ਗੁਰੂ ਹਰਿਗੋਬਿੰਦ ਸਾਹਿਬ ਨਾਲ ਸੰਬੰਧਿਤ ਸਮਕਾਲੀ ਇਤਿਹਾਸਕ ਸ੍ਰੋਤ: ਦਬਿਸਤਾਨੇ-ਮੁਜ਼ਾਹਿਬ ------- ਡਾ ਜਸਬੀਰ ਸਿੰਘ ਸਰਨਾ
ਸ੍ਰੋਤਾਂ ਦੀ ਆਮ ਤੌਰ 'ਤੇ ਦੋ ਅੱਡ-ਅੱਡ ਧਾਰਾਂ ਵਿੱਚ ਵੰਡ ਕੀਤੀ ਜਾਂਦੀ ਹੈ। ਇੱਕ ਧਾਰਾ ' ਮੌਖਿਕ' (ਜ਼ੁਬਾਨੀ-ਕਲਾਮੀ) ਅਤੇ ‘ਦੂਜੀ ਲਿਖਤੀ' ਵਰਨਣ ਯੋਗ ਹੈ। ਗੁਰੂ ਹਰਿਗੋਬਿੰਦ ਸਾਹਿਬ ਨਾਲ ਸੰਬੰਧਿਤ ਸਮਕਾਲੀ ਸ੍ਰੋਤਾਂ ਦੀ ਗਿਣਤੀ ਨਾ-ਮਾਤਰ ਹੈ। ‘ਗੁਰੂ ਗ੍ਰੰਥ ਸਾਹਿਬ' ਵਿੱਚ ਜ਼ਿਕਰ ਆਉਂਦਾ ਹੈ ਕਿ ਕਿਵੇਂ ਦੋਖੀਆਂ ਨੇ ਬਾਲਕ ਹਰਿਗੋਬਿੰਦ ਉਤੇ ਹਮਲੇ ਕੀਤੇ, ਅਤੇ ਪ੍ਰਿਥੀਏ ਦੀਆਂ ਜ਼ਿਆਦਤੀਆਂ ਦੀ ਤਸਵੀਰ ਮੌਜੂਦ ਹੈ। ਇਹ ਹੀ ਗੁਰੂ ਹਰਿਗੋਬਿੰਦ ਸਾਹਿਬ ਦਾ ਪਹਿਲਾ ਇਤਿਹਾਸਕ ਸ੍ਰੋਤ ਆਖਿਆ ਜਾ ਸਕਦਾ ਹੈ। ਗੁਰੂ ਸਾਹਿਬ ਬਾਰੇ ਦੂਜਾ ਸ੍ਰੋਤ ਭਾਈ ਗੁਰਦਾਸ ਜੀ ਦੀ ਰਚਨਾ ਹੈ ਜਿਸ ਨੂੰ ‘ਗੁਰਬਾਣੀ ਦੀ ਕੁੰਜੀ’ ਦਾ ਰੁਤਬਾ ਹਾਸਿਲ ਹੈ।
ਤੀਜਾ ਪ੍ਰਮੁੱਖ ਸ੍ਰੋਤ ਸਮਕਾਲੀ ‘ਦਾਬਿਸਤਾਨੇ ਮੁਜ਼ਾਹਿਬ' ਦਾ ਹੈ ਜੋ ਫ਼ਾਰਸੀ ਦੀ ਪਹਿਲੀ ਹੱਥ-ਲਿਖਤ (ਬਾਅਦ ਵਿੱਚ ਪ੍ਰਕਾਸ਼ਿਤ) ਹੈ ਜੋ ਇਕ ਗੈਰ-ਸਿੱਖ ਨੇ ਲਿਖੀ ਹੈ। ਇਸ ਵਿੱਚ ਸਿੱਖਾਂ ਬਾਰੇ ਕਈ ਬੁਨਿਆਦੀ ਅਸੂਲਾਂ ਦੇ ਰੂ-ਬ-ਰੂ ਇਤਿਹਾਸ ਦਾ ਜ਼ਿਕਰ ਕੀਤਾ ਗਿਆ ਹੈ। ਦਾਬਿਸਤਾਨੇ ਮੁਜ਼ਾਹਿਬ (ਭਾਵ:ਧਰਮਾਂ ਦਾ ਸਕੂਲ) ਬਾਰਾਂ ਖੰਡਾਂ ਵਿੱਚ ਵੰਡੀ ਹੋਈ ਹੈ। ਜਿਸ ਵਿਚ ਬਹੁਤ ਸਾਰੇ ਧਰਮਾਂ ਦੀ ਫ਼ਿਲਾਸਫੀ ਅਤੇ ਇਤਿਹਾਸ ਦਾ ਵਰਣਨ ਮਿਲਦਾ ਹੈ ਜੋ 17ਵੀਂ ਸਦੀ ਵਿੱਚੋਂ ਉਪਮਹਾਂਦੀਪ ਵਿੱਚ ਪ੍ਰਚਲਿੱਤ ਸਨ। ਇਸ ਕਿਤਾਬ ਵਿੱਚ ਚੋਣੇਂ ਧਰਮਾਂ ਅਤੇ ਫ਼ਿਰਕਿਆਂ ਦੀ ਭੂਮਿਕਾ ਅਤੇ ਪ੍ਰਮੁੱਖ ਪਹਿਲੂ ਦਰਜ ਮਿਲਦੇ ਹਨ ਜਿਵੇਂ ਪਾਰਸੀ, ਹਿੰਦੂ, ਤਿੱਬਤੀ, ਯਹੂਦੀ, ਨਾਨਕਪੰਥੀ (ਸਿੱਖ), ਮੁਸਲਮਾਨ, ਸਾਂਚਕੀਆ, ਬੋਧੀਆਂ, ਰੋਸ਼ਨੀਆਂ, ਇਲਾਹੀਆਂ, ਹਕੀਮਾਂ, ਸੂਫ਼ੀਆਂ, ਕਬੀਰ, ਪੰਥੀਆਂ ਆਦਿ।
ਬਹੁਤ ਸਾਰੇ ਵਿਦਵਾਨ ਲੇਖਕਾਂ ਨੇ ਆਪਣੀਆਂ ਲਿਖਤਾਂ ਵਿੱਚ ‘ਦਬਿਸਤਾਨੇ- ਮੁਜਾਹਿਬ' ਦਾ ਲੇਖਕ ਮੁੱਲਾ ਮੋਹਸਨ ਫ਼ਾਨੀ ਕਸ਼ਮੀਰੀ ਲਿਖਿਆ ਹੈ। ਪਰ ਜਦੋਂ ਇਸ ਕਿਤਾਬ ਦਾ ਅਧਿਐਨ ਕਰਦੇ ਹਾਂ ਤਾਂ ਇਸ ਦਾ ਲੇਖਕ ਮੁਹਸਨ ਫ਼ਾਨੀ ਨਹੀਂ ਕਿਹਾ ਜਾ ਸਕਦਾ। ਬਹੁਤ ਸਾਰੇ ਜੀਵਨੀ ਲੇਖਕਾਂ ਨੇ ਫ਼ਾਨੀ ਦਾ ਜ਼ਿਕਰ ਕੀਤਾ ਹੈ ਪਰ ਕਿਸੇ ਇੱਕ ਇਤਿਹਾਸਕਾਰ ਨੇ ਦਬਿਸਤਾਨ ਦੇ ਲੇਖਕ ਉਸਨੂੰ ਨਹੀਂ ਮੰਨਿਆ।‘ਦਬਿਸਤਾਨੇ-ਮੁਜ਼ਾਹਿਬ` ਦਾ ਮੋਹਸਨ ਫ਼ਾਨੀ ਕਸ਼ਮੀਰੀ ਨਾਲ ਨੇੜੇ ਦਾ ਸੰਬੰਧ ਵੀ ਨਹੀਂ ਸੀ। ਇਸ ਦਲੀਲ ਦੇ ਬਹੁਤ ਸਾਰੇ ਕਾਰਨ ਹਨ। ਫ਼ਾਨੀ ਦੀ ਵਾਰਤਕ ਵਨੰਗੀ ਦਬਿਸਤਾਨ ਤੋਂ ਬਿਲਕੁੱਲ ਵੱਖ ਹੈ। ਦਬਿਸਤਾਨ ਦੇ 395 ਸਫ਼ੇ ਹਨ ਜਿਨ੍ਹਾਂ ਵਿੱਚੋਂ 134 ਸਫ਼ੇ ਕੇਵਲ ਇਰਾਨ ਦੇ ਧਾਰਮਿਕ ਫ਼ਿਰਕਿਆਂ ਬਾਰੇ ਹਨ ਜਿਨ੍ਹਾਂ 'ਚ ਵਿਸ਼ੇਸ਼ ਥਾਂ ਪਾਰਸੀ ਅਤੇ ਸਾਪਾਸੀ ਲਈ ਰਾਖਵੀਂ ਰੱਖੀ ਗਈ ਹੈ।
ਇਸਲਾਮ ਬਾਰੇ ਕੇਵਲ 38 ਪੰਨੇ ਰਾਖਵੇਂ ਰੱਖੇ ਗਏ ਹਨ ਜਿਸ ਦੀ ਜਾਣਕਾਰੀ ਦੂਜੇ ਸੋਮਿਆਂ ਤੋਂ ਇਕੱਤਰ ਕੀਤੀ ਗਈ ਹੈ ਅਤੇ ਘੱਟ ਮਹੱਤਵ ਵਾਲੀ ਹੈ। ਪ੍ਰਮੁੱਖ ਕਾਰਣ ਜੋ ਤਵਾਰੀਖ ਵਿੱਚ ਘਰ ਕਰ ਗਏ ਹਨ ਉਹ ਇਹ ਕਿ ਫ਼ਾਨੀ ‘ਦਬਿਸਤਾਨ' ਦਾ ਲੇਖਕ ਹੈ ਕਿਉਂਕਿ ਬਹੁਤਿਆਂ ਦਬਿਸਤਾਨ ਦੀਆਂ ਹੱਥ ਲਿਖਤਾਂ ਵਿੱਚ ਸ਼ੁਰੂ 'ਚ ਇੰਝ ਲਿਖਿਆ ਮਿਲਦਾ ਹੈ, “ਮੋਹਸਨ ਫ਼ਾਨੀ ਨੇ ਕਿਹਾ ਅਤੇ ਉਸ ਤੋਂ ਬਾਅਦ ਉਸ ਦੇ ਦੋ ਬੈਂਤ ਦਰਜ ਹਨ। ਇਸ ਨੁਕਤੇ ਨੂੰ ਸਪਸ਼ਟ ਕਰਦਿਆਂ ਹੋਇਆ ਮੁੱਲਾਂ ਫਿਰੋਜ਼ ਵਿਦਵਾਨ ਨੇ ਲਿਖਿਆ, “ਇੱਕ ਲਾਪਰਵਾਹ ਜਾਂ ਅਗਿਆਨੀ ਪੜਾਕੂ ਨੇ ਇਨ੍ਹਾਂ ਸ਼ਬਦ ਵੱਲ ਖਾਸ ਧਿਆਨ ਦੇ ਦਿੱਤਾ। ਇਸ ਸਤਰ ਨੂੰ ਕਿਤਾਬ ਦਾ ਲੇਖਕ ਸਮਝਣ ਦੀ ਸ਼ੁਰੂਆਤ ਹੋ ਗਈ। ਬਹੁਤਿਆਂ ਨੇ ਕਿਤਾਬ ਦਾ ਲੇਖਕ ਫ਼ਾਨੀ ਨੂੰ ਸਮਝ ਲਿਆ ਜਦਕਿ ਅਸਲੀਅਤ ਵਿੱਚ ਮੋਹਸਨ ਫ਼ਾਨੀ ਦੋ ਬੈਤਾਂ ਦਾ ਲੇਖਕ ਸੀ।
ਡਾਕਟਰ ਐਸ.ਏ.ਐੱਚ. ਆਬਾਦੀ ਨੇ ਸਪਸ਼ਟ ਲਿਖਿਆ ਹੈ, “ਸਰ ਵਿਲਅਮ ਜੋਨਸ ਨੂੰ ਵੀ ਭੁਲੇਖਾ ਲੱਗਾ ਸੀ। ਜਿਥੋਂ ਤੱਕ ਮੁੱਲਾ ਮੋਹਸਨ ਫ਼ਾਨੀ ਦਾ ਸੰਬੰਧ ਹੈ ਉਹ ਸਚ ਮੁੱਚ ਕਸ਼ਮੀਰ ਦਾ ਰਹਿਣ ਵਾਲਾ ਸੀ ਅਤੇ ‘ਫ਼ਾਨੀ’ ਉਸ ਦਾ ਕਲਮੀ ਨਾਂ ਸੀ। ਇਹ ਮੁੱਲਾ ਯਾਕੂਬ ਸਫ਼ਰੀ ਅਤੇ ਮੋਹਾਬੁਲਾ ਅਹਲਾਬਾਦੀ ਦਾ ਸ਼ਾਗਿਰਦ ਸੀ। ਮੁੱਲਾ ਫ਼ਾਨੀ ਦੇ ਦੋ ਪ੍ਰਮੁੱਖ ਸ਼ਾਗਿਰਦ ਸਨ ਉਨ੍ਹਾਂ ਵਿੱਚ ਗੱਨੀ ਕਸ਼ਮੀਰੀ (ਦੇਹਾਂਤ 1668-69 ਈ.) ਅਤੇ ਸਲੀਮ ਕਸ਼ਮੀਰੀ (ਦੇਹਾਂਤ 1707 ਈ.) ਵਰਨਣ ਯੋਗ ਹਨ। ਬਾਦਸ਼ਾਹ ਸ਼ਾਹ ਜਹਾਨ ਦੇ ਅਹਿਦ ਵਿੱਚ ਫ਼ਾਨੀ ਨੇ ਨੌਕਰੀ ਕੀਤੀ ਅਤੇ ਚੀਫ਼-ਜੱਜ ਦੇ ਅਹੁਦੇ ਤੱਕ ਪੂਜਾ। ਜਦੋਂ ਮੁਰਾਦ ਬਖਸ਼ ਨੇ ਨਾਜ਼ਰ ਮੁਹੰਮਦ ਨੂੰ ਜੰਗ ਵਿੱਚ ਹਾਰ ਦਿੱਤੀ ਤਾਂ ਉਸ ਨੇ ਫ਼ਾਨੀ ਦੇ ਦੀਵਾਨ ਦੀ ਇੱਕ ਕਾਪੀ ਲਾਇਬਰੇਰੀ ਵਿੱਚੋਂ ਲੱਭੀ ਜਿਸ ਵਿੱਚ ਨਾਜ਼ਰ ਮੁਹੰਮਦ ਦੀ ਤਾਰੀਫ਼ ਵਿੱਚ ਕਸੀਦੇ ਲਿਖੇ ਹੋਏ ਸਨ। ਫ਼ਾਨੀ ਨੂੰ ਤੁਰੰਤ ਚੀਫ਼ ਜੱਜ ਦੇ ਅਹੁਦੇ ਤੋਂ ਬਰਤਰਫ ਕਰਕੇ ਉਸ ਨੂੰ ਗੁਜ਼ਾਰੇ ਵਾਸਤੇ ਥੋੜੀ ਜਿਹੀ ਪੈਨਸ਼ਨ ਦਿੱਤੀ ਗਈ। ਨੌਕਰੀ ਤੋਂ ਮਗਰੋਂ ਮੋਹਸਨ ਫ਼ਾਨੀ ਨੇ ਬਾਕੀ ਜ਼ਿੰਦਗੀ ਆਪਣੇ ਆਬਾਈ ਘਰ ਕਸ਼ਮੀਰ ਵਿੱਚ ਗੁਜ਼ਾਰੀ। ਇਨ੍ਹਾਂ ਸਮਿਆਂ ਵਿੱਚ ਫ਼ਾਨੀ ਦੇ ਬਹੁਤ ਸਾਰੇ ਲੋਕਾਂ, ਲੇਖਕਾਂ ਅਤੇ ਬੁੱਧੀ ਜੀਵੀਆਂ ਨੂੰ ਪੜਾਉਣ ਦਾ ਕੰਮ ਕੀਤਾ ਜੋ ਉਸ ਨੂੰ ਲਗਾਤਾਰ ਮਿਲਣ ਆਉਂਦੇ ਸਨ।
ਮੁਹਸਨ ਫਾਨੀ ਦੀ ਯਾਦਗਾਰੀ ਰਚਨਾ ‘ਕੁਲਿਆਤ-ਏ-ਫ਼ਾਨੀ' (ਹੱਥ ਲਿਖਤ ਨੰ: 3565, ਰਾਮਪੁਰ) ਹੈ ਜਿਸ ਵਿੱਚ 5000 ਤੋਂ 7000 ਬੰਦ ਦਰਜ ਹਨ। ਮੁਹਸਨ ਫਾਨੀ ਦੀਆਂ ਮਸਨਵੀਆਂ ਇਸ ਪ੍ਰਕਾਰ ਹਨ: ਨਾਜ਼-ਉ-ਨੀਵਾ ( ਇਤਿਹਾਸਕ ਪਿਆਰ ਕਹਾਣੀ) ਮਹਿਖਾਨੇ (ਕਸ਼ਮੀਰ ਦੇ ਬਾਗਾਂ, ਨਦੀਆਂ ਦਰਿਆਵਾਂ ਅਤੇ ਖੂਬਸੂਰਤ ਥਾਵਾਂ ਦਾ ਵਰਨਣ) ਮੁਸਦਾਰੁਲ-ਅੱਤਰ (ਸ਼ਾਹ ਜਹਾਂ ਦੀ ਸਿਫਤ), ਹਫਤ-ਅਖੱਤਰ (ਆਲਮਗੀਰ ਬਾਰੇ) ਆਦਿ। ਇਸ ਤੋਂ ਇਲਾਵਾ ਉਸ ਨੇ ਬਹੁਤ ਸਾਰੇ ਕਸੀਦੇ, ਗ਼ਜ਼ਲਾਂ ਅਤੇ ਚਉਪਦੇ ਲਿਖੇ। ਫਾਨੀ ਨੇ ਅਰਬੀ ਵਿੱਚ ਸ਼ਾਹ-ਏ-ਅਕੈਦ ਵਾਰਤਕ ਲਿਖੀ ਜਿਸ ਦੀ ਹੱਥ ਲਿਖਤ ਇਸਲਾਮੀ ਕਾਲਜ, ਪਿਸ਼ਵਰ ਵਿੱਚ ਮ: ਨੰ: 794 ਹੇਠ ਸਾਂਭੀ ਪਈ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਮੁੱਲਾ ਮੋਹਸਨ ਫਾਨੀ ਕਸ਼ਮੀਰੀ ਆਪਣੇ ਸਮੇਂ ਦਾ ਇਕ ਵੱਡਾ ਕਵੀ ਤੇ ਵਿਦਵਾਨ ਸੀ। ਉਸ ਦੀ ‘ਮਸਵਰੁਲ ਅਥਰ ਕਿਤਾਬ ਇਸ ਗਲ ਦੀ ਪੁਸ਼ਟੀ ਕਰਦੀ ਹੈ ਕਿ ਉਸ ਨੂੰ ਇਸਲਾਮ ਦਾ ਡੂੰਘਾ ਗਿਆਨ ਸੀ। ਫਾਨੀ ਦਾ ਦੇਹਾਂਤ ਕਸ਼ਮੀਰ ਵਿੱਚ ਹੋਇਆ।
ਅਜੌਕੀ ਖੋਜ ਅਨੁਸਾਰ ਹੁਣ ਇਹ ਗੱਲ ਸਪੱਸ਼ਟ ਹੋ ਚੁੱਕੀ ਹੈ ਜਿ ਦਬਿਸਤਾਨੇ -ਮੁਜ਼ਾਹਿਬ ਦਾ ਲੇਖਕ ਮੋਬਿੱਦ ਜ਼ੁਲਫਕਾਰ ਅਰਦਸਤਾਨੀ ਸਾਸਨੀ (1615-1670 ਈ.) ਸੀ ਜੋ ਇਰਾਨ ਦੇ ਸਾਸੂਨ ਇਲਾਕੇ ਦਾ ਪਾਰਸੀ ਪਾਦਰੀ ਸੀ ਉਸ ਨੇ ਆਪਣੀ ਬਹੁਤੀ ਜ਼ਿੰਦਗੀ ਆਪਣੇ ਪ੍ਰਮੁੱਖ ਪਾਰਸੀ ਪਾਦਰੀ ਅਜ਼ਹਰ ਪਰਿਵਾਰ (ਦੇਹਾਂਤ 1618) ਦੇ ਹੇਠ ਗੁਜ਼ਾਰੀ ਸੀ ਜੋ ਅਕਬਰ ਬਾਦਸ਼ਾਹ (1542-1605 ਈ.) ਦ ਸਮੇਂ ਦੌਰਾਨ ਹਿੰਦੁਸਤਾਨ ਆਇਆ ਅਤੇ ਪਟਨੇ ਨੂੰ ਆਪਣਾ ਦੂਜਾ ਘਰ ਬਣਾ ਲਿਆ ਸੀ। ਜ਼ੁਲਫਕਾਰ ਇਕ ਧਾਰਮਿਕ ਵਿਚਾਰਾਂ ਵਾਲਾ ਨੌਜਵਾਨ ਸੀ ਜੋ ਬੜਾ ਉਦਾਰਚਿੱਤ ਦ੍ਰਿਸ਼ਟੀਕੋਣ ਦਾ ਮਾਲਕ ਸੀ। ਉਹ ਕਸ਼ਮੀਰ ਵਿੱਚ ਵੀ ਕਾਫ਼ੀ ਦੇਰ ਰਿਹਾ। ਕਈਆਂ ਨੇ ਉਸ ਨੂੰ ਅਜ਼ਰ ਕਹਿਵਾਨ ਦਾ ਪੋਤਾ ਕਰਕੇ ਵੀ ਲਿਖਿਆ ਹੈ।
‘ਦਬਿਸਤਾਨੇ-ਮੁਜ਼ਾਹਿਬ' ਦੀ ਹੱਥ-ਲਿੱਖਤ ਪ੍ਰੋ. ਸਈਦ ਹਸਨ ਅਸਕਾਰੀ ਨੇ ਸ਼ਹਿਰ ਵਿੱਚ 1930 ਈ. ਵਿੱਚ ਲਭੀ ਜੋ ਇਰਾਨ ਦੇ ਇੱਕ ਮੁਸਲਮਾਨ ਪ੍ਰਵਾਰ ਕੋਲੋਂ ਬੜੀ ਮਿਹਨਤ ਨਾਲ ਹਾਸਿਲ ਕੀਤੀ। ਉਸ ਹੱਥ ਲਿੱਖਤ ਦੇ ਆਰੰਭਕ ਵਰਕੇ ’ਤੇ ਲਾਪਰਵਾਹੀ ਤੇ ਆਲੋਚਨਾਤਮਿਕ ਟਿੱਪਣੀਆਂ ਦਰਜ ਕੀਤੀਆਂ ਗਈਆਂ ਸਨ ਜਿਨ੍ਹਾਂ ਵਿੱਚ ਲੇਖਕ ਬਾਰੇ ਮਹੱਤਵਪੂਰਨ ਜਾਣਕਾਰੀ ਦਰਜ ਕੀਤੀ ਗਈ ਸੀ। ਇਹ ਜਾਣਕਾਰੀ ਅੰਗ੍ਰੇਜ਼ ਵਿਦਵਾਨਾਂ ਡੇਢਿੱਡ ਸ਼ੀਹਾ ਅਤੇ ਐਨਥੋਨੀ ਟਰੋਇਰ ਨੂੰ ਨਹੀਂ ਸੀ ਮਿਲ ਸਕੀ।
ਇੱਕ ਹੋਰ ਹੱਥ-ਲਿਖਤ ਮੁਸਲਿਮ ਅਲੀਗੜ੍ਹ ਲਾਇਬਰੇਰੀ, ਅਲੀਗੜ੍ਹ ਵਿੱਚ ਪਈ ਹੈ।
ਸਿੱਖ ਧਰਮ ਬਾਰੇ ਜੋ ਇਸ ਵਿੱਚ ਜਾਣਕਾਰੀ ਆਈ ਹੈ ਉਹ ਸਿੱਖ ਫਿਲਾਸਫ਼ੀ ਅਤੇ ਇਤਿਹਾਸ ਦੇ ਕਈ ਬੁਨਿਆਦੀ ਅਸੂਲਾਂ ’ਤੇ ਚਾਨਣਾ ਪਾਉਂਦੀ ਹੈ ਜੋ 17ਵੀਂ ਸਦੀ ਵਿੱਚ ਪ੍ਰਚੱਲਤ ਸਨ। ਭਾਵੇਂ ਇਸ ਵਿੱਚ ਕਈ ਥਾਂ ਗਲਤ-ਸਮੱਗਰੀ ਅਤੇ ਛੋਟੀਆਂ ਮੋਟੀਆਂ ਗ਼ਲਤੀਆਂ ਵੀ ਸ਼ਾਮਿਲ ਕਰ ਗਿਆ ਹੈ ਪਰ, ਫਿਰ ਵੀ ਇਸ ਵਿਚਲਾ ਚਿਤਰਣ ਸਚਾਈ ਦੇ ਨੇੜੇ ਢੁੱਕਦਾ ਹੈ। ਉਹ ਲਿਖਦਾ ਹੈ ਕਿ ਉਹ ਗੁਰੂ ਹਰਿਗੋਬਿੰਦ ਸਾਹਿਬ (1590-1644) ਅਤੇ ਗੁਰੂ ਹਰਿ ਰਾਇ ਸਾਹਿਬ (1630-61) ਨੂੰ ਨਿੱਜੀ ਤੌਰ 'ਤੇ ਜਾਣਦਾ ਸੀ ਅਤੇ ਉਨ੍ਹਾਂ ਨਾਲ ਖਤੋ-ਕਿਤਾਬਤ ਵੀ ਕਰਦਾ ਸੀ। ਉਹ ਕੀਰਤਪੁਰ ਵਿੱਚ ਕਈ ਮਹੀਨੇ ਠਹਿਰਿਆ ਸੀ। ਦਬਿਸਤਾਨ ਦੇ ਲੇਖਕ ਨੇ ਜੋ ਸਿੱਖ ਇਤਿਹਾਸ ਅਤੇ ਧਰਮ ਬਾਰੇ ਬੁਨਿਆਦੀ ਅਸੂਲ ਦਰਜ ਮਿਲਦੇ ਹਨ ਉਹ ਇਸ ਪ੍ਰਕਾਰ ਹਨ:-1. ਸਿੱਖ ਵਿਸ਼ਵਾਸ ਕਰਦੇ ਹਨ ਕਿ ਸਾਰੇ ਗੁਰੂ ਸਾਹਿਬਾਨ ਨਾਨਕ ਦੀ ਹੀ ਰੂਹ ਹਨ ਜੋ ਇਹ ਵਿਸ਼ਵਾਸ ਨਹੀਂ ਕਰਦੇ, ਉਨ੍ਹਾਂ ਨੂੰ ਧਰਮ-ਵਿਰੋਧੀ ਠਹਿਰਾਉਂਦੇ ਹਨ। 2. ਸਿੱਖ ਇੱਕ ਅਕਾਲ ਪੁਰਖ 'ਤੇ ਵਿਸ਼ਵਾਸ ਰੱਖਦੇ ਹਨ ਅਤੇ ਗੁਰੂ ਨਾਨਕ ਦੇ ਸਿੱਖ 'ਮੂਰਤੀ ਪੂਜਾ' ਦਾ ਖੰਡਨ ਕਰਦੇ ਹਨ ਅਤੇ ਹਿੰਦੂ ਮੰਤਰਾਂ ਨੂੰ ਨਹੀਂ ਮੰਨਦੇ. 3. ਉਹ ਹਿੰਦੂਆਂ ਦੀ ਪਵਿੱਤਰ ‘ਸਾਂਸਕ੍ਰਿਤ’ ਭਾਸ਼ਾ ਨੂੰ ਕੋਈ ਸਤਿਕਾਰ ਨਹੀਂ ਦੇਂਦੇ। ਆਪਣੇ ਧਰਮ (ਸਿੱਖ) ਦੇ ਪ੍ਰਚਾਰ ਵਾਸਤੇ ਲੋਕ ਭਾਸ਼ਾ (ਪੰਜਾਬੀ) ਦੀ ਵਰਤੋਂ ਕਰਦੇ ਹਨ। 4.ਸਿੱਖ ਹਰ ਥਾਂ ’ਤੇ ਮੌਜੂਦ ਹਨ। 5. ਦਸਵੰਧ ਅਤੇ ਮਸੰਦਾ ਬਾਰੇ ਵਿਸਥਾਰ ਨਾਲ ਜ਼ਿਕਰ ਮਿਲਦਾ ਹੈ। ਮਸੰਦਾਂ ਨੂੰ ਰੁਖਸਤ ਕਰਨ ਸਮੇਂ ਗੁਰੂ ਸਾਹਿਬ ‘ਦਸਤਾਰ’ ਭੇਟ ਕਰਦੇ ਸਨ। ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਸਾਹਿਬ, ਗੁਰੂ ਅਰਜਨ ਸਾਹਿਬ, ਗੁਰੂ ਹਰਿਗੋਬਿੰਦ ਸਾਹਿਬ ਅਤੇ ਗੁਰੂ ਹਰਿਰਾਇ ਸਾਹਿਬ ਬਾਰੇ ਕਿਤੇ ਸਕੋਂਚਵੇਂ ਅਤੇ ਕਿੱਤੇ ਵਿਸਥਾਰ ਨਾਲ ਜ਼ਿਕਰ ਕੀਤਾ ਹੈ। ਗੁਰੂ ਹਰਿਗੋਬਿੰਦ ਸਾਹਿਬ ਦੇ 700 ਘੋੜਿਆਂ 300 ਘੋੜਸਵਾਰਾਂ ਅਤੇ 60 ਤੋਪਚੀਆਂ ਦਾ ਵਰਨਣ ਵੀ ਇਸ ਪੁਸਤਕ ਵਿੱਚ ਆਉਂਦਾ ਹੈ। ਗੁਰੂ ਸਾਹਿਬ ਦੀਆਂ ਜੰਗਾਂ ਦਾ ਜ਼ਿਕਰ ਵੀ ਆਇਆ ਹੈ। ਗੁਰੂ ਸਾਹਿਬ ਦੇ ਚੋਣਵੇਂ ਅਤੇ ਮੁੱਖੀ ਮਸੰਦਾਂ ਦਾ ਵੀ ਵਿਸਥਾਰ ਨਾਲ ਉਲੇਖ ਕੀਤਾ ਮਿਲਦਾ ਹੈ ਆਦਿ। ਦਬਿਸਤਾਨੇ ਮੁਜ਼ਾਹਿਬ ਦੇ ਕਈ ਅਨੁਵਾਦ ਹੋਏ ਹਨ। ਇਹ ਇੱਕ ਗੈਰ-ਸਿੱਖ ਵੱਲੋਂ ਗੁਰੂ ਹਰਿਗੋਬਿੰਦ ਸਾਹਿਬ ਦੇ ਜੀਵਨ ਬਾਰੇ ਚਾਨਣਾ ਪਾਉਂਦਾ ਪਹਿਲਾ ਸ੍ਰੋਤ ਹੈ ਜੋ ਫ਼ਾਰਸੀ ਭਾਸ਼ਾ ਵਿੱਚ ਹੈ। ਨਾਨਕ ਪੰਥੀਆਂ ਦਾ ਵੇਰਵਾ 223 ਤੋਂ 240 ਪੰਨਿਆਂ ਤੱਕ ਦਰਜ ਹੈ। ਇਸ ਵਿੱਚ ਲੇਖਕ ਨੇ ਨਿਰਪੱਖ ਅਤੇ ਅੱਖੀ ਡਿੱਠੀ ਘਟਨਾਵਾਂ ਨੂੰ ਕਲਮਬੰਦ ਕੀਤਾ ਹੈ।
-
ਡਾ ਜਸਬੀਰ ਸਿੰਘ ਸਰਨਾ , ਲੇਖਕ
jbsingh.801@gmail.com
09906566604
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.