ਸੇਵਾ ਦੇ ਪੁੰਜ ਲਾਸਾਨੀ ਸ਼ਹੀਦ ਸੰਤ ਬਾਬਾ ਬੀਰ ਸਿੰਘ ਨੌਰੰਗਾਬਾਦੀ ਜੀ ਦੇ ਸ਼ਹੀਦੀ ਦਿਵਸ ਤੇ ਵਿਸ਼ੇਸ਼.
ਸ਼ਹੀਦ ਬਾਬਾ ਬੀਰ ਸਿੰਘ ਜੀ ਦੇ ਸ਼ਹਾਦਤ ਮੌਕੇ ਸ਼ਰਧਾ ਫੁੱਲ ਭੇਟ ਕਰਦਿਆਂ ਅੱਜ ਵੱਡੇ ਸਬਕ ਲੈਣ ਦੀ ਲੋੜ ਹੈ। ਉਹਨਾਂ ਦੀ ਸ਼ਹਾਦਤ ਸਾਮਰਾਜੀ ਤਾਕਤਾਂ ਦਾ ਸਿੱਟਾ ਸੀ । ਅੱਜ ਵੀ ਸਾਜਸ਼ਾਂ ਤੋਂ ਬਚਣ ਅਤੇ ਆਪਸੀ ਭਾਈਚਾਰਕ ਏਕਤਾ ਬਣਾਈ ਰੱਖਣ ਦੀ ਲੋੜ ਹੈ। ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਤੋਂ ਬਾਅਦ ਸਿੱਖ ਰਾਜ ਨੂੰ ਬਚਾਉਣ ਵਾਸਤੇ ਆਪਣੇ ਪ੍ਰਾਣ ਦੀ ਅਹੂਤੀ ਦੇਣ ਵਾਲੇ ਮਹਾਨ ਸ਼ਹੀਦ ਬਾਬਾ ਬੀਰ ਸਿੰਘ ਜੀ ਦਾ ਸ਼ਹੀਦੀ ਦਿਵਸ 10 ਮਈ 2023 (੨੭ ਵਿਸਾਖ) ਨੂੰ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਮਨਾਇਆ ਜਾ ਰਿਹਾ ਹੈ। ਮਹਾਰਾਜਾ ਰਣਜੀਤ ਸਿੰਘ ਜੀ ਮੌਤ ਤੋਂ ਲਹੌਰ ਦਰਬਾਰ ਵਿੱਚ ਪੈਦਾ ਹੋਈ ਆਪਸੀ ਖਿੱਚ ਧੂਹ ਦਾ ਲਾਹਾ ਲੈਣ ਦੀ ਤਾਕ ਵਿੱਚ ਦਰਿਆ ਸਤਲੁਜ ਦੇ ਪਾਰ ਤਕ ਪਹੁੰਚ ਚੁੱਕੇ ਅੰਗਰੇਜ਼ ਹਕੂਮਤ ਦੇ ਅਹਿਲਕਾਰ ਅਤੇ ਲਾਹੌਰ ਦਰਬਾਰ ਵਿਚ ਬੈਠੇ ਪਿੱਠੂਆਂ ਦੀਆਂ ਸਾਜ਼ਸ਼ਾਂ ਤੇਜ਼ ਹੋ ਗਈਆਂ। ਧਿਆਨ ਸਿੰਘ ਡੋਗਰਾ ਤੇ' ਵਜ਼ੀਰ ਹੀਰਾ ਸਿੰਘ ਡੋਗਰਾ ਅਤੇ ਦੂਸਰੇ ਪਾਸੇ ਸੰਧਾਵਾਲੀਏ ਸਰਦਾਰ ਦੀ ਆਪਸੀ ਲੜਾਈ ਤੇਜ਼ ਹੋ ਗਈ । ਸੰਤ ਬਾਬਾ ਬੀਰ ਸਿੰਘ ਜਿਹਨਾਂ ਦਾ ਸਿੱਖ ਰਾਜ ਵਿੱਚ ਰਾਜ ਪ੍ਰੋਹਿਤ ਵਾਲਾ ਦਰਜ਼ਾ ਸੀ, ਨੇ ਆਪਸੀ ਸੁਲਾਹ ਸਫਾਈ ਵਾਸਤੇ ਅਨੇਕ ਕੋਸ਼ਿਸ਼ਾਂ ਕੀਤੀਆਂ, ਪ੍ਰੰਤੂ ਡੋਗਰਿਆਂ ਨੇ ਜ਼ਿਦ ਨਹੀਂ ਛੱਡੀ । ਬਾਬਾ ਬੀਰ ਸਿੰਘ ਪਾਸ ਸ਼ਰਨ ਲੈਣ ਲਈ ਆਏ ਸਰਦਾਰ ਅਤਰ ਸਿੰਘ ਅਤੇ ਹੋਰ ਸੰਧਾਵਾਲੀਏ ਸਰਦਾਰਾਂ ਨੂੰ ਫੜਨ ਲਈ ਲਹੌਰ ਦਰਬਾਰ ਦੀਆਂ ਫੌਜਾਂ ਵੱਲੋਂ ਹਮਲਾ ਕਰ ਦਿੱਤਾ। ਉਹਨਾਂ ਦੀ ਸ਼ਾਂਤਮਈ ਸ਼ਹਾਦਤ ਗੁਰੂ ਸਾਹਿਬ ਵਲੋਂ ਦਰਸਾਏ ਮਾਰਗ ਨੂੰ ਹੋਰ ਬੁਲੰਦੀਆਂ ਤੱਕ ਲੈ ਗਈ। ਉਹਨਾਂ ਨੇ ਸਿੱਖ ਰਾਜ ਵਿੱਚ, ਕਿਰਦਾਰ ਕਿਸ ਤਰ੍ਹਾਂ ਦਾ ਹੋਵੇ, ਨਿਭਾਅ ਕੇ ਦਿਖਾਇਆ। ਉਹਨਾਂ ਵਲੋਂ ਭਰਾ ਮਾਰ ਜੰਗ ਟਾਲਣ ਵਾਸਤੇ ਤੜਕਸਾਰ ਆਸਾ ਦੀ ਵਾਰ ਦਾ ਕੀਰਤਨ ਕਰਦਿਆਂ ਸ਼ਹੀਦੀ ਪ੍ਰਾਪਤ ਕੀਤੀ ਅਤੇ ਸ਼ਰਨ ਆਇਆ ਦੀ ਰਾਖੀ ਕਰਨੀਂ ਤੇ ਭਰਾਵਾਂ ਤੇ ਵਾਰ ਨਹੀਂ ਕਰਨਾ ਦਾ ਬਚਨ ਨਿਭਾਇਆ। ਹਾਲਾਂ ਕਿ ਉਸ ਮੌਕੇ 26 ਹਜ਼ਾਰ ਤੋਂ ਵੱਧ ਸ਼ਸਤਰ ਬੰਦ ਜੁਝਾਰੂ ਸਿੰਘ ਲੜਨ ਲਈ ਤਿਆਰ ਸਨ। ਉਹ ਸੰਤ ਸਿਪਾਹੀ, ਉਚਕੋਟੀ ਦੇ ਵਿਦਵਾਨ ਸੰਸਕ੍ਰਿਤ ਫਾਰਸੀ ਅਤੇ ਹੋਰ ਭਾਸ਼ਾਵਾਂ ਵਿਚ ਮੁਹਾਰਤ ਰੱਖਦੇ ਸਨ। ਉਹਨਾਂ ਵਲੋਂ ਲਿਖੇ ਵੈਦਗੀ ਨੁਸਖ਼ੇ ਅੱਜ ਵੀ ਵਰਤੇ ਜਾਂਦੇ ਹਨ। ਫਿਰਕੂ ਸਦਭਾਵਨਾ ਦੇ ਮੁੱਦਈ ਹੋਣ ਦਾ, ਉਸ ਘਟਨਾ ਉਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਜਦੋਂ ਡੋਗਰਿਆਂ ਦੀ ਸ਼ਹਿ ਤੇ ਲਾਹੌਰ ਦਰਬਾਰ ਵਲੋਂ ਫੌਜ ਭੇਜਣੀ ਸੀ ਤਾਂ ਮੁਸਲਮ ਰਜੈਮਿੰਟ ਨੇ ਬਾਬਾ ਜੀ ਤੇ ਹਮਲਾ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਫਿਰ ਰਲੀ-ਮਿਲੀ ਫੌਜ ਨੇ ਚੜਾਈ ਕੀਤੀ।
ਫੌਜਾ ਦੁਆਰਾ ਸ਼ਹੀਦ ਕੀਤੇ ਜਾਣ ਤੋਂ ਬਾਅਦ ਲਹੌਰ ਦਰਬਾਰ ਦੀਆਂ ਫੌਜਾ ਨੂੰ ਉਸ ਵੇਲੇ ਦੇ ਪੰਜਾਬ ਦੀ ਜਨਤਾ ਨੇ ਗੁਰੂ ਮਾਰੀਆ ਫੌਜਾ ਕਹਿਣਾ ਸ਼ੁਰੂ ਕਰ ਦਿੱਤਾ ਸੀ।ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲੇ ਅਜਿਹੇ ਮਹਾਪੁਰਸ਼ ਸਨ ਜੋ ਇਤਿਹਾਸ ਤੇ ਗਹਿਰੀ ਛਾਪ ਛੱਡਕੇ ਜਾਂਦੇ ਹਨ।
ਭਰਾਮਾਰ ਜੰਗ ਤੋ ਬਚਾਓ ਕਰਨਾ ਅਤੇ ਸ਼ਰਨ ਆਏ ਦੀ ਰੱਖਿਆ ਕਰਦਿਆ ਸ਼ਾਤ ਮਈ ਰਹਿ ਕੇ ਦਿੱਤੀ ਸ਼ਹਾਦਤ ਅੱਜ ਵੀ ਸਾਡੇ ਸੰਘਰਸ਼ ਅਤੇ ਘੋਲਾ ਨੂੰ ਰਾਹ ਦਰਸਾਉਦੀ ਹੈ।ਉਹਨਾ ਵਰਗੇ ਮਹਾਪੁਰਸ਼ਾ ਵੱਲੋਂ ਨਿਭਾਈ ਲੰਗਰ ਦੀ ਪ੍ਰਥਾ ਅਤੇ ਦੀਨ ਦੁਖੀ ਦੀ ਮਦਦ ਕਰਨ ਲਈ ਪ੍ਰੇਰਣਾ ਦਾ ਸਰੋਤ ਬਣੀ ਹੋਈ ਹੈ। ਉਹਨਾ ਵੱਲੋਂ ਸੰਮਤ 1890 ਬਿਕਰਮੀ ਵਿੱਚ ਪੰਜਾਬ ਦੇ ਅਤੇ ਦੇਸ਼ ਦੇ ਹੋਰ ਹਿਿਸਆ ਵਿੱਚ ਹੈਜੇ ਦੀ ਆਈ ਮਹਾਂਮਾਰੀ ਵਿੱਚ ਉਹਨਾਂ ਦੇ ਸੇਵਕਾ ਵੱਲੋ ਪਿੰਡ, ਪਿੰਡ ਵਿੱਚ ਜਾ ਕਿ ਨੌਰੰਗਾਬਾਦ ਵਿੱਚ ਲਗੇ ਖੂਹ ਦੇ ਸਵੱਛ ਜਲ ਪਾਉਣ ਅਤੇ ਦਵਾਈ ਦਾਰੂ ਦੀ ਨਿਭਾਈ ਸੇਵਾ ਅੱਜ ਵੀ ਇਤਿਹਾਸ ਦੇ ਪੰਨਿਆ ਵਿੱਚ ਦਰਜ਼ ਹੈ। ਬਾਬਾ ਬੀਰ ਸਿੰਘ ਉਹਨਾਂ ਦੇ ਜਨਸ਼ੀਨ ਬਾਬਾ ਖੁਦਾ ਸਿੰਘ ਅਤੇ ਬਾਬਾ ਮਹਾਰਜ ਸਿੰਘ ਜੀ ਦੇ ਜੀਵਨ ਅਤੇ ਇਤਿਹਾਸ ਬਾਰੇ ਇੱਕੋ ਇਕ ਪੁਰਾਤਨ ਰਚਨਾ ਪੰਡਿਤ ਸ਼ੇਰ ਸਿੰਘ ਦੁਆਰਾ ਰਚਿਤ ਗ੍ਰੰਥ ਸ੍ਰੀ ਬੀਰ ਮ੍ਰਿਗੇਸ ਗੁਰ ਬਿਲਾਸ ਬਹੁਤ ਹੀ ਘੱਟ ਉਪਲਭਦ ਸੀ।ਸੰਤ ਜਗਜੀਤ ਸਿੰਘ ਹਰਖੋਵਾਲ, ਸੰਤ ਆਸ਼ਰਮ ਬਾਬਾ ਜਵਾਲਾ ਸਿੰਘ ਨਗਰ ਸੁਲਤਾਨਪੁਰ ਲੋਧੀ ਨੇ ਮੁੜ ਇਸ ਗ੍ਰੰਥ ਨੂੰ ਪ੍ਰਕਾਸ਼ਤ ਕਰਵਾਇਆ ਹੈ। ਸੀਨਾ-ਬ- ਸੀਨਾ ਪ੍ਰਚਲਤ ਗਥਾਵਾ ਅਤੇ ਗ੍ਰੰਥ ਸ੍ਰੀ ਬੀਰ ਮ੍ਰਿਗੇਸ ਗੁਰ ਬਿਲਾਸ ਤੋਂ ਸੇਧ ਲੈ ਕੇ ਕੁਝ ਹੋਰ ਵਿਦਵਾਨਾ ਨੇ ਵੀ ਪੁਸਤਕਾ ਲਿਖੀਆ ਹਨ। ਪ੍ਰੰਤੂ ਸਿੱਖ ਇਤਿਹਾਸ ਵਿਚ ਉਹਨਾਂ ਦੀ ਦੇਣ ਅਤੇ ਸਾਡੇ ਅਜਾਦੀ ਸੰਗਰਾਮ ਉਪਰ ਉਹਨਾਂ ਦੀ ਸਖਸ਼ੀਅਤ ਅਤੇ ਉਹਨਾਂ ਦੀ ਕੁਰਬਾਨੀ ਦੀ ਭੂਮਿਕਾ ਸੰਬੰਧੀ ਵੱਡੇ ਖੋਜ ਕਾਰਜ਼ ਕਾਰਨ ਦੀ ਲੋੜ ਹੈ। ਉਹਨਾਂ ਦੇ ਜਾਨਸ਼ੀਨ ਬਾਬਾ ਖੁਦਾ ਸਿੰਘ ਜੋ 5 ਸਾਲ ਨਜ਼ਰਬੰਦ ਰਹੇ ਅਤੇ ਬਾਬਾ ਮਹਾਰਾਜ ਸਿੰਘ ਜੋ ਹਿੰਦੁਸਤਾਨ ਦੀ ਜੰਗੇ ਅਜਾਦੀ ਦੇ ਪਹਿਲੇ ਸ਼ਹੀਦ ਵਜਂੋ ਭਾਰਤ ਦੀ ਸੰਸਦ ਨੇ ਐਲਾਨਿਆਂ ਹੈ, ਜੋ ਸਿੰਘਾਪੁਰ ਵਿਖੇ ਜਲਾਵਤਨ ਕੀਤੇ ਗਏ ਸਨ। ਬਾਬਾ ਬੀਰ ਸਿੰਘ ਜੀ ਦਾ ਜਨਮ ਸਾਵਨ ਸੁਦੀ ਤੀਜ 1825 ਬਿਕਰਮੀ ਨੂੰ ਨਗਰ ਗੱਗੋਬੂਆ ਜਿਲ੍ਹਾ ਅੰਮ੍ਰਿਤਸਰ ਵਿਖੇ ਭਾਈ ਸੇਵਾ ਸਿੰਘ ਜੀ ਦੇ ਘਰ ਮਾਤਾ ਧਰਮ ਕੌਰ ਦੀ ਕੁਖੋ ਹੋਇਆ ।ਉਹਨਾਂ ਦੇ ਪਿਤਾ ਜੀ ਦੀ ਮੌਤ ਮਗਰੋ ਉਹ ਪਿਤਾ ਜੀ ਦੀ ਥਾ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੌਜ ਵਿੱਚ ਭਰ ਜਵਾਨੀ ਵਿੱਚ ਭਰਤੀ ਹੋ ਗਏ। ਪਿਸ਼ਾਵਰ ਵਾਲੇ ਪਾਸੇ ਤਾਰਾ ਨਗਰ ਵਿੱਚ ਪਠਾਣਾ ਨਾਲ ਹੋਈ ਲੜਾਈ ਵਿੱਚ ਉਹ ਵਿਰੋਧੀ ਫੌਜ ਦੇ ਘੇਰੇ ਵਿਚ ਆ ਗਏ ਅਤੇ ਉਹਨਾਂ ਦੀ ਕ੍ਰਿਪਾਨ ਟੁਟ ਗਈ। ਜਿਸ ਚਮਤਕਾਰੀ ਢੰਗ ਨਾਲ ਉਹ ਦੁਸ਼ਮਣਾ ਦੇ ਘੇਰੇ ਵਿੱਚੋ ਬਾਹਰ ਨਿਕਲ ਆਏ ਉਸਦਾ ਉਹਨਾਂ ਦੇ ਜੀਵਨ ਉਪਰ ਗਹਿਰਾ ਅਸਰ ਪਿਆ ਅਤੇ ਉਹਨਾਂ ਨੇ ਫੌਜ ਦੀ ਨੌਕਰੀ ਛਡਕੇ ਭਗਤੀ ਮਾਰਗ ਅਪਣਾ ਲਿਆ। ਉਹਨਾਂ ਨੇ ਪਹਿਲਾ ਬਾਬਾ ਭਾਗ ਸਿੰਘ ਕੁਰੀ ਵਾਲਿਆ ਪਾਸ ਅਤੇ ਬਾਅਦ ਵਿੱਚ ਬਾਬਾ ਸਾਹਿਬ ਸਿੰਘ ਬੇਦੀ ਊਨਾ ਵਾਲਿਆ ਪਾਸ ਸੇਵਾ ਕੀਤੀ। ਜਿਹਨਾਂ ਦੀ ਪ੍ਰੇਰਨਾ ਨਾਲ ਉਹਨਾਂ ਨੌਰਗਾਬਾਦ ਵਿਖੇ ਗੁਰੁ ਕਾ ਲੰਗਰ ਚਲਾਇਆ ਜਿਸ ਲੰਗਰ ਵਿੱਚ ਰੋਜ਼ਨਾ 750 ਮਣ ਆਟਾ ਅਤੇ 250 ਮਣ ਦਾਲ ਪੱਕਦੀ ਸੀ।
ਲਹੌਰ ਦਰਬਾਰ ਵਿੱਚ ਡੋਗਰਿਆ ਅਤੇ ਸੰਧਾਵਾਲੀਆ ਦੀ ਆਪਸੀ ਈਰਖਾ ਅਤੇ ਡੋਗਰਿਆ ਵਲੋਂ ਅੰਗਰੇਜ਼ਾ ਨਾਲ ਅੰਦਰਖਾਤੇ ਮਿਲਕੇ ਕਸ਼ਮੀਰ ਆਪ ਲੈ ਕੇ, ਪੰਜਾਬ ਅੰਗਰੇਜ਼ਾ ਨੂੰ ਦੇਣ ਦੀਆਂ ਕੁਟਲ ਚਾਲਾ ਚਲੀਆ ਜਾ ਰਹੀਆ ਸਨ। ਵਜ਼ੀਰ ਹੀਰਾ ਸਿੰਘ ਦੀ ਹੁਲੜਬਾਜੀ ਤੋ ਤੰਗ ਆਕੇ ਸੰਧਾਵਾਲੀਏ ਸਰਦਾਰ ਅਤਰ ਸਿੰਘ, ਅਜੀਤ ਸਿੰਘ, ਕੰਵਰ ਕਸ਼ਮੀਰਾ ਸਿੰਘ, ਪਸ਼ੌਰਾ ਸਿੰਘ, ਜਵਹਾਰ ਸਿੰਘ ( ਹਰੀ ਸਿੰਘ ਨਲੁਆ ਦਾ ਪੁੱਤਰ) ਆਦਿ ਬਾਬਾ ਬੀਰ ਸਿੰਘ ਪਾਸ਼ ਸ਼ਰਨ ਲੈਣ ਆ ਗਏ। ਅਤਰ ਸਿੰਘ ਵਗੈਰਾ ਨੂੰ ਲਹੌਰ ਦਰਬਾਰ ਦੇ ਹਵਾਲੇ ਕਰਨ ਦੇ ਬਹਾਨੇ ਫੌਜਾ ਨੇ ਬਾਬਾ ਜੀ ਦੇ ਪ੍ਰਚਾਰ ਦੌਰਾਨ ਬਿਆਸ ਦਰਿਆ ਦੇ ਕੰਢੇ ਡੇਰਾ ਪਿੰਡ ਮੁਠਿਆਵਾਲੀ ਵਿਖੇ 26 ਵਿਸਾਖ ਨੂੰ ਘੇਰਾ ਪਾ ਲਿਆ। ਬਾਬਾ ਜੀ ਪਾਸ ਯੋਧਿਆ ਅਤੇ ਹਥਿਆਰਾ ਦੀ ਕੋਈ ਘਾਟ ਨਹੀ ਸੀ। ਉਹਨਾਂ ਪਾਸ ਘੋੜ ਸਵਾਰਾ ਸਮੇਤ 26 ਹਜ਼ਾਰ ਤਿਆਰ -ਬ- ਤਿਆਰ ਸਿੰਘ ਸਨ। ਪਰੰਤੂ ਬਾਬਾ ਜੀ ਨੇ ਫੈਸਲਾ ਕੀਤਾ ਕਿ ਸ਼ਰਨ ਆਏ ਦੀ ਰਾਖੀ ਕਰਨੀ ਅਤੇ ਭਰਾਵਾ ਤੇ ਵਾਰ ਨਹੀ ਕਰਨਾ। ਬਾਬਾ ਜੀ ਦੇ ਹੁਕਮਾ ਅੁਨਸਾਰ ਦੀਵਾਨ ਸਜਾਇਆ ਗਿਆ।ਸਾਰੀ ਰਾਤ ਭਜਨ ਬੰਦਗੀ ਹੁੰਦੀ ਰਹੀ ਅਤੇ ਤੜਕ ਸਾਰ ਹੋਏ ਹਮਲੇ ਵਿੱਚ ਸਰੀਰ ਤੇ ਲੱਗੀਆ 18 ਗੋਲੀਆ ਅਤੇ ਤੋਪ ਦੇ ਗੋਲੇ ਕਾਰਨ ਸ਼ਾਤਮਈ ਰਹਿੰਦੇ ਹੋਏ ਸ਼ਹੀਦੀ ਜਾਮ ਪੀਤਾ।ਉਹਨਾਂ ਦੇ ਸ਼ਹੀਦੀ ਵੇਲੇ ਦੇ ਵਸਤਰ ਅਤੇ ਸਸ਼ਤਰ ਅੱਜ ਵੀ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਪੁਰਾਣਾ ਤਹਿ. ਸੁਲਤਾਨਪੁਰ ਲੋਧੀ ਜਿਲ੍ਹਾ ਕਪੂਰਥਲਾ ਵਿਖੇ ਸੰਭਾਲੇ ਹੋਏ ਹਨ। ਵਿਸਾਖੀ ਤੋਂ ਬਾਅਦ ਕਣਕਾਂ ਵੱਢ ਕੇ ਵਿਹਲੇ ਹੋਏ ਕਿਸਾਨ 27 ਵਿਸਾਖ ਨੂੰ ਸ਼ਹੀਦੀ ਦਿਵਸ ਤੇ ਮਨਾਏ ਜਾਂਦੇ ਮੇਲੇ ਵਿੱਚ ਵਿਸ਼ੇਸ਼ ਤੌਰ ਤੇ ਸੰਗਤਾਂ ਹੁੰਮ ਹੁਮਾ ਕੇ ਪਹੁੰਚ ਦੀਆਂ ਹਨ। ਸੰਗਤਾਂ ਸ਼ਹੀਦੀ ਮੌਕੇ ਉਨ੍ਹਾਂ ਵੱਲੋਂ ਧਾਰਕ ਕੀਤੇ ਬਸਤਰ ਅਤੇ ਹਥਿਆਰਾਂ ਦੇ ਵੀ ਸੰਗਤਾਂ ਦਰਸ਼ਨ ਕਰਦੀਆਂ ਹਨ। ਗੁਰਦੁਆਰਾ ਦਮਦਮਾ ਸਾਹਿਬ ਵਿਖੇ ਪਿਛਲੇ ਲੰਬੇ ਸਮੇਂ ਤੋਂ ਸੇਵਾ ਸੰਭਾਲ ਰਹੇ ਮਹਾਂਪੁਰਖ ਬਾਬਾ ਗੁਰਚਰਨ ਸਿੰਘ ਜੀ ਕਾਰ ਸੇਵਾ ਵਾਲੇ 14 ਅਪ੍ਰੈਲ 2022 ਨੂੰ ਵਿਸਾਖੀ ਦੇ ਦਿਹਾੜੇ ਤੇ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਸੱਚਖੰਡ ਜਾ ਬਿਰਾਜੇ ਸਨ। ਅੱਜ ਕੱਲ੍ਹ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਪੁਰਾਣਾ ਦੇ ਇਤਿਹਾਸਕ ਅਸਥਾਨ ਦੀ ਸੇਵਾ ਬਾਬਾ ਹਰਜੀਤ ਸਿੰਘ ਜੀ ਕਰ ਰਹੇ ਹਨ।
ਉਹਨਾਂ ਦੀ ਯਾਦ ਵਿੱਚ 10 ਮਈ ਨੂੰ ਗੁਰਦੁਆਰਾ ਦਮਦਾਮਾ ਸਾਹਿਬ ਠੱਟਾ ਤਹਿਸੀਲ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਤੋਂ ਇਲਾਵਾ ਨੌਰੰਗਾਬਾਦ, ਗੱਗੋਬੂਆ, ਮੁਠਿਆਵਾਲੀ, ਰੱਤੋਕੀ, ਸ਼ਤਾਬਗੜ੍ਹ ਅਤੇ ਹੋਰ ਸੈਕੜੇ ਅਸਥਾਨਾ ਉਪਰ ਸ਼ਹੀਦੀ ਜੋੜ ਮੇਲੇ ਲਗਦੇ ਹਨ।
-
ਬਲਵਿੰਦਰ ਸਿੰਘ ਧਾਲੀਵਾਲ, ਸੁਲਤਾਨਪੁਰ ਲੋਧੀ
balwinderdhaliwal127@gmail.com
9914188618
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.