ਅੱਜ ਤਾਂ ਚਾਅ ਨਾਲ ਮੇਰੇ ਪੈਰ ਜ਼ਮੀਨ ਤੇ ਨਹੀਂ ਲੱਗ ਰਹੇ ਸਨ | ਅਜੇ ਵੀ ਲੱਗ ਰਿਹਾ ਸੀ ਜਿਵੇਂ ਸਾਰੀਆਂ ਸੱਧਰਾਂ ਹੀ ਕੁਆਰੀਆਂ ਹੋਣ |ਨਵਾਂ ਸੂਟ ਪਾ ਕੇ ਮੈਂ ਜਲਦੀ-ਜਲਦੀ ਤਿਆਰ ਹੋ ਗਈ | ਪਤਾ ਨਹੀਂ ਕਿੰਨੇ ਹੀ ਖ਼ੁਆਬ ਮੇਰੇ ਮਨ ਵਿੱਚ ਆ ਰਹੇ ਸਨ| ਮੈਂ ਬੇਸਬਰੀ ਨਾਲ ਉਸ ਵਕਤ ਦੀ ਉਡੀਕ ਕਰ ਰਹੀ ਸੀ|ਸਾਰਾ ਦਿਨ ਘਰ ਦੇ ਕੰਮਾਂ ਵਿਚ ਉਲਝੇ ਰਹਿਣਾ, ਆਪਣੀਆਂ ਸਾਰੀਆਂ ਸੱਧਰਾਂ ,ਇਛਾਵਾਂ ਨੂੰ ਮਾਰ ਕੇ ਬੱਚਿਆਂ ਦਾ ਚੰਗਾ ਭਵਿੱਖ ਬਣਾਉਣ ਲਈ ਸਾਰਾ ਧਿਆਨ ਉਨ੍ਹਾਂ ਤੇ ਕੇਂਦਰਤ ਕਰਨ ਤੋਂ ਇਲਾਵਾ ਕਬੀਲਦਾਰੀ ਅਤੇ ਰਿਸ਼ਤੇ- ਨਾਤੇ, ਜਿੰਮੇਵਾਰੀਆਂ ਨਿਭਾਉਂਦੀ ਮੈਂ ਇੰਨੀ ਵਿਅਸਤ ਹੋ ਗਈ ਸੀ ਕਿ ਪਤਾ ਹੀ ਨਹੀਂ ਚਲਿਆ ਕਿ ਬੱਚੇ ਕਦੋਂ ਜਵਾਨ ਹੋ ਗਏ | ਹੁਣ ਤਾਂ ਮੇਰੀ ਬੇਟੀ ਅਤੇ ਮੇਰੀ ਜੁੱਤੀ ਦਾ ਨਾਪ ਵੀ ਇੱਕੋ ਜਿਹਾ ਹੋ ਗਿਆ ਸੀ ਅਤੇ ਬੇਟੇ ਦੀ ਕਾਲਜ ਦੀ ਪੜ੍ਹਾਈ ਵੀ ਪੂਰੀ ਹੋਣ ਵਾਲੀ ਸੀ |
ਪਤਾ ਵੀ ਨਹੀਂ ਲਗਦਾ ਸੀ, ਰੁਝੇਵਿਆਂ ਵਿੱਚ ਕਿਵੇਂ ਦਿਨ- ਰਾਤ ਬੀਤ ਜਾਂਦਾ ਸੀ| ਹੁਣ ਤਾਂ ਭੈਣ- ਭਰਾ ਵੀ ਗੁੱਸੇ ਰਹਿਣ ਲੱਗ ਪਏ ਸਨ|ਕਹਿੰਦੇ ਇਹ ਤਾਂ ਕਿਸੇ ਨੂੰ ਘੜੀ-ਪਲ ਲਈ ਵੀ ਮਿਲਣ ਨਹੀਂ ਆਉਂਦੀ |ਪਤਾ ਨਹੀਂ ਕਿਹੋ ਜਿਹੀ ਪੜ੍ਹਾਈ ਆ ਬੱਚਿਆਂ ਦੀ| ਸਾਰਾ ਦਿਨ ਘਰ ਵਿੱਚ ਹੀ ਖੂੰਭੀ ਰਹਿੰਦੀ ਹੈ| ਮਾਂ ਵੀ ਕਈ ਵਾਰ ਫੋਨ ਕਰਦੀ ਕਿ ਮੇਰਾ ਮਿਲਣ ਨੂੰ ਬਹੁਤ ਹੀ ਜੀਅ ਕਰਦਾ ਹੈ| ਬਸ ਇਕ ਦਿਨ ਲਈ ਹੀ ਸਹੀ ਆਕੇ ਮਿਲ ਜਾ ਮੈਨੂੰ, ਛੁੱਟੀਆਂ ਵਿੱਚ ਸਾਰੇ ਭੈਣ-ਭਰਾ ਇਕੱਠੇ ਹੁੰਦੇ ਹਾਂ| ਤੈਨੂੰ ਪਤਾ ਮੇਰੀ ਸਿਹਤ ਵੀ ਠੀਕ ਨਹੀਂ ਰਹਿੰਦੀ ਕੀ ਪਤਾ ਹੁੰਦਾ ਰੱਬ ਦੇ ਭਾਣੇ ਦਾ, ਮੇਰੇ ਜਿਊਦੇ ਜੀਅ ਤੂੰ ਵੀ ਆ ਜਾਇਆ ਕਰ|
ਫਿਰ ਪਤਾ ਨਹੀਂ ਕਿਹੋ ਜਿਹੇ ਹਾਲਾਤ ਹੋਣਗੇ |ਮਾਂ ਨੇ ਲੰਬਾ ਸਾਹ ਭਰਕੇ ਚੁੱਪ ਹੋ ਜਾਣਾ| ਮੈਂ ਵੀ ਅੱਗੋਂ ਆਖ ਦੇਣਾ ਮਾਂ ਬੱਚਿਆਂ ਦੀਆਂ ਟਿਊਸ਼ਨ ਕਲਾਸਾਂ ਹੋਣ ਕਰਕੇ ਛੁੱਟੀਆਂ ਵਿੱਚ ਵੀ ਆ ਨਹੀਂ ਹੋਣਾ| ਅੱਗੋਂ ਮਾਂ ਨੇ ਕਹਿਣਾ ,ਦੇਖਲਾ ਧੀਏ ਜਿਵੇਂ ਤੈਨੂੰ ਚੰਗਾ ਲੱਗਦਾ| ਕਦੀ- ਕਦੀ ਸੁਪਨੇ ਵਿੱਚ ਆ ਕੇ ਮਾਂ ਮਿਲਣ ਲਈ ਤਰਲੇ ਕਰਦੀ| ਪ੍ਰੰਤੂ ਮੈਂ ਘਰ ਅਤੇ ਬੱਚਿਆਂ ਬਾਰੇ ਸੋਚ ਕੇ ਚੁੱਪ ਹੋ ਜਾਂਦੀ| ਮੇਰੇ ਪਤੀ ਨੇ ਵੀ ਕਈ ਵਾਰ ਕਿਹਾ ਸੀ ਕਿ ਬੱਚਿਆਂ ਨੂੰ ਲੈ ਕੇ 10-15 ਦਿਨਾਂ ਲਈ ਪੇਕੇ ਚਲੀ ਜਾ| ਪਰ ਮੇਰਾ ਮਨ ਨਹੀ ਮੰਨਦਾ ਸੀ |
ਇੰਨੇ ਨੂੰ ਬਾਹਰ ਤੋਂ ਗੇਟ ਖੁੱਲ੍ਹਣ ਦੀ ਆਵਾਜ਼ ਆਈ ਸ਼ਾਮ ਲੱਗਪਗ ਬੀਤ ਚੁੱਕੀ ਸੀ ਅਤੇ ਰਾਤਰੀ ਦਾ ਆਗਾਜ਼ ਹੋ ਚੁੱਕਾ ਸੀ| ਬੱਚੇ ਰਾਤ ਦਾ ਖਾਣਾ ਖਾ ਕੇ ਪੜਾਈ ਵਿਚ ਮਸ਼ਰੂਫ ਸਨ |ਮੈਂ ਖਿੜਕੀ ਵਿੱਚੋਂ ਦੇਖਿਆ ਮੇਰੇ ਪਤੀ ਘਰ ਆ ਗਏ ਸਨ| ਖੁਸ਼ੀ ਨਾਲ ਮੇਰਾ ਚਿਹਰਾ ਖਿੜ ਗਿਆ ਸੀ| ਸਾਹ ਦੀ ਰਫਤਾਰ ਦਿਲ ਧੜਕਣ ਦੇ ਨਾਲ ਨਾਲ ਤੇਜ਼ ਹੋ ਗਈ ਸੀ| ਮੈਂ ਬਹੁਤ ਖੁਸ਼ ਸੀ |ਸੋਚ ਰਹੀ ਸੀ ਕੇ ਅੱਜ ਬਹੁਤ ਸਾਰੀਆਂ ਗੱਲਾਂ ਕਰਾਂਗੀ ਅਤੇ ਮਨ ਦਾ ਬੋਝ ਹਲਕਾ ਕਰ ਲਵਾਂਗੀ| ਅੰਦਰ ਦਾਖਲ ਹੁੰਦੇ ਹੀ ਉਨ੍ਹਾਂ ਆਵਾਜ਼ ਦਿੱਤੀ, ਖਾਣਾ ਲਗਾ ਦਿਓ, ਮੈਨੂੰ ਬਹੁਤ ਭੁੱਖ ਲੱਗੀ ਹੈ| ਅੱਜ ਦਫਤਰ ਵਿੱਚ ਕੰਮ ਜ਼ਿਆਦਾ ਹੋਣ ਕਰਕੇ ਮੈਂ ਬਹੁਤ ਥੱਕ ਗਿਆ ਹਾਂ ਅਤੇ ਮੈਨੂੰ ਨੀਂਦ ਆ ਰਹੀ ਹੈ ਜਲਦੀ ਸੌਣਾ ਵੀ ਹੈ |ਮੈਂ ਬਹੁਤ ਹੈਰਾਨ ਹੋਈ ਅਤੇ ਚੁੱਪ-ਚਾਪ ਖੜ੍ਹੀ ਰਹੀ| ਜਦੋਂ ਉਸਨੇ ਮੇਰੇ ਵੱਲ ਵੇਖਿਆ ਅਤੇ ਕਿਹਾ," ਕੀ ਗੱਲ ਹੈ? ਤੂੰ ਕਿਸੇ ਵਿਆਹ ਤੇ ਜਾਣਾ, ਤਿਆਰ ਹੋਈ ਖੜੀ ਐਂ |" ਮੈਂ ਹੈਰਤ ਭਰੀਆਂ ਨਜ਼ਰਾਂ ਨਾਲ ਦੇਖਦੇ ਹੋਏ ਉਸ ਨੂੰ ਕਿਹਾ, "ਨਹੀਂ ਜੀ! ਤੁਹਾਨੂੰ ਨਹੀਂ ਪਤਾ..... ਅੱਜ......"
ਉਸ ਨੇ ਥੋੜ੍ਹਾ ਰੁਕ ਕੇ ਕਿਹਾ ,"ਕੀ ਅੱਜ,..."
"ਮੇਰੇ ਨਾਲ਼ ਰਸੋਈ ਵਿਚ ਚਲੋ |" ਮੈਂ ਬਾਂਹ ਫੜਕੇ ਉਸਨੂੰ ਆਪਣੇ ਨਾਲ ਲੈ ਗਈ| ਜਿੱਥੇ ਹੈ ਕਾਫੀ ਕੁਝ ਖਾਣ ਲਈ ਆਪਣੇ ਪਤੀ ਦੇ ਮਨਪਸੰਦ ਦਾ ਬਣਾਇਆ ਹੋਇਆ ਸੀ| ਫੇਰ ਉਸਨੇ ਮੁਸਕਰਾਉਂਦੇ ਹੋਏ ਕਿਹਾ," ਅੱਛਾ ਹੁਣ ਯਾਦ ਆਇਆ| ਠੀਕ ਹੈ, ਮੈਂ ਜਲਦੀ ਨਾਲ ਨਹਾ ਲਵਾਂ, ਤੂੰ ਤਿਆਰੀ ਕਰ|" ਥੋੜ੍ਹੀ ਦੇਰ ਬਾਅਦ ਅਸੀਂ ਟੈਰੇਸ ਉਪਰ ਚਲੇ ਗਏ| ਪਹਿਲਾ ਮੈਂ ਛਾਨਣੀ ਵਿੱਚੋਂ ਚੰਦਰਮਾ ਨੂੰ ਦੇਖਿਆ ਜੋ ਕਿ ਬਹੁਤ ਰੰਗੀਨ ਲੱਗ ਰਿਹਾ ਸੀ| ਮੈਨੂੰ ਏਦਾਂ ਲੱਗ ਰਿਹਾ ਸੀ, ਜਿਵੇਂ ਮੈਂ ਹੁਣੇ ਹੀ ਵਿਆਹ ਕੇ ਇਸ ਘਰ ਵਿਚ ਆਈ ਹੋਵਾਂ| ਫਿਰ ਮੈਂ ਆਪਣੇ ਪਤੀ ਦਾ ਮੂੰਹ ਦੇਖਣ ਲਈ ਉਸ ਨੂੰ ਅੱਗੇ ਆਉਣ ਲਈ ਕਿਹਾ ਕਿਉਂਕਿ ਟੈਰੇਸ ਦੇ ਚਾਰੋਂ ਤਰਫ ਹਨੇਰਾ ਸੀ| ਉਹ ਠੀਕ ਮੇਰੇ ਪਿੱਛੇ ਖੜ੍ਹੇ ਸੀ| ਮੈਂ ਕਾਫੀ ਵਾਰ ਉਸਨੂੰ ਕਿਹਾ," ਆ ਜਾਓ ਅੱਗੇ |"
ਪਰ ਉਸਨੇ ਕਿਹਾ," ਕੋਈ ਨਾ ਤੂੰ ਦੇ ਲੈ ਅਰਘ, ਮੂੰਹ ਦੇਖਣ ਨਾਲ ਕਿਹੜਾ ਜਿਆਦਾ ਉਮਰ ਲੰਬੀ ਹੋ ਜਾਏਗੀ|" ਮੈਂ ਬਹੁਤ ਹੈਰਾਨੀ ਨਾਲ ਪਿੱਛੇ ਮੁੜ ਕੇ ਦੇਖਿਆ, ਰੋਜ਼ਾਨਾ ਦੀ ਤਰ੍ਹਾਂ ਉਹ ਜਦੋਂ ਵੀ ਵਿਹਲੇ ਹੁੰਦੇ ਤਾਂ ਫੋਨ ਤੇ ਹੀ ਵਿਅਸਤ ਰਹਿੰਦੇ| ਹੁਣ ਵੀ ਉਹ ਫੋਨ ਤੇ ਲੱਗੇ ਹੋਏ ਸੀ| ਮੈਂ ਫੇਰ ਕਿਹਾ ,"ਛੱਡ ਦਿਉ ਇਹਦਾ ਖਹਿੜਾ|" ਜਦੋਂ ਮੈਂ ਛਾਨਣੀ ਵਾਲਾ ਦੀਵਾ ਨੇੜੇ ਕਰ ਕੇ ਗੌਰ ਨਾਲ ਦੇਖਿਆ ਤਾਂ ਉਹ ਕਿਸੇ ਨਾਲ ਵੀਡੀਓ ਕਾਲ ਤੇ ਸੀ| ਮੈਂ ਹੱਕੀ-ਬੱਕੀ ਰਹਿ ਗਈ| ਹਵਾ ਦੇ ਹਲਕੇ ਹਲਕੇ ਝੋਕੇ ਵੀ ਮੇਰੇ ਸਰੀਰ ਨੂੰ ਪੋਹ ਦੀ ਠੰਢੀ ਸੀਤ ਵਾਂਗ ਚੀਰ ਰਹੇ ਸਨ| ਕਦੀ ਮੈਂ ਆਪਣੇ ਪਤੀ ਵੱਲ ਵੇਖਦੀ ਅਤੇ ਕਦੇ ਛਾਨਣੀ ਵਿੱਚ ਰੱਖੇ ਦੀਵੇ ਵੱਲ ,ਜੋ ਕਿ ਹਵਾ ਦੇ ਬੁੱਲ੍ਹਿਆ ਕਾਰਨ ਬਹੁਤ ਤੇਜ਼ੀ ਨਾਲ ਬਲ਼ ਰਿਹਾ ਸੀ |ਇੰਜ ਪ੍ਰਤੀਤ ਹੋ ਰਿਹਾ ਸੀ, ਜਿਵੇਂ ਉਹ ਮੈਨੂੰ ਉੱਚੀ -ਉੱਚੀ, ਚੀਕ -ਚੀਕ ਕਹਿ ਰਿਹਾ ਹੋਵੇ, "ਆਪਣੇ ਘਰ ਪਰਿਵਾਰ ਦੀਆਂ ਜਿੰਮੇਵਾਰੀਆਂ ਆਪਣੇ ਮੋਢਿਆਂ ਉੱਪਰ ਚੁੱਕ ਕੇ ਤੁਸੀਂ ਆਪਣੇ ਪਤੀ ਨੂੰ ਵਿਹਲਾ ਕਰ ਦਿੱਤਾ ਹੈ ਤਾਂ ਕਿ ਉਹ ਖੁਦ ਨੂੰ ਜਵਾਨ ਰੱਖ ਸਕੇ ਅਤੇ ਜਿਸ ਦੀ ਲੰਬੀ ਉਮਰ ਲਈ ਤੁਸੀਂ ਪੂਰਾ ਦਿਨ ਭੁੱਖ- ਪਿਆਸ ਕੱਟ ਕੇ ਬਿਤਾਇਆ ਹੈ |ਉਹ ਤੁਹਾਡੀ ਪਿੱਠ ਪਿੱਛੇ ਕਿਸੇ ਹੋਰ ਦੀ ਲੰਮੀ ਉਮਰ ਦੀਆਂ ਦੁਆਵਾਂ ਕਰ ਰਿਹਾ ਹੈ |
ਵਿਸ਼ੇਸ਼?
ਸਾਰਿਆਂ ਦੀ ਨਹੀਂ, ਪਰੰਤੂ ਬਹੁਤਿਆਂ ਘਰਾਂ ਦੀ ਕਹਾਣੀ ਹੂਬਹੂ ਏਦਾਂ ਹੀ ਹੁੰਦੀ ਹੈ| ਅਜਿਹੇ ਲੋਕਾਂ ਨੂੰ ਮੈਂ ਸੰਦੇਸ਼ ਦੇਣਾ ਚਾਹੁੰਦੀ ਹਾਂ ਕਿ ਵਖਤ ਰਹਿੰਦੇ ਆਪਣੀ ਪਤਨੀ ਦੀ ਕਦਰ ਕਰੋ , ਜੋ ਆਪਣਾ ਸਭ ਕੁਝ ਕੁਰਬਾਨ ਕਰਕੇ ਤੁਹਾਡੇ ਦੁੱਖ -ਸੁੱਖ ਵਿੱਚ ਸਾਥ ਦਿੰਦੀ ਹੈ| ਜਦੋਂ ਕਿ ਬਾਹਰ ਵਾਲੇ ਲੋਕ ਤੁਹਾਡਾ ਓਨਾ ਚਿਰ ਸੀ ਸਾਥ ਦੇਣਗੇ ,ਜਿੰਨਾ ਚਿਰ ਤੁਹਾਡੇ ਕੋਲ ਪੈਸਾ ਹੈ |ਜ਼ਿੰਦਗੀ ਹਰ ਸਮੇਂ ਜਵਾਨ ਅਤੇ ਰੰਗੀਨ ਹੁੰਦੀ ਹੈ ਜੇਕਰ ਆਪਣੇ ਪਰਿਵਾਰ ਨਾਲ ਮਿਲ- ਜੁਲ ਕੇ ਬਿਤਾਈ ਜਾਵੇ|
-
ਹਰਜਿੰਦਰ ਕੌਰ ਬਠਿੰਡਾ , ਲੇਖਕ
*********
97795-20972
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.