ਭੂਮਿਕਾ :-ਮਿਤੀ 5 ਮਈ 2023 ਨੂੰ ਨਿਰਦੇਸ਼ਕ ਸੁਦੀਪਤੋ ਸੇਨ ਅਤੇ ਨਿਰਮਾਤਾ ਵਿਪੁਲ ਅੰਮ੍ਰਿਤਲਾਲ ਸ਼ਾਹ ਦੀ ਫ਼ਿਲਮ ਦਾ ਕੇਰਲ ਸਟੋਰੀ ਦੇਖਣ ਨੂੰ ਮਿਲੀ , ਨਵੰਬਰ ਵਿਚ ਰਿਲੀਜ਼ ਹੋਏ ਇਸਦੇ ਟੀਜ਼ਰ ਤੋਂ ਹੀ ਸਪੱਸ਼ਟ ਸੀ ਕਿ ਇਹ ਭਾਰਤ ਦੇ ਦੱਖਣੀ ਰਾਜ ਕੇਰਲ ਦੀਆਂ ਉਨ੍ਹਾਂ ਔਰਤਾਂ ਦੀ ਕਹਾਣੀ ਸੀ ਜਿਸ ਵਿਚ ਉਹਨਾਂ ਨੂੰ ਜ਼ਬਰੀ ਇਸਲਾਮ ਧਰਮ ਪਰਿਵਰਤਨ ਕਰਵਾ ਕੇ ISIS ਸੰਗਠਨਾਂ ਨਾਲ਼ ਮਿਲ ਕੇ ਭਾਰਤ ਦੇ ਖਿਲ਼ਾਫ਼ ਜਾਂ ਹੋਰ ਦੇਸ਼ਾਂ ਦੇ ਖ਼ਿਲਾਫ਼ ਮਨੁੱਖੀ ਬੰਬ ਜਾਂ ਹੋਰ ਖ਼ਤਰਨਾਕ ਕੰਮਾਂ ਲਈ ਵਰਤਿਆ ਜਾਂਦਾ ਹੈ , ਨਿਰਮਾਤਾ ਅਤੇ ਨਿਰਦੇਸ਼ਕ ਨੇ ਇਸਨੂੰ ਸੱਚੀਆਂ ਕਹਾਣੀਆਂ ਤੇ ਆਧਾਰਿਤ ਦੱਸਿਆ ਹੈ ਅਤੇ ਕੇਰਲਾ ਰਾਜ ਵਿੱਚੋਂ 32000 ਕੁੜੀਆਂ ਦੇ ਗਾਇਬ ਹੋਣ ਨੂੰ ਫ਼ਿਲਮ ਦਾ ਥੀਮ ਬਣਾ ਕੇ ਪੇਸ਼ ਕੀਤਾ ਹੈ।
ਸਟੋਰੀ ਲਾਈਨ:- ਫ਼ਿਲਮ ਦੀ ਕਹਾਣੀ ਚਾਰ ਅੌਰਤਾਂ ਸ਼ਾਲਿਨੀ ਓਨੀ ਕ੍ਰਿਸ਼ਨਨ( ਅਦਾ ਸ਼ਰਮਾ), ਗੀਤਾਂਜਲੀ ( ਸਿੱਦਹੀ ਅਦਨਾਨੀ), ਨਿਮਾ ਮੈਥਿਊ (ਯੋਗਿਤਾ ਬਿਹਾਨੀ ) ਅਤੇ ਆਸਿਫ਼ਾ ਬਾ(ਸੋਨੀਆ ਬਲਾਨੀ) ਦੁਆਲੇ ਕੇੰਦਰਿਤ ਹੈ। ਇਹ ਸਭ ਨੈਸ਼ਨਲ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਹਨ ਜਿੱਥੇ ਆਸਿਫ਼ਾ ਇੱਕ ਪਲਾਂਟਡ ਅੌਰਤ ਵਜੋਂ ਇਹਨਾਂ ਲੜਕੀਆਂ ਨੂੰ ਧਾਰਮਿਕ ਰਸਮਾਂ-ਰਿਵਾਜ਼ਾਂ ਦਾ ਖੰਡਨ ਕਰਦਿਆਂ ਆਪਣੇ ਤਰੀਕੇ ਨਾਲ਼ ਹੌਲ਼ੀ-ਹੌਲ਼ੀ ਪਲੈਨ ਮੁਤਾਬਿਕ, ਆਪਣੇ ਕਜ਼ਨ ਬਣੇ ਮੁੰਡਿਆਂ ਰਮੀਜ਼, ਅਬਦੁਲ ਅਤੇ ਮੁਜੀਬ ਨਾਲ਼ ਇਹਨਾਂ ਦੇ ਸਰੀਰਕ ਸੰਬੰਧ ਬਣਵਾ ਕੇ, ਗਰਭਵਤੀ ਕਰਕੇ ਸਮਾਜਿਕ ਤੌਰ ਤੇ ਅਪਣਾਉਣ ਲਈ ਇਸਲਾਮ ਕਬੂਲ ਕਰਵਾ ਕੇ ਉਨ੍ਹਾਂ ਨੂੰ ਸੀਰੀਆ ਜਾਣ ਲਈ ਤਿਆਰ ਕਰਨ 'ਚ ਕਾਮਯਾਬ ਹੁੰਦੀ ਹੈ। ਬਾਅਦ ਵਿਚ ਇਹਨਾਂ ਤਿੰਨਾਂ ਲੜਕੀਆਂ ਨੂੰ ਸਮੇਂ ਦੀ ਮਾਰ ਵੱਖ-ਵੱਖ ਤਰੀਕਿਆਂ ਨਾਲ਼ ਪੈੰਦੀ ਹੈ ਜਿਸ ਕਾਰਨ ਕਿਸੇ ਨੂੰ ਖ਼ੁਦਕਸ਼ੀ ਕਰਨੀ ਪਈ, ਕਿਸੇ ਨੂੰ ਸਮੂਹਿਕ ਬਲਾਤਕਾਰ ਝੱਲਣੇ ਪਏ ਤੇ ਕਿਸੇ ਨੂੰ ਆਪਣਾ ਬੱਚਾ ਤੇ ਇੱਜ਼ਤ- ਆਬਰੂ ਗੁਆ ਕੇ ਅਫ਼ਗ਼ਾਨਿਸਤਾਨ ਦੀ ਜ਼ੇਲ ਦੇਖਣੀ ਪਈ। ਜਿਹਨਾਂ ਨੂੰ ਇਹ ਪਤਾ ਵੀ ਨਹੀਂ ਹੁੰਦਾ ਕਿ ਧਾਰਮਿਕ ਖ਼ਲੀਫ਼ਾ ਦੇ ਪ੍ਰਚਾਰ ਦੀ ਥਾਂ ਉਹ ਦੇਸ਼ ਧ੍ਰੋਹੀ ਬਣਨਗੀਆਂ। ਫ਼ਿਲਮ ਵਿਚ ਇਹ ਕਹਾਣੀ ਫ਼ਲੈਸ਼ ਬੈਕ ਰਾਹੀਂ ਦਿਖਾਈ ਗਈ ਹੈ ਜਿੱਥੇ ਸ਼ਾਲਿਨੀ (ਜੋ ਕਿ ਇਸਲਾਮ ਕਬੂਲ ਕਰਕੇ ਫ਼ਾਤਿਮਾ ਬਣਾ ਲਈ ਜਾਂਦੀ ਹੈ) ਆਪਣੀ ਅਤੇ ਆਪਣੀਆਂ ਸਹੇਲੀਆਂ ਨਾਲ਼ ਹੋਈ ਸਾਰੀ ਵਾਰਤਾਲਾਪ ਅਤੇ ਸੀਰੀਆ-ਤੁਰਕੀ ਬਾਰਡਰ ਤੋਂ ਵਾਪਿਸ ਮੁੜਕੇ ਨਰਸ ਤੋਂ ਅੱਤਵਾਦੀ ਦੀ ਕਹਾਣੀ ਸ਼ਾਮਿਲ ਹੈ।
ਲੋਕ ਨਜ਼ਰੀਆ:- ਟ੍ਰੇਲਰ ਰਿਲੀਜ਼ਿੰਗ ਤੋਂ ਲੈ ਕੇ ਫ਼ਿਲਮ ਰਿਲੀਜ਼ਿੰਗ ਤੱਕ ਪਬਲਿਕ ਦੋ ਧੜਿਆਂ ਵਿਚ ਵੰਡੀ ਨਜ਼ਰ ਆਉਂਦੀ ਰਹੀ। ਕਈ ਹਿੰਦੂ ਧਰਮ ਦੇ ਲੋਕ ਇਸ ਰਾਹੀਂ ਰੋਟੀਆਂ ਸੇਕ ਰਹੇ ਹਨ ਕਿ ਅਸੀਂ ਇਸ ਫ਼ਿਲਮ ਦੀਆਂ ਟਿਕਟਾਂ ਆਪ ਲੈ ਕੇ ਦੇਵਾਂਗੇ ਤਾਂ ਜੋ ਮੁਸਲਮਾਨਾਂ ਦੀ ਸੱਚਾਈ ਸਾਹਮਣੇ ਲਿਆਂਦੀ ਜਾ ਸਕੇ। ਕਈ ਵੱਡੀਆਂ ਰਾਜਨੀਤਿਕ ਪਾਰਟੀਆਂ ਇਸਨੂੰ ਸੰਪਰਦਾਇਕਤਾਵਾਦ ਫ਼ੈਲਾਉਣ ਨਾਲ਼ ਜੋੜ ਰਹੀਆਂ ਹਨ। ਕਈ ਇਸਨੂੰ ਆਰ.ਅੈਸ.ਅੈਸ. ਦਾ ਧੀਮਾ-ਧੀਮਾ ਹੋ ਰਿਹੈ ਪ੍ਰਚਾਰ ਦੱਸ ਰਹੇ ਹਨ ਅਤੇ ਕਈ ਬੀ.ਜੇ.ਪੀ. ਨੂੰ ਦੱਖਣੀ ਭਾਰਤ ਵਿੱਚੋਂ ਸੀਟ ਨਾ ਮਿਲਣ ਕਾਰਨ ਇਸ ਫ਼ਿਲਮ ਨੂੰ ਪ੍ਰੋਮੋਟ ਕਰਨ ਦੀਆਂ ਗੱਲਾਂ ਵੀ ਕਹਿ ਰਹੇ ਹਨ। ਇਸੇ ਤਰ੍ਹਾਂ ਕਈਆਂ ਨੇ ਇਸਨੂੰ ਫ਼ਿਲਮ ਕਸ਼ਮੀਰ ਫ਼ਾਇਲ ਨਾਲ਼ ਤੁਲਨਾ ਕੇ ਵੀ ਆਪੋ ਆਪਣੀ ਕਿਸਮ ਦਾ ਪ੍ਰੋਪੋਗੰਡਾ ਸ਼ੁਰੂ ਕੀਤਾ। ਸੋ, ਫ਼ਿਲਮ ਦੇਖਣ ਉਪਰੰਤ ਮੇਰੀ ਸਮਝ ਵਿਚ ਆਈ ਇਸਦੀ ਚਰਚਾ ਕੁਝ ਸਵਾਲਾਂ ਨਾਲ਼ ਇਸ ਪ੍ਰਕਾਰ ਪੇਸ਼ ਹੈ ।
ਸਵਾਲ:- ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿਚ ਨਾਮੀ ਸਿਨਮਾ ਮਾਲ ਵਿਚ ਇਸਦਾ ਪਹਿਲਾ ਸ਼ੋਅ ਦੇਖਣ ਵਾਲੇ ਮੇਰੇ ਸਮੇਤ ਪੰਜ ਕੁੜੀਆਂ ਅਤੇ ਦੋ ਮੁੰਡੇ ਸਨ। ਫ਼ਿਲਮ ਦੇ ਟ੍ਰੇਲਰ ਤੋਂ ਹੀ ਮੈਨੂੰ ਇਸ ਫ਼ਿਲਮ ਨੂੰ ਦੇਖਣ ਦੀ ਬੜੀ ਤਾਂਘ ਸੀ ਕਿਉਂਕਿ ਮੁੱਢ ਤੋਂ ਹੀ ਮੀਡੀਆ ਰਾਹੀਂ ਸਟੇਟ, ਸਰਕਾਰ ਜਾਂ ਸਰਕਾਰੀ ਨੁਮਾਇੰਦੇ ਜਦੋਂ ਕਿਸੇ ਕੰਟਰੋਵਰਸ਼ੀਅਲ ਮੁੱਦੇ ਦੀ ਗੱਲ ਕਰਦੇ ਨੇ ਤਾਂ ਸੱਚ ਉਸ ਕਹਾਣੀ ਦੇ ਅਕਸਰ ਉਲਟ ਹੁੰਦਾ।
ਇਸੇ ਬਾਬਤ ਪਹਿਲਾ ਸਵਾਲ ਸੀ ਕਿ ਇਸਲਾਮ ਜੋ ਕਿ ਸ਼ਬਦੀ ਅਰਥਾਂ ਤੋਂ ਹੀ ਸ਼ਾਂਤੀ ਦਾ ਧਰਮ ਹੈ, ਉਹ ਜ਼ਬਰਦਸਤੀ ਕਿਉਂ ਕਰੇਗਾ? ਦੂਸਰੀ ਗੱਲ 32000 ਲੜਕੀਆਂ ਗਾਇਬ ਹੋਣ ਤਾਂ ਬਹੁਤ ਵੱਡਾ
ਮਸਲਾ ਹੈ ਜਦੋਂ ਕਿ ਸਟੇਟ ਸਿਰਫ਼ ਸਿਰਫ਼ ਅਖ਼ਬਾਰੀ ਖ਼ਬਰਾਂ ਤੱਕ ਅਤੇ ਸੈਂਟਰ ਸਰਕਾਰ ਇਸ ਸੰਬੰਧੀ ਉੱਕਾ ਹੀ ਚੁੱਪ ਕਿਵੇਂ ਹੋ ਸਕਦੀ ਹੈ? ਕੀ ਉਨ੍ਹਾਂ ਦਾ ਰੋਲ ਭਾਰਤ ਦੀ ਸਭ ਤੋਂ ਵੱਧ ਪੜ੍ਹਨ-ਲਿਖਣ ਵਾਲੀ ਸਟੇਟ ਲਈ ਅਜਿਹਾ ਹੈ ਤਾਂ ਬਾਕੀ ਰਾਜ ਸ਼ਾਂਤੀ ਦੀ ਕੀ ਆਸ ਕਰਨਗੇ?
ਤੀਸਰਾ ਸਵਾਲ ਕਿ ਫ਼ਿਲਮ ਸਿਰਫ਼ ਮਨੋਰੰਜਨ ਹੀ ਨਹੀਂ ਇੱਕ ਜ਼ਿੰਮੇਵਾਰੀ ਵੀ ਹੁੰਦੀ ਹੈ। ਫ਼ਿਲਮ ਵਿਚ ਆਇਆ ਸ਼ਬਦ "ਬੇਸਡ ਓਨ ਟਰੂ ਸਟੋਰੀ" ਅਤੇ 32000 ਦੇ ਅੰਕੜਿਆਂ ਨੂੰ ਨਿਰਦੇਸ਼ਕ ਨੇ ਕਿੰਨਾ ਸਮਾਂ ਲਾ ਕੇ ਪੜ੍ਹਿਆ ਅਤੇ ਖੋਜਿਆ ਹੈ ਅਤੇ ਇਹਨਾਂ ਤੱਥਾਂ ਪਿੱਛੇ ਅਸਲ ਸੱਚ ਕੀ ਹੈ?
ਆਲੋਚਨਾਤਮਕ ਪੱਖ:- ਫ਼ਿਲਮ ਦਾ ਬਾਕੀ ਪੱਖ ਜਾਣਨ ਦੇ ਨਾਲ਼-ਨਾਲ਼ ਮੈਂ ਆਪਣੇ ਉਪਰੋਕਤ ਸਵਾਲਾਂ ਦੇ ਫ਼ਿਲਮ ਰਾਹੀਂ ਲੱਭੇ ਜਵਾਬਾਂ ਰਾਹੀਂ ਦੇਵਾਂਗੀ।
1. ਦਰਅਸਲ ਮੀਡੀਆ ਚਾਹੇ ਕਿਸੇ ਵੀ ਰੂਪ ਵਿਚ ਹੋਵੇ ਜਦੋਂ ਇਸਦੀ ਵਰਤੋਂ ਕਾਰਪੋਰੇਟ ਘਰਾਣੇ ਜਾਂ ਫ਼ਿਰ ਕਮਰਸ਼ੀਅਲਾਈਜੇਸ਼ਨ ਲਈ ਹੋਵੇਗੀ ਤਾਂ ਸੱਚ ਕਿਤੇ ਨੁੱਕਰੇ ਹੀ ਲੱਗਾ ਰਹੇਗਾ। ਭਾਰਤ ਇੱਕ ਲੋਕਤੰਤਰੀ ਦੇਸ਼ ਹੈ ਜਿਸਦੀ ਬਹੁਗਿਣਤੀ ਕਿਸੇ ਇੱਕ ਧਰਮ ਨਾਲ਼ ਜੁੜੀ ਹੋਈ ਹੋਣ ਕਾਰਨ ਅਸੀਂ ਸਾਰੇ ਸਿਰਫ਼ ਸਰਕਾਰੀ ਛੁੱਟੀਆਂ ਮਾਣਨ ਤੋਂ ਬਿਨ੍ਹਾਂ ਦੂਜੇ ਧਰਮਾਂ ਬਾਰੇ ਕੱਖ ਵੀ ਖੋਜਣ ਦਾ ਜਾਣਨ ਦਾ ਯਤਨ ਨਹੀਂ ਕਰਦੇ। ਲਿਹਾਜ਼ਾ ਮੀਡੀਆ ਰਾਹੀਂ ਵੀ ਝੱਟ ਦੇਣੇ ਨਾਮ ਵਰਤਣਾ ਤੇ ਕੱਟ-ਵੱਢ ਲਈ ਮਨਸੂਬ ਨਾਮ ਅਤੇ ਚਿਹਰਾ ਹਮੇਸ਼ਾ ਮੁਸਲਮਾਨਾਂ ਦਾ ਹੀ ਅੱਖਾਂ ਅੱਗੇ ਲਿਆਂਦਾ ਜਾਵੇਗਾ ਜਦਿਕ ਕੁਰਾਨ-ਏ-ਪਾਕ ਅਤੇ ਹਦੀਸ ਵਿਚ ਕਿਤੇ ਵੀ ਜ਼ਬਰਦਸਤੀ ਲਈ ਨਹੀਂ ਲਿਖਿਆ। ਸਗੋਂ ਇਹ ਬੇਹਦ ਸ਼ਾਂਤੀ ਪਸੰਦ ਧਰਮ ਹੈ ਜਿਸ ਕਾਰਨ ਮੁਹੱਬਤ ਦਾ ਫ਼ਲਸਫ਼ਾ ਇਸ ਧਰਮ ਨਾਲ਼ ਇੰਨੀ ਕੱਟੜਤਾ ਦੇ ਬਾਵਯੂਦ ਵੀ ਜੁੜਿਆ ਹੋਇਆ ਹੈ। ਵਰਨਾ ਏਨੀ ਕੱਟੜ ਕੌਮ ਦੇ ਮਗਰ ਲੱਗ ਕੇ ਕੁੜੀਆਂ ਮੁਹੱਬਤ ਕਰਨ ਕਿਉਂ ਲੱਗਣ?
2. ਦੂਜੀ ਗੱਲ ਇਹਨਾਂ ਲੋਕਾਂ ਦਾ ਆਪਣੀ ਇੱਕ ਸੱਭਿਅਤਾ ਹੈ ਜਿਸਦਾ ਆਪਣਾ ਇੱਕ ਡਿਸਪਲਿਨ ਹੈ ਅਤੇ ਉਸੇ ਨਾਲ਼ ਜੁੜ ਕੇ ਇਸਲਾਮਿਕ ਲੋਕ ਆਪਣੇ ਹੀ ਸਾਕੇਦਾਰੀਆਂ ਵਿਚ ਰਿਸ਼ਤੇ-ਵਿਆਹ ਗੰਢਦੇ ਹਨ। ਭਾਰਤ ਵਿਚ ਵਿੱਦਿਅਕ ਅਦਾਰਿਆਂ ਰਾਹੀਂ, ਸੋਸ਼ਲ ਮੀਡੀਆ ਰਾਹੀਂ ਜਾਂ ਧਾਰਮਿਕ ਸੁਤੰਤਰਤਾ ਕਾਰਨ ਹੋਰਾਂ ਧਰਮਾਂ ਦੀਆਂ ਕੁੜੀਆਂ ਆਪਸੀ ਮੇਲ-ਜੋਲ ਵਿਚ ਇਹਨਾਂ ਤੋਂ ਪ੍ਰਭਾਵਿਤ ਹੋ ਕੇ ਇਸਲਾਮੀ ਸੱਭਿਅਤਾ ਕਬੂਲਣ ਤਾਂ ਇਸ ਵਿਚ ਇਸਲਾਮ ਦੀ ਕੀ ਗ਼ਲਤੀ? ਕਿਉਂਕਿ ਉਹ ਤਾਂ ਆਪਣੇ ਦੀਨ ਤੇ ਕਾਇਮ ਹਨ , ਜਾ ਤਾਂ ਕੋਈ ਹੋਰ ਰਿਹੈ? ਹੁਣ ਜੇ ਬਾਲਗ ਹੋਣ ਨਾਤੇ ਮਾਪੇ ਉਨ੍ਹਾਂ ਨੂੰ ਰੋਕ ਨਹੀਂ ਸਕਦੇ ਤਾਂ ਪ੍ਰਸ਼ਾਸਨ ਕੀ ਕਰੇ?
3. ਤੀਸਰਾ ਨਿਰਦੇਸ਼ਕ ਨੇ ਫ਼ਿਲਮ ਵੇਚਣ ਲਈ ਜੋ ਅੰਕੜਾ 32000 ਕੁੁੜੀਆਂ ਦੇ ਕੇਰਲਾ ਵਿੱਚੋਂ ਗਾਇਬ ਹੋਣ ਦਾ ਦੱਸਿਆ ਹੈ ਉਹ ਤੱਥਾਂ ਤੇ ਅਧਾਰਿਤ ਨਾ ਹੋ ਕੇ ਮਹਿਜ਼ ਇੱਕ ਅਨੁਮਾਨ ਹੈ। ਜਿਸਦੇ ਪਿੱਛੇ ਸਾਬਕਾ ਮੁੱਖ ਮੰਤਰੀ ਓਮਨਚਾਂਡੀ ਦਾ 25 ਜੂਨ 2012 ਸੰਨ ਵਿਚ ਕੋਰਟ ਵਿਚ ਦਿੱਤਾ ਬਿਆਨ ਹੈ ਜਿਸ ਵਿੱਚ ਉਨ੍ਹਾਂ ਵੱਲੋਂ ਸਿਰਫ਼ 2666 ਕੁੜੀਆਂ ਦੇ ਛੇ ਸਾਲ ਵਿਚ ਧਰਮ ਪਰਿਵਰਤਨ ਦੀ ਗੱਲ ਕਹੀ ਗਈ ਸੀ ਤੇ ਉਨ੍ਹਾਂ ਇਹ ਵੀ ਕਿਹਾ ਸੀ ਕਿ ਜੇਕਰ ਇਹੀ ਹਾਲਾਤ ਰਹੇ ਤਾਂ ਆਉਂਦੇ ਦਸ ਸਾਲਾਂ ਨੂੰ ਕੇਰਲ ਇਸਲਾਮਿਕ ਸਟੇਟ ਬਣ ਜਾਵੇਗਾ। ਜਦੋਂਕਿ ਕੁੜੀਆਂ ਦੇ ISIS ਜੁਆਇੰਨਕਰਨ ਤੇ ਉਨ੍ਹਾਂ ਨੇ ਇੱਕ ਵੀ ਗੱਲ ਨਹੀਂ ਕਹੀ ਸੀ। ਹੁਣ ਜਦੋਂ ਨਿਰਦੇਸ਼ਕ ਕੋਲੋਂ ਇਸ ਗੱਲ ਬਾਰੇ ਇੰਟਰਵਿਊ ਵਿਚ ਪੁੱਛਿਆ ਜਾ ਰਿਹਾ ਹੈ ਤਾਂ ਉਹ ਕਿਸੇ ਠੋਸ ਜਵਾਬ ਤੋਂ ਮੁਨਕਰ ਹਨ।
4. ਚੌਥਾ ਤਰਕ ਸਭ ਤੋਂ ਅਹਿਮ ਹੈ ਕਿ ਆਖ਼ਿਰ ਸਾਨੂੰ ਸਮੱਸਿਆ ਕਿਸ ਗੱਲ ਤੋਂ ਹੈ? ਕੁੜੀਆਂ ਦੇ ਇਸਲਾਮ ਜੁਆਇਨ ਕਰਨ ਤੇ ਜਾਂ ISIS ਜੁਆਇੰਨ ਕਰਨ ਤੇ? ਕਿਉਂ ਜੋ ਫ਼ਿਲਮ ਹੋਵੇ ਜਾਂ ਨਿੱਤ ਰੋਜ਼ ਦੀਆਂ ਖ਼ਬਰਾਂ , ਜਦੋਂ ਅਸੀਂ ਅਖੰਡ ਭਾਰਤ ਦੀ ਗੱਲ ਕਰਦੇ ਹਾਂ ਤਾਂ ਸਾਡੇ ਵੱਲੋਂ ਕੋਈ ਧਰਮ, ਕੋਈ ਜਾਤੀ, ਕੋਈ ਕਬੀਲਾ, ਕੋਈ ਨਸਲ ਰਹੀ ਜਾਵੇ, ਸਾਨੂੰ ਫ਼ਰਕ ਨਹੀਂ ਪੈਣਾ ਚਾਹੀਦਾ। ਮੇਰੇ ਪਹਿਲਾਂ ਕਹੇ ਮੁਤਾਬਿਕ ਇਹ ਨਾਬਾਲਿਗਾਂ ਦਾ ਫ਼ੈਸਲਾ ਨਹੀਂ ਤੇ ਬਾਲਗ ਹੋਣ ਬਾਅਦ ਕਾਨੂੰਨੀ ਤੌਰ ਤੇ ਕਾਨੂੰਨ ਦੇ ਵੀ ਹੱਥ ਖੜ੍ਹੇ ਹੋ ਜਾਂਦੇ ਹਨ।
ਹਾਂ ਇਸ ਸਭ ਦੇ ਉਲਟ ਜੇਕਰ ਕੁੜੀਆਂ ISIS ਸੰਗਠਨਾਂ ਤੱਕ ਪਹੁੰਚਦੀਆਂ ਹਨ ਤਾਂ ਇਹ ਸੰਕਟ ਦਾ ਮੁੱਦਾ ਹੈ ਅਤੇ ਸਵਾਲ ਇਹ ਹੈ ਕਿ 2012 ਤੋਂ 2023 ਤੱਕ ਸਟੇਟ ਵੱਲੋਂ ਕਈ ਇਨਕੁਆਰੀਆਂ ਰਾਹੀਂ ਇਹਨਾਂ ਦੇ ਅੱਡੇ ਲੱਭਣ ਦੇ ਬਾਵਜੂਦ ਵੀ ਰੋਕਥਾਮ ਕਿਉਂ ਨਹੀਂ ਹੋਈ। ਧਿਆਨ ਯੋਗ ਹੈ ਕਿ ਫ਼ਿਲਮ ਦੀ ਲੀਡ ਨਾਇਕਾ ਦੱਸਦੀ ਹੈ ਕਿ ਨਕਲੀ ਪਾਸਪੋਰਟ ਬਣਾਉਣ ਤੋਂ ਲੈ ਕੇ ਬਾਰਡਰ ਟਪਾਉਣ ਤੱਕ ਦੀ ਜ਼ਿੰਮੇਵਾਰੀ ਕੇਰਲ ਦੇ ਵਿਚ ਹੀ ਲਈ ਜਾਂਦੀ ਹੈ। ਉਦੋਂ ਸਟੇਟ ਕੀ ਕਰ ਹੁੰਦੀ? ਇਸ ਤੋਂ ਵੀ ਦਿਲਚਸਪ ਗੱਲ ਫ਼ਿਲਮ ਦੇ ਅੰਤ ਵਿਚ ਇਹ ਦੱਸਿਆ ਗਿਆ ਕਿ ਫ਼ਿਲਮ ਦੀਆਂ ਨਾਇਕ ਬਣੀਆਂ ਕੁੜੀਆਂ ਨੂੰ ਟ੍ਰੈਪ ਕਰਨ ਵਾਲੇ ਹਾਲੇ ਵੀ ਕੇਰਲ ਦੇ ਸ਼ਹਿਰਾਂ ਵਿਚ ਜਿਵੇਂ ਤਿਵੇਂ ਪੀਜ਼ਾ ਬਰਗਰ ਅਤੇ ਗੱਡੀਆਂ ਵੇਚਦੇ ਘੁੰਮ ਰਹੇ ਹਨ ਅਤੇ ਹਾਲੇ ਵੀ ਦੇਸ਼ ਦੇ ਖਿਲਾਫ਼ ਉੰਝ ਹੀ ਕੰਮ ਕਰ ਰਹੇ ਹਨ।
5. ਪੰਜਵਾਂ ਤਰਕ ਫ਼ਿਲਮ ਵਿਚ ਕੋਈ ਵੀ ਮੁਸਲਮਾਨ ਕਰੈਕਟਰ ਚੰਗੇ ਕਿਰਦਾਰ ਵਿਚ ਨਹੀਂ ਦਿਖਾਇਆ ਗਿਆ। ਇਸ ਤਰ੍ਹਾਂ ਨਿਰਦੇਸ਼ਕ ਕੀ ਸਾਬਿਤ ਕਰਨਾ ਚਾਹੁੰਦਾ ਸੀ ਕਿ ਸਾਰੇ ਮੁਸਲਿਮ ਲੋਕ ਦੇਸ਼ ਵਿਰੋਧੀ ਹਨ।
ਅੈਸਥੈਟਿਕ ਪੱਖ:- ਫ਼ਿਲਮ ਨਿਰਮਾਣ ਦੇ ਸੁਹਜਾਤਮਕ ਪੱਖ ਤੋਂ ਇਹ ਚੰਗੀ ਕੋਸ਼ਿਸ਼ ਹੈ ਜਿਸ ਵਿਚ ਵਿਸ਼ੇ ਦੇ ਹਿਸਾਬ ਨਾਲ਼ ਫ਼ਿਲਮ ਡਾਕੂਮੈਂਟਰੀ ਨਾ ਹੋ ਕੇ ਦਰਸ਼ਕਾਂ ਦਾ ਧਿਆਨ ਬੰਨ੍ਹ ਕੇ ਰੱਖਦੀ ਅਤੇ ਸੌਖੀ ਸਮਝ ਪੈਂਦੀ ਹੈ। ਬਿਨ੍ਹਾਂ ਕਿਸੇ ਵੱਡੀ ਸਟਾਰ ਕਾਸਟ ਦੇ ਅਜਿਹੇ ਨਾਜ਼ੁਕ ਵਿਸ਼ੇ ਤੇ ਕੰਮ ਕਰਨਾ ਵੈਸੇ ਦਲੇਰੀ ਦਾ ਕੰਮ ਹੈ। ਫ਼ਿਲਮ ਦੀਆਂ ਲੋਕੇਸ਼ਨਾਂ ਦੇ ਲੱਦਾਖ ਅਤੇ ਸਟੂਡੀਓ ਸੈੱਟ ਫ਼ਿਲਮ ਵਿਚ ਕਿਤੇ-ਕਿਤੇ ਨਕਲੀ ਹੋਣ ਦਾ ਪ੍ਰਭਾਵ ਦੇ ਰਹੇ ਸਨ। ਖ਼ੇਤਰੀ ਭਾਸ਼ਾ ਮਲਿਆਲਮ ਦੀ ਵਰਤੋਂ ਵੀ ਗੀਤਾਂ ਅਤੇ ਸੰਵਾਦਾਂ ਵਿਚ ਇਸ ਤਰ੍ਹਾਂ ਫਿੱਟ ਸੀ ਜੋ ਕਿ ਓਪਰੀ ਨਹੀਂ ਲੱਗਦੀ। ਕਰੈਕਟਰਾਂ ਦੇ ਨਾਵਾਂ ਤੋਂ ਲੈ ਕੇ ਕਾਮਰੇਡਾਂ ਬਾਰੇ ਗੱਲ ਕਰਦਿਆਂ ਪਾਰਟੀ C.P.M. ਦਾ ਝੰਡਾ ਫ੍ਰੇਮ ਵਿਚ ਲੈਣਾ ਅਤੇ ਬੀਚ ਕੋਲ ਲਾਏ ਸੁੱਕੇ ਦਰੱਖਤ ਦੇ ਬਿੰਬ ਸਤਰਕ ਦਰਸ਼ਕ ਦਾ ਧਿਆਨ ਤਾਂ ਖਿੱਚਦੇ ਹੀ ਹਨ।
ਮੇਰਾ ਨਜ਼ਰੀਆ :- ਸਾਰੀਆਂ ਗੱਲਾਂ ਨੂੰ ਜੇ ਇੱਕ ਪਾਸੇ ਰੱਖ ਕੇ ਨਿਚੋੜ ਰੂਪ ਵਿਚ ਜੋ ਗੱਲ ਨਿੱਕਲਦੀ ਹੇੈ ਉਹ ਇਹੀ ਹੈ ਕਿ ਇਹ ਅੌਰਤਾਂ ਕਿਸੇ ਧਰਮ ਕਨਵਰਜ਼ਨ ਅਤੇ ਲਵ ਜਿਹਾਦ ਦੀ ਬਲੀ ਨਹੀਂ ਦਿੱਤੀਆਂ ਗਈਆਂ ਬਲਕਿ ਉਹ ਪਹਿਲੇ ਦਿਨੋਂ ਹੀ ਅੱਤਵਾਦ ਲਈ ਚੁਣੀਆਂ ਜਾਂਦੀਆਂ ਰਹੀਆਂ । ਫ਼ਿਲਮ ਵਿਚ ਵੀ ਇਹ ਕਿਤੇ ਅੱਤਵਾਦੀ ਨਾ ਹੋ ਕੇ ਦੇਹ ਵਪਾਰ ਦਾ ਧੰਦੇ ਵਿਚ ਗ੍ਰਸਤ ਜ਼ਿਆਦਾ ਨਜ਼ਰ ਆਈਆਂ ਜੋ ਕਿ ਸੀਰੀਆ, ਯਮਨ ਤੱਕ ਜਾਣ ਤੋਂ ਪਹਿਲਾਂ ਹੀ ਮਰਦਾਂ ਲਈ ਵਿਕਦੀਆਂ ਅਤੇ ਗੁਲਾਮਾਂ ਵਾਂਗੂੰ ਰੱਖੀਆਂ ਜਾਂਦੀਆਂ ਹਨ। ਇਸਦੇ ਉਲਟ ਜੇ ਭੱਜਣ ਦੀ ਕੋਸ਼ਿਸ਼ ਕਰਦੀਆਂ ਹਨ ਤਾਂ ਫੜੇ ਜਾਣ ਤੇ ਬਾਕੀ ਦੀ ਜ਼ਿੰਦਗੀ ਜ਼ੇਲਾਂ ਵਿੱਚ ਕੱਟਦੀਆਂ ਹਨ।
ਹੁਣ ਮਸਲਾ ਇਹ ਹੈ ਕਿ ਉਹ ਧਰਮ ਪਰਿਵਰਤਨ ਕਰਦੀਆਂ ਕਿਉਂ ਹਨ? ਇਸ ਸੰਬੰਧੀ ਪਹਿਲਾ ਤਰਕ ਤਾਂ ਫ਼ਿਲਮ ਵਿਚ ਕਰੈਕਟਰ ਭਾਗਿਆਸ਼ਾਲੀ ਨੇ ਹੀ ਸਪੱਸ਼ਟ ਕਰ ਦਿੱਤਾ ਕਿ ਪਿਆਰ ਹੈ ਕਿਤੇ ਵੀ ਹੋ ਸਕਦਾ ਘਰ ਦਿਆਂ ਨੇ ਆਪਣੀ ਮਰਜ਼ੀ ਨਾਲ਼ ਕਰਨਾ ਸੀ ਤੇ ਮੈਂ ਆਪਣੀ ਮਰਜ਼ੀ ਨਾਲ਼। ਸੋ, ਘਰ ਦੇ ਨਹੀਂ ਮੰਨੇ ਮੈਂ ਇਸਲਾਮ ਵਿਚ ਚਲੀ ਗਈ। ਇਸੇ ਤਰ੍ਹਾਂ ਦੂਸਰੀ ਲੜਕੀ ਗੀਤਾਂਜਲੀ ਜਿਸਦਾ ਬਾਪ ਕਾਮਰੇਡ ਹੁੰਦਾ ਉਹ ਉਸੇ ਨੂੰ ਹਿਪੋਕ੍ਰਿਟਕ ਦੱਸਦੀ ਹੋਈ ਤਰਕ ਦਿੰਦੀ ਹੈ ਕਿ ਪਿਤਾ ਜੀ ਤੁਸੀਂ ਸਾਨੂੰ ਵਿਦੇਸ਼ੀ ਆਈਡਿਓਲਿਜੀ ਥੋਪਦੇ ਰਹੇ ਜਦਕਿ ਸਾਡੀ ਸੰਸਕ੍ਰਿਤੀ ਨਾਲ਼ ਸਾਨੂੰ ਕਦੇ ਜੋੜਿਆ ਹੀ ਨਹੀਂ। ਇਸ ਲਈ ਮੈਨੂੰ ਪਤਾ ਹੀ ਨਹੀਂ ਸੀ ਕਿ ਕਿਸ ਦੀ ਪੂਜਾ ਕਰਨੀ ਹੈ ਅਤੇ ਕਿਸਦਾ ਸ਼ੁਕਰਾਨਾ। ਹਾਲਾਂਕਿ ਇਹ ਦ੍ਰਿਸ਼ ਆਪਣੇ ਆਪ ਵਿਚ ਕਈ ਲੋਕਾਂ ਦੇ ਚਪੇੜ ਹੈ ਪਰ ਕੌਣ ਸੁਣਦਾ ਤੇ ਕੌਣ ਸਮਝਦਾ, ਆਪਾਂ ਨੂੰ ਵੀ ਪਤਾ ਹੀ ਹੈ।
ਦੂਜਾ ਅਹਿਮ ਵਿਸ਼ਾ ਹੈ ਕਿ ਕੁੜੀਆਂ ਦੇ ਗਾਇਬ ਹੋਣ ਦੀ ਖ਼ਬਰ ਨੂੰ ਤਾਂ ਅਖ਼ਬਾਰਾਂ, ਇਨਕੁਆਇਰੀਆਂ ਅਤੇ ਫ਼ਿਲਮ ਰਾਹੀਂ ਹਾਈਲਾਈਟ ਕਰ ਲਿਆ ਗਿਆ ਪ੍ਰੰਤੂ ਕੇਰਲ ਰਾਜ ਦੇ ਜੋ ਮੁੰਡੇ ਧਰਮ ਪਰਿਵਰਤਨ ਕਰ ਰਹੇ ਹਨ ਕੀ ਉਨ੍ਹਾਂ ਦਾ ਵੇਰਵਾ ਦੇਣਾ ਨਹੀਂ ਬਣਦਾ ਸੀ ਜਾਂ ਉਨ੍ਹਾਂ ਤੇ ਫ਼ਿਲਮ ਦਾ ਪਾਰਟ ਟੂ ਆਵੇਗਾ?
ਮੇਰੀ ਤਾਂ ਇਹ ਫ਼ਿਲਮ ਦੇ ਹਵਾਲੇ ਨਾਲ਼ ਰਾਏ ਹੈ ਕਿ ਕੁੜੀਆਂ ਬੇਸ਼ਕ ਮਰਜ਼ੀ ਕਰਨ ਪਰ ਰਿਸ਼ਤਾ ਗੰਢਣ ਲੱਗੀਆਂ ਜੇਕਰ ਪੁਣ-ਛਾਣ ਵੀ ਕਰਨ ਤਾਂ ਉਨ੍ਹਾਂ ਦੇ ਬਹੁਤ ਸਾਰੇ ਮਸਲੇ ਖੁਦ ਹੀ ਹੱਲ ਕਰ ਸਕਣ ਗੀਆਂ।
ਇਸਦੇ ਨਾਲ਼ ਹੀ ਇਹ ਸਿਰਫ਼ ਅੌਰਤਾਂ ਨਾਲ਼ ਅਮਾਨਵੀ ਵਿਹਾਰ ਦੀ ਕਹਾਣੀ ਹੀ ਨਹੀਂ ਤਸਕਰੀ ਰਾਹੀਂ ਆਉਂਦੀਆਂ ਕੈਪਟਾਗਮ ਤੇ ਅੈਪਿਟਿਮਨ ਦੀਆਂ ਗੋਲੀਆਂ ਵੱਲ ਇਸ਼ਾਰਾ ਵੀ ਹੈ ਜੋ ਮਾਇਂਡ ਵਾਸ਼ ਲਈ ਵਰਤੀਆਂ ਜਾਂਦੀਆਂ ਹਨ ਅਤੇ ਫ਼ਿਲਮੀ ਨਾਇਕਾਵਾਂ ਇਸਦੀ ਵਰਤੋਂ ਅਤੇ ਬੁਰੇ ਵਿਹਾਰ ਦਾ ਹਵਾਲਾ ਵੀ ਦਿੰਦੀ ਹੈ। ਸੋ, ਸਟੇਟ ਦੀ ਜ਼ਿੰਮੇਵਾਰੀ ਤੇ ਇਹ ਵੀ ਵੱਡਾ ਸਵਾਲੀਆ ਨਿਸ਼ਾਨ ਹੈ।
ਪੰਜਵਾਂ ਮੁੱਦਾ ਜੋ ਕਿ ਬਹੁਤ ਵੱਡੇ ਪੱਧਰ ਤੇ ਅੱਖੋ ਪਰੋਖੇ ਹੈ ਕਿ ਇਸਲਾਮ ਬਾਰੇ ਫ਼ਿਲਮ ਬਣਾਉਣ ਤੋਂ ਪਹਿਲਾਂ ਨਿਰਦੇਸ਼ਕ ਨੂੰ ਇਸਦੀ ਸਟੀਕ ਜਾਣਕਾਰੀ ਵੀ ਲੈਣੀ ਚਾਹੀਦੀ ਹੈ ਕਿ ਇਸਲਾਮ ਦੇ ਪੈਰੋਕਾਰਾਂ ਦੇ ਵੀ ਆਪੂੰ ਬਣੇ ਧੜੇ ਹਨ । ਹਾਲਾਂਕਿ ਕੁਰਾਨ ਵਿੱਚ ਇਹਨਾਂ ਦਾ ਕੋਈ ਜ਼ਿਕਰ ਨਹੀਂ ਪਰ ਕੁਰਾਨ ਦੀ ਆੜ ਹੇਠ ਆਪਣੀਆਂ ਚਲਾਉਣ ਵਾਲੇ ਵੀ ਇਸੇ ਸਮਾਜ ਦਾ ਹਿੱਸਾ ਨੇ। ਇਸ ਲਈ ਫ਼ਿਲਮ ਜ਼ਰੀਏ ਧਰਮ ਤਾਂ ਇਸਲਾਮ ਹੀ ਕਟਹਿਰੇ ਵਿਚ ਆਇਆ। ਜਦਕਿ ਗ਼ੈਰ ਮੁਸਲਿਮ ਲੋਕਾਂ ਨੂੰ ਕਾਫ਼ਰ ਦੱਸ ਕੇ ਉਨ੍ਹਾਂ ਉੱਪਰ ਥੁੱਕਣਾ, ਪੱਥਰ ਮਾਰਨੇ , ਲਿਪਸਿਟਕ ਲਗਾ ਲੈਣ ਬਦਲੇ ਬਾਂਹ ਵੱਢ ਦੇਣਾ ਅਤੇ ਅੌਰਤਾਂ ਦਾ ਫ਼ੋਨ ਰੱਖਣ ਬਦਲੇ ਗੋਲੀ ਮਾਰ ਦੇਣਾ ਇਹ ਸਭ ਇਸਲਾਮ ਨਹੀਂ ਸਿਖਾਉਂਦਾ। ਫ਼ਿਲਮ ਵਿਚ ਅਜਿਹਾ ਦ੍ਰਿਸ਼ ਹੈ ਜੋ ਕਿ ਨਿਰਦੇਸ਼ਕ ਦੀ ਖੋਜ ਤੇ ਸਵਾਲ ਹੈ ਅਤੇ ਇਸਦਾ ਜ਼ਿਕਰ ਮੇਰੇ ਲੇਖ ਦਾ ਹਿੱਸਾ ਬਣਿਆ ਜਦੋਂ ਗੀਤਾਂਜਲੀ ਇਸਲਾਮ ਕਬੂਲ ਕਰ ਕੇ ਅਨੀਸ਼ਾ ਬਣਦੀ ਹੈ ਤੇ ਉਸਦੇ ਕਾਮਰੇਡ ਬਾਪ ਨੂੰ ਦਿਲ ਦਾ ਦੌਰਾ ਪੈਂਦੇ ਤੇ ਉਹ ਆਪਣੇ ਬਾਪ ਨੂੰ ਮਿਲਣ ਗਈ ਉਸਨੂੰ ਕਾਫ਼ਿਰ ਕਹਿ ਕੇ ਆਪਣੀ ਮਾਂ ਸਾਹਮਣੇ ਹਸਪਤਾਲ ਵਿਚ ਬਾਪ ਦੇ ਸਿਰ ਤੇ ਥੁੱਕਦੀ ਹੈ। ਨਿਰਦੇਸ਼ਕ ਵੱਲੋਂ ਫ਼ਿਲਮ ਵਿਚ ਕਈ ਥਾਂਵਾਂ ਨਿਆਂ ਨਹੀਂ ਕੀਤਾ ਗਿਆ ਪਰ ਬਿਨ੍ਹਾਂ ਪੜ੍ਹਨ ਦੇ ਫ਼ਿਲਮ ਨਿਰਮਾਣ ਕਰਕੇ ਪੂਰੀ ਦੁਨੀਆਂ ਦਾ ਵੀ ਮਾਈਂਡ ਵਾਸ਼ ਕਰਨਾ ਜ਼ੁਰਮ ਹੈ।
ਸਿੱਟਾ:- ਅੰਤ ਵਿੱਚ ਬੇਸ਼ੱਕ ਕਿਸੇ ਨੇ ਫ਼ਿਲਮ ਰਾਹੀਂ ਕਮਰਸ਼ੀਅਲ ਹੋਣ ਦੀ ਕੋਸ਼ਿਸ਼ ਕੀਤੀ ਹੋਵੇ ਜਾਂ ਕੋਈ ਰਾਜਨੀਤਿਕ ਰੋਟੀ ਸੇਕੀ ਹੋਵੇ ਪਰ ਮਸਲਾ ਤਾਂ ਹੈ ਅਤੇ ਉਹ ਵੀ ਅਤਿ ਗੰਭੀਰ।ਮੇਰੀ ਨਿਰੋਲ ਹਮਦਰਦੀ ਉਨ੍ਹਾਂ ਅੌਰਤਾਂ ਨਾਲ਼ ਹੈ ਜੋ ਜਾਲ਼ ਵਿਚ ਫਸਾਈਆਂ ਜਾ ਰਹੀਆਂ ਹਨ। ਅਜਿਹਾ ਵਰਤਾਰਾ ਹਿਊਮਨ ਰਾਈਟਸ ਕਮਿਸ਼ਨ, ਅੌਰਤਾਂ ਦੀ ਸੁਰੱਖਿਆ ਅਤੇ ਦੇਸ਼ ਦੀ ਅਖੰਡਤਾ ਉੱਪਰ ਧੱਬਾ ਹੈ। ਉਮੀਦ ਹੈ ਕਿ ਕਿਸੇ ਤਰ੍ਹਾਂ ਉਹਨਾਂ ਬੇਗੁਨਾਹਾਂ ਨੂੰ ਇਨਸਾਫ਼ ਮਿਲੇ ਜੋ ਦੋਜ਼ਖ ਦੀ ਅੱਗ ਤੋਂ ਬਚਦੀਆਂ ਧਰਮ ਪਰਿਵਰਤਨ ਕਰਵਾ ਕੇ ਜਿਉਂਦੇ ਜੀਅ ਜ਼ੇਲ ਵਿਚ ਨਰਕ ਭੋਗਦੀਆਂ ਫ਼ਿਲਮ ਦੀ ਹੁੱਕ ਲਾਈਨ ਨੂੰ ਸੱਚ ਸਾਬਿਤ ਕਰ ਰਹੀਆਂ ਨੇ ਕਿ "ਨਾ ਜ਼ਮੀਂ ਮਿਲੀ .....ਨਾ ਫ਼ਲਕ ਮਿਲਾ"
-
ਡਾ. ਖ਼ੁਸ਼ਮਿੰਦਰ ਕੌਰ , ਮੁੱਖ ਅਧਿਆਪਕ
khushminderludhiana@gmail.com
9878889217
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.