ਸ਼ਹੀਦਾਂ ਦੇ ਸਿਰਤਾਜ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ
ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਇਤਿਹਾਸ ਵਿੱਚ ਇੱਕ ਲਾਸਾਨੀ ਸਥਾਨ ਰੱਖਦੀ ਹੈ।ਉਹਨਾਂ ਨੇ ਸ਼੍ਰੀ ਗੁਰੂ ਰਾਮ ਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਭਾਨੀ ਜੀ ਦੀ ਕੁੱਖੋ 15 ਅਪੈ੍ਰਲ 1563 (19 ਵੈਸਾਖ ਸਦੀ 7) ਨੂੰ ਅਵਤਾਰ ਧਾਰਿਆ।ਉਹਨਾਂ ਦੇ ਮਾਤਾ ਜੀ ਸੇਵਾ, ਸਿਦਕ ਅਤੇ ਤਿਆਗ ਦੀ ਮੂਰਤੀ ਸਨ।ਉਹਨਾਂ ਦੇ ਇਹਨਾਂ ਸੰਸਕਾਰਾਂ ਦਾ ਗੁਰੂ ਜੀ ਦੇ ਜੀਵਨ ਤੇ ਬਹੁਤ ਹੀ ਅਸਰ ਹੋਇਆ ਅਤੇ ਉਹ ਵੀ ਅਪਣੀ ਮਾਤਾ ਜੀ ਦੇ ਨਕਸ਼ੇ ਕਦਮ ਤੇ ਚਲਦੇ ਹੋਏ ਪ੍ਰਮਾਤਮਾਂ ਦੀ ਉੱਚੀ ਤੇ ਸੁੱਚੀ ਭਗਤੀ ਵਿੱਚ ਲੀਨ ਰਹਿਣ ਲੱਗੇ। ਭਾਵੇਂ ਉਹਨਾਂ ਦੇ ਦੋਂ ਵੱਡੇ ਭਰਾ ਪ੍ਰਿਥੀ ਚੰਦ ਤੇ ਮਹਾਦੇਵ ਸਨ ਪਰ ਗੁਰੂ ਰਾਮਦਾਸ ਜੀ ਨੇ ਆਪਣੇ ਛੋਟੇ ਪੁੱਤਰ ਗੁਰੂ ਅਰਜਨ ਦੇਵ ਜੀ (ਅੰਮ੍ਰਿਤਸਰ) ਵਿੱਚ ਰਹਿ ਕੇ ਸ਼੍ਰੀ ਗੁਰੁ ਰਾਮਦਾਸ ਜੀ ਵੱਲੋਂ ਸ਼ੁਰੂ ਕੀਤਾ ਅਮ੍ਰਿਤ ਸਰੋਵਰ ਪੱਕਾ ਕਰਵਾਇਆ।ਇਸ ਤੋਂ ਬਾਅਦ ਉਹਨਾਂ ਨੇ ਅੰਮ੍ਰਿਤਸਰ ਸ਼ਹਿਰ ਦੀ ਨੀਂਹ ਰੱਖੀ।
ਇਸ ਦੌਰਾਨ ਪਵਿੱਤਰ ਸਰੋਵਰ ਅਤੇ ਹੋਰਨਾ ਕਾਰਜਾਂ ਲਈ ਸਾਧ ਸੰਗਤ ਤੋਂ ਆਉਣ ਵਾਲੀ ਭੇਟਾ ਨੂੰ ਪ੍ਰਿਥੀ ਚੰਦ ਨੇ ਹੜੱਪਣਾ ਸ਼ੁਰੂ ਕਰ ਦਿੱਤਾ ਤਾਂ ਕਿ ਆਪ ਜੀ ਵੱਲੋਂ ਛੋਹੇ ਕਾਰਜਾਂ ਵਿੱਚ ਵਿਘਨ ਪਵੇ ਪਰ ਆਪਣੇ ਭਰਾ ਦੀ ਸਾਜਿਸ਼ ਨੂੰ ਸਮਝਦਿਆਂ ਉਹਨਾਂ ਨੇ ਆਪਣੀ ਸਾਰੀ ਜਾਇਦਾਦ ਭਰਾਂਵਾਂ ਨੂੰ ਦੇ ਦਿੱਤੀ।ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਕਮਾਈ ਵਿੱਚੋਂ ਦਸਵੰਧ ਕੱਢਣ ਦੀ ਆਗਿਆ ਬਖਸ਼ੀ ਤੇ 1589 ਵਿੱਚ ਸੂਫ਼ੀ ਸੰਤ ਸਾਈ ਮੀਆਂ ਮੀਰ ਜੀ ਪਾਸੋਂ ਹਰਿਮੰਦਰ ਸਾਹਿਬ ਦੀ ਨੀਂਹ ਰਖਵਾ ਕੇ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ।ਉਹਨਾਂ ਸਮਾਜ ਵਿੱਚ ਪੈਦਾ ਹੋਇਆ ਉਣਤਾਈਆਂ ਨੁੰ ਖ਼ਤਮ ਕਰਨ ਲਈ ਆਪਣਾ ਪੂਰ ਤਾਨ ਲਾਇਆ ।ਉਹਨਾਂ ਦਿਨਾਂ ਵਿੱਚ ਸਤੀ ਪ੍ਰਥਾ ਸਮਾਜ ਵਿੱਚ ਇੱਕ ਕੋਹੜ ਦੀ ਤਰਾਂ ਫੈਲੀ ਹੋਈ ਸੀ।ਉਹਨਾਂ ਨੇ ਇਸ ਨੂੰ ਬੰਦ ਕਰਨ ਲਈ ਸਾਧ ਸੰਗਤ ਨੂੰ ਉਤਸ਼ਾਹਿਤ ਕੀਤਾ।ਆਪਣੇ ਵਿਸਥਾਰ ਕਾਰਜਾਂ ਨੂੰ ਜਾਰੀ ਰੱਖਦਿਆ ਗੁਰੁ ਜੀ ਨੇ 1590 ਈ: ਵਿੱਚ ਤਰਨਤਾਰਨ ਅਤੇ 1594 ਈ: ਵਿੱਚ ਕਰਤਾਰਪੁਰ ਨੂੰ ਵਸਾਇਆ।ਇਹਨਾਂ ਸਮਿਆਂ ਵਿੱਚ ਉਹਨਾਂ ਨੇ ਤਰਨਤਾਰਨ ਵਿੱਚ ਪਹਿਲਾਂ ਬਿਰਧ ਘਰ ਅਤੇ ਕੋਹੜੀ ਆਸ਼ਰਮ ਬਣਾਇਆ ਅਤੇ ਉਹਨਾਂ ਦੀ ਸੇਵਾ ਸੰਭਾਲ ਕਰਕੇ ਉਹਨਾਂ ਲਈ ਸਮਾਜ ਵਿੱਚ ਜਿਉਣ ਦਾ ਰਸਤਾ ਖੋਹਲਿਆ ।
ਇਸ ਸਮੇਂ ਦੌਰਾਨ ਹੀ ਆਪ ਨੇ ਲਾਹੌੌਰ ਵਿੱਚ ਬਾਊਲੀ ਦਾ ਨਿਰਮਾਣ ਕਰਵਾਇਆ।ਇਸ ਤਰਾਂ ਵਕਤ ਦੇ ਚਲਦਿਆਂ ਹੀ ਆਪ ਦੇ ਘਰ ਇਕਲੌਤੇ ਪੁੱਤਰ ਸ਼੍ਰੀ ਹਰਗੋਬਿੰਦ ਜੀ ਦਾ ਜਨਮ 14ਜੂਨ 1595 ਈ: ਨੂੰ ਵਡਾਲੀ ਵਿਖੇ ਹੋਇਆ। ਦਿਨੋਂ ਦਿਨ ਗੁਰੁ ਜੀ ਦੇ ਵਧ ਰਹੇ ਸੇਵਕਾਂ ਤੇ ਬੁਰਾਈਆਂ ਤੇ ਪਾਖੰਡਵਾਦ ਵਿਰੁੱਧ ਲੜਾਈ ਵੇਖ ਕੇ ਭਰਾ ਪ੍ਰਿਥੀ ਚੰਦ ਸਾੜਾ ਕਰਨ ਲੱਗ ਪਿਆ ਅਤੇ ਦਿਲ ਵਿੱਚ ਦੁਸ਼ਮਣੀ ਦੀ ਅੱਗ ਬਲਦੀ ਰੱਖੀ।ਉਸਨੇ ਆਪਣੇ ਭਤੀਜੇ ਨੂੰ ਮਾਰਨ ਦੀਆਂ ਕੋਸ਼ਿਸ਼ਾਂ ਤੇਜ ਕਰ ਦਿੱਤੀਆਂ ਪਰ ਉਹ ਇਹਨਾਂ ਵਿੱਚ ਸਫਲ ਨਾ ਹੋ ਸਕਿਆ।ਫਿਰ ਉਸਨੇ ਸਰਕਾਰੀ ਦਰਬਾਰ ਦੇ ਬੰਦਿਆਂ ਨਾਲ ਮਿਲਕੇ ਗੁਰੁ ਜੀ ਵਿਰੁੱਧ ਸਾਜਿਸ਼ਾਂ ਘੜੀਆਂ i]ਪਰ ਉਹ ਆਪਣੇ ਮਕਸਦ ਵਿੱਚ ਕਾਮਯਾਬ ਨਾ ਹੋ ਸਕਿਆ, ਉਲਟੇ ਇੱਕ ਖਤਰਨਾਕ ਸਾਜਿਸ਼ਕਾਰੀ ਸੁਲਹੀਖਾਨ ਬਹੁਤ ਹੀ ਭੈੜੀ ਮੌਤੇ ਮਾਰਿਆ ਗਿਆ ।ਇਸ ਤਰਾਂ ਆਪਣੇ ਖਿਲਾਫ ਸਾਜਿਸ਼ਾਂ ਭਰੇ ਮਹੌਲ ਵਿੱਚ ਵਿਚਰਦਿਆਂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਪਵਿੱਤਰ ਅਸਥਾਨ ਗਮਸਰ(ਅੰਮ੍ਰਿਤਸਰ) ਵਿੱਖੇ ਆਰੰਭ ਕੀਤੀ ਅਤੇ ਆਉਣ ਵਾਲੀਆਂ ਪੀੜੀਆਂ ਲਈ ਪਵਿੱਤਰ ਬਾਣੀ ਦਾ ਸੰਗ੍ਰਿਹ ਕਰਕੇ ਪ੍ਰਮਾਤਮਾ ਨਾਲ ਜੁੜਨ ਦਾ ਰਾਹ ਦਿਖਾਇਆ।
ਆਪ ਜੀ ਵੱਲੋਂ ਰਚੀ ਉੱਚੀ ਅਤੇ ਸੁੱੱਚੀ ਬਾਣੀ ਅੱਜ ਵੀ ਪੜ੍ਹਨ ਅਤੇ ਸੁਣਨ ਵਾਲੇ ਦਾ ਹਿਰਦਾ ਠਾਰਦੀ ਹੈ ।ਇਸ ਤੋਂ ਇਲਾਵਾਂ ਉਹਨਾਂ ਨੇ 15 ਹਿੰਦੂ ਅਤੇ ਮੁਸਲਿਮ ਸੰਤਾਂ, ਭਗਤ ਕਬੀਰ ਜੀ, ਬਾਬਾ ਫਰੀਦ ਜੀ, ਭਗਤ ਨਾਮਦੇਵ ਜੀ , ਭਗਤ ਰਵੀ ਦਾਸ ਜੀ ਅਤੇ ਭਗਤ ਭੀਖਣ ਸ਼ਾਹਜੀ ਦੀਆਂ ਚੋਣਵੀਆਂ ਰਚਨਾਵਾਂ ਨੂੰ ਵੀ ਸ਼੍ਰੀ ਗੁਰੁ ਗ੍ਰੰਥ ਸਾਹਿਬ ਵਿੱਚ ਸ਼ੁਸ਼ੋਭਿਤ ਕੀਤਾ।ਜਿਉਂ ਹੀ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੀ ਸੰਪਾਦਨਾ ਪੂਰਨ ਹੋਈ ਤਾਂ ਉਹਨਾਂ ਨੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਕਰਕੇ ਉਸਦੀ ਸੇਵਾ ਸੰਭਾਲ ਦਾ ਕਾਰਜ ਬਾਬਾ ਬੁੱਢਾ ਜੀ ਨੂੰ ਸੋਪ ਦਿੱਤਾ ਅਤੇ ਉਹਨਾਂ ਨੇ ਇਤਿਹਾਸ ਦੇ ਪਹਿਲੇ ਗ੍ਰੰਥੀ ਹੋਣ ਦਾ ਸਨਮਾਨ ਬਖਸ਼ਿਆ।ਇਸੇ ਦੌਰਾਨ ਆਪ ਜੀ ਦੀ ਪ੍ਰਸਿੱਧੀ ਅਤੇ ਸਮਾਜ ਸੇਵਾ ਦੇ ਉੱਚੇ ਤੇ ਸੁੱਚੇ ਕਾਰਜਾਂ ਨੂੰ ਦੇਖ ਕੇ ਕੁੱਝ ਲੋਕਾਂ ਨੇ ਅਕਬਰ ਬਾਦਸ਼ਾਹ ਅੱਗੇ ਸ਼ਿਕਾਇਤ ਕੀਤੀ ਕੀ ਉਹਨਾਂ ਨੂੰ ਅਜਿਹਾ ਗ੍ਰੰਥ ਰਚਿਆ ਹੈ ਜਿਸ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਦੇ ਖਿਲਾਫ ਲਿਖਿਆ ਹੈ।
ਪਰ ਜਦੋਂ ਬਾਦਸ਼ਾਹ ਨੇ ਬਾਣੀ ਨੂੰ ਆਪ ਸੁਣਿਆ ਤਾਂ ਉਹ ਆਤਮਾ ਨੂੰ ਠੰਡਕ ਪਹੁੰਚਾਉਣ ਵਲੇ ਸ਼ਬਦਾਂ ਨੂੰ ਸੁਣ ਕੇ ਬੜਾ ਖੁਸ਼ ਹੋਇਆ ਅਤੇ ਜਦੋਂ ਤੱਕ ਅਕਬਰ ਜਿੰਦਾ ਰਿਹਾ ਉਸ ਨੇ ਸ਼੍ਰੀ ਗੁਰੂ ਦੇ ਸਤਿਕਾਰ ਵਿੱਚ ਕੋਈ ਕਮੀ ਨਾ ਆਉਣ ਦਿੱਤੀ ।ਅਕਬਰ ਬਾਦਸ਼ਾਹ ਦੇ ਅਕਾਲ ਚਲਾਣੇ ਤੋਂ ਬਾਅਦ 1605 ਈ: ਵਿੱਚ ਉਸਦੇ ਪੁੱਤਰ ਜਹਾਂਗੀਰ ਨੇ ਗੱਦੀ ਤੇ ਬੈਠਦਿਆ ਹੀ ਇਸਲਾਮ ਧਰਮ ਨੂੰ ਫੈਲਾਉਣ ਲਈ ਬਾਕੀ ਧਰਮਾਂ ਨੂੰ ਖ਼ਤਮ ਕਰਨ ਵਾਲੀ ਨੀਤੀ ਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ।ਉਸਦੇ ਇਸ ਤਬਾਹਕਾਰੀ ਸੁਬਾਅ ਨੂੰ ਦੇਖਦਿਆਂ ਗੁਰੁ ਜੀ ਦੇ ਖਿਲਾਫ ਸਾਜਿਸ਼ਾਂ ਕਰਨ ਵਾਲੇ ਇਕਮੁੱਠ ਹੋਣ ਲੱਗੇ।ਉਹਨਾਂ ਨੇ ਗੁਰੁ ਜੀ ਦੀ ਸ਼ਾਨ ਦੇ ਖਿਲਾਫ਼ ਜਹਾਂਗੀਰ ਦੇ ਅਜਿਹੇ ਕੰੰਨ ਭਰੇ ਕਿ ਉਹ ਉਹਨਾਂ ਨੂੰ ਮੁਸਲਮਾਨ ਬਣਾਉਣ ਬਾਰੇ ਸੋਚਣ ਲੱਗ ਪਿਆ।ਇਸੇ ਦੌਰਾਨ ਜਹਾਂਗੀਰ ਦੇ ਪੁੱਤਰ ਖੁਸਰੋ ਆਪਣੇ ਬਾਪ ਦੀ ਹਕੂਮਤ ਨੂੰ ਲੱਤ ਮਾਰਕੇ ਗੁਰੂ ਜੀ ਦੀ ਸ਼ਰਨ ਵਿੱਚ ਚਲਾ ਗਿਆ ਕਿਉਂ ਜੋ ਉਹ ਗੁਰੂ ਜੀ ਵਿੱਚ ਆਪਣਾ ਖੁਦਾ ਦੇਖਦਾ ਸੀ ਪਰ ਇਸਦਾ ਸਿੱਟਾ ਵਿਰੋਧੀਆਂ ਵੱਲੋ ਬਾਦਸ਼ਾਹ ਦੇ ਕੰਨ ਭਰ ਕੇ ਮਹੌਲ ਨੂੰ ਜਹਿਰੀਲਾ ਬਣਾ ਦੇਣ ਦੇ ਰੂਪ ਵਿੱਚ ਨਿਕਲਿਆ।
i]ਉਸਨੇ ਆਪਣੇ ਤੋਂ ਬਾਗੀ ਹੋਏ ਰਾਜਕੁਮਾਰ ਨੂੰ ਸ਼ਰਨ ਦੇਣ ਦੇ ਦੋਸ਼ ਵਿੱਚ ਗੁਰੁ ਜੀ ਨੂੰ ਬੰਦੀ ਬਣਾ ਲਿਆ ਅਤੇ ਹੁਕਮ ਦਿੱਤਾ ਕਿ ਭਾਰੀ ਤਸੀਹੇ ਦੇ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ ਅਤੇ ਉਹਨਾਂ ਕੋਲ ਜੋ ਜੋ ਕੁਝ ਵੀ ਹੈ ਉਸਨੂੰ ਜਬਤ ਕਰਕੇ ਸ਼ਾਹੀ ਖਜਾਨੇ ਵਿੱਚ ਜਮ੍ਹਾ ਕਰਵਾਇਆ ਜਾਵੇ।ਗੁਰੁ ਜੀ ਨੂੰ ਉਹਨਾਂ ਦੇ ਸਭ ਤੋਂ ਵੱਡੇ ਵਿਰੋਧੀ ਚੰਦੂ ਦੇ ਸਪੁਰਦ ਕਰ ਦਿੱਤਾ ਗਿਆ। ਉਸ ਨੇ ਗੁਰੂ ਜੀ ਨੂੰ 30 ਮਈ 1606 ਈ: ਨੂੰ ਲੋਹੜੇ ਦੀ ਗਰਮੀ ਦੇ ਦਿਨਾਂ ਵਿੱਚ ਲਾਹੌਰ ਸ਼ਹਿਰ ਵਿੱਚ ਭਾਰੀ ਤਸੀਹੇ ਦਿੰਦਿਆਂ ਪਹਿਲਾਂ ਤੱਤੀ ਤਵੀ ਤੇ ਬਿਠਾਇਆ ਫਿਰ ਸਿਰ ਵਿੱਚ ਗਰਮ ਰੇਤ ਪਾਈ ਅਤੇ ਉਸਤੋਂ ਬਾਅਦ ਦੇਗ ਵਿੱਚ ਉਬਾਲਿਆ ਗਿਆ।ਪੀੜਾ ਵਿੱਚ ਵਾਧਾ ਕਰਨ ਲਈ ਰਾਵੀ ਦੇ ਠੰਡੇ ਪਾਣੀ ਵਿੱਚ ਸੁੱਟ ਦਿੱਤਾ। ਜਿੱਥੇ ਗੁਰੂ ਅਰਜਨ ਦੇਵ ਜੀ ਨੇ ਇਸ ਨਾਸ਼ਵਾਨ ਸਰੀਰ ਦਾ ਤਿਆਗ ਕਰ ਦਿੱਤਾ ।ਇਸ ਤਰਾਂ ਉਹਨਾਂ ਦਾ ਨਾਂ ਸ਼ਹੀਦਾਂ ਦੇ ਸਿਰਤਾਜ ਵਜੋਂ ਜਾਣਿਆ ਜਾਂਦਾ ਹੈ। ਇਤਿਹਾਸਕਾਰ ਲਿਖਦੇ ਹਨ ਕਿ ਜਦ ਗੁਰੂ ਜੀ ਦੇ ਸਿਰ ਵਿੱਚ ਗਰਮ ਰੇਤ ਪਾਈ ਜਾ ਰਹੀ ਸੀ ਤਾਂ ਉਹ ਆਪਣੇ ਮੁਖਾਰ ਬਿੰਦ ਵਿੱਚੋ ‘ਤੇਰਾ ਭਾਣਾ ਮੀਠਾ ਲਾਗੇ’ ਫੁਰਮਾ ਰਹੇ ਸਨ।ਧੰਨ ਸਨ ਸ਼੍ਰੀ ਗੁਰ ਅਰਜਨ ਦੇਵ ਮਹਾਰਾਜ ਜਿੰਨਾਂ ਨੇ ਆਪਣੀ ਕੁਰਬਾਨੀ ਦੇ ਕੇ ਮਨੁੱਖਤਾ ਨੂੰ ਬਚਾਇਆ ਅਤੇ ਕਰਮਾਂ ਕਾਂਡਾਂ ਅਤੇ ਪਾਖੰਡਵਾਦ ਵਿੱਚ ਚ ਫਸੀ ਦੁਨੀਆਂ ਨੂੰ ਜਿੰਦਗੀ ਦੀ ਇੱਕ ਨਵੀਂ ਰਾਹ ਵਿਖਾਈ ।ਆਓ!ਉਹਨਾ ਨੂੰ ਸ਼ਸ਼ਟਾਂਗ ਪ੍ਰਣਾਮ ਕਰਕੇ ਉਹਨਾਂ ਵਲੋਂ ਵਿਖਾਈ ਰਾਹ ਤੇ ਚਲਦਿਆਂ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਕਰੀਏ।
-
ਡਿੰਪਲ ਵਰਮਾ, ਹੈਡਮਿਸਟ੍ਰੈੱਸ, ਸਰਕਾਰੀ ਹਾਈ ਸਕੂਲ ਕਰਮਗੜ੍ਹ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
dimple_86j@yahoo.com
90 236-00302
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.