇਆ ਹੋਇਆ ਸੀ ਅਤੇ ਪਿੱਛੇ ਭਾਈ ਫਤਿਹ ਸਿੰਘ ਸਮੇਤ ਬਾਕੀ ਸਿੰਘਾਂ ਨੂੰ ਮੁਸ਼ਕਾਂ ਬੰਨ੍ਹ ਕੇ ਗੱਡਿਆਂ ਵਿੱਚ ਲੱਿਦਆ ਹੋਇਆ ਸੀ।ਰਸਤੇ ਵਿੱਚ ਖੜ੍ਹੀ ਤਮਾਸ਼ਬੀਨਾਂ ਦੀ ਭੀੜ ਹਕੂਮਤ ਦੀ ਸ਼ਹਿ ਤੇ ਸਿੰਘਾਂ ਦੇ ਮੂੰਹ ਤੇ ਥੁੱਕ ਰਹੀ ਸੀ ਅਤੇ ਪੱਥਰ ਮਾਰ ਰਹੀ ਸੀ। ਇਸ ਤਸੀਹਿਆਂ ਭਰੇ ਸਫਰ ਬਾਦ ਸਿੰਘਾਂ ਨੂੰ ਦਿੱਲੀ ਦੇ ਲਾਲ ਕਿਲ੍ਹੇ ਵਿੱਚ ਕੈਦ ਕਰ ਦਿੱਤਾ ਗਿਆ ਅਤੇ ਹਰ ਰੋਜ਼ ਵੀਹ ਵੀਹ ਸਿੰਘਾਂ ਨੂੰ ਕਤਲ ਕਰਕੇ ਕਿਲ੍ਹੇ ਦੀ ਫਸੀਲ ਤੋਂ ਹੇਠਾਂ ਸੁੱਟ ਦਿੱਤਾ ਜਾਂਦਾ ਆਖਰ ਜੂਨ ੧੭੧੬ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਅਤੇ ਭਾਈ ਫਤਿਹ ਸਿੰਘ ਸਮੇਤ ਬਚੇ ਜਰਨੈਲਾਂ ਨੂੰ ਕੁਤਬ ਮਿਨਾਰ ਕੋਲ ਲਿਜਾ ਕੇ ਪਹਿਲਾਂ ਜ਼ਰਨੈਲਾਂ ਦੇ ਸਿਰ ਵੱਢ ਕੇ ਨੇਜ਼ਿਆਂ ਉਪਰ ਟੰਗ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਦਵਾਲੇ ਖੜ੍ਹੇ ਕਰ ਦਿੱਤੇ ਗਏ ਅਤੇ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਮਾਸੂਮ ਪੁੱਤਰ ਨੂੰ ਘਿਣਾਉਣੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਭਾਈ ਫਤਿਹ ਸਿੰਘ ਦੇ ਜ਼ੱਦੀ ਪਿੰਡ ਚੱਕ ਫਤਿਹ ਸਿੰਘ ਵਾਲਾ ਵਿਖੇ ਹਰ ਸਾਲ ਉਨ੍ਹਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ ।
-
ਬਰਜਿੰਦਰ ਸਿੰਘ ਸਿੱਧੂ, ਲੇਖਕ
bablasidhu54@gmail.com
9888224865
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.