ਦਾਣਾ ਮੰਡੀ ਵਿੱਚ ਕਈ ਦਿਨਾਂ ਤੋਂ ਬੈਠੇ ਇੱਕ ਕਿਸਾਨ ਨੇ ਦੂਜੇੇ ਨੂੰ ਕਿਹਾ, ''ਭਾਈ ਸਾਹਿਬ ਤੂੰ ਕਣਕ ਵੇਚਣ ਨੂੰ ਰੋਣੈਂ, ਭਾਲਦੈਂ ਵਪਾਰੀ। ਜਦੋਂ ਸਰਕਾਰਾਂ ਬਹੁਕੌਮੀ ਕੰਪਨੀਆਂ ਦੇ ਮਾਲਕਾਂ ਨਾਲ ਹਨ ਉਹ ਤਾਂ ਕਿਸੇ ਦਿਨ ਸਿਵਿਆਂ ਤੇ ਵੀ ਕਬਜੇ ਕਰ ਲੈਣਗੇ ਤੇ ਮਨਮਰਜੀ ਦੀ ਰਕਮ ਲੈ ਕੇ ਮ੍ਰਿਤਕਾਂ ਦਾ ਸਸਕਾਰ ਆਪ ਖ਼ੁਦ ਕਰਿਆ ਕਰਨਗੇ। ਉਹਨਾਂ ਦੀ ਮਰਜੀ ਬਗੈਰ ਤਾਂ ਕਿਸੇ ਨੂੰ ਸਿਵਿਆਂ ਅੰਦਰ ਵੜਣ ਵੀ ਨਹੀਂ ਦਿੱਤਾ ਜਾਵੇਗਾ।'' ਇਹ ਸੁਣ ਕੇ ਦੂਜੇ ਨੇ ਕਿਹਾ ''ਕਿਉਂ ਭਕਾਈ ਮਾਰਦੈਂ, ਐਂ ਕਿਵੇਂ ਹੋ ਜਾਊ।'' ਪਹਿਲੇ ਨੇ ਕਿਹਾ ''ਐਂ ਈ ਹੋਊ, ਜਿਵੇਂ ਸੋਡੀ ਜਿਨਸ ਨਾਲ ਹੁੰਦੈ।'' ਉਹਨਾਂ ਦੀਆਂ ਸੁਭਾਵਕ ਕੀਤੀਆਂ ਜਾ ਰਹੀਆਂ ਗੱਲਾਂ ਭਾਵੇਂ ਬੇਤੁਕੀਆਂ ਲਗਦੀਆਂ ਸਨ, ਪਰ ਸੱਚਮੁੱਚ ਹੀ ਸਮਾਂ ਉਸ ਰਸਤੇ ਚੱਲ ਰਿਹਾ ਹੈ, ਜਦੋਂ ਬਹੁਕੌਮੀ ਕੰਪਨੀਆਂ ਹੀ ਸਸਕਾਰ ਕਰਿਆ ਕਰਨਗੀਆਂ।
ਕਾਫ਼ੀ ਸਾਲ ਪਹਿਲਾਂ ਵੀ ਦਿੱਲੀ ਵਿੱਚ ਛੋਟੀਆਂ ਛੋਟੀਆਂ ਅਜਿਹੀਆਂ ਦੁਕਾਨਾਂ ਵੇਖੀਆਂ ਜਾ ਸਕਦੀਆਂ ਸਨ, ਜਿਹਨਾਂ ਤੇ ਅਰਥੀ ਬਣਾਉਣ ਲਈ ਬਾਂਸ, ਕੱਫਨ, ਸਸਕਾਰ ਲਈ ਵਰਤੀ ਜਾਣ ਵਾਲੀ ਸਮੱਗਰੀ ਆਦਿ ਮਿਲਦੀ ਸੀ। ਉਸ ਦੁਕਾਨ ਵੱਲ ਵੇਖ ਕੇ ਆਮ ਆਦਮੀ ਨੂੰ ਨਫ਼ਰਤ ਹੁੰਦੀ ਸੀ, ਕਿ ਇਹ ਮੌਤ ਹੀ ਭਾਲਦੈ ਕਿ ਕੋਈ ਮਰੇ ਤਾਂ ਉਸਦਾ ਸਮਾਨ ਵਿਕੇ। ਪਰ ਇਹ ਸੱਚ ਹੈ ਕਿ ਜੰਮਨਾ ਝੂਠ ਤੇ ਮਰਨਾ ਸੱਚ, ਜੋ ਜੰਮਿਆ ਹੈ ਉਸਨੇ ਕਦੇ ਤਾਂ ਮਰ ਹੀ ਜਾਣੈ ਅਤੇ ਮਰਨ ਤੇ ਇਹਨਾਂ ਵਸਤਾਂ ਦੀ ਜਰੂਰਤ ਪੈਣੀ ਹੀ ਪੈਣੀ ਹੈ। ਹੁਣ ਸਾਰੇ ਸ਼ਹਿਰਾਂ ਵਿੱਚ ਹੀ ਵੇਖੀਏ ਤਾਂ ਸਮਸਾਨਘਾਟ ਦੇ ਨੇੜਲੀਆਂ ਦੁਕਾਨਾਂ ਤੇ ਮ੍ਰਿਤਕ ਦੇਹ ਤੇ ਪਾਉਣ ਲਈ ਲੋਈਆਂ ਜਾਂ ਸਮੱਗਰੀ ਆਦਿ ਮਿਲਦੀ ਹੈ, ਪਰ ਅਜੇ ਤੱਕ ਪੰਜਾਬ ਵਿੱਚ ਵੱਖਰੀਆਂ ਦੁਕਾਨਾਂ ਨਹੀਂ ਹਨ, ਅਜਿਹੇ ਸਮਾਨ ਵਾਲੀਆਂ।
ਵਪਾਰੀ ਕਹਿੰਦੇ ਨੇ ਬਹੁਤ ਚਲਾਕ ਕੌਮ ਹੈ, ਜਿਸਦਾ ਕੰਮ ਕੇਵਲ ਧਨ ਕਮਾਉਂਣਾ ਹੈ, ਕੰਮ ਚੰਗਾ ਹੋਵੇ ਮਾੜਾ ਹੋਵੇ ਉਸਦਾ ਧਿਆਨ ਤਾਂ ਲਾਭ ਵੱਲ ਹੁੰਦਾ ਹੈ ਤੇ ਉਹ ਲਾਭ ਕਮਾਉਣ ਲਈ ਕੁੱਝ ਵੀ ਕਰ ਸਕਦਾ ਹੈ। ਦੋ ਕਿਸਾਨਾਂ ਦੀ ਉਪਰੋਕਤ ਵਾਰਤਾ ਸੱਚ ਹੁੰਦੀ ਵਿਖਾਈ ਦੇ ਰਹੀ ਹੈ। ਭਾਰਤ ਵਿੱਚ ਇੱਕ ਕੰਪਨੀ ਹੈ ''ਸੁਖਾਂਤ ਫਿਊਨਰਲ ਮੈਨੇਜਮੈਂਟ'' ਭਾਵ ਸੁਖਾਂਤ ਅੰਤਿਮ ਸਸਕਾਰ। ਇਹ ਕੰਪਨੀ ਆਪਣੀ ਫੀਸ ਲੈ ਕੇ ਅੰਤਿਮ ਸਸਕਾਰ ਦਾ ਸਾਰਾ ਕੰਮ ਖੁਦ ਸੰਭਾਲਦੀ ਹੈ। ਮ੍ਰਿਤਕ ਦੇ ਵਾਰਸ ਵੱਲੋਂ ਉਹ ਫੀਸ ਵਸੂਲ ਕਰਨ ਉਪਰੰਤ, ਅਰਥੀ ਤਿਆਰ ਕਰਨ ਤੇ ਸਿੰਗਾਰਨ, ਮੋਢਾ ਦੇਣ ਵਾਲੇ ਚਾਰ ਕਾਨੀ, ਨਾਲ ਤੁਰਨ ਵਾਲੀ ਮਜਲਸ਼, ਰਾਮ ਸੱਤ ਰਾਮ ਸੱਤ ਬੋਲਣ ਵਾਲੇ ਆਦਿ ਦਾ ਉਹ ਖੁਦ ਪ੍ਰਬੰਧ ਕਰਦੀ ਹੈ।
ਹਾਰ ਦੇਣ ਆਦਿ ਦੀ ਫੀਸ ਵੱਖਰੀ ਹੋਵੇਗੀ। ਇਸ ਕੰਪਨੀ ਨੇ ਮੁੰਬਈ, ਠਾਣਾ ਆਦਿ ਸ਼ਹਿਰਾਂ ਦੇ ਖੇਤਰ ਵਿੱਚ ਕੰਮ ਸੁਰੂ ਕੀਤਾ ਹੋਇਆ ਹੈ। ਸਾਲ 2017 ਤੋਂ ਹੁਣ ਤੱਕ ਉਸ ਵੱਲੋਂ 5 ਹਜ਼ਾਰ ਸਸਕਾਰ ਕਰ ਵੀ ਦਿੱਤੇ ਗਏ ਹਨ।
ਕੰਪਨੀ ਦੇ ਡਾਇਰੈਕਟਰ ਤੇ ਸਹਿ ਸੰਸਥਾਪਕ ਸ੍ਰੀ ਵਿਜੇ ਰਾਮਗੁੜੇ ਦਾ ਕਹਿਣਾ ਹੈ ਕਿ ਇਹ ਕੰਮ ਲੋਕਾਂ ਦੀ ਸਹੂਲਤ ਲਈ ਸੁਰੂ ਕੀਤਾ ਗਿਆ ਹੈ, ਅੱਜ ਦੇ ਸਮੇਂ ਵਿੱਚ ਇਸ ਦੀ ਜਰੂਰਤ ਹੈ। ਉਸ ਅਨੁਸਾਰ ਇਹ ਕਾਰੋਬਾਰ ਪੂਰੇ ਭਾਰਤ ਵਿੱਚ ਫੈਲਾਉਣ ਦੀਆਂ ਤਿਆਰੀਆਂ ਹਨ। ਦਿੱਲੀ ਵਿੱਚ ਵੀ ਹੁਣ ਇਸ ਕੰਮ ਨੂੰ ਚਲਾਉਣ ਲਈ ਇਸੇ ਕੰਪਨੀ ਦਾ ਇੱਕ ਸਟੋਰ ਤਿਆਰ ਹੋ ਚੁੱਕਾ ਹੈ। ਇੱਥੇ ਇਹ ਦੱਸਣਾ ਵੀ ਹੈਰਾਨੀਜਨਕ ਹੋਵੇਗਾ ਕਿ ਮ੍ਰਿਤਕ ਦੇ ਸਸਕਾਰ ਲਈ ਅਗੇਤੀ ਬੁਕਿੰਗ ਵੀ ਕਰਵਾਈ ਜਾ ਸਕਦੀ ਹੈ। ਜੇ ਵਿਚਾਰ ਕਰੀਏ ਕਿ ਜਿਵੇਂ ਲੋਕ ਆਪਣੇ ਪਿੰਡ ਸ਼ਹਿਰ ਛੱਡ ਕੇ ਵਿਦੇਸਾਂ ਜਾਂ ਹੋਰ ਰਾਜਾਂ ਵਿੱਚ ਵਸ ਰਹੇ ਹਨ, ਉਹਨਾਂ ਦਾ ਆਪਣਿਆਂ ਨਾਲੋਂ ਰਿਸ਼ਤਾ ਨਾਤਾ ਖਤਮ ਹੋ ਰਿਹਾ ਹੈ ਤਾਂ ਇਹ ਸੱਚ ਹੈ ਕਿ ਮ੍ਰਿਤਕ ਦੀ ਅਰਥੀ ਨਾਲ ਤੁਰਨ ਵਾਲਿਆਂ ਦੀ ਗਿਣਤੀ ਦਿਨੋ ਦਿਨ ਘਟਦੀ ਜਾ ਰਹੀ ਹੈ।
ਪੰਜਾਬੀ ਦੀ ਕਹਾਵਤ ਸੀ ਕਿ ''ਐਨੇ ਕੁ ਮਿੱਤਰ ਤਾਂ ਰੱਖ ਲੈ, ਜੋ ਅਰਥੀ ਨੂੰ ਮੋਢਾ ਦੇ ਦੇਣ'' ਪਰ ਹੁਣ ਤਾਂ ਲਗਦੈ ਏਨੇ ਵੀ ਨਹੀ ਰਹੇ ਅਤੇ ਨਾ ਹੀ ਉਹਨਾਂ ਦੀ ਲੋੜ ਰਹਿਣੀ ਹੈ। ਜੋ ਕੁਛ ਇਹ ਕੰਪਨੀ ਮੁਹੱਈਆ ਕਰ ਰਹੀ ਹੈ, ਪੰਜਾਬ ਵਿੱਚ ਉਸ ਨਾਲੋਂ ਜੇ ਵੱਧ ਦੀ ਜਰੂਰਤ ਪੈਂਦੀ ਹੈ ਤਾਂ ਉਹ 'ਦੁਹੱਥੜੀ ਪਿੱਟ ਸਿਆਪਾ' ਕਰਨ ਵਾਲੀਆਂ ਔਰਤਾਂ ਦੀ ਪੈ ਸਕਦੀ ਹੈ, ਪਰ ਕੰਪਨੀ ਪਿੰਡਾਂ ਚੋਂ ਐਹੋ ਜਿਹੀਆਂ ਔਰਤਾਂ ਵੀ ਭਰਤੀ ਕਰ ਲਵੇਗੀ, ਚਲੋ ਇਸ ਤਰਾਂ ਕੁੱਝ ਰੋਜਗਾਰ ਵੀ ਤਾਂ ਮਿਲੇਗਾ।
ਪੇਂਡੂ ਕਿਸਾਨਾਂ ਦੀ ਉਕਤ ਗੱਲ ਵਜ਼ਨਦਾਰ ਲੱਗ ਰਹੀ ਹੈ ਕਿ ਇੱਕ ਸਮਾਂ ਅਜਿਹਾ ਆਵੇਗਾ ਜਦੋਂ ਵੱਡੀਆਂ ਬਹੁਕੌਮੀ ਕੰਪਨੀਆਂ ਸਰਕਾਰਾਂ ਦੇ ਸਹਿਯੋਗ ਨਾਲ ਸਿਵਿਆਂ ਤੇ ਕਬਜੇ ਕਰਕੇ ਮਨਮਰਜੀ ਦੀ ਫੀਸ ਰੱਖ ਕੇ ਸਸਕਾਰ ਕਰਨ ਦਾ ਕਾਰੋਬਾਰ ਚਲਾਉਣਗੀਆਂ। ਜਦੋਂ ਸਰਕਾਰਾਂ ਦਾ ਸਹਿਯੋਗ ਹੋਇਆ ਤਾਂ ਉਹਨਾਂ ਅਧੁਨਿਕ ਸਿਵਿਆਂ ਤੋਂ ਬਾਹਰ ਪ੍ਰਦੂਸ਼ਣ ਦੇ ਬਹਾਨੇ ਸਸਕਾਰ ਕਰਨ ਤੇ ਪਾਬੰਦੀ ਲਾ ਦਿੱਤੀ ਜਾਵੇਗੀ। ਫੇਰ ਮੌਤ ਵੀ ਬਣ ਜਾਵੇਗੀ ਕੰਪਨੀਆਂ ਦੇ ਇੱਕ ਵੱਡੇ ਕਾਰੋਬਾਰ ਦਾ ਹਿੱਸਾ।
-
ਬਲਵਿੰਦਰ ਸਿੰਘ ਭੁੱਲਰ, ਲੇਖਕ
bhullarbti@gmail.com
098882 75913
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.