ਬਿਊਟੀ ਇੰਡਸਟਰੀ ’ਚ ਵੱਧ ਰਹੇ ਰੁਜ਼ਗਾਰ ਦੇ ਮੌਕੇ
ਵਿਜੈ ਗਰਗ
ਜਿਉਂ-ਜਿਉਂ ਮਨੁੱਖ ਸੱਭਿਅਕ ਹੁੰਦਾ ਗਿਆ, ਤਿਉਂ-ਤਿਉਂ ਉਸ ਦੀਆਂ ਲੋੜਾਂ ਵੀ ਵੱਧਦੀਆਂ ਗਈਆਂ। ਖਾਣ-ਪੀਣ, ਰਹਿਣ-ਸਹਿਣ ਤੋਂ ਲੈ ਕੇ ਆਪਣੀ ਨਿੱਜੀ ਦੇਖਭਾਲ ਨੂੰ ਵੀ ਤਰਜੀਹ ਦਿੱਤੀ ਜਾਣ ਲੱਗੀ। ਅੱਜ ਹਰ ਕੋਈ ਚਾਹੇ ਉਹ ਜਵਾਨ ਹੈ, ਬੱਚਾ ਹੈ ਜਾਂ ਬਜ਼ੁਰਗ, ਸੋਹਣਾ ਦਿਸਣਾ ਚਾਹੁੰਦਾ ਹੈ। ਸੋਹਣਾ ਦਿਸਣ ਲਈ ਉਹ ਤਰ੍ਹਾਂ-ਤਰ੍ਹਾਂ ਦੇ ਓਹੜ-ਪੋਹੜ ਵੀ ਕਰਦਾ ਹੈ ਅਤੇ ਪੈਸਾ ਵੀ ਖ਼ੂਬ ਖਰਚ ਕੀਤਾ ਜਾਂਦਾ ਹੈ।
ਅਜੋਕੇ ਸਮੇ ’ਚ ਸੋਹਣੇ ਦਿਸਣ ਦੀ ਦੌੜ ਹੋਰ ਵੱਧ ਗਈ ਹੈ। ਪਹਿਲਾਂ ਲੋਕ ਸੋਹਣੇ ਦਿਸਣ ਲਈ ਘਰੇਲੂ ਨੁਸਖ਼ੇ ਵਰਤਦੇ ਸਨ, ਜਿਸ ਲਈ ਕਾਫ਼ੀ ਸਮਾਂ ਲਗਦਾ ਸੀ। ਅਜੋਕੇ ਸਮੇ ’ਚ ਸੋਹਣੇ ਦਿਸਣ ਲਈ ਕਿਸੇ ਕੋਲ ਇੰਨਾ ਸਮਾਂ ਨਹੀਂ ਕਿ ਉਹ ਘੰਟਿਆਂਬੱਧੀ ਇੰਤਜ਼ਾਰ ਕਰੇ।
ਅੱਜ-ਕੱਲ੍ਹ ਇਸ ਕੰਮ ਲਈ ਵਧੀਆ ਪ੍ਰੋਫੈਸ਼ਨਲਜ਼ ਬਿਊਟੀਸ਼ੀਅਨਜ਼, ਮੇਕਅਪ ਆਰਟਿਸਟ, ਹੇਅਰ ਸਟਾਈਲਿਸਟ, ਨੇਲ ਆਰਟਿਸਟ, ਸਪਾ ਥੈਰੇਪਿਸਟ ਆਦਿ ਕਿਸੇ ਵੀ ਮਨੁੱਖ ਦੀ ਇਹ ਜ਼ਰੂਰਤ ਝੱਟ ਪੂਰੀ ਕਰ ਸਕਦੇ ਹਨ।
ਮਾਨਤਾ ਪ੍ਰਾਪਤ ਸੰਸਥਾ ਤੋਂ ਕਰੋ ਕੋਰਸ
ਸਹੀ ਕੋਰਸ ਦੀ ਚੋਣ ਵਾਸਤੇ ਸਭ ਤੋਂ ਪਹਿਲਾਂ ਤਾਂ ਆਪਣਾ ਰੁਝਾਨ ਪਤਾ ਕਰੋ। ਇਸ ਲਈ ਬਿਊਟੀ ਟ੍ਰੇਨਿੰਗ ਇੰਸਟੀਚਿਊਟ ਦੇ ਕਾਊਂਸਲਿੰਗ ਮਾਹਿਰਾਂ ਨਾਲ ਗੱਲਬਾਤ ਕਰੋ ਤੇ ਫ੍ਰੀ ਡੈਮੋ ਕਲਾਸਾਂ ਦੀ ਮੰਗ ਕਰੋ, ਤਾਂ ਜੋ ਤੁਹਾਨੂੰ ਆਪਣਾ ਸਹੀ ਰੁਝਾਨ ਪਤਾ ਲੱਗ ਸਕੇ। ਲਾਈਵ ਕਲਾਸ ’ਚ ਕੰਮ ਕਰਦਿਆਂ ਵੇਖ ਕੇ ਪਤਾ ਲੱਗ ਜਾਂਦਾ ਹੈ ਕਿ ਤੁਸੀਂ ਇਹ ਕੰਮ ਜੇ ਸਿੱਖ ਲੈਂਦੇ ਹੋ ਤਾਂ ਕਿੰਨਾ ਬਿਹਤਰੀ ਨਾਲ ਕਰ ਸਕਦੇ ਹੋ। ਕਿਸੇ ਨੂੰ ਮੇਕਅਪ ਦਾ ਕੋਰਸ ਜ਼ਿਆਦਾ ਰੋਚਕ ਲਗਦਾ ਹੈ ਤੇ ਕਿਸੇ ਨੂੰ ਹੇਅਰ ਦਾ ਤੇ ਕਿਸੇ ਨੂੰ ਨੇਲ ਆਦਿ ਦਾ। ਬਾਕੀ ਰਹੀ ਸਹੀ ਟ੍ਰੇਨਿੰਗ ਇੰਸਟੀਚਿਊਟ ਦੀ ਚੋਣ ਕਰਨ ਦੀ ਗੱਲ, ਤਾਂ ਉਸ ਲਈ ਧਿਆਨ ਨਾਲ ਚੈੱਕ ਕਰੋ ਕਿ ਟ੍ਰੇਨਿੰਗ ਇੰਸਟੀਚਿਊਟ ਨੂੰ ਕੋਰਸ ਕਰਵਾਉਣ ਲਈ ਕਿਸੇ ਸਰਕਾਰੀ ਸੰਸਥਾ ਤੋਂ ਮਾਨਤਾ ਪ੍ਰਾਪਤ ਹੈ? ਕੀ ਪ੍ਰੈਕਟੀਕਲ ਕੰਮ ਕਰਨ ਲਈ ਆਧੁਨਿਕ ਲੈਬਜ਼ ਦਾ ਪ੍ਰਬੰਧ ਹੈ? ਕੀ ਉੱਥੇ ਪੜ੍ਹਾਇਆ ਜਾਣ ਵਾਲਾ ਸਿਲੇਬਸ ਪੂਰਾ ਤੇ ਮਾਨਤਾ ਪ੍ਰਾਪਤ ਹੈ?
ਟ੍ਰੇਨਿੰਗ ਦੇਣ ਵਾਲੇ ਟ੍ਰੇਨਰ ਨੂੰ ਕਿੰਨਾ ਤਜਰਬਾ ਹਾਸਿਲ ਹੈ ਆਦਿ। ਕਿੰਨਾ ਸਮਾਂ ਤੇ ਪੈਸਾ ਲਗਦਾ ਹੈ, ਬਿਊਟੀ ਪੇਸ਼ੇ ’ਚ ਰੁਜ਼ਗਾਰ ਦੀਆਂ ਕੀ-ਕੀ ਸੰਭਾਵਨਾਵਾਂ ਹਨ?
ਰੁਜ਼ਗਾਰ ਦੇ ਮੌਕੇ
ਕੋਰਸ ਦਾ ਸਮਾਂ ਪਤਾ ਹੋਣਾ ਬਹੁਤ ਜ਼ਰੂਰੀ ਹੈ। ਬੇਸਿਕ ਤੋਂ ਲੈ ਕੇ ਐਡਵਾਂਸ ਕੋਰਸ ਤੇ ਪੋਸਟ ਗ੍ਰੈਜੂਏਟ ਕੋਰਸਾਂ ਦਾ ਸਮਾਂ ਵੀ ਅਲੱਗ-ਅਲੱਗ ਹੁੰਦਾ ਹੈ, ਜੋ ਤਿੰਨ ਮਹੀਨੇ ਤੋਂ ਲੈ ਕੇ ਇਕ ਸਾਲ ਤਕ ਦਾ ਹੋ ਸਕਦਾ ਹੈ। ਵਧੀਆ ਕੰਮ ਸਿੱਖਣ ਲਈ ਕੋਰਸ ਐਡਵਾਂਸ ਪੱਧਰ ਜਾਂ ਪੋਸਟ ਗ੍ਰੈਜੂਏਟ ਪੱਧਰ ਦਾ ਹੋਣਾ ਚਾਹੀਦਾ ਹੈ, ਤਾਂ ਜੋ ਪ੍ਰੋਫੈਸ਼ਨਲ ਬਣਿਆ ਜਾ ਸਕੇ ਤੇ ਚੰਗੀ ਕਮਾਈ ਹੋ ਸਕੇ। ਦੇਸ਼-ਵਿਦੇਸ਼ ’ਚ ਮਾਨਤਾ ਪ੍ਰਾਪਤ ਬਿਊਟੀ ਟ੍ਰੇਨਿੰਗ ਮਾਹਿਰਾਂ ਦੀ ਬਹੁਤ ਮੰਗ ਹੈ। ਰੁਜ਼ਗਾਰ ਦੇ ਬੇਸ਼ੁਮਾਰ ਮੌਕੇ ਮੁਹੱਈਆ ਹਨ। ਵਿਦੇਸ਼ਾਂ ’ਚ ਤਾਂ ਪ੍ਰੋਫੈਸ਼ਨਲ ਲੱਖਾਂ ਰੁਪਏ ਮਹੀਨਾ ਕਮਾ ਰਹੇ ਹਨ। ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਫਿਲਮ ਇੰਡਸਟਰੀ, ਫੈਸ਼ਨ ਸਟੂਡੀਓਜ਼, ਟੀਵੀ ਇੰਡਸਟਰੀ, ਨਾਮੀ ਕੌਸਮੈਟਿਕ ਕੰਪਨੀਆਂ, ਸੈਲੂਨ ਆਦਿ ’ਚ ਹਮੇਸ਼ਾ ਬਿਊਟੀ ਪ੍ਰੋਫੈਸ਼ਨਲਾਂ ਦੀ ਮੰਗ ਰਹਿੰਦੀ ਹੈ। ਫ੍ਰੀ ਲਾਂਸ ਦੇ ਤੌਰ ’ਤੇ ਵੀ ਕਰੀਅਰ ਦੀ ਵਧੀਆ ਸ਼ੁਰੂਆਤ ਕੀਤੀ ਜਾ ਸਕਦੀ ਹੈ।
ਸਹੀ ਕੋਰਸ ਦੀ ਚੋਣ
ਬਿਊਟੀ ਦੇ ਪੇਸ਼ੇ ’ਚ ਆਉਣ ਲਈ ਸਭ ਤੋਂ ਪਹਿਲਾਂ ਤਾਂ ਲੋੜ ਹੈ ਮੁੱਢਲੀ ਪੜ੍ਹਾਈ ਦੀ, ਜੋ ਦਸਵੀਂ-ਬਾਰ੍ਹਵੀਂ ਤਕ ਹੋਣੀ ਜ਼ਰੂਰੀ ਹੈ। ਪੜ੍ਹਾਈ ਦੇ ਨਾਲ-ਨਾਲ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਬਿਊਟੀ ਦੇ ਕੰਮ ’ਚ ਆਉਣ ਲਈ ਤੁਹਾਡਾ ਇਸ ਪੇਸ਼ੇ ਵਿਚ ਰੁਝਾਨ। ਫਿਰ ਕਿਸੇ ਚੰਗੇ ਤੇ ਮਾਨਤਾ ਪ੍ਰਾਪਤ ਇੰਸਟੀਚਿਊਟ ਦੀ ਚੋਣ ਕੀਤੀ ਜਾਵੇ ਤੇ ਉੱਥੋਂ ਪੇਸ਼ੇਵਰ ਬਿਊਟੀ ਇੰਡਸਟਰੀ ਮਾਹਿਰਾਂ ਤੋਂ ਕਾਊਂਸਲਿੰਗ (ਸਲਾਹ-ਮਸ਼ਵਰਾ) ਲਿਆ ਜਾਵੇ ਤੇ ਉਹ ਪੇਸ਼ੇਵਰ ਬਿਊਟੀ ਇੰਡਸਟਰੀ ਮਾਹਿਰ ਤੁਹਾਡੀ ਲੋੜ ਨੂੰ ਚੰਗੀ ਤਰ੍ਹਾਂ ਸਮਝਾ ਕੇ ਕੋਰਸ ਦੀ ਚੋਣ ਕਰਨ ’ਚ ਮਦਦ ਕਰ ਸਕਦੇ ਹਨ। ਸਹੀ ਕੋਰਸ ਦੀ ਚੋਣ ਕਰਨਾ ਹੀ ਸਭ ਤੋਂ ਵੱਡੀ ਤੇ ਜ਼ਰੂਰੀ ਗੱਲ ਹੈ। ਗ਼ਲਤ ਕੋਰਸ ਦੀ ਚੋਣ ਹੋਣ ’ਤੇ ਸਮਾਂ ਤੇ ਪੈਸਾ ਦੋਵੇਂ ਬਰਬਾਦ ਹੁੰਦੇ ਹਨ। ਪੇਸ਼ੇਵਰ ਬਿਊਟੀ ਇੰਡਸਟਰੀ ਮਾਹਿਰ ਆਪਣੇ ਲੰਮੇ ਤਜਰਬੇ ਨਾਲ ਤੁਹਾਨੂੰ ਸਹੀ ਸਲਾਹ ਦੇ ਕੇ ਤੁਹਾਡਾ ਕੀਮਤੀ ਸਮਾਂ ਤੇ ਪੈਸੇ ਦੋਵਾਂ ਦੀ ਬੱਚਤ ਕਰਦਾ ਹੈ।
-
ਵਿਜੈ ਗਰਗ, ਰਿਟਾਇਰਡ ਪ੍ਰਿੰਸੀਪਲ ਐਜੂਕੇਸ਼ਨਲ ਕਾਲਮਨਿਸਟ ਮਲੋਟ ਪੰਜਾਬ
vkmalout@gmail.com
0009990000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.