ਸਵੈ-ਕਥਨ: ਮੈਂ ਤੇ ਮੇਰੀ ਨਜ਼ਮ -ਡਾ ਅਮਰਜੀਤ ਟਾਂਡਾ
ਸਵੈ ਕਥਨ ਲਿਖਣਾ ਬਹੁਤ ਹੀ ਮੁਸ਼ਕਲ ਹੁੰਦਾ ਹੈ ਜਿਵੇਂ ਆਪਣੀ ਸਿਫਤ ਆਪ ਕਰਨੀ। ਤੁਹਾਡੀ ਨਜ਼ਮ ਆਪਣੇ ਬਾਰੇ ਘੱਟ ਜਾਣਦੀ ਹੁੰਦੀ ਹੈ। ਪਾਠਕਾਂ ਨੂੰ ਤੁਹਾਡੀ ਨਜ਼ਮ ਕਵਿਤਾ ਬਾਰੇ ਵੱਧ ਜਾਣਕਾਰੀ ਹੁੰਦੀ ਹੈ ਕਿਉਂਕਿ ਉਹੀ ਤੁਹਾਡੇ ਜੱਜ ਹੁੰਦੇ ਨੇ।
ਆਪਣੀ ਕਵਿਤਾ’ ਬਾਰੇ ਲਿਖਣਾ ਪਰਿਭਾਸ਼ਤ ਕਰਨਾ ਸਾਰਿਆਂ ਲਈ ਕਠਨ ਹੋਵੇਗਾ ਜਿਵੇਂ ਕਿ ਕੋਈ ਬੁਝਾਰਤ ਪਾ ਦੇਵੇ ਤੇ ਕਹੇ ਕਿ ਬੁਝੋ ਤਾਂ ਇਹ ਬਾਤ।
ਮੇਰੀ ਲਿਖਤ ਦਾ ਕੀ ਮਿਆਰ ਹੈ ਮੇਰੀ ਕੀ ਸ਼ਖ਼ਸੀਅਤ ਹੈ ਮੈਂ ਪਾਠਕਾਂ ਆਲੋਚਕਾਂ ਤੇ ਛੱਡਦਾ ਰਹਿੰਦਾ ਹਾਂ। ਮੈਂ ਨਹੀਂ ਚੰਗੀ ਤਰ੍ਹਾਂ ਕਹਿ ਸਕਦਾ ਤੇ ਕਹਿਣਾ ਵੀ ਨਹੀਂ ਚਾਹੀਦਾ ਹੈ। ਸਿਰਫ਼ ਇਹੀ ਕਹਿ ਸਕਦਾ ਹਾਂ ਕਿ ਸਾਡੇ ਵਿਹੜੇ ਵੀ ਸੂਰਜ ਕਦੇ ਪੂਰਾ ਨਹੀਂ ਸੀ ਚੜ੍ਹਿਆ। ਫੁੱਲ ਦੇ ਖਿੜਦੇ ਤਾਂ ਜਲਦੀ ਮੁਰਝਾ ਜਾਂਦੇ ਸਨ। ਖ਼ਬਰੇ ਕਿਹੜੀ ਕੁਲੱਛਣੀ ਰੁੱਤ ਦਾ ਸਰਾਪ ਸੀ ਸਾਡੇ ਬੂਹਿਆਂ ਨੂੰ। ਸਰਦਲਾਂ ਤੇ ਖ਼ਬਰੇ ਕੌਣ ਕੌੜਾ ਤੇਲ ਚੋਅ ਗਿਆ ਸੀ।
ਮਿਹਨਤੀ ਅਰਸ਼ ਤਾਂ ਸਿਰ ਤੇ ਦਿਸਦਾ ਸੀ ਪਰ ਰਾਤ ਸੌਣ ਵੇਲੇ ਸਾਡੇ ਘਰ ਦੇ ਅੰਬਰ ਤੋਂ ਵੀ ਸਾਡੇ ਹਿੱਸੇ ਦੇ ਸਿਤਾਰੇ ਦਿਸਣੋ ਖ਼ਬਰੇ ਕਿੱਥੇ ਲੁਕ ਜਾਂਦੇ ਸਨ। ਕੋਈ ਪਤਾ ਨਹੀਂ ਸੀ ਮੈਨੂੰ ਲੱਗਦਾ।
ਨੇਕੀ ਦੀ ਕਿਰਤ ਕਿਤਾਬਾਂ ਖਿਤਾਬਾਂ ਚ ਹੀ ਸੋਹਣੀ ਲੱਗਦੀ ਹੈ। ਔਝੜ ਤੇ ਬੇਰੌਣਕ ਰਾਹਾਂ ਤੇ ਟੁਰਨਾ ਚੰਗਾ ਤਾਂ ਹੁੰਦਾ ਪਰ ਮੇਲੇ ਲੰਗੋਟੀਏ ਯਾਰਾਂ ਨਾਲ ਚੰਗੇ ਲੱਗਦੇ ਹਨ।
ਪਿੰਡਾਂ ਵਿਚ ਦੋ ਚਾਰ ਘਰ ਹੀ ਜੱਦੀ ਜ਼ਮੀਨਾਂ ਵਾਲੇ ਹੀ ਹੁੰਦੇ ਨੇ ਜੋ ਸੀਨੇ ਚੌੜੇ ਕਰਕੇ ਰੱਖਦੇ ਹਨ ਬਾਕੀ ਸਾਰੇ ਪਿੰਡ ਨੂੰ ਤਾਂ ਰਾਤ ਦਿਨ ਪਸੀਨੇ ਨਾਲ ਭਿੱਜੇ ਫੁੱਲਾਂ ਨਾਲ ਹੀ ਖੇਡਣਾ ਪੈਂਦਾ ਹੈ। ਗੀਤ ਵੀ ਉਦਾਸ ਦਰਾਂ ਦੇ ਹੀ ਗਾਉਣੇ ਪੈਂਦੇ ਹਨ।
ਬਹੁਤੇ ਘਰਾਂ ਦੇ ਦਰ ਤਾਂ ਸੰਤਾਪ ਹੰਢਾਉਂਦਿਆਂ ਹੀ ਉਮਰਾਂ ਉਮੀਦਾਂ ਨੂੰ ਖੋਰ ਦਿੰਦੀਆਂ ਹਨ। ਹੋਰ ਕਿਹੜੇ ਪਿੰਡੀਂ ਰਾਜਕੁਮਾਰ ਜਨਮ ਲੈਂਦੇ ਹਨ। ਹਾਂ ਸਾਊ ਮਿਹਨਤੀ ਸਿਰੜੀ ਹੌਸਲਾ ਘਰ ਦੀ ਮੂਰਤ ਹੌਲੀ ਹੌਲੀ ਬਣਾ ਦਿੰਦਾ ਹੈ। ਰੱਖ ਦਿੰਦਾ ਹੈ ਜਗਣ ਜੋਗੇ ਦੀਵੇ ਬਨੇਰਿਆਂ ਤੇ।
ਕੀ ਕਦੇ ਏਦਾਂ ਵੀ ਹੋਇਆ ਕਿ ਜ਼ਿੰਦਗੀ ਦੁਸਹਿਰੇ ਦਿਵਾਲੀ ਤੇ ਹੀ ਨਵੇਂ ਕਲੰਡਰ ਟੰਗ ਕੇ ਨੱਚਦੀ ਫਿਰੇ। ਤੇ ਘਰ ਦਾ ਰਾਜਾ ਉਹਨਾਂ ਨੂੰ ਹੀ ਰੱਬ ਸਮਝ ਰੁਜ਼ਗਾਰ ਤੇ ਜਾਣ ਤੋਂ ਪਹਿਲਾਂ ਤੇ ਆ ਕੇ ਅਰਦਾਸ ਕਰਕੇ ਪਿਆਸੇ ਬੁਲਾਂ ਨੂੰ ਪਾਣੀ ਦਾ ਘੁੱਟ ਲਾਵੇ।
ਤੰਗੀਆਂ ਤੁਰਸ਼ੀਆਂ ਥੁੜ੍ਹਾਂ ਝੋਰਿਆਂ ਦਾ ਸੰਤਾਪ ਤਾਂ ਸਿਰਫ਼ ਵਿਆਹ ਸ਼ਾਦੀਆਂ ਵੇਲੇ ਹੀ ਨਵਾਂ ਝੱਗਾ ਤੇ ਫਾਟਾਂ ਵਾਲਾ ਪਜਾਮਾ ਪਹਿਨ ਕੇ ਮੁਸਕਰਾਉਂਦਾ ਹੈ। ਹੋਠਾਂ ਤੋਂ ਓਦੋਂ ਹੀ ਜਰਾ ਪਲ ਭਰ ਲਈ ਸਿੱਕਰੀ ਮਰਦੀ ਹੈ ਜਦੋਂ ਰੰਗਾਂ ਦੀ ਰੁੱਤ ਘਰ ਮੂਹਰਿਉਂ ਦੀ ਲੰਘਦੀ ਹੈ ਕਦੇ।
ਘਰ ਵਿੱਚ ਜਦ ਗ਼ਰਬਤ ਦਾ ਪਹਿਰਾ ਹੋਵੇ ਤਾਂ ਚੋਰਾਂ ਦਾ ਡਰ ਵੀ ਚੱਕਿਆ ਜਾਂਦਾ ਹੈ। ਜ਼ਮੀਨਾਂ ਦੇ ਨਿੱਕੇ ਨਿੱਕੇ ਟੋਟੇ ਰੱਜ ਕੇ ਕਦੇ ਨਹੀਂ ਪੇਟ ਭਰਦੇ ਨਾ ਹੀ ਨੌਕਰੀ ਛੋਟੀ ਗੁਜ਼ਾਰੇ ਜੋਗੀ ਜਦੋਂ ਕਿ ਬੋਟ ਕਈ ਅਜੇ ਪਰ ਹੀ ਕੱਢਦੇ ਹੋਣ।
ਇਹੀ ਸੱਚ ਹਮੇਸ਼ਾ ਜ਼ਿੰਦਗੀ ਦੇ ਸੁਪਨਿਆਂ ਵਿੱਚ ਵੀ ਨਾਲ-ਨਾਲ ਟੁਰਨ ਲੱਗ ਜਾਂਦੇ ਹਨ। ਇਹੀ ਸੋਚ ਨਿਮਾਣੀ ਮੱਥੇ ਨੂੰ ਸੋਚਣ ਲਾ ਦਿੰਦੀ ਹੈ ਤੇ ਰਹਿੰਦੀ ਇਕ ਲੀਕ ਨੂੰ ਵੀ ਆਪ ਹੀ ਮਿਟਾ ਬਹਿੰਦੀ ਹੈ। ਹੌਲੀ-ਹੌਲੀ ਇਸੇ ਸੱਚ ਨੂੰ ਸਿੰਜਣ ਸੰਵਾਰਨ ਵਿੱਚ ਕਵਿਤਾ ਨਿਮਾਣੀ ਕਿਤਿਉਂ ਨਾ ਕਿਤਿਉਂ ਆ ਕੇ ਹਲੂਣਾ ਦੇ ਜਗਾ ਹੀ ਦਿੰਦੀ ਹੈ। ਨੀਂਦ ਤਿੜਕ ਜਾਂਦੀ ਹੈ ਓਦੋਂ। ਅਜੇ ਜ਼ਿੰਦਗੀ ਦਾ ਕੋਈ ਖ਼ਾਬ ਪੰਘੂੜੇ ਦੇ ਗੀਤਾਂ ਨੂੰ ਨਹੀਂ ਭੁੱਲਿਆ ਹੁੰਦਾ।
ਜ਼ਿੰਦਗੀ ਲੱਕੜ ਦੇ ਖਿਡੌਣਿਆਂ ਚੋਂ ਹੀ ਖੇਡਾਂ ਲੱਭਦੀ ਰਹੀ। ਘੁੱਗੀ ਵਰਗੀ ਇੱਕ ਬੋਤਲ ਨੇ ਹੀ ਕਈ ਬੋਟਾਂ ਨੂੰ ਪਰਾਂ ਜੋਗੇ ਕਰ ਦਿੱਤਾ।
ਪਿੰਡ ਤਾਂ ਇਕੱਠੇ ਤਿੰਨ ਸਨ ਤਹਿਸੀਲ ਨਕੋਦਰ ਜਲੰਧਰ ਜ਼ਿਲ੍ਹੇ ਦੇ ਪਰ ਉਨ੍ਹਾਂ ਪਿੰਡਾਂ ਵਿੱਚੋਂ ਇੱਕ ਮੇਰੇ ਨਾਂ ਲਿਖਿਆ ਗਿਆ। ਇਹਨਾਂ ਤਿੰਨਾਂ ਪਿੰਡਾਂ ਚੋਂ ਸਿਰਫ਼ ਇੱਕ ਹੀ ਚੇਅਰਮੈਨ ਬਣਿਆ ਤੇ ਬਣਦਾ ਗਿਆ। ਇੱਕ ਬਲਦਾਂ ਦੀ ਜੋੜੀ ਹੱਕਦਾ ਨਹੀਂ ਨਿਸ਼ਾਨ ਲੈ ਵਿਧਾਨ ਸਭਾ ਵਿਚ ਪਹੁੰਚਿਆ। ਪੰਜਾਬ ਦੇਸ਼ ਦੇ ਸੁੰਦਰ ਭਵਿੱਖ ਲਈ ਕਾਮਨਾ ਤਾਂ ਸੀ ਮਨਾਂ ਵਿਚ ਪਰ ਨਿੱਜੀ ਸਵਾਰਥਾਂ ਵਿਚ ਉਹਲੇ ਕਿਤੇ ਛੁਪੀ ਰਹੀ।
ਪ੍ਰਾਇਮਰੀ ਸਕੂਲ ਤੋਂ ਸੈਕੰਡਰੀ ਸਕੂਲ ਤੱਕ ਦੀ ਮਨੀਟਰੀ। ਬਾਲਸਭਾ ਦੀ ਪ੍ਰਤੀਨਿਧਤਾ ਗੀਤ ਲਿਖਣ ਤੇ ਗਾਉਣ ਨੂੰ ਤੀਲੀ ਬਾਲ ਹੀ ਦਿੰਦੀ ਹੈ। ਸਕੂਲ ਦੇ ਮੈਗਜ਼ੀਨ ਦੀ ਸੰਪਾਦਨਾ ਤੇ ਆਜ਼ਾਦੀ ਦੇ ਪਰਵਾਨਿਆਂ ਦੇ ਦਿਵਸ ਤੇ ਪੇਸ਼ ਕੀਤੀ ਕਵਿਤਾ ਤੇ ਗੀਤ ਨੂੰ ਜਦੋਂ ਸ਼ਾਬਾਸ਼ ਮਿਲੇ ਤਾਂ ਉਹ ਨੱਚ ਹੀ ਪੈਂਦਾ ਹੈ।
ਜਦੋਂ ਸਿਆੜਾਂ ਚੋਂ ਮਹਿਕ ਆਵੇ। ਫ਼ਸਲਾਂ ਵਿੱਚੋਂ ਗੀਤ ਨੱਚਦੇ ਮਿਲਣ ਤਾਂ ਕਵਿਤਾ ਕਿੱਥੇ ਜਾ ਸਕਦੀ ਹੈ।
ਸੰਘਰਸ਼ ਕਰਨ ਵਾਲੇ ਇਨਕਲਾਬੀ ਯੋਧਿਆਂ ਪਾਸ਼ ਅਮਰਜੀਤ ਚੰਦਨ ਮਹਿੰਦਰ ਸਿੰਘ ਸੰਧੂ ਵਰਗਿਆਂ ਨਾਲ ਵਾਹ ਪੈਣ ਨਾਲ ਫ਼ਖ਼ਰ ਮਹਿਸੂਸ ਕਰਦੀ ਹੈ ਭਾਵੇਂ ਅਜੇ ਨਿਆਣੀ ਹੋਵੇ ਤੁਹਾਡੀ ਕਵਿਤਾ। ਨਕੋਦਰ ਤਹਿਸੀਲ ਦੀ ਕਾਇਨਾਤ ਨੇ ਮੈਨੂੰ ਬਚਪਨ ਤੋਂ ਜਵਾਨੀ ਵਿੱਚ ਪੱਬ ਧਰਦਿਆਂ ਹੀ ਅਗਾਂਹਵਧੂ ਲਹਿਰ ਨਾਲ ਜੋੜ ਦਿੱਤਾ ਸੀ।
ਪੀ ਏ ਯੂ ਲੁਧਿਆਣਾ ਦੀਆਂ ਤਾਂ ਹਵਾਵਾਂ ਵਿਚ ਆਉਂਦੀ ਰਹਿੰਦੀ ਸੀ ਦੂਰ ਦੂਰ ਤੋਂ ਸਿਆਣੀ ਕਵਿਤਾ। ਓਦੋਂ ਅਜੇ ਅਸੀਂ ਸੁਣਨ ਸਮਝਣ ਆਨੰਦ ਲੈਣ ਨੂੰ ਜਾਂਦੇ ਹੁੰਦੇ ਸੀ।
ਘਰ ਦੀਆਂ ਮਜਬੂਰੀਆਂ, ਤੰਗੀਆਂ ਤੁਰਸ਼ੀਆਂ ਅਤੇ ਸੰਘਰਸ਼ ਮਈ ਪੜ੍ਹਾਈ ਦੀ ਜ਼ਿੰਦਗੀ ਨੇ ਭਾਵੇਂ ਮੈਨੂੰ ਤੰਗ ਕੀਤਾ ਪਰ ਮੈਂ ਚੁੱਪ ਚੁਪੀਤੇ ਇਹ ਜੰਗ ਲੜਦਾ ਰਿਹਾ। ਸੋਚਿਆ ਕਿ ਰੋਜ਼ੀ ਟੁੱਕ ਜੋਗੇ ਪਹਿਲਾਂ ਹੋ ਜਾਈਏ। ਕਿਉਂਕਿ ਮੈਂਨੂੰ ਕਾਮਰੇਡਾਂ ਕਵੀਆਂ ਦੇ ਹਾਲ ਨੇੜਿਓਂ ਦਿਸਦੇ ਹੀ ਰਹਿੰਦੇ ਸਨ ਹਰ ਮਹਿਫਲ ਵਿੱਚ।
ਪਰ ਮੈਂ ਵੀ ਆਪਣੇ ਵਰਗੇ ਸੁਖਚੈਨ ਵਰਗੇ ਜਮਾਤੀਆਂ ਦੋਸਤਾਂ ਨਾਲ ਰਹਿ ਕੇ ਹੌਲੀ ਹੌਲੀ ਟੁੱਰਦਾ ਰਿਹਾ। ਓਹਦੇ ਘਰ ਵੀ ਸਾਡੇ ਘਰ ਵਰਗਾ ਹੀ ਚੰਦ ਚੜਦਾ ਸੀ।
ਨੌਕਰੀ ਤਾਂ ਮੈਂ ਪੀਐਚਡੀ ਦੇ ਵਾਈਵੇ ਤੋਂ ਪਹਿਲਾਂ ਹੀ ਐਮ ਐਸ ਸੀ ਦੇ ਆਧਾਰ ਤੇ ਹੀ ਲੈ ਲਈ ਸੀ। ਵਿਆਹ ਵਾਲੇ ਵੀ ਆ ਢੁੱਕੇ ਤੇ ਤਨਖ਼ਾਹਾਂ ਦੋ ਹੋ ਗਈਆਂ। ਬਸ ਫਿਰ ਕੀ ਉਹ ਸਾਰੇ ਦਿਨ ਅਮੀਰੀ ਵਾਲੇ ਵੀ ਭੁੱਲਣ ਲੱਗ ਪਏ। ਨੋਟ ਜੇਬਾਂ ਚੋਂ ਬਾਹਰ ਡਿੱਗਣ ਲੱਗ ਪਏ ਜਿਹਨਾਂ ਜੇਬਾਂ ਤੋਂ ਕਦੇ ਰੁਪਏ ਰੁੱਸੇ ਰਹਿੰਦੇ ਸਨ।
ਬਹੁਤੇ ਕਹਿੰਦੇ ਸੁਣੇ ਗਏ ਗਾਇਕਾਂ ਲੇਖਕਾਂ ਵਾਂਗ ਕਿ ਕਵਿਤਾ ਗਾਉਣਾ ਬਸ ਉਪਰ ਵਾਲੇ ਦੀ ਹੀ ਕਿਰਪਾ ਹੈ ਅਜਿਹਾ ਮੈਂ ਕੁਝ ਨਹੀਂ ਮੰਨਦਾ। ਤੇ ਹਾਂ ਨਾ ਹੀ ਇਹ ਕਿਸੇ ਪੌੜੀ ਤੋਂ ਉਤਰਦੀ ਹੈ। ਘੜਨੀ ਬਣਾਉਣੀ ਵਾਰ ਵਾਰ ਤਰਾਸਣੀ
ਪੈਂਦੀ ਹੈ ਇਹਦੀ ਇੱਕ ਇੱਕ ਸਤਰ ਗੁੱਤ ਕਰਨ ਵਾਂਗ। ਵਾਲ ਓਹੀ ਹੁੰਦੇ ਨੇ ਸਾਰੀਆਂ ਕੁੜੀਆਂ ਦੇ ਪਰ ਕਈ ਐਸਾ ਡੀਜਾਇਨ ਬਣਾਉਂਦੀਆਂ ਨੇ ਕਿ ਮੁੰਡੇ ਦੇਖਦੇ ਦੇਖਦੇ ਧੌਣ ਨੂੰ ਮਰੋੜਨਾ ਦੇ ਬਹਿੰਦੇ ਹਨ। ਇਹੀ ਹਾਲ ਕਵੀ ਸ਼ਾਇਰ ਦਾ ਹੋਣਾ ਚਾਹੀਦਾ ਹੈ।
ਕਵਿਤਾ ਦਾ ਮੇਰੇ ਨਾਲ ਕੀ ਰਿਸ਼ਤਾ ਹੈ? ਰਿਸ਼ਤੇਦਾਰੀ ਤਾਂ ਪਹਿਲੇ ਦਿਨ ਤੋਂ ਹੀ ਸ਼ੁਰੂ ਹੋ ਗਈ ਸੀ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਹੈ। ਇਹ ਤੁਰੀ ਫਿਰਦੀ ਤਾਂ ਹੁੰਦੀ ਹੀ ਹੈ ਤੁਹਾਡੇ ਨੇੜੇ ਤੇੜੇ ਪਰ ਕਈ ਵਾਰੀ ਤੁਸੀਂ ਇਹਨੂੰ ਪਛਾਣਦੇ ਨਹੀਂ। ਪਰ ਇਹਦੀਆਂ ਖੂਬਸੂਰਤ ਮੀਢੀਆਂ ਕਰਨੀਆਂ ਹੁੰਦੀਆਂ ਨੇ ਤੁਹਾਡੀਆਂ ਅੱਖਾਂ ਨੇ। ਇਹ ਕਈ ਵਾਰ ਦੌੜ ਜਾਂਦੀ ਹੈ ਤੁਹਾਡੇ ਹੱਥੋਂ ਫਿਰ ਫੜਨੀ ਬਹੁਤ ਮੁਸ਼ਕਿਲ ਹੋ ਜਾਂਦੀ ਹੈ।
ਸੁਚੇਤਤਾ ਚਿੰਤਨ ਕੋਸ਼ਿਸ਼ ਮੁਹੱਬਤ ਮੁਸ਼ਕਲਾਂ ਨਾਲ ਹੈ ਕਵਿਤਾ ਦਾ ਰਿਸ਼ਤਾ । ਨਜ਼ਮ ਇਕ ਛਰਾਟੇ ਬਾਅਦ ਨਿੱਕੀ ਨਿੱਕੀ ਕਣੀ ਵਾਲੀ ਬਰਸਾਤ ਨੂੰ ਹੀ ਠਸਮਝੋ। ਵਹਿਣ ਨਦੀ ਵਰਗਾ। ਗੀਤ ਪੰਛੀ ਦਾ। ਉਡੀਕ ਮਹਿਬੂਬ ਵਰਗੀ। ਤੇ ਫਿਰ ਓਹਦੇ ਹੁਸਨ ਦੀ ਮੁੜ ਮੁੜ ਬਾਤ ਪਾਉਣੀ, ਕਵਿਤਾ ਹੀ ਤਾਂ ਹੈ।
ਕਵਿਤਾ ਜ਼ਖ਼ਮੀ ਰੂਹ ਦੀ ਚੀਸ ਹੁੰਦੀ ਹੈ। ਅਲਵਿਦਾ ਕਹਿ ਗਈ ਖਿੜੀ ਸ਼ਾਮ। ਅਹਿਸਾਸਾਂ ਦੀ ਨਦੀ। ਉਦਰੇਵਾਂ ਟੁਰ ਗਈ ਮਮਤਾ ਵਰਗਾ। ਟੁੱਟੀ ਲੋਰੀ ਵਰਗੀ। ਪੰਘੂੜੇ ਦੇ ਗੀਤ ਵਰਗੀ। ਟੁਰੇ ਜਾਂਦੇ ਪਲ ਜਦ ਪਿਛਾਂਹ ਨੂੰ ਵਾਰ ਵਾਰ ਤੱਕਦੇ ਹਨ।
ਮੱਥੇ ਦੀ ਡੂੰਘਾਈ ਤੇ ਅਰਸ਼ ਦੀ ਉੱਚੀ ਤੋਂ ਉੱਚੀ ਉਡਾਰੀ ਹੁੰਦੀ ਹੈ ਸੋਹਣੀ ਨਜ਼ਮ। ਸਮੁੱਚੇ ਵਿਭਿੰਨ ਰੰਗਾਂ ਪਾਸਾਰਾਂ ਅਤੇ ਸਮਕਾਲੀ ਪਲਾਂ ਦੇ ਹੰਝੂ ਪੂੰਝਦੀ ਮੈਂ ਦੇਖੀ ਹੈ ਕਵਿਤਾ। ਉਹਦੇ ਕੋਲ ਸੰਵਾਦ ਸੀ ਤੇ ਜਾਂ ਸਿਰਫ ਸੋਹਣੇ ਸੋਹਣੇ ਸ਼ਬਦਾਂ ਦੀ ਕਸ਼ੀਦਗੀ। ਜਿਵੇਂ ਇਕ ਪੰਛੀ ਉਦਾਸ ਪਲਾਂ ਨੂੰ ਆਪਣੇ ਗੀਤ ਨਾਲ ਵਿਰਾ ਦੇਵੇ ਜਰਾ ਲਈ ਤੇ ਉੱਡ ਜਾਵੇ ਟਹਿਣੀ ਨੂੰ ਝੂਲਦੀ ਛੱਡ ਕੇ। ਕਵਿਤਾ ਸਾਥ ਦਿੰਦੀ ਹੈ ਉਦਰੇਵੇਂ ਦੇ ਪਲਾਂ ਚ। ਮੋਢੇ ਨਾਲ ਲਾਉਂਦੀ ਦਿਲਾਉਂਦੀ ਦਿਲਾਸਾ ਬਣਦੀ ਹੈ। ਹੰਝੂ ਪੂੰਝਦੀ ਹੈ ਤੁਹਾਡੇ ਜਦੋਂ ਤੁਸੀਂ ਉਹਨੂੰ ਲਿਖਦੇ ਸ਼ਿੰਗਾਰਦੇ ਹੋ।
ਪਹਿਲੀਆਂ ਕਵਿਤਾਵਾਂ ਤਾਂ ਸਕੂਲ ਯੂਨੀਵਰਸਿਟੀ ਦੇ ਮੈਗਜ਼ੀਨਾਂ ਵਿੱਚ ਛਪਦੀਆਂ ਰਹੀਆਂ। ਫਿਰ ਪ੍ਰੀਤਲੜੀ, ਨਾਗਮਣੀ, ਆਰਸੀ, ਸਮਦਰਸ਼ਈ, ਅਕਸ, ਚਿਰਾਗ, ਸਰਿਤਾ, ਨਯਾ ਗਿਆਨਉਦਯ ਹਿੰਦੀ ਮੈਗਜ਼ੀਨ ਅਜੀਤ ਪੰਜਾਬੀ ਟ੍ਰਿਬਿਊਨ ਬਹੁਤ ਸਾਰੀਆਂ ਬਦੇਸ਼ੀ ਮੈਗਜ਼ੀਨਾਂ ਅਖਬਾਰਾਂ ਵਿੱਚ ਲਗਾਤਾਰ ਛਪਦਾ ਆ ਰਿਹਾ ਹਾਂ।
ਇਹ ਸਾਰੀਆਂ ਕਵਿਤਾਵਾਂ ਨਜ਼ਮਾਂ ਸਮਕਾਲੀ ਸਥਿਤੀਆਂ ਨਾਲ ਅਣਸਮਝੋਤੇ ਦਾ ਸ਼ਾਬਦਿਕ ਸੰਵਾਦ ਸਨ। ਆਹਢਾ ਸੀ ਮੇਰੇ ਸਿਰ ਫਿਰੇ ਜ਼ਖ਼ਮੀ ਹਰਫ਼ਾਂ ਦਾ ਅਜੋਕੇ ਸਮਿਆਂ ਨਾਲ। ਉਲਾਂਭਾ ਸੀ ਸਮਾਜ ਦੇ ਰਾਖਿਆਂ ਨੂੰ।
ਕਵਿਤਾ ਉਪਦੇਸ਼, ਰੋਮਾਂਸ, ਕਦੇ ਪ੍ਰਗਤੀਵਾਦੀ, ਯਥਾਰਥਵਾਦੀ ਵਿਚਾਰਧਾਰਾ ਵਾਲੀ,ਉਸਾਰੂ ਸੋਚ ਵਰਗੀ, ਪ੍ਰਯੋਗਵਾਦੀ, ਵਿਦਰੋਹ ਚੋਂ ਉੱਠ ਕੇ ਚੀਕ ਵੀ ਬਣ ਸਕਦੀ ਹੈ। ਰੁਦਨ ਉਦਰੇਵਾਂ ਅਤੇ ਜਸ਼ਨ ਦੇ ਪਲ ਵੀ ਨਜ਼ਮ ਕਹਿ ਸਕਦੇ ਹਨ। ਸਾਪੇਖਤਾ ਪਲਾਂ ਬਿੰਦੂਆਂ ਪੜਾਵਾਂ ਵਿੱਚ ਵੀ ਗੁਆਚੀ ਹੁੰਦੀ ਹੈ ਕਿਤੇ ਨਾ ਕਿਤੇ ਕਵਿਤਾ ਜਾਂ ਸੋਹਣੇ ਸ਼ੇਅਰ ਗ਼ਜ਼ਲ ਦੇ।
ਨਜ਼ਮ ਫੁੱਲ ਵੀ ਹੋ ਸਕਦੀ ਹੈ ਤੇ ਖੰਜਰ ਵੀ ਬਣ ਸਕਦੀ ਹੈ। ਉਹ ਮੁਹੱਬਤ ਵੀ ਹੈ ਤੇ ਦੁਸ਼ਮਣ ਵੀ ਹੋ ਸਕਦੀ ਹੈ। ਨਜ਼ਮ ਇੱਕ ਸਾਹਿਤ ਦੀ ਅਜਿਹੀ ਵਿਧੀ ਹੈ ਜੋ ਕੇ ਸਾਹਾਂ ਨੂੰ ਵੀ ਚਿੱਤਰ ਸਕਦੀ ਹੈ। ਵਹਿ ਸਕਦੀ ਹੈ ਨਦੀ ਦੀਆਂ ਲਹਿਰਾਂ ਵਾਂਗੂ।
ਤੁਕਬੰਦ ਕਵਿਤਾ ਸ਼ਾਇਰੀ ਦੇ ਨੇੜੇ ਨਹੀਂ ਢੁੱਕਦੀ। ਹਰ ਤੁਕਬੰਦ ਕਵਿਤਾ ਸਾਹਿਤ ਨਹੀਂ ਬਣ ਸਕਦੀ ਜਿਵੇਂ ਸੋਹਣਾ ਲਿਖਿਆ ਗੀਤ ਵੀ ਸਾਹਿਤਕ ਨਹੀਂ ਹੋ ਸਕਦਾ।
ਬਹੁਤ ਹੀ ਚਿਰਾਂ ਤੋਂ ਕਵਿਤਾ ਦੀ ਅਕਾਦਮਿਕ ਪੜਚੋਲ ਹੀ ਹੁੰਦੀ ਆ ਰਹੀ ਹੈ। ਪੜਚੋਲਕ ਅਲੋਚਕ ਨੂੰ ਕ੍ਰੀਏਟਿਵ ਤੇ ਮਾਡਰਨ ਕਵਿਤਾ ਲਿਖਣ ਦੀ ਵਿਧੀ ਬਾਰੇ ਵੀ ਗੱਲ ਪਛਾਣ ਕਰਨੀ ਚਾਹੀਦੀ ਹੈ।
ਕਵਿਤਾ ਦੀ ਅਕਾਦਮਿਕ ਪੜਚੋਲ ਬਹੁਤੀ ਥੀਸਿਸ ਜਾਂ ਕਿਤਾਬਾਂ ਵਿੱਚ ਹੀ ਪਈ ਰਹਿ ਜਾਂਦੀ ਹੈ। ਨਵੇਂ ਰਾਹ ਉਸਾਰਨ ਲਈ ਕੋਈ ਨਵਾਂ ਨਜ਼ਮ ਵਿਧੀ ਵਿਦਾਂਤ ਵੀ ਹੋਣਾ ਚਾਹੀਦਾ ਹੈ। ਵਿਧੀ ਵਿਦਾਂਤ ਹੀ ਸਦਾ ਨਵੀਨ ਰਾਹਾਂ ਤੇ ਲੈ ਕੇ ਜਾਂਦੇ ਨੇ।
ਸ਼ਾਇਰ ਤੇ ਕਵੀ ਵਿੱਚ ਕਈ ਮੀਲਾਂ ਦਾ ਫ਼ਰਕ ਹੁੰਦਾ ਹੈ। ਸ਼ਾਇਰ ਕਰੇਟਿਵ ਹੈ ਨਵੀਂ ਵਿਧੀ ਸਿਧਾਂਤ ਵਿਧਾਨ ਵਰਤ ਕੇ ਹੈਰਾਨ ਕਰਨ ਵਾਲਾ ਹੈ। ਕਵੀ ਆਮ ਸਧਾਰਨ ਵਿਅਕਤੀ ਹੈ ਜੋ ਸ਼ਬ੍ਹਦ ਜੋੜ ਤੁਕਬੰਦੀ ਕਰਨੀ ਸਿੱਖ ਜਾਂਦਾ ਹੈ। ਸਟੇਜੀ ਕਵੀ ਹਾਸਰਸ ਕਵੀ ਸਿਰਫ ਸ਼ਬਦ ਹੀ ਜੋੜ ਸਕਦੇ ਹਨ ਹੋਰਨਾਂ ਵੱਲ ਦੇਖ ਕੇ। ਸ਼ਾਇਰ ਹਲੂਣਦਾ ਹੈ ਅੰਬਰ ਨੂੰ ਲਫ਼ਜ਼ਾਂ ਦੀ ਸੰਜੀਦਗੀ ਨਾਲ। ਲਫ਼ਜ਼ਾਂ ਨਾਲ ਇਨਕਲਾਬ ਲਿਆ ਦਿੰਦਾ ਹੈ। ਸਮੇਂ ਨੂੰ ਗੋਲ ਕਰ ਦਿੰਦਾ ਹੈ।
ਜੇ ਕਵਿਤਾ ਵਿੱਚ ਕੋਈ ਸੁਹਿਰਦਤਾ ਕਣ ਤੇ ਜਾਨ ਹੁੰਦੀ ਤਾਂ ਇਹਨੂੰ ਕਿਸੇ ਨੇ ਛਾਪਣ ਤੋਂ ਨਾਂਹ ਨਹੀਂ ਸੀ ਕਰਨੀ। ਕਵਿਤਾ ਵਿੱਚ ਵਿਚਾਰਧਾਰਾ ਸ਼ਾਇਰਾਨਾ ਅੰਦਾਜ਼ ਹੋਣਾ ਬਹੁਤ ਹੀ ਜ਼ਰੂਰੀ ਹੈ। ਨਵੇਂ ਅੰਦਾਜ਼ ਤੇ ਵਿਲੱਖਣ ਵਿਧੀ ਚ ਕਹੀ ਗਈ ਕੋਈ ਵੀ ਸਤਰ ਪਾਠਕ ਨੂੰ ਸਦਾ ਟੁੰਬੇਗੀ। ਜੇ ਸਾਹਾਂ ਚ ਨਾ ਉੱਤਰੇ ਅੱਖਾਂ ਨਾ ਨਮ ਕਰੇ ਤਾਂ ਉਹ ਨਜ਼ਮ ਕਿਸ ਕੰਮ ਦੀ।
Creative Poetry or Shayri is mostly found in Hindi and Urdu.There are a very few Shayers in Punjabi like Late Dr Harbhajan Singh. We should try to learn more and more about Shayri, new poetic simlies Shayrana Andaaj and it's netting or penning in advance designing.
A new simile is a figure of nazam or poem that makes a comparison, showing similarities between two different things. Nazam /ਖੁੱਲ੍ਹੀ ਕਵਿਤਾ is the only form of poetry which is creative, bold, high visioned and very thoughtful. All over the world most famous poetry is Nazam /ਖੁੱਲ੍ਹੀ ਕਵਿਤਾ.
Poetry is the spontaneous powerful feelings written or said in few lines. A Nazam or poem takes its origin from emotions which gives every body a sense of tranquillity or peacefulness. A good poet is he who stands in thunderstorms, fights in fire, enjoys the lovely life.
Many Tukband ਕਵੀ are away from creativeness, lacking vision and any deep thoughts except tukant jugarh. Pueudo non-ustad ਗਜ਼ਲਗੋ also fall in the same category.
ਸ਼ਾਇਰੀ ਦਾ ਨਵੇਕਲਾ ਰੰਗ ਢੰਗ ਨਵੀਨ ਵਿਧੀ ਹੁੰਦੀ ਹੈ। ਬਹੁਤ ਚਿਰ ਤੋਂ ਤੁਕਬੰਦੀ ਵਾਲੀ ਕਵਿਤਾ ਲਿਖੀ ਜਾ ਰਹੀ ਹੈ ਪਰ ਸ਼ਾਇਰੀ ਦਾ ਵਿੱਚ ਨਾਮ ਨਿਸ਼ਾਨ ਵੀ ਨਹੀਂ ਹੁੰਦਾ। ਨਵੀਨਤਮ ਗੱਲ ਕਹਿਣ, ਨਵੀਂ ਸੋਚ,ਉੱਚੇ ਉਮਦਾ ਵਿਜ਼ਨ ਦੀ ਗੱਲ ਨੂੰ ਸ਼ਾਇਰਾਨਾ ਤਰੀਕੇ ਚ ਕਹਿਣ ਨੂੰ ਮੈਂ ਸ਼ਾਇਰੀ
ਮੰਨਦਾ ਹਾਂ। ਜੋ ਉਂਗਲੀ ਫੜ ਕੇ ਤੁਰੇ। ਅੋੌਝੜ ਰਾਹਾਂ ਤੇ ਵੀ ਗਾਉਂਦੀ ਫਿਰੇ। ਪਾਠਕ ਕਹੇ ਕਿ ਇਹ ਤਾਂ ਇੱਕ ਨਿਵੇਕਲੀ ਗੱਲ ਹੈ। ਪਿਛਲੇ ਦਹਾਕੇ ਦੀ ਬਹੁਤੀ ਕਵਿਤਾ ਤੁਕਬੰਦੀ ਚ ਦੁਹਰਾਅ ਹੈ। ਤੁਕਾਂਤ ਲੱਭਣ ਦੀ ਲਾਲਸਾ ਚ ਸ਼ਾਇਰੀ ਦੇ ਨੇੜੇ ਜਾਣ ਤੋਂ ਪਰੇ ਰਹਿ ਗਈ ਹੈ।
ਮੈਂ ਕਵੀਆਂ ਦਾ ਸਾਥੀ ਤਾਂ ਹੋ ਸਕਦਾਂ ਪਰ ਕਵੀ ਬਣਨ ਲਈ ਵਧੀਆ ਨਜ਼ਮ ਕਵਿਤਾ ਲਿਖਣ ਦੀ ਮੁਹਾਰਤ ਹਾਸਲ ਕਰਨ ਲਈ ਉਮਰਾਂ ਲੰਘ ਜਾਂਦੀਆਂ ਹਨ। ਜ਼ਿੰਦਗੀ ਆਨੰਦਤਾ ਚ ਜਿਊਣ ਲਈ ਹੁੰਦੀ ਹੈ ਨਾ ਕਿ ਗੁਜ਼ਾਰਨ ਲਈ। ਨਜ਼ਮ ਕਵਿਤਾ ਵੀ ਲਿਖਣ ਲਈ ਨਹੀਂ ਹੁੰਦੀ ਸਿਰਫ ਕੋਈ ਨਵੀਂ ਪੈੜ ਪਾਉਣ ਨੂੰ ਹੁੰਦੀ ਹੈ। ਸੋਹਣੇ ਕਾਵਿਕ ਸ਼ਬਦਾਂ ਦੀ ਕਸ਼ੀਦਗੀ ਨਾਲ ਵਹੁਟੀ ਵਾਂਗ ਸਜਣ ਸਜਾਉਣ ਨੂੰ ਉਮਦਾ ਨਜ਼ਮ ਕਿਹਾ ਜਾ ਸਕਦਾ ਹੈ। ਜੋ ਘੁੱਟ ਘੁੱਟ ਕਰ ਕੇ ਪੜ੍ਹੀ ਸੁਣੀ ਜਾਵੇ। ਜਿਸਦਾ ਹਰ ਸ਼ਬਦ ਨਵਾਂ ਤੇ ਕਰੇਟਿਵ ਹੋਵੇ ਤੇ ਅਨੂਪਮ ਢੰਗ ਨਾਲ ਬੀੜਿਆ ਹੋਵੇ।
ਪ੍ਰੇਸ਼ਾਨ ਪਲਾਂ ਪਹਿਰਾਂ ਦਾ ਵੀ ਵਧੀਆ ਢੰਗ ਜਾਂ ਵਿਧੀ ਨਾਲ ਵਿਚ ਡੁੱਬ ਕੇ ਚਿਤਰਨ ਹੋ ਸਕਦਾ ਹੈ। ਜਿਵੇਂ ਇਕ ਪੇਂਟਰ ਆਪਣੀ ਪੇਂਟਿੰਗ ਨੂੰ ਮੂੰਹੋਂ ਬੋਲਣ ਲਾ ਦਿੰਦਾ ਹੈ। ਉਹ ਨਜ਼ਮ ਹੀ ਕੀ ਜਿਹਨੂੰ ਸਰੋਤੇ ਵਾਰ ਵਾਰ ਸੁਣਨ ਨੂੰ ਨਾ ਕਹਿਣ। ਅਜਿਹੀ ਨਜ਼ਮ ਕਵਿਤਾ ਲਿਖਣ ਦੀ ਮੈਂ ਕੋਸ਼ਿਸ਼ ਕਰਾਂਗਾ।
ਕਵੀਆਂ ਦੀ ਆਪਸ ਵਿੱਚ ਦੋਸਤੀ ਨਹੀਂ ਹੋਣੀ ਚਾਹੀਦੀ ਸਗੋਂ ਇਕ ਦੂਸਰੇ ਤੋਂ ਵਧੀਆ ਕਵਿਤਾ ਲਿਖਣ ਦੀ ਰੀਝ ਜਾਂ ਦੌੜ ਹੋਣੀ ਚਾਹੀਦੀ ਹੈ ਜਿਵੇਂ ਦੌੜਾਕਾਂ ਵਿਚ ਗੋਲਡ ਮੈਡਲ ਜਿੱਤਣ ਦੀ ਲਾਲਸਾ ਹੁੰਦੀ ਹੈ ਓਲੰਪਿਕ ਵਿੱਚ। ਫਿਰ ਯਾਰੀ ਕੇਹੀ। ਵੈਸੇ ਕਵੀ ਤਾਂ ਪਹਿਲਾਂ ਹੀ ਕਦੇ ਕਿਸੇ ਨੂੰ ਕੁਝ ਸਮਝਦੇ ਹੀ ਨਹੀਂ ਹੁੰਦੇ। ਜਦੋਂ ਝੋਲੇ ਵਾਲਿਆਂ ਦਾ ਦੌਰ ਸੀ। ਝੋਲੇ ਗਲਾਂ ਚ ਪਾ, ਠੋਡੀ ਤੇ ਪਿੰਨ ਰੱਖ ਫੋਟੋ ਖਿਚਵਾ ਕਵਿਤਾਵਾਂ ਨਜ਼ਮਾਂ ਨਹੀਂ ਲਿਖੀਆਂ ਜਾਂਦੀਆਂ। ਚੰਗਾ ਹੋਵੇ ਇਸ ਨਾਲੋਂ ਲਿਖਣ ਪ੍ਰਕਿਰਿਆ ਨੂੰ ਵੱਧ ਸਮਝਿਆ ਕਰੇਟਿਵ ਬਣਾਇਆ ਜਾਵੇ। ਝੂਠੀ ਵਾਹ ਵਾਹ ਤੋਂ ਬਚਿਆ ਜਾਵੇ। ਸਦਾ ਜਜ਼ਬੇ ਭਾਵਨਾਵਾਂ ਹੀ ਕਵਿਤਾ ਦੇ ਨੇੜੇ ਲੈ ਕੇ ਜਾਂਦੀਆਂ ਹਨ। ਐਵੈਂ ਨਹੀਂ ਰਾਤਾਂ ਨੂੰ ਸੂਰਜ ਚੜਾਉਣੇ ਚਾਹੀਦੇ। ਚੰਨ ਹੀ ਬਥੇਰਾ। ਸੂਰਜ ਉਦੈ ਹੁੰਦੇ ਦੇਖਣੇ ਚਾਹੀਦੇ ਹਨ। ਪ੍ਰਕਿਰਤੀ ਮਨੁੱਖ ਓਹੀ ਹਨ, ਸਿਰਫ਼ ਸਮਾਜ ਅਤੇ ਸਿਸਟਮ ਨੂੰ ਨਜ਼ਮ ਕਵਿਤਾ ਦੀਆਂ ਸਤਰਾਂ ਨਾਲ ਤਬਦੀਲ ਕਰਨਾ ਸ਼ਾਇਰ ਦਾ ਕਰਮ ਧਰਮ ਰੀਝ ਹੋਣੀ ਜ਼ਰੂਰੀ ਹੈ। ਅਜਿਹੀ ਪੈੜ ਵਿਚ ਮੈਨੂੰ ਵੀ ਪੱਬ ਧਰਨ ਦਾ ਸ਼ੌਕ ਹੈ ਤੇ ਕੋਸ਼ਿਸ਼ ਵੀ ਕਰਦਾ ਰਹਾਂਗਾ।
ਕਵਿਤਾ ਦਾ ਚਿੰਤਨ ਪਛਾਣ ਉਲੀਕਣ ਪ੍ਰਵਾਹ ਪਲ, ਰੂਹ ਦੀ ਅਵਸਥਾ ਆਵਾਜ਼ ਬਣੇ ਇਹ ਨਹੀਂ ਕਿ ਮਾਨਸਿਕਤਾ ਹੀ ਇਕੱਲੀ ਹੋਵੇ। ਕੋਈ ਪ੍ਰੇਸ਼ਾਨੀ ਅਤੇ ਬੇਚੈਨੀ ਦਾ ਉਪਾਅ ਨਹੀਂ ਹੁੰਦੀ ਕਵਿਤਾ। ਸ਼ਾਇਰ ਦੀ ਆਵਾਜ਼ ਸ਼ਕਤੀ ਅਜਿਹੀ ਹੋਵੇ ਕਿ ਅਜਿਹੇ ਪ੍ਰੇਸ਼ਾਨ ਪਲ ਢੁੱਕਣ ਹੀ ਨਾ ਕਿਸੇ ਦਰ ਤੇ। ਹਕੂਮਤਾਂ ਨੂੰ ਕੰਨ ਕੀਤੇ ਜਾਣ ਲਫ਼ਜ਼ਾਂ ਨਾਲ। ਜਾਂ ਆਪਣੇ ਆਪ ਵਿਚ ਅਜਿਹੀ ਜੁਅਰਤ ਦੇ ਸਾਹ ਪੈਦਾ ਕੀਤੇ ਜਾਣ ਕਿ ਪ੍ਰੇਸ਼ਾਨੀਆਂ ਕਿਤੇ ਦਿਸਣ ਹੀ ਨਾ। ਨਵੀਂ ਪੰਜਾਬੀ ਨਜ਼ਮ ਕਵਿਤਾ ਦੀ ਸਿਰਜਣਾ ਤੇ ਜ਼ੋਰ ਲਾਉਣ ਦੀ ਲੋੜ ਹੈ। ਸਮੀਖਿਆ ਤਾਂ ਕਰਨੀ ਬਣਦੀ ਹੈ ਜਦੋਂ ਕਵਿਤਾ ਕੁਰਾਹੇ ਪੈ ਜਾਵੇ। ਹਰ ਇਕ ਨਾਲ ਹਰ ਵੇਲੇ ਹੀ ਤੁਰੀ ਫਿਰੇ। ਅਜਿਹੀ ਕਵਿਤਾ ਦੀ ਉਮਰ ਲੰਬੀ ਨਹੀਂ ਹੋਵੇਗੀ।
ਕਵਿਤਾ ਦਾ ਕੋਈ ਸਿਰਨਾਵਾਂ ਨਹੀਂ ਹੁੰਦਾ। ਸਾਡੇ ਨਿੱਤ ਦੇ ਸਰੋਕਾਰਾਂ ਵਿੱਚ ਹੀ ਇਹ ਨੱਚਦੀ ਖੇਡਦੀ ਰਹਿੰਦੀ ਹੈ। ਸਾਨੂੰ ਹੀ ਨਹੀਂ ਉਹਦੇ ਨਾਲ ਨੱਚਣਾ ਖੇਡਣਾ ਗਾਉਣਾ ਨਹੀਂ ਆਉਂਦਾ। ਸਮਾਜਕ ਸੱਭਿਆਚਾਰਕ ਅਤੇ ਰਾਜਨੀਤਕ ਪ੍ਰਸਥਿਤੀਆਂ ਨੂੰ ਨਜ਼ਮ ਨੇ ਝੰਜੋੜਣਾ ਹੁੰਦਾ ਹੈ। ਤੁਹਾਡੇ ਸਾਹਾਂ ਧੜਕਣਾਂ ਨੇ ਕਰਾਰਾ ਜੁਆਬ ਦੇਣਾ ਹੁੰਦਾ ਹੈ।
ਅਸਫ਼ਲਤਾਵਾਂ ਕੁਝ ਵੀ ਨਹੀਂ ਹੁੰਦੀਆਂ। ਨਵੇਂ ਰਾਹ ਤਲਾਸ਼ ਕਰਨ ਦੀ ਤਮੰਨਾ ਰੀਝ ਲਾਲਸਾ ਨੂੰ ਜਗਾਉਣਾ ਹੁੰਦਾ ਹੈ ਸਿਰਫ਼। ਮੁਹੱਬਤ, ਮਨਚਾਹੀ ਜ਼ਿੰਦਗੀ ਜਿਊਣ, ਉੱਚੀ ਪਦਵੀ ਦੀ ਚਾਹਤ ਕਵਿਤਾ ਦੀ ਜ਼ਰੂਰਤ ਨਹੀਂ। ਫਿਰ ਕਿਸੇ ਨੇ ਕੀ ਲੈਣਾ ਕਵਿਤਾ ਤੋਂ।
ਕਵੀ ਦੇ ਚਾਰ ਖੰਭ ਹੋਣੇ ਚਾਹੀਦੇ ਹਨ ਜਿਵੇਂ ਕੀੜਿਆਂ ਦੇ, ਜੋ ਬੈਲਿੰਸ ਕਰਦੇ ਨੇ । ਖੰਭਾਂ ਦੇ ਹੋਰ ਕਾਰਜਾਂ ਵਿੱਚ ਸੁਰੱਖਿਆ, ਧੁਨੀ ਉਤਪਾਦਨ, ਤਾਪ ਧਾਰਨ, ਵਿਜ਼ੂਅਲ ਸੰਚਾਰ, ਅਤੇ ਸਥਿਤੀ ਵੀ ਸ਼ਾਮਲ ਹਨ। ਇੰਝ ਹੀ ਸ਼ਾਇਰ ਕਵੀ ਲਫ਼ਜ਼ ਪਰਾਂ ਨਾਲ ਨਜ਼ਮ ਨੂੰ ਨਾਲ ਉਚਾਈਆਂ ਤੇ ਹੋਰ ਉੱਚਾ ਉੱਡੇ। ਚਾਰੋਂ ਖੰਭਾਂ ਉੱਤੇ ਮੁਹੱਬਤ ਦਾ ਗੀਤ, ਆਨੰਦਿਤ ਜ਼ਿੰਦਗੀ ਦੀਆਂ ਪੈੜਾਂ, ਸਮਾਜ ਤੇ ਰਾਜਨੀਤੀ ਦਾ ਨਕਸ਼ਾ ਚਿਤਰਿਆ ਹੋਵੇ। ਕੁਝ ਸ਼ਾਇਰਾਂ ਨੂੰ ਛੱਡ ਕੇ ਬਹੁਤੇ ਕਵੀਆਂ ਦੇ ਤਾਂ ਇੱਕ ਦੋ ਖੰਭ ਵੀ ਨਹੀਂ ਅਜੇ ਨਿੱਕਲੇ ਹੁੰਦੇ ਤੇ ਉਹ ਨੇੜੇ ਵੀ ਨਹੀਂ ਬੈਠਦੇ ਕਿਸੇ ਦੇ।
ਨਿੱਜੀ ਸਰੋਕਾਰਾਂ ਤੇ ਲਿਖੀ ਕਵਿਤਾ ਅਰਸ਼ ਨਹੀਂ ਛੂਹ ਸਕਦੀ।
ਕਵਿਤਾ ਦੀਆਂ ਨਜ਼ਰਾਂ ਚਾਰ ਦਿਸ਼ਾਵਾਂ ਵੱਲ ਹੋਣੀਆਂ ਚਾਹੀਦੀਆਂ ਹਨ। ਆਪਣੇ ਵੱਲ ਵੇਖਣ ਦੀ ਕੀ ਜ਼ਰੂਰਤ ਪਤਾ ਹੀ ਹੁੰਦਾ ਹੈ। ਖਹਿ ਟੱਕਰ ਤਾਂ ਚਾਰ ਦਿਸ਼ਾਵਾਂ ਨਾਲ ਲੈਣੀ ਚਾਹੀਦੀ ਦੀ ਹੈ।
ਉਮਦਾ ਕਵਿਤਾ ਕਦੇ ਵਿਛੁੰਨਤਾ ਨਹੀਂ ਭੋਗਦੀ। ਸਮਾਜ ਦੇ ਦਰਦ ਉਹਨੂੰ ਸਦਾ ਸਵੀਕਾਰਦੇ ਹਿੱਕ ਨਾਲ ਲਾਉਂਦੇ ਹਨ।
ਕਵਿਤਾ ਜੇ ਸੁਨੱਖੀ ਹੋਈ ਸਾਹਿਤਕ ਦਰਾਂ ਤੇ ਆਪੇ ਹੀ ਚੜ੍ਹ ਜਾਵੇਗੀ ਅਤੇ ਸਮਾਜ ਦੇ ਸਰੋਕਾਰੀ ਸਾਹਾਂ ਵਿੱਚ ਘੁਲਮਿਲ ਜਾਵੇਗੀ। ਮੇਰੀ ਨਜ਼ਮ ਦੇ ਮਿਆਰ ਦੇ ਤੁਸੀਂ ਜੱਜ ਹੋ। ਆਪਣੇ ਆਪ ਨਹੀਂ ਵਹਿਮ ਪਾਈਦਾ। ਇਸੇ ਵਹਿਣ ਫੋਕੇ ਵਹਿਮ ਫੋਕੀ ਵਾਹ ਵਾਹ ਨੇ ਕਵਿਤਾ ਦੀਆਂ ਪੁਸਤਕਾਂ ਛਾਪਣ ਵਾਲੇ ਪ੍ਰਿੰਟਰ ਬਣਾ ਦਿਤੇ ਹਨ ਪਬਲਿਸਰਾਂ ਤੋਂ।
ਫਿਰ ਵੰਡਦੇ ਫਿਰਨਗੇ ਮੁਫ਼ਤ ਤੇ ਲਿਖਣ ਨੂੰ ਵੀ ਕਹਿਣਗੇ। ਕਿੰਨਾ ਕੁਝ ਚਿਰ ਚੱਲੇਗਾ ਇਹ ਰੁਝਾਨ! ਮੈਂ ਇਨਕਰਜ ਕਰ ਰਿਹਾਂ ਹਾਂ ਸਾਰਿਆਂ ਨੂੰ ਵਧੀਆ ਲਿਖਣ ਲਈ ਡਿਸਕਰਜ ਕਦੇ ਨਹੀਂ ਕੀਤਾ।
ਸਮਾਜਿਕ ਕੁਰੀਤੀਆਂ ਰਿਸ਼ਤਿਆਂ ਰਜਵਾੜਿਆਂ ਰਾਜਨੀਤਕ ਨੇਤਾਵਾਂ ਦੇ ਪਿੰਡੇ ਉੱਤੇ ਕਵਿਤਾ ਨੇ ਡੂੰਘੀ ਝਰੀਟ ਪਾਉਣੀ ਹੁੰਦੀ ਹੈ ਤਾਂ ਕਿ ਕੋਈ ਚੀਸ ਨਿੱਕਲੇ ਉਹਨਾਂ ਦੀ। ਕਵਿਤਾ ਦੀਆਂ ਸਤਰਾਂ ਲਫ਼ਜ਼ਾਂ ਨੂੰ ਸ਼ਿੰਗਾਰ ਕਰਨ ਦਾ ਢੰਗ ਤਰੀਕਾ ਤੇ ਸੁਭਾਅ ਬਦਲਣਾ ਪਵੇਗਾ।
ਇਹੋ ਜਿਹੀ ਸੰਵੇਦਨਸ਼ੀਲਤਾ ਸਮਾਜਿਕ-ਸੱਭਿਆਚਾਰਕ ਸਮੇਂ ਦੇ ਹਲਾਤਾਂ ਨਾਲ ਸੁਚੇਤਨਾ ਸੁਚੱਜੇ ਢੰਗ ਨਾਲ ਨਿਪਟਣ ਜਾਂ ਆਹਢਾ ਲੈ ਕੇ ਹੀ ਆਉਂਦੀ ਹੈ। ਪਰ ਹਰ ਵਾਰ ਲਿਖਣ ਵੇਲੇ ਅੰਬਰ ਛੂਹਣੇ ਪੈਣਗੇ।
ਕਾਵਿਕ ਗਿਆਨ ਸੋਹਣੀਆਂ ਕੁੜੀਆਂ ਵਰਗੀਆਂ ਸਿਮਲੀਆਂ ਨਵੀਂ ਖੋਜ ਢੰਗ ਤਰੀਕੇ ਅਤੇ ਲਫ਼ਜ਼ਾਂ ਦੀ ਪੰਡ ਹੀ ਉਸਾਰਦੀ ਹੈ ਸੋਹਣੀ ਨਜ਼ਮ। ਕਵਿਤਾ ਦੇ ਨਵੀਨੀਕਰਨ, ਡੀਜਾਇਨ, ਛੰਦਾ ਬੰਦੀ, ਵਿਧੀ ਸਿਧਾਂਤ ਵਿਧਾਨ ਪਰੰਪਰਾ ਨੂੰ ਕੰਬਾਉਣ ਵਿੱਚ ਸ਼ਾਇਰ ਦੀ ਸਿਰਜਣਾ ਸ਼ਕਤੀ ਪੂਰੀ ਖਰਚ ਹੋਣੀ ਜ਼ਰੂਰੀ ਹੈ। ਸਿਰਜਣਾਤਮਕ ਪਲ ਕੋਈ ਵੀ ਹੋ ਸਕਦੇ ਹਨ। ਲਫ਼ਜ਼ਾਂ ਦੀ ਛਣਕਾਰ ਟੁਣਕਾਰ ਤਾਂ ਬਾਅਦ ਚ ਪੈਂਦੀ ਹੈ। ਜੇ ਹਿੱਕ ਚ ਸੋਹਣੇ ਸ਼ਬਦ ਨਾਦ ਛੇੜਦੇ ਹੋਣ, ਹਰ ਵੇਲੇ। ਸੁਫ਼ਨੇ ਤਿੜਕਣ ਲੱਗਣ। ਰਾਤਾਂ ਬੇਚੈਨ ਹੋਣ। ਸ਼ਬਦ ਕਲਾ ਅੰਗ ਅੰਗ ਸਰਗਮ ਨਾਲ ਸਮਿੱਲਤ ਹੋਵੇ। ਸਾਹਾਂ ਤਾਰਾਂ ਨਜ਼ਰਾਂ ਨੂੰ ਕੋਈ ਛੇੜ ਗਿਆ ਹੋਵੇ। ਇਹੀ ਸਿਰਜਣਾਤਮਕ ਪ੍ਰਕਿਰਿਆ ਹੁੰਦੀ ਹੈ ਜੋ ਕਹੇ ਕਿ ਕੁਝ ਕਾਵਿ ਚਿੱਤਰ ਬਣਾਇਆ ਜਾਵੇ।
ਸਹਿਜਤਾ ਦੇ ਸੁਰਜਤਾ ਕਸ਼ੀਦਗੀ ਲਈ ਮਨ ਨੂੰ ਮਨਾਉਣਾ ਹੀ ਪਵੇਗਾ ਤਾਂ ਕਿ ਕਵਿਤਾ ਚ ਵਿਲੱਖਣ ਨਕਸ਼ ਰੂਪਨਾਮ ਹੋ ਜਾਣ। ਇਹ ਕੋਸ਼ਿਸ਼ ਛਾਲ ਹਰ ਪਲ ਚ ਹੋਵੇ ਤਾਂ ਬਿਹਤਰ ਹੈ।
ਅਜੌਕੇ ਸਮੇਂ ਤੱਕ ਆਪਣੇ ਤੋਂ ਪਹਿਲਾਂ ਕਵਿਤਾ ਨੂੰ ਵੱਖਰੇ ਵੱਖਰੇ ਰੂਪ ਧਾਰਨ ਕਰਨੇ ਚਾਹੀਦੇ ਹਨ। ਖੁੱਲ੍ਹੀ ਕਵਿਤਾ ਜਾਂ ਨਜ਼ਮ ਤੁਕਬੰਦੀ ਤੋਂ ਵੱਧ ਸਿਆਣੀ ਸੁਨੱਖੀ ਹੈ। ਨਵੇਂ ਕਵੀਆਂ ਵਲੋਂ ਸਾਹਿਤ ਸਿਰਜਣਾ ਦਾ ਇਹ ਨਵੀਨਤਮ ਤੇ ਇਕ ਵਧੀਆ ਰੁਝਾਨ ਹੈ। ਸ਼ਰਤ ਹੈ ਕਿ ਇਹ ਰੁਝੇਵਾਂ ਉਸਾਰੂ ਤੇ ਸੁਚੱਜਾ ਹੋਵੇ।
ਉੱਚੀਆਂ ਉੱਚੀਆਂ-ਅਮਰਜੀਤ ਟਾਂਡਾ
ਉੱਚੀਆਂ ਉੱਚੀਆਂ
ਹਿਮਾਲਾ ਦੀਆਂ ਚੋਟੀਆਂ
ਕਿਸੇ ਗੋਰੀ ਦੀਆਂ
ਬੱਗੀਆਂ ਵੀਣੀਆਂ ਵਰਗੀਆਂ
ਆਪਣੀ ਹਿੱਕ ਵਿਚ
ਸ਼ੂਕਦੇ ਹੜ੍ਹ ਤੁਫ਼ਾਨ
ਲਕੋਈ ਬੈਠੀਆਂ ਹਨ
ਹੜ੍ਹ ਬੁੜ ਬੁੜ ਕਰ ਰਹੇ
ਚੀਕਾਂ ਮਾਰ ਰਹੇ ਹਨ
ਬਰਫ਼ ਦੀ ਗੱਠੜੀ ਚ ਬੈਠੇ
ਹਵਾ ਚ ਤੂਫ਼ਾਨ ਹੈ
ਬੜ੍ਹਕਾਂ ਮਾਰ ਰਿਹਾ
ਰੁੱਖਾਂ ਨੂੰ ਹਲੂਣਦਾ
ਜਾਗਣ ਨੂੰ ਕਹੈ
ਰੁੱਖ ਜੜ੍ਹਾਂ ਨਾਲ ਲੈ ਕੇ
ਟੁਰਨ ਨੂੰ ਕਾਹਲੇ
ਟੇਢੇ ਮੇਢੇ ਹੋਣ
ਪਹਾੜ ਤੋਂ ਮੇਰੇ ਪਿੰਡ ਤੱਕ
ਜਿੱਥੇ ਮੈਂ ਧੁੱਪ ਦੀ
ਸੁਨਹਿਰੀ ਚਾਦਰ ਵਿਛਾਈ ਹੈ
ਕੁੱਖ ਚ ਸਾਂਭੀ ਬੈਠੀ
ਬਲਦੇ ਜੁਆਲਾਮੁਖੀ ਧਰਤੀ ਨੂੰ
ਤੂਫ਼ਾਨ ਸਾਂਭੀ ਬੈਠੇ
ਓਕਾਂ ਫਰਨਾਂ ਸਫ਼ੈਦਿਆਂ ਨੂੰ
ਜਗਾਇਆ ਹੈ
ਕਿ ਯੁੱਧ ਤੇ ਚੱਲਣਾ
ਹਾਕਮ ਦੇ ਪਹਿਰੇਦਾਰ ਨੂੰ ਵੀ
ਹਲੂਣ ਦਿੱਤਾ ਹੈ
ਕਹੇ ਨਾ ਕਿਤੇ ਲਲਕਾਰਿਆ ਨਹੀਂ ਦੱਸਿਆ ਨਹੀਂ
ਬਲ਼ਦੇ ਅੰਗਿਆਰ ਬਣੇ
ਬਿਨ ਕਫ਼ਨ
ਕਬਰਾਂ ਚ ਹਰੇ ਘਾਵਾਂ ਦੇ
ਕੰਬਲ ਓੜ ਕੇ ਸੁੱਤੇ ਪਏ
ਸ਼ਹੀਦ ਯੋਧਿਆਂ
ਨੂੰ ਵੀ ਕਿਹਾ ਹੈ ਚੱਲਣ ਨੂੰ ਨਾਲ
ਜਦੋਂ ਕਿ ਅਸਮਾਨ
ਉਹਨਾਂ ਦੀ ਸੁਆਹ ਉੱਤੇ
ਛਾਂ ਕਰਦਾ
ਪਹਿਰਾ ਦੇ ਰਿਹਾ ਹੈ
ਇਹਨਾਂ ਚਿੜੀਆਂ ਨੂੰ ਡਰਾਉਣ ਲਈ
ਬਾਜਾਂ ਨੂੰ ਵੀ ਆਲ੍ਹਣਿਆਂ ਚੋਂ ਜਗਾਇਆ ਹੈ
ਜ਼ਮੀਨ ਤੋਂ ਅਰਸ਼ ਤੱਕ
ਬਾਂਹ ਖੜੀ ਕੀਤੀ ਹੈ
ਯੁੱਧ ਦਾ ਪੈਗਾਮ ਲਿਖਣ ਲਈ
ਅਜੇ ਸਮੁੰਦਰ ਚ ਵੀ ਖੌਰੂ ਪਾਉਣਾ ਹੈ
ਚਾਰੇ ਪਾਸੇ ਛਾਇਆ ਕਾਲ਼ਾ
ਧੂੰਆਂ ਸਾਫ਼ ਕਰਨਾ ਹੈ
ਤ੍ਰੇਲ ਤੁਪਕਿਆਂ ਵਿਚਦੀ ਝਾਕਣਾ ਹੈ
ਸੂਹੇ ਅੰਗਿਆਰ ਬਣ ਕੇ
ਸ਼ਾਂਤ ਹੋਏ ਹਾਉਕੇ ਨੂੰ
ਲੰਮਾ ਸਾਹ ਬਖਸ਼ਣਾ ਹੈ ਹੌਸਲੇ ਦਾ
ਸ਼ੋਰ ਮਚਾ ਦੇਣਾ ਅਸੀਂ
ਹਾਕਮ ਦੇ ਆਖ਼ਰੀ ਸਾਹਾਂ ਦੁਆਲੇ
ਘਾਹ ਹਰਾ ਰੱਖਣਾ
ਸ਼ਹੀਦਾਂ ਦੀਆਂ ਕਬਰਾਂ ਤੇ
ਲਹੂ ਨਾਲ ਸਿੰਜਣੇ ਹਨ
ਉਹਨਾਂ ਦੇ ਸਰ੍ਹਾਣੇ
ਫੁੱਲ ਗੁਲਾਬ ਦੇ
ਤੁਹਾਡੀ ਪਸੰਦ-ਅਮਰਜੀਤ ਟਾਂਡਾ
ਤੁਹਾਡੀ ਪਸੰਦ
ਮੇਰੀ ਪਸੰਦ ਨਹੀਂ ਹੋ ਸਕਦੀ
ਨਾ ਹੀ ਤੁਹਾਡੀ ਪਸੰਦ ਕਵਿਤਾ
ਮੇਰੀ ਚਾਹਤ
ਜਿਧਰ ਨੂੰ ਤੁਸੀਂ ਸਾਰੇ ਜਾਂਦੇ ਹੋ
ਮੈਂ ਕਿਉਂ ਜਾਵਾਂ ਭੇਡਾਂ ਦੇ ਰਾਹ
ਮੈਨੂੰ ਪੈਰਾਂ ਹੇਠ ਲਿਤਾੜੇ ਰਾਹ
ਟੁੱਟੀਆਂ ਸੜਕਾਂ
ਤੇ ਟੁਰਨਾ
ਬਿਲਕੁਲ ਚੰਗਾ ਨਹੀਂ ਲੱਗਦਾ
ਨਵੇਂ ਬਣਾਣੇ ਰਾਗ ਧੁੰਨਾਂ
ਯਾਦਾਂ ਬਣਦੀਆਂ ਹਨ
ਨਵੇਂ ਰਾਹਾਂ ਦੇ ਲੰਮੇ ਸਾਹ
ਨਵੇਂ ਖਿੜੇ ਫੁੱਲ ਹੁੰਦੇ ਹਨ
ਉਹਨਾਂ ਦੀਆਂ ਬਾਹਾਂ ਤੇ ਮਹਿਕਦੇ
ਪੁਰਾਣੇ ਰਾਹਾਂ ਤੇ ਸਫ਼ਰ ਕਰਨ ਦਾ
ਮੈਂਨੂੰ ਕਦੇ ਚਾਅ ਨਹੀਂ ਚੜ੍ਹਦਾ
ਨਾ ਹੀ ਮੈਂਨੂੰ ਆਸ ਹੁੰਦੀ ਹੈ
ਇਹਨਾਂ ਮਿੱਧੀਆਂ ਹੋਈਆਂ ਸੜਕਾਂ ਤੋਂ
ਕਿਸੇ ਮੰਜ਼ਿਲ ਦੀ
ਨਾ ਹੀ ਬਰਦਾਸ਼ਤ ਹੁੰਦਾ ਹੈ
ਬੁੱਤ ਜੇਹੇ ਬਣ
ਕੁਫ਼ਰ ਚੁੱਪਚਾਪ ਸੁਣੀ ਜਾਣਾ
ਲੱਖ ਫਾਇਦੇ ਹੋਣ ਭਾਵੇਂ
ਪਰ ਇਹ ਹਜ਼ਮ ਨਹੀਂ ਹੁੰਦਾ
ਦੂਸਰੇ ਦਾ ਹੱਕ ਖੋਹ ਕੇ
ਨੱਚੇ ਤਾਂ ਕੀ ਨੱਚੇ
ਕਿਸੇ ਨੂੰ ਹੰਝੂਆਂ ਚ ਡੋਬ ਕੇ
ਹੱਸੇ ਤਾਂ ਕਿਹੜੀ ਸ਼ੇਖੀ
ਇਮਾਨਦਾਰੀ ਦੇ ਫੁੱਲਾਂ ਦੀ ਉਮੀਦ
ਜੇ ਰੱਖਣੀ ਹੈ ਤਾਂ ਸ਼ਰੀਕ ਤੋਂ ਰੱਖੋ
ਭਾਂਵੇਂ ਕਿਸੇ ਦਾ ਸਿਰ ਹੋਵੇ
ਪੈਰਾਂ ਚ ਪਿਆ ਮਨਜ਼ੂਰ ਨਹੀਂ
ਲੋਕ ਇਸ ਨੂੰ ਵੀ ਬੁਝਾ ਦਿੰਦੇ ਹਨ
ਇਹ ਅੱਗ ਕਿਉਂ ਸਾਡੇ ਘਰ ਸਾੜੇ
ਕਿਉਂ ਹੋਵੇ ਮੇਰਾ ਘਰ ਇਕੱਲੇ ਦਾ
ਬੇਘਰਾਂ ਦੇ ਸਾਹਮਣੇ
ਕਈ ਵਾਰ ਉਚਾਈਆਂ
ਤੋਂ ਵੀ ਮਿੱਟੀ ਦੀ ਮਹਿਕ ਨਹੀਂ ਆਉਂਦੀ
ਕਈ ਟਹਿਣੀਆਂ ਪੱਤੇ ਹੁੰਦੇ ਹਨ
ਜਿਹਨਾਂ ਨੂੰ ਆਪਣੇ ਹੀ ਚਾਪਲੂਸ ਰੁੱਖ
ਚੰਗੇ ਨਹੀਂ ਲਗਦੇ ਹੁੰਦੇ
ਨਾ ਬੋਲਣ ਨਾ ਕੁਝ ਕਹਿਣ
ਅਸਮਾਨ ਨੂੰ
ਕਿਉਂਕਿ ਉਹਨਾਂ ਦੀ ਜੀਭ ਟੁੱਕੀ ਹੁੰਦੀ ਹੈ
ਲੱਤਾਂ ਕੰਬਦੀਆਂ
ਇਕ ਯੁੱਧ -ਅਮਰਜੀਤ ਟਾਂਡਾ
ਇਕ ਯੁੱਧ ਮੈਂ
ਤੇਰੇ ਨਾਂ ਵੀ ਕਰਨਾ ਹੈ
ਇਕ ਮੇਰਾ ਖ਼ੰਜ਼ਰ
ਤੇਰੀ ਹਿੱਕ ਤੇ ਵੀ ਮਰਨਾ ਹੈ
ਜ਼ਰਾ ਸ਼ਬਦਾਂ ਦੇ ਤੀਰ
ਨਜ਼ਮਾਂ ਵਿਚ ਬੀੜ ਲਵਾਂ
ਇਕ ਮੇਰੇ ਨਗ਼ਮੇ ਨੇ
ਤੇਰੇ ਸੀਨੇ ਤੇ ਵੀ ਤਰਨਾ ਹੈ
ਕਰ ਲੈ ਜਰਾ ਹਥਿਆਰ ਤਿੱਖੇ
ਤਿਆਰ ਕਰ ਲੈ ਮਿਜ਼ਾਈਲਾਂ
ਫਿਰ ਮਿਣ ਲੈ ਇਕ ਵਾਰ ਛਾਤੀ
ਮੇਰੇ ਅੰਗਿਆਰੇ ਲਫ਼ਜ਼ਾਂ ਨੇ
ਤੇਰਾ ਵੀ ਕਤਲ ਕਰਨਾ ਹੈ
ਵਾਰ ਕਰਨ ਜੋਗਾ ਹੋਵੀਂ
ਤੇਰੇ ਨਾਲ ਵੀ ਇਕ ਹੱਥ ਕਰਨਾ ਹੈ
ਜੰਗ ਸਦਾ
ਹਥਿਆਰਾਂ ਨਾਲ ਹੀ ਨਹੀਂ ਲੜੇ ਜਾਂਦੇ
ਚਾਨਣ ਲਈ
ਚੰਦ ਸਿਤਾਰੇ ਨਹੀਂ ਸਦਾ ਫੜੇ ਜਾਂਦੇ
ਮੱਥਿਆਂ ਦੀ ਲੋਅ ਚ ਵੀ
ਯੁੱਧ ਲਿਖਿਆ ਹੁੰਦਾ ਹੈ
ਪਰਾਂ ਦਾ ਜ਼ੋਰ ਵੀ
ਅਰਸ਼ ਦੇ ਸਫ਼ੇ ਤੇ ਹਰ ਵਾਰ
ਯੁੱਧ ਲਿਖਣ ਜਾਂਦਾ ਹੈ
ਰਾਹੀ ਮੰਜ਼ਿਲ ਤੇ
ਜਿੱਤ ਦਾ ਪਰਚਮ ਗੱਡਦਾ ਹੈ ਯੁੱਧ ਕਰਕੇ
ਮੱਥਿਆਂ ਮੱਥਿਆਂ ਵਿੱਚ ਵੀ
ਯੁੱਧ ਹੁੰਦਾ ਹੈ ਕਈਆਂ ਤਰ੍ਹਾਂ ਦਾ ਖੁਣਿਆਂ
ਸਿਰਾਂ ਧੜਾਂ ਵਿੱਚ ਵੀ ਸੰਘਰਸ਼ ਹੁੰਦਾ ਹੈ ਅਨੋਖੇ ਨਕਸ਼ਾਂ ਰੰਗਾਂ ਦਾ
ਲੱਖਾਂ ਸਿਰਾਂ ਵਿੱਚ
ਕੁੱਝ ਵੀ ਨਹੀਂ ਲਿਖਿਆ ਹੁੰਦਾ
ਸਿਰਫ਼ ਮੈਡਲਾਂ ਦੀ ਰੀਝ ਹੁੰਦੀ ਹੈ
ਜਾਂ ਫਿਰ ਉੱਚ ਦਰਬਾਰਾਂ ਦੀਆਂ ਪੌੜੀਆਂ ਚੜ੍ਹਨ ਦਾ ਚਾਅ
ਕਿਸੇ ਧੜ ਤੇ ਸਿਰ ਵੀ ਹੁੰਦਾ ਹੈ
ਫਿਰ ਵੀ ਬੇਦਾਵਾ ਲਿਖ ਦਿੰਦਾ ਹੈ
ਜੂਝਨ ਤੋਂ ਡਰਦਾ
ਕੋਈ ਧੜ
ਸਿਰ ਬਗੈਰ ਵੀ ਥੱਕਦਾ
ਹਾਰਦਾ ਨਹੀਂ ਲੜਦਾ
ਥੱਕੇ ਹਾਰੇ
ਸੂਰਜਾਂ ਕੀ ਹਨੇਰੇ ਪੂੰਝਣੇ
ਇਕੱਲਾ ੨ ਜੁਗਨੂੰ ਜਦੋਂ ਜਗ ਪਿਆ
ਲੱਖਾਂ ਕਾਲੀਆਂ ਰਾਤਾਂ ਰੌਸ਼ਨ ਕਰਨਗੇ
ਮੇਰੀ ਰੂਹ ਦਾ ਸੁਪਨਾ ਤੈਨੂੰ ਠਾਰੇਗਾ
ਜਦ ਹੱਕ ਮੰਗਦਾ
ਮੇਰਾ ਹਰ ਤੀਰ ਨਗ਼ਮਾ ਤੈਨੂੰ ਲਲਕਾਰੇਗਾ
ਤੇਰੇ ਵਰਗੇ ਹਰੇ ਹੋਏ
ਨਾਲ ਕੀ ਲੜਨਾ
ਮਰੇ ਹੋਏ ਦੀ ਛਾਤੀ
ਕੀ ਖੰਜਰ ਧਰਨਾ
ਕੰਬਦੇ ਬਹੁੜੀਆਂ ਪਾਉਂਣ ਵਾਲੇ ਦਾ
ਕੀ ਕਤਲ ਕਰਨਾ
ਤੂੰ ਤਾਂ ਮੇਰੇ
ਅੱਖਰਾਂ ਦਾ ਇਕ ਵਾਰ ਵੀ ਨਹੀਂ ਸਹੇਂਗਾ
ਤੇਰੀ ਛਾਤੀ ਵਿਚ ਡੋਬ ਕੇ
ਮਹਿੰਗਾ ਤੀਰ ਕਿਉਂ ਖਰਾਬ ਕਰਨਾ
-
ਡਾ ਅਮਰਜੀਤ ਟਾਂਡਾ, Writer
drtanda193@gmail.com
0009990000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.