ਕਾਵਿ -ਸਿਰਜਣਾ ਦੀ ਆਬਸ਼ਾਰ
ਜੀਤ ਸੁਰਜੀਤ ਬੈਲਜੀਅਮ ਦਾ ਮਾਪਿਆਂ ਵੱਲੋਂ ਦਿੱਤਾ ਨਾਮ ਤਾਂ ਸੁਰਜੀਤ ਕੌਰ ਸੀ ਪਰ ਅਦਬੀ ਖੇਤਰ ਚ ਉਹ ਜੀਤ ਸੁਰਜੀਤ ਦੇ ਨਾਮ ਨਾਲ ਜਾਣੀ ਜਾਂਦੀ ਹੈ।
ਜ਼ਿਲ੍ਹਾ ਕਪੂਰਥਲਾ ਦੇ ਪਿੰਡ ਠੱਟਾ ਨਵਾਂ ਦੀ ਜੰਮਪਲ਼ ਇਸ ਕਵਿੱਤਰੀ ਨੇ ਮੁੱਢਲੀ ਸਿੱਖਿਆ ਪਿੰਡ ਤੋਂ ਹਾਸਲ ਕਰਕੇ ਗਰੈਜੂਏਸ਼ਨ ਐੱਸ ਡੀ ਕਾਲਿਜ ਫਾਰ ਵਿਮੈੱਨ ਸੁਲਤਾਨਪੁਰ ਲੋਧੀ ਤੋਂ ਕੀਤੀ। ਐੱਮ ਏ ਇਕਨਾਮਿਕਸ ਉਸ ਨੇ ਰਣਧੀਰ ਕਾਲਿਜ ਕਪੂਰਥਲਾ ਤੋਂ ਪਾਸ ਕੀਤੀ। ਵਿਦਿਅਕ ਮਾਹੌਲ ਨੇ ਉਸ ਨੂੰ ਅਰਥ ਸ਼ਾਸਤਰ ਦੇ ਨਾਲ ਨਾਲ ਪੰਜਾਬੀ ਸਾਹਿੱਤ ਨਾਲ ਜੋੜਿਆ।
ਨਜ਼ਮ ਗੀਤ ਕਵਿਤਾ ਤੇ ਲੋਕ ਰੰਗ ਉਹ ਕਾਵਿ ਰੂਪ ਟੱਪਿਆਂ ਤੋਂ ਸਫ਼ਰ ਸ਼ੁਰੂ ਕਰਨ ਉਪਰੰਤ ਅੱਜਕੱਲ੍ਹ ਗ਼ਜ਼ਲ ਦੀ ਰਚਨਾਕਾਰ ਹੈ।
ਉਸ ਦੀ ਪਲੇਠੀ ਗ਼ਜ਼ਲ ਪੁਸਤਕ 'ਕਾਗ਼ਜ਼ੀ ਕਿਰਦਾਰ' ਵਿੱਚ 111 ਗ਼ਜ਼ਲਾਂ ਹਨ। ਉਸ ਦੀ ਇਸ ਪੁਸਤਕ ਨੂੰ ਏਵਿਸ ਪਬਲਿਸ਼ਰਜ਼ ਨਵੀਂ ਦਿੱਲੀ ਨੇ ਪ੍ਰਕਾਸ਼ਿਤ ਕੀਤਾ ਹੈ। ਯੋਰਪ ਚ ਸਭ ਤੋਂ ਸਰਗਰਮ ਸਾਹਿੱਤਕ ਸਭਿਆਚਾਰਕ ਸੰਸਥਾ ਸਾਹਿੱਤ ਸੁਰ ਸੰਗਮ ਸਭਾ ਦੀ ਉਹ ਸਰਗਰਮ ਮੈਂਬਰ ਹੈ। ਉਸ ਦੀ ਰਚਨਾ ਬਾਰੇ ਸੁਖਵਿੰਦਰ ਅੰਮ੍ਰਿਤ, ਰਾਜਵੰਤ ਰਾਜ,ਹਰਮੀਤ ਸਿੰਘ ਅਟਵਾਲ ਤੇ ਦਲਜਿੰਦਰ ਰਹਿਲ ਨੇ ਬਹੁਤ ਮੁੱਲਵਾਨ ਟਿੱਪਣੀਆਂ ਕੀਤੀਆਂ ਹਨ। ਜੀਤ ਸੁਰਜੀਤ ਦੀ ਰਚਨਾ ਪੜ੍ਹਦਿਆਂ ਸੁਣਦਿਆਂ ਸੱਜਰੇਪਨ ਦਾ ਇਹਸਾਸ ਹੁੰਦਾ ਹੈ।
ੴ ਦੀ ਪ੍ਰਗਟ ਭੂਮੀ ਸੁਲਤਾਨਪੁਰ ਲੋਧੀ ਸਾਹਿਬ ਦੀ ਧਰਤੀ ਤੋਂ ਗਿਆਨ ਪ੍ਰਕਾਸ਼ ਲੈ ਕੇ ਵਿਸ਼ਵ ਨੂੰ ਕਲਾਵੇ ਵਿੱਚ ਲੈਂਦੇ ਅਨੁਭਵ ਦੀ ਬਾਤ ਪਾਉਂਦੀ ਹੈ। ਭਵਿੱਖ ਉਸ ਤੋਂ ਹੋਰ ਵਡੇਰੀਆਂ ਆਸਾਂ ਕਰ ਸਕਦਾ ਹੈ ਕਿਉਂਕਿ ਧਰਤੀ,ਧਰਮ ਤੇ ਧਰੇਕ ਵਾਂਗ ਧੀ ਵੀ ਧਰਤੀ ਅੰਬਰ ਨਾਲ ਸਦੀਵੀ ਵਾਰਤਾਲਾਪ ਦੀ ਸਮਰਥਾ ਰੱਖਦੀ ਹੈ। ਸਪਨ ਮਾਲਾ, ਸੁਰਜੀਤ ਸਖੀ, ਕਮਲ ਇਕਾਰ਼ਸ਼ੀ, ਸੁਖਵਿੰਦਰ ਅੰਮ੍ਰਿਤ, ਗੁਰਚਰਨ ਕੌਰ ਕੋਚਰ, ਸੁਰਿੰਦਰਜੀਤ ਕੌਰ, ਪਰਮਜੀਤ ਕੌਰ ਮਹਿਕ, ਕੁਲਵਿੰਦਰ ਕਿਰਨ, ਸਿਮਰਤ ਸੁਮੈਰਾ, ਕੁਲਵਿੰਦਰ ਕੰਵਲ, ਕੁਲਦੀਪ ਕੌਰ ਚੱਠਾ, ਅਮਰਜੀਤ ਕੌਰ ਅਮਰ, ਅਨੂ ਬਾਲਾ, ਨਵਗੀਤ ਕੌਰ ਤੇ ਗ਼ਜ਼ਲ ਵਿਧਾ ਦੀਆਂ ਹੋਰ ਕਵਿੱਤਰੀਆਂ ਵਾਂਗ ਉਸ ਨੇ ਵੀ ਆਪਣੀ ਗ਼ਜ਼ਲ ਰਚਨਾ ਵਿੱਚ ਬਹੁਤ ਨਿਵੇਕਲੇ ਅਨੁਭਵ ਪ੍ਰਗਟਾਅ ਕੇ ਭਵਿੱਖ ਨਾਲ ਪੱਕਾ ਇਕਰਾਰ ਨਾਮਾ ਲਿਖਿਆ ਹੈ।
ਤੁਸੀਂ ਵੀ ਕੁਝ ਲਿਖਤਾਂ ਨਾਲ ਸਾਂਝ ਪਾਉ।
1.
ਇਹ ਸੂਰਜ ਵਾਂਗ ਹੋ ਜਾਂਦੈ
ਇਹ ਸੂਰਜ ਵਾਂਗ ਹੋ ਜਾਂਦੈ, ਹਮੇਸ਼ਾਂ ਜ਼ਾਹਰ ਵੀਰਾ ਜੀ।
ਸ਼ਰਾਫਤ ਹੇਠ ਨਹੀਂ ਲੁਕਦਾ, ਕਦੇ ਕਿਰਦਾਰ ਵੀਰਾ ਜੀ।
ਇਹ ਮੋਮੋਠਗਣੀਆਂ ਗੱਲਾਂ ਦੇ ਸਾਨੂੰ ਅਰਥ ਆਉਂਦੇ ਨੇ,
ਸਫ਼ਾਈ ਦੇਣ ਕਿਓਂ ਲੱਗਦੇ, ਤੁਸੀ ਹਰ ਵਾਰ ਵੀਰਾ ਜੀ।
ਜੇ ਇੱਜ਼ਤ ਮਾਣ ਚਾਹੀਦਾ, ਤਾਂ ਸਿਖ ਔਕਾਤ ਵਿਚ ਰਹਿਣਾ,
ਨਾ ਐਵੇਂ ਮਾਣ ਮਰਿਯਾਦਾ, ਦੀ ਟੱਪ ਦੀਵਾਰ ਵੀਰਾ ਜੀ।
ਅਸੀਂ ਐਨੇ ਵੀ ਨਾ ਭੋਲ਼ੇ, ਕਿ ਤੇਰੀ ਨੀਤ ਨਾ ਪੜ੍ਹੀਏ,
ਅਸਾਂ ਨੇ ਜੰਮਿਆਂ ਕੁੱਖੇਂ, ਹੈ ਕੁਲ ਸੰਸਾਰ ਵੀਰਾ ਜੀ।
ਇਹ ਸਾਰੇ ਪਿੰਜਰੇ ਜਗ ਤੇ, ਬਣੇ ਚਿੜੀਆਂ ਦੀ ਖਾਤਿਰ ਹੀ,
ਅਸਾਂ ਚਿੜੀਆਂ ਨੂੰ ਕਰਨਾ ਹੈ, ਤਦੇ ਓਡਾਰ ਵੀਰਾ ਜੀ।
ਤੇਰੇ ਤੋਂ ਸੇਕ ਚੰਡੀ ਦਾ, ਰਤਾ ਵੀ ਸਹਿ ਨਹੀਂ ਹੋਣਾ,
ਕਿ ਪਲ ਵਿਚ ਦੇਖਿਓ ਹੁੰਦੇ, ਹੋ ਠੰਡੇ ਠਾਰ ਵੀਰਾ ਜੀ।
ਹਮੇਸ਼ਾਂ ਤੋਂ ਕਿਓਂ ਸਾਨੂੰ, ਹੀ ਦੇਵੋਂ ਦਾਨ ਅਕਲਾਂ ਦਾ,
ਕਦੇ ਆਪਣੇ ਤੇ ਪਾ ਦੇਖੋ, ਅਕਲ ਦਾ ਭਾਰ ਵੀਰਾ ਜੀ।
ਪੜ੍ਹਾਵੇਂ ਪਾਠ ਉਲਫ਼ਤ ਦਾ, ਤੂੰ ਝਾਕੇਂ ਬਾਰੀਆਂ ਕੰਨੀ,
ਤੇ ਖੁੱਲ੍ਹੇ 'ਜੀਤ' ਨੇ ਰੱਖੇ ਜਦੋੱ ਇਹ ਬਾਰ ਵੀਰਾ ਜੀ।
2.
ਮੈਂ ਚਾਹਤ ਦੇ ਸਾਗਰ ਅੰਦਰ
ਮੈਂ ਚਾਹਤ ਦੇ ਸਾਗਰ ਅੰਦਰ ਡੂੰਘਾ ਲਹਿ ਕੇ ਦੇਖ ਲਿਆ।
ਤੇਰੇ ਹਿਜਰ ਦੀ ਧੂੰਣੀ ਉੱਤੇ ਯਾਦਾਂ ਦਾ ਟੁੱਕ ਸੇਕ ਲਿਆ।
ਮੰਜ਼ਿਲ ਨਾਲੋਂ ਵੱਧ ਕੇ ਉਹਨੂੰ ਰਾਹਾਂ ਨਾਲ ਪਿਆਰ ਹੋਣਾ,
ਏਸੇ ਕਾਰਣ ਉਸ ਰਾਹੀ ਨੇ ਜੋਗੀ ਵਾਲਾ ਭੇਖ ਲਿਆ।
ਏਸ ਪਦਾਰਥਵਾਦੀ ਯੁੱਗ 'ਚ ਏਦਾਂ ਵੀ ਹਮਦਰਦ ਮਿਲੇ,
ਲੋੜ ਪਈ ਤੋਂ ਵਰਤ ਕਬੀਲਾ ਬਾਅਦ 'ਚ ਆਪਾ ਛੇਕ ਲਿਆ।
ਆਪਣੀ ਹੋਂਦ ਬਚਾਵਣ ਦੇ ਲਈ ਸੋਨਾ ਭੱਠੀ ਤਪਦਾ ਹੈ,
ਐਵੇਂ ਤਾਂ ਨਹੀਂ ਖਾਲਸ ਹੋਇਆ ਸਿਰ ਦੇ ਕੇ ਸਿਰਲੇਖ ਲਿਆ।
ਉਹ ਕਿੰਨਾ ਚਿਰ ਖੈਰ ਮਨਾਉਂਦਾ ਫੁੱਲਾਂ ਭਰੀਆਂ ਲਗਰਾਂ ਦੀ,
ਜਿਹਦੀ ਛਾਂਵੇ ਬੈਠ ਕੁਹਾੜੇ ਨੇ ਸੀ ਦਸਤਾ ਮੇਚ ਲਿਆ।
ਅਰਮਾਨਾਂ ਦੀ ਪੀਂਘ ਨੂੰ ਭਾਇਆ ਰੰਗ ਜੋ ਮੀਤ ਪਿਆਰੇ ਦਾ,
ਮੈਂ ਬੁਨਿਆਦੀ ਰੰਗਾਂ ਵਿੱਚੋ ਉੰਞ ਤਾਂ ਰੰਗ ਹਰੇਕ ਲਿਆ।
ਆਪਣੀ ਕੀਮਤ ਨਾਲੋਂ ਬਾਹਲ਼ੀ ਕੀਮਤ ਸਮਝੀ ਖਾਬਾਂ ਦੀ,
ਤਾਂਹੀ ਇੱਕ ਵਪਾਰੀ ਨੇ ਖਾਬਾਂ ਲਈ ਖੁਦ ਨੂੰ ਵੇਚ ਲਿਆ।
ਹਾਲੇ ਜ਼ਿਕਰ ਅਧੂਰਾ 'ਜੀਤ' ਦਾ ਇਕ ਦਿਨ ਬਹਿਰੀਂ ਬੱਝੂਗੀ,
ਜਦ ਖੁੰਢੇ ਜ਼ਜ਼ਬਾਤਾਂ ਨੂੰ ਉਸ ਨੇ ਰੇਤੀ ਨਾ' ਰੇਤ ਲਿਆ।
3.
ਮੈਂ ਲਾਡੋ ਦੀ ਤਲੀ’ਤੇ ਕੋਈ
ਮੈਂ ਲਾਡੋ ਦੀ ਤਲੀ’ਤੇ ਕੋਈ ਖ਼ਾਬ ਸੁਨਹਿਰੀ ਧਰ ਦੇਵਾਂ।
ਉਹਦੇ ਰਾਹਾਂ ਦੇ ਵਿਚ ਸਾਰੇ ਰੰਗ ਗੁਲਾਬੀ ਭਰ ਦੇਵਾਂ।
ਅੱਜ ਦਾ ਦਿਨ ਤਾਂ ਬੜਾ ਖਾਸ ਹੈ ਮੇਰੀ ਰਾਜਕੁਮਾਰੀ ਦਾ
ਮਹਿਲ-ਮੁਨਾਰੇ ਉਹ ਨਾ ਮੰਗੇ ਮੈਂ ਉਹਨੂੰ ਕੀ ਪਰ ਦੇਵਾਂ ?
ਮੈਂ ਨਾ ਸਮਝਾਂ ਧੰਨ ਬਿਗਾਨਾ ਇਸ ਵਿਹੜੇ ਦੀ ਰੌਣਕ ਨੂੰ
ਧੀ ਬਿਗਾਨੀ ਸਮਝਣ ਵਾਲਾ ਵੀ ਨਾ ਕੋਈ ਘਰ ਦੇਵਾਂ।
ਕੁੜੀਆਂ ਤਾਂ ਬਸ ਚਿੜੀਆਂ ਹੀ ਨੇ ਅਕਸਰ ਲੋਕੀ ਕਹਿ ਦੇਂਦੇ
ਚਿੜੀਆਂ ਵਾਂਗਰ ਚਹਿਕੇ ਉਹ ਵੀ ਸਾਰਾ ਹੀ ਅੰਬਰ ਦੇਵਾਂ।
ਮੈਨੂੰ ਹੈ ਭਰੋਸਾ ਉਸ 'ਤੇ ਉਹ ਹੱਦਾਂ ਪਹਿਚਾਣ ਲਊ
ਮੈਂ ਉਹਦੇ ਲਈ ਹੱਦਾਂ ਮਿਥ ਕੇ ਐਂਵੇ ਹੀ ਕਿਉਂ ਡਰ ਦੇਵਾਂ।
ਜੀਵਨ ਆਪ ਸਿਖਾ ਦੇਂਦਾ ਏ ਰਾਵਣ ਨੂੰ ਸਰ ਕਰਨਾ ਵੀ
ਮੈਂ ਬਸ ਏਨਾ ਚਾਹਾਂ ਉਹਨੂੰ ਰਾਮ ਜਿਹਾ ਨਾ ਵਰ ਦੇਵਾਂ।
ਪਾਣੀ ਖੋਹ ਲਏ ਗੈਰਾਂ ਨੇ ਪੌਣਾਂ ਵਿੱਚ ਨਾ ਸਿੱਲ੍ਹ ਰਹੀ
ਪੱਛਮ ਦੀ ਕਿਸੇ ਪੌਣ ਜਿਹੀ ਹੀ ਪੌਣ ਮੈਂ ਠੰਢੀ ਠਰ ਦੇਵਾਂ।
ਜੇਸ ਗਿਆਨ ਦੀ ਜੋਤ ਅਗੰਮੀ ਸਭ ਦਰਵਾਜੇ ਖੋਹਲ ਦਵੇ
‘ਜੀਤ’ ਧੀ ਰਾਣੀ ਨੂੰ ਮੈਂ ਓਸੇ ਹੀ ਗਿਆਨ ਦਾ ਦਰ ਦੇਵਾਂ।
4.
ਕੋਈ ਦਿਲ ਨੂੰ ਦਰਿਆ ਕਹਿੰਦੈ
ਕੋਈ ਦਿਲ ਨੂੰ ਦਰਿਆ ਕਹਿੰਦੈ, ਕੋਈ ਕਹਿੰਦੈ ਸਾਗਰ,
ਕੋਈ ਵੀ ਥਾਹ ਪਾ ਨਾ ਸਕਿਆ, ਇਸ ਵਿੱਚ ਰਹਿੰਦੈ ਕਾਦਰ।
ਇੱਕੋ ਜੋਤ ਹੈ ਉਸਦੀ, ਉਹਦਾ ਹਰ ਦਿਲ ਦੇ ਵਿਚ ਵਾਸਾ,
ਉਹ ਹੈ ਨਾਨਕ ਉਹ ਹੈ ਮੌਲਾ, ਉਹ ਭਗਵਾਨ ਉਹ ਫ਼ਾਦਰ।
ਇਸ ਜੱਗ ਦਾ ਇਕ ਸੱਚਾ ਆਸ਼ਕ, ਸਾਂਝ ਜ੍ਹਿਦੀ ਵਿਸਮਾਦੀ,
ਪਰ ਫੱਕਰ ਦਾ ਕਰਦੇ ਡਿੱਠੇ, ਮੈਂ ਕੁਝ ਲੋਕ ਨਿਰਾਦਰ।
ਇੱਕ ਹੁਸਨ ਦੀ ਮਲਕਾ ਦੇ, ਨੈਣਾ ਨੇ ਮੋਹ ਲਿਆ ਜਿਹਨੂੰ,
ਉਸ ਪਾਰ ਤੋਂ ਆਇਆ ਸੀ ਕੋਈ, ਸੁਣਿਆ ਉਹ ਸੌਦਾਗਰ।
ਘਰ ਤੋਂ ਬੇਮੁਖ ਹੋਇਆ ਜਿਸ ਲਈ,ਮੰਜ਼ਲ ਵੀ ਮੂੰਹ ਮੋੜ ਗਈ
ਹੁਣ ਹੈ ਪਥਰੀਲੇ ਰਾਹਾਂ 'ਤੇ, ਇਕ ਸ਼ੀਸ਼ੇ ਦਾ ਮੁਕੱਦਰ ।
ਮੇਰੀ ਸੋਚ ਦੇ ਵਿਚ ਹੁਣ ਉੱਗਣ, ਗਜ਼ਲਾਂ ਨਾਮੀ ਫਸਲਾਂ,
ਲਗਦਾ ਹੈ ਛੱਟਾ ਮਾਰ ਗਿਆ, ਸ਼ਬਦਾਂ ਦਾ ਜਾਦੂਗਰ ।
ਆਖ਼ਰ ਮੁੱਕ ਹੀ ਜਾਂਦੇ ਨੇ ਸਭ, ਇਹ ਦੁਨਿਆਵੀ ਧੰਦੇ,
ਜਿਸ ਦਿਨ ਬੰਦਾ ਸੋਂ ਜਾਂਦਾ ਹੈ, ਲੈ ਕੇ ਚਿੱਟੀ ਚਾਦਰ ।
ਕੁਝ ਨੇ ਜੱਗ ਦੀ ਜਨਣੀ ਕਹਿਕੇ, ਮੇਰਾ ਮਾਣ ਵਧਾਇਆ,
ਕੁਝ ਸੋਚਾਂ ਚੋਂ ਅਜੇ ਨਾ ਮਨਫ਼ੀ, ਅਬਦਾਲੀ ਤੇ ਨਾਦਰ।
ਉੰਞ ਤਾਂ ਮੁੜ ਤੋਂ ਭਰਨੇ ਦੇ ਲਈ, ਊਣਾ ਭਾਂਡਾ ਚੰਗਾ,
ਐਪਰ 'ਜੀਤ' ਨਾ ਭਰਨੀ ਮੁੜਕੇ, ਇਹ ਸਾਹਾਂ ਦੀ ਗਾਗਰ।
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajangill@gmail.com
98726 31199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.