ਕੈਪਟਨ ਦੀ ਦੂਜੀ ਸਰਕਾਰ ਸਮੇਂ ਮੇਰਾ ਪੁਰਾਣਾ ਮਿੱਤਰ ਵਰੁਣ ਰੂਜ਼ਮ IAS. ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦਾ ਐਮ ਡੀ ਲੱਗਿਆ ਹੋਇਆ ਸੀ। ਇਕ ਦਿਨ ਉਸਦਾ ਫੋਨ ਆਇਆ ਤੇ ਬੋਲਿਆ ਕਿ ਜਦੋਂ ਮੈਂ ਡਿਪਟੀ ਕਮਿਸ਼ਨਰ ਮੁਕਤਸਰ ਸਾਹਿਬ ਲੱਗਾ ਸੀ, ਤਾਂ ਇਕ ਦਿਨ ਮੈਂ ਤੇਰੇ ਪਿੰਡ ਆਇਆ ਸੀ ਤੇ ਤੂੰ ਆਪਣੇ ਸਕੂਲ ਦੇ ਨਾਲ ਖਸਤਾ ਹਾਲਤ ਵਿਚ ਖਲੋਤੀ ਡਿਸਪੈਂਸਰੀ ਵਿਖਾਈ ਸੀ, ਮੈਨੂੰ ਲਗਦਾ ਹਾਲੇ ਵੀ ਉਸਦੀ ਹਾਲਤ ਖਸਤਾ ਹੀ ਹੋਵੇਗੀ।
ਉਹਦੀ ਗੱਲ ਸੁਣ ਕੇ ਮੈਂ ਹੈਰਾਨ ਵੀ ਹੋਇਆ ਕਿ ਇਸਨੂੰ ਤਾਂ ਹਾਲੇ ਤੀਕ ਵੀ ਯਾਦ ਹੈ? ਕਮਾਲ ਹੈ। ਉਹ ਤਾਂ ਮੁਕਤਸਰੋਂ ਬਦਲਕੇ ਵੀ ਕਦੋਂ ਦਾ ਗਿਆ ਹੈ ਤੇ ਉਸਤੋਂ ਬਾਅਦ ਕਈ ਅਹੁਦਿਆਂ ਉਤੇ ਰਹਿ ਲਿਆ ਹੈ। ਮੈਂ ਦੱਸਿਆ ਕਿ ਹੁਣ ਤਾਂ ਡਿੱਗਣ ਵਾਲੀ ਹੈ ਓਹ ਡਿਸਪੈਂਸਰੀ ਬਾਈ।
ਵਰੁਣ ਰੂਜਮ ਨੇ ਕਿਹਾ ਕਿ ਇਕ ਕੰਮ ਕਰ, ਡਿਸਪੈਂਸਰੀ ਦੀਆਂ ਫੋਟੋਆਂ ਖਿੱਚ ਕੇ ਘੱਲ ਮੈਨੂੰ। ਮੈਂ ਘਰ ਹੀ ਸਾਂ ਤੇ ਸਕੂਟਰੀ ਦੌੜਾ ਕੇ ਮਿੰਟ 'ਚ ਡਿਸਪੈਂਸਰੀ ਕੋਲ ਚਲਾ ਗਿਆ। ਨਾਲ ਹੀ ਪਸ਼ੂਆਂ ਵਾਲੇ ਹਸਪਤਾਲ ਦੀ ਬਿਲਡਿੰਗ ਹੈ, ਤੇ ਮੈਨੂੰ ਆਇਆ ਦੇਖ ਵੈਟਨਰੀ ਡਾਕਟਰ ਹਰਿੰਦਰ ਭੁੱਲਰ, (ਜੋ ਮੇਰਾ ਪਰਿਵਾਰਕ ਮੈਂਬਰ ਵਾਂਗ ਹੀ ਹੈ) ਵੀ ਆ ਗਿਆ। ਉਸਨੇ ਫੋਟੋਆਂ ਖਿੱਚੀਆਂ ਤੇ ਅਸੀਂ ਉਥੇ ਖੜਿਆਂ ਨੇ ਹੀ ਭੇਜ ਦਿੱਤੀਆਂ। ਰੂਜਮ ਜੀ ਦਾ ਫੋਟੋਆਂ ਵੇਖਕੇ ਫੋਨ ਆਇਆ ਕਿ ਪਿੰਡ ਦੇ ਸਰਪੰਚ ਤੋਂ ਐਪਲੀਕੇਸ਼ਨ ਲਿਖਵਾ ਕੇ ਵਟਸ ਐਪ ਕਰ ਹੁਣੇ ਮੈਨੂੰ। ਉਥੋਂ ਹੀ ਮੈਂ ਸਰਪੰਚ ਜਸਪਾਲ ਸਿੰਘ ਕੋਲ ਘਰ ਚਲਾ ਗਿਆ ਤੇ ਉਸਨੇ ਲੈਟਰ ਪੈਡ ਫੜਾਉਂਦਿਆਂ ਕਿਹਾ ਕਿ ਆਪੇ ਈ ਲਿਖ ਲੈ, ਜੋ ਲਿਖਣਾ ਹੈ ਪਰ ਛੋਟੇ ਵੀਰ, ਜੇ ਇਹ ਕੰਮ ਹੋ ਜਾਵੇ ਤਾਂ ਬਹੁਤ ਹੀ ਚੰਗਾ ਹੋਵੇ ਆਪਣੇ ਪਿੰਡ ਦੇ ਲੋਕਾਂ ਵਾਸਤੇ। ਖੈਰ! ਬੈਠੇ ਬੈਠੇ ਹੀ ਐਪਲੀਕੇਸ਼ਨ ਲਿਖਕੇ ਤੇ ਸਰਪੰਚ ਸਾਹਿਬ ਦੀ ਮੋਹਰ ਲਵਾਕੇ, ਦਸਖਤ ਕਰਵਾਕੇ ਰੂਜਮ ਸਾਹਬ ਨੂੰ ਵਟਸ ਐਪ ਕਰ ਦਿੱਤੀ।
ਅਗਲੇ ਦਿਨ ਰੂਜ਼ਮ ਜੀ ਦਾ ਫੋਨ ਆਇਆ ਕਿ ਕੇਂਦਰ ਸਰਕਾਰ ਦੀ ਯੋਜਨਾ ਅਨੁਸਾਰ ਪੂਰੇ ਪੰਜਾਬ ਦੇ 22 ਪਿੰਡਾਂ ਵਿਚ ਆਧੁਨਿਕ ਤਕਨੀਕ ਨਾਲ ਡਿਸਪੈਂਸਰੀਆਂ ਤਿਆਰ ਹੋਣੀਆਂ ਨੇ ਤੇ ਆਪ ਦਾ ਪਿੰਡ ਉਨਾਂ 22 ਪਿੰਡਾਂ ਵਿਚ ਸ਼ਾਮਿਲ ਕਰ ਦਿੱਤਾ ਹੈ। ਮੈਂ ਖੁਸ਼ ਹੋਕੇ ਕਿਹਾ- ਜਿਊਂਦਾ ਰਹਿ ਬਈ ਯਾਰਾ। ਖੈਰ! ਰੂਜ਼ਮ ਜੀ ਦਾ ਧੰਨਵਾਦ ਕੀਤਾ। ਕੁਝ ਦਿਨਾਂ ਬਾਅਦ ਬਠਿੰਡੇ ਤੋਂ ਐਕਸੀਅਨ ਸੁਖਚੈਨ ਸਿੰਘ ਦਾ ਫੋਨ ਆਇਆ ਕਿ ਵਰੁਣ ਰੂਜਮ ਜੀ ਨੇ ਆਪ ਦਾ ਨੰਬਰ ਦਿੱਤਾ ਹੈ,ਤੇ ਆਪ ਦੇ ਪਿੰਡ ਦੀ ਡਿਸਪੈਂਸਰੀ ਬਣ ਜਾਏਗੀ।
ਗੱਲ ਆਈ ਗਈ ਹੋ ਗਈ। ਜਦ ਮੈਂ ਡਿਸਪੈਂਸਰੀ ਕੋਲ ਦੀ ਲੰਘਦਾ ਤੇ ਵੇਖਦਾ ਕਿ ਉਥੇ ਭੇਡਾਂ ਤੇ ਬੱਕਰੀਆਂ ਵਾੜ ਕੇ ਕਿੱਕਰਾਂ ਛਾਂਗ ਛਾਂਗ ਕੇ ਚਾਰ ਰਹੇ ਆਜੜੀ ਆਪਣਾ ਡੰਗ ਸਾਰ ਰਹੇ ਹਨ। ਮਨੋ ਮਨ ਸੋਚਦਾ ਕਿ ਪਤਾ ਨਹੀ ਰੂਜ਼ਮ ਸਾਹਬ ਨੇ ਕਿਹੜੀ ਕੇਂਦਰ ਸਰਕਾਰ ਦੀ ਯੋਜਨਾ ਵਿਚ ਮੇਰਾ ਪਿੰਡ ਪਾਇਆ ਹੈ? ਕੋਈ ਵਾਈ ਧਾਈ ਨਹੀ ਹੈ। ਕੁਝ ਨਹੀ ਹੋਇਆ ਹੈ। ਆਖਿਰ ਆਪਣੇ ਸੁਭਾਓ ਅਨੁਸਾਰ ਸਰਕਾਰੀ ਫਾਈਲ ਕੀੜੀ ਦੀ ਤੋਰ ਤੁਰਦੀ ਤੁਰਦੀ ਟਿਕਾਣੇ ਜਾ ਅੱਪੜੀ। ਪਿਛਲੇ ਹਫਤੇ ਤੋਂ ਡਿਸਪੈਂਸਰੀ ਬਣਾਉਣ ਦਾ ਕੰਮ ਚਾਲੂ ਹੋ ਗਿਆ ਹੋਇਆ ਹੈ। ਅੱਜ ਮੈਂ ਜੇ ਈ ਤੇ ਮਿਸਤਰੀਆਂ ਨੂੰ ਮਿਲਕੇ ਆਇਆ ਹਾਂ। ਜੇ ਈ ਸਾਹਬ ਖੁਸ਼ ਹੋਕੇ ਕਹਿੰਦੇ ਕਿ ਆਪ ਦੀ ਹਿੰਮਤ ਰੰਗ ਲਿਆਈ ਹੈ। ਮੈਂ ਕਿਹਾ ਕਿ ਇਹ ਮੇਰੀ ਹਿੰਮਤ ਨਹੀਂ, ਏਹ ਵਰੁਣ ਰੂਜਮ ਦੀ ਖਾਸੀਅਤ ਤੇ ਨੇਕੀ ਹੈ ਕਿ ਉਹਨੇ ਏਨਾ ਚਿਰ ਕਿਵੇਂ ਯਾਦ ਰੱਖਿਆ ਡਿਸਪੈਂਸਰੀ ਨੂੰ ਤੇ ਮੇਰਾ ਪਿੰਡ 22 ਪਿੰਡਾਂ ਵਿਚ ਚੁਣਿਆ। ਇਹੋ ਜਿਹਾ ਸੋਚਣ ਕਰਨ ਵਾਲੇ ਅਫਸਰ ਜੇ ਸਾਰੇ ਪੰਜਾਬ ਵਿੱਚ ਹੋ ਜਾਣ, ਤਾਂ ਲਹਿਰਾਂ ਬਹਿਰਾਂ ਲੱਗ ਜਾਣ। ਧੰਨਵਾਦ ਵੀਰ ਵਰੁਣ ਰੂਜ਼ਮ ਜੀ।
-
ਨਿੰਦਰ ਘੁਗਿਆਣਵੀ, ਲੇਖਕ
ninder_ghugianvi@yahoo.com
94174 21700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.