ਪੰਜਾਬ ਭਾਜਪਾ ਦਾ ਯੁਵਾ ਆਗੂ ਗੌਰਵ ਕੱਕੜ ਮੇਰੇ ਸੱਕੇ ਚਾਚੇ ਸਵਰਗੀ ਸ਼ਾਮ ਲਾਲ ਕੱਕੜ ਦਾ ਪੁੱਤਰ ਹੈ। ਰਿਸ਼ਤਿਓਂ ਉਹ ਮੇਰਾ ਛੋਟਾ ਭਰਾ ਲਗਦਾ ਹੈ, ਪਰ ਸਾਡੇ ਰਾਹ ਰਸਤੇ ਵੱਖਰੇ ਵੱਖਰੇ ਹਨ, ਉਹਦਾ ਖੇਤਰ ਸਿਆਸਤ ਹੈ ਤੇ ਮੇਰਾ ਸਾਹਿਤ, ਕਲਾ ਤੇ ਲੇਖਣੀ ਹੈ।, ਸੋ ਮੇਰੇ ਵਰਗੇ ਬੰਦੇ ਸਭ ਸਮਾਜ ਦੇ ਸਾਂਝੇ ਹੁੰਦੇ ਹਨ।
ਪਰ ਮੈਨੂੰ ਫਿਰ ਵੀ ਮਾਣ ਹੈ ਕਿ ਇਸ ਵਕਤ ਗੌਰਵ ਉਭਰਦਾ ਹੋਇਆ ਸਰਗਰਮ ਸਿਆਸਤਦਾਨ ਹੈ। ਗੌਰਵ ਨੂੰ ਮੈਂ ਆਪਣੇ ਹੱਥੀਂ ਖਿਡਾਇਆ ਹੈ। ਲਾਡ ਲਡਾਇਆ ਹੈ। ਉਸਨੂੰ ਬਾਲ ਤੋਂ ਬਾਲਗ ਹੁੰਦਿਆਂ ਦੇਖਿਆ ਹੈ। ਨਿੱਕਾ ਹੁੰਦਾ ਉਹ ਬੜਾ ਹੀ ਭੋਲਾ ਭਾਲਾ ਤੇ ਸਾਊ ਨਿਆਣਾ ਮੁੰਡਾ ਸੀ। ਬਹੁਤ ਹੀ ਸ਼ਰਮੀਲਾ। ਉਹ 1988 ਵਿਚ ਪੈਦਾ ਹੋਇਆ, ਜਦ ਮੈਂ ਉਸਤਾਦ ਯਮਲਾ ਜੱਟ ਦਾ ਚੇਲਾ ਬਣਿਆ ਸੀ। ਉਸਦੇ ਪਿਤਾ ਦਾ ਸਰਬਾਲਾ ਵੀ ਮੈਂ ਹੀ ਬਣਿਆ ਸੀ ਤੇ ਚਾਹੇ ਚਾਚੇ ਨਾਲ ਮੇਰਾ ਪਿਆਰ ਵੀ ਬੜਾ ਸੀ ।
ਜਦ ਮੈਂ ਜੱਜ ਦਾ ਅਰਦਲੀ ਲੱਗਿਆ ਸੀ ਫਰੀਦਕੋਟ, ਤਾਂ ਜੱਜ ਸਾਹਿਬ ਦੀ ਕੋਠੀ ਤੋਂ ਰਾਤ ਨੂੰ ਲੇਟ ਵਿਹਲਾ ਹੋਕੇ ਇਨਾਂ ਕੋਲ ਆਕੇ ਹੀ ਰਹਿੰਦਾ ਸੀ, ਸਾਡਾ ਜੱਦੀ ਘਰ ਭਾਵੇਂ ਪਿੰਡ ਹੈ ਪਰ ਚਾਚੇ ਚਾਚੀ ਕੋਲ ਰਹਿਣਾ ਮੈਨੂੰ ਚੰਗਾ ਲਗਦਾ ਸੀ। ਉਹ ਸਾਰੇ ਸਮੇਂ ਬੜੀ ਤੇਜੀ ਨਾਲ ਬੀਤ ਗਏ ਹਨ। ਚਾਚੇ ਦਾ ਵਿਛੋੜਾ ਮੈਂ ਦਿਲ ਉਤੇ ਲਾਇਆ ਸੀ ਤੇ ਕਾਫੀ ਚਿਰ ਇਸਦਾ ਮੇਰੇ ਮਨ ਉਤੇ ਅਸਰ ਰਿਹਾ ਸੀ।
ਚਾਚਾ ਜੀ ਦੀ ਮੌਤ ਬਾਅਦ (2008) ਗੌਰਵ ਨੂੰ ਚਾਚਾ ਜੀ ਦੀ ਕੱਪੜੇ ਦੀ ਦੁਕਾਨ ਉਤੇ ਵੀ ਬੈਠਣਾ ਪਿਆ ਪਰ ਉਸਦਾ ਕੱਪੜੇ ਦੇ ਵਪਾਰ ਵਿਚ ਭੋਰਾ ਮਨ ਨਾ ਲੱਗਿਆ ਤੇ ਉਹ ਕੁਝ ਨਵਾਂ ਤੇ ਵੱਖਰਾ ਕਰਨਾ ਚਾਹੁੰਦਾ ਸੀ ਤੇ ਉਸਦੇ ਮਨ ਵਿਚ ਸਿਆਸਤ ਰਾਹੀਂ ਸਮਾਜ ਸੇਵਾ ਕਰਨ ਦੀ ਭਾਵਨਾ ਪੈਦਾ ਹੋ ਚੁੱਕੀ ਸੀ।
****
ਸੰਨ 2008 ਵਿਚ ਗੌਰਵ ਭਾਜਪਾ ਦੇ ਕਾਫਲੇ ਵਿਚ ਰਲਿਆ। ਪੰਜਾਬ ਭਾਜਪਾ ਦਾ ਯੁਵਾ ਮੋਰਚਾ ਦਾ ਛੇ ਵਾਰ ਜਿਲਾ ਪਰਧਾਨ ਰਿਹਾ। ਹੁਣ ਵੀ ਪੰਜਾਬ ਭਾਜਪਾ ਯੁਵਾ ਮੋਰਚਾ ਦਾ ਸਕੱਤਰ ਹੈ ਤੇ ਜਿਲਾ ਫਰੀਦਕੋਟ ਦਾ ਹਲਕਾ ਇੰਚਾਰਜ ਵੀ ਹੈ। ਪਾਰਟੀ ਪ੍ਰਤੀ ਸੰਜੀਦਗੀ ਤੇ ਵਫਾਦਾਰੀ ਕਾਰਣ ਉਸਨੇ 2022 ਦੀ ਫਰੀਦਕੋਟ ਤੋਂ ਵਿਧਾਨ ਸਭਾ ਚੋਣ ਵੀ ਲੜੀ। ਸਾਡੀ ਚਾਚੀ ਤੇ ਉਸਦੀ ਮਾਤਾ ਸ਼੍ਰੀ ਮਤੀ ਸਰੋਜ ਰਾਣੀ ਵਲੋਂ ਮਿਲੀ ਹਰ ਸਮੇਂ ਹੱਲਾਸ਼ੇਰੀ ਤੇ ਹੌਸਲਾ ਤੇ ਵੱਡੇ ਭਰਾ ਲਲਿਤ ਕੁਮਾਰ ਕੱਕੜ ਵਲੋਂ ਹਰ ਸਮੇਂ ਮਿਲਦਾ ਸਾਥ ਤੇ ਸਹਿਯੋਗ ਗੌਰਵ ਵਾਸਤੇ ਅਨਮੋਲ ਹੈ। ਜਦ ਛੋਟੀ ਉਮਰੇ ਸਾਡੇ ਚਾਚਾ ਜੀ ਪੂਰੇ ਹੋ ਗਏ ਤਾਂ ਛੋਟੇ ਜਿਹੇ ਗੌਰਵ ਵਾਸਤੇ ਪਿਤਾ ਦਾ ਵਿਛੋੜਾ ਸਹਿਣ ਕਰਨਾ ਸੌਖਾਲਾ ਨਹੀਂ ਸੀ ਪਰ ਭਰਾ ਲਲਿਤ ਨੇ ਉਸਦੀ ਉਂਗਲੀ ਫੜਕੇ ਤੋਰਿਆ। ਮੈਥੋਂ ਉਹ ਲਗਭਗ 14 ਸਾਲ ਛੋਟਾ ਹੈ।
ਗੌਰਵ ਕੱਕੜ ਪਾਰਟੀ ਦੀਆਂ ਸਰਗਰਮੀਆਂ ਵਿਚ ਲਗਾਤਾਰ ਦੂਰ ਦੂਰ ਤੀਕ ਭਾਗ ਲੈਣ ਜਾਂਦਾ ਹੈ। ਉਸਨੇ ਛੋਟੀ ਉਮਰੇ ਹੀ ਪਾਰਟੀ ਦੇ ਵੱਡੇ ਆਗੂਆਂ ਦੇ ਮਨਾਂ ਵਿਚ ਆਪਣੀ ਥਾਂ ਬਣਾਈ ਹੈ। ਕਹਿੰਦੇ ਹੁੰਦੇ ਹਨ ਕਿ ਜਿੰਨਾ ਨੇ ਕੁਝ ਕਰਨਾ ਹੋਵੇ ਉਹ ਘਰ ਟਿਕ ਕੇ ਨੀ ਬਹਿੰਦੇ ਹੁੰਦੇ। ਜੇਕਰ ਉਹ ਇਸੇ ਤਰਾਂ ਮੇਹਨਤ ਕਰਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਹੈ ਜਦ ਉਹ ਪਾਰਟੀ ਦੇ ਮੂਹਰਲੀ ਸਫਾਂ ਦੇ ਨੇਤਾਵਾਂ ਵਿਚ ਗਿਣਿਆ ਜਾਣ ਲੱਗੇਗਾ। ਮੇਰੀਆਂ ਦੁਆਵਾਂ ਤੇ ਸ਼ੁਭਕਾਮਨਾਵਾਂ ਉਸਦੇ ਨਾਲ ਹਨ।
-
ਨਿੰਦਰ ਘੁਗਿਆਣਵੀ, ਲੇਖਕ
ninder_ghugianvi@yahoo.com
94174 21700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.