ਨੈੱਟਫਲਿਕਸ ਤੇ 2 ਜੂਨ ਤੋਂ ਦਿਖਾਈ ਜਾ ਰਹੀ ਵੈੱਬ ਸੀਰੀਜ਼ " ਸਕੂਪ" ਦੇਖਣ ਦਾ ਮੌਕਾ ਮਿਲਿਆ .ਬਹੁਤ ਵਧੀਆ ਹੈ, ਸਕਰਿਪਟ ਅਤੇ ਡਾਇਰੈਕਸ਼ਨ ਪੱਖੋਂ ਵੀ ਅਤੇ ਐਕਟਰਾਂ ਦੀ ਚੋਣ ਅਤੇ ਉਨ੍ਹਾਂ ਦੀ ਕਾਰਗੁਜ਼ਾਰੀ ਪੱਖੋਂ ਵੀ .ਪਿਛਲੇ 42 ਸਾਲ ਤੋਂ ਪੱਤਰਕਾਰੀ ਅਤੇ ਖ਼ਾਸ ਕਰਕੇ ਵਰਨੈਕੂਲਰ ਮੀਡੀਆ ਵਿਚ ਸਰਗਰਮ ਰਹਿਣ ਕਰਕੇ ਅਜਿਹੇ ਵਿਸ਼ੇ ਤੇ ਬਣਨ ਵਾਲੀ ਫ਼ਿਲਮ ਜਾਂ ਸੀਰੀਜ਼ ਵਿੱਚ ਦਿਲਚਸਪੀ ਹੋਣੀ ਸੁਭਾਵਕ ਹੈ .ਦਸਤਾਵੇਜ਼ੀ ਫ਼ਿਲਮ ਨਮੂਨੇ ਤੇ ਇੱਕ ਸੱਚੀ ਕਹਾਣੀ ਤੇ ਆਧਾਰਿਤ ਇਸ ਸੀਰੀਜ਼ ਵਿੱਚ ਜਿਸ ਤਰ੍ਹਾਂ ਅੰਡਰਵਰਲਡ ਮਾਫ਼ੀਆ ਗਰੋਹਾਂ ਦੇ ਰਾਜ ਦੌਰਾਨ ਰੀਪੋਰਟਿੰਗ ਕਰਦੇ ਸਮੇਂ 10-15 ਸਾਲ ਪਹਿਲਾਂ ਖਰੇ ਮੀਡੀਆ ਕਰਮੀਆਂ ਲਈ ਔਖੀਆਂ ਅਤੇ ਖ਼ਤਰੇ ਭਰੀਆਂ ਹਾਲਤਾਂ ਦਿਖਾਈਆਂ ਗਈਆਂ ਹਨ ਅਤੇ ਖ਼ਾਸ ਕਰਕੇ ਜਦੋਂ ਉਹ ਮਾਫ਼ੀਆ ਗੈਂਗ ਵਾਰ , ਅੰਡਰਵਰਲਡ ਮਾਫ਼ੀਆ ਦੇ ਪੁਲਿਸ ਅਤੇ ਸਰਕਾਰੀ ਤੰਤਰ ਦੇ ਨੇਕਸਸ ਦਾ ਸ਼ਿਕਾਰ ਹੁੰਦੇ ਨੇ ਇਸ ਦਾ ਅੰਦਾਜ਼ਾ ਮੇਰੇ ਵਰਗੇ ਬਹੁਤ ਸਾਰੇ ਜਰਨਲਿਸਟ ਲਾ ਸਕਦੇ ਨੇ ਜਿਨ੍ਹਾਂ ਪੰਜਾਬ ਵਿਚ ਦਹਿਸ਼ਤਵਾਦ ਦੇ ਕਾਲੇ ਦਿਨ ਆਪਣੇ ਪਿੰਡੇ ਹੰਢਾਏ ਹਨ. ਅੱਧੀ ਦਰਜਨ ਤੋਂ ਵੱਧ ਪੰਜਾਬ ਦੇ ਜਰਨਲਿਸਟ ਤਾਂ ਉਸ ਦੌਰ ਦੇ ਭੇਂਟ ਚੜ੍ਹ ਗਏ ਸਨ ਅਤੇ ਮੁੰਬਈ ਦੇ ਜਯੋਤਿਰਮੋਏ ਡੇ ਵਾਂਗ ਇਸ ਦੁਨੀਆ ਵਿਚ ਨਹੀਂ ਹਨ।
ਕੁਝ ਦਿਨ ਪਹਿਲਾਂ ਇਸ ਦੀ ਐਡ ਦੇਖੀ ਤਾਂ ਉਦੋਂ ਹੀ ਉਤਸੁਕਤਾ ਹੋ ਗਈ ਸੀ. ਪੁਲਿਸ ਤੇ ਕ੍ਰਾਈਮ ਕਵਰ ਕਰਦੇ ਮੀਡੀਆ ਕਰਮੀਆਂ ਦੇ ਪੁਲਿਸ ਅਤੇ ਸੂਹੀਆ ਏਜੰਸੀਆਂ ਨਾਲ ਦੁਵੱਲੇ ਰਿਸ਼ਤੇ,ਆਲ੍ਹਾ ਅਫ਼ਸਰਾਂ ਜਾਂ ਸੱਤਾਧਾਰੀ ਸਿਆਸਤਦਾਨਾਂ ਨਾਲ ਨੇੜਲੇ ਸਬੰਧ ਰੱਖਣ ਵਾਲੇ ਪੱਤਰਕਾਰਾਂ ਵੱਲੋਂ ਆਪਣੇ ਆਪ ਨੂੰ " ਪਾਵਰ ਫੁੱਲ" ਸਮਝਣ ਦੀ ਗ਼ਲਤ ਫ਼ਹਿਮੀ ਦਾ ਸ਼ਿਕਾਰ ਹੋਣ ਦੇ ਸਿਲਸਿਲੇ ਨੂੰ ਵੀ ਬਹੁਤ ਵਧੀਆ ਢੰਗ ਦਿਖਾਇਆ ਗਿਆ ਹੈ ਜੋ ਕਿ ਅਜੋਕੇ ਮੀਡੀਆ ਕਰਮੀਆਂ ਲਈ ਇਕ ਚੰਗਾ ਸਬਕ ਹੋ ਸਕਦਾ ਹੈ . ਮੈਨੂੰ ਤਾਂ ਖ਼ੁਦ ਇਸ ਦਾ ਖ਼ੁਦ ਬਹੁਤ ਕੌੜਾ -ਮਿੱਠਾ ਤਜਰਬਾ ਹੈ. ਇਸ ਤੋਂ ਇਲਾਵਾ ਮੀਡੀਆ ਜਗਤ ਤੇ ਵੀ ਮਰਦ-ਪ੍ਰਧਾਨ ਸਮਾਜ ਡੇਢ ਕੁ ਦਹਾਕਾ ਪਹਿਲਾਂ ਦੇ ਮਾਹੌਲ ਦਾ ਚਿਤਰਨ ਵੀ ਖ਼ੂਬ ਕੀਤਾ ਹੈ ਜਿਸ ਵਿਚ ਕੋਈ ਔਰਤ ਆਪਣੀ ਹਿੰਮਤ ਅਤੇ ਉੱਦਮ ਨਾਲ ਆਪਣੇ ਦਮ ਤੇ ਵੀ ਅੱਗੇ ਹੋਵੇ ਤਾਂ ਸਾਥੀ ਮਰਦਾਂ ਲਈ ਇਹ ਹਜ਼ਮ ਕਰਨਾ ਔਖ ਹੁੰਦਾ ਹੈ .ਜੇਲ੍ਹਾਂ ਅੰਦਰ ਵੀ ਕਿਵੇਂ ਮਾਫ਼ੀਆ ਰਾਜ ਚਲਦਾ ਹੈ ਇਹ ਦੀ ਝਲਕ ਵੀ ਪੂਰੀ ਹੈ ਇਹ ਕਹਾਣੀ ਹੀ ਵੋਮੈਨ ਜਰਨਲਿਸਟ ਦੀ ਹੈ ਜਿਸ ਨੂੰ ਬੇਕਸੂਰ ਹੁੰਦੇ ਹੋਏ ਵੀ ਆਪਣੇ ਹੀ ਇੱਕ ਸਾਥੀ ਮੀਡੀਆ ਕਰਮੀਂ ਦੇ ਮਾਫ਼ੀਆ ਗੈਂਗ ਵੱਲੋਂ ਕੀਤੇ ਕਤਲ ਦੇ ਝੂਠੇ ਇਲਜ਼ਾਮ ਹੇਠ 9 ਮਹੀਨੇ ਜੇਲ੍ਹ 'ਚਾਹੀਦਾ ਡੱਕਿਆ ਗਿਆ .ਉਸ ਦੌਰ ਦੇ ਹਿਸਾਬ ਨਾਲ ਪ੍ਰਿੰਟ ਮੀਡੀਆ ਦੇ ਹੋ ਰਹੇ ਵਪਾਰੀ ਕਰਨ ਅਤੇ ਨਿਰਪੱਖ ਪੱਤਰਕਾਰੀ ਇਸ ਦਾ ਕਿਵੇਂ ਸ਼ਿਕਾਰ ਹੋ ਰਹੀ ਹੈ, ਦੀਆਂ ਵੀ ਝਲਕਾਂ ਸਾਫ਼ ਹਨ. ਇਹ ਵੀ ਬਾਖ਼ੂਬੀ ਦਿਖਾਇਆ ਗਿਆ ਹੈ ਕਿ ਕਿਵੇਂ ਮੀਡੀਆ ਦੇ ਕੁਝ ਹਿੱਸਿਆਂ ਨੂੰ ਸਨਸਨੀ ਫੈਲਾਉਣ ਅਤੇ ਕਿਰਦਾਰਕੁਸ਼ੀ ਕਰਨ ਅਤੇ ਮੀਡੀਆ ਟਰਾਇਲ ਲਈ ਮਿੱਥ ਕੇ ਵਰਤਿਆ ਵੀ ਜਾਂਦਾ ਹੈ .
ਕਰਿਸਮਾਂ ਤੰਨਾ
" ਸਕੂਪ" ਦੀ ਕਹਾਣੀ ਮੁੰਬਈ ਦੀ ਵੋਮੈਨ ਜਰਨਲਿਸਟ ਜਿਗਨਾ ਵੋਰਾ ਦੀ ਕਿਤਾਬ 'ਬਿਹਾਈਂਡ ਦ ਬਾਰਜ਼ ਇਨ ਬਾਈਕੁਲਾ: ਮਾਈ ਡੇਜ਼ ਇਨ ਪ੍ਰਿਜ਼ਨ' 'ਤੇ ਆਧਾਰਿਤ ਹੈ। ਜੂਨ 2011 ਵਿੱਚ ਕ੍ਰਾਈਮ ਰਿਪੋਰਟਰ ਜਯੋਤਿਰਮੋਏ ਡੇ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿੱਚ ਜਿਗਨਾ ਵੋਰਾ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ। ਉਹ ਉਸ ਸਮੇਂ ਏਸ਼ੀਅਨ ਏਜ ਅਖ਼ਬਾਰ ਦੀ ਡਿਪਟੀ ਬਿਊਰੋ ਚੀਫ਼ ਸੀ। ਜਿਗਨਾ 'ਤੇ ਜੋਤਿਰਮਯ ਡੇ ਨਾਲ ਨਿੱਜੀ ਦੁਸ਼ਮਣੀ ਰੱਖਣ ਦਾ ਦੋਸ਼ ਲਾਇਆ ਗਿਆ ਸੀ ਅਤੇ ਕਿਹਾ ਗਿਆ ਕਿ ਇਸੇ ਕਾਰਨ ਉਸ ਨੇ ਛੋਟਾ ਰਾਜਨ ਗੈਂਗ ਨੂੰ ਕੁਝ ਜਾਣਕਾਰੀ ਦਿੱਤੀ। ਇਸੇ ਆਧਾਰ 'ਤੇ ਜਯੋਤਿਰਮੋਏ ਦੀ ਪਛਾਣ ਕਰਕੇ ਉਸ ਦੀ ਹੱਤਿਆ ਕਰ ਦਿੱਤੀ ਗਈ। ਇਸ ਲੜੀ ਵਿਚ ਪਾਤਰਾਂ ਅਤੇ ਅਖ਼ਬਾਰਾਂ ਦੇ ਨਾਂ ਫ਼ਰਜ਼ੀ ਦਿੱਤੇ ਗਏ ਹਨ।
ਸੀਰੀਜ਼ ਇਹ ਵੀ ਦਰਸਾਉਂਦੀ ਹੈ ਕਿ ਉਸ ਅਸਲ ਘਟਨਾ ਅਤੇ ਆਮ ਲੋਕਾਂ ਤੱਕ ਪਹੁੰਚਣ ਵਾਲੀ ਕਹਾਣੀ ਵਿਚ ਕਿੰਨਾ ਅੰਤਰ ਹੈ।
'ਸਕੂਪ' ਇਮਾਨਦਾਰ ਤੇ ਹਕੀਕੀ ਪੱਤਰਕਾਰੀ ਅਤੇ ਅਖ਼ਬਾਰ ਵੇਚਣ ਵਾਲੀ ਵਪਾਰਕ ਪਹੁੰਚ ਵਿਚਕਾਰ ਡੂੰਘੀ ਖਾਈ ਦਾ ਬਿਆਨ ਕਰਦੀ ਹੈ। ਮੋਕੋਕਾ ਅਤੇ ਟਾਡਾ ਦੀ ਦੁਰਵਰਤੋਂ, ਅੰਡਰਵਰਲਡ, ਮੀਡੀਆ ਅਤੇ ਪੁਲਿਸ ਦਾ ਨੈਕਸਸ ਇਸ ਵਿਚ ਸਹਿਜ ਢੰਗ ਦਿਖਾਇਆ ਗਿਆ ਹੈ .
ਜੋਨਾਥਨ ਫਰੇਜ਼ਰ ਦਾ ਹਵਾਲਾ ਇੱਕ ਸੀਨ ਵਿੱਚ ਇੱਕ ਅਖ਼ਬਾਰ ਦੇ ਮੁੱਖ ਸੰਪਾਦਕ ਇਮਰਾਨ ਦੁਆਰਾ ਦਿੱਤਾ ਗਿਆ ਹੈ।
ਜੇਕਰ ਇੱਕ ਆਦਮੀ ਕਹੇ ਕਿ ਬਾਹਰੀ ਹੋ ਰਿਹਾ ਹੈ ਅਤੇ ਦੂਜਾ ਕਹੇ ਕਿ ਬਾਹਰ ਧੁੱਪ ਹੈ। ਇਸੇ ਮੀਡੀਆ ਵਿੱਚ ਦੋਵੇਂ ਧਿਰਾਂ ਨੂੰ ਨਹੀਂ ਦੱਸਣਾ, ਅਸਲ ਵਿੱਚ ਆਪਣੇ ਆਪ ਨੂੰ ਖਿੜਕੀ ਦੇ ਬਾਹਰ ਵੇਖਣਾ ਸੱਚ ਦੱਸਣਾ ਹੈ।
'ਘੁਟਾਲੇ 1992' ਦੇ ਨਿਰਦੇਸ਼ਕ ਹੰਸਲ ਮਹਿਤਾ, ਫਰਾਜ਼ ਨੇ ਪੂਰੀ ਖੋਜ ਨਾਲ ਸਕੂਪ ਦਾ ਨਿਰਦੇਸ਼ਨ ਕੀਤਾ।
ਸੀਰੀਜ਼ ਦੀ ਹੀਰੋ ਕਰਿਸਮਾਂ ਤੰਨਾ ਨੇ ਇੱਕ ਕ੍ਰਾਈਮ ਰਿਪੋਰਟਰ ਡਾ ਰੋਲ ਬੇਹੱਦ ਖ਼ੂਬੀ ਨਾਲ ਨਿਭਾਇਆ ਹੈ। ਇਸ ਦੇ ਐਂਡ ਵਿਚ ਉਨ੍ਹਾਂ ਦਰਜਨਾਂ ਜਰਨਲਿਸਟਾਂ ਦੀਆ ਤਸਵੀਰਾਂ ਵੀ ਦਿਖਾਈਆਂ ਗਈਆਂ ਹਨ ਜਿਹੜੇ ਪਿੱਛੇ 20 ਸਾਲਾਂ ਦੌਰਾਨ ਆਪਣੀ ਮੀਡੀਆ ਡਿਊਟੀ ਨਿਭਾਉਂਦੇ ਮਾਰੇ ਗਏ .
ਵੈਸੇ ਤਾਂ ਆਮ ਲੋਕਾਂ ਲਈ ਵਿਪਰੀਤ ਖ਼ਾਸ ਕੇ ਮੀਡੀਆ ਜਗਤ ਲਈ ਇਹ ਸੀਰੀਜ਼ ਦੇਖਣਯੋਗ ਹੈ.
-
ਬਲਜੀਤ ਬੱਲੀ, ਸੰਪਾਦਕ
tirshinazar@gmail.com
9915177722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.