“ਪੰਥ ਵਸੈ ਮੈਂ ਉਜੜਾਂ” ਦੀ ਮਨਸ਼ਾ ਵਾਲੀ
ਸਾਦ ਮੁਰਾਦੀ ਸਖ਼ਸ਼ੀਅਤ ਪੰਥ ਰਤਨ ਮਾਸਟਰ ਤਾਰਾ ਸਿੰਘ
ਦਿਲਜੀਤ ਸਿੰਘ ਬੇਦੀ
ਪੰਥ ਰਤਨ ਮਾਸਟਰ ਤਾਰਾ ਸਿੰਘ ਦੀ ਸਾਦਮੁਰਾਦੀ ਸ਼ਖਸੀਅਤ ਨੂੰ ਤਕਰੀਬਨ 40 ਵਰ੍ਹੇ ਸਿੱਖ ਤਵਾਰੀਖ ਦੇ ਆਪਣੇ ਇਰਦ-ਗਿਰਦ ਕੇਂਦਰਤ ਰੱਖਣ ਦਾ ਮਾਣ ਹਾਸਲ ਹੈ। 1926 ਤੋਂ 1966 ਤੱਕ 40 ਸਾਲ ਪੰਜਾਬ ਦੀ ਤਵਾਰੀਖ ਮਾਸਟਰ ਤਾਰਾ ਸਿੰਘ ਦੀ ਕਹਾਣੀ ਹੈ। ਮਾਸਟਰ ਤਾਰਾ ਸਿੰਘ ਨੇ ਬਖਸ਼ੀ ਗੋਪੀ ਚੰਦ ਮਲਹੋਤਰਾ ਦੇ ਘਰ ਮਾਤਾ ਮੂਲਾਂ ਦੇਵੀ ਜੀ ਦੀ ਕੁੱਖੋਂ ਪਿੰਡ ਹਰਿਆਲ ਜ਼ਿਲ੍ਹਾਂ ਰਾਵਲਪਿੰਡੀ (ਪਾਕਿਸਤਾਨ) ਵਿਚ 24 ਜੂਨ 1885 ਨੂੰ ਜਨਮ ਲਿਆ। ਪਰਵਾਰ ਭਾਵੇਂ ਹਿੰਦੂ ਧਰਮ ਨਾਲ ਸਬੰਧ ਰੱਖਦਾ ਸੀ ਪਰ ਉਨ੍ਹਾਂ ਦਾ ਰੁਝਾਨ ਸਿੱਖ ਧਰਮ ਵੱਲ ਹੀ ਰਿਹਾ। ਮਾਸਟਰ ਤਾਰਾ ਸਿੰਘ ਦਾ ਬਚਪਨ ਦਾ ਨਾਮ ਨਾਨਕ ਚੰਦ ਸੀ। ਸਕੂਲ ਦੌਰਾਨ ਹੀ ਉਨ੍ਹਾਂ ਭਾਈ ਰਤਨ ਸਿੰਘ ਭੰਗੂ ਦੀ ਕਿਤਾਬ ਪ੍ਰਾਚੀਨ ਪੰਥ ਪ੍ਰਕਾਸ਼ ਪੜ੍ਹੀ ਤੇ ਉਨ੍ਹਾਂ `ਤੇ ਸਿੱਖ ਤਵਾਰੀਖ ਦਾ ਬੜਾ ਅਸਰ ਹੋਇਆ। ਰਾਵਲਪਿੰਡੀ ਵਿਖੇ ਬਾਬਾ ਅਤਰ ਸਿੰਘ ਮਸਤੂਆਣਾ ਵਾਲੇ ਧਰਮ ਪ੍ਰਚਾਰ ਕਰ ਰਹੇ ਹਨ। ਨਾਨਕ ਚੰਦ (ਮਾਸਟਰ ਤਾਰਾ ਸਿੰਘ) ਕੁਝ ਨੌਜਵਾਨਾ ਨਾਲ ਉਨ੍ਹਾਂ ਨੂੰ ਸੁਣਨ ਵਾਸਤੇ ਗਏ ਤਾਂ ਉਨ੍ਹਾਂ ਦੇ ਵਿਚਾਰਾਂ ਦੇ ਪ੍ਰਵਾਹ ਨੇ ਮਨ ਤੇ ਐਸਾ ਪ੍ਰਭਾਵ ਪਾਇਆ ਕਿ ਉਹ ਅੰਮ੍ਰਿਤ ਛਕ ਕੇ ਹੀ ਘਰ ਪਰਤੇ। ਜਦ ਨਾਨਕ ਚੰਦ ਤੋਂ ਤਾਰਾ ਸਿੰਘ ਬਣ ਕੇ ਸਿਰ `ਤੇ ਦਸਤਾਰ ਸਜਾਈ, ਗਲ `ਚ ਕਿਰਪਾਨ ਪਾਈ ਘਰ ਪਰਤੇ ਤਾਂ ਘਰ ਦੇ ਜੀਅ ਨਰਾਜ਼ ਹੋਏ। ਪਰ ਉਨ੍ਹਾਂ ਨੇ ਇਸ ਨਰਾਜਗੀ ਨੂੰ ਅੱਖੋਂ-ਪਰੋਖੇ ਹੀ ਰੱਖਿਆ॥ ਖਾਲਸਾ ਕਾਲਜ ਪੜ੍ਹਾਈ ਦੌਰਾਨ ਹੀ 1907 ਵਿਚ ਮਾਸਟਰ ਤਾਰਾ ਸਿੰਘ ਵਿਦਿਆਰਥੀ ਜਥੇਬੰਦੀ ਦੇ ਪ੍ਰਧਾਨ ਬਣੇ ਅਤੇ ਬੀ.ਏ. ਇਸੇ ਸਾਲ ਗੋਲਡ ਮੈਡਲ ਨਾਲ ਪਾਸ ਕੀਤੀ।ਛੇਤੀ ਹੀ ਬਾਅਦ ਮਾਸਟਰ ਤਾਰਾ ਸਿੰਘ ਸਿਆਸੀ ਆਗੂਆਂ ਦੇ ਬਹੁਤ ਹੀ ਨੇੜੇ ਆ ਗਏ। ਸ: ਹਰਚੰਦ ਸਿੰਘ ਲਾਇਲਪੁਰੀ, ਮਾਸਟਰ ਸੁੰਦਰ ਸਿੰਘ, ਸ: ਤੇਜਾ ਸਿੰਘ ਦੇ ਚੰਗੇ ਦੋਸਤ ਬਣ ਗਏ। ਉਹ ਲਾਇਲਪੁਰ ਸਕੂਲ ਚੱਕ ਨੰ 41 ਦੇ ਮੁੱਖ ਅਧਿਆਪਕ ਲੱਗ ਗਏ। ਉਨ੍ਹਾਂ ਦਿਨਾਂ ਵਿਚ ਹੀ ਗੁਰਦੁਆਰਾ ਸੁਧਾਰ ਲਹਿਰ ਚਾਲੂ ਹੋ ਗਈ। 21 ਮਈ 1920 ਦੇ ਦਿਨ ਲਾਹੌਰ ਤੋਂ ਪੰਜਾਬੀ ਵਿਚ ਰੋਜ਼ਾਨਾ `ਅਕਾਲੀ` ਅਖ਼ਬਾਰ ਛਪਣੀ ਸ਼ੁਰੂ ਹੋ ਗਈ। ਇਸ ਅਖ਼ਬਾਰ ਨੇ ਸਾਰੇ ਪੰਥ-ਪ੍ਰੇਮੀਆਂ ਨੂੰ ਨੜੇ-ਤੇੜੇ ਲੈ ਆਂਦਾ। ਅਖ਼ਬਾਰ ਵਿਚ ਗੁਰਦੁਆਰਿਆਂ ਦੀ ਹਾਲਤ ਅਤੇ ਸਿੱਖ ਸਿਆਸਤ ਬਾਰੇ ਇਹ ਹੋਰ ਲਹਿਰ ਵਜੋਂ ਸਮੱਗਰੀ ਛਪਣੀ ਸ਼ੁਰੂ ਹੋਈ ਜਿਸ ਕਰਕੇ ਸਿੱਖਾਂ ਵਿਚ ਜਾਗਰੂਕਤਾ ਆਈ ਅਤੇ ਗੁਰਦੁਆਰਾ ਲਹਿਰ ਤੇਜੀ ਨਾਲ ਜ਼ੋਰ ਫੜ ਗਈ।
ਮਾਸਟਰ ਜੀ ਨੇ ਬੜੇ ਬੇਲਾਗ ਢੰਗ ਨਾਲ ਲੀਡਰੀ ਕੀਤੀ ਅਤੇ ਹਰ ਪ੍ਰਕਾਰ ਦੇ ਮੋਹ ਤੋਂ ਬਚੇ ਰਹੇ। ਆਪ ਦਾ ਸਿਆਸੀ ਜੀਵਨ ਬੇਦਾਗ, ਆਤਮ-ਉੱਤਸਰਗੀ ਵਾਲਾ ਹੈ। ਆਪ ਨੇ ਸਿੱਖ ਕੌਮ ਦੇ ਹਿੱਤਾਂ ਲਈ ਜੋ ਸੰਘਰਸ਼ ਕੀਤਾ ਅਤੇ ਉਨ੍ਹਾਂ ਕਰਕੇ ਆਪ ਨੂੰ ਜੋ ਔਕੜਾਂ ਸਹਿਣੀਆਂ ਪਈਆਂ। ਉਨ੍ਹਾਂ ਲਈ ਸਿੱਖ ਜਗਤ ਵਿਚ ਆਪ ਦੀ ਬੜੀ ਕੱਦਰ ਅਤੇ ਇਜ਼ਤ ਹੈ। ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਆਪ ਵਿਦੇਸ਼ਾਂ ਵਿਚ ਵੀ ਗਏ।
ਆਪ ਨੇ ਆਪਣੇ ਵਿਚਾਰਾਂ ਨੂੰ ਪ੍ਰਗਟਾਉਣ ਲਈ ਸਾਹਿਤ ਦੀ ਰਚਨਾ ਵੀ ਕੀਤੀ। ਕੁਝ ਟ੍ਰੈਕਟਾਂ ਤੋਂ ਇਲਾਵਾ ਆਪ ਨੇ ‘ਪ੍ਰੇਮ ਲਗਨ` ਅਤੇ `ਬਾਬਾ ਤੇਗਾ ਸਿੰਘ’ ਨਾਂ ਦੇ ਦੋ ਨਾਵਲ ਲਿਖੇ। ਇਨ੍ਹਾਂ ਤੋਂ ਇਲਾਵਾ ਆਪ ਦੇ ਰਚੇ ਤਿੰਨ ਲੇਖ ਸੰਗ੍ਰਹਿ, ਇਕ ਸਫ਼ਰਨਾਮਾ ਅਤੇ ਸਵੈ-ਜੀਵਨੀ ਵੀ ਉਪਲਬਧ ਹਨ। ਆਪ ਨੇ ਸੱਚਾ ਢੰਡੋਰਾ’ (ਸੰਨ 1909) ਈ ) ਅਤੇ ‘ਪਰਦੇਸੀ ਖ਼ਾਲਸਾ’ ਨਾਂ ਦੇ ਸਪਤਾਹਿਕ ਰਸਾਲੇ ਸ਼ੁਰੂ ਕੀਤੇ ਜੋ ਬਾਦ ਵਿਚ `ਅਕਾਲੀ` ਅਖ਼ਬਾਰ ਦੇ ਰੂਪ ਵਿਚ ਬਦਲ ਗਏ। ਸੰਨ 1961 ਈ. ਵਿਚ ਆਪ ਨੇ ` ਜੱਥੇਦਾਰ ਨਾਮ ਦਾ ਅਖਬਾਰ ਛਾਪਣਾ ਸ਼ੁਰੂ ਕੀਤਾ। ਉਰਦੂ ਵਿਚ ਪ੍ਰਭਾਤ ਨਾ ਦਾ ਅਖ਼ਬਾਰ ਕੱਢ ਕੇ ਆਪ ਨੇ ਪੰਥਕ ਹਿਤਾਂ ਲਈ ਖੂਬ ਪ੍ਰਚਾਰ ਕੀਤਾ। ਸੰਨ 1949 ਈ. ਵਿਚ ਆਪ ਵਲੋਂ ਸ਼ੁਰੂ ਕੀਤਾ ਸੰਤ ਸਿਪਾਹੀ ਮਾਸਿਕ ਰਸਾਲਾ ਉਨ੍ਹਾਂ ਦੀ ਸਪੁੱਤਰੀ ਡਾ. ਰਾਜਿੰਦਰ ਕੌਰ ਵਲੋਂ ਲੰਮਾ ਸਮਾਂ ਕੱਢਿਆ ਜਾਂਦਾ ਰਿਹਾ ਉਨ੍ਹਾਂ ਤੋਂ ਬਾਅਦ ਵੀ ਇਹ ਕਈ ਸਾਲ ਨਿਕਲਦਾ ਰਿਹਾ ਫਿਰ ਇਹ ਛਪਦਾ ਛਪਦਾ ਬੰਦ ਹੋ ਗਿਆ। 12 ਅਕਤੂਬਰ, 1920 ਦੇ ਦਿਨ ਅਖੌਤੀ ਪਛੜੀਆਂ ਜਾਤੀਆਂ ਦੇ ਸਿੱਖਾਂ ਵਲੋਂ ਸ੍ਰੀ ਦਰਬਾਰ ਸਾਹਿਬ `ਤੇ ਕੜਾਹ ਪ੍ਰਸਾਦਿ ਭੇਂਟ ਕਰਨ `ਤੇ ਮਹੰਤ ਵਲੋਂ ਇਨਕਾਰ ਕੀਤੇ ਜਾਣ ਦੇ ਰੋਸ ਵਜੋਂ ਇਹ ਲਹਿਰ ਭਾਂਬੜ ਬਣ ਗਈ। 15 ਨਵੰਬਰ 1920 ਨੂੰ ਸ਼੍ਰੋਮਣੀ ਕਮੇਟੀ ਨਾਮ ਦੀ ਜਥੇਬੰਦੀ ਕਾਇਮ ਹੋਈ। ਇਸ ਦੀ 175 ਮੈਂਬਰੀ ਕਮੇਟੀ ਵਿਚ ਮਾਸਟਰ ਤਾਰਾ ਸਿੰਘ ਦਾ ਨਾਮ ਵੀ ਸ਼ਾਮਲ ਸੀ। 14 ਦਸੰਬਰ, 1920 ਨੂੰ ਸ਼੍ਰੋਮਣੀ ਅਕਾਲੀ ਦਲ ਕਾਇਮ ਹੋ ਗਿਆ। ਇਸ ਦੀ ਪਹਿਲੀ ਬੈਠਕ 24 ਜਨਵਰੀ, 1921 ਦੇ ਦਿਨ ਹੋਈ।ਸ੍ਰੀ ਸਰਮੁਖ ਸਿੰਘ ਝਬਾਲ ਇਸ ਦੇ ਜਥੇਦਾਰ ਚੁਣੇ ਗਏ। ਇਸ ਤਰ੍ਹਾਂ ਦੋਹਾਂ ਜਥੇਬੰਦੀਆਂ ਨੇ ਰਲ ਕੇ ਗੁਰਦੁਆਰਿਆਂ ਦੀ ਆਜ਼ਾਦੀ ਵਾਸਤੇ ਜੱਦੋ ਜਹਿਦ ਜ਼ੋਰ-ਸ਼ੋਰ ਨਾਲ ਸ਼ੁਰੂ ਕਰ ਦਿੱਤੀ। 20 ਫਰਵਰੀ 1921 ਨੂੰ 200 ਦੇ ਕਰੀਬ ਸਿੱਖਾਂ ਦਾ ਇਕ ਜਥਾ ਗੁਰਦੁਆਰਾ ਸੀ ਨਨਕਾਣਾ ਸਾਹਿਬ ਵਿਖੇ ਗਿਆ ਤਾਂ ਉਥੇ ਮਹੰਤਾਂ ਨੇ 130 ਤੋਂ ਵੱਧ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਸੀ। 7 ਨਵੰਬਰ, 1921 ਨੂੰ ਜਦੋਂ ਅੰਗਰੇਜ਼ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਦੇ ਤੋਸ਼ੇਖਾਨੇ ਦੀਆਂ ਚਾਬੀਆਂ ਸ਼੍ਰੋਮਣੀ ਕਮੇਟੀ ਤੋਂ ਖੋਹ ਲਈਆਂ ਤਾਂ ਸਿੱਖਾਂ ਨੇ ਇਸ ਦੇ ਖਿਲਾਫ ਮੋਰਚਾ ਲਗਾ ਦਿੱਤਾ। ਇਸ ਸਮੇਂ ਹੋਰ ਆਗੂਆਂ ਨਾਲ ਮਾਸਟਰ ਤਾਰਾ ਸਿੰਘ ਵੀ ਗਿਰਫਤਾਰ ਕਰ ਲਏ ਗਏ। 12 ਅਕਤੂਬਰ 1923 ਨੂੰ ਅੰਗਰੇਜ਼ ਸਰਕਾਰ ਨੇ ਦੋਹਾਂ ਜੰਥੇਬੰਦੀਆਂ ਨੂੰ ਗੈਰ ਕਾਨੂੰਨੀ ਕਰਾਰ ਦੇ ਦਿੱਤਾ, ਪਰ ਅਕਾਲੀ ਲਹਿਰ 1925 ਤੱਕ ਉਵੇਂ ਹੀ ਚਲਦੀ ਰਹੀ। ਗੁਰਦੁਆਰਾ ਐਕਟ ਪਾਸ ਹੋਣ ਤੋਂ ਬਾਅਦ ਜਨਵਰੀ 1926 ਵਿਚ ਸਰਕਾਰ ਨੇ ਕੁਝ ਅਕਾਲੀ ਆਗੂ ਇਸ ਸ਼ਰਤ ਤੇ ਰਿਹਾਅ ਕਰ ਦਿੱਤੇ ਕਿ ਉਹ ਗੁਰਦੁਆਰਾ ਐਕਟ ਅਨੁਸਾਰ ਚੱਲਣਗੇ। ਪਰ ਮਾਸਟਰ ਤਾਰਾ ਸਿੰਘ ਇਹ ਸ਼ਰਤ ਮੰਨਕੇ ਰਿਹਾਅ ਹੋਣ ਲਈ ਤਿਆਰ ਨਹੀਂ ਸਨ। ਮਾਸਟਰ ਤਾਰਾ ਸਿੰਘ ਦੇ ਨਾਲ ਖੜ੍ਹੇ ਰਹਿਣ ਵਾਲੇ ਆਗੂ ਜਥੇਦਾਰ ਤੇਜਾ ਸਿੰਘ ਸਮੁੰਦਰੀ 17 ਜੁਲਾਈ, 1926 ਦੇ ਦਿਨ ਚੜ੍ਹਾਈ ਕਰ ਗਏ ਉਨ੍ਹਾਂ ਤੋ ਬਾਅਦ ਇਸ ਗਰੁੱਪ ਨੇ ਮਾਸਟਰ ਤਾਰਾ ਸਿੰਘ ਨੂੰ ਅਪਾਣਾ ਆਗੂ ਚੁਣ ਲਿਆ। ਸਤੰਬਰ 1926 ਨੂੰ ਬਾਕੀ ਆਗੂਆਂ ਨੂੰ ਵੀ ਮਾਸਟਰ ਤਾਰਾ ਸਿੰਘ ਨਾਲ ਰਿਹਾਅ ਕਰ ਦਿੱਤਾ ਗਿਆ। ਇਸ ਉਪਰੰਤ ਅਕਾਲੀ ਸਿਆਸਤ ਮਾਸਟਰ ਤਾਰਾ ਸਿੰਘ ਦੇ ਦੁਆਲੇ ਹੀ ਘੁੰਮਦੀ ਰਹੀ।
2 ਅਕਤੂਬਰ 1926 ਨੂੰ ਸੈਂਟਰਲ ਬੋਰਡ ਦੀ ਇਕੱਤਰਤਾ ਹੋਈ ਜਿਸ ਵਿਚ ਬਾਬਾ ਖੜਕ ਸਿੰਘ ਪ੍ਰਧਾਨ ਤੇ ਮਾਸਟਰ ਤਾਰਾ ਸਿੰਘ ਮੀਤ ਪ੍ਰਧਾਨ ਬਣੇ। ਇਸੇ ਦਿਨ ਹੀ ਬੋਰਡ ਦਾ ਨਾਮ ਬਦਲ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੱਖ ਲਿਆ ਗਿਆ । 1927 ਵਿਚ ਸਿੱਖ ਸਿਆਸਤ ਦੀ ਅਗਵਾਈ ਮੁਕੰਮਲ ਤੌਰ `ਤੇ ਅਕਾਲੀ ਦਲ ਨੇ ਸੰਭਾਲ ਲਈ। 1928 ਵਿਚ ਜਦੋਂ ਸਾਈਮਨ ਕਮਿਸ਼ਨ ਭਾਰਤ ਆਇਆ ਤਾਂ ਉਸ ਵਿਰੁੱਧ ਮਾਸਟਰ ਤਾਰਾ ਸਿੰਘ ਦੀ ਅਗਵਾਈ ਵਿੱਚ ਮੁਜ਼ਾਹਰੇ ਕੀਤੇ ਗਏ। ਸਰਕਾਰ ਜਿਥੇ ਕਿਤੇ ਵੀ ਸਿੱਖਾਂ ਨੂੰ ਅੱਖੋਂ ਪਰੋਖੇ ਕਰ ਕੇ ਕੋਈ ਫ਼ੈਸਲਾ ਲੈਂਦੀ ਤਾਂ ਮਾਸਟਰ ਤਾਰਾ ਸਿੰਘ ਉਸ ਦਾ ਡੱਟਵਾਂ ਵਿਰੋਧ ਕਰਦੇ।
ਮਾਸਟਰ ਤਾਰਾ ਸਿੰਘ ਦੇ ਨਿਕਟਵਰਤੀ ਤੇ ਗਿਆਨੀ ਰਵੇਲ ਸਿੰਘ ਨੇ 4 ਦਸੰਬਰ 1999 ਦੇ ਸਮਾਗਮ ਵਿਚ ਬੋਲਦਿਆਂ ਕਿਹਾ ਸੀ ਕਿ 25 ਮਾਰਚ 1947 ਨੂੰ ਵੀ ਗੁਰੂ ਕਾ ਬਾਗ ਮੰਜੀ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਅਸਥਾਨ ਤੇ ਹੀ ਦੀਵਾਨ ਕੀਤਾ ਗਿਆ ਸੀ ਜਿਸ ਵਿਚ ਹਿੰਦੂ ਅਤੇ ਸਿੱਖ ਲੀਡਰ ਸ਼ਾਮਲ ਹੋਏ ਸਨ। ਮਾਸਟਰ ਤਾਰਾ ਸਿੰਘ, ਜਥੇਦਾਰ ਊਧਮ ਸਿੰਘ ਨਾਗੋਕੇ, ਜਥੇ ਈਸ਼ਰ ਸਿੰਘ ਮਝੈਲ, ਪ੍ਰਿੰ: ਗੰਗਾ ਸਿੰਘ, ਕੈਪਟਨ ਕੇਸ਼ਪ ਚੰਦਰ, ਡਾ. ਭਗਤ ਰਾਮ ਅਤੇ ਹੋਰ ਲੀਡਰਾਂ ਨੇ ਉਸ ਦੀਵਾਨ ਵਿਚ ਤਕਰੀਰਾਂ ਕੀਤੀਆਂ ਸਨ। ਬੰਗਾਲ ਅਤੇ ਪੰਜਾਬ ਦੇ ਕੁੱਝ ਹਿੱਸੇ ਨੂੰ ਪਾਕਿਸਤਾਨ ਵਿਚ ਸ਼ਾਮਲ ਕੀਤੇ ਜਾਣ ਤੋਂ ਬਚਾਅ ਲਿਆ ਗਿਆ। ਸਰਦਾਰ ਪਟੇਲ ਦਾ ਵੀ ਮਾਸਟਰ ਤਾਰਾ ਸਿੰਘ ਨੂੰ ਸਹਿਯੋਗ ਸੀ। ਮਾਸਟਰ ਤਾਰਾ ਸਿੰਘ ਅੰਦਰ ਪੰਥ ਦੀ ਚੜ੍ਹਦੀਕਲਾ ਤੇ ਸਿੱਖ ਸ਼ਕਤੀ ਸ਼ਾਲੀ ਹੋਣ ਦਾ ਚਾਓ ਸੀ। ਉਹ ਹਮੇਸ਼ਾਂ ਇਸ ਧਾਰਨਾ ਦੇ ਹਾਮੀ ਸਨ “ਪੰਥ ਵਸੈ ਮੈਂ ਉਜੜਾਂ” ਚਾਓ ਦੇ ਧਾਰਨੀ ਸਨ।
ਮੁਗਲਾਂ ਤੇ ਅੰਗਰੇਜ਼ਾਂ ਦੇ ਰਾਜ ਕਾਲ ਸਮੇਂ ਅਤੇ ਦੇਸ਼ ਦੀ ਅਜ਼ਾਦੀ ਲਈ ਲੜੀ ਗਈ ਲੜਾਈ ਵਿਚ ਸਿੱਖਾਂ ਦੀ ਕੁਰਬਾਨੀ ਪਹਿਲੇ ਨੰਬਰ ਤੇ ਰਹੀ ਹੈ। 15 ਅਗਸਤ 1947 ਤੱਕ ਮਾਸਟਰ ਤਾਰਾ ਸਿੰਘ ਦੇਸ਼ ਭਗਤ ਅਤੇ ਪੰਜਾਬ ਦੇ ਹਿੰਦੂਆਂ ਅਤੇ ਸਿੱਖਾਂ ਦੇ ਸਾਂਝੇ ਲੀਡਰ ਸਮਝ ਜਾਂਦੇ ਰਹੇ, ਪਰ ਅਜਾਦੀ ਮਿਲਦਿਆਂ ਹੀ ਕਾਂਗਰਸੀ ਲੀਡਰਾਂ ਨੇ ਮਾਸਟਰ ਤਾਰਾ ਸਿੰਘ ਨੂੰ ਜ਼ੋਰਦਾਰ ਤਰੀਕੇ ਨਾਲ ਫਿਰਕੂ ਕਹਿੰਦਿਆਂ ਉਨ੍ਹਾਂ ਵਿਰੁੱਧ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਇਸ ਦੇ ਬਾਵਜੂਦ ਵੀ ਮਾਸਟਰ ਤਾਰਾ ਸਿੰਘ ਨੇ ਹਿੰਦੂਆਂ ਨੂੰ ਸਦਾ ਨਾਲ ਰੱਖਣ ਦਾ ਯਤਨ ਕੀਤਾ ਤੇ ਦੇਸ਼ ਪ੍ਰਤੀ ਹਮੇਸ਼ਾ ਵਫਾਦਾਰ ਰਹੇ। ਘਟਨਾਵਾਂ ਕਈ ਹਨ ਜਿਨ੍ਹਾਂ ਦਾ ਵੇਰਵਾ ਵਿਸਥਾਰ ਮੰਗਦਾ ਹੈ। ਮਾਸਟਰ ਤਾਰਾ ਸਿੰਘ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਗੀ ਪਦ `ਤੇ ਕਈ ਵਾਰ ਕਾਬਜ ਹੋਏ। ਪਹਿਲੀ ਵੇਰ 12-10-1930 ਤੋਂ 17-06-1933, ਦੂਜੀ ਵੇਰ 13-06-1936 ਤੋਂ 19-11-1944, ਤੀਜੀ ਵੇਰ 07-02-1955 ਤੋਂ 21-05-1955, ਚੌਥੀ ਵੇਰ 16-10-1955 ਤੋਂ 16-11-1958, ਪੰਜਵੀਂ ਵਾਰ 07-03-1960 ਤੋਂ 30-04-1960, ਛੇਵੀਂ ਵਾਰ 10-03-1961 ਤੋਂ 11-03-1962 ਤਰੀਕ ਉਹ ਪ੍ਰਧਾਨ ਬਣੇ। 22 ਨਵੰਬਰ 1967 ਨੂੰ ਚੰਡੀਗੜ੍ਹ ਵਿਖੇ ਮਾਸਟਰ ਤਾਰਾ ਸਿੰਘ ਚੜ੍ਹਾਈ ਕਰ ਗਏ। ਉਨ੍ਹਾਂ ਦੀ ਮੌਤ ਨਾਲ ਸਿੱਖ ਸਿਆਸਤ ਦਾ ਇਕ ਅਧਿਆਇ ਖਤਮ ਹੋ ਗਿਆ।
-
ਦਿਲਜੀਤ ਸਿੰਘ ਬੇਦੀ, Writer
dsbedisgpc@gmail.com
0000999000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.