‘ਪੀਲੂ ਦਾ ਮਿਰਜਾ ਸਾਹਿਬਾਂ ਤੇ ਹੋਰ ਰਚਨਾ’ ਪੁਸਤਕ ਰੋਮਾਂਸਵਾਦ ਅਤੇ ਅਧਿਆਤਮਵਾਦ ਦਾ ਸੁਮੇਲ
ਪੀਲੂ ਮਿਰਜਾ ਸਾਹਿਬਾਂ ਦਾ ਕਿੱਸਾ ਲਿਖਣ ਵਾਲਾ ਪਹਿਲਾ ਸ਼ਾਇਰ ਗਿਣਿਆਂ ਜਾਂਦਾ ਹੈ। ਪੀਲੂ ਨੇ ਮਿਰਜਾ ਸਾਹਿਬਾਂ ਦੇ ਰੋਮਾਂਸ ਦਾ ਕਿੱਸਾ ਲਿਖਿਆ। ਪੀਲੂ ਦੇ ਨਾਮ ‘ਤੇ ਇਸ਼ਕ ਹਕੀਕੀ ਭਾਵ ਅਧਿਆਤਮਕ ਰਚਨਾ ਵੀ ਉਪਲਭਧ ਹੈ। ਇਸ ਲਈ ਸਾਹਿਤਕਾਰਾਂ ਤੇ ਪੜਚੋਲਕਾਰਾਂ ਵਿੱਚ ਵਿਚਾਰਾਂ ਦੇ ਵਖਰੇਵੇਂ ਹਨ ਹਨ ਕਿ ਪੀਲੂ ਇਕ ਜਾਂ ਦੋ ਸਨ। ਡਾ.ਭਗਵੰਤ ਸਿੰਘ ਅਤੇ ਡਾ.ਰਾਮਿੰਦਰ ਕੌਰ ਨੇ ਚਰਚਾ ਅਧੀਨ ਪੁਸਤਕ ਵਿੱਚ ਉਦਾਹਰਨਾ ਦੇ ਕੇ ਤੱਥਾਂ ਨਾਲ ਸਾਬਤ ਕੀਤਾ ਹੈ ਕਿ ਪੀਲੂ ਇਕ ਹੀ ਸੀ। ਜਵਾਨੀ ਵਿੱਚ ਉਸ ਨੇ ਮਿਰਜਾ ਸਾਹਿਬਾਂ ਦੇ ਇਸ਼ਕ ਦਾ ਰੋਮਾਂਟਿਕ ਕਿੱਸਾ ਲਿਖਿਆ ਸੀ। ਜਦੋਂ ਉਹ ਉਮਰ ਦਰਾਜ ਭਾਵ ਬਜ਼ੁਰਗ ਹੋ ਗਏ ਤਾਂ ਉਨ੍ਹਾਂ ਇਸ਼ਕ ਹਕੀਕੀ ਦੀ ਰਚਨਾ ਕੀਤੀ ਹੈ। ਲੇਖਕਾਂ ਨੇ ਇਸ ਪੁਸਤਕ ਨੂੰ ਪੰਜ ਭਾਗਾਂ ‘ਪੀਲੂ ਅਤੇ ਮਿਰਜਾ ਸਾਹਿਬਾਂ ਦੀ ਗਾਥਾ’, ਕਿੱਸਾ ਕਲਾ’, ‘ਰਸ ਵਿਧਾਨ’, ‘ਮੂਲ ਪਾਠ’ ਅਤੇ ਅੰਤਿਕਾਵਾਂ ਵਿੱਚ ਵੰਡਿਆ ਹੈ। ਵੈਸੇ ਤਾਂ ਸਾਰੇ ਭਾਗਾਂ ਦੀ ਲੜੀ ਆਪਸ ਵਿੱਚ ਜੁੜਦੀ ਹੈ ਪ੍ਰੰਤੂ ਫਿਰ ਵੀ ਪੰਜ ਭਾਗ ਬਣਾਏ ਹਨ।
ਪੀਲੂ ਅਤੇ ਮਿਰਜਾ ਸਾਹਿਬਾਂ ਦੀ ਗਾਥਾ: ਲੇਖਕਾਂ ਅਨੁਸਾਰ ਪੀਲੂ ਪਹਿਲਾ ਪੰਜਾਬੀ ਦਾ ਵੱਡਾ ਸ਼ਾਇਰ ਹੈ, ਜਿਸ ਨੇ ਇਹ ਗਾਥਾ ਲਿਖੀ। ਪੀਲੂ ਦੀ ਇਹ ਗਾਥਾ ਇਤਨੀ ਪ੍ਰਵਾਨ ਹੋਈ ਕਿ ਅੱਜ ਤੱਕ ਕਿਸੇ ਨਾ ਕਿਸੇ ਰੂਪ ਵਿੱਚ ਗਾਈ ਜਾਂਦੀ ਹੈ। ਪੰਜਾਬ ਦੀ ਇਸ ਪ੍ਰਸਿੱਧ ਲੋਕ ਗਾਥਾ ਦਾ ਅੰਤ ਦੁੱਖ ਭਰਿਆ ਹੈ। ਇਹ ਗਾਥਾ ਪੰਜਾਬੀਆਂ ਦੇ ਲੋਕ ਮਨਾਂ ਵਿੱਚ ਡੂੰਘੀ ਸਮਾਈ ਹੋਈ ਹੈ। ਲੋਕਾਂ ਵਿੱਚ ਮਿਰਜਾ ਬਹਾਦਰ ਸੂਰਮੇ ਆਸ਼ਕ ਵਜੋਂ ਨਿਵਾਸ ਕਰਦਾ ਹੈ। ਭਾਵ ਉਹ ਲੋਕ ਨਾਇਕ ਬਣ ਗਿਆ। ਮਿਰਜਾ ਜੱਟ ਮਾਨਸਿਕਤਾ ਦਾ ਪ੍ਰਤੀਕ ਹੈ। ਲੇਖਕਾਂ ਅਨੁਸਾਰ ਪੀਲੂ ਦੇ ਜਨਮ ਸਥਾਨ ਬਾਰੇ ਪ੍ਰਮਾਣੀਕ ਸਬੂਤ ਨਹੀਂ ਮਿਲਦੇ ਪ੍ਰੰਤੂ ਤਰਨਤਾਰਨ ਦੇ ਨੇੜੇ ਇਕ ਖੂਹ ਹੈ, ਜਿਸ ਨੂੰ ਅੱਜ ਵੀ ‘ਪੀਲੂ ਦਾ ਖੂਹ’ ਕਹਿੰਦੇ ਹਨ। ਇਸ ਕਰਕੇ ਸਾਹਿਤਕਾਰਾਂ ਨੇ ਅਨੁਮਨ ਲਗਾਇਆ ਹੈ ਕਿ ਪੀਲੂ ਦਾ ਪਿੰਡ ਵੀ ਤਰਨਤਾਰਨ ਦੇ ਨਜ਼ਦੀਕ ਵੈਰੋਵਾਲ ਹੀ ਹੋਵੇਗਾ। ਪੀਲੂ ਆਪਣੀ ਉਮਰ ਦੇ ਆਖ਼ਰੀ ਸਮੇਂ ਸਾਂਦਲਬਾਰ ਦੇ ਇਲਾਕੇ ਵਿੱਚ ਬੰਦਗੀ ਕਰਦਿਆਂ ਸਵਰਗ ਸਿਧਾਰ ਗਿਆ। ਉਸ ਦੇ ਸਮੇਂ ਬਾਰੇ ਵੀ ਵਿਦਵਾਨ ਇਕਮਤ ਨਹੀਂ ਹਨ। ਭਾਈ ਗੁਰਦਾਸ (1551-1637) ਅਤੇ ਇਸ ਤੋਂ ਬਾਅਦ ਦਾ ਕਹਿੰਦੇ ਹਨ ਪ੍ਰੰਤੂ ਮੰਨਿਆਂ ਜਾ ਰਿਹਾ ਹੈ ਪ੍ਰੇਮ ਗਾਥਾ ਵਾਪਰਨ ਦਾ ਸਮਾਂ ਅਕਬਰ ਰਾਜ ਕਾਲ ਦਾ ਸੀ। ਪੀਲੂ ਅਨੁਸਾਰ ਸਾਹਿਬਾਂ ਖੀਵੇ ਖ਼ਾਨ ਦੇ ਘਰ ਜਨਮੀ ਅਤੇ ਮਿਰਜਾ ਦਾਨਾਬਾਦ ਵੰਝਲ ਦੇ ਘਰ ਕਰੜੇ ਵਾਰ ਵਿੱਚ ਜਨਮਿਆਂ ਸੀ। ਮਿਰਜਾ ਆਪਣੇ ਨਾਨਕੇ ਪੜ੍ਹਨ ਲਈ ਸਿਆਲੀਂ ਗਿਆ ਹੋਇਆ ਸੀ, ਜਿਥੇ ਮਸੀਤੇ ਪੜ੍ਹਦਿਆਂ ਸਾਹਿਬਾਂ ਨਾਲ ਮੁਹੱਬਤ ਹੋ ਗਈ। ਜਦੋਂ ਉਨ੍ਹਾਂ ਦਾ ਇਸ਼ਕ ਜੱਗ ਜ਼ਾਹਰ ਹੋ ਗਿਆ ਤਾਂ ਮਿਰਜੇ ਨੂੰ ਦਾਨਾਬਾਦ ਭੇਜ ਦਿੱਤਾ। ਓਧਰ ਸਾਹਿਬਾਂ ਦੇ ਮਾਪਿਆਂ ਨੇ ਉਸ ਦਾ ਵਿਆਹ ਰੱਖ ਦਿੱਤਾ। ਸਾਹਿਬਾ ਨੇ ਕਰਮੂ ਬ੍ਰਾਹਮਣ ਹੱਥ ਮਿਰਜੇ ਨੂੰ ਸਨੇਹਾ ਦੇ ਕੇ ਬੁਲਾ ਲਿਆ। ਓਧਰ ਮਿਰਜੇ ਦੀ ਭੈਣ ਦਾ ਵਿਆਹ ਸੀ ਪ੍ਰੰਤੂ ਮਿਰਜੇ ਨੇ ਆਪਣੀ ਮਹਿਬੂਬ ਨੂੰ ਪਹਿਲ ਦਿੱਤੀ। ਮਿਰਜਾ ਸਾਹਿਬਾਂ ਨੂੰ ਭਜਾ ਕੇ ਲੈ ਗਿਆ। ਰਸਤੇ ਵਿੱਚ ਆਰਾਮ ਕਰਨ ਲੱਗਿਆ ਤਾਂ ਚੰਦੜ ਆ ਗਏ ਤੇ ਸਾਹਿਬਾਂ ਦੋ ਪੁੜਾਂ ਵਿੱਚ ਫਸ ਗਈ । ਇਕ ਪਾਸੇ ਭਰਾ ਦੂਜੇ ਪਾਸੇ ਆਸ਼ਕ। ਅਖੀਰ ਸਾਹਿਬਾਂ ਨੇ ਮਿਰਜੇ ਦੇ ਤੀਰ ਜੰਡ ‘ਤੇ ਟੰਗ ਦਿੱਤੇ। ਚੰਦੜਾਂ ਨੇ ਮਿਰਜਾ ਮਾਰ ਦਿੱਤਾ। ਪੀਲੂ ਤੇ ਹਾਫਿਜ ਬਰਖੁਰਦਾਰ ਦੇ ਘਟਨਾਵਾਂ ਬਾਰੇ ਵਿਚਾਰ ਨਹੀਂ ਮਿਲਦੇ। ਲੇਖਕਾਂ ਨੇ ਦਸਮ ਗ੍ਰੰਥ, ਰਿਚਰਡ ਟੈਂਪਲ ਅਤੇ ਸਵਿਨਟਰਨ ਦੇ ਮਿਰਜਾ ਸਾਹਿਬਾਂ ਦੀ ਗਾਥਾ ਬਾਰੇ ਵਿਚਾਰ ਵੀ ਦਿੱਤੇ ਹਨ।
ਕਿੱਸਾ ਕਲਾ: ਲੇਖਕਾਂ ਨੇ ਲਿਖਿਆ ਹੈ ਕਿ ਪੀਲੂ ਦੀ ਕਿੱਸਾ ਕਲਾ ਦੀ ਪ੍ਰਸੰਸਾ ਉਸ ਦੇ ਸਮਕਾਲੀ ਕਿੱਸਾਕਾਰਾਂ ਨੇ ਬਾਖ਼ੂਬੀ ਕੀਤੀ ਹੈ, ਜਿਸ ਤੋਂ ਪਤਾ ਲੱਗਦਾ ਹੈ ਪੀਲੂ ਦਾ ਮਿਰਜਾ ਸਰਵ ਪ੍ਰਵਾਨ ਸੀ। ਪੀਲੂ ਦੇ ਕਿੱਸੇ ਬਾਰੇ ਬਰਖ਼ੁਰਦਾਰ ਕਵੀ ਲਿਖਦਾ ਹੈ:
ਯਾਰੋ ਪੀਲੂ ਨਾਲ ਬਰਾਬਰੀ ਸ਼ਇਰ ਭੁਲ ਕਰੇਨ,
ਜਿਹਨੂੰ ਪੰਜਾਂ ਪੀਰਾਂ ਦੀ ਥਾਪਨਾ ਕੰਧੀਂ ਦਸਤ ਧਰੇਨ।
ਅਹਿਮਦਯਾਰ ਪੀਲੂ ਦੀ ਕੱਲਾ ਕਲਾ ਬਾਰੇ ਲਿਖਦਾ ਹੈ:
ਪੀਲੂ ਨਾਲ ਨਾ ਰੀਸ ਕਿਸੇ ਉਸ ਦੀ ਸੋਜ਼ ਅਲਹਿਦੀ,
ਮਸਤ ਨਿਗਾਹ ਕੀਤੀ ਉਸ ਪਾਸੇ ਕਿਸੇ ਫ਼ਕੀਰ ਵਲੀ ਦੀ।
ਪੀਲੂ ਨੇ ਸ਼ਿੰਗਾਰ ਤੇ ਬੀਰ ਰਸ ਨੂੰ ਇਸ ਰੁਮਾਂਟਿਕ ਕਥਾ ਵਿੱਚ ਇਕੱਠਾ ਕਰਕੇ ਨਵੀਂ ਪ੍ਰਥਾ ਕਾਇਮ ਕਰਨ ਦਾ ਯਤਨ ਕੀਤਾ ਹੈ। ਪੀਲੂ ਮਿਰਜੇ ਦੀ ਮੌਤ ਦਾ ਕਾਰਨ ਹੋਣੀ ਨੂੰ ਮੰਨਦਾ ਹੈ:
ਮਿਰਜਿਆ ਐਡ ਪੈਗੰਬਰ ਮਰ ਗਏ ਤੂੰ ਕਿਹਦਾ ਪਾਣੀ ਹਾਰ।
ਪੀਲੂ ਦਾ ਪਾਤਰ ਚਿਤਰਣ ਬਹੁਤ ਸੁਚੱਜਾ ਹੈ। ਉਸ ਨੇ ਪਾਤਰਾਂ ਨੂੰ ਆਦਰਸ਼ਕ ਰੰਗ ਨਹੀਂ ਦਿੱਤਾ। ਮਾਂ, ਮਾਂ ਵਾਂਗ, ਭੈਣ, ਭੈਣਾਂ ਵਾਂਗ ਅਤੇ ਪਿਓ, ਪਿਓ ਵਾਂਗ ਜਦੋਂ ਉਹ ਮਿਰਜੇ ਨੂੰ ਵਰਜਦਾ ਕਹਿੰਦਾ ਹੈ:
ਚੜ੍ਹਦੇ ਮਿਰਜੇ ਖ਼ਾਨ ਨੂੰ ਵੰਝਲ ਦਿੰਦਾ ਮੱਤ,
ਭੱਠ ਰੰਨਾ ਦੀ ਦੋਸਤੀ ਖੁਰੀਂ ਜਿਨ੍ਹਾਂ ਦੀ ਮੱਤ।
ਹੱਸ ਕੇ ਲਾਉਂਦੀਆਂ ਯਾਰੀਆਂ ਰੋ ਕੇ ਦਿੰਦੀਆਂ ਦੱਸ,
ਜਿਸ ਘਰ ਲਾਈ ਦੋਸਤੀ ਮੂਲ ਨਾ ਘੱਤੇ ਲੱਤ।
ਮਿਰਜੇ ਦੀ ਮਾਂ ਬਾਰੇ ਪੀਲੂ ਲਿਖਦਾ ਹੈ:
ਚੜ੍ਹਦੇ ਮਿਰਜੇ ਖ਼ਾਨ ਨੂੰ ਮੱਤਾਂ ਦੇਵੇ ਮਾਂ,
ਬੁਰੇ ਸਿਆਲਾਂ ਦੇ ਮਾਮਲੇ ਬੁਰੀ ਸਿਆਲਾਂ ਦੀ ਰਾਹ।
ਮਿਰਜਾ ਬੱਕੀ ਦੀ ਪ੍ਰਸੰਸਾ ਕਰਦਾ ਹੈ, ਉਸ ਦਾ ਘੁਮੰਡ ਵੀ ਪ੍ਰਗਟ ਹੁੰਦਾ ਹੈ
ਬੱਕੀ ਤੋਂ ਡਰਨ ਫਰਿਸ਼ਤੇ ਮੈਥੋਂ ਡਰੇ ਖੁਦਾ,
ਚੁਭੇ ਵਿੱਚ ਪਤਾਲ ਉਡ ਕੇ ਚੜ੍ਹੇ ਅਕਾਸ਼।
ਮਿਰਜਾ ਮਾਰਿਆ ਮਲਕੁਲ ਮੌਤ ਨੇ ਕੁਝ ਮਾਰਿਆ ਗੁਮਾਨ।
ਵਿੱਚ ਕਬਰਾਂ ਦੇ ਖਪ ਗਿਆ ਮਿਰਜਾ ਸੋਹਣਾ ਜਵਾਨ।
ਪੀਲੂ ਨੇ ਅਲੰਕਾਰ ਅਤੇ ਰੂਪਕ, ਕਵਿਤਾ ਦੇ ਗਹਿਣਿਆਂ ਦੀ ਤਰ੍ਹਾਂ ਵਰਤੇ ਹਨ:
ਮਿਰਜਾ ਫੁੱਲ ਗੁਲਾਬ ਦਾ ਮੇਰੀ ਝੋਲੀ ਟੁੱਟ ਪਿਆ।
ਧਰਤੀ ਤਾਂਬਾ ਹੋ ਗਈ ਸਿਆਹੀ ਫਿਰੀ ਅਸਮਾਨ।
ਵਲ ਵਲ ਵੱਢ ਦਿਆਂ ਸੂਰਮੇ ਜਿਉਂ ਖੇਤੀਂ ਪੈਣ ਗੜੇ।
ਰਸ ਵਿਧਾਨ:
ਰਸ ਵਿਧਾਨ ਵੀ ਪੀਲੂ ਦਾ ਕਮਾਲ ਦਾ ਹੈ। ਉਸ ਨੇ ਸ਼ਿੰਗਾਰ ਰਸ, ਬੀਰ ਰਸ, ਕਰੁਣਾ ਰਸ ਅਤੇ ਹਾਸ ਰਸ ਦੀ ਵਰਤੋਂ ਕੀਤੀ ਹੈ। ਸ਼ਿੰਗਾਰ ਰਸ ਸੁਚੱਜੇ ਢੰਗ ਨਾਲ ਵਰਤਿਆ ਹੈ:
ਕੱਢ ਕਲੇਜਾ ਲੈ ਗਈ ਖਾਨ ਖੀਵੇ ਦੀ ਧੀ,
ਗਜ ਗਜ ਲੰਮੀਆਂ ਮੀਢੀਆਂ ਰੰਗ ਜੋ ਗੋਰਾ ਸੀ।
ਪੀਲੂ ਦਾ ਬੀਰ ਰਸ ਲੂੰ ਕੰਡੇ ਖੜ੍ਹੇ ਕਰ ਦਿੰਦਾ ਹੈ:
ਕੋਈ ਦੀਹਦਾ ਸੂਰਮਾ ਜਿਹੜਾ ਮੈਨੂੰ ਹੱਥ ਕਰੇ,
ਕਟਕ ਭਿੜਾ ਦਿਆਂ ਅੰਬਰੀਂ ਮੈਥੋਂ ਭੀ ਰਾਠ ਡਰੇ।
ਸਿਰ ਸਿਆਲਾਂ ਦੇ ਵੱਢ ਕੇ ਸੁਟਾਂਗਾ ਵਿੱਚ ਰੜੇ।
ਪੀਲੂ ਭਾਵੇਂ ਮਝੈਲ ਸੀ ਪ੍ਰੰਤੂ ਉਸ ਦੀ ਭਾਸ਼ਾ ਠੇਠ ਪੰਜਾਬੀ ਹੈ। ਪੀਲੂ ਦੇ ਕਿੱਸੇ ਵਿੱਚ ਅਸ਼ਲੀਲਤਾ ਨਹੀਂ ਹੈ।
ਮੂਲ ਪਾਠ:ਕਿੱਸਾ ਮਿਰਜਾ ਸਾਹਿਬਾਂ
ਚੌਥੇ ਭਾਗ ਵਿੱਚ ਪੀਲੂ ਦੁਆਰਾ ਲਿਖਿਆ ਕਿੱਸਾ ਮਿਰਜਾ ਸਾਹਿਬਾਂ ਦਾ ਪੂਰਾ ਪਾਠ ਦਿੱਤਾ ਗਿਆ ਹੈ। ਪੀਲੂ ਦਾ ਕਿੱਸਾ ਲਿਖਤ ਰੂਪ ਵਿੱਚ ਨਹੀਂ ਮਿਲਦਾ ਪ੍ਰੰਤੂ ਜੋ ਮਿਲਦਾ ਹੈ, ਉਹ ਅੰਗਰੇਜ਼ ਰਿਚਰਡ ਟੈਂਪਲ ਦੁਆਰਾ‘ਦਾ ਲੀਜੈਂਡਜ਼ ਆਫ਼ ਪੰਜਾਬ’ ਵਿੱਚ ਪ੍ਰਕਾਸ਼ਤ ਕੀਤਾ ਮਿਲਦਾ ਹੈ। ਇਹ ਕਿੱਸਾ ਰਿਚਰਡ ਟੈਂਪਲ ਨੇ ਕਿਸੇ ਜਲੰਧਰ ਦੇ ਮੁਸਲਮਾਨ ਤੋਂ ਸੁਣਿਆਂ ਅਤੇ ਫਿਰ ਉਸ ਤੋਂ ਸੁਣ ਕੇ ਲਿਖਿਆ ਹੈ। ਇਹ ਵੀਹਵੀਂ ਸਦੀ ਦੇ ਪਹਿਲੇ ਦਹਾਕੇ ਪ੍ਰਕਾਸ਼ਤ ਹੋਇਆ ਹੈ। ਦੋਵੇਂ ਲੇਖਕਾਂ ਦੀ ਖੋਜ ਨੇ ਇਹ ਸਿੱਟਾ ਕੱਢਿਆ ਹੈ ਕਿ ਇਹ ਕਿੱਸਾ ਵੀ ਮੁਕੰਮਲ ਨਹੀਂ ਹੈ। ਮੂਲ ਪਾਠ ਵਾਲੇ ਭਾਗ ਵਿੱਚ ਖੋਜੀ ਵਿਦਿਆਰਥੀਆਂ ਲਈ ਡਾ.ਭਗਵੰਤ ਸਿੰਘ ਅਤੇ ਡਾ.ਰਮਿੰਦਰ ਕੋਰ ਨੇ ਪੀਲੂ ਸ਼ਾਇਰ ਦਾ ਹੀ ਦਿੱਤਾ ਹੈ ਪ੍ਰੰਤੂ ਅੰਤਿਕਾਵਾਂ ਵਾਲੇ ਭਾਗ ਵਿੱਚ ਛੇ ਅੰਤਿਕਾਵਾਂ ਹਨ। ਅੰਤਿਕਾ-1 ਵਿੱਚ ਪੀਲੂ ਦੇ ਕਿੱਸੇ ਵਿਚੇ ਜਿਹੜੇ ਮਿਥਿਹਾਸਕ/ਇਤਿਹਾਸਕ ਹਵਾਲੇ ਮਿਲਦੇ ਹਨ, ਪਾਠਕਾਂ ਦੀ ਸਹੂਲਤ ਲਈ ਉਨ੍ਹਾਂ 18 ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ ਹੈ। ਅੰਤਿਕਾ-2 ਵਿੱਚ ‘ਲੀਜੈਂਡਜ਼ ਆਫ਼ ਪੰਜਾਬ ਵਿਚਲਾ ਪਾਠ’ ਅੰਤਿਕਾ-3 ਵਿੱਚ ਮਿਰਜਾ-ਸਾਹਿਬਾਂ ਕਿ੍ਰਤ ਹਾਫ਼ਿਜ ਬਰਖ਼ੁਰਦਾਰ, ਅੰਤਿਕਾ-4 ਵਿੱਚ ‘ਦਸਮ ਗ੍ਰੰਥ’ ਵਿਚਲੇ ਮਿਰਜਾ ਸਾਹਿਬਾਂ ਦੇ ਸ਼ਲੋਕ, ਅੰਤਿਕਾ-5 ਵਿੱਚ ਲੋਕ ਗੀਤਾਂ ਵਿੱਚ ਮਿਰਜਾ-ਸਾਹਿਬਾਂ ਦੀ ਗਾਥਾ ਅਤੇ ਅੰਤਿਕਾ-6 ਵਿੱਚ ਮਿਰਜਾ ਰਚਿਤ ਚਤਰ ਸਿੰਘ ਦਿੱਤਾ ਗਿਆ ਹੈ। ਪੁਸਤਕ ਦੇ ਅਖ਼ੀਰ ਵਿੱਚ ਸਹਾਇਕ ਪੁਸਤਕਾਂ ਦੀ ਸੂਚੀ ਦਿੱਤੀ ਗਈ ਹੈ। ਇਨ੍ਹਾਂ ਸਾਰੇ ਤੱਥਾਂ ਕਰਕੇ ਇਹ ਹਵਾਲਾ ਪੁਸਤਕ ਖੋਜ ਕਰਨ ਵਾਲੇ ਵਿਦਿਆਰਥੀਆਂ ਅਤੇ ਵਿਦਵਾਨਾ ਲਈ ਸਾਰਥਿਕ ਸਾਬਤ ਹੋਵੇਗੀ।
ਮਾਲਵਾ ਰਿਸਰਚ ਸੈਂਟਰ ਪਟਿਆਲਾ ਨੇ 120 ਪੰਨਿਆਂ, 250 ਰੁਪਏ ਕੀਮਤ ਵਾਲੀ ਇਹ ਪੁਸਤਕ ਯੁਨੀਸਟਾਰ ਬੁਕਸ ਪ੍ਰਾਈਵੇਟ ਲਿਮਟਿਡ ਐਸ.ਏ.ਐਸ.ਨਗਰ ਮੋਹਾਲੀ ਤੋਂ ਪ੍ਰਕਾਸ਼ਤ ਕਰਵਾਈ ਹੈ।
-
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.