ਬਾਬਾ ਬੰਦਾ ਸਿੰਘ ਬਹਾਦਰ
ਦਿਲਜੀਤ ਸਿੰਘ ਬੇਦੀ
ਕੁਰਬਾਨੀ ਉਹ ਮਹਾਨ ਹੁੰਦੀ ਹੈ ਜਿਸਦੇ ਪਿੱਛੇ ਉਦੇਸ਼ ਮਹਾਨ ਹੋਵੇ, ਸੰਘਰਸ਼ ਉਹ ਮਹਾਨ ਹੁੰਦਾ ਹੈ ਜੋ ਕਿਸੇ ਉਦੇਸ਼ ਦੀ ਪੂਰਤੀ ਲਈ ਹੋਵੇ। ਨਿਆਸ਼ੀਲ ਹੋਣਾ ਗੁਰੂ ਦੇ ਸਿੱਖ ਦਾ ਮੂਲ ਆਸ਼ਾ ਹੈ, ਇਸ ਲਈ ਜਿਥੇ ਕਿਤੇ ਵੀ ਉਹ ਜ਼ਬਰ, ਜ਼ੁਲਮ, ਅਤਿਆਚਾਰ ਜਾਂ ਧੱਕੇਸ਼ਾਹੀ ਹੁੰਦੀ ਦੇਖਦਾ ਹੈ, ਉਸਦਾ ਵਿਰੋਧ ਕਰਨਾ ਉਹ ਆਪਣਾ ਪਰਮ ਕਰਤਵ ਸਮਝਦਾ ਹੈ। ਨਤੀਜੇ ਵਜੋਂ ਸ਼ਹੀਦੀ ਵੀ ਦੇਣੀ ਪੈ ਸਕਦੀ ਹੈ। ਸਿੱਖ ਇਤਿਹਾਸ ਅਜਿਹੀਆਂ ਸ਼ਹੀਦੀਆਂ ਨਾਲ ਭਰਿਆ ਪਿਆ ਹੈ।
1708 ਈ: ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਆਗਿਆ ਦਾ ਪਾਲਣ ਕਰਨ ਲਈ ਜਦ ਬਾਬਾ ਬੰਦਾ ਸਿੰਘ ਜੀ ਪੰਜਾਬ ਆਏ ਤਾਂ ਉਨ੍ਹਾਂ ਕੋਲ ਗੁਰੂ ਜੀ ਵੱਲੋਂ ਮਿਲੇ ਪੰਜ ਤੀਰ, ਖੰਡਾ ਤੇ ਨਗਾਰਾ ਸੀ।
ਬੰਦੇ ਗੁਰ ਖੰਡਾ ਦਯੋ, ਲਯੋ ਓਨੈ ਗਲ ਪਾਇ।
ਖਾਲਸੋ ਦੇਖ ਸੁ ਵਿਟਰਯੋ ਤਿਨ ਖੰਡੋ ਲਯੋ ਛਿਨਾਇ।`
(ਪੰਥ ਪ੍ਰਕਾਸ਼)
ਸਲਾਹ ਮਸ਼ਵਰਾ ਕਰਨ ਲਈ ਗੁਰੂ ਸਾਹਿਬ ਨੇ ਪੰਜ ਪਿਆਰੇ ਭਾਈ ਬਿਨੋਦ ਸਿੰਘ, ਭਾਈ ਕਾਹਨ ਸਿੰਘ, ਭਾਈ ਬਾਜ ਸਿੰਘ, ਭਾਈ ਦਇਆ ਸਿੰਘ ਤੇ ਭਾਈ ਰਣ ਸਿੰਘ ਨਾਲ ਤੋਰੇ। ਇਨ੍ਹਾਂ ਤੋਂ ਇਲਾਵਾ 20 ਸਿੰਘ ਹੋਰ ਨਾਲ ਭੇਜੇ। ਇਨ੍ਹਾਂ 25 ਸਿੰਘਾਂ ਦੇ ਕਾਫਲੇ ਨੇ ਪੰਜਾਬ ਵੱਲ ਹਨੇਰੀ ਦੀ ਤਰ੍ਹਾਂ ਕੂਚ ਕੀਤਾ। ਦਿੱਲੀ ਪਾਰ ਕਰਦਿਆਂ ਹੀ ਸਿੱਖ ਸੰਗਤਾਂ ਨੂੰ ਹੁਕਮਨਾਮੇ ਭੇਜੇ ਗਏ। ਸਿੱਖ ਸੰਗਤਾਂ ਹੁਕਮ ਦਾ ਪਾਲਣ ਕਰਦਿਆਂ ਬਾਬਾ ਬੰਦਾ ਸਿੰਘ ਬਹਾਦਰ ਦੇ ਸੁਆਗਤ ਲਈ ਅੱਗੇ ਆ ਗਈਆਂ। ਗੁਰੂ ਸਾਹਿਬ ਦੇ ਪਰਿਵਾਰ ਦੀਆਂ ਸ਼ਹੀਦੀਆਂ ਦੇ ਜ਼ਖਮ ਸਿੱਖ ਸੰਗਤਾਂ ਵਿਚ ਅਜੇ ਤਾਜੇ ਸਨ। ਉਹ ਕੁੱਝ ਸਮੇਂ ਦੇ ਅੰਦਰ ਹੀ ਬਾਬਾ ਬੰਦਾ ਸਿੰਘ ਬਹਾਦਰ ਦੇ ਝੰਡੇ ਥੱਲੇ ਇਕੱਠੇ ਹੋ ਗਏ, ਉਨ੍ਹਾਂ ਨੇ ਰਣ-ਭੂਮੀ ਵਿੱਚ ਆਪਣਾ ਨਾਹਰਾ `ਰਾਜ ਕਰੇਗਾ ਖਾਲਸਾ` ਨਿਸ਼ਚਿਤ ਕਰ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਦੇ ਸਮਕਾਲੀ ਮੁਸਲਮਾਨ ਲੇਖਕ ਮੁਹੰਮਦ ਕਾਸਿਮ ਲਾਹੌਰੀ ਦੇ ਲਿਖਤ `ਇਬਰਤਨਾਮਾ` (ਰਚਿਤ 1722 ਈ:) ਅਨੁਸਾਰ "ਸਿੱਖਾਂ ਤੇ ਮੁਗਲਾਂ ਵਿਚਕਾਰ ਘੋਲ, ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਉਪਰੰਤ ਸ਼ੁਰੂ ਹੋਇਆ ਤੇ ਇਸਨੂੰ ਸ਼ੁਰੂ ਕਰਨ ਵਾਲਾ ਬਾਬਾ ਬੰਦਾ ਸਿੰਘ ਬਹਾਦਰ ਸੀ।" ਇਸ ਪ੍ਰਕਾਰ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੀ ਸਿਆਸਤ ਵਿਚ ਪਹਿਲੀ ਵਾਰ ਸਰਗਰਮ ਧਮਾਕਾ ਛੱਡਿਆ। ਇਸ ਧਮਾਕੇ ਨੂੰ `ਅਜਬ ਬਲਾ` ਕਹਿਣ ਵਾਲੇ ਸਰਕਾਰੀ ਮੁਸਲਮਾਨ ਲੇਖਕ ਇਸ ਗੱਲ ਦੀ ਪ੍ਰੋੜਤਾ ਕਰਦੇ ਹਨ ਕਿ ਪੰਜਾਬ ਦੀ ਸਿਆਸਤ ਵਿਚ ਬੰਦਾ ਸਿੰਘ ਨੇ ਅਜਿਹੀ ਹਲਚਲ ਮਚਾਈ ਕਿ ਮੁਗਲਾਂ ਨੂੰ ਵਿਸ਼ਵਾਸ ਨਹੀਂ ਆ ਸਕਦਾ ਸੀ ਕਿ ਇਸ ਤਰ੍ਹਾਂ ਵੀ ਹੋ ਸਕਦਾ ਹੈ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਆਏ ਤਾਂ ਉਨ੍ਹਾਂ ਕੋਲ 25 ਸਿੰਘਾਂ ਤੋਂ ਇਲਾਵਾ ਨਾ ਤਾਂ ਕੋਈ ਫੌਜ ਸੀ ਤੇ ਨਾ ਹੀ ਸ਼ਸਤਰ, ਨਾ ਕੋਈ ਖਜਾਨਾ ਸੀ ਤੇ ਨਾ ਹੀ ਘੋੜੇ ਹਾਥੀ। ਮੁਸਲਮਾਨ ਲਿਖਾਰੀ ਖਫ਼ੀ ਖਾਨ ਤੇ ਮੁਹੰਮਦ ਕਾਸਮ ਅਨੁਸਾਰ ਛੇਤੀ ਹੀ 4000 ਘੋੜ ਸਵਾਰ ਤੇ 7800 ਸਿਪਾਹੀ ਪੈਦਲ ਉਸ ਨਾਲ ਆ ਰਲੇ। ਮਸ਼ਹੂਰ ਇਤਿਹਾਸਕਾਰ ਗੋਕਲ ਚੰਦ ਨਾਰੰਗ ਅਨੁਸਾਰ ਪੈਦਲ ਸੈਨਿਕਾਂ ਦੀ ਗਿਣਤੀ 8900 ਹੋ ਗਈ ਤੇ ਵੱਧਦੀ ਹੋਈ ਅੰਤ 40,000 ਤੱਕ ਪਹੁੰਚ ਗਈ। ਬਾਬਾ ਬੰਦਾ ਸਿੰਘ ਬਹਾਦਰ ਆਪਣੇ ਸਮੇਂ ਦਾ ਇਕ ਉੱਤਮ ਦਰਜੇ ਦਾ ਸਿੱਖ ਯੋਧਾ ਤੇ ਪਹਿਲਾ ਸਿੱਖ ਹੁਕਮਰਾਨ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆਦੇਸ਼ ਅਨੁਸਾਰ ਸਿੰਘਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਪੰਜਾਬ ਵਿਚ ਜੋ ਇਨਕਲਾਬ ਲਿਆਂਦਾ, ਉਹ ਇਕ ਹੈਰਾਨੀਕੁੰਨ ਇਤਿਹਾਸਕ ਹਕੀਕਤ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਜਦ 1708 ਈ: ਵਿਚ ਪੰਜਾਬ ਅੰਦਰ ਪ੍ਰਵੇਸ਼ ਕੀਤਾ ਤਾਂ ਉਨ੍ਹਾਂ ਦੇ ਸਾਹਮਣੇ ਮੁੱਖ ਉਦੇਸ਼ ਮੁਗਲਾਂ ਦੇ ਰਾਜ ਦੀ ਸਮਾਪਤੀ ਤੇ ਪੰਜਾਬ ਦੀ ਉਸ ਸੁਤੰਤਰਤਾ ਨੂੰ ਬਹਾਲ ਕਰਨਾ ਸੀ ਜੋ ਸੱਤ ਸੌ ਸਾਲ ਪਹਿਲਾਂ ਗਜਨੀ ਦੇ ਤੁਰਕਾਂ ਨੇ ਮਹਿਮੂਦ ਗਜਨਵੀ ਦੇ ਅਧੀਨ ਪੰਜਾਬ ਦੇ ਹਿੰਦੂ ਲੋਕਾਂ ਤੋਂ ਖੋਹੀ ਸੀ।
ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦੀ ਬਣਤਰ ਤੋਂ ਇਸ ਗੱਲ ਦੀ ਪ੍ਰੋੜਤਾ ਹੁੰਦੀ ਹੈ ਕਿ ਬਾਬਾ ਜੀ ਦਾ ਮੰਤਵ ਪੰਜਾਬ ਦੇ ਹਰ ਵਰਗ ਦੇ ਲੋਕਾਂ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਨੂੰ ਇਕ ਪਲੇਟਫਾਰਮ `ਤੇ ਇਕੱਠੇ ਕਰਨਾ ਸੀ। ਸਮਕਾਲੀ ਭਰੋਸੇਯੋਗ ਗਵਾਹੀਆਂ ਤੋਂ ਪਤਾ ਲਗਦਾ ਹੈ ਕਿ ਉਨ੍ਹਾਂ ਦੀ ਫੌਜ ਵਿਚ ਕੇਵਲ ਸਿੱਖ ਹੀ ਨਹੀਂ ਸਨ, ਘੱਟੋ-ਘੱਟ ਪੰਜ ਹਜ਼ਾਰ ਮੁਸਲਮਾਨ ਵੀ ਮੁਗਲਾਂ ਵਿਰੁੱਧ ਲੜਨ ਲਈ ਉਨ੍ਹਾਂ ਦਾ ਸਾਥ ਦੇ ਰਹੇ ਸਨ। ਈਰਾਨ, ਤੁਰਾਕ, ਕਾਬਲ, ਕੰਧਾਰ ਤੇ ਮੁਲਤਾਨ ਦੇ ਹਿੰਦੂ ਵੀ ਹਜ਼ਾਰਾ ਦੀ ਗਿਣਤੀ ਵਿਚ ਨਾਲ ਆ ਰਲੇ। ਉਦਾਸੀ ਸੰਤਾਂ ਤੇ ਮਸੰਦਾਂ ਦੇ ਪ੍ਰਚਾਰ ਸਦਕਾ ਇਹ ਲੋਕ ਕਾਫੀ ਚਿਰ ਤੋਂ ਸਿੱਖ ਧਰਮ ਵਿਚ ਪ੍ਰਵੇਸ਼ ਕਰ ਚੁੱਕੇ ਸਨ। ਪੰਜਾਬ ਵਿਚ ਆ ਕੇ ਇਹ ਅੰਮ੍ਰਿਤ ਛੱਕ ਕੇ ਬਾਬਾ ਬੰਦਾ ਸਿੰਘ ਦੀ ਫੌਜ ਵਿਚ ਸ਼ਾਮਲ ਹੋ ਗਏ।
ਇਨ੍ਹਾਂ ਤੋਂ ਇਲਾਵਾ ਬਾਬਾ ਜੀ ਨੇ ਪਛੜੀਆਂ ਸ਼੍ਰੇਣੀਆਂ ਤੇ ਦਲਿਤ ਜਾਤੀਆਂ ਨੂੰ ਵੀ ਨਾਲ ਰੱਖਿਆ। ਉਨ੍ਹਾਂ ਨੇ ਪ੍ਰਤੀਤ ਕਰ ਲਿਆ ਸੀ ਕਿ ਅੰਮ੍ਰਿਤ ਛਕਣ ਦੇ ਬਾਅਦ ਜਾਤ-ਪਾਤ ਦਾ ਭੇਦ-ਭਾਵ ਮਿਟ ਜਾਂਦਾ ਹੈ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਇਨ੍ਹਾਂ ਦੁਰਬਲ ਤੇ ਨਿਤਾਣੇ ਹੋਏ ਲੋਕਾਂ ਅੰਦਰ ਸਾਹਸ ਪੈਦਾ ਕਰਕੇ ਆਪਣੇ ਨਾਲ ਰਲਾਉਣ ਨਾਲ ਅੰਦੋਲਨ ਦੁਰਬਲ ਹੋਣ ਦੀ ਥਾਂ ਹੋਰ ਮਜ਼ਬੂਤ ਹੁੰਦਾ ਹੈ।
ਖਰਚਾ ਚਲਾਉਣ ਅਤੇ ਧੰਨ ਦੀ ਪੂਰਤੀ ਲਈ ਉਸਨੇ ਉੱਘੇ ਵਪਾਰੀਆਂ ਨੂੰ ਵੰਗਾਰਿਆ। ਸਭ ਨੇ ਖੁਲ ਕੇ ਮਦਦ ਕੀਤੀ। ਆਰਥਿਕ ਲੋੜਾਂ ਦੀ ਪੂਰਤੀ ਹੁੰਦਿਆਂ ਹੀ ਉਨ੍ਹਾਂ ਨੇ ਪੰਜਾਬ `ਤੇ ਹਮਲਾ ਕਰ ਦਿੱਤਾ ਤੇ ਜਿੱਤਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਨਵੰਬਰ 11, 1709 ਈ: ਨੂੰ ਸਮਾਣਾ `ਤੇ ਫਤਹਿ ਪ੍ਰਾਪਤ ਕੀਤੀ। ਇਸ ਤੋਂ ਬਾਅਦ ਸੋਨੀਪਤ, ਕੈਂਥਲ, ਸਮਾਣਾ, ਘੜਾਮ, ਠਸਕਾ, ਸ਼ਾਹਬਾਦ, ਕਪੂਰੀ ਤੇ ਸਢੋਰਾ `ਤੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਦੇ ਆਉਣ ਦਾ ਸੁਣ ਕੇ ਮਾਝੇ ਤੇ ਦੁਆਬੇ ਦੇ ਸਿੱਖਾਂ ਨੇ ਹਕੂਮਤ ਵਿਰੁੱਧ ਬਗਾਵਤ ਕਰ ਦਿੱਤੀ, ਕਿਉਂਕਿ ਸਿੱਖਾਂ ਦੇ ਹੌਸਲੇ ਬਹੁਤ ਬੁਲੰਦ ਹੋ ਚੁੱਕੇ ਸਨ। ਉਹ ਰੋਪੜ ਨੂੰ ਜਿੱਤ ਕੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਆ ਮਿਲੇ। ਹੁਣ ਸਿੱਖ ਆਪਣੇ ਮੁੱਖ ਨਿਸ਼ਾਨੇ ਸਰਹੰਦ `ਤੇ ਜ਼ੋਰਦਾਰ ਹੱਲਾ ਬੋਲਣ ਲਈ ਕਚੀਚੀਆਂ ਲੈਣ ਲੱਗੇ। ਆਖਰ ਉਹ ਘੜੀ ਆ ਗਈ ਜਿਸਦਾ ਉਹ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਸੂਬੇਦਾਰ ਵਜ਼ੀਰ ਖਾਂ ਨੂੰ ਸਬਕ ਸਿਖਾਉਣ ਲਈ ਸਿੱਖਾਂ ਨੇ ਚੱਪੜ-ਚਿੱੜੀ ਦਾ ਮੈਦਾਨ ਆ ਮੱਲਿਆ (ਚੱਪੜ-ਚਿੱੜੀ, ਸਰਹਿੰਦ ਤੋਂ 12 ਕੋਹ ਦੀ ਵਿੱਥ `ਤੇ ਖਰੜ-ਲਾਂਡਰਾ ਸੜਕ `ਤੇ ਸਥਿਤ ਹੈ) ਸੂਬੇਦਾਰ ਵਜ਼ੀਰ ਖਾਂ ਦੀਆਂ ਫੌਜਾਂ ਸਿੱਖਾਂ ਦੇ ਤੂਫਾਨ ਨੂੰ ਰੋਕਣ ਲਈ ਅੱਗੇ ਵਧੀਆਂ। ਸਿੰਘਾਂ ਨੇ ਸਰਹੰਦ `ਤੇ ਹਮਲੇ ਲਈ ਪਹਿਲਾਂ ਹੀ ਜ਼ੋਰਦਾਰ ਤਿਆਰੀਆਂ ਕੀਤੀਆਂ ਹੋਈਆਂ ਸਨ। 12 ਮਈ, 1710 ਈ: ਨੂੰ ਚੱਪੜ ਚਿੱੜੀ ਦੇ ਮੈਦਾਨ ਵਿਚ ਜ਼ੋਰਦਾਰ ਖੂਨ-ਡੋਲ੍ਹਵਾਂ ਮੁਕਾਬਲਾ ਹੋਇਆ। ਇਸ ਭਿਆਨਕ ਲੜਾਈ ਵਿਚ ਵਜ਼ੀਰ ਖਾਂ ਮਾਰਿਆ ਗਿਆ। ਇਸ ਤਰ੍ਹਾਂ ਬੰਦਾ ਬਹਾਦਰ ਨੇ `ਮਾਰ ਵਜੀਦੇ ਖਾਂ ਨੂੰ, ਧਰਤੋਂ ਭਾਰੀ ਪੰਡ ਉਤਾਰੀ` (ਹਰਸਾ ਸਿੰਘ ਚਾਤਰ) ਇਸ ਤਰਾਂ ਵਜ਼ੀਰ ਖਾਂ ਦੇ ਮਰਨ ਨਾਲ ਬਾਕੀ ਮੁਸਲਮਾਨ ਫੌਜਾਂ ਮੈਦਾਨ ਛੱਡ ਕੇ ਦੌੜ ਗਈਆਂ। ਦੋ ਦਿਨਾਂ ਬਾਅਦ ਸਿੱਖ ਫੌਜਾਂ 14 ਮਈ, 1710 ਈ: ਨੂੰ ਸਰਹੰਦ ਵਿਚ ਦਾਖਲ ਹੋਈਆਂ। ਬੰਦਾ ਬਹਾਦਰ ਨੇ ਸਿਤਮਾਂ ਦੀ ਨਗਰੀ ਸਰਹਿੰਦ ਨੂੰ ਇੱਟਾਂ ਦੇ ਢੇਰ ਵਿੱਚ ਬਦਲ ਦਿੱਤਾ। ਵਸਦਾ-ਰਸਦਾ ਸਰਹਿੰਦ ਸ਼ਹਿਰ ਖੰਡਰ ਵਿਚ ਤਬਦੀਲ ਹੋ ਗਿਆ। ਸ਼ਾਹੀ ਅਮੀਰਾਂ ਨੂੰ ਲੁੱਟਿਆ ਗਿਆ ਤੇ ਦੋਸ਼ੀਆਂ ਨੂੰ ਚੁਣ-ਚੁਣ ਕੇ ਮਾਰਿਆ ਗਿਆ। ਵਜ਼ੀਰ ਖਾਂ ਦੇ ਮਹੱਲਾਂ ਵਿਚੋਂ ਬਹੁਤ ਸਾਰਾ ਧਨ ਬਾਬਾ ਬੰਦਾ ਸਿੰਘ ਬਹਾਦਰ ਦੇ ਹੱਥ ਲੱਗਾ। ਸਰਹੰਦ ਦੀ ਜਿੱਤ ਨੇ ਅਹਿਮਦ ਸ਼ਾਹ ਅਬਦਾਲੀ ਦੇ ਇਸ ਕਥਨ ਨੂੰ ਕਿ `ਸਿੱਖਾਂ ਚੋਂ ਹਕੂਮਤ ਦੀ ਬੋ ਆਉਂਦੀ ਹੈ` ਨੂੰ ਸਹੀ ਸਿੱਧ ਕਰ ਦਿਖਾਇਆ।
ਸਰਹੰਦ `ਤੇ ਮੁਕੰਮਲ ਕਬਜ਼ਾ ਕਰਨ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਮਲੇਰ ਕੋਟਲੇ ਵੱਲ ਵੱਧਿਆ। ਪ੍ਰੰਤੂ ਸਾਹਿਬਜ਼ਾਦਿਆਂ ਵੱਲੋਂ ਇਥੋਂ ਦੇ ਨਵਾਬ ਵੱਲੋਂ ਹਾਅ ਦਾ ਨਾਅਰਾ ਮਾਰਨ ਲਈ, ਇਸ ਸ਼ਹਿਰ ਨੂੰ ਕੋਈ ਨੁਕਸਾਨ ਨਾ ਪਹੁੰਚਾਇਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਬਜਾਏ ਮੁਖਲਿਸਗੜ੍ਹ ਨੂੰ ਆਪਣੀ ਰਾਜਧਾਨੀ ਥਾਪਿਆ ਤੇ ਆਪਣੀਆਂ ਅਗਲੀਆਂ ਮੁੰਹਿਮਾਂ ਦਾ ਅਧਾਰ ਕੇਂਦਰ ਬਣਾਇਆ। ਮੁਖਲਿਸਗੜ੍ਹ ਦਾ ਕਿਲ੍ਹਾ ਸ਼ਾਹਜਹਾਨ ਦੀ ਆਗਿਆ ਅਨੁਸਾਰ ਮੁਖਲਿਸ ਖਾਨ ਨੇ ਬਣਵਾਇਆ ਸੀ। ਜਿਸ ਸਮੇਂ ਬੰਦਾ ਬਹਾਦਰ ਨੇ ਇਸ ਕਿਲ੍ਹੇ ਉਤੇ ਕਬਜਾ ਕੀਤਾ ਤਾਂ ਇਹ ਬੜੀ ਟੁੱਟੀ ਭੱਜੀ ਹਾਲਤ ਵਿਚ ਸੀ, ਛੇਤੀ ਹੀ ਇਸਦੀ ਮੁਰੰਮਤ ਕੀਤੀ ਤੇ ਇਸਦਾ ਨਾ ਲੋਹਗੜ੍ਹ ਰੱਖਿਆ ਗਿਆ। ਸਰਹੰਦ ਦਾ ਖਜ਼ਾਨਾ, ਸਾਰੀਆਂ ਮੁੰਹਿਮਾਂ ਵਿਚ ਪ੍ਰਾਪਤ ਹੋਇਆ। ਮਾਲ ਅਸਬਾਬ ਤੇ ਜੰਗੀ ਸਮਾਨ `ਤੇ ਕਬਜ਼ੇ ਹੇਠ ਆਏ ਇਲਾਕਿਆਂ ਤੋਂ ਉਗਰਾਹਿਆ ਹੋਇਆ ਮਾਮਲਾ ਸਭ ਇਥੇ ਇਕੱਠੇ ਕੀਤੇ ਗਏ। ਅਸਲੀ ਅਰਥਾਂ ਵਿਚ ਲੋਹਗੜ੍ਹ ਸਿੰਘਾਂ ਦੇ ਨਵੇਂ ਬਣ ਰਹੇ ਰਾਜ ਦੀ ਰਾਜਧਾਨੀ ਬਣ ਗਿਆ। ਫੌਜੀ ਨਜਰੀਏ ਤੋਂ ਇਸ ਜਗ੍ਹਾ ਦੀ ਚੋਣ ਕਾਫੀ ਬੁਧੀਮਾਨੀ ਵਾਲੀ ਸੀ, ਕਿਉਂਕਿ ਸੁਰੱਖਿਆ ਪੱਖੋਂ ਇਹ ਮੁੱਖ ਮਾਰਗ ਤੋਂ ਹਟ ਕੇ ਨੀਮ ਪਹਾੜੀ ਇਲਾਕੇ ਨਾਲ ਲਗਣ ਕਰਕੇ ਕਾਫੀ ਸੁਰੱਖਿਅਤ ਸੀ। ਬਾਬਾ ਬੰਦਾ ਸਿੰਘ ਬਹਾਦਰ ਹੁਣ ਇਕ ਛੋਟਾ ਜਿਹਾ ਬੇਤਾਜ਼ ਬਾਦਸ਼ਾਹ ਬਣ ਗਿਆ ਸੀ। ਉਸ ਦੇ ਕੋਲ ਸ਼ਰਧਾਲੂ ਸਿੰਘਾਂ ਦੀ ਫੌਜ ਭੀ ਹੋ ਗਈ ਸੀ। ਰਾਜ ਕਾਜ ਲਈ ਰਾਜਧਾਨੀ ਵੀ ਤੇ ਰਹਿਣ ਲਈ ਮਹਿਲ ਭੀ।
ਉਸ ਨੇ ਰਾਜ ਦੀ ਸਦੀਵੀ ਪੱਕੀ ਨਿਸ਼ਾਨੀ ਲਈ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਦੇ ਨਾਂ ਦਾ ਸਿੱਕਾ ਭੀ ਜਾਰੀ ਕਰ ਦਿੱਤਾ, ਜਿਸ `ਤੇ ਫਾਰਸੀ ਦੇ ਹੇਠ ਲਿਖੇ ਸ਼ਬਦ ਉਕਰੇ ਹੋਏ ਸਨ:-
`ਸਿੱਕਾ ਜਦ ਬਰ ਹਰ ਦੋ ਆਲਮ
ਤੇਗਿ ਨਾਨਕ ਵਾਹਿਬ ਅਸਤ`
`ਫਤਹਿ ਗੋਬਿੰਦ ਸਿੰਘ ਸ਼ਾਹਿ-ਸ਼ਾਹਾਨ
ਫ਼ਜਲਿ ਸੱਚਾ ਸਾਹਿਬ ਅਸਤ`
ਜਿਸਦਾ ਅਰਥ ਹੈ:-
ਸਿੱਕਾ ਮਾਰਿਆ ਦੋ ਜਹਾਨ ਉੱਤੇ,
ਬਖਸ਼ਾਂ ਬਖਸ਼ੀਆਂ ਨਾਨਕ ਦੀ ਤੇਗ ਨੇ ਜੀ।
ਫਤਹਿ ਸ਼ਾਹਿ ਸ਼ਾਹਾਨ ਗੋਬਿੰਦ ਸਿੰਘ ਦੀ,
ਮਿਹਰਾਂ ਕੀਤੀਆਂ ਸੱਚੇ ਰੱਬ ਏਕ ਨੇ ਜੀ।
ਬਾਦਸ਼ਾਹੀ ਸਿੱਕਿਆਂ ਦੀ ਤਰ੍ਹਾਂ ਇਸ ਦੇ ਪਿਛਲੇ ਪਾਸੇ ਰਾਜਧਾਨੀ ਦੀ ਉਸਤਿਤ ਦੇ ਇਹ ਸ਼ਬਦ ਸਨ:-
ਜਰਬ ਬ-ਅਮਾਨੁ-ਦਹਿਰ, ਮੁੱਸਵਰਤ ਸ਼ਹਿਰ, ਜੀਨਤੁ-ਤਖਤੁ, ਮੁਬਾਰਕ ਬਖਤ।
ਅਰਥਤਾਰ ਜਾਰੀ ਹੋਇਆ ਸੰਸਾਰ ਦੇ ਸ਼ਾਂਤੀ ਅਸਥਾਨ, ਸ਼ਹਿਰਾਂ ਦੀ ਮੂਰਤਿ, ਧੰਨਭਾਗੀ ਰਾਜਧਾਨੀ ਤੋਂ।
ਬਾਬਾ ਬੰਦਾ ਸਿੰਘ ਬਹਾਦਰ ਨੇ ਸ੍ਰਦਾਰੀ ਦਸਤਾਵੇਜ, ਸਨਦਾ, ਪ੍ਰਵਾਨਿਆਂ ਆਦਿ ਲਈ ਮੋਹਰ ਬਨਵਾਈ, ਜਿਥੇ ਕਿਥੇ ਮੋਹਰ ਲੱਗੀ, ਮੋਹਰ ਦੇ ਸ਼ਬਦ ਇਹ ਸਨ:-
ਦੇਗੋ ਤੇਗੋ ਫ਼ਤਹਿ ਓ ਨੁਸਰਤਿ ਬੇ-ਦਿਰੰਗ
ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ
ਅਰਥਾਤ ਦੇਗ ਤੇਗ ਜਿਤ ਸੇਵ ਨਿਰਾਲਮ, ਗੁਰੂ ਨਾਨਕ-ਗੋਬਿੰਦ ਸਿੰਘ ਤੋਂ ਪਾਈ।
(ਦੇਖੋ ਪੁਸਤਕ `ਬੰਦਾ ਸਿੰਘ ਬਹਾਦਰ` ਰਚਨਾ ਡਾ. ਗੰਡਾ ਸਿੰਘ, ਪੰਨਾ 59-60)
ਉਹ ਰਾਜ ਦੀ ਪ੍ਰਾਪਤੀ ਵਾਹਿਗੁਰੂ ਦੀ ਮਿਹਰ ਨਾਲ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੀ ਬਖਸ਼ਿਸ ਮੰਨਦਾ ਹੈ ਤੇ ਆਪ ਦੇਗ ਤੇ ਤੇਗ਼ ਰਾਹੀਂ ਕੇਵਲ ਸੇਵਾਦਾਰ ਹੈ। ਉਸ ਲਈ ਬਖਸ਼ਸ਼ ਗੁਰੂ ਨਾਨਕ ਦੀ ਹੈ। ਫਤਹਿ ਗੁਰੂ ਗੋਬਿੰਦ ਦੀ ਤੇ ਪਾਤਸ਼ਾਹੀ ਅਕਾਲ ਪੁਰਖ ਦੀ ਹੈ।
ਜਿੱਤਾਂ ਦਾ ਸਿਲਸਿਲਾ ਜਾਰੀ ਰੱਖਦਿਆਂ ਬੰਦਾ ਬਹਾਦਰ ਨੇ ਜੁਲਾਈ 1710 ਵਿਚ ਗੰਗਾ ਤੇ ਜਮਨਾ ਦੇ ਮੈਦਾਨੀ ਇਲਾਕਿਆਂ `ਤੇ ਕਬਜਾ ਕਰ ਲਿਆ। ਮਾਝੇ ਤੇ ਦੁਆਬੇ ਦੇ ਸਿੱਖ ਉਠ ਖੜੇ ਹੋਏ। ਅਕਤੂਬਰ 1710 ਤੱਕ ਕਿਲ੍ਹਾ ਭਗਵੰਤ ਰਾਏ ਤੇ ਭੀਲੋਵਾਲ ਭੀ ਸਿੱਖ ਫੌਜਾਂ ਦੇ ਕਬਜ਼ੇ ਵਿਚ ਆ ਗਏ। ਸਿੱਖਾਂ ਦੀ ਚੜ੍ਹਤ ਨੇ ਹਿੰਦੋਸਤਾਨ ਦੇ ਬਾਦਸ਼ਾਹ ਬਹਾਦਰ ਸ਼ਾਹ ਨੂੰ ਭੈ ਭੀਤ ਕਰ ਦਿੱਤਾ। ਉਸ ਨੇ ਸਿੱਖਾਂ ਕੋਲੋਂ ਜਿਤਿਆ ਹੋਇਆ ਇਲਾਕਾ ਲੈਣ ਲਈ ਆਪ ਪੰਜਾਬ ਵਲ ਕੂਚ ਕੀਤਾ। ਹਾਲਾਤ ਅਨੁਸਾਰ ਸਿੱਖਾਂ ਨੂੰ ਪਿਛੇ ਹਟਣਾ ਪਿਆ ਤੇ ਉਹ ਪਹਾੜਾਂ ਵੱਲ ਨਿਕਲ ਗਿਆ। ਇਸੇ ਦੌਰਾਨ ਪੰਥ ਦੋਖੀ ਪਹਾੜੀ ਰਾਜੇ ਭੀਮ ਚੰਦ ਨੂੰ ਜਾ ਸੋਧਿਆ। 18 ਫਰਵਰੀ 1712 ਨੂੰ ਬਹਾਦਰ ਸ਼ਾਹ ਦੀ ਮੌਤ ਹੋ ਗਈ। ਦਿੱਲੀ ਦਾ ਬਾਦਸ਼ਾਹ ਫਰੁਖਸੀਅਰ ਇਕ ਕਮਜ਼ੋਰ ਬਾਦਸ਼ਾਹ ਸੀ, ਇਸ ਮੌਕੇ ਤੇ ਲਾਭ ਉਠਾਇਆ ਬੰਦਾ ਸਿੰਘ ਨੇ ਮੁੜ ਆਪਣੀ ਤਾਕਤ ਨੂੰ ਸੰਗਠਿਤ ਕੀਤਾ ਤੇ ਕਈ ਇਲਾਕਿਆਂ `ਤੇ ਕਬਜ਼ਾ ਕਰ ਲਿਆ। 1712 ਈ: ਨੂੰ ਸਰਹਿੰਦ ਤੇ ਲੋਹਗੜ੍ਹ ਫਿਰ ਜਿੱਤ ਲਏ। ਬਟਾਲਾ ਤੇ ਕਲਾਨੌਰ ਨੂੰ ਜਿੱਤ ਕੇ ਸਮਸ਼ ਖਾਨ ਨੂੰ ਮਾਰ ਮੁਕਾਇਆ ਅੰਤ ਗੁਰਦਾਸ ਨੰਗਲ ਦੀ ਕੱਚੀ ਗੜ੍ਹੀ ਵਿਚ ਬੰਦਾ ਸਿੰਘ ਤੇ ਕਈ ਹੋਰ ਸਿੰਘ ਮੁਗਲ ਫੌਜ ਦੇ ਘੇਰੇ ਵਿਚ ਆ ਗਏ। ਇਹ ਘੇਰਾ ਲੰਬਾ ਸਮਾਂ ਭਾਵ ਅੱਠ ਮਹੀਨੇ ਜਾਰੀ ਰਿਹਾ। ਘੇਰਾ ਲੰਬਾ ਹੋਣ ਕਾਰਣ ਰਾਸ਼ਨ ਦੀ ਕਮੀ ਹੋਣ ਲਗੀ। ਸਿਪਾਹੀ ਭੁੱਖ ਤੇ ਪਿਆਸ ਨਾਲ ਮਰਨ ਲੱਗੇ। ਉਝ ਤਾਂ ਸਾਰਾ ਇਤਿਹਾਸ ਹੀ ਸ਼ਹੀਦੀਆਂ ਨਾਲ ਭਰਿਆ ਪਿਆ ਹੈ ਪਰ ਬੰਦੇ ਦੀ ਸ਼ਹੀਦੀ ਸਿੱਖ ਇਤਿਹਾਸ ਵਿਚ ਹੀ ਨਹੀਂ ਸਗੋਂ ਸੰਸਾਰ ਦੇ ਸਮੁੱਚੇ ਇਤਿਹਾਸ ਵਿਚ ਹੀ ਲੂੰ-ਕੰਡੇ ਖੜੇ ਕਰਨ ਵਾਲੀ ਸ਼ਹੀਦੀ ਹੈ। ਬੰਦਾ ਬਹਾਦਰ ਨੂੰ 800 ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਫਿਰ ਪਿੰਜਰੇ ਵਿਚ ਬੰਦ ਕਰਕੇ ਦਿੱਲੀ ਲਿਜਾਇਆ ਗਿਆ 15 ਮਾਰਚ 1716 ਨੂੰ ਸਿੱਖ ਕੈਦੀਆ ਦਾ ਕਤਲੇਆਮ ਸ਼ੁਰੂ ਹੋਇਆ ਤਕਰੀਬਨ 100 ਸਿੱਖ ਨੂੰ ਰੋਜ ਕਤਲ ਕੀਤਾ ਜਾਂਦਾ, ਸਿੱਖ ਅਜਿਤ ਭਾਵਨਾ ਨਾਲ ਮੌਤ ਨੂੰ ਜੀ ਆਇਆ ਕਹਿੰਦੇ, ਖਿੜੇ ਚਿਹਰੇ ਨਾਲ ਜਲਾਦ ਨੂੰ ਸੀਸ ਭੇਂਟ ਕਰਦੇ। ਤਕਰੀਬਨ ਤਿੰਨ ਮਹੀਨੇ ਬਾਅਦ 9 ਜੂਨ 1716 ਈ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੇ ਉਨ੍ਹਾਂ ਦੇ ਸਾਥੀਆਂ ਨੂੰ ਕਿਲੇ ਤੋਂ ਬਾਹਰ ਲਿਆਂਦਾ ਗਿਆ ਤੇ ਜਲੂਸ ਦੀ ਸ਼ਕਲ ਵਿਚ ਕੁਤਬ ਮੀਨਾਰ ਦੇ ਨੇੜੇ ਖਵਾਜਾ ਕੁਤਬਦੀਨ ਬਖਤਿਆਰ ਕਾਕੀ ਦੇ ਰੋਜੇ ਪਾਸ ਪਹੁੰਚਾਇਆ ਗਿਆ। ਬਹੁਤ ਸਾਰੇ ਚਸ਼ਮਦੀਦ ਗਵਾਹਾਂ ਅਨੁਸਾਰ ਬੰਦੇ ਦੀ ਸ਼ਹਾਦਤ ਇਸ ਤਰ੍ਹਾਂ ਹੋਈ: ਬੰਦਾ ਸਿੰਘ ਬਹਾਦਰ ਨੂੰ ਸ਼ਹੀਦੀ ਜ਼ਾਮ ਪਿਲਾਉਣ ਤੋਂ ਪਹਿਲਾਂ ਉਸਦੇ ਪੁੱਤਰ ਅਜੈ ਸਿੰਘ ਨੂੰ ਕਤਲ ਕਰਕੇ ਉਸ ਦਾ ਧੜਕਦਾ ਦਿਲ ਉਸ ਦੇ ਮੂੰਹ ਵਿਚ ਤੁੰਨਿਆ ਗਿਆ। ਫਿਰ ਜਲਾਦ ਨੇ ਉਨ੍ਹਾਂ ਦੀਆਂ ਅੱਖਾਂ ਕੱਢੀਆਂ, ਹੱਥ ਪੈਰ ਕੱਟੇ ਗਏ, ਲਾਲ ਭਖਦੇ ਜੰਬੂਰਾਂ ਨਾਲ ਸ਼ਰੀਰ ਤੋਂ ਮਾਸ ਨੋਚਿਆ ਗਿਆ ਅਤੇ ਅੰਤ ਵਿੱਚ ਸਿਰ ਤੇ ਧੜ ਨੂੰ ਅਲੱਗ ਕਰਕੇ ਟੁਕੜੇ-ਟੁਕੜੇ ਕਰ ਦਿੱਤੇ ਗਏ। ਜਿਥੇ ਉਹ ਸਿੱਖਾਂ ਦਾ ਮਹਾਨ ਹੁਕਮਰਾਨ ਸੀ ਉਥੇ ਉਹ ਸਿੱਖਾਂ ਦਾ `ਸ਼੍ਰੋਮਣੀ ਸ਼ਹੀਦ` ਵੀ ਹੋ ਨਿਬੜਿਆ।
ਬਾਬਾ ਬੰਦਾ ਸਿੰਘ ਬਹਾਦਰ ਦੀ ਪੰਜਾਬ ਤੇ ਖਾਸ ਕਰ ਸਿੱਖਾਂ ਨੂੰ ਬਹੁਤ ਵੱਡੀ ਦੇਣ ਹੈ। ਉਸਦਾ ਪਹਿਲਾ ਕੰਮ ਸਿਰਲੱਥ ਖਾਲਸਾ ਨੂੰ ਸੰਗਠਿਤ ਕਰਕੇ ਅਜ਼ਾਦ ਲੋਕ ਰਾਜ ਦੀ ਸਥਾਪਨਾ ਕੀਤੀ। ਫੌਜੀ ਜਰਨੈਲ ਦੇ ਤੌਰ `ਤੇ ਬੰਦਾ ਬਹਾਦਰ ਦਾ ਕੋਈ ਵੀ ਟਾਕਰਾ ਨਹੀਂ ਸੀ। ਇਹ ਪਹਿਲੀ ਵਾਰ ਸੀ ਕਿ ਬੰਦਾ ਬਹਾਦਰ ਦੀ ਰਹਿਨੁਮਾਈ ਹੇਠ ਪੰਜਾਬ ਦੇ ਦਬੇ ਕੁਚਲੇ ਲੋਕਾਂ ਨੇ ਅਜ਼ਾਦੀ ਦਾ ਅਨੰਦ ਮਾਣਿਆ। ਉਸਨੇ ਹਮੇਸ਼ਾ ਲਈ ਸਿੱਖ ਕੌਮ ਅੰਦਰ ਅਜ਼ਾਦੀ ਦੀ ਚਿਣਗ ਲਾ ਦਿੱਤੀ ਜੋ ਕਿ ਪਿੱਛੋਂ ਜਾ ਕੇ ਰਾਜਾਂ ਦੀ ਪ੍ਰਾਪਤੀ ਲਈ ਸੰਘਰਸ਼ ਦਾ ਕਾਰਣ ਬਣੀ।
-
ਦਿਲਜੀਤ ਸਿੰਘ ਬੇਦੀ, Writer
dsbedisgpc@gmail.com
000999000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.