ਰਾਜਵੰਤ ਰਾਜ ਦੇ ਨਾਵਲ ‘ਵਰੋਲ਼ੇ ਦੀ ਜੂਨ’ ਦਾ ਅੰਤਰੀਵ ਵਿਸ਼ਲੇਸ਼ਣ...ਡਾ. ਕਮਲਜੀਤ ਕੌਰ ਦੀ ਕਲਮ ਤੋਂ
ਰਾਜਵੰਤ ਰਾਜ ਦਾ ਦੂਜਾ ਨਾਵਲ 'ਵਰੋਲ਼ੇ ਦੀ ਜੂਨ' 21ਵੀਂ ਸਦੀ ਦੇ ਦੂਜੇ ਅਤੇ ਤੀਜੇ ਦਹਾਕੇ ਵਿਚ ਪੰਜਾਬੀਆਂ ਦੇ ਪਰਵਾਸ ਦੇ ਤਰੀਕਿਆਂ, ਅਜੋਕੇ ਸਮੇਂ ਵਿਚ ਪੰਜਾਬੀਆਂ ਦੀ ਵਿਦੇਸ਼ ਵਿਚ ਵੱਸਣ ਦੀ ਚਾਹਤ ਅਤੇ ਰਿਸ਼ਤਿਆਂ ਵਿਚਲੀ ਖਿੱਚੋਤਾਣ ਨੂੰ ਬਾਖ਼ੂਬੀ ਬਿਆਨ ਕਰਦਾ ਹੈ।
ਓਪਰੀ ਨਜ਼ਰੇ ਦੇਖਿਆਂ ਇਸ ਨਾਵਲ ਦਾ ਮੁੱਖ ਵਿਸ਼ਾ ਪਰਵਾਸੀ ਜੀਵਨ ਦੀਆਂ ਪਰਤਾਂ ਨੂੰ ਉਘੇੜਨਾ ਲਗਦਾ ਹੈ ਪਰ ਮੇਰੀ ਜਾਚੇ ਇਸ ਦਾ ਮੁਖ ਵਿਸ਼ਾ ਸਮਾਜ ਵਿਚ ਵੱਸਦੇ ਵੱਖੋ-ਵੱਖਰੇ ਸੁਭਾਅ ਦੇ ਲੋਕਾਂ ਦੀ ਮਨੋਵਿਗਿਆਨਕ ਤਸਵੀਰ ਪੇਸ਼ ਕਰਨਾ ਹੈ। ਨਾਵਲ ਦੇ ਸਿਰਲੇਖ ਨੂੰ ਧਿਆਨ ਵਿਚ ਰੱਖ ਕੇ ਦੇਖੀਏ ਤਾਂ ਨਿੰਮੀ ਵਰਗੀਆਂ ਉਨ੍ਹਾਂ ਕੁੜੀਆਂ ਦੇ ਵਰੋਲ਼ੇ ਵਰਗੇ ਸੁਭਾਅ ਨੂੰ ਪੇਸ਼ ਕਰਨਾ ਵੀ ਇਸ ਨਾਵਲ ਦਾ ਵਿਸ਼ਾ ਲਗਦਾ ਹੈ, ਜਿਹੜੀਆਂ ਹਰ ਹਾਲਤ ਵਿਚ ਸਿਰਫ਼ ਆਪਣਾ ਸਵਾਰਥ ਦੇਖਦੀਆਂ ਹਨ ਅਤੇ ਆਪਣੇ ਸਵਾਰਥ ਕਰ ਕੇ ਹਰ ਰਿਸ਼ਤੇ ਨੂੰ ਦਾਅ 'ਤੇ ਲਾਉਣ ਲਈ ਤਿਆਰ ਰਹਿੰਦੀਆਂ ਹਨ। ਨਾਵਲਕਾਰ ਅਨੁਸਾਰ ਅਜਿਹੇ ਲੋਕਾਂ ਦਾ ਅੰਤ ਬੁਰਾ ਹੀ ਹੁੰਦਾ ਹੈ। ਨਿੰਮੀ ਦੀ ਮਾਂ ਉਸ ਨੂੰ ਕਹਿੰਦੀ ਹੈ, "ਜੇ ਤੇਰੇ ਚਾਲੇ ਸਿੱਧੇ ਹੁੰਦੇ ਤਾਂ ਖ਼ਬਰੇ ਰੱਬ ਬਹੁੜ ਹੀ ਪੈਂਦਾ।" ਭਾਵ ਜਿੱਥੇ ਕੁਦਰਤ ਇਹੋ ਜਿਹੇ ਲੋਕਾਂ ਦੀ ਮਦਦ ਨਹੀਂ ਕਰਦੀ ਉੱਥੇ ਮਾਪੇ ਅਤੇ ਹੋਰ ਲੋਕ ਵੀ ਉਨ੍ਹਾਂ ਦੀਆਂ ਆਪ-ਹੁਦਰੀਆਂ ਕਰ ਕੇ ਉਨ੍ਹਾਂ ਤੋਂ ਮੂੰਹ ਫੇਰ ਲੈਂਦੇ ਹਨ।
ਇੰਝ ਹੀ ਨਿੰਮੀ ਦੀ ਮਾਂ ਉਸ ਨੂੰ ਸਮਝਾਉਂਦਿਆਂ ਆਖਦੀ ਹੈ, "ਜੇ ਤੂੰ ਕੋਈ ਰਿਸ਼ਤਾ ਸਾਡੀ ਮਰਜ਼ੀ ਨਾਲ ਸਹੇੜਿਆ ਹੁੰਦਾ ਤਾਂ ਅਸੀਂ ਤੇਰੇ ਨਾਲ ਵੀ ਖੜ੍ਹਦੇ। ਆਪਹੁਦਰੀਆਂ ਤੋਂ ਬਿਨਾ ਤੂੰ ਕੀਤਾ ਹੀ ਕੀ ਏ?" ਏਦਾਂ ਨਿੰਮੀ ਆਪਣੇ ਸਵਾਰਥੀ ਸੁਭਾਅ ਕਾਰਨ ਮਾਪਿਆਂ, ਭੈਣ, ਦੀਪਾ, ਸੀਰਤ ਅਤੇ ਹੋਰ ਰਿਸ਼ਤੇਦਾਰਾਂ ਦੀਆਂ ਅੱਖਾਂ ਵਿੱਚੋਂ ਤਾਂ ਡਿੱਗਦੀ ਹੀ ਹੈ ਤੇ ਅੰਤ ਨੂੰ ਅਣਹੋਈ ਮੌਤ ਮਾਰੀ ਜਾਂਦੀ ਹੈ।
ਨਾਵਲ ਦਾ ਇਕ ਹੋਰ ਪਾਤਰ ਕੈਲ ਵੀ ਆਪਣੇ ਸਵਾਰਥ ਖ਼ਾਤਰ ਰਿਸ਼ਤਿਆਂ ਦੀ ਅਹਿਮੀਅਤ ਭੁਲਾ ਕੇ ਮਾਮੇ,ਭੂਆ ਦੀਆਂ ਕੁੜੀਆਂ ਨਾਲ ਸਰੀਰਕ ਸਬੰਧ ਬਣਾ ਲੈਂਦਾ ਹੈ। ਉਹ ਆਪਣੀ ਭੈਣ ਅਤੇ ਮਾਪਿਆਂ ਦੀ ਪਰਵਾਹ ਨਹੀਂ ਕਰਦਾ। ਦੀਪੇ ਵਰਗੇ ਸਿਆਣੇ ਮੁੰਡੇ ਦੇ ਸਮਝਾਉਣ 'ਤੇ ਸਗੋਂ ਉਸੇ ਵਿਰੁੱਧ ਵੀ ਚਾਲ ਚੱਲ ਜਾਂਦਾ ਹੈ।
ਜੀਵਨ ਵਿੱਚ ਘਰ-ਪਰਿਵਾਰ ਦੀ ਮਹੱਤਤਾ, ਨਾਵਲ ਦੀ ਕਹਾਣੀ ਵਿੱਚੋਂ ਉਜਾਗਰ ਹੁੰਦੀ ਹੈ। ਵਿਆਹ-ਬਾਹਰੇ ਰਿਸ਼ਤੇ ਥੋੜ੍ਹ-ਚਿਰਾ ਆਨੰਦ ਤਾਂ ਦਿੰਦੇ ਹਨ ਪਰ ਤਾ-ਉਮਰ ਇਨ੍ਹਾਂ ਨਾਲ ਨਿਭਿਆ ਨਹੀਂ ਜਾ ਸਕਦਾ। ਅਜੇ ਸਾਡੇ ਪੰਜਾਬੀ ਸਮਾਜ ਦੀ ਬਣਤਰ ਅਜਿਹੀ ਹੈ ਕਿ ਵਿਆਹ-ਬਾਹਰੇ ਸੰਬੰਧ, ਭਾਵੇਂ ਮਰਦ ਵੱਲੋਂ ਪਹਿਲ ਕਰ ਕੇ ਬਣਾਏ ਹੋਏ ਭਾਵੇਂ ਔਰਤ ਵੱਲੋਂ, ਸਮਾਜ ਵੱਲੋਂ ਮਾਨਤਾ ਪ੍ਰਾਪਤ ਨਹੀਂ ਕਰਦੇ। ਇਨ੍ਹਾਂ ਸੰਬੰਧਾਂ ਵਿਚ ਪੈਣ ਵਾਲੇ ਲੋਕ ਮਨ ਦਾ ਸਕੂਨ ਵੀ ਗੁਆ ਬੈਠਦੇ ਹਨ। ਦੀਪਾ-ਲਾਲੀ ਅਤੇ ਓਂਕਾਰ-ਸੀਰਤ ਦੇ ਪਤੀ-ਪਤਨੀ ਵਾਲੇ ਰਿਸ਼ਤੇ ਹੀ ਖ਼ੂਬਸੂਰਤ ਅਤੇ ਪ੍ਰਵਾਨਗੀ ਪ੍ਰਾਪਤ ਹਨ। ਭਾਵੇਂ ਇਨ੍ਹਾਂ ਦੋਹਾਂ ਰਿਸ਼ਤਿਆਂ ਵਿਚ ਪਤਨੀਆਂ ਵੱਲੋਂ ਹੀ ਰਿਸ਼ਤਾ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਦਿਖਾਈਆਂ ਗਈਆਂ ਹਨ ਪਰ ਪਤੀ ਵੀ ਆਪਣੀ ਕੀਤੀ ਗ਼ਲਤੀ ਮੰਨ ਕੇ ਰਿਸ਼ਤੇ ਵਿੱਚੋਂ ਸਕੂਨ ਲੱਭਦੇ ਹਨ। ਨਿੰਮੀ ਦੀ ਮਾਂ ਉਸ ਨੂੰ ਸਮਝਾਉਂਦਿਆਂ ਕਹਿੰਦੀ ਹੈ, "ਨਹੀਂ ਕੁੜੀਏ, ਮਰਦ ਤੇ ਔਰਤ ਇਕ ਦੂਜੇ ਦੇ ਪੂਰਕ ਹੁੰਦੇ ਹਨ। ਕੋਈ ਮਾੜਾ ਨਹੀਂ ਕੋਈ ਚੰਗਾ ਨਹੀਂ। ਜਿਹੜੇ ਰਿਸ਼ਤੇ ਹੀ ਗ਼ਲਤ ਨੀਅਤ ਨਾਲ ਬਣਾਏ ਗਏ ਹੋਣ ਉਨ੍ਹਾਂ ਨੇ ਇਕ ਦਿਨ ਟੁੱਟਣਾ ਹੀ ਹੁੰਦੈ।"
ਇਸ ਦੇ ਨਾਲ ਹੀ ਨਾਵਲ ਵਿੱਚੋਂ ਇਕ ਹੋਰ ਨੁਕਤਾ ਵੀ ਉੱਭਰਦਾ ਹੈ ਕਿ ਘਰ ਨੂੰ ਬਚਾਉਣ ਦੀਆਂ ਜ਼ਿਆਦਾਤਰ ਕੋਸ਼ਿਸ਼ਾਂ ਪਤਨੀਆਂ ਵੱਲੋਂ ਹੀ ਹੁੰਦੀਆਂ ਹਨ। ਦੀਪਾ, ਰੀਆ ਨਾਲ ਅਤੇ ਨਿੰਮੀ ਨਾਲ ਸਬੰਧ ਬਣਾਉਂਦਾ ਹੈ। ਓਂਕਾਰ, ਸੀਰਤ ਦੇ ਹੁੰਦਿਆਂ ਨਿੰਮੀ ਨਾਲ ਸਰੀਰਕ ਸਬੰਧ ਬਣਾਉਂਦਾ ਹੈ। ਜੈਲਾ, ਨਿੰਮੀ ਦੇ ਗ਼ਲਤ ਰਸਤੇ 'ਤੇ ਤੁਰ ਪੈਣ ਦੀ ਵਜ੍ਹਾ ਬਣਦਾ ਹੈ। ਇੱਥੋਂ ਤੱਕ ਕਿ ਪ੍ਰਕਾਸ਼ ਕੌਰ, ਪ੍ਰੇਮ ਸਿੰਘ ਬਾਰੇ ਕੁਝ ਗੱਲਾਂ ਨਿੰਮੀ ਨਾਲ ਸਾਂਝੀਆਂ ਕਰਦਿਆਂ ਕਹਿੰਦੀ ਹੈ, "ਕੁੜੀਏ ਮਰਦਾਂ ਦਾ ਸੁਭਾਅ ਚੰਚਲ ਹੁੰਦੈ। ਉਹ ਘਰ ਵਾਲੀ ਨਾਲ ਅਟੈਚ ਹੁੰਦੇ ਹੋਏ ਵੀ ਆਲ਼ੇ-ਦੁਆਲ਼ੇ ਝਾਕਣੋਂ ਨਹੀਂ ਹਟਦੇ। ਸ਼ਾਇਦ ਪ੍ਰਮਾਤਮਾ ਨੇ ਉਨ੍ਹਾਂ ਦਾ ਸੁਭਾਅ ਹੀ ਏਦਾਂ ਦਾ ਬਣਾਇਐ।"(ਸਫ਼ਾ 260)
"ਮਰਦ ਇਹੋ ਜਿਹੇ ਹੀ ਹੁੰਦੇ ਆ। ਤੇਰੇ ਡੈਡੀ ਨੇ ਵੀ ਬਥੇਰੇ ਚੱਜ ਕੀਤੇ ਸੀ (ਸਫ਼ਾ 261)"
ਨਾਵਲ ਵਿਚ ਵਿਅਕਤੀਗਤ ਵਿਭਿੰਨਤਾਵਾਂ ਨੂੰ ਬਾਖ਼ੂਬੀ ਉਭਾਰਿਆ ਗਿਆ ਹੈ। ਕਿਵੇਂ ਵਿਦੇਸ਼ੀ ਸਮਾਜ ਵਿੱਚ ਜੰਮੇ ਪਲ਼ੇ ਪੰਜਾਬੀ ਬੱਚੇ(ਕੈਲ ਵਾਂਗ) ਭਾਵੇਂ ਵਧੇਰੇ ਕਰ ਕੇ ਵਿਦੇਸ਼ੀ ਕਦਰਾਂ ਕੀਮਤਾਂ ਨੂੰ ਅਪਣਾਅ ਲੈਂਦੇ ਹਨ ਪਰ ਫਿਰ ਵੀ ਜੈਸ ਵਰਗੇ ਇੱਕੋ ਪਰਿਵਾਰ ਵਿਚ ਪਲ਼ੇ ਹੋਣ ਦੇ ਬਾਵਜੂਦ ਪੰਜਾਬੀ ਸਮਾਜ ਦੀਆਂ ਕਦਰਾਂ ਕੀਮਤਾਂ ਅਤੇ ਰਿਸ਼ਤਿਆਂ ਨੂੰ ਨਿਭਾਉਂਦੇ ਹਨ। ਲਾਲੀ ਤੇ ਨਿੰਮੀ ਦੇ ਮਾਪਿਆਂ (ਪ੍ਰਕਾਸ਼ ਕੌਰ ਤੇ ਪ੍ਰੇਮ ਸਿੰਘ) ਵਰਗੇ ਪੜ੍ਹੇ ਲਿਖੇ ਲੋਕ ਵੀ ਕਈ ਵਾਰ ਸਮਾਜ ਦੀ ਦੇਖਾ-ਦੇਖੀ ਬੇਟੀ ਨੂੰ ਬਾਹਰ ਬੁਲਾਉਣ ਲਈ ਗ਼ਲਤ ਤਰੀਕੇ ਵਰਤ ਲੈਂਦੇ ਹਨ, ਜਿਹੜਾ ਕਿ ਉਨ੍ਹਾਂ ਦੇ ਗਲ਼ੇ ਦੀ ਹੱਡੀ ਹੋ ਨਿੱਬੜਦੇ ਹਨ। ਪਾਲੇ ਦੇ ਕਤਲ ਨਾਲ ਨਾਵਲ ਵਿਚ ਆਨਰ ਕਿੱਲਿੰਗ ਦਾ ਵਿਸ਼ਾ ਵੀ ਉੱਭਰ ਕੇ ਸਾਹਮਣੇ ਆਉਂਦਾ ਹੈ, ਜੋ ਅਜਿਹੇ ਲੋਕਾਂ ਦੀ ਤਸਵੀਰ ਪੇਸ਼ ਕਰਦਾ ਹੈ ਜਿਹੜੇ ਵਿਦੇਸ਼ਾਂ ਵਿਚ ਪਹੁੰਚ ਕੇ ਪੁਰਾਣੀ ਦਕਿਆਨੂਸੀ ਸੋਚ ਨੂੰ ਤਿਲਾਂਜਲੀ ਨਹੀਂ ਦੇ ਸਕੇ। ਜਦ ਕਿ ਵਿਦੇਸ਼ਾਂ ਵਿਚ ਜਾਤ-ਪਾਤ ਕੋਈ ਮਸਲਾ ਹੀ ਨਹੀਂ।
ਸੋ ਕੁੱਲ ਮਿਲਾ ਕੇ ਇਸ ਨਾਵਲ ਦਾ ਵਿਸ਼ਾ ਉਸ ਪੰਜਾਬੀ ਸਮਾਜ ਦੀ ਤਸਵੀਰ ਪੇਸ਼ ਕਰਦਾ ਹੈ ਜਿਹੜਾ ਕਿ ਅੱਧਾ ਕੁ ਵਿਦੇਸ਼ਾਂ ਵਿਚ ਵਸਿਆ ਅਤੇ ਅੱਧਾ ਕੁ ਪੰਜਾਬ ਵਿਚ। ਇਹ ਸਮਾਜ ਨਾ ਤਾਂ ਪੂਰੀ ਤਰ੍ਹਾਂ ਵਿਦੇਸ਼ੀ ਸਭਿਅਤਾ ਨੂੰ ਅਪਣਾਅ ਸਕਿਆ ਹੈ ਤੇ ਨਾ ਹੀ ਆਪਣੇ ਮੁੱਲ ਤਿਆਗ ਸਕਿਆ ਹੈ। ਇਸ ਨਵੇਂ ਸਮਾਜ ਵਿਚ ਬਹੁਗਿਣਤੀ ਉਨ੍ਹਾਂ ਲੋਕਾਂ ਦੀ ਹੈ ਜੋ ਰਿਸ਼ਤਿਆਂ ਦੀ ਕਦਰ, ਪਿਆਰ ਅਤੇ ਮਾਣ ਸਤਿਕਾਰ ਨੂੰ ਵਿਸਾਰਦੇ ਜਾ ਰਹੇ ਹਨ। ਫੇਰ ਵੀ ਅਜੇ ਵੀ ਆਸ ਦੀ ਕਿਰਨ ਬਾਕੀ ਹੈ। ਸਭ ਕੁਝ ਖ਼ਤਮ ਨਹੀਂ ਹੋਇਆ, ਜੋ ਕਿ ਦੀਪੇ, ਲਾਲੀ ਅਤੇ ਪਾਲੇ ਦੇ ਪਾਤਰਾਂ ਦੇ ਰੂਪ ਵਿਚ ਪ੍ਰਗਟ ਹੁੰਦਾ ਹੈ।
ਕਥਾਨਕ:- ਨਾਵਲ ਦਾ ਕਥਾਨਕ ਇਕਹਿਰੀ ਬਣਤਰ ਵਾਲਾ ਹੈ, ਭਾਵੇਂ ਮੁੱਖ ਕਥਾ ਦੇ ਨਾਲ-ਨਾਲ ਹੋਰ ਛੋਟੀਆਂ-ਛੋਟੀਆਂ ਕਹਾਣੀਆਂ ਚੱਲਦੀਆਂ ਹਨ ਪਰ ਮੁੱਖ ਰੂਪ ਵਿਚ ਧਿਆਨ ਮੂਲ ਕਥਾ ਵੱਲ ਹੀ ਰੱਖਿਆ ਗਿਆ ਹੈ। ਕਥਾਨਕ ਦਿਲਚਸਪੀ ਭਰਪੂਰ ਹੈ। ਘਟਨਾਵਾਂ ਇੱਕੋ ਲੜੀ ਵਿਚ ਪਰੋਈਆਂ ਹੋਈਆਂ ਹਨ। ਉਤਸੁਕਤਾ ਕਾਇਮ ਰਹਿੰਦੀ ਹੈ। ਨਾਵਲ ਤੇਜ਼ ਗਤੀ ਨਾਲ ਅੱਗੇ ਵਧਦਾ ਹੈ। ਕੁਝ ਘਟਨਾਵਾਂ ਲੋੜ ਤੋਂ ਜ਼ਿਆਦਾ ਤੇਜ਼ੀ ਨਾਲ ਵਾਪਰਦੀਆਂ ਹਨ। ਪਹਿਲੀ ਜਦੋਂ ਦੀਪੇ ਦੀ ਮਾਤਾ ਪਿਤਾ ਅਤੇ ਭਰਾ ਭਰਜਾਈ ਉਸ ਨੂੰ ਅਮਰੀਕਾ ਬੁਲਾਉਂਦੇ ਹਨ ਤੇ ਦੂਜੀ ਜਦੋਂ ਪ੍ਰੇਮ ਸਿੰਘ ਅਤੇ ਪ੍ਰਕਾਸ਼ ਕੌਰ ਦਾ ਸੁਪਰ ਵੀਜ਼ਾ ਲੱਗਦਾ ਹੈ। ਨਾਵਲ ਵਿੱਚ ਸਮੇਂ, ਸਥਾਨ ਤੇ ਕਾਰਜ ਦੀ ਇਕਸਾਰਤਾ ਕਾਇਮ ਰਹਿੰਦੀ ਹੈ। ਆਦਿ, ਮੱਧ ਅਤੇ ਅੰਤ, ਕਿਤੇ ਵੀ ਉਤਸੁਕਤਾ ਨਹੀਂ ਮੁੱਕਦੀ, ਪਰ ਕਈ ਵਾਰ ਪਾਠਕ ਨੂੰ ਆਪਣੇ-ਆਪ ਅੰਦਾਜ਼ਾ ਹੋ ਜਾਂਦਾ ਹੈ ਕਿ ਅੱਗੇ ਕੀ ਹੋਵੇਗਾ। ਜੈਸ, ਪਾਲੇ ਨੂੰ ਪਸੰਦ ਕਰਨ ਲੱਗ ਜਾਵੇਗੀ, ਇਸ ਦੇ ਕਾਫ਼ੀ ਸਿੱਧੇ ਇਸ਼ਾਰੇ ਪਹਿਲਾਂ ਹੀ ਮਿਲ ਜਾਂਦੇ ਹਨ ਪਰ ਨਿੰਮੀ ਦਾ ਵਿਆਹ ਅਖੀਰ ਤੇ ਮੁਕੰਦੇ ਨਾਲ ਹੋਵੇਗਾ ਇਹ ਪਾਠਕ ਦੇ ਚਿੱਤ ਚੇਤੇ ਵੀ ਨਹੀਂ ਹੁੰਦਾ।
ਲੱਗਭੱਗ ਸਾਰੀਆਂ ਘਟਨਾਵਾਂ, ਵਿਸ਼ੇ ਦੀ ਲੋੜ ਅਨੁਸਾਰ ਘੜੀਆਂ ਗਈਆਂ ਹਨ ਪਰ ਇਕ ਘਟਨਾ ਤੋਂ ਲਗਦਾ ਹੈ ਕਿ ਜੇਕਰ ਇਹ ਨਾ ਵੀ ਹੁੰਦੀ ਤਾਂ ਸਰ ਸਕਦਾ ਸੀ।(ਸਫ਼ਾ 185) ਜਦੋਂ ਦੀਪਾ ਇੰਡੀਆ ਨਿੰਮੀ ਨਾਲ ਵਿਆਹ ਕਰਵਾਉਣ ਜਾਂਦਾ ਹੈ ਤਾਂ ਰਸਤੇ ਵਿੱਚ ਇਕ ਅੰਮ੍ਰਿਤਧਾਰੀ ਬੀਬੀ ਨਾਲ ਖਾਣਾ ਖਾਣ ਬਾਰੇ ਗੱਲਬਾਤ ਕਰਦਾ ਹੈ। ਇਸ ਤੋਂ ਇਲਾਵਾ ਬਾਕੀ ਘਟਨਾਵਾਂ ਇੱਕ ਲੜੀ ਵਿੱਚ ਪਰੋਈਆਂ ਹੋਈਆਂ ਹਨ। ਨਾਵਲ ਦੀ ਗੋਂਦ ਪੀਡੀ ਤੇ ਉਤਸੁਕਤਾ ਭਰਪੂਰ ਹੈ।
ਪਾਤਰ ਉਸਾਰੀ:- ਪਾਤਰ ਉਸਾਰੀ ਪੱਖੋਂ, ਨਾਵਲਕਾਰ ਪੂਰੀ ਤਰ੍ਹਾਂ ਸਫਲ ਰਿਹਾ ਹੈ। ਲੱਗਭੱਗ ਸਾਰੇ ਪਾਤਰ ਯਥਾਰਥਵਾਦੀ ਹਨ ਅਤੇ ਸਾਨੂੰ ਸਾਡੇ ਆਲ਼ੇ-ਦੁਆਲ਼ੇ ਘੁੰਮਦੇ ਫਿਰਦੇ ਪ੍ਰਤੀਤ ਹੁੰਦੇ ਹਨ। ਨਾਵਲ ਦਾ ਮੁੱਖ ਪਾਤਰ ਦੀਪਾ ਉਮਰੋਂ ਵੱਧ ਸਿਆਣਾ ਲੱਗਦਾ ਹੈ ਪਰ ਜਿੱਥੇ ਕਿਤੇ ਵੀ ਉਹ ਗ਼ਲਤੀ ਕਰਦਾ ਹੈ ਉੱਥੇ ਸੱਚਮੁੱਚ ਇਵੇਂ ਜਾਪਦਾ ਹੈ ਕਿ ਇਹ ਗ਼ਲਤੀ ਉਸ ਦੀ ਨਹੀਂ ਬਲਕਿ ਹਾਲਾਤ ਹੀ ਇਸ ਤਰ੍ਹਾਂ ਦੇ ਬਣ ਗਏ ਹੋਣਗੇ। ਨਾਵਲਕਾਰ ਨੇ ਪਾਤਰ-ਉਸਾਰੀ ਲਈ ਕਈ ਜੁਗਤਾਂ ਵਰਤੀਆਂ ਹਨ, ਜਿਵੇਂ, ਪਾਤਰ ਦੇ ਮੂੰਹੋਂ ਆਪਣੇ ਆਪ ਬਾਰੇ ਕਹੇ ਸ਼ਬਦ, ਦੂਜੇ ਪਾਤਰਾਂ ਦੁਆਰਾ ਕੀਤੀ ਗੱਲਬਾਤ ਰਾਹੀਂ। ਪਾਤਰਾਂ ਦੀ ਵਾਰਤਾਲਾਪ ਬੜੀ ਸੁਭਾਵਿਕ ਅਤੇ ਰੋਚਕਤਾ ਭਰਪੂਰ ਹੈ।
ਦ੍ਰਿਸ਼ ਚਿਤਰਨ:- ਨਾਵਲ ਵਿਚ ਕਈ ਜਗ੍ਹਾ ਤੇ ਦ੍ਰਿਸ਼ ਚਿਤਰਨ ਵਿੱਚ ਕਮਾਲ ਕੀਤੀ ਹੋਈ ਹੈ। ਪਹਿਲੇ ਕਾਂਡ ਵਿਚ ਗੋਪਾਲ ਸਿੰਘ ਹੋਰਾਂ ਦੇ ਘਰ ਦੀ ਤਸਵੀਰ ਖਿੱਚਦਿਆਂ ਨਾਵਲਕਾਰ ਨੇ ਘਰ ਦਾ ਪੂਰਾ ਦ੍ਰਿਸ਼ ਸਾਡੇ ਸਾਹਮਣੇ ਉਜਾਗਰ ਕਰ ਦਿੱਤਾ।(ਸਫ਼ਾ 12) ਇਸੇ ਤਰ੍ਹਾਂ ਜਦੋਂ ਉਨ੍ਹਾਂ ਦੇ ਘਰ ਵਿਚ ਪਾਣੀ ਵਾਲ਼ੀ ਪਾਈਪ ਲੀਕ ਹੁੰਦੀ ਹੈ ਤਾਂ ਨੁਕਸਾਨ ਕਿਸ ਤਰ੍ਹਾਂ ਹੁੰਦਾ ਹੈ, ਦੱਸਣ ਲਈ ਵੀ ਵਿਸਤਾਰ ਵਿੱਚ ਲਿਖਿਆ ਗਿਆ ਹੈ, ਜਿਸ ਨਾਲ ਦ੍ਰਿਸ਼ ਸਾਡੀਆਂ ਅੱਖਾਂ ਅੱਗੇ ਸਾਕਾਰ ਹੋ ਜਾਂਦਾ ਹੈ।
ਸਥਾਨਕ ਰੰਗਣ:- ਹਰੇਕ ਖ਼ਿੱਤੇ ਦੇ ਲੋਕਾਂ ਦੀ ਰਹਿਣੀ-ਬਹਿਣੀ ਅਤੇ ਬੋਲਚਾਲ ਵੱਖਰੀ ਹੁੰਦੀ ਹੈ। ਇਸੇ ਲਈ ਸਥਾਨਕ ਰੰਗਣ ਨਾਵਲ ਵਿੱਚ ਮੁੱਖ ਸਥਾਨ ਹਾਸਲ ਕਰ ਲੈਂਦੀ ਹੈ। 'ਵਰੋਲ਼ੇ ਦੀ ਜੂਨ' ਨਾਵਲ ਦੇ ਪਾਤਰ ਪੰਜਾਬ ਦੇ ਦੁਆਬਾ ਖੇਤਰ ਨਾਲ ਸਬੰਧਿਤ ਹੋਣ ਕਰਕੇ ਉਨ੍ਹਾਂ ਦੀ ਬੋਲ-ਚਾਲ ਵਿੱਚ ਦੁਆਬੀ ਉਪਭਾਸ਼ਾ ਦਾ ਅਸਰ ਪ੍ਰਤੱਖ ਨਜ਼ਰ ਆਉਂਦਾ ਹੈ। ਅਖਾਣ ਤੇ ਮੁਹਾਵਰੇ ਵੀ ਕੁਝ ਕੁ ਉਸ ਖੇਤਰ ਨਾਲ ਹੀ ਸਬੰਧਿਤ ਹਨ। ਮਿਸਾਲ ਵਜੋਂ 'ਸੁਲ੍ਹਾ ਮਾਰਨੀ' ਵਾਕੰਸ਼ ਮਲਵਈ ਉਪਭਾਸ਼ਾ ਵਿੱਚ ਵੱਖਰੇ ਅਰਥਾਂ ਵਜੋਂ ਵਰਤਿਆ ਜਾਂਦਾ ਹੈ। ਇੱਕ ਹੋਰ ਵਾਕਅੰਸ਼ ਜੋ ਕਈ ਥਾਵਾਂ ਤੇ ਵਰਤਿਆ ਗਿਆ ਹੈ, (ਸਫ਼ਾ 111) 'ਚੁੱਕੇ ਹੋਏ ਪੁਲਸ ਦੇ' 'ਚੁੱਕੇ ਹੋਏ...' ਕਿਸੇ ਪਾਤਰ ਵੱਲੋਂ ਅੱਕ ਕੇ ਬੋਲਿਆ ਜਾਣ ਵਾਲਾ ਵਾਕੰਸ਼ ਮਲਵਈ ਵਿੱਚ ਵੱਖਰੇ ਸ਼ਬਦਾਂ ਨਾਲ ਬੋਲਿਆ ਜਾਂਦਾ ਹੈ। ਸੋ ਦੁਆਬੇ ਦਾ ਰੰਗ, ਨਾਵਲ ਨੂੰ ਆਂਚਲਿਕ ਰੰਗਣ ਪ੍ਰਦਾਨ ਕਰਦਾ ਹੈ। (ਡੂੰਘੀ ਨੀਕਰ-ਸਫ਼ਾ 30) ਦਾਰੂ ਖੁਣੋਂ ਕੀ ਕੜ੍ਹ ਪਾਟਾ ਆ (ਸਫ਼ਾ 41) ਧਿਙਾਣੇ ਰਹੂ (ਸਫ਼ਾ 42)। ਇਸ ਤੋਂ ਇਲਾਵਾ ਕੈਨੇਡੀਅਨ ਪਾਤਰਾਂ ਦੇ ਮੂੰਹੋਂ ਅੰਗਰੇਜ਼ੀ ਭਾਸ਼ਾ ਵਿੱਚ ਬੁਲਵਾਏ ਵਾਕ, ਕਹਾਣੀ ਦੀ ਲੋੜ ਅਨੁਸਾਰ ਢੁਕਵੇਂ ਅਤੇ ਸਹੀ ਲੱਗਦੇ ਹਨ।
ਬੋਲੀ-ਸ਼ੈਲੀ:- ਨਾਵਲ ਵਿਚ ਵਰਤੀ ਗਈ ਬੋਲੀ ਸਮੇਂ, ਸਥਾਨ ਅਤੇ ਪਾਤਰਾਂ ਮੁਤਾਬਕ ਢੁਕਵੀਂ ਹੈ। ਸ਼ੈਲੀ ਉਤਸੁਕਤਾ ਭਰਪੂਰ ਹੈ। ਲੋੜ ਅਨੁਸਾਰ ਦੁਆਬੀ ਉਪਭਾਸ਼ਾ ਦੀ ਵਰਤੋਂ ਕੀਤੀ ਗਈ ਹੈ। ਕੈਨੇਡਾ ਵਿੱਚ ਵੱਸਣ ਵਾਲੇ ਜਦੋਂ ਬੋਲਦੇ ਹਨ ਤਾਂ ਗੱਲਬਾਤ ਵਿਚ ਅੰਗਰੇਜ਼ੀ ਸ਼ਬਦਾਂ ਦੀ ਵਰਤੋਂ ਕਰਦੇ ਹਨ। ਵਾਕ ਬਣਤਰ ਚੁਸਤ ਹੈ। ਮੁਹਾਵਰੇ ਤੇ ਅਖਾਣਾਂ ਦੀ ਦਿਲ ਖੋਲ੍ਹ ਕੇ ਵਰਤੋਂ ਕੀਤੀ ਗਈ ਹੈ।
ਕੁਝ ਦਿਲਚਸਪ ਵਾਕ:- 'ਜੋ ਵੀ ਹੋਵੇ ਇਸ ਲੁੱਚ-ਘੜਿੱਚੀ ਹਰਕਤ ਨੇ ਉਸ ਦੀ ਨੀਂਦ ਖੋਹ ਲਈ (ਸਫ਼ਾ 14)' । ਇੰਝ ਉਨ੍ਹਾਂ ਦਾ ਮੁਆਸ਼ਕਾ ਸ਼ੁਰੂ ਹੋ ਗਿਆ(ਸਫ਼ਾ148)। ਦੀਪੇ ਦੇ ਸੱਚ ਨੇ ਉਨ੍ਹਾਂ ਦੇ ਝੂਠ ਨੂੰ ਘਚੱਲ ਸੁੱਟਿਆ ਸੀ(ਸਫ਼ਾ 16)। ਅਮਰਜੀਤ ਸਾਰੇ ਟੱਬਰ ਦਾ ਅੱਗਾ-ਤੱਗਾ ਕਰਦੀ, ਹਾਕਲ-ਬਾਕਲ ਹੋਈ ਰਹਿੰਦੀ (ਸਫ਼ਾ 9)। ਲਾਲੀ ਨੇ ਆਪਣੇ ਅੰਦਰਲਾ ਮਲਾਲ ਸ਼ਬਦਾਂ ਹਵਾਲੇ ਕੀਤਾ(ਸਫ਼ਾ 172)।
ਅਖਾਣ ਤੇ ਮੁਹਾਵਰੇ:-
-- ਸੱਚ ਦਾ ਸੂਰਜ ਬੱਦਲ਼ਾਂ ਥੱਲੇ ਜ਼ਿਆਦਾ ਦੇਰ ਨਹੀਂ ਲੁਕਦਾ
-- ਬੁੱਢੀ ਬਿੱਲੀ ਨੂੰ ਨੱਚਣਾ ਨਹੀਂ ਸਿਖਾਇਆ ਜਾ ਸਕਦਾ
-- ਜ਼ਨਾਨੀ ਦੇ ਇਰਾਦੇ ਤਾਂ ਰੱਬ ਵੀ ਨਾ ਜਾਣੇ
-- ਜੇ ਹੱਥ ਦੀ ਉਂਗਲ ਗਲ਼ ਜਾਵੇ ਤਾਂ ਕਚੀਚੀ ਵੱਟ ਕੇ ਉਹਨੂੰ ਵੱਢ ਹੀ ਦਿਓ
--ਟਟੂਆ ਖਾ ਗਿਆ ਬਟੂਆ, ਫਿਰ ਟਟੂਏ ਦਾ ਟਟੂਆ
ਨਾਵਲ ਦੇ ਸਾਰੇ ਪੱਖਾਂ ਨੂੰ ਦੇਖਿਆਂ ਸਮੁੱਚੇ ਰੂਪ ਵਿੱਚ 'ਵਰੋਲ਼ੇ ਦੀ ਜੂਨ' ਨਾਵਲ ਇੱਕ ਸਫਲ ਨਾਵਲ ਕਿਹਾ ਜਾ ਸਕਦਾ ਹੈ।
-
ਡਾ. ਕਮਲਜੀਤ ਕੌਰ, ਡਾਕਟਰ ਅਤੇ ਲੇਖਕ
Kambokamal@yahoo.com
**********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.