ਅੰਮ੍ਰਿਤਸਰ ਤੋਂ ਥੋੜੀ ਵਿੱਥ ‘ਤੇ ਅਜਨਾਲਾ ਰੋਡ `ਤੇ ਪੁਰਾਣੀ ਕੇਂਦਰੀ ਜੇਲ੍ਹ ਦੇ ਐਨ ਸਾਹਮਣੇ ਗੁ. ਸ੍ਰੀ ਪਲਾਹ ਸਾਹਿਬ ਪਾ. 6ਵੀਂ ਪਿੰਡ ਖੈਰਾਬਾਦ ਦੀ ਧਰਤ ਤੇ ਸਥਿਤ ਹੈ। ਇਹ ਗੁਰੂ ਘਰ ਸਿੱਖਾਂ ਦੀ ਪਹਿਲੀ ਜੰਗ ਅਤੇ ਪਾਤਸ਼ਾਹੀ ਛੇਵੀਂ ਨਾਲ ਸਬੰਧਤ ਹੈ। ਮੀਰੀ-ਪੀਰੀ ਦੇ ਮਾਲਕ ਜਦ ਸ਼ਿਕਾਰ ਖੇਡਣ ਲਈ ਨਿਕਲਦੇ ਸਨ ਤਾਂ ਇਸ ਖੇਤਰ ਵਿੱਚ ਕੁਝ ਸਮਾਂ ਪਲਾਹ ਦੇ ਬ੍ਰਿਛ ਦੀ ਠੰਢੀ ਛਾਂ ਹੇਠ ਆਰਾਮ ਕਰਿਆ ਕਰਦੇ ਸਨ। ਸਿੱਖ ਇਤਿਹਾਸ ਦੀ ਲੜੀ ਗਈ ਪਹਿਲੀ ਜੰਗ ਦਾ ਮੁੱਢ ਵੀ ਜੁਲਮ ਤੇ ਦਯਾ ਦੇ ਪ੍ਰਕਰਨ ‘ਚ ਇਸ ਧਰਤੀ ‘ਤੇ ਹੀ ਪੈਦਾ ਹੋਇਆ।
1629 ਈ. ਨੂੰ ਗੁਰੂ ਜੀ ਆਪਣੇ ਕੁੱਝ ਸਿੱਖਾਂ ਸਮੇਤ ਸ਼ਿਕਾਰ ਖੇਡਣ ਅੰਮ੍ਰਿਤਸਰ ਦੀ ਧਰਤੀ ਦੇ ਇਸ ਇਲਾਕੇ ਵਿੱਚ ਆਏ ਹੋਏ ਸਨ। ਸਬੱਬੀ-ਸ਼ਾਹ ਜਹਾਨ ਬਾਦਸ਼ਾਹ ਵੀ ਲਾਹੌਰ ਵਲੋਂ ਇਸੇ ਖੇਤਰ ਵਿੱਚ ਸ਼ਿਕਾਰ ਲਈ ਉਤਰਿਆ ਹੋਇਆ ਸੀ। ਸ਼ਾਹ ਜਹਾਨ ਬਾਦਸ਼ਾਹ ਪਾਸ ਇਕ ਚਿੱਟਾ ਬਾਜ ਸੀ ਜੋ ਸ਼ਾਹ ਇਰਾਨ ਨੇ ਉਸ ਨੂੰ ਤੋਹਫ਼ੇ ਵਜੋਂ ਭੇਟ ਕੀਤਾ ਸੀ।
ਸ਼ਾਹ ਜਹਾਨ ਦਾ ਚਿੱਟਾ ਬਾਜ ਸ਼ਿਕਾਰ ਨੂੰ ਬੜੀ ਬੇਰਹਿਮੀ ਨਾਲ ਕੋਹ ਕੋਰ ਕੇ ਮਾਰ ਰਿਹਾ ਸੀ, ਬਾਦਸ਼ਾਹ ਦੇ ਕਰਿੰਦੇ ਇਸ ਖੇਡ ਤੇ ਹੁਲੜਬਾਜ਼ੀ ਕਰ ਕੇ ਖੁਸ਼ੀ ਮਨਾ ਰਹੇ ਸਨ। ਗੁਰੂ ਦੇ ਸਿੱਖਾਂ ਨੂੰ ਬਾਦਸ਼ਾਹ ਦੇ ਸਿਪਾਹੀਆਂ ‘ਤੇ ਬਾਜ ਦੀ ਇਹ ਕਾਰਵਾਈ ਪਸੰਦ ਨਾ ਆਈ ਉਨ੍ਹਾਂ ਆਪਣਾ ਬਾਜ਼ ਛੱਡਿਆ। ਥੋੜ੍ਹੇ ਸਮੇਂ ਬਾਅਦ ਗੁਰੂ ਜੀ ਦਾ ਬਾਜ ਦੂਜੇ ਬਾਜ ਨੂੰ ਘੇਰ ਕੇ ਸਿੱਖਾਂ ਪਾਸ ਲੈ ਆਇਆ। ਸਿੱਖਾਂ ਨੇ ਸ਼ਾਹ ਜਹਾਨ ਦੇ ਬਾਜ ਨੂੰ ਪਕੜ ਲਿਆ। ਬਾਜ ਦਾ ਪਿੱਛਾ ਕਰਦੇ ਸ਼ਾਹ ਜਹਾਨ ਦੇ ਸਿਪਾਹੀਆਂ ਦਾ ਕਾਫਲਾ ਸਿੱਖਾਂ ਪਾਸ ਪੁੱਜਿਆਂ ਤੇ ਗੁੱਸੇ ਤੇ ਰੋਹਬ ਨਾਲ ਕਹਿਣ ਲੱਗੇ ਕਿ “ਇਹ ਬਾਜ਼ ਸਾਡਾ ਹੈ। ਇਹ ਬਾਜ ਸਾਨੂੰ ਵਾਪਸ ਕਰ ਦਿਓ ਤੁਹਾਨੂੰ ਪਤਾ ਨਹੀਂ ਇਹ ਸ਼ਾਹ ਜਹਾਨ ਦਾ ਸ਼ਾਹੀ ਬਾਜ ਹੈ। ਇਸ ਨੂੰ ਕੋਈ ਨਹੀਂ ਰੱਖ ਸਕਦਾ। ਤੁਹਾਡੀ ਭਲੀ ਇਸ ਵਿੱਚ ਹੈ ਕਿ ਬਾਜ ਵਾਪਸ ਦੇ ਦਿਓ ਨਹੀਂ ਤਾਂ ਫਿਰ ਜੰਗ ਲਈ ਤਿਆਰ ਹੋ ਜਾਉ।”
“ਗੁਰੂ ਦੇ ਸਿੱਖਾਂ ਨੇ ਜੈਕਾਰੇ ਲਾਉਦਿਆਂ ਢੁੱਕਵਾਂ ਉਤਰ ਦਿੰਦਿਆਂ ਕਿਹਾ ਕਿ ਤਾਜਬਾਜ ਤੁਮਰੇ ਸਭ ਲੈਨੇ, ਭਾਵ ਤੁਸੀਂ ਬਾਜ ਦੀ ਗੱਲ ਕਰਦੇ ਹੋ ਅਸੀਂ ਤੁਹਾਡੇ ਤਾਜ ਨੂੰ ਵੀ ਹੱਥ ਪਾਵਾਂਗੇ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਤੋਂ ਬਾਅਦ ਛੇਵੇਂ ਪਾਤਸ਼ਾਹ ਨੇ ਮੀਰੀ-ਪੀਰੀ ਧਾਰਨ ਕੀਤੀ ਇਸ ਦਾ ਜਲਵਾ ਸੰਸਾਰ ਨੂੰ ਦਿਖਾਉਣਾ ਚਾਹੁੰਦੇ ਸਨ। ਗੁਰੂ ਸਾਹਿਬ ਨੇ ਐਲਾਨ ਕੀਤਾ “ਅੱਜ ਤੋਂ ਗੁਰੂ ਘਰ ਲਈ ਸਭ ਤੋਂ ਚੰਗੀ ਭੇਟਾ ਸੁੰਦਰ ਘੋੜੇ ਤੇ ਮਜਬੂਤ ਜੁਆਨੀ ਹੋਵੇਗੀ।” ਮੈਕਾਲਫ਼ ਅਨੁਸਾਰ ਮਾਝੇ ਵਿੱਚੋਂ 50 ਨੌਜੁਆਨ ਸਿੰਘਾਂ ਨੇ ਆਪਣੇ ਆਪ ਨੂੰ ਗੁਰੂ ਦੇ ਸਮਰਪਿਤ ਕੀਤਾ। ਕੁੱਝ ਸਮਂੇ ਵਿੱਚ ਹੀ ਇਹ ਕਾਫ਼ਲਾ ਬਹੁਤ ਵੱਡਾ ਤਿਆਰ ਹੋ ਗਿਆ ਤੇ ਹਜਾਰਾਂ ਦੀ ਗਿਣਤੀ ਵਿਚ ਖਾਲਸਾਈ ਫੌਜ ਬਣ ਗਈ। ਇਹ ਫੌਜ ਗੁਰੂ ਹੁਕਮ ਅਨੁਸਾਰ ਜੰਗ ਦੇ ਮੈਦਾਨ ਵਿੱਚ ਜੂਝ, ਆਪਣੇ ਆਪ ਨੂੰ ਗੁਰੂ ਦੇ ਦਰਬਾਰ ਵਿੱਚ ਪ੍ਰਵਾਨ ਚੜਾਉਣ ਦੇ ਇਛੁੱਕ ਸਨ।
ਬਾਜ ਨਾ ਮਿਲਣ ਤੇ ਗੁੱਸੇ ਵਿੱਚ ਸ਼ਾਹ ਜਹਾਨ ਦੇ ਸਿਪਾਹੀ ਖੋਟੀਆਂ ਕੌੜੀਆਂ ਸੁਣਾਉਂਦੇ ਸਾਰੇ ਬਾਦਸ਼ਾਹ ਨੂੰ ਮਿਲੇ ਅਤੇ ਘਟਨਾ ਤੋਂ ਜਾਣੂ ਕਰਵਾਇਆ ਜਿਸ ‘ਤੇ ਕਰੋਧ ਵਸ ਹੋ ਸ਼ਾਹ ਜ਼ਹਾਨ ਨੇ ਜਰਨੈਲ ਮੁਖ਼ਲਸ ਖ਼ਾਨ ਦੀ ਅਗਵਾਈ ਹੇਠ 700 ਨਾਮੀ ਭਾਰੀ ਫੌਜ ਸਿੱਖਾਂ ਨਾਲ ਲੜਨ ਹਿੱਤ ਭੇਜੀ ਅਤੇ ਸਿੱਖ ਇਤਿਹਾਸ ਦੀ ਪਹਿਲੀ ਜੰਗ ਅੰਮ੍ਰਿਤਸਰ ਦੇ ਕਿਲ੍ਹਾ ਲੋਹਗੜ੍ਹ, ਪਿੱਪਲੀ ਸਾਹਿਬ ਪੁਤਲੀ ਘਰ, ਖਾਲਸਾ ਕਾਲਜ ਅੰਮ੍ਰਿਤਸਰ, ਕੋਟ ਖਾਲਸਾ, ਗੁਰੂ ਵਡਾਲੀ ਅਤੇ ਗੁ: ਸੰਗਰਾਣਾ ਸਾਹਿਬ ਤੀਕ ਖਿਲਰ ਕੇ ਹੋਈ। ਇਹ ਸਾਰਾ ਖੇਤਰ ਜੰਗਲ ਬੀੜ ਸੀ। ਸ਼ਾਹ ਜਹਾਨ ਦਾ ਸ਼ਾਹੀ ਹੁਕਮ ਸੀ ਸਿੱਖਾਂ ਦੇ ਗੁਰੂ ਨੂੰ ਬਾਜ਼ ਸਮੇਤ ਫੜਕੇ ਲਿਆਉਣਾ ਹੈ।
ਸ਼ਾਹੀ ਫੌਜਾਂ ਦੀ ਚੜਾਈ ਨੂੰ ਰੋਕਣ ਲਈ ਗੁਰੂ ਜੀ ਨੇ 25 ਯੋਧਿਆਂ ਨੂੰ ਭੇਜਿਆ। ਇਨ੍ਹਾਂ ਵੀਰ ਬਹਾਦਰਾਂ ਨੇ ਸ਼ਾਹੀ ਫੌਜ ਨੂੰ ਠੱਲੀ ਰੱਖਿਆ। ਕਾਲੀ ਸ਼ਾਹੀ ਹਨ੍ਹੇਰੀ ਰਾਤ ਵਿੱਚ ਇਹ ਸਿੰਘ ਹੌਂਸਲੇ ਨਾਲ ਜੈਕਾਰੇ ਲਾਉਂਦੇ ਕਹਿ ਰਹੇ ਸਨ, ਸਵੇਰ ਹੋਣ ਦਿਓ ਲੜਦੇ ਮਰਦੇ ਲਾਹੌਰ ਪਹੁੰਚ ਜਾਵਾਂਗੇ ਤੇ ਬਾਦਸ਼ਾਹ ਦੀਆਂ ਮੁਸ਼ਕਾਂ ਬੰਨ੍ਹ ਕੇ ਲਿਆਵਾਂਗੇ। ਜੈਕਾਰੇ ਬੁਲਾਉਂਦੇ ਲੜਦੇ-ਲੜਦੇ ਇਹ 25 ਸਿੰਘ ਸ਼ਹੀਦੀ ਪਾ ਗਏ। ਪਿੱਛੋਂ ਸਿੱਖਾਂ ਤੇ ਤੁਰਕਾਂ ਵਿੱਚ ਘਮਸਾਣ ਦਾ ਯੁੱਧ ਹੋਇਆ। ਗੁਰੂ ਸਾਹਿਬ ਆਪ ਮੈਦਾਨ ਵਿੱਚ ਉਤਰੇ। ਮੁਗਲਾਂ ਵੱਲੋਂ ਸ਼ਮਸ਼ਾਨ ਖਾਨ, ਅਨਵਰ ਖਾਂ, ਮੁਹੰਮਦ ਅਲੀ ਖਾਂ, ਅਲੀ ਬੇਗ ਆਦਿ ਨੇ ਮੁਗ਼ਲ ਸੈਨਾ ਦੀ ਅਗਵਾਈ ਕੀਤੀ। ਗਹਿਗਚ ਜੰਮ ਕੇ ਲੜਾਈ ਹੋਈ ਦੋਹਾਂ ਪਾਸਿਆਂ ਦਾ ਕਾਫੀ ਜਾਨੀ ਨੁਕਸਾਨ ਹੋਇਆ।
ਇਸ ਉਪਰੰਤ ਮੁਖ਼ਲਿਸ ਖ਼ਾਨ ਜੁਅਰਤ ਕਰਕੇ ਆਪ ਜੰਗ ਦੇ ਮੈਦਾਨ ਵਿੱਚ ਉਤਰਿਆ ਅਤੇ ਗੁਰੂ ਜੀ ਨੂੰ ਯੁੱਧ ਕਰਨ ਲਈ ਲਲਕਾਰਾ ਮਾਰਿਆ। ਗੁਰੂ ਜੀ ਨੇ ਸਿੱਖਾਂ ਨੂੰ ਪਿੱਛੇ ਹਟ ਜਾਣ ਲਈ ਕਿਹਾ ਗੁਰੂ ਜੀ ਨੇ ਕਿਹਾ,“ਜਿਤਨੇ ਦਾਅ ਪੇਚ ਤੇ ਜੰਗੀ ਹੁਨਰ ਹੈ ਹੁਣ ਦੱਸ ਲੈ ਤੇ ਪਹਿਲੇ ਵਾਰ ਵੀ ਤੂੰ ਕਰ ਲੈ।” ਮੁਖਲਿਸ ਖਾਂ ਦੇ ਪਹਿਲੇ ਦੋਵੇਂ ਵਾਰ ਗੁਰੂ ਜੀ ਨੇ ਬਚਾਅ ਲਏ ਤੇ ਫਿਰ ਆਖਿਆ ਤੂੰ ਦੋ ਵਾਰ ਕੀਤੇ ਅਸੀਂ ਬਚਾ ਲਏ ਹੁਣ ਤੂੰ ਤਿਆਰੀ ਕਸ ਲੈ।
ਗੁਰੂ ਜੀ ਨੇ ਆਪਣੀ ਤਲਵਾਰ ਨਾਲ ਵਾਰ ਕੀਤਾ ਤਾਂ ਉਸ ਦਾ ਸਿਰ ਧੜ ਨਾਲੋਂ ਲੱਥ ਕੇ ਜ਼ਮੀਨ ‘ਤੇ ਡਿੱਗ ਪਿਆ। ਉਸ ਦੀ ਬਾਕੀ ਫੌਜ ਇਹ ਭੈਅ-ਭੀਤ ਦ੍ਰਿਸ਼ ਦੇਖ ਕੇ ਲਾਹੌਰ ਨੂੰ ਭੱਜ ਗਈ ਇਹ ਜੰਗ 15 ਮਈ 1629 ਈ. ਨੂੰ ਹੋਇਆ ਭਾਵੇਂ ਸ਼ਾਹ ਜਹਾਨ ਦੇ ਜੰਗਨਾਮਿਆਂ ਵਿੱਚ ਇਸ ਜੰਗ ਦਾ ਜ਼ਿਕਰ ਨਹੀਂ ਮਿਲਦਾ, ਪਰ ਇਤਿਹਾਸ ਦੇ ਕੁੱਝ ਸਰੋਤਾਂ ਵਿੱਚ ਜਿਕਰ ਮਿਲਦਾ ਹੈ ਕਿ ਸਿੱਖਾਂ ਦੀ ਇਹ ਪਹਿਲੀ ਲੜਾਈ ਸੀ, ਜਿਸ ਦੀ ਸਿੱਖਾਂ ਨੂੰ ਚੜ੍ਹਦੀ ਕਲਾ ਵਾਲੀ ਫਤਿਹ ਮਿਲੀ। ਗੁਰਦੁਆਰਾ ਪਲਾਹ ਸਾਹਿਬ ਅਤੇ ਗੁ: ਕਿਲ੍ਹਾ ਲੋਹਗੜ੍ਹ ਸਾਹਿਬ ਹਰ ਸਾਲ ਫਤਿਹ ਦਿਵਸ ਮਨਾਇਆ ਜਾਂਦਾ ਹੈ। ਇਸ ਪਵਿੱਤਰ ਅਸਥਾਨ ਤੇ ਸੰਗਤਾਂ ਅਰਦਾਸ ਕਰਾ ਮੂੰਹ ਮੰਗੀਆਂ ਮੁਰਾਦਾਂ ਪਾੳਂਦੀਆਂ ਹਨ।
-
ਦਿਲਜੀਤ ਸਿੰਘ ਬੇਦੀ, ਸਕੱਤਰ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ
dsbedisgpc@gmail.com
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.