ਡਾ ਹਰਚੰਦ ਸਿੰਘ ਬੇਦੀ ਨੂੰ ਯਾਦ ਕਰਦਿਆਂ
ਡਾ ਗੁਰਬੀਰ ਸਿੰਘ ਬਰਾੜ
ਸਹਾਇਕ ਪ੍ਰੋ. ਗੁਰੂ ਨਾਨਕ ਕਾਲਜ ਬਟਾਲਾ
ਮੇਰੇ ਅਧਿਆਪਕ ਡਾਕਟਰ ਹਰਚੰਦ ਸਿੰਘ ਬੇਦੀ, ਪਰਵਾਸੀ ਪੰਜਾਬੀ ਸਾਹਿਤ ਆਲੋਚਨਾ ਦੀ ਇਕ ਬਲੰਦ ਪ੍ਰਤਿਭਾ ਸਨ। ਪ੍ਰਤਿਭਾ ਤੋਂ ਮੁਰਾਦ ਕਿਸੇ ਵਿਅਕਤੀ ਦੀ ਉੱਚੀ ਬੌਧਿਕ-ਸਿਰਜਨਾਤਮਕ ਸਮਰੱਥਾ ਤੋਂ ਹੈ। ਰੋਮਨ ਸਮਾਜ ਵਿੱਚ ਪ੍ਰਤਿਭਾ ਸਬੰਧੀ ਮਾਨਤਾ ਸੀ ਕਿ ਇਹ ਕੁਦਰਤ ਵੱਲੋਂ ਬਖਸ਼ਿਆ ਗਿਆ ਨਿੱਜੀ ਗੁਣ ਹੈ ਜੋ ਹਰੇਕ ਮਨੁੱਖ ਨੂੰ ਜਨਮ ਸਮੇਂ ਪ੍ਰਾਪਤ ਹੁੰਦਾ ਹੈ ਅਤੇ ਮਰਨ ਤੱਕ ਉਸਦੇ ਕੋਲ ਰਹਿੰਦਾ ਹੈ। ਰੋਮਨ ਮਿੱਥ ਵਿਚ ਇਹ ਇਕ ਕਿਸਮ ਦਾ ਦੇਵਤਾ ਸੀ ਇਸ ਦਾ ਮਹੱਤਵਪੂਰਨ ਕੰਮ ਹੁੰਦਾ ਸੀ ਵਿਅਕਤੀਗਤ ਅਤੇ ਸਮੂਹਿਕ (ਕੌਮੀ) ਜੀਵਨ ਦੀ ਨਿਰੰਤਰਤਾ ਲਈ ਬਚਾਓ ਵਿਧੀਆਂ ਦਰਸਾਉਣਾ ਅਤੇ ਅਗਵਾਈ ਕਰਨਾ। ਫ਼ਲਸਫ਼ੇ ਦੀ ਭਾਸ਼ਾ ਵਿਚ ਮੌਲਿਕ ਸ਼ਖ਼ਸੀਅਤ ਦੇ ਇੱਕ ਗੁਣ ਵਜੋਂ ਪ੍ਰਤਿਭਾ ਅੰਤਰ-ਦ੍ਰਿਸ਼ਟੀ ਵਜੋਂ ਵਿਚਰਦੀ ਹੈ ਜੋ ਉਸ ਦੇ ਕਲਾਤਮਕ ਅਤੇ ਸਿਰਜਣਾਤਮਕ ਪ੍ਰਗਟਾਵੇ ਨੂੰ ਇਕ ਬੁਲੰਦੀ ‘ਤੇ ਲੈ ਜਾਂਦੀ ਹੈ। ਇਹ ਬੁਲੰਦੀ ਹੀ ਕਈ ਵਾਰ ਮਾਪਦੰਡ ਬਣ ਜਾਂਦੀ ਹੈ। ਇਸ ਤਰ੍ਹਾਂ ਪ੍ਰਤਿਭਾ ਦੇ ਜਿੱਮੇ ਅਗਵਾਈ, ਅਧਿਆਪਨ, ਸਿਰਜਣਾ, ਪ੍ਰਗਟਾਵਾ ਆਦਿ ਕਰਤਾਰੀ ਅਤੇ ਬੌਧਿਕ ਲੱਛਣਾਂ ਦਾ ਸੰਯੋਜਨ ਕਰਨਾ ਹੁੰਦਾ ਹੈ।
ਡਾਕਟਰ ਹਰਚੰਦ ਸਿੰਘ ਬੇਦੀ ਦੀਆਂ ਹੋਰ ਸੈਂਕੜੇ ਖ਼ੂਬੀਆਂ ਵਿਚ ਜਿਹੜੀ ਗੱਲ ਮੇਰੇ ਦਿਲ ਦੇ ਸਭ ਤੋਂ ਨੇੜੇ ਹੈ ਉਹ ਹੈ ਕੀ ਉਨ੍ਹਾਂ ਨੇ ਰਿਸ਼ਤਿਆਂ ਦੀ ਇਕ ਨਵੀਂ ਇਬਾਰਤ ਲਿਖੀ। ਆਪਣੇ ਵਿਦਿਆਰਥੀਆਂ ਨਾਲ ਉਨ੍ਹਾਂ ਦਾ ਰਿਸ਼ਤਾ ਕੇਵਲ ਅਕਾਦਮਿਕ ਅਗਵਾਈ ਦੇਣ ਵਾਲਾ ਨਹੀਂ ਸੀ ਬਲਕਿ ਉਨ੍ਹਾਂ ਇਸ ਰਿਸ਼ਤੇ ਨੂੰ ਉੱਚੀ ਨੈਤਿਕਤਾ, ਮੁਹੱਬਤ ਅਤੇ ਖ਼ਲੂਸ ਨਾਲ ਭਰਪੂਰ ਕਰ ਦਿੱਤਾ ਸੀ। ਇਹ ਨਹੀਂ ਕਿ ਉਹ ਉਮਰ ਵਿਚ ਵੱਡੇ ਸਨ ਅਤੇ ਉਨ੍ਹਾਂ ਨੂੰ ਜ਼ਿੰਦਗੀ ਦਾ ਵਧੇਰੇ ਗਿਆਨ ਸੀ ਇਸ ਲਈ ਉਹ ਚੰਗੀ ਸਲਾਹ ਕਰਦੇ ਸਨ ਪਰ ਅਸਲ ਸੱਚ ਇਹ ਹੈ ਕਿ ਉਹ ਇਕ ਬਜ਼ੁਰਗ ਵਾਂਗ ਦਿਲ ਰੱਖਦੇ ਸਨ ਜੋ ਹਮੇਸ਼ਾ ਆਪਣੇ ਬੱਚਿਆਂ ਨੂੰ ਨੇਕ ਸਲਾਹ ਦੇਣ ਲਈ ਤਤਪਰ ਰਹਿੰਦਾ ਹੈ।
ਸਾਹਿਤਕਾਰ ਲਾਲ ਸਿੰਘ ਬੇਦੀ ਦੇ ਘਰ 25-12-1951 ਨੂੰ ਜਨਮੇ ਸ. ਹਰਚੰਦ ਸਿੰਘ ਬੇਦੀ ਨੇ ਬਹੁਤ ਸੰਘਰਸ਼ਸ਼ੀਲ ਜੀਵਨ ਜੀਵਿਆ ਜੋ ਕਿ ਉਹਨਾਂ ਦੇ ਵਿਦਿਆਰਥੀਆਂ, ਦੋਸਤਾਂ ਅਤੇ ਜਾਣਕਾਰਾਂ ਵਾਸਤੇ ਬੇਹੱਦ ਪ੍ਰੇਰਨਾ ਦਾਇਕ ਹੈ। ਡਾ. ਬੇਦੀ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਬੀ.ਏ ਆਨਰਜ਼ ਪਹਿਲੇ ਦਰਜੇ ਵਿਚ ਪਾਸ ਕੀਤੀ, ਐਮ.ਏ. ਪੰਜਾਬੀ, ਪਟਿਆਲਾ ਯੂਨੀਵਰਸਿਟੀ ਤੋਂ ਗੋਲਡ ਮੈਡਲ ਨਾਲ ਪਾਸ ਕੀਤੀ ਐਮ.ਫਿਲ. ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਫਸਟ ਕਲਾਸ ਫਸਟ ਰਹਿ ਕੇ ਪਾਸ ਕੀਤੀ।1991 ਵਿਚ ਪੀ.ਐਚ.ਡੀ. ਅਤੇ ਫਿਰ ਉਰਦੂ ਅਤੇ ਫਾਰਸੀ ਭਾਸ਼ਾਵਾਂ ਵਿਚ ਡਿਪਲੋਮੇ ਕੀਤੇ। ਡਾ. ਬੇਦੀ ਨੇ ਆਪਣੀ ਮਿਹਨਤ ਲਗਨ ਅਤੇ ਵਿਦਵਤਾ ਦੇ ਬਲਬੂਤੇ ਪਰਵਾਸੀ ਪੰਜਾਬੀ ਸਾਹਿਤ ਨੂੰ ਇੱਕ ਆਜ਼ਾਦ ਅਨੁਸ਼ਾਸਨ ਬਣਾ ਦਿੱਤਾ । ਇਸ ਖੇਤਰ ਵਿਚ ਲਗਭਗ ਤੀਹ ਸਾਲ ਉਹਨਾਂ ਆਪਣੀ ਵਿਦਵਤਾ ਦਾ ਲੋਹਾ ਮਨਵਾਇਆ। ਆਪਣੀ ਹਯਾਤੀ ਵਿਚ ਉਹਨਾਂ 67 ਮੌਲਿਕ ਕਿਤਾਬਾਂ ਲਿਖੀਆਂ। 72 ਖੋਜ ਪੱਤਰ, 52 ਲੇਖ, 59 ਸੈਮੀਨਾਰ ਅਤੇ ਕਾਨਫ਼ਰੰਸਾਂ ਵਿਚ ਪੱਤਰ ਪੇਸ਼ ਕੀਤੇ। ਇਸ ਤੋਂ ਇਲਾਵਾ 110 ਕਿਤਾਬਾਂ ਦੇ ਰੀਵਿਊ ਕੀਤੇ ਅਤੇ 42 ਕਿਤਾਬਾਂ ਦੀਆਂ ਭੂਮਿਕਾਵਾਂ ਲਿਖੀਆਂ ਅਤੇ 30 ਲੇਖਕਾਂ ਦੀ ਇੰਟਰਵਿਊ ਲੈ ਕੇ ਪ੍ਰਕਾਸ਼ਤ ਕੀਤੀ। ਉਹਨਾਂ ਵੱਲੋਂ ਪਰਵਾਸੀ ਪੰਜਾਬੀ ਸਾਹਿਤ ਅਤੇ ਵੱਖ ਵੱਖ ਅਦਬੀ ਸ਼ਖਸੀਅਤਾਂ ਬਾਰੇ ਕਈ ਕਈ ਭਾਗਾਂ ਵਾਲੇ ਤੇਰਾਂ ਹਵਾਲਾ ਗ੍ਰੰਥ ਤਿਆਰ ਕੀਤੇ ਗਏ। ਭਾਈ ਵੀਰ ਸਿੰਘ ਖੋਜ ਕੇਂਦਰ, ਚੀਫ਼ ਖਾਲਸਾ ਦੀਵਾਨ ਅੰਮ੍ਰਿਤਸਰ ਦੇ ਨਿਰਦੇਸ਼ਕ ਵਜੋਂ ਉਹਨਾ ਭਾਈ ਵੀਰ ਸਿੰਘ ਜੀ ਬਾਰੇ ਵੀ ਓਸੇ ਸ਼ਿੱਦਤ ਨਾਲ ਖੋਜ ਕਾਰਜ ਆਰੰਭ ਕੀਤਾ ਅਤੇ ਆਖਰੀ ਹਵਾਲਾ ਗ੍ਰੰਥ ਭਾਈ ਵੀਰ ਸਿੰਘ ਜੀ ਬਾਰੇ ਤਿਆਰ ਕੀਤਾ ਜੋ ਪ੍ਰੈਸ ਵਿਚ ਛਪਾਈ ਅਧੀਨ ਸੀ ਜਦੋਂ ਬੁਲਾਵਾ ਆ ਗਿਆ।
ਸਾਰਾ ਜੀਵਨ ਭਰਪੂਰ ਊਰਜਾ ਨਾਲ ਉਹਨਾਂ ਪਰਵਾਸੀ ਪੰਜਾਬੀ ਸਾਹਿਤ ਲਈ ਨਿੱਗਰ ਜ਼ਮੀਨ ਤਿਆਰ ਕੀਤੀ। ਉਹਨਾਂ ਦੀ ਘਾਲਣਾ ਨੂੰ ਮਾਨਤਾ ਦਿੰਦਿਆਂ ਯੂ.ਜੀ.ਸੀ. ਵੱਲੋਂ ਉਹਨਾਂ ਨੂੰ ਪਰਵਾਸੀ ਪੰਜਾਬੀ ਸਾਹਿਤ ਦੇ ਪ੍ਰੋਫੈਸਰ ਅਮੈਰਿਟਸ ਦੇ ਸਨਮਾਨਤ ਖਿਤਾਬ ਨਾਲ ਨਿਵਾਜਿਆ ਗਿਆ।
ਭਾਵੇਂ ਡਾ. ਹਰਚੰਦ ਸਿੰਘ ਬੇਦੀ ਮਾਰਕਸਵਾਦੀ ਅਧਿਐਨ ਵਿਧੀ ਦੇ ਬਹੁਤ ਚੰਗੇ ਜਾਣੂ ਸਨ ਪਰ ਉਨ੍ਹਾਂ ਨੇ ਆਪਣੀ ਨਿਜੀ ਸ਼ੈਲੀ ਵਿਕਸਤ ਕੀਤੀ ਜਿਸ ਉਪਰ ਝਾਤੀ ਮਾਰਦਿਆਂ ਅਸੀਂ ਉਨ੍ਹਾਂ ਦੀ ਅਧਿਐਨ ਵਿਧੀ ਵਿਚ ਮਾਰਕਸਵਾਦੀ ਅਧਿਐਨ ਵਿਧੀ ਦੇ ਨਾਲ ਨਾਲ ਲੇਖਕ ਅਤੇ ਰਚਨਾ ਨੂੰ ਤੋੜ ਕੇ ਵੇਖਣ ਵਾਲੀਆਂ ਵਿਧੀਆਂ ਜਿਵੇਂ ਦੈਰਿਦਾ ਦੀ ਵਿਖੰਡਨ ਵਾਦੀ ਵਿਧੀ ਅਤੇ ਪਾਠਾਤਮਕ ਅਧਿਐਨ ਵਿਧੀ ਜਿਸ ਵਿੱਚ ਅੰਤਰ ਪਾਠ ਪੱਧਰ ਤੇ ਰਚਨਾ ਨੂੰ ਪਰਖਣ ਤੇ ਪੜਚੋਲਣ ਦੀਆਂ ਜੁਗਤਾਂ ਸ਼ਾਮਿਲ ਹੋਈਆਂ ਵੇਖਦੇ ਹਾਂ। ਇਸ ਤੋਂ ਇਲਾਵਾ ਉਨ੍ਹਾਂ ਨੇ ਅੰਤਰਰਾਸ਼ਟਰੀ ਸਾਹਿਤ ਚਰਚਾ ਵਿਚ ਪ੍ਰਚੱਲਤ ਸਾਹਿਤਕ ਤੇ ਦਾਰਸ਼ਨਿਕ ਬਹਿਸ ਨੂੰ ਵੀ ਸ਼ਾਮਲ ਰੱਖਿਆ ਹੈ ।
ਅਧਿਐਨ ਵਿਧੀ ਵਜੋਂ ਡਾ. ਹਰਚੰਦ ਸਿੰਘ ਬੇਦੀ ਬਹੁਤ ਸਪਸ਼ਟ ਸਨ ਉਹ ਕਿਸੇ ਵੀ ਵਿਧੀ ਨੂੰ ਲਕੀਰ ਦੇ ਫ਼ਕੀਰ ਵਾਂਗ ਲਾਗੂ ਕਰਨ ਦੇ ਕਦੇ ਵੀ ਹਾਮੀ ਨਹੀਂ ਹੋਏ ਬਲਕਿ ਉਹ ਅੰਤਰ ਪਾਠ ਅਧਿਐਨ ਵਿਧੀ ਰਾਹੀਂ ਹਰੇਕ ਰਚਨਾ ਦੀ ਵਿਲੱਖਣ ਆਲੋਚਨਾ ਕਰਨ ਸੰਬੰਧੀ ਮੁਤਮਈਨ ਸਨ। ਉਹ ਆਪਣੇ ਵਿਦਿਆਰਥੀਆਂ ਨੂੰ ਵੀ ਇਹੀ ਸਿਖਾਉਂਦੇ ਸਨ। ਕਿਸੇ ਵਿਚਾਰਧਾਰਾ ਦਾ ਪਿਛਲੱਗ ਬਣਨ ਨਾਲੋਂ ਆਪਣੀ ਨਿੱਜੀ ਵਿਚਾਰਧਾਰਾ ਦਾ ਉਥਾਨ ਕਰਨਾ ਚਾਹੀਦਾ ਹੈ ਅਤੇ ਨਿੱਜੀ ਵਿਚਾਰਧਾਰਾ ਦਾ ਉਥਾਨ ਤਾਂ ਹੀ ਹੋ ਸਕਦਾ ਹੈ ਜੇਕਰ ਸਾਨੂੰ ਬਾਕੀ ਵਿਚਾਰਧਾਰਾਵਾਂ ਸਬੰਧੀ ਡੂੰਘੀ ਜਾਣਕਾਰੀ ਹੋਵੇ ਪ੍ਰੰਤੂ ਦਾਰਸ਼ਨਿਕ ਪੱਧਰ ਤੇ ਅਸੀਂ ਇੰਨੇ ਸਪੱੱਸ਼ਟ ਹੋਈਏ ਕਿ ਆਪਣੀ ਵੱਖਰੀ ਵਿਚਾਰਧਾਰਾ ਨੂੰ ਪਛਾਣ ਅਤੇ ਸਥਾਪਤ ਕਰ ਸਕਦੇ ਹੋਈਏ। ਇਸੇ ਕਰਕੇ ਉਨ੍ਹਾਂ ਨੇ ਪਰਵਾਸੀ ਪੰਜਾਬੀ ਸਾਹਿਤ ਅਧਿਐਨ ਲਈ ਖੋਜ ਅਧਿਐਨ ਪ੍ਰਯੋਗ ਤੇ ਵਿਹਾਰ ਨੂੰ ਅੰਗ ਸੰਗ ਰੱਖਦਿਆਂ ਅੰਤਰ-ਪਾਠ ਅਧਿਐਨ ਵਿਧੀ ਦੀ ਚੋਣ ਕੀਤੀ।
ਪਾਠ ਤੇ ਪਾਠਕ, ਪਾਠ ਤੇ ਲੇਖਕ, ਪਾਠ ਤੇ ਆਲੋਚਕ ਅਤੇ ਪਾਠ ਤੇ ਭਾਸ਼ਾ ਦੇ ਅੰਤਰ ਸਬੰਧਾਂ ਨੂੰ ਵਿਗਿਆਨਕ ਦ੍ਰਿਸ਼ਟੀ ਬਿੰਦੂ ਤੋਂ ਵਿਚਾਰਦੇ ਹਨ। ਰਚਨਾ ਦੇ ਪੂਰਬ ਪਾਠ ਸਾਹਿਤ ਪਾਠ ਤੇ ਉੱਤਰ ਪਾਠ ਦੀ ਚਰਚਾ ਕਰਦੇ ਹਨ। ਪਾਠਾਤਮਕ ਅਧਿਐਨ ਵਿਧੀ ਵਿਚ ਡੂੰਘਾ ਉਤਰਦਿਆਂ Genotext ਅਤੇ Phenotext ਵਿੱਚ ਵੰਡ ਕਰਕੇ ਜਿਨੋਟੈਕਸਟ ਨੂੰ ਪਿਆਜ਼ ਦੇ ਛਿਲਕਿਆਂ ਦੀ ਪਰਤ ਦਰ ਪਰਤ ਸੰਰਚਨਾ ਵਜੋਂ ਪ੍ਰਸਤੁਤ ਕਰਦੇ ਹਨ। ਇਸ ਵਿਧੀ ਨਾਲ ਮਾਰਕਸਵਾਦੀ ਆਲੋਚਨਾ ਦੁਆਰਾ ਸਥਾਪਿਤ ਪ੍ਰਸੰਗ ਤੋਂ ਪਾਠ ਵੱਲ ਦੀ ਯਾਤਰਾ ਦਾ ਵਹਾਅ ਰੁਕ ਗਿਆ ਅਤੇ ਪਾਠ ਤੋਂ ਪ੍ਰਸੰਗ ਵੱਲ ਦੀ ਯਾਤਰਾ ਆਰੰਭ ਹੋਈ ਭਾਵੇਂ ਕਿ ਪਾਠਗਤ ਅਧਿਐਨ ਵਿਧੀ ਦੀ ਵਰਤੋਂ ਹੋਰ ਵੀ ਆਲੋਚਕਾਂ ਦੁਆਰਾ ਕੀਤੀ ਗਈ ਹੈ ਪਰ ਜਿਨ੍ਹਾਂ ਨਿੱਠ ਕੇ ਇਸ ਦੇ ਸਿਧਾਂਤਕ ਪਹਿਲੂਆਂ ਨੂੰ ਸਪੱਸ਼ਟ ਕਰਨ ਦਾ ਕਾਰਜ ਡਾ. ਹਰਚੰਦ ਸਿੰਘ ਬੇਦੀ ਨੇ ਕੀਤਾ ਹੈ ਓਨਾ ਹੋਰ ਕਿਸੇ ਵੱਲੋਂ ਨਹੀਂ ਕੀਤਾ ਗਿਆ।
ਅੱਜ ਉਨ੍ਹਾਂ ਦੀ ਬਰਸੀ ਮੌਕੇ ਉਨਾਂ ਨੂੰ ਅਕੀਦਤ ਭੇਂਟ ਕਰਦਿਆਂ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਨ੍ਹਾਂ ਨੇ ਜਿੱਧਰ ਸਾਡਾ ਮੁਹਾਣ ਮੋੜਿਆ ਸੀ ਅਸੀਂ ਉਸੇ ਦਿਸ਼ਾ ਵਿੱਚ ਲਗਾਤਾਰ ਗਾਮਜ਼ਨ ਹਾਂ ਅਤੇ ਉਨ੍ਹਾਂ ਵੱਲੋਂ ਦਰਸਾਏ ਰਸਤੇ ਉੱਪਰ ਚਲਦਿਆਂ ਸਦਾ ਕਾਰਜਸ਼ੀਲ ਰਹਿਣ ਦੀ ਕੋਸ਼ਿਸ਼ ਕਰਦੇ ਰਹਾਂਗੇ।
-
ਡਾ ਗੁਰਬੀਰ ਸਿੰਘ ਬਰਾੜ, ਸਹਾਇਕ ਪ੍ਰੋ.
dsbedisgpc@gmail.com
00000000000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.