ਹਜ਼ਰਤ ਮੁਹੰਮਦ (ਸ.) ਵੱਲੋਂ ਨੂੰ ਇਨਸਾਨੀਅਤ ਨੂੰ ਤਿਉਹਾਰ ਮਨਾਉਣ ਦੇ ਇਸਲਾਮ ਦੇ ਅਪਣੇ ਅਕੀਦੇ ਤੇ ਤਰੀਕੇ ਹਨ
ਵਿਸ਼ਵ ਭਰ ਵਿੱਚ ਹਰ ਕੌਮ ਵੱਲੋ ਅਪਣੇ ਮੁਲਕ ਵਿਚ ਆਪੋ ਅਪਣੀ ਸੱਭਿਅਤਾ ਅਨੁਸਾਰ ਤਿਉਹਾਰ ਮਨਾਉਣ ਦਾ ਰਿਵਾਜ ਪ੍ਰਚੱਲਿਤ ਹੈ। ਹਰ ਧਰਮ ਦੇ ਲੋਕ ਕਿਸ ਤਰ੍ਹਾਂ ਤਿਉਹਾਰ ਮਨਾਉਂਦੇ ਹਨ ਇਹ ਉਨ੍ਹਾਂ ਦੇ ਅਪਣੇ ਧਾਰਮਿਕ ਅਕੀਦਿਆਂ ਉੱਤੇ ਨਿਰਭਰ ਹੈ।ਤਿਉਹਾਰ ਮਨਾਉਣ ਦੇ ਇਸਲਾਮ ਦੇ ਅਪਣੇ ਅਕੀਦੇ ਤੇ ਤਰੀਕੇ ਹਨ ਜਿਹੜੇ ਹਜ਼ਰਤ ਮੁਹੰਮਦ (ਸ.) ਵੱਲੋਂ ਮੁਸਲਮਾਨ ਭਾਈਚਾਰੇ ਨੂੰ ਦਿੱਤੇ ਗਏ ਹਨ।ਇਸਲਾਮੀ ਇਤਿਹਾਸ ਵਿਚ ਲਿਖਿਆ ਮਿਲਦਾ ਹੈ ਕਿ ਜਿਸ ਸਮੇਂ ਹਜ਼ਰਤ ਮੁਹੰਮਦ (ਸ.) ਹਿਜਰਤ ਕਰਕੇ ਮੱਕੇ ਤੋਂ ਮਦੀਨੇ ਗਏ ਉਸ ਸਮੇਂ ਉੱਥੋਂ ਦੇ ਲੋਕਾਂ ਵਿਚ ਮਿਹਰਜਾਨ ਅਤੇ ਨੌਰੋਜ਼ ਦੇ ਦੋ ਤਿਉਹਾਰ ਮਨਾਉਣ ਦਾ ਰਿਵਾਜ ਪ੍ਰਚੱਲਤ ਸੀ।ਅਰਬ ਵਿੱਚ ਇਨ੍ਹਾਂ ਤਿਉਹਾਰਾਂ ਨੂੰ ਲੇ ਕੇ ਕਈ ਕਈ ਦਿਨ ਮੇਲੇ ਲੱਗਦੇ ਸਨ ਅਤੇ ਖੇਡ ਤਮਾਸੇ ਹੁੰਦੇ ਰਹਿੰਦੇ ਸਨ।ਹਿਜਰਤ ਕਰਕੇ ਮਦੀਨੇ ਜਾਣ ਤੋ ਬਾਦ ਜਦੋਂ ਹਜ਼ਰਤ ਮੁਹੰਮਦ (ਸ.) ਨੇ ਮਦੀਨੇ ਦੇ ਪੁਰਾਣੇ ਵਾਸੀਆ ਤੋਂ ਇਨ੍ਹਾਂ ਮੇਲਿਆਂ ਦੀ ਹਕੀਕਤ ਜਾਨਣੀ ਚਾਹੀ ਤਾਂ ਉਹ ਇਸ ਦੀ ਹਕੀਕਤ ਬਾਰੇ ਐਨਾ ਹੀ ਆਖ ਸਕੇ ਕਿ ਇਹ ਮੇਲੇ ਸਾਡੇ ਵੱਡੇ ਵਡੇਰੇਆਂ ਦੇ ਸਮੇਂ ਤੋਂ ਚਲਦੇ ਆ ਰਹੇ ਹਨ।ਹਜ਼ਰਤ ਮੁਹੰਮਦ (ਸ.) ਨੇ ਉਨ੍ਹਾਂ ਦਾ ਇਹ ਉੱਤਰ ਸੁੱਨਣ ਤੋਂ ਬਾਅਦ ਫ਼ਰਮਾਇਆ, ਅੱਲਾਹ ਤਆਲਾ ਵੱਲੋ ਮੁਸਲਮਾਨਾਂ ਲਈ ਖ਼ੁਸ਼ੀ ਮਨਾਉਣ ਦੇ ਦੋ ਦਿਨ ਮੁਕੱਰਰ ਕੀਤੇ ਹਨ।ਜਿਨ੍ਹਾਂ ਵਿਚ ਇਕ ਈਦ-ਉਲ-ਫ਼ਿਤਰ ਅਤੇ ਦੂਜਾ ਈਦ-ਉਲ- ਅਜ਼ਹਾ ਹੈ।ਈਦ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦੇ ਅਰਥ ਹਨ ਬਾਰ ਬਾਰ ਪਲਟ ਕੇ ਆਉਣਾ।ਈਦ ਦੇ ਅਰਥ ਖ਼ੁਸ਼ੀ ਦੇ ਵੀ ਲਏ ਜਾਂਦੇ ਹਨ। ਇਸ ਲਈ ਇਸ ਦਾ ਸਹੀ ਅਰਥ ਉਸ ਖੁਸ਼ੀ ਤੋ ਲੈ ਸਕਦੇ ਹਾਂ ਜੋ ਬਾਰ ਬਾਰ ਪਲਟ ਕੇ ਆਵੇ।ਇਸ ਦਿਨ ਸਾਰੇ ਮੁਸਲਮਾਨ ਆਦਮੀ, ਅੋਰਤਾਂ ਅਤੇ ਬੱਚੇ ਨਵੇਂ ਕੱਪੜੇ ਪਹਿਣਦੇ ਹਨ ਅਤੇ ਸਾਰੇ ਮੁਸਲਮਾਨ ਪਿੰਡ ਜਾਂ ਸ਼ਹਿਰ ਤੋਂ ਬਾਹਰ ਈਦ ਗਾਹ ਦੇ ਖੁੱਲੇ ਮੈਦਾਨ ਵਿਚ ਇਕੱਠੇ ਹੋ ਕੇ ਈਦ ਦੀ ਦੋ ਰਕਾਅਤ ਨਮਾਜ਼ ਅਦਾ ਕਰਦੇ ਹਨ।ਈਦ ਦੀ ਨਮਾਜ਼ ਅਤੇ ਦੂਸਰੀਆਂ ਨਮਾਜ਼ਾਂ ਵਿਚ ਫ਼ਰਕ ਇਹ ਹੈ ਕਿ ਦੂਜੀਆਂ ਨਮਾਜ਼ਾਂ ਪੜ੍ਹਨ ਤੋਂ ਪਹਿਲਾਂ ਅਜ਼ਾਨ ਦਿੱਤੀ ਜਾਂਦੀ ਹੈ ਅਤੇ ਇਹ ਮਸਜਿਦਾਂ ਵਿੱਚ ਪੜੀਆ ਜਾਦੀਆ ਹਨ ਜਦੋ ਕਿ ਈਦ ਦੀ ਨਮਾਜ ਈਦ ਗਾਹ ਦੇ ਖੱੁਲੇ ਮੈਦਾਨ ਵਿੱਚ ਅਦਾ ਕੀਤੀ ਜਾਦੀ ।
ਈਦ-ਉਲ-ਫ਼ਿਤਰ ਅਰਬੀ ਮਹੀਨੇ ਰਮਜ਼ਾਨ ਦੇ ਖ਼ਤਮ ਹੋਣ ਤੋਂ ਬਾਅਦ ਮਨਾਈ ਜਾਂਦੀ ਹੈ । ਪੂਰਾ ਮਹੀਨਾ ਇਸ ਰਮਜ਼ਾਨ ਦੇ ਮਹੀਨੇ ਮੁਸਲਮਾਨ ਮਰਦ ਅਤੇ ਅੋਰਤਾਂ ਰੋਜ਼ਾ ਰੱਖਦੇ ਹਨ ਜਿਹੜਾ ਸਵੇਰੇ ਚਾਰ ਵਜੇ ਤੋਂ ਪਹਿਲਾਂ ਸ਼ੁਰੂ ਕਰਦੇ ਹਨ ਅਤੇ ਸੂਰਜ ਛੁਪਣ ਤੱਕ ਭਾਵ ਸ਼ਾਮ ਦੇ ਸਾਢੇ ਸੱਤ ਵਜੇ ਤੱਕ ਕੁਝ ਵੀ ਖਾ ਪੀ ਨਹੀਂ ਸਕਦੇ।ਰੋਜਾ ਰੱਖਣ ਦਾ ਮਕਸਦ ਭੱੁਖੇ ਰੱਖਣਾ ਨਹੀ ਹੈ ਸਗੋ ਭੁੱਖੇ ਤੇ ਗਰੀਬਾਂ ਤੇ ਮੁਥਾਜਾਂ ਬਾਰੇ ਸੋਚਣ ਲਈ ਮਜਬੂਰ ਕਰਨਾ ਹੈ ਜੋ ਮਜਬੂਰੀ ਵਸ ਢਿੱਡ ਨਹੀ ਭਰ ਸਕਦੇ।
ਜੋ ਮੁਸਲਮਾਨ ਪੂਰੇ ਮਹੀਨੇ ਦੀ ਇਸ ਤਪੱਸਿਆ ਰਾਹੀ ਅਪਣੇ ਸਰੀਰਕ ਅੰਗਾਂ ਨੂੰ ਇਸਲਾਮ ਦੇ ਅਸੂਲਾਂ ਦੇ ਦਾਇਰੇ ਵਿਚ ਰੱਖਕੇ ਪੂਰਾ ਦਿਨ ਬਤੀਤ ਕਰਕੇ ਮਹੀਨੇ ਦੀ ਇਸ ਟ੍ਰੈਨਿੰਗ ਰਾਹੀ ਅਪਣੇ ਦਿਮਾਗ਼ , ਅੱਖਾਂ ,ਜੁਬਾਨ , ਹੱਥਾਂ ,ਪੈਰਾਂ ਅਤੇ ਕੰਨਾਂ ਨੂੰ ਅਨੁਸ਼ਾਸ਼ਨ ਚ ਰੱਖਨ ਦੀ ਕੋਸਿਸ਼ ਕਰਕੇ ਈਦ ਮਨਾਉਦਾ ਹੈ ਉਸ ਦੀ ਖੁਸ਼ੀ ਅਲੱਗ ਹੀ ਕਿਸਮ ਦੀ ਹੁੰਦੀ ਹੈ ।ਇਹ ਖੁਸੀਆ ਵਿੱਚ ਗਰੀਬ ਲੋਕ ਵੀ ਬਰਾਬਰ ਸਰੀਕ ਹੋ ਸਕਣ ਇਸ ਲਈ ਹਰ ਮੁਸਲਮਾਨ ਜੋ ਮਾਲਦਾਰ ਭਾਵ ਜਿਸ ਪਾਸ ਸਾਢੇ ਸੱਤ ਤੌਲੇ ਸੋਨਾ ਜਾਂ ਸਾਢੇ ਬਵੱਜਾ ਤੋਲੇ ਚਾਦੀ ਜਾ ਇੰਨਾਂ ਚੋ ਕਿਸੇ ਇੱਕ ਦੀ ਮਿਕਦਾਰ ਪੂਰੀ ਕਰਦਾ ਮਾਲ ਜਾਂ ਜਾਇਦਾਦ ਹੋਵੇ ਉਸ ਨੂੰ ਅਪਣੀ ਮਲਕੀਅਤੀ ਮਾਲ ਦੀ ਕੀਮਤ ਚੋ ਢਾਈ ਪ੍ਰਤੀਸ਼ਤ ਜ਼ਕਾਤ ਦੇਣਾ ਫਰਜ ਹੈ ਜਿਸ ਨੂੰ ਸਾਲ 'ਚ ਕਦੋ ਵੀ ਦਿੱਤਾ ਜਾ ਸਕਦਾ ਹੈ ਪਰ ਇਸ ਮੌਕੇ ਤੇ ਅਗਰ ਇਹ ਦਿੱਤੀ ਜਾਵੇ ਤਾਂ 70 ਗੁਣਾ ਵੱਧ ਨੇਕੀਆ ਮਿਲਦੀਆ ਹਨ । ਪਰ ਸਦਕਾ ਤੁਲ ਫਿਤਰ ਦਾ ਦਾਨ ( ਫਿਤਰਾਨਾ ) ਈਦ ਦੀ ਨਮਾਜ਼ ਤੋ ਪਹਿਲਾਂ ਪਹਿਲਾ ਦੇਣਾ ਹਰ ਮੁਸਲਮਾਨ ਲਈ ਜਰੂਰੀ ਹੈ ਜਿਸ ਅਨੁਸ਼ਾਰ ਰੋਜਿਆ ਦੋਰਾਨ ਹੋਈਆ ਕਮੀਆ ਦੀ ਪੂਰਤੀ ਲਈ ਘਰ ਦੇ ਹਰ ਮੈਬਰ ਲਈ ਦੋ ਕਿਲੋ ਦੇ ਲੱਗਭੱਗ ਅਨਾਜ ਜਾਂ ਇਸ ਦੀ ਕੀਮਤ ਗਰੀਬਾ ਮਸਕੀਨਾਂ ਮੁਥਾਜਾਂ ਨੂੰ ਦੇਣਾ ਵਾਜਿਬ ( ਜਰੂਰੀ ) ਹੈ ਬਲਕਿ ਇਥੋ ਤੱਕ ਕਿਹਾ ਗਿਆ ਹੈ ਕਿ ਮੇਰੀ ਈਦਗਾਹ ਵਿੱਚ ਉਹ ਈਦ ਲਈ ਹੀ ਨਾ ਆਵੇ ਜਿਸ ਨੇ ਫਿਤਰਾ (ਦਾਨ) ਨਹੀ ਦਿੱਤਾ ।ਇੱਕ ਵਾਰ ਹਜਰਤ ਮੁਹੰਮਦ ਸਹਿਬ ਈਦ ਦੀ ਨਮਾਜ਼ ਪੜ੍ਹਨ ਲਈ ਰਹੇ ਸਨ ਕਿ ਮਦੀਨੇ ਦੀਆ ਗਲੀਆ ਵਿੱਚ ਨਵੇ ਕੱਪੜੇ ਪਾਈ ਬੱਚੇ ਖੇਡ ਰਹੇ ਸੀ ਤੇ ਉਨਾਂ ਪਾਸ ਹੀ ਇੱਕ ਬੱਚਾ ਫਟੇ ਪੁਰਾਣੇ ਕੱਪੜਿਆ ਵਿੱਚ ਉਦਾਸ ਖੜਾ ਸੀ ਆਪ ਨੇ ਉਸ ਨੂੰ ਪੁਛਿਆ ਕਿ ਬੇਟਾ ਤੂੰ ਖੂਸ਼ੀ ਨਹੀ ਮਨਾ ਰਿਹਾ ਤਾਂ ਉਸ ਨੇ ਕਿਹਾ ਕਿ ਮੈ ਕਿਸ ਤਰਾਂ ਖੁਸ਼ੀ ਮਨਾਵਾਂ ਮੇਰੇ ਮਾਂ ਬਾਪ ਇਸ ਦੁਨੀਆ ਤੇ ਨਹੀ ਹਨ।ਆਪ ਇਸ ਨੂੰ ਅਪਣੇ ਨਾਲ ਘਰ ਲਿਆਏ ਤੇ ਇਸ ਨੂੰ ਨਹਿਲਾਇਆਂ ਤੇ ਨਵੇ ਕੱਪੜੇ ਪਹਿਨਾ ਕੇ ਖੁਸ਼ਬੂ ਲਗਾਈ ਤੇ ਕਿਹਾ ਕਿ ਅੱਜ ਤੋ ਆਪ ਦੀ ਪਤਨੀ ਆਇਸ਼ਾ ਰਜਿ. ਆਪਦੀ ਮਾਂ ਅਤੇ ਮੁਹੰਮਦ ਤੇਰਾ ਪਿਤਾ ਹੈ ।
ਹਜ਼ਰਤ ਮੁਹੰਮਦ (ਸ.) ਨੇ ਫ਼ਰਮਾਇਆ ਕਿ ਈਦ ਦੇ ਦਿਨ ਰੱਬ ਦੇ ਵਿਸ਼ੇਸ਼ ਫ਼ਰਿਸ਼ਤੇ ਸਵੇਰ ਤੋਂ ਹੀ ਆਬਾਦੀ ਦੀਆਂ ਗਲੀਆਂ ਦੇ ਸਿਿਰਆਂ ਤੇ ਖੜ੍ਹੇ ਹੋ ਜਾਂਦੇ ਹਨ ਅਤੇ ਲੋਕਾਂ ਨੂੰ ਆਖਦੇ ਹਨ, ਐ! ਮੁਹੰਮਦ (ਸ.) ਦੀ ਉੰਮਤ! ਅਪਣੇ ਉਸ ਪਰਵਰਦਿਗਾਰ ਦੀ ਤਰਫ਼ ਚਲੋ ਜਿਹੜਾ ਥੋੜੀ ਇਬਾਦਤ ਵੀ ਕਬੂਲ ਕਰ ਲੈਂਦਾ ਹੈ ਅਤੇ ਉਸ ਬਦਲੇ ਜ਼ਿਆਦਾ ਨੇਕੀਆ ਦਿੰਦਾ ਹੈ ਅਤੇ ਬੜੇ ਬੜੇ ਗੁਨਾਹਾਂ ਨੂੰ ਮੁਆਫ਼ ਕਰ ਦਿੰਦਾ ਹੈ।
ਹਜਰਤ ਮੁਹੰਮਦ ਸ਼ਹਿਬ ਫਰਮਾਉਦੇ ਹਨ ਕਿ ਈਦ ਰੱਬ ਵੱਲੋਂ ਰੋਜ਼ੇ ਰੱਖਣ ਵਾਲਿਆਂ ਲਈ ਦਿਤਾ ਇੱਕ ਵਿਸ਼ੇਸ਼ ਇਨਾਮ ਹੈ।ਈਦ ਦੇ ਦਿਨ ਅੱਲਾਹ ਅਪਣੇ ਬੰਦਿਆਂ ਦੇ ਬਾਰੇ ਫ਼ਰਿਸ਼ਤਿਆਂ ਨੂੰ ਇਰਸ਼ਾਦ ਫ਼ਰਮਾਉਂਦੇ ਹਨ, ਐ ਫ਼ਰਿਸ਼ਤਿਉ! ਉਸ ਮਜ਼ਦੂਰ ਦੀ ਮਜ਼ਦੂਰੀ ਕੀ ਹੋਣੀ ਚਾਹੀਦੀ ਹੈ ਜਿਹੜਾ ਅਪਣਾ ਕੰਮ (ਰਮਜ਼ਾਨ ਦੇ ਰੋਜ਼ੇ) ਪੂਰਾ ਕਰ ਲੈਂਦਾ ਹੈ? ਫ਼ਰਿਸ਼ਤੇ ਜਵਾਬ ਦਿੰਦੇ ਹਨ, ਉਸ ਦਾ ਬਦਲਾ ਇਹ ਹੈ ਕਿ ਉਸ ਨੂੰ ਪੂਰੀ ਪੂਰੀ ਮਜ਼ਦੂਰੀ ਦਿੱਤੀ ਜਾਵੇ।ਤਦ ਅੱਲਾਹ ਤਆਲਾ ਫ਼ਰਮਾਉਂਦੇ ਹਨ, ਐ ਮੇਰੇ ਫ਼ਰਿਸ਼ਤਿਉ! ਤੁਸੀਂ ਗਵਾਹ ਰਹਿਣਾ ਕਿ ਮੈਨੇ ਅਪਣੇ ਬੰਦਿਆਂ ਨੂੰ ਉਨ੍ਹਾਂ ਰੋਜ਼ਿਆਂ, ਜਿਹੜੇ ਉਨ੍ਹਾਂ ਨੇ ਰਮਜ਼ਾਨ ਦੇ ਮਹੀਨੇ ਦੌਰਾਨ ਰੱਖੇ ਅਤੇ ਉਨ੍ਹਾਂ ਨਮਾਜ਼ਾਂ ਜਿਹੜੀਆਂ ਉਨ੍ਹਾਂ ਨੇ ਰਮਜ਼ਾਨ ਦੇ ਮਹੀਨੇ ਦੌਰਾਨ ਰਾਤਾਂ ਨੂੰ ਪੜ੍ਹੀਆਂ, ਦੇ ਬਦਲੇ ਅਪਣੀ ਰਜ਼ਾਮੰਦੀ ਅਤੇ ਮਗ਼ਫ਼ਰਤ ਨਾਲ ਨਵਾਜ਼ਦਾ ਹਾਂ।
ਊਚ-ਨੀਚ ਦੇ ਫ਼ਰਕ ਨੂੰ ਖਤਮ ਕਰਕੇ ਇੱਕੋ ਕਤਾਰ ਵਿੱਚ ਸਭ ਨੂੰ ਖੜਾ ਕਰਕੇ ਨਮਾਜ ਪੜਨਾ ਇੱਕ ਅਲੱਗ ਹੀ ਨਜਾਰਾ ਪੇਸ਼ ਕਰਨ ਵਾਲਾ ਇਹ ਈਦ ਉਲ ਫਿਤਰ ਦਾ ਤਿਉਹਾਰ ਇਸੇ ਤਰਾ ਜਿੰਦਗੀ ਗੁਜਾਰਨ ਦਾ ਢੰਗ ਸਿਖਾਉਦਾ ਹੈ ਤਾਂ ਜੋ ਵੱਡੇ ਵੱਡੇ ਛੋਟੇ ਦਾ ਫ਼ਰਕ ਮਿਟ ਸਕੇ ਤੇ ਇਹ ਸਿੱਖਿਆਂ ਮਿਲ ਸਕੇ ਕਿ ਰੱਬ ਪਾਸ ਸਭ ਦਾ ਦਰਜਾ ਬਰਾਬਰ ਹੈ ਬਾਵੇ ਉਹ ਕੋਈ ਅਮੀਰ ਹੋਵੇ ਜਾਂ ਗਰੀਬ, ਈਦ ਦੀ ਵਿਸੇਸ਼ ਨਮਾਜ਼ ਪੜ੍ਹਨ ਤੋਂ ਬਾਅਦ ਇਕ ਦੂਜੇ ਨੂੰ ਗਲੇ ਮਿਿਲਆ ਜਾਂਦਾ ਹੈ ਜਿਸ ਵਿਚ ਮੁਸਲਮਾਨ ਹੀ ਨਹੀਂ ਦੂਜੇ ਧਰਮਾਂ ਦੇ ਲੋਕ ਵੀ ਅਪਣੇ ਮੁਸਲਮਾਨ ਭਰਾਵਾਂ ਨੂੰ ਈਦ ਦੀਆਂ ਮੁਬਾਰਕਾਂ ਦੇਣ ਲਈ ਗਲੇ ਮਿਲਦੇ ਹਨ ਅਤੇ ਇਸ ਤਿਉਹਾਰ ਮੌਕੇ ਬਣੇ ਵਿਸ਼ੇਸ਼ ਮਿੱਠੇ ਪਕਵਾਨ ਰਲ ਮਿਲ ਕੇ ਖਾਦੇ ਹਨ (ਜਿਸ ਕਾਰਨ ਇਸ ਨੂੰ ਮਿੱਠੀ ਈਦ ਦਾ ਤਿਉਹਾਰ ਵੀ ਕਿਹਾ ਜਾਦਾ ਹੈ) ਇਹੋ ਈਦ ਦਾ ਲੋਕਾਈ ਨੂੰ ਸੰਦੇਸ਼ ਹੈ ਕਿ ਸਬ ਰਲ ਮਿਲ ਖਾਈਏ ਖੁਸ਼ੀਆ ਮਨਾਈਏ।
-
ਮੁਹੰਮਦ ਇਸਮਾਈਲ ਏਸ਼ੀਆ, Reporter
asia.ajitmalerkotla@gmail.com
98559-78675
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.