ਪੰਜਾਬੀ ਖੋਜੀ ਸੁਭਾਅ ਦੇ ਮਾਲਕ ਹਨ, ਦੁਨੀਆ ਦੇ ਜਿਸ ਖਿੱਤੇ 'ਚ ਵੀ ਉਹਨਾ ਪੈਰ ਧਰਿਆ, ਨਵੇਂ ਦਿਸਹੱਦੇ ਸਿਰਜੇ। ਰੱਜਕੇ ਕਮਾਈ ਕੀਤੀ, ਬੀਤਿਆ ਯਾਦ ਕਰਕੇ, ਉਹਨਾ ਸੁਪਨਿਆਂ ਨੂੰ ਸਕਾਰ ਕੀਤਾ, ਜਿਹਨਾ ਤੋਂ ਊਣੇ ਉਹਨਾ ਆਪਣੀ ਜਨਮ ਭੂਮੀ ਨੂੰ ਚੰਗੇ ਭਵਿੱਖ ਲਈ ਜਾਂ ਮਜ਼ਬੂਰੀ ਬੱਸ ਛੱਡਿਆ ਸੀ।
ਮਿਲਦੇ ਰਿਕਾਰਡ ਅਨੁਸਾਰ 6 ਅਪ੍ਰੈਲ 1999 ਨੂੰ ਚਾਰ ਸਿੱਖਾਂ ਨੂੰ ਯੂ.ਐਸ.ਏ. ਦੀ ਸਰਕਾਰ ਨੇ ਕੈਲੇਫੋਰਨੀਆ 'ਚ ਵੜਨ ਦੀ ਆਗਿਆ ਦਿੱਤੀ ਸੀ। ਇਹ ਚਾਰੇ ਸਿੱਖ ਪੰਜਾਬ ਦੇ ਵਸ਼ਿੰਦੇ ਸਨ, ਜਿਹੜੇ ਆਪਣੀ ਮੰਦੀ ਆਰਥਿਕ ਸਥਿਤੀ ਦੇ ਚਲਦਿਆਂ ਘਰੋਂ ਨਿਕਲੇ ਸਨ।
ਅੱਜ ਹਜ਼ਾਰਾਂ ਦੀ ਗਿਣਤੀ 'ਚ ਪੰਜਾਬੀ ਖੁਸ਼ਹਾਲ ਧਰਤੀ ਕੈਲੇਫੋਰਨੀਆ ਦੇ ਪੱਕੇ ਵਸਨੀਕ ਹਨ। ਪੰਜਾਬੀਆਂ ਦੇ ਆਪਣੇ ਕਾਰੋਬਾਰ ਹਨ। ਚੰਗੀਆਂ ਨੌਕਰੀਆਂ ਹਨ। ਸਿਆਸੀ ਤੌਰ 'ਤੇ ਉਹ ਚੇਤੰਨ ਹਨ। ਆਪੋ-ਆਪਣੇ ਧਾਰਮਿਕ ਅਕੀਦਿਆਂ ਨੂੰ ਮਨ 'ਚ ਧਾਰਕੇ, ਸਮਾਜ ਸੁਧਾਰ ਦੇ ਕੰਮਾਂ 'ਚ ਲੀਨ ਕਰਕੇ ਇਹ ਪੰਜਾਬੀ ਜੀਊੜੇ, ਸਥਾਨਕ ਲੋਕਾਂ ਨਾਲ ਜੁੜਕੇ ਇਥੋਂ ਦੀਆਂ ਸਭਿਆਚਾਕਰ ਰਹੁ-ਰੀਤਾਂ ਦਾ ਧਿਆਨ ਰੱਖਦਿਆਂ, ਆਪਣੀ ਮਾਂ ਬੋਲੀ, ਆਪਣੇ ਧਰਮ, ਆਪਣੇ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਦਿਲੋਂ, ਮਨੋਂ ਸਮਰਪਿਤ ਹਨ। ਇਹਨਾ ਵਿੱਚੋਂ ਕੁਝ ਇੱਕ ਦੀ ਜਾਣ ਪਛਾਣ ਕਰਾਉਣ ਦੀ ਖੁਸ਼ੀ ਲੈ ਰਹੇ ਹਾਂ:-
ਪੰਜਾਬ ਨੂੰ ਪ੍ਰਣਾਇਆ- ਰਾਜ ਭਨੋਟ
ਸੱਤਰ ਵਰ੍ਹੇ ਪਾਰ ਕਰ ਚੁੱਕਿਆ ਰਾਜ ਭਨੋਟ ਪਿਛਿਓਂ ਦੁਆਬੇ ਦੇ ਦਿਲ ਕਸਬੇ ਔੜ ਦਾ ਵਸਨੀਕ ਹੈ। ਖੁਲ੍ਹੇ-ਡੁੱਲੇ, ਦਿਲ ਖਿੱਚਵੇਂ ਅੰਦਾਜ਼ 'ਚ ਸਭ ਨੂੰ ਪਿਆਰਨ ਵਾਲਾ ਸੱਚੇ ਮਨੋਂ "ਪੰਜਾਬੀ" ਰਾਜ ਭਨੋਟ ਆਪਣੇ ਧਰਮ, ਆਪਣੇ ਮਾਂ-ਬੋਲੀ ਅਤੇ ਸਭ ਤੋਂ ਵੱਧ ਆਪਣੇ ਪਿਆਰੇ ਪੰਜਾਬ ਨੂੰ ਪਿਆਰ ਕਰਨ ਵਾਲਾ ਭਨੋਟ ਜਨਮ ਭੂਮੀ ਤੋਂ 1981 'ਚ ਅਮਰੀਕਾ ਆਇਆ।
ਕਾਫ਼ੀ ਵਰ੍ਹੇ ਉਹ ਅਮਰੀਕਾ ਦੇ ਸਰਕਾਰੀ ਇਹੋ ਜਿਹੇ ਅਦਾਰਿਆਂ 'ਚ ਕੰਮ ਕਰਦਾ ਰਿਹਾ, ਜਿਹੜੇ ਹੋਰ ਸਰਕਾਰੀ ਮਹਿਕਮਿਆਂ, ਸੰਸਥਾਵਾਂ ਨੂੰ ਗਿਣਨਾ-ਮਿਣਨਾ ਅਤੇ ਫਿਰ ਪੈਸੇ ਦੀ ਸਹੀ ਵਰਤੋਂ ਕਰਨਾ ਸਿਖਾਉਂਦੇ ਹਨ। ਉਹ ਕਿੱਤੇ ਵਜੋਂ ਚਾਰਟਿਡ ਅਕਾਊਟੈਂਟ ਹੈ। ਅਮਰੀਕਾ ਆਕੇ ਉਹ ਨੌਕਰੀ ਕਰਦਿਆਂ ਨਾਲ-ਨਾਲ ਪੰਜਾਬੀ ਤੇ ਹੋਰ ਭਾਰਤੀ ਭਾਈਚਾਰਿਆਂ ਨਾਲ ਜੁੜਕੇ ਆਪਣੇ ਮਨ ਦੀ ਸ਼ਰਧਾ ਅਤੇ ਲੋਕਾਂ ਦੀ ਵੱਡੀ ਮੰਗ ਅਨੁਸਾਰ, ਉਸਨੇ ਉੱਤਰੀ, ਦੱਖਣੀ ਭਾਰਤੀਆਂ ਦੀ ਧਾਰਮਿਕ ਆਸਥਾ ਪੂਰੀ ਕਰਨ ਲਈ ਉਹ ਮੰਦਰ ਦੀ ਉਸਾਰੀ ਨਾਲ ਜੁੜਿਆ, ਇੱਕ ਸਾਂਝਾ ਟਰੱਸਟ ਬਣਾਇਆ, ਧੰਨ ਇਕੱਤਰ ਕਰਕੇ ਹਿੰਦੂ ਪਰੰਪਰਾਵਾਂ ਅਨੁਸਾਰ ਇਹੋ ਜਿਹਾ ਮੰਦਰ ਸੰਸਾਰ ਸਿਰਜਿਆ ਕਿ ਅਮਰੀਕਾ ਦੇ ਦੂਰ ਨੇੜੇ ਦੇ ਸ਼ਹਿਰਾਂ, ਕਸਬਿਆਂ ਦੇ ਲੋਕ ਸ਼ਰਧਾ ਨਾਲ ਇਸ ਪਵਿੱਤਰ ਮੰਦਰ ਦੇ ਦਰਸ਼ਨ ਕਰਨ ਆਉਂਦੇ ਹਨ। ਇਹ ਸੈਨਹੋਜੇ ਦਾ ਹਿੰਦੂ ਟੈਂਪਲ ਹੈ। ਰਾਜ ਭਨੋਟ ਕੈਲੇਫੋਰਨੀਆ ਦੇ ਸ਼ਹਿਰ ਸੈਨਹੋਜੇ ਦੇ ਇਸ ਹਿੰਦੂ ਟੈਂਪਲ ਦਾ ਫਾਊਂਡਰ ਮੈਂਬਰ ਹੈ। ਉਸਨੇ ਸੁੰਦਰ ਮੰਦਰ ਦੇ ਨਾਲ ਕਮਿਊਨਿਟੀ ਸੈਂਟਰ ਦੀ ਉਸਾਰੀ ਕਰਵਾਈ, ਜੋ ਇਸ ਖਿੱਤੇ ਦੇ ਸਭ ਤੋਂ ਵੱਡੇ ਕਮਿਊਨਿਟੀ ਸੈਂਟਰਾਂ 'ਚ ਸ਼ਾਮਲ ਹੈ, ਜਿਥੇ ਸਮੇਂ-ਸਮੇਂ ਭਾਰਤ ਤੋਂ ਸਿਆਸੀ ਲੋਕ, ਧਾਰਮਿਕ ਹਸਤੀਆਂ, ਫਿਲਮੀ ਹਸਤੀਆਂ ਅਤੇ ਗਾਇਕ ਆਉਂਦੇ ਰਹੇ। ਹਿੰਦੂ ਪਰੰਪਰਾਵਾਂ ਅਨੁਸਾਰ ਇਥੇ ਦੀਵਾਲੀ, ਹੋਲੀ ਅਤੇ ਸਭਿਆਚਾਰਕ ਪ੍ਰੋਗਰਾਮ ਤੀਆਂ ਆਦਿ ਦੇ ਪ੍ਰੋਗਰਾਮ ਹੁੰਦੇ ਹਨ। ਰਾਜ ਭਨੋਟ ਸਿਰਫ਼ ਹਿੰਦੂ ਭਾਈਚਾਰੇ ਨਾਲ ਹੀ ਨਹੀਂ, ਸਿੱਖ ਭਾਈਚਾਰੇ ਨਾਲ ਵੀ ਉਤਨਾ ਹੀ ਜੁੜਿਆ ਹੋਇਆ ਹੈ ਅਤੇ ਗੁਰੂ ਘਰ ਸੈਨਹੋਜੇ ਅਤੇ ਹੋਰ ਗੁਰੂ ਘਰਾਂ 'ਚ ਕੀਤੇ ਜਾਂਦੇ ਸਮਾਗਮਾਂ ਅਤੇ ਕਮਿਊਨਿਟੀ ਸਮਾਗਮਾਂ 'ਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਹੈ।
ਮਨੁੱਖ ਦੀ ਇਹ ਪ੍ਰਵਿਰਤੀ ਹੈ, ਖ਼ਾਸ ਤੌਰ 'ਤੇ ਚੇਤੰਨ ਮਨੁੱਖ ਦੀ ਕਿ ਉਹ ਪਰਿਵਾਰਿਕ ਜ਼ੁੰਮੇਵਾਰੀਆਂ ਨਿਭਾਉਣ ਦੇ ਨਾਲ-ਨਾਲ ਸਮਾਜਿਕ ਜ਼ੁੰਮੇਵਾਰੀਆਂ ਵੀ ਨਿਭਾਉਂਦਾ ਹੈ ਤਾਂ ਕਿ ਲੋੜਵੰਦਾਂ ਦੀ ਮਦਦ ਹੋ ਸਕੇ ਅਤੇ ਨਾਲ ਉਹ ਆਪਣੀ ਮਾਨਸਿਕ ਸੰਤੁਸ਼ਟੀ ਲਈ ਮਨੁੱਖਤਾ ਦੇ ਹਿੱਤ 'ਚ ਕੰਮ ਕਰ ਸਕਣ।
ਰਾਜ ਭਨੋਟ ਇੱਕ ਅਜਿਹੇ ਸਾਂਝੇ ਬਿੰਬ ਨੂੰ ਮਨ 'ਚ ਸਮੋਈ ਬੈਠਾ ਹੈ, ਜਿਹੜਾ ਵਿਸ਼ਵ ਵਿਆਪੀ ਅਮਨ-ਸ਼ਾਂਤੀ, ਭਾਈਚਾਰਕ ਸਾਂਝ ਧਾਰਮਿਕ ਸਹਿਹੋਂਦ ਲਈ ਪ੍ਰਯਤਨਸ਼ੀਲ ਹੈ। ਪੰਜਾਬ ਦੇ ਰਿਸ਼ੀਆਂ, ਮੁਨੀਆਂ, ਗੁਰੂਆਂ, ਪੀਰਾਂ, ਪਗੰਬਰਾਂ ਦੀ ਧਰਤੀ ਦਾ ਮਾਣ ਰਾਜ ਭਨੋਟ ਅਜਿਹਾ ਹਲਵਾਹਕ ਹੈ, ਜਿਸ ਦੇ ਮਨ 'ਚ ਮਨੁੱਖਤਾ ਲਈ ਤੜਪ ਹੈ, ਲੋੜਵੰਦਾਂ ਦੀ ਮਦਦ ਕਰਨ ਦੀ ਜਗਿਆਸਾ ਹੈ ਅਤੇ ਸਭ ਤੋਂ ਵੱਧ ਆਪਸੀ ਪ੍ਰੇਮ-ਪਿਆਰ ਵਧਾਉਣ ਦੀ ਲਲਕ ਹੈ।
ਰਾਜ ਭਨੋਟ ਆਪਣੀ ਪਤਨੀ ਅਤੇ ਆਪਣੇ ਬੱਚਿਆਂ ਸਮੇਤ ਕਾਰੋਬਾਰ ਕਰਦਿਆਂ ਸੈਨਹੋਜੇ ਵਿਖੇ ਨਿਵਾਸ ਕਰਦਾ ਹੈ ਅਤੇ ਪ੍ਰਵਾਸੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਭਾਰਤ ਦੀ ਸਰਕਾਰ ਨਾਲ ਲਗਾਤਾਰ ਰਾਬਤਾ ਰੱਖ ਰਿਹਾ ਹੈ। ਉਸਨੂੰ ਮਾਣ ਹੈ ਕਿ ਉਸਨੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸਿਲੀਕੋਨ ਵੈਲੀ ਸੈਨਹੋਜੇ ਦੌਰੇ ਸਮੇਂ, ਜਿਸ 'ਚ ਬੱਤੀ ਹਜ਼ਾਰ ਲੋਕਾਂ ਨੇ ਸ਼ਿਰਕਤ ਕੀਤੀ, ਮੁੱਖ ਪ੍ਰਬੰਧਕ ਦੇ ਤੌਰ 'ਤੇ ਕਾਰਜ ਕੀਤਾ।
ਰਾਜ ਭਨੋਟ ਇਹੋ ਜਿਹੀ ਸਖ਼ਸ਼ੀਅਤ ਹੈ, ਜਿਹੜਾ ਪੰਜਾਬੀ ਭਾਈਚਾਰੇ 'ਚ ਹੀ ਨਹੀਂ, ਦੱਖਣੀ ਭਾਰਤ ਦੇ ਲੋਕਾਂ 'ਚ ਇੱਕ ਪਰਵਾਨਿਆ ਨਾਂਅ ਹੈ। ਜਿਸਦੇ ਮਨ 'ਚ ਭਾਰਤੀ ਸਭਿਆਚਾਰ ਦੇ ਵੱਖ-ਵੱਖ ਰੰਗਾਂ ਨੂੰ ਇੱਕ-ਮਿੱਕ ਕਰਨ ਲਈ ਧੁਨ ਹੈ। ਇਸੇ ਸੁਪਨੇ ਨੂੰ ਸਾਕਾਰ ਕਰਨ ਲਈ ਉਹ ਸਦਾ ਤਤਪਰ ਹੈ। ਜ਼ਿੰਦਾ ਦਿਲ ਇਨਸਾਨ ਰਾਜ ਭਨੋਟ ਲੋਕਾਂ ਦੇ ਦਿਲਾਂ 'ਤੇ 'ਰਾਜ' ਕਰਦਾ, ਨਿੱਤ ਦਿਹਾੜੇ ਪਿਆਰ 'ਤੇ ਸਾਂਝ ਦੀਆਂ ਤੰਦਾਂ ਪਾਉਂਦਾ, ਉਹ ਮਾਣ ਨਾਲ ਆਖਦਾ ਹੈ, "ਮੈਂ ਪੰਜਾਬੀ ਹਾਂ, ਸ਼ੁੱਧ ਪੰਜਾਬੀ, ਪਰ ਮੈਨੂੰ ਆਪਣੇ ਦੇਸ਼ ਭਾਰਤ 'ਤੇ ਮਾਣ ਹੈ।"
ਇਹੋ ਜਿਹੀ ਸਖ਼ਸ਼ੀਅਤ ਉਤੇ ਆਖ਼ਿਰ ਕਿਹੜਾ ਪੰਜਾਬੀ ਮਾਣ ਨਹੀਂ ਕਰੇਗਾ, ਜੋ ਪੁਲ ਬਣਕੇ ਦੇਸੀ-ਵਿਦੇਸ਼ੀ ਲੋਕਾਂ ਨਾਲ ਕੰਮ ਕਰਕੇ ਆਪਣੇ ਭਾਈਚਾਰੇ ਦਾ ਮਾਣ ਵਧਾ ਰਿਹਾ ਹੈ।
ਪੰਜਾਬੀਆਂ ਦੀ ਨਵੀਂ ਪੀੜੀ ਦਾ ਗੌਰਵ- ਮਿੱਕੀ ਹੋਠੀ
ਭਾਰਤ ਪਿੱਠ ਭੂਮੀ ਵਾਲੇ ਮਿੱਕੀ ਹੋਠੀ ਨੂੰ ਕੈਲੇਫੋਰਨੀਆ ਦੇ ਸ਼ਹਿਰ ਲੋਡੋਈ ਦਾ ਸਰਬਸੰਮਤੀ ਨਾਲ ਪਹਿਲਾ ਸਿੱਖ ਮੇਅਰ ਬਨਣ ਦਾ ਮਾਣ ਹਾਸਲ ਹੋਇਆ ਹੈ। ਕਿਸੇ ਵੀ ਸ਼ਹਿਰ ਦਾ ਮੇਅਰ ਬਨਣਾ ਕਿਸੇ ਵੀ ਸਖ਼ਸ਼ੀਅਤ ਦੀ ਵੱਡੀ ਪ੍ਰਾਪਤੀ ਗਿਣੀ ਜਾਂਦੀ ਹੈ। ਮਿੱਕੀ ਹੋਠੀ "ਲੋਡੋਈ" ਸ਼ਹਿਰ ਦਾ 117 ਵਾਂ ਮੇਅਰ ਚੁਣਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਲੋਡੋਈ ਸ਼ਹਿਰ ਇੱਕ ਵਧੀਆ ਸ਼ਹਿਰ ਹੈ, ਜਿਥੇ ਪੜ੍ਹੇ-ਲਿਖੇ, ਮਿਹਨਤੀ ਅਤੇ ਚੰਗੇ ਸਭਿਆਚਾਰ ਵਾਲੇ ਲੋਕ ਵਸਦੇ ਹਨ ਅਤੇ ਇਹ ਕੈਲੇਫੋਰਨੀਆ 'ਚ ਇੱਕ ਸੁਰੱਖਿਅਤ ਸ਼ਹਿਰ ਹੈ।
ਹੋਠੀ ਨੇ 2008 'ਚ "ਟੋਕੇ ਹਾਈ ਸਕੂਲ" ਤੋਂ ਗਰੇਜੂਏਸ਼ਨ ਕੀਤੀ। ਪਹਿਲੀ ਵੇਰ ਉਹ 67,021 ਆਬਾਦੀ ਵਾਲੇ ਸ਼ਹਿਰ ਲੋਡੋਈ ਦਾ ਸਾਲ 2020 'ਚ ਮਿਊਂਸਪਲ ਕਮਿਸ਼ਨਰ ਚੁਣਿਆ ਗਿਆ। ਧਾਰਮਿਕ ਵਿਰਤੀ ਵਾਲੇ ਚੰਗੇ ਪੜ੍ਹੇ-ਲਿਖੇ ਹੋਠੀ ਵਲੋਂ ਆਪਣੇ ਪਰਿਵਾਰ ਅਤੇ ਸਿੱਖ ਭਾਈਚਾਰੇ ਦੀ ਪ੍ਰੇਰਨਾ ਸਦਕਾ ਆਰਮਸਰੌਂਗ ਰੋਡ, ਹੋਠੀ ਵਿਖੇ ਗੁਰੂ ਘਰ ਦੀ ਸਥਾਪਨਾ 'ਚ ਵੱਡੀ ਭੂਮਿਕਾ ਨਿਭਾਈ।
ਮਿੱਕੀ ਹੋਠੀ ਨੇ ਆਪਣੀ ਪੜ੍ਹਾਈ ਬੀ.ਏ. ਪੁਲੀਟੀਕਲ ਸਾਇੰਸ ਪੂਰੀ ਕਰਨ ਉਪਰੰਤ ਲੋਡੋਈ ਸ਼ਹਿਰ ਨੂੰ ਵਧੀਆ, ਰਹਿਣ ਯੋਗ, ਸੁਰੱਖਿਅਤ ਬਨਾਉਣ ਲਈ ਵਿਸ਼ੇਸ਼ ਰੁਚੀ ਲਈ। ਸ਼ਹਿਰ ਦੇ ਕਈ ਮਹੱਤਵਪੂਰਨ ਅਹੁਦਿਆਂ 'ਤੇ ਵਿਸ਼ੇਸ਼ ਭੂਮਿਕਾ ਨਿਭਾਈ।
ਹੋਠੀ ਦਾ ਪਰਿਵਾਰ ਪੰਜਾਬ ਤੋਂ ਹੈ। ਉਸਦੇ ਪਰਿਵਾਰਕ ਮੈਂਬਰ ਸਮੇਤ ਮਿੱਕੀ ਹੋਠੀ ਦੇ ਆਪਣੇ ਕਾਰੋਬਾਰ ਕਰਦੇ ਹਨ ਅਤੇ ਲੋਡੋਈ ਸ਼ਹਿਰ ਦੀ ਤਰੱਕੀ ਅਤੇ ਪਸਾਰੇ ਲਈ ਵਚਨਬੱਧ ਹਨ।
-
ਗੁਰਮੀਤ ਸਿੰਘ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.