ਤੰਬਾਕੂ ਇੱਕ ਅਜਿਹਾ ਨਸ਼ਾ ਹੈ ਜਿਸ ਦੀ ਸਜ਼ਾ ਸਿਰਫ ਨਸ਼ਾ ਕਰਨ ਵਾਲਾ ਨਹੀਂ ਸਗੋਂ ਉਸਦੇ ਆਸ ਪਾਸ ਦੇ ਲੋਕਾਂ ਨੂੰ ਵੀ ਭੁਗਤਣੀ ਪੈਂਦੀ ਹੈ। ਇਹ ਸਜ਼ਾ ਆਰਥਿਕ, ਸਰੀਰਕ ਅਤੇ ਮਾਨਸਿਕ ਤਿੰਨੋ ਤਰ੍ਹਾਂ ਦੀ ਹੀ ਹੁੰਦੀ ਹੈ।ਭਾਰਤ ਵਿੱਚ ਇਸ ਸਮੇਂ ਤੰਬਾਕੂ ਦੀ ਵੱਖ-2 ਰੂਪਾਂ ਵਿੱਚ ਵਰਤੋਂ ਜੋਰਾਂ ਸ਼ੋਰਾਂ ਨਾਲ ਕੀਤੀ ਜਾ ਰਹੀ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ ਪੂਰੀ ਦੁਨੀਆਂ ਵਿੱਚ ਹਰ ਸਾਲ 80 ਲੱਖ ਤੋਂ ਜਿਆਦਾ ਲੋਕ ਤੰਬਾਕੂ ਦੀ ਵਰਤੋਂ ਨਾਲ ਆਪਣੀ ਜਾਨ ਗੁਆ ਰਹੇ ਹਨ l
ਇਸ ਮਾਮਲੇ ਨਾਲ ਜੁੜੇ ਗੰਭੀਰ ਪਹਿਲੂ ਇਹ ਵੀ ਹੈ ਕਿ ਭਾਰਤ ਵਿੱਚ ਹਰ ਉਮਰ ਵਰਗ ਵਿੱਚ ਤੰਬਾਕੂ ਅਤੇ ਇਸ ਨਾਲ ਸਬੰਧਤ ਪਦਾਰਥਾਂ ਦੀ ਵਰਤੋਂ ਦਾ ਰੁਝਾਨ ਕਾਫੀ ਖਤਰਨਾਕ ਹੱਦ ਤੱਕ ਵਧਿਆ ਹੋਇਆ ਅਤੇ ਲਗਾਤਾਰ ਵਧ ਰਿਹਾ ਹੈ।ਪੰਜਾਬੀ ਦੀ ਕਹਾਵਤ ‘ਅੱਖੀ ਦੇਖ ਕੇ ਮੱਖੀ ਨਹੀਂ ਨਿਗਲੀ ਜਾਦੀਂ’ ਵੀ ਤੰਬਾਕੂ ਦੇ ਮਾਮਲੇ ਵਿੱਚ ਝੂਠੀ ਪੈ ਗਈ ਜਾਪਦੀ ਹੈ; ਕਿਉਂ ਜੋ ‘ਤੰਬਾਕੂ ਸਿਹਤ ਲਈ ਹਾਨੀਕਾਰਕ ਹੈ’ ਦੀ ਸੰਵਿਧਾਨਿਕ ਚੇਤਾਵਨੀ ਹਰੇਕ ਨਸ਼ੀਲੇ ਪਦਾਰਥ ਉੱਪਰ ਹੋਣ ਦੇ ਬਾਵਜੂਦ ਵੀ ਲੋਕ ਇਸ ਗੱਲ ਨੂੰ ਅੱਖੋਂ –ਪਰੋਖੇ ਕਰ ਕੇ ਤੰਬਾਕੂ ਨਾਲ ਜੁੜਿਆ ਵਸਤਾਂ ਦੀ ਵਰਤੋਂ ਕਰਦੇ ਹਨ।
ਚੀਨ ਤੋਂ ਬਾਅਦ ਤੰਬਾਕੂ ਦੀ ਪੈਦਾਵਾਰ ਕਰਨ ਵਾਲਾ ਭਾਰਤ ਵਿਸ਼ਵ ਦਾ ਦੂਜਾ ਵੱਡਾ ਦੇਸ਼ ਹੈ।ਕੇਵਲ ਪੈਦਾਵਾਰ ਹੀ ਨਹੀਂ ਵਰਤੋਂ ਦੇ ਪੱਖ ਤੋਂ ਵੀ ਭਾਰਤ ਦੂਜਾ ਸਥਾਨ (274.9 ਮਿਲੀਅਨ) ਲੈਂਦੇ ਹੋਏ ਮੋਹਰੀ ਚੀਨ (300.8 ਮਿਲੀਅਨ) ਨਾਲ ਮੋਢਾ ਜੋੜੀ ਖਲੋਤਾ ਹੈ। ਇਹ ਨਹੀਂ ਹੈ ਵਿਸ਼ਵ ਦੇ ਹੋਰਨਾਂ ਦੇਸ਼ਾਂ ਵਿੱਚ ਵੀ ਇਸ ਦੀ ਵਰਤੋਂ ਨਹੀਂ ਹੋ ਰਹੀ ਬਲਕਿ ਹੋਰਨਾਂ ਦੇਸ਼ਾਂ ਵਿੱਚ ਵੀ ਅਜਿਹੀਆਂ ਵਸਤਾਂ ਦੀ ਦਿਨੋ ਦਿਨ ਵਰਤੋਂ ਵਧਦੀ ਜਾ ਰਹੀ ਹੈ।ਸਿਹਤ ਸੰਬੰਧੀ ਮਾਹਿਰਾਂ ਦਾ ਦੱਸਣਾ ਹੈ ਕਿ ਫੇਫੜਿਆਂ ਦੇ ਕੈਂਸਰ ਨਾਲ ਹੋਣ ਵਾਲੀਆਂ 90 ਪ੍ਰਤੀਸ਼ਤ ਮੌਤਾਂ ਅਤੇ ਸਾਹ ਦੇ 80 ਪ੍ਰਤੀਸ਼ਤ ਮਾਮਲਿਆਂ ਤੰਬਾਕੂ ਦੀ ਵਰਤੋਂ ਜਿੰਮੇਵਾਰ ਹੈ।
ਭਾਰਤ ਵਿੱਚ ਵੀ ਹਰ ਸਾਲ ਲਗਭਗ 1.37 ਮਿਲੀਅਨ ਮੌਤਾਂ ਤੰਬਾਕੂ ਦੀ ਵਰਤੋਂ ਕਾਰਨ ਹੀ ਹੋਣ ਲੱਗੀਆਂ ਹਨ ਅਜੋਕੇ ਚਿੰਤਾਜਨਕ ਅੰਕੜਾ ਹੈ।ਤੰਬਾਕੂ ਦੇ ਨਸ਼ੇ ਦਾ ਪ੍ਰਚਲਨ ਹੁਣ ਵਿਦਿਆਰਥੀਆਂ ਵਿੱਚ ਵੀ ਬਹੁਤ ਪਰ ਜਆਦਾ ਹੋ ਗਿਆ ਹੈ। ਆਖਿਆ ਜਾਂਦਾ ਹੈ ਕਿ ਪਹਿਲਾਂ ਇਸ ਲੜੀ ਵਿੱਚ ‘ਵੱਡੇ ਘਰਾਂ ਦੇ ਵਿਗੜੈਲ ਕਾਕੇ’ ਹੀ ਸ਼ਾਮਲ ਹੁੰਦੇ ਸਨ ਪਰ ਹੁਣ ਲਗਭਗ ਹਰ ਵਰਗ ਦੇ ਵੱਡਿਆਂ ਛੋਟਿਆਂ ਅਤੇ ਬੱਚਿਆਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਹੈ।
ਇੱਥੋਂ ਤੱਕ ਕਿ ਹੋਰਨਾਂ ਖੇਤਰਾਂ ਦੀ ਤਰਾਂ ਲੜਕੀਆਂ ਵੀ ਹੁਣ ਇਸ ਦੀ ਗ੍ਰਿਫਤ ਵਿੱਚ ਆ ਕੇ ਮੁੰਡਿਆਂ ਨੂੰ ਮਾਤ ਦੇਣ ਦੀ ਕੋਸ਼ਿਸ਼ ਵਿੱਚ ਹਨ , ਜੋ ਕਿ ਬਹੁਤ ਹੀ ਮੰਦਭਾਗਾ ਹੈ।ਵਿਦਿਆਰਥੀ ਵਰਗ ਵਿੱਚ ਤੰਬਾਕੂ ਦੀ ਵੱਧ ਰਹੀ ਵਰਤੋਂ ਦਾ ਇੱਕ ਕਾਰਨ ਮੋਬਾਇਲ ਫੋਨ ਅਤੇ ਅਜੋਕਾ ਮਨੋਰੰਜਨ ਜਗਤ ਵੀ ਹੈ। ਅਸੀਂ ਫਿਲਮਾਂ ਅਤੇ ਗੀਤਾਂ ਵਿੱਚ ਆਮ ਹੀ ਤੰਬਾਕੂ ਦੀ ਵਰਤੋਂ ਹੁੰਦੀ ਦੇਖਦੇ ਹਾਂ ਅਤੇ ਕਈ ਥਾਵਾਂ ਤੇ ਤਾਂ ਇਸ ਦੀ ਵਰਤੋਂ ਨੂੰ ਬਹੁਤ ਹੀ ਹਾਰ-ਸ਼ਿੰਗਾਰ ਕੇ ਇੱਕ ‘ਟਰੈੰਡ’ ਵਜੋਂ ਪੇਸ਼ ਕੀਤਾ ਜਾਂਦਾ ਹੈ।
ਅਣਭੋਲ ਨੌਜਵਾਨ ਇਹਨਾਂ ਦੀ ਅਸਲੀਅਤ ਨੂੰ ਸਮਝੇ ਬਿਨਾਂ ਹੀ ਇਸ ਅਖੌਤੀ ‘ਟਰੈੰਡ’ਦਾ ਪਾਲਣ ਕਰਨ ਲੱਗ ਜਾਂਦੇ ਹਨ।ਜਿਸ ਦੇ ਚਲਦੇ ਸ਼ੌਂਕ-ਸ਼ੌਂਕ ਵਿੱਚ ਇਹ ਲਾਅਨਤ ਚੰਬੇੜ ਤਾਂ ਲੈਂਦੇ ਹਨ ਪਰ ਬਾਅਦ ਵਿੱਚ ਇਸ ਦੇ ਪੱਕੇ ਗੁਲਾਮ ਬਣ ਜਾਂਦੇ ਹਨ।ਬਹੁਤ ਸਾਰੇ ਨੌਜਵਾਨ ਇਸ ਕਿਸਮ ਦੇ ਵੀ ਮਿਲਣ ਗੇ ਜੋ ਕਿ ‘ਸਟੇਟਸ ਸਿੰਬਲ’ ਮੰਨਕੇ ਸਿਗਰੇਟ ਪੀਂਦੇ ਹਨ। ਹੌਲੀ -2 ਇਹ ਲਤ ਕਦੋਂ ਉਹਨਾਂ ਦੀਆ ਨਾੜਾਂ ਵਿੱਚੋਂ ਦੀ ਹੁੰਦੀ ਹੋਈ ਹੱਡਾਂ ਦੇ ਵਿੱਚ ਰਚ ਜਾਂਦੀ ਹੈ ਇਹ ਖੁਦ ਉਹਨਾਂ ਬੱਚਿਆਂ ਢੰਗ ਨੂੰ ਵੀ ਪਤਾ ਨਹੀਂ ਹੁਣ ਲੱਗਦਾ ਹੈ।
ਇਸ ਤੋਂ ਬਾਅਦ ਫਿਰ ਅਗਲਾ ਪੜਾਅ ਅਸੀਂ ਸਾਰੇ ਹੀ ਜਾਣਦੇ ਹਾਂ।ਕਿਸੇ ਦੀ ਮੌਤ ਮੋਟਰ ’ਤੇ, ਕਿਸੇ ਦੀ ਪਿੰਡ ਦੀ ਫਿਰਨੀ ’ਤੇ ਜਾਂ ਫਿਰ ਤੂੜੀ ਵਾਲੇ ਅੰਦਰ ਪਰ ਮਰਨਾ ਤੈਅ ਹੈ।ਕਿਉਂਕਿ ਇਹ ਜ਼ਾਲਮ ਨਸ਼ਾ ਤਾਂ ਡੈਨ ਤੋਂ ਵੀ ਭੈੜਾ ਹੈ ਤੇ ਇਹ ਸੱਤ ਤਾਂ ਕੀ ਇੱਕ ਵੀ ਘਰ ਨਹੀਂ ਛੱਡਦਾ।ਤੰਬਾਕੂ ਸੰਬੰਧੀ ਹਾਲਾਤ ਪੂਰੇ ਵਿਸ਼ਵ ਵਿੱਚ ਹੀ ਚਿੰਤਾਜਣਕ ਹਨ ।
ਇੱਕ ਰਿਪੋਰਟ ਅਨੁਸਾਰ ਸਾਲ ਭਰ ਵਿੱਚ ਸੰਸਾਰ ਦੇ ਇੱਕ ਅਰਬ ਦੇ ਕਰੀਬ ਲੋਕ 5 ਹਜ਼ਾਰ ਕਰੋੜ ਸਿਗਰਟਾਂ ਪੀਂਦੇ ਹਨ। ਚਿੰਤਾ ਦਾ ਵਿਸ਼ਾ ਇਹ ਹੈ ਕਿ ਔਰਤਾਂ ਅਤੇ ਛੋਟੇ ਬੱਚਿਆਂ ਵਿੱਚ ਵੀ ਤੰਬਾਕੂ ਦੀ ਵਰਤੋਂ ਕਰਨ ਵਿੱਚ ਵਾਧਾ ਹੋ ਰਿਹਾ ਹੈ। ਮੋਹਾਲੀ ਕੀ ਸਮਾਜ ਸੇਵੀ ਸੰਸਥਾ ਨੇ ਨੇਸ਼ਨ ਸੇਵੀਅਰ ਨੇ ਕਈ ਵਰ੍ਹੇ ਪਹਿਲਾਂ ਸਰਵੇ ਕਰਵਾਇਆ ਸੀ ਜਿਸ ਤਰ੍ਹਾਂ ਇਹ ਤੱਥ ਉਭਰੇ ਸਨ। ਪਿਛਲੇ ਦਸਾਂ ਸਾਲਾਂ ਦੌਰਾਨ ਤਾਂ ਸਥਿਤੀ ਹੋਰ ਵੀ ਭਿਆਨਕ ਹੋਈ ਹੈ। ਹੁਣ ਤਾਂ 12 - 13 ਸਾਲ ਦੇ ਕਈ ਬੱਚੇ ਅਜਿਹੇ ਵੀ ਮਿਲਣਗੇ ਜਿਹੜੇ ਇਸ ਨਸ਼ੇ ਦੀ ਪ੍ਰਾਪਤੀ ਨੂੰ ‘ਸਵਰਗ ’ ਮੰਨਦੇ ਹਨ।ਪਰ ਉਹ ਇਹ ਨਹੀਂ ਜਾਣਦੇ ਕਿ ਇਹ ਵਰਤਾਰਾ ਸਵਰਗ ਦਾ ਨਹੀਂ ਸਗੋਂ ਨਰਕ ਅਤੇ ਜਲਾਲਤ ਭਰੀ ਜ਼ਿੰੰਦਗੀ ਦਾ ਹੈ ਜੋ ਕਿ ਮੌਤ ਦਾ ਰਾਹ ਖੋਲ੍ਹਦਾ ਹੈ।
ਇੱਥੇ ਇਹ ਵੀ ਜਿਕਰਯੋਗ ਹੈ ਕਿ ਤੰਬਾਕੂ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਸੜਕੀ ਹਾਦਸਿਆਂ ਨਾਲ ਹੋਣ ਵਾਲੀਆਂ ਮੌਤਾਂ ਤੋਂ ਵੀ ਜਿਆਦਾ ਹੈ।ਸਿਗਰਟ ਪੀਣ ,ਜਿਸ ਵਿੱਚ ਭਾਰਤ ਦਾ ਚੀਨ ਤੋਂ ਬਾਅਦ ਦੂਸਰਾ ਨੰਬਰ ਹੈ , ਦੇ ਧੂੰਏ ਨਾਲ ਕੁੱਝ ਮੌਤਾਂ ਅਜਿਹੀਆ ਵੀ ਹੋ ਰਹੀਆਂ ਹਨ ਜਿੰਨ੍ਹਾਂ ਨੇ ਆਪ ਕਦੇ ਵੀ ਸਿਗਰਟ ਨਹੀਂ ਪੀਤੀ।ਉਹਨਾਂ ਨੂੰ ਕੇਵਲ ਸਿਗਰਟ ਪੀਣ ਵਾਲੇ ਲੋਕਾਂ ਦੇ ਨੇੜੇ ਰਹਿਣ ਦਾ ਹਰਜਾਨਾ ਭਰਨਾ ਪਿਆ ਅਤੇ ਉਹ ਵੀ ਆਪਣੇ ਜਾਨ ਗੁਆ ਬੈਠੇ।
ਆੱਲ ਇੰਡੀਆ ਇੰਸਟੀਚਿਊਟ ਆੱਫ ਮੈਡੀਕਲ ਸਾਇੰਸਜ਼ ਦੇ ਮਾਹਿਰ ਡਾਕਟਰਾਂ ਅਨੁਸਾਰ ਇੱਕ ਸਿਗਰਟ ਔਸਤਨ ਦਸ ਮਿੰਟ ਜ਼ਿੰਦਗੀ ਘੱਟ ਕਰ ਦਿੰਦੀ ਹੈ। ਡਾਕਟਰਾਂ ਦਾ ਮੰਨਣਾ ਹੈ ਕਿ ਤੰਬਾਕੂ ਦੀ ਵਰਤੋਂ ਏਡਜ਼ ਤੋਂ ਵੀ ਜਿਆਦਾ ਖਤਰਨਾਕ ਹੈ।ਕਿਉਂ ਜੋ ਏਡਜ਼ ਨਾਲ 7-8 ਸਾਲ ਵਿੱਚ ਜਿੰਨੀਆਂ ਮੌਤਾਂ ਹੁੰਦੀਆਂ ਹਨ ਸਿਗਰਟ ਬੀੜੀ ਦੀ ਵਰਤੋਂ ਨਾਲ ਓਨੀਆਂ ਇੱਕ ਹਫਤੇ ਵਿੱਚ ਹੋ ਜਾਂਦੀਆਂ ਹਨ।
ਭਾਰਤ ਸਰਕਾਰ ਦੁਆਰਾ ਸਮੇਂ-ਸਮੇਂ ਤੇ ਮੌਤ ਦੇ ਇਸ ਵੱਡੇ ਕਾਰਨ ਤੋਂ ਛੁਟਕਾਰਾ ਦਿਵਾਉਣ ਲਈ ਯਤਨ ਕੀਤੇ ਜਾਂਦੇ ਰਹੇ ਹਨ।ਸਾਲ 2003 ਵਿੱਚ ਇਸੇ ਮੁਹਿੰਮ ਦੇ ਚਲਦੇ ਇੱਕ ਕਨੂੰਨ ਪਾਸ ਕੀਤਾ ਗਿਆ ਜਿਸ ਦੇ ਤਹਿਤ ਕਿਸੇ ਵੀ ਜਨਤਕ ਸਥਾਨ ,ਵਿੱਦਿਅਕ ਅਦਾਰਿਆਂ ਦੇ 100 ਗਜ਼ ਦੇ ਅੰਦਰ ਕਿਸੇ ਤਰਾਂ ਦੇ ਨਸ਼ੀਲੇ ਪਦਾਰਥ ਦੀ ਵਿੱਕਰੀ ਤੇ ਰੋਕ ਲਗਾਈ ਗਈ ਹੈ । ਇਸ ਕਾਨੂੰਨ ਵਿੱਚ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇਹ ਚੀਜਾਂ ਨਾਂ ਵੇਚੇ ਜਾਣ ਸੰਬੰਧੀ ਵੀ ਨਿਯਮ ਬਣਾਏ ਹੋਏ ਹਨ।
ਸਰਕਾਰ ਨੇ ਇਸ ਕਨੂੰਨ ਨੂੰ ਤਿੰਨ ਮਹੀਨੇ ਦੇ ਅੰਦਰ ਸਖਤੀ ਨਾਲ ਲਾਗੂ ਕਰਨ ਦੀ ਗੱਲ ਵੀ ਕਹੀ ਸੀ,ਪਰ ਅਫਸੋਸ ਸਰਕਾਰ ਦੇ ਸੁਹਿਰਦ ਯਤਨਾਂ ਦੇ ਬਾਵਜ਼ੂਦ ਇਸ ਕਨੂੰਨ ਦਾ ਜਨਤਾ ਨੂੰ ਬਹੁਤਾ ਜਿਆਦਾ ਲਾਭ ਨਹੀਂ ਹੋਇਆ । ਉਪਰੋਕਤ ਸਾਰੇ ਮਾਜਰੇ ਤੇ ਗੌਰ ਕਰਨ ਤੋਂ ਬਾਅਦ ਇੱਕ ਗੱਲ ਪੂਰੀ ਤਰਾਂ ਸਪੱਸ਼ਟ ਹੈ ਕਿ ਭਾਵੇਂ ਅਸੀਂ ਤਰੱਕੀ ਕੀਤੇ ਜਾਣ ਦੇ ਲੱਖਾਂ ‘ਢੋਲ ਵਜਾਕੇ’ ਆਪਣੀ ਪਿੱਠ ਆਪ ਥਾਪੜੀ ਜਾਈਏ ਪਰ ਜਿੰਨਾਂ ਚਿਰ ਨਸ਼ਾ ਨਾਮਕ ਭੈੜੀ ਅਲਾਮਤ ਦੇ ਘੇਰੇ ਵਿੱਚੋ ਲੋਕਾਂ ਨੂੰ ਕੱਢ ਨਹੀਂ ਲੈਂਦੇ ਉਨਾਂ ਚਿਰ ਦੇਸ਼ ਵਿਚਲੇ ਹਾਲਾਤ ਪੂਰੀ ਤਰਾਂ ਸਾਜ਼ਗਾਰ ਨਹੀਂ ਹੋ ਸਕਦੇ ਹਨ।
ਜੇਕਰ ਸਰਕਾਰ ਚਾਹੇ ਤਾਂ ਇਸ ਅੱਤ ਦੇ ਭੈੜੇ ਨਸ਼ੀਲੇ ਪਦਾਰਥਾਂ ਨੂੰ ਬੰਦ ਕੀਤਾ ਜਾ ਸਕਦਾ ਹੈ।ਪਰੰਤੁ ਇਸ ਲਈ ਸਰਕਾਰ ਨੂੰ ਜੋ ਅਰਬਾਂ ਰੁਪਏ ਤੰਬਾਕੂ ਕੰਪਨੀਆਂ ਤੋਂ ਟੈਕਸ ਦੇ ਰੂਪ ਵਿੱਚ ਇਕੱਠਾ ਹੁੰਦਾ ਹੈ ਦੀ ਬਲੀ ਚੜਾਉਣੀ ਪਵੇਗੀ।ਅੱਜ ਜਰੂਰਤ ਹੈ ਸਾਰੇ ਸਮਾਜ ਨੂੰ ਇੱਕ ਜੁਟ ਹੋਣ ਦੀ ਤਾਂ ਜੋ ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਨੂੰ ਤੰਬਾਕੂਸਤਾਨ ਬਣਨ ਤੋਂ ਬਚਾਇਆ ਜਾ ਸਕੇ।ਇਸ ਲਈ ਆਓ ਅਸੀਂ ਸਾਰੇ ਰਲ ਕੇ ਨਸ਼ਾ ਰਹਿਤ ਸਮਾਜ ਸਿਰਜਣਾ ਕਰਨ ਵਿੱਚ ਯੋਗਦਾਨ ਪਾਈਏ ਅਤੇ ਇੱਕਜੁੱਟ ਹੋ ਕੇ ਇਸ ਮਹਾਂਮਾਰੀ ਨੂੰ ਜੜ ਤੋਂ ਖਤਮ ਕਰੀਏ।
-
ਡਿੰਪਲ ਵਰਮਾ, ਹੈੱਡ ਮਿਸਟਰੈਸ, ਸ.ਹ.ਸ. ਕਰਮਗੜ੍ਹ, ਸ਼੍ਰੀ ਮੁਕਤਸਰ ਸਾਹਿਬ
*********
90236-00302
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.