ਜ਼ਿੰਦਗੀ ਦਾ ਫ਼ਲਸਫ਼ਾ ਤੇ ਟੁਰ ਜਾਣ ਵੇਲੇ ਦੀ ਗੱਲ-ਅਮਰਜੀਤ ਟਾਂਡਾ
ਜ਼ਿੰਦਗੀ ਦਾ ਫ਼ਲਸਫ਼ਾ ਹਰ ਸਾਹ ਵਿੱਚ ਗਾਵੋ। ਜ਼ਿੰਦਗੀ ਹਸਦਿਆਂ ਨੂੰ ਹਸਾਉਂਦੀ ਵਸਾਉਂਦੀ ਹੈ।
ਨਿੱਕੇ ਵੀਰ ਦੀ ਸੁਪਤਨੀ ਦੇ ਵਿਛੜ ਜਾਣ ਤੇ ਫਿਰ ਚੇਤਾ ਆਇਆ ਸਾਰੇ ਟੁਰ ਗਿਆਂ ਦਾ। ਵਿਚਾਰੀ ਨੂੰ ਸਿਰ ਦੀ ਨਾੜੀ ਦੀ ਬਲੱਡ ਹੈਮਰਿਜ ਤੇ ਬਲੀਡਿੰਗ ਹੀ ਮੇਰੇ ਵੀਰ ਕੋਲੋਂ ਖੋਹ ਕੇ ਲੈ ਗਈ। ਵੀਰਾ ਗ਼ਮਾਂ ਵਿਚ ਡੁੱਬਿਆ ਰੋਂਦਾ ਮੈਂਨੂੰ ਕਈ ਕੁਝ ਦੱਸਦਾ ਹੈ ਓਦਣ ਦਾ।
ਦਿਮਾਗ ਵਿੱਚ ਖੂਨ ਨਿਕਲਣਾ ਜਾਂ ਦਿਮਾਗੀ ਹੈਮਰੇਜ ਜਾਨਲੇਵਾ ਹੋ ਸਕਦਾ ਹੈ ਤੇ ਹੋ ਗਈ। ਲਗਭਗ 26.7% ਦੀ ਅੰਦਾਜ਼ਨ 5-ਸਾਲ ਬਚਣ ਦੀ ਦਰ ਹੈ। ਦਿਮਾਗ ਦੇ ਟਿਊਮਰ ਕਾਰਡੀਓਵੈਸਕੁਲਰ ਹਾਲਾਤ ਸਿਰ ਦੀ ਸੱਟ ਹਾਈਪਰਟੈਨਸ਼ਨ (ਹਾਈ ਬਲੱਡ ਪ੍ਰੈਸ਼ਰ) ਜਾਂ ਸਟ੍ਰੋਕ ਇਹਦੇ ਕਾਰਨ ਹਨ।
ਪਰ ਟੁੱਟੇ ਸਿਤਾਰੇ
ਕਦੇ ਮੁੜ ਅਰਸ਼ੀਂ ਨਹੀਂ ਜਗਦੇ ਫਿਰ
ਰੌਸ਼ਨੀ ਗੁਆਚ ਜਾਂਦੀ ਹੈ ਉਹਨਾਂ ਦੀ ਸਦਾ ਲਈ
-ਮੈ ਲਿਖਿਆ ਸੀ ਇਹ ਕੱਲ੍ਹ
ਇਹ ਸਾਰਿਆਂ ਨਾਲ ਹੁੰਦਾ ਰਿਹਾ ਹੈ ਹੁੰਦਾ ਰਹਿਣਾ ਹੈ। ਪਰ ਮੈਂ ਦਿਲੋਂ ਕਦੇ ਨਹੀਂ ਚਾਹਿਆ ਕਿ ਕੋਈ ਉਦਾਸ ਹੋਵੇ ਜਾਂ ਗ਼ਮਾਂ ਵਿਚ ਡੁੱਬੇ।
ਪਰ ਆਪ ਮੈਂ ਭਾਵੇਂ ਨਿੱਤ ਦਿਹਾੜੇ ਅਜਿਹੀਆਂ ਘਟਨਾਵਾਂ ਵਾਪਰਨ ਨਾਲ ਉਦਾਸ ਡੁਸਕਦਾ ਰਹਿੰਦਾ ਹਾਂ ਤੇ ਹਟਕੋਰਿਆਂ ਨਾਲ ਲਿਖਦਾ ਤੁਹਾਡੇ ਨਾਲ ਸ਼ੇਅਰ ਕਰਦਾ ਰਹਿੰਦਾ ਹਾਂ ਕਿਉਂਕਿ ਤੁਸੀਂ ਮੇਰੇ ਦੋਸਤ ਮਿੱਤਰ ਹੋ।
ਆਪਣਿਆਂ ਨਾਲ ਹੀ ਫੋਲੀਦੇ ਨੇ ਦਿੱਲ ਹੋਰ ਕੌਣ ਸੁਣਦਾ ਅੱਜਕਲ। ਮੁਆਫ਼ ਕਰਿਓ ਮੈਂ ਇਹ ਚਾਹੁੰਦਾ ਬਿਲਕੁਲ ਨਹੀਂ ਕਿ ਤੁਸੀਂ ਵੀ ਅੱਖਾਂ ਨਮ ਕਰੋ।
ਅੱਜ ਟੁਰ ਜਾਣ ਵੇਲੇ ਦੀ ਗੱਲ ਕਰਾਂਗੇ। ਕਿਸੇ ਜੀਵ ਦੀਆਂ ਉਨ੍ਹਾਂ ਸਾਰੀਆਂ ਜੈਵਿਕ-ਪ੍ਰਕਿਰਿਆਵਾਂ ਦਾ ਨਬੇੜ ਜਾਂ ਅੰਤ ਹੁੰਦਾ ਹੈ ਮੌਤ। ਇਸ ਦੇ ਅਧਾਰ ਤੇ ਹੀ ਸਾਡੇ ਬੁਨਿਆਦੀ ਅੰਗ ਕੰਮ ਕਰਦੇ ਹਨ ਅਸੀਂ ਚਲਦੇ ਫਿਰਦੇ ਹਾਂ। ਆਮ ਤੌਰ ਉੱਤੇ ਅੰਤਿਮ ਟੁਰ ਜਾਣ ਦਾ ਵੇਲਾ ਜੈਵਿਕ ਉਮਰ ਦਾ ਵਧਣਾ ਜਾਂ ਬੁਢੇਪਾ, ਕੁਪੋਸ਼ਣ, ਰੋਗ, ਆਤਮਹੱਤਿਆ, ਹੱਤਿਆ ਅਤੇ ਦੁਰਘਟਨਾਵਾਂ ਜਾਂ ਸਦਮਾ ਜਿਸਦਾ ਪਰਿਣਾਮ ਅੰਤ ਕਰ ਦੇਣ ਵਾਲੀ ਚੋਟ ਜਾਂ ਸਿਖਰ ਹੋਵੇ।
ਜੀਵਾਂ ਦੇ ਸਰੀਰ ਮੌਤ ਦੇ ਬਾਅਦ ਜਲਦੀ ਹੀ ਖਰਾਬ ਹੋਣ ਲੱਗ ਪੈਂਦੇ ਹਨ। ਸਰੀਰ ਦੀ ਮੌਤ ਦੇ ਬਾਅਦ ਚੇਤਨਾ ਬਚੀ ਰਹਿੰਦੀ ਹੈ ਇਸ ਧਾਰਨਾ ਦਾ ਕੋਈ ਸਬੂਤ ਨਹੀਂ ਹੈ। ਪਰ ਮਿੱਟੀ ਚ ਕੀ ਰਹਿਣਾ। ਸਰੀਰ ਮਿੱਟੀ ਸੀ ਰਾਖ਼ ਹੋ ਗਈ।
ਸਰੀਰ ਨਾਸ਼ਵਾਨ ਹੈ ਸੱਭ ਜਾਣਦੇ ਹਨ। ਮਰਨ ਤੇ ਸਰੀਰ ਮਿੱਟੀ ਹੋ ਜਾਂਦਾ ਹੈ। ਹਰਕਤ ਰਹਿਤ। ਸਦੀਵੀ ਨੀਂਦਰ। ਇਸ ਦੁਨੀਆਂ ਤੋਂ ਸਾਡਾ ਨਾਤਾ ਸਦਾ ਲਈ ਖ਼ਤਮ ਹੋ ਜਾਂਦਾ ਹੈ। ਮਿੱਟੀ ਦੇ ਨਾਤੇ ਨਹੀਂ ਹੁੰਦੇ ਨਾ ਨਕਸ਼।
ਸਰੀਰ ਹੀ ਮਰਦਾ ਹੈ ਆਤਮਾ ਅਮਰ ਹੈ ਧਰਮੀ ਕਹਿੰਦੇ ਹਨ। ਮੈਂ ਨਹੀਂ ਮੰਨਦਾ। ਨਾ ਹੀ ਕਬੂਲਣਯੋਗ ਹੈ। ਆਤਮਾ ਕੋਈ ਚੋਲਾ ਨਹੀ ਬਦਲਦੀ। ਮਨ ਨੂੰ ਧਰਵਾਸ ਹੈ। ਇਕ ਸਰੀਰ ਨੂੰ ਛੱਡਣ ਤੋਂ ਬਾਅਦ ਹੋਰ ਕਿਸੇ ਦੂਸਰੇ ਸਰੀਰ ਵਿਚ ਜਨਮ ਲੈਂਦੀ ਹੈ। ਸੱਭ ਕੁਫ਼ਰ ਹੈ। ਉਹ ਫਿਰ ਕਿਉਂ ਨਾ ਆ ਕੇ ਮਿਲੇ ਉਸੇ ਘਰ। ਫਿਰ ਚਿੰਤਾ ਕਾਹਦੀ। ਵਾਜ ਮਾਰ ਸੱਦ ਲਿਆਇਆ ਕਰਨ ਰੂਹਾਂ ਨੂੰ ਧਾਰਮਿਕ ਬੰਦੇ।
ਪੁਨਰ ਜਨਮ ਦੀਆਂ ਕਈ ਬੱਚੇ ਘਟਨਾਵਾਂ ਦੱਸਦੇ ਹਨ ਪਿਛਲੇ ਜਨਮ ਦੀਆਂ। ਸੱਭ ਕੁਫ਼ਰ ਹੈ। ਮਨੁੱਖ ਦਾ ਪੁਨਰ ਜਨਮ ਵਿਚ ਦ੍ਰਿੜ ਵਿਸ਼ਵਾਸ ਕਰਾਇਆ ਜਾਂਦਾ ਹੈ।ਸਭ ਕੁਫ਼ਰ ਫ਼ਰੇਬ ਹੈ ਸਾਧ ਲਾਣੇ ਦਾ ਘੜਿਆ ਹੋਇਆ। ਠਗਣ ਦੇ ਬਹਾਨੇ।
ਸਾਇੰਸ ਇਸ ਝੂਠ ਕੁਫ਼ਰ ਨੂੰ ਨਹੀਂ ਮੰਨ ਸਕਦੀ। ਨਾ ਹੀ ਕਿਸੇ ਉਸਾਰੇ ਘੜੇ ਹੋਏ ਰੱਬ ਨੂੰ। ਡਰ ਸਹਿਮ ਬੀਮਾਰੀ ਰੱਬ ਪੈਦਾ ਕਰਦੀ ਹੈ। ਤੁਸੀਂ ਮੰਨੀ ਜਾਓ ਰਹੋ ਹਨੇਰ੍ਹੇ ਵਿੱਚ ਮੈਂ ਕਦ ਰੋਕਦਾਂ।
ਪਿਛਲੇ ਜਨਮ ਵਿਚ ਕੁੜੀ ਜਾਂ ਜਾਨਵਰ ਸੀ ਕੋਈ ਬੱਚਾ ਇਹ ਕਿਉਂ ਨਹੀਂ ਕਹਿੰਦਾ। ਰਾਤ ਦਾ ਸੁਪਨਾ। ਸਵੇਰੇ ਕੀ ਖਾਧਾ ਸੀ ਯਾਦ ਨਹੀਂ ਰਹਿੰਦਾ। ਫਰਿਜ ਵਿਚੋਂ ਕੀ ਲੈਣ ਆਈ ਸੀ ਪਤਾ ਨਹੀਂ ਰਹਿੰਦਾ ਸਦੀਆਂ ਦਾ ਜ਼ਰੂਰ ਰਹੂ ਚੇਤਾ।
ਇਕ ਟੁਰ ਗਿਆ ਉਹ ਰਾਣੀ ਨੂੰ ਕੁੱਤੀ ਹੀ ਦਸਦਾ ਰਿਹਾ ਪਿਛਲੇ ਜਨਮ ਵਿਚ ਤੇ ਪੈਸੇ ਕੱਠੇ ਕਰਦਾ ਰਿਹਾ ਢਿਡਲ ਪ੍ਰਚਾਰਕ। ਅਖੇ ਮੈਂ ਅਮਰੀਕਾ ਵਿਚ ਰਹਿੰਦਾ ਹੁੰਦਾ ਸੀ ਪਿਛਲੇ ਜਨਮ ਵਿਚ।
ਕੋਈ ਸਾਧ ਲਿਆਓ ਮੈਂ ਉਹਨੂੰ ਤਰੇਲੀਆਂ ਲਿਆ ਦਿਆਂਗਾ। ਕਰੇ ਗੱਲ। ਕਈਆਂ ਨੂੰ ਕਥਾ ਬਾਅਦ ਘੇਰ ਲੈਂਦਾ ਹਾਂ। ਕਈ ਵਾਰ ਬਾਹਰ ਆਏ ਢਿੱਡਲ ਬਾਬਿਆਂ ਨੂੰ ਲਿਆਂਦੇ ਨੇ ਪਸੀਨੇ। ਫਿਰ ਘਰ ਦੇ ਹੀ ਛੁਡਾਉਣ ਆਉਦੇ ਹਨ। ਛੱਡੋ ਜੀ।
ਇਹਨਾਂ ਰੱਬ ਨੂੰ ਬਿਜ਼ਨਸ ਬਣਾ ਲਿਆ ਹੈ ਤੇ ਲੁੱਟ ਲੁੱਟ ਖਾਈ ਜਾ ਰਹੇ ਹਨ। ਐਵੇਂ ਨਾ ਮੱਥੇ ਰਗੜਦੇ ਫਿਰਿਆ ਕਰੋ। ਮੱਥੇ ਵਰਤੀ ਦੇ ਨੇ।
ਜੇ ਤੁਹਾਡੇ ਕੋਲ ਆਪਣੀ ਸੋਚ ਹੈ ਦਿਮਾਗ਼ ਹੈ ਤਾਂ ਕਿਸੇ ਝੂਠੇ ਰੱਬ ਤੇ ਵਿਸ਼ਵਾਸ ਰੱਖਣ ਦੀ ਜ਼ਰੂਰਤ ਨਹੀਂ ਹੈ।
ਸਦਾ ਹਾਦਸੇ ਆਪਣੀਆਂ ਗਲਤੀਆਂ ਨਾਲ ਵਾਪਰਦੇ ਹਨ। ਇਥੇ ਇਹ ਨਹੀਂ ਮੈਂ ਕਹਿੰਦਾ ਕਿ ਮੇਰੇ ਕੋਲੋਂ ਕੋਈ ਗ਼ਲਤੀ ਨਹੀਂ ਹੋਈ ਕਦੇ।
ਕੋਈ ਰੱਬ ਨਹੀਂ ਹੈ। ਨਾ ਹੀ ਕੋਈ ਅਜਿਹੀ ਚੀਜ਼ ਰੱਬ ਹੈ ਜੋ ਬ੍ਰਹਿਮੰਡ ਨੂੰ ਚਲਾ ਰਿਹਾ ਹੈ। ਅਖੇ ਅਪਾਹਜ ਲੋਕਾਂ ਨੂੰ ਕੋਈ ਸਰਾਪ ਮਿਲਿਆ ਹੋਇਆ ਹੈ।
ਸਰਾਪ ਵੀ ਕੋਈ ਚੀਜ਼ ਨਹੀਂ ਹੁੰਦੀ। ਗਲਤੀ ਨਾਲ ਸੱਟ ਲਵਾਂ ਕਈ ਅਪਾਹਜ ਹੋ ਸਕਦੇ ਹਨ।
ਪਟੜੀ ਤੇ ਤੁਰੋ ਕਿਉਂ ਘਾਹ ਤੇ ਤੁਰਦੇ ਹੋ। ਕੀ ਪਤਾ ਕਿਥੇ ਨਿੱਕਾ ਜੇਹਾ ਟੋਇਆਂ ਹੋਵੇ। ਇੰਝ ਕਈਆਂ ਦੇ ਮੋਚ ਆਈ ਹੋਵੇਗੀ ਗਿੱਟੇ ਨੂੰ।
ਕਹੋਗੇ ਕਿ ਤੈਨੂੰ ਹੀ ਸਿਰਫ ਜਿਉਣਾ ਆਉਂਦਾ ਹੈ ਅਸੀਂ ਬੁੱਧੂ ਹੀ ਹਾਂ।
ਇਹ ਗੱਲ ਮੈਂ ਨਹੀਂ ਕਹਾਂਗਾ। ਤੁਸੀਂ ਸੋਚਦੇ ਰਹੋ ਕਿ ਕੀ ਗ਼ਲਤ ਹੈ ਤੇ ਕਰੋ ਦਲੀਲ ਨਾਲ ਡਿਸਕਸ।
ਕੁਦਰਤ ਦੇ ਨਿਯਮਾਂ ਨੂੰ ਸਮਝ ਤੇ ਸਾਇੰਸ ਦੁਆਰਾ ਪਰਖਿਆਂ ਸਮਝਿਆ ਜਾ ਸਕਦਾ ਹੈ। ਮੈਂ ਨਾਸਤਿਕ ਹਾਂ। ਰਹਾਂਗਾ ਵੀ। ਬਿਨ ਸਿਰ ਪੈਰ ਗੱਲਾਂ ਤੇ ਯਕੀਨ ਨਹੀਂ ਕਦੇ ਕਰਦਾ।
ਮੂਰਖਾਂ ਨਾਲ ਮੱਥਾ ਨਾ ਮਾਰਿਆ ਨਾ ਤੁਸੀਂ ਵੀ ਮਾਰਿਆ ਕਰੋ।
ਚੰਗ਼ਾ ਵਧੀਆ ਮਿਆਰੀ ਪੜ੍ਹਿਆ ਕਰੋ। ਸੋਚਿਆ ਸਮਝਿਆ ਤੇ ਲਿਖਿਆ ਕਰੋ।
ਜ਼ਿੰਦਗੀ ਨੂੰ ਸਮਝਣਾ ਤੇ ਮਾਨਣਾ ਹੀ ਤਾਂ ਜੀਵਨ ਕਥਾ ਸਫ਼ਰ ਹੈ।
ਤੇ ਹਾਂ ਮੈਂ ਆਪਣੇ ਇਕ ਦੋਸਤ ਦੀ ਗਲਤੀ ਨਾਲ ਹੋਈ ਮੌਤ ਬਾਰੇ ਦੱਸਾਂ ਕਿ ਉਹ ਹਨੇਰੇ ਵਿਚ ਡਬਲ ਮੰਜ਼ਿਲੇ ਘਰ ਦੀ ਛੱਤ ਵਿਚ ਕੁਝ ਬਿਜਲੀ ਦੀ ਤਾਰ ਪਾਉਣ ਚੜ੍ਹ ਗਿਆ ਤੇ ਪੈਰ ਰੱਖ ਹੋ ਗਿਆ ਪਲਾਈ ਜਾਂ ਨਰਮ ਬੋਰਡ ਉੱਤੇ। ਹੱਥ ਕਿਤੇ ਪਿਆ ਨਾ। ਨਾ ਹੀ ਨਿੰਰਕਾਰੀ (ਉਹਨਾਂ ਦਾ ਸਾਰਾ ਟੱਬਰ ਚੇਲਾ) ਬਾ੍ਬੇ ਨੇ ਬੁੱਚਿਆ ਆ ਕੇ। ਤੇ ਬਸ ਫਿਰ ਕੀ ਸੀ। ਹੇਠ ਪੱਕੇ ਫਰਸ਼ ਤੇ ਵਰ੍ਹ ਡਿੱਗ ਗਿਆ। ਹੇਠ ਸਟੇਅਰਜ ਦੀ ਰੇਲਿੰਗ ਵੀ ਧਾਤ ਦੀ ਸੀ। ਉਹ ਵੀ ਵੱਜ ਗਈ ਹੋਵੇਗੀ ਸ਼ਾਇਦ ਸਿਰ ਵਿੱਚ। ਬਸ ਏਨਾ ਹੀ ਕਿਹਾ ਕਿ ਐਂਬੂਲਿਸ ਮੰਗਾਓ ਮੈਂ ਠੀਕ ਹਾਂ।
ਦਿਮਾਗ ਵਿਚ ਵੱਜੀ ਸੱਟ ਤਾਂ ਪਲ ਭਰ ਵੀ ਨਹੀਂ ਰਹਿਣ ਦਿੰਦੀ।
ਦਿਮਾਗੀ ਖਰਾਬੀ ਕਾਰਨ ਕਈ ਕਮਲੇ ਤਾਂ ਹੋ ਜਾਂਦੇ ਹਨ। ਪਰ ਬਚੇ ਰਹਿੰਦੇ ਹਨ।
ਕਿਸੇ ਮੇਰੇ ਨਾਲ ਕਿਤੇ ਵੀ ਕੋਈ ਘਟਨਾ ਵਾਪਰ ਸਕਦੀ ਹੈ। ਉਹਨੂੰ ਬਹਾਨਾ ਕਹਿ ਟਾਲ ਦਿੱਤਾ ਜਾਂਦਾ ਹੈ। ਏਦਾਂ ਹੀ ਏਥੇ ਹੀ ਅੱਜ ਹੀ ਲਿਖਿਆ ਸੀ ਇਹਦਾ।
ਇੰਝ ਹੀ ਸੜਕ ਹਾਦਸੇ ਗਲਤੀ ਕਾਰਨ ਮੌਤ ਨੂੰ ਸੱਦਾ ਹੁੰਦਾ ਹੈ।
ਹੁਣ ਤੁਸੀਂ ਪੁੱਛੋਗੇ ਕਿ ਕਰੀਏ ਕੀ?
ਆਪਣੇ ਆਪ ਤੇ ਵਿਸ਼ਵਾਸ ਰੱਖਿਆ ਕਰੋ।
ਸਾਦਾ ਘੱਟ ਖਾਣਾ ਚੰਗਾ। ਜਿਊਣ ਜੋਗਾ ਕਿ ਜ਼ਿੰਦਗੀ ਦਾ ਗੀਤ ਗਾਇਆ ਜਾ ਸਕੇ ਲੰਮੇਰਾ।
ਬਹੁਤਾ ਲਾਲਚ ਕਰਨ ਦੀ ਲੋੜ ਨਹੀਂ
ਥੋੜੇ ਪੈਸੇ ਨਾਲ ਵੀ ਗੁਜ਼ਾਰਾ ਹੋ ਸਕਦਾ ਹੈ।
ਹਸਿਆ ਖੇਡਿਆ ਕਰੋ
ਮੱਦਦ ਕਰਿਆ ਕਰੋ ਲੋੜਵੰਦਾਂ ਦੀ
ਬਜ਼ੁਰਗਾਂ ਦਾ ਖਿਆਲ ਰੱਖਿਆ ਕਰੋ
ਸਤਿਕਾਰ ਕਰਿਆ ਕਰੋ ਸਾਰਿਆਂ ਵੱਡਿਆਂ ਦਾ।
ਪਿਆਰ ਨਿੱਕਿਆਂ ਨੂੰ ਕਰਿਆ ਕਰੋ।
ਛੋਟੇ ਘਰ ਨਿੱਕੀ ਕਾਰ ਨਾਲ ਵੀ ਸਰ ਸਕਦਾ ਹੈ।
ਸਾਇਕਲ ਸਕੂਟਰੀ ਸੱਭ ਤੋਂ ਵਧੀਆ। ਪਰ ਬਚ ਕੇ ਚਲਾਇਆ ਕਰੋ
ਪਖੰਡਾਂ ਭਰਮ ਜਾਲਾਂ ਵਿਚ ਵਿਸ਼ਵਾਸ ਨਾ ਕਰਿਆ ਕਰੋ। ਸਲਾਹ ਹੈ। ਮੰਨਣਾ ਨਾ ਸਵੀਕਾਰ ਕਰਨਾ ਤੁਹਾਡਾ ਹੱਕ ਹੈ।
ਮੌਤ ਤੋਂ ਬਾਅਦ ਕੋਈ ਜ਼ਿੰਦਗੀ ਨਹੀਂ ਹੁੰਦੀ। ਕੋਈ ਆਤਮਾ ਨਹੀਂ ਹੁੰਦੀ ਅਮਰ ਹੋਣ ਨੂੰ। ਮੈਂਨੂੰ ਨਫ਼ਰਤ ਹੈ। ਰਿਸਟ ਇਨ ਪੀਸ। ਬੰਦਾ ਤਾਂ ਮਿੱਟੀ ਹੋ ਗਿਆ। ਮਿੱਟੀਆਂ ਨੇ ਕਾਹਦਾ ਸ਼ਾਂਤੀ ਚ ਆਰਾਮ ਕਰਨਾ।
ਅਸੀਂ ਪੈਸਾ ਕਮਾਉਣ ਲਈ ਬੁਰੀ ਤਰ੍ਹਾਂ ਰੁੱਝ ਗਏ ਹਾਂ ਸਾਨੂੰ ਆਪਣੀ ਜ਼ਿੰਦਗੀ ਜਿਉਣੀ ਭੁੱਲ ਗਈ ਹੈ।
ਸਾਡੇ ਕੋਲ ਆਪਣੇ ਪਰਿਵਾਰ ਦੇ ਜੀਆਂ ਨਾਲ ਮੋਹ ਭਰਿਆ ਸਬੰਧ ਰੱਖਣ ਦਾ ਸਮਾਂ ਹੀ ਨਹੀਂ ਹੈ।
ਅਸੀਂ ਆਪਣੇ ਬੱਚਿਆਂ ਦੇ ਜਜ਼ਬਾਤਾਂ ਵੱਲ ਧਿਆਨ ਨਹੀਂ ਰੱਖਦੇ।
ਸਾਡੀ ਜ਼ਿੰਦਗੀ ਇਕ ਮਸ਼ੀਨ ਦੀ ਤਰ੍ਹਾਂ ਹੀ ਬਣ ਕੇ ਰਹਿ ਗਈ ਹੈ। ਸਾਡੇ ਕੋਲ ਸਹਿਜ ਨਾਲ ਖਾਣਾ ਖਾਣ ਦੀ ਵੀ ਫੁਰਸਤ ਨਹੀਂ।
ਸਾਨੂੰ ਕੁਦਰਤ ਦੀ ਸੁੰਦਰਤਾ ਮਾਣਨ ਦੀ ਵੀ ਫ਼ੁਰਸਤ ਨਹੀਂ ਹੈ।
ਦੇਖੋ ਜ਼ਰਾ ਪਸ਼ੂ ਪੰਛੀ ਆਪਸ ਵਿਚ ਕਿੰਨੇ ਮੋਹ ਅਤੇ ਪਿਆਰ ਦੇ ਰਿਸ਼ਤੇ ਨਿਭਾਉਂਦੇ ਹਨ। ਇਕ ਦੂਸਰੇ ਦੀ ਮਦਦ ਵੀ ਕਰਦੇ ਹਨ।
ਘੋੜਾ, ਕੁੱਤਾ ਬਿੱਲੀ ਆਪਣੀ ਜਾਨ ਦੀ ਬਾਜੀ ਲਾ ਕੇ ਵੀ ਆਪਣੇ ਮਾਲਕ ਦੀ ਰੱਖਿਆ ਕਰਦੇ ਹਨ। ਇਨ੍ਹਾਂ ਨੂੰ ਜਿੰਨਾ ਮਰਜ਼ੀ ਦੁਰਕਾਰੋ, ਇਹ ਆਪਣੇ ਮਾਲਕ ਦਾ ਦਰ ਨਹੀਂ ਛੱਡਦੇ।
ਇਨਸਾਨ ਇਕ ਦੂਜੇ ਦੀ ਜਾਨ ਦੇ ਦੁਸ਼ਮਣ ਬਣੇ ਰਹਿੰਦੇ ਹਨ। ਕਤਲ ਕਰੀ ਜਾ ਰਹੇ ਹਨ ਦੂਸਰਿਆਂ ਦਾ।
ਬੇਰਹਿਮੀ ਨਾਲ ਕੁੱਟ ਕੁੱਟ ਕੇ ਮਾਰ ਦਿੱਤਾ ਜਾਂਦਾ ਹੈ ਗਰੀਬ ਬੇਗੁਨਾਹ।
"ਹਮ ਆਹ ਭੀ ਭਰਤੇ ਹੈ ਤੋ ਹੋ ਜਾਤੇ ਹੈ ਬਦਨਾਮ ਵੋਹ ਕਤਲ ਵੀ ਕਰਤੇ ਹੈ ਤੋ ਚਰਚਾ ਨਹੀਂ ਹੋਤੀ"
ਪੂਰੀ ਗਰੰਟੀ ਮੌਤ ਦੀ ਹੀ ਹੈ।
ਜ਼ਿੰਦਗੀ ਨੂੰ ਤਾਂ ਸਾਂਭਿਆ ਮਾਣਿਆ ਹੀ ਜਾ ਸਕਦਾ ਹੈ।
ਹੁਸਨ, ਦੌਲਤ ਜਾਂ ਤਾਕਤ ਦਾ ਹੰਕਾਰ ਛੱਡੀਏ।
ਏਥੇ ਵੱਡੇ ਵੱਡੇ ਲੋਕ ਰਾਖ ਬਣ ਗਏ ਹਨ। ਨੰਗੇ ਆਏ ਸੀ ਤੇ ਨੰਗੇ ਹੀ ਜਾਣਾ ਪੈਣਾ। ਜ਼ੇਬ ਅਜੇ ਤੱਕ ਕਿਸੇ ਨੇ ਲਾਈ ਨਹੀਂ ਕਫ਼ਨ ਨੂੰ।
ਆਪਣੀ ਜ਼ਿੰਦਗੀ ਨੂੰ ਖ਼ੁਸ਼ੀ ਨਾਲ ਮਾਣੋ। ਜਿਹੜੀ ਜ਼ਿੰਦਗੀ ਅਸੀਂ ਜੀ ਰਹੇ ਹਾਂ।
ਜ਼ਿੰਦਗੀ ਹਸਦਿਆਂ ਨੂੰ ਹੀ ਹਸਾਉਂਦੀ ਹੈ।
ਪਿਆਰ ਮੁਹੱਬਤ ਨਾਲ ਜਿੱਤ ਲਓ ਬਹੁਤ ਸਾਰੇ ਦਿਲਾਂ ਨੂੰ, ਇਹੋ ਹੀ ਹੈ ਜ਼ਿੰਦਗੀ ਦਾ ਫ਼ਲਸਫ਼ਾ।
-
Amarjit Tanda, Writer
drtanda193@gmail.com
0009990000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.