* ਹਿਮਾਚਲ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਝਾਰਖੰਡ ਤੇ ਪੰਜਾਬ ਦੀਆਂ ਸਰਕਾਰਾਂ ਵੱਲੋਂ NPS ਨੂੰ ਵਾਪਿਸ ਲੈਕੇ OPS ਬਹਾਲ ਕਰਨ ਦੇ ਕੀਤੇ ਗਏ ਐਲਾਨਾਂ ਤੋਂ ਬਾਅਦ ਪਰ ਵਿਸ਼ੇਸ਼ ਕਰਕੇ ਹਿਮਾਚਲ ਰਾਜ ਦੀਆਂ ਚੋਣਾਂ 'ਚ ਬੀ.ਜੇ.ਪੀ. ਹੱਥੋਂ ਸੱਤਾ ਖੁੱਸਣ ਨਾਲ ਅਤੇ ਹਰਿਆਣਾ, ਕਰਨਾਟਕ, ਉੱਤਰਾਖੰਡ ਤੇ ਹੋਰ ਰਾਜਾਂ ਅਤੇ ਕੇਂਦਰੀ ਮੁਲਾਜ਼ਮਾਂ ਦੇ OPS ਦੀ ਬਹਾਲੀ ਨੂੰ ਲੈਕੇ ਸੰਘਰਸ਼ ਦੇ ਤਿੱਖੇ ਤੇਵਰਾਂ ਨੂੰ ਭਾਂਪ ਕੇ, ਕੇਂਦਰ ਦੀ ਮੋਦੀ ਸਰਕਾਰ ਦੀਆਂ ਹਮਾਇਤੀ, NDA ਦੀਆਂ ਧਿਰਾਂ ਅੰਦਰ ਭਾਰੀ ਖਲਬਲੀ ਮੱਚੀ ਹੋਈ ਹੈ। ਉਨ੍ਹਾਂ ਨੂੰ OPS ਦਾ ਇਹ ਭਖਿਆ ਮੁੱਦਾ ਉਨ੍ਹਾਂ ਦੀ ਚੋਣ ਰਣਨੀਤੀ 'ਚ ਸੰਨ੍ਹ ਲਾਉਂਦਾ ਜਾਪਦਾ ਹੈ।
* ਬੀ.ਜੇ.ਪੀ. ਦੀ ਭਾਈਵਾਲੀ ਵਾਲੀ ਮਹਾਂਰਾਸ਼ਟਰ ਸਰਕਾਰ ਅੰਦਰਲੀ ਸ਼ਿਵ ਸੈਨਾ ਦੇ ਮੁੱਖ ਮੰਤਰੀ ਸ਼ਿੰਦੇ ਵੱਲੋਂ OPS ਨੂੰ ਲਾਗੂ ਕਰਨ ਬਾਰੇ ਵਿਚਾਰ ਕਰਨ ਦੇ ਐਲਾਨ ਤੋਂ ਬਾਅਦ ਬੀ.ਜੇ.ਪੀ. ਦੇ ਡਿਪਟੀ ਮੁੱਖ ਮੰਤਰੀ ਫੜਨਵੀਸ ਨੂੰ ਵੀ ਇਹ ਬਿਆਨ ਜਾਰੀ ਕਰਨਾ ਪਿਆ ਕਿ ਉਹ ਵੀ ਇਸ ਤੋਂ "ਨਾਂਹ ਨਹੀਂ ਕਰਦੇ" ਜਦਕਿ ਇਸ ਤੋਂ ਦੋ ਦਿਨ ਪਹਿਲਾਂ ਉਹ ਹੁੱਬ ਕੇ OPS ਨੂੰ ਕਿਸੇ ਵੀ ਹਾਲਤ 'ਚ ਬਹਾਲ ਨਾ ਕਰਨ ਦੇ ਹੋਕਰੇ ਮਾਰ ਰਹੇ ਸਨ ਅਤੇ OPS ਬਹਾਲੀ ਵਿਰੁੱਧ ਮੋਦੀ ਸਰਕਾਰ ਵੱਲੋਂ ਸ਼ਿਸ਼ਕਾਰੇ ਅਖੌਤੀ ਅਰਥ- ਸ਼ਾਸਤਰੀਆਂ, ਬੁੱਧੀਜੀਵੀਆਂ, ਬੀ.ਜੇ.ਪੀ. ਆਗੂਆਂ ਵੱਲੋਂ ਕੀਤੇ ਜਾ ਰਹੇ ਕੂੜ-ਪ੍ਰਚਾਰ ਵਾਲੀ ਬੋਲੀ ਹੀ ਬੋਲ ਰਹੇ ਸਨ।ਇਸੇ ਤਰ੍ਹਾਂ ਹੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਵੀ ਹਰਿਆਣਾ ਦੇ ਹਜ਼ਾਰਾਂ ਮੁਲਾਜ਼ਮਾਂ ਦੀ OPS ਬਹਾਲੀ ਲਈ ਕੀਤੀ ਗਈ ਪੰਚਕੂਲਾ ਰੈਲੀ ਤੋਂ ਬਾਅਦ, ਦੁਸ਼ਿਅੰਤ ਚੌਟਾਲਾ ਦੀ ਭਾਈਵਾਲ ਪਾਰਟੀ ਜੇ.ਜੇ.ਪੀ. ਦੀ ਸੁਰਬਦਲੀ ਨੂੰ ਦੇਖ ਕੇ OPS ਨੂੰ 'ਵਿਚਾਰਨ' ਲਈ ਇੱਕ ਕਮੇਟੀ ਬਣਾਉਣ ਦਾ ਅੱਕ ਚੱਬਣਾ ਪਿਆ ਜਦ ਕਿ ਉਹ ਵੀ ਦੋ ਦਿਨ ਪਹਿਲਾਂ OPS ਨੂੰ ਰਾਜ/ਕੇਂਦਰ ਸਰਕਾਰਾਂ ਦੇ ਅਰਥਚਾਰੇ ਨੂੰ ਤਬਾਹ ਕਰਨ ਵਾਲੀ ਪ੍ਰਣਾਲੀ ਗਰਦਾਨ ਕੇ NPS ਲਾਗੂ ਕਰਨ ਦੇ ਕਾਰਪੋਰੇਟ ਪੱਖੀ 'ਪੈਨਸ਼ਨ ਸੁਧਾਰਾਂ' ਤੋਂ ਕਿਸੇ ਵੀ ਹਾਲ ਪਿੱਛੇ ਨਾ ਹਟਣ ਦੀ ਰੱਟ ਲਾ ਰਹੇ ਸਨ। ਉੱਧਰ ਆਂਧਰਾ ਸਰਕਾਰ ਵੀ NPS ਦੀ ਸੋਧ ਦਾ ਇੱਕ ਨਵਾਂ ਵਿੱਚ-ਵਿਚਾਲੇ ਵਾਲਾ ਫਾਰਮੂਲਾ ਲੈਕੇ ਹਾਜ਼ਰ ਹੋਈ ਜਿਸ ਨੂੰ ਦੇਖ ਕੇ ਕੇਂਦਰ ਦੀ ਮੋਦੀ ਸਰਕਾਰ ਨੇ ਵੀ ਕੰਨ ਖੜ੍ਹੇ ਕਰ ਲਏ।
ਮੋਦੀ ਸਰਕਾਰ 'ਬੈਕ-ਫੁੱਟ 'ਤੇ
ਨਵੇਂ ਦਾਅ ਦੀ ਤਿਆਰੀ 'ਚ
* ਜਿਸ OPS ਵਿਰੁੱਧ ਖੁਦ ਪ੍ਰਧਾਨ ਮੰਤਰੀ ਮੋਦੀ ਤੋਂ ਲੈਕੇ ਵਿਤ ਮੰਤਰੀ ਸੀਤਾਰਮਨ, ਰਾਜ ਸਭਾ ਦੇ ਡਿਪਟੀ ਸਪੀਕਰ ਹਰੀਵੰਸ਼, ਬੀ.ਜੇ.ਪੀ. ਦੇ ਰਾਜ ਸਭਾ ਮੈਂਬਰ ਸੁਸ਼ੀਲ ਮੋਦੀ, ਨੀਤੀ ਆਯੋਗ ਦੇ ਮੈਂਬਰ ਅਰਵਿੰਦ ਪਨਗੜ੍ਹੀਆ, ਪ੍ਰਧਾਨ ਮੰਤਰੀ ਆਰਥਿਕ ਸਲਾਹਕਾਰ ਪਰੀਸ਼ਦ ਦੇ ਮੈਂਬਰ ਸੰਜੀਵ ਸਨਿਆਲ ਤੇ ਸ਼ਾਮਕਾ ਰਵੀ, ਦਾ ਟ੍ਰਿਬਿਊਨ ਦੇ ਸੰਪਾਦਕ ਰਾਜੇਸ਼ ਰਾਮਾਚੰਦਰਨ, ਮੌਨਟੇਕ ਆਹਲੂਵਾਲੀਆ, ਰਾਘਵ ਰਾਜਨ, ਰਿਜਰਵ ਬੈਂਕ, ਸਟੇਟ ਬੈਂਕ ਤੱਕ, ਵੱਲੋਂ ਕੀਤੇ ਜਾ ਰਹੇ ਕੂੜ-ਪ੍ਰਚਾਰ ਦਾ ਹਿੱਸਾ ਬਣ ਕੇ ਕਹਿ ਰਹੇ ਸਨ ਕਿ OPS ਦੀ ਬਹਾਲੀ ਦਾ ਮਤਲਬ 'ਕੇਂਦਰ/ਰਾਜ ਦੇ ਅਰਥਚਾਰੇ ਦਾ ਭੱਠਾ ਬਿਠਾਉਣਾ ਹੋਵੇਗਾ, ਗਰੀਬਾਂ ਤੋਂ ਖੋਹ ਕੇ 'ਅਮੀਰਾਂ' ਨੂੰ ਦੇਣਾ ਹੋਵੇਗਾ, 'ਕੰਮਚੋਰਾਂ' ਨੂੰ ਇਨਾਮ ਦੇਣਾ ਹੋਵੇਗਾ, ਨਵੀਂ ਪੀੜ੍ਹੀ ਦੇ ਟੈਕਸਾਂ ਨਾਲ ਪੁਰਾਣੀ ਪੀੜ੍ਹੀ ਨੂੰ 'ਸੁਵਿਧਾ' ਦੇਣੀ ਹੋਵੇਗੀ, ਭਵਿੱਖੀ ਪੀੜ੍ਹੀ ਯਾਨੀ 'ਅੰਮ੍ਰਿਤ-ਕਾਲ' ਪੀੜ੍ਹੀ ਨਾਲ ਧ੍ਰੋਹ ਕਮਾਉਣਾ ਹੋਵੇਗਾ, 'ਰੇਵੜੀ ਕਲਚਰ' ਨੂੰ ਬੜ੍ਹਾਵਾ ਦੇਣਾ ਹੋਵੇਗਾ, ਇਹ ਆਤਮਘਾਤੀ 'ਅਨੈਤਿਕ' ਕਦਮ ਹੋਵੇਗਾ, ਘਟੀਆ ਰਾਜਨੀਤੀ ਹੋਵੇਗੀ, 'ਪੈਨਸ਼ਨ ਸੁਧਾਰਾਂ' ਨੂੰ ਪੁੱਠਾ ਗੇੜਾ ਦੇਣਾ ਹੋਵੇਗਾ ਅਤੇ ਅੰਤ 12 ਦਸੰਬਰ, 2022 ਨੂੰ ਪ੍ਰਧਾਨ ਮੰਤਰੀ ਮੋਦੀ ਵੱਲੋਂ ਨਾਗਪੁਰ ਵਿਖੇ ਦਿੱਤੇ ਭਾਸ਼ਣ ਮੁਤਾਬਕ 'OPS ਬਹਾਲੀ ਵਰਗੀ, "ਮੁਲਕ ਦੇ ਅਰਥਚਾਰੇ ਨੂੰ ਤਬਾਹ ਕਰਨ ਵਾਲੀ 'Shortcuts politics' 'ਚ ਗਲਤਾਨ ਪਾਰਟੀਆਂ, ਟੈਕਸ-ਦਾਤਿਆਂ ਦੀਆਂ ਸਭ ਤੋਂ ਵੱਡੀਆਂ ਦੁਸ਼ਮਣ ਹਨ। "ਉਸੇ OPS ਨੂੰ ਮੁੜ ਵਿਚਾਰਨ ਲਈ ਮੋਦੀ ਸਰਕਾਰ ਨੂੰ ਵੀ ਕੇਂਦਰੀ ਵਿੱਤ ਸਕੱਤਰ ਦੀ ਅਗਵਾਈ ਹੇਠਲੀ ਇੱਕ ਕਮੇਟੀ ਗਠਨ ਕਰਨ ਦਾ ਕੌੜਾ ਅੱਕ ਚੱਬਣਾ ਪਿਆ ਹੈ।
* ਕੇਂਦਰ ਦੀ ਮੋਦੀ ਸਰਕਾਰ ਵੱਲੋਂ OPS/NPS ਦੇ ਮੁਲਕ ਭਰ ਅੰਦਰ ਭਖੇ ਹੋਏ ਮੁੱਦੇ ਨੂੰ 'ਮੁੜ ਘੋਖਣ' ਲਈ ਗਠਿਤ ਕੀਤੀ ਗਈ ਕਮੇਟੀ ਦੀ ਅਸਲ ਹਕੀਕਤ ਕੀ ਹੈ? ਕੀ ਮੋਦੀ ਸਰਕਾਰ OPS ਬਹਾਲੀ ਦੀ ਮੰਗ ਕਰ ਰਹੇ NPS ਵਾਲੇ ਮੁਲਾਜ਼ਮਾਂ ਪ੍ਰਤੀ ਰਹਿਮ-ਦਿਲ ਹੋ ਗਈ ਹੈ ਜਾਂ ਨੀਤ/ਨੀਤੀ ਬਦਲੀ ਬਾਰੇ 'ਮੁੜ ਵਿਚਾਰ' ਕਰਨ ਜਾ ਰਹੀ ਹੈ? ਉਂਝ ਤਾਂ ਇਸ ਕਮੇਟੀ ਦੇ ਐਲਾਨ ਤੋਂ ਪਹਿਲਾਂ ਵੀ 'ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ' (PFRDA) ਵੱਲੋਂ ਮੁਲਾਜ਼ਮਾਂ ਦੇ ਚੱਲ ਰਹੇ ਤਿੱਖੇ ਤੇਵਰਾਂ 'ਤੇ ਠੰਡਾ ਛਿੜਕਣ ਲਈ ਦਸੰਬਰ, 2022 'ਚ NPS 'ਚ ਕੋਈ ਸੋਧ ਕਰਕੇ 'ਮਿਨੀਮਮ ਅਸ਼ਿਉਰਡ ਰਿਟਰਨ ਸਕੀਮ' (MARS) ਲਿਆਉਣ ਦਾ ਇੱਕ ਬਿਆਨ ਜਾਰੀ ਕੀਤਾ ਗਿਆ ਸੀ, ਰਿਜ਼ਰਵ ਬੈਂਕ ਦਾ ਸਾਬਕਾ ਗਵਰਨਰ ਰਘੂਰਾਮ ਰਾਜਨ ਵੀ "ਪੁਰਾਣੀ ਪੈਨਸ਼ਨ ਪ੍ਰਣਾਲੀ ਦੀ ਥਾਂ ਕੋਈ ਹੋਰ ਕਫਾਇਤੀ ਹੱਲ ਲੱਭਣ" ਦਾ ਸੁਝਾਅ ਦੇ ਰਿਹਾ ਸੀ, NPS ਦੀ ਕੌੜੀ ਖੁਰਾਕ ਨੂੰ ਮੁਲਾਜ਼ਮਾਂ ਦੇ ਗਲੇ ਤੋਂ ਹੇਠਾਂ ਲੰਘਾਉਣ ਲਈ ਉਸ ਨੂੰ ਜਰਾ ਕੁ 'ਮਿੱਠੀ' ਕਰਨ ਦੀਆਂ ਖਬਰਾਂ ਵੀ ਲੱਗ ਰਹੀਆਂ ਸਨ, ਆਂਧਰਾ ਦੇ ਮੁੱਖ ਮੰਤਰੀ ਜਗਨ ਮੋਹਨ ਰੈਡੀ ਵੱਲੋਂ ਪੇਸ਼ ਕੀਤਾ ਗਿਆ NPS ਤੇ OPS ਦਾ ਇੱਕ 'ਮਿਲਗੋਬਾ' ਫਾਰਮੂਲਾ ਵੀ ਮੋਦੀ ਸਰਕਾਰ ਦਾ ਧਿਆਨ ਖਿੱਚ ਰਿਹਾ ਸੀ ਅਤੇ ਦੂਜੇ ਪਾਸੇ ਸਿਰ 'ਤੇ ਆਈਆਂ ਖੜ੍ਹੀਆਂ 2024 ਦੀਆਂ ਪਾਰਲੀਮੈਂਟ ਚੋਣਾਂ ਤੇ ਉਸ ਤੋਂ ਪਹਿਲਾਂ 6 ਰਾਜਾਂ ਦੀਆਂ ਚੋਣਾਂ ਕਾਰਨ, ਮੋਦੀ ਸਰਕਾਰ ਨੂੰ ਵੀ OPS ਦਾ 'ਭੂਤ' ਸਤਾਉਣ ਲੱਗ ਪਿਆ ਸੀ। ਪੈਦਾ ਹੋਈ ਇਸ ਸਥਿਤੀ ਅੰਦਰ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਗਠਿਤ ਕੀਤੀ ਗਈ ਕਮੇਟੀ ਅੱਗੇ ਵੀ ਇੱਕ 'ਲਾਲ ਲਕੀਰ' ਖਿੱਚ ਦਿੱਤੀ ਗਈ ਹੈ ਜਿਸ ਨੂੰ ਟੱਪਣ ਤੋਂ ਵਰਜਿਤ ਕਰ ਦਿੱਤਾ ਗਿਆ ਹੈ। ਇਹ 'ਲਾਲ ਲਕੀਰ' ਕੀ ਹੈ: 'ਸੰਸਾਰ ਬੈਂਕ-ਮੁੱਦਰਾ ਕੋਸ਼-ਵਿਸ਼ਵ ਵਪਾਰ ਸੰਗਠਨ' ਦੀ ਤਿੱਕੜੀ ਵੱਲੋਂ ਲਾਗੂ ਕਰਵਾਏ ਜਾ ਰਹੇ ਇਨ੍ਹਾਂ 'ਪੈਨਸ਼ਨ ਸੁਧਾਰਾਂ' ਨੂੰ 'ਪੁੱਠਾ ਗੇੜਾ' ਦੇਣ ਤੋਂ ਵਰਜਿਆ ਗਿਆ ਹੈ। ਛਣ ਕੇ ਆ ਰਹੀਆਂ ਖ਼ਬਰਾਂ ਮੁਤਾਬਕ, ਕਮੇਟੀ ਨੂੰ ਆਪਣੀ ਸਿਫ਼ਾਰਸ਼/ਸੁਝਾਅ ਦੇਣ ਸਮੇਂ ਚੋਣ ਵਰ੍ਹੇ ਦੀਆਂ ਸਿਆਸੀ ਮਜ਼ਬੂਰੀਆਂ ਤੇ NPS ਲਾਗੂ ਕਰਨ ਦੇ ਉਸ 'ਸੁਧਾਰ' ਵਿਚਕਾਰ 'ਸੰਤੁਲਨ' ਬਣਾਕੇ ਰੱਖਣ ਲਈ ਕਿਹਾ ਗਿਆ ਹੈ ਜਿਹੜਾ ਸੁਧਾਰ 'ਕਾਰਪੋਰੇਟ ਵਿਕਾਸ ਮਾਡਲ' ਦੇ ਏਜੰਡੇ ਨੂੰ, ਵਖਰੇਵਿਆਂ ਤੇ ਦਬਾਅ ਦੇ ਬਾਵਜੂਦ ਲੰਮੇ ਸਮੇਂ ਤੋਂ ਰਾਸ ਬੈਠ ਰਿਹਾ ਹੈ। ਮਤਲਬ ਸਾਫ ਹੈ ਕਿ ਨਾ OPS ਬਹਾਲ ਕਰਨੀ ਹੈ, ਨਾ NPS ਰੱਦ ਕਰਨੀ ਹੈ, ਸਿਰਫ ਚੋਣ ਰਣਨੀਤੀ ਤਹਿਤ ਭਖੇ ਮਾਹੌਲ 'ਤੇ ਠੰਡਾ ਛਿੜਕ ਕੇ ਸਮਾਂ ਲੰਘਾਉਣਾ ਹੈ ਤੇ ਉਸ 'ਲਾਲ ਲਕੀਰ' ਦੇ ਅੰਦਰੇ-ਅੰਦਰ ਹੀ ਕੋਈ 'ਮਿਲਗੋਭਾ' ਪੇਸ਼ ਕਰਨ ਦੀ ਸ਼ਾਤਰ ਚਾਲ ਚੱਲਣ ਦੀ ਤਿਆਰੀ ਹੈ। ਇਸੇ 'ਕਾਰਪੋਰੇਟ ਵਿਕਾਸ ਮਾਡਲ' ਦੇ ਏਜੰਡੇ ਤਹਿਤ ਹੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਚੱਲੇ ਮਹਾਨ ਕਿਸਾਨ ਅੰਦੋਲਨ ਦੌਰਾਨ ਵੀ ਅਜਿਹੇ ਕਈ ਕਿਸਮ ਦੇ ਦਾਅ-ਪੇਚ ਖੇਡੇ ਗਏ ਸਨ ਜੋ ਕਿ ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਬਾਅਦ ਵੀ ਖੇਡੇ ਜਾ ਰਹੇ ਹਨ। ਉਸ ਸਮੇਂ ਵੀ ਅੰਦੋਲਨ ਨੂੰ ਫੇਲ੍ਹ ਕਰਨ ਲਈ ਫਿਰਕੂ ਪਾਲ਼ਾਬੰਦੀ ਕਰਨ ਦੇ ਯਤਨ ਕੀਤੇ ਗਏ ਸਨ ਤੇ ਇਸ ਪੈਨਸ਼ਨ ਵਾਲੇ ਮੁੱਦੇ 'ਤੇ ਵੀ 'ਪੁਰਾਣੀ ਪੀੜ੍ਹੀ-ਨਵੀਂ ਪੀੜ੍ਹੀ' ਵਿਚਕਾਰ ਪਾਲ਼ਾਬੰਦੀ ਖੜ੍ਹੀ ਕਰਕੇ OPS ਬਹਾਲੀ ਵਿਰੁੱਧ ਮੁਲਾਜ਼ਮਾਂ ਦੇ ਇੱਕ ਹਿੱਸੇ ਨੂੰ ਗੁਮਰਾਹ ਕਰਕੇ ਭੜਕਾਉਣ ਦਾ ਯਤਨ ਕੀਤਾ ਜਾ ਰਿਹਾ ਹੈ।
ਕਰਨ ਲੱਗੀ ਮੋਦੀ ਸਰਕਾਰ - ਇੱਕ ਤੀਰ ਨਾਲ ਦੋ ਸ਼ਿਕਾਰ
*ਮੋਦੀ ਸਰਕਾਰ ਸਾਹਮਣੇ ਇੱਕ ਹੋਰ ਸਮੱਸਿਆ ਹੈ ਜਿਸ ਤੋਂ ਉਹ ਨਿਜ਼ਾਤ ਪਾਉਣਾ ਚਾਹੁੰਦੀ ਹੈ। ਉਸ ਨੂੰ ਇਹ ਭਲੀ-ਭਾਂਤ ਪਤਾ ਹੈ ਕਿ NPS ਕੇਂਦਰ/ਰਾਜਾਂ ਦੇ ਕਰਮਚਾਰੀਆਂ ਦੇ ਕਿਸੇ ਪੱਖੋਂ ਵੀ ਹਿਤ 'ਚ ਨਹੀਂ ਹੈ। ਇਹ OPS ਰਾਹੀਂ ਕਰਮਚਾਰੀਆਂ ਨੂੰ ਮਿਲੀ/ਮਿਲਦੀ ਸਮਾਜਿਕ ਸੁਰੱਖਿਆ ਤੋਂ ਵਾਂਝਾ ਕਰਦੀ ਹੈ ਜਿਸ ਉੱਪਰ ਸੁਪਰੀਮ ਕੋਰਟ ਨੇ ਵੀ 17 ਦਸੰਬਰ, 1982 ਦੇ ਆਪਣੇ ਇੱਕ ਸੰਵਿਧਾਨਕ ਫੈਸਲੇ ਰਾਹੀਂ ਮੁਹਰ ਲਾਈ ਹੈ। ਇਸ ਦੇ ਬਾਵਜੂਦ ਮੁਲਕ ਦੀਆਂ ਦੋਵੇਂ ਮੁੱਖ ਹਕੂਮਤੀ ਪਾਰਟੀਆਂ, ਬੀ.ਜੇ.ਪੀ. ਤੇ ਕਾਂਗਰਸ ਨੇ ਮਿਲਕੇ, ਆਪਣੇ ਸਾਂਝੇ ਕਾਰਪੋਰੇਟ ਏਜੰਡੇ ਤਹਿਤ, ਕੇਂਦਰੀ ਕਾਨੂੰਨ ਬਣਾ ਕੇ ਪਹਿਲਾਂ ਕੇਂਦਰੀ ਕਰਮਚਾਰੀਆਂ 'ਤੇ, ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਜ਼ਬਰੀ NPS ਠੋਸੀ ਗਈ ਅਤੇ ਫਿਰ ਰਾਜਾਂ ਨੂੰ ਲਾਗੂ ਕਰਨ ਲਈ ਸਹਿਮਤ ਕਰ ਲਿਆ ਜਦਕਿ ਰਾਜਾਂ ਲਈ ਕੋਈ ਬੰਦਿਸ਼ ਨਹੀਂ ਸੀ। ਤੇ ਪਿਛਲੇ ਕੁੱਝ ਸਮੇਂ ਤੋਂ OPS ਬਹਾਲੀ ਦੇ ਮੁੱਦੇ ਨੂੰ ਲੈਕੇ NPS ਅਧੀਨ ਕੰਮ ਕਰ ਰਹੇ ਕੇਂਦਰ ਤੇ ਰਾਜਾਂ ਦੇ ਮਿਲਾ ਕੇ ਕੁੱਲ ਇੱਕ ਕਰੋੜ ਦੇ ਲਗਭਗ ਕਰਮਚਾਰੀਆਂ ਵੱਲੋਂ ਵਿੱਢੇ ਸੰਘਰਸ਼ ਦੇ ਦਬਾਅ ਹੇਠ, ਵਿਰੋਧੀ ਪਾਰਟੀਆਂ ਨੇ ਆਪਣੀ ਚੋਣ-ਰਣਨੀਤੀ ਤਹਿਤ OPS ਬਹਾਲੀ ਨੂੰ ਆਪਣੇ ਚੋਣ ਪ੍ਰਚਾਰ ਦਾ ਮੁੱਦਾ ਬਣਾਉਣਾ ਸ਼ੁਰੂ ਕੀਤਾ ਹੈ। ਕੁੱਝ ਰਾਜ ਸਰਕਾਰਾਂ ਨੇ OPS ਬਹਾਲ ਕਰਨ ਦੇ ਫੈਸਲੇ ਦਾ ਐਲਾਨ ਵੀ ਕੀਤਾ ਹੈ। ਕੇਂਦਰ ਸਰਕਾਰ 'ਤੇ ਕਾਬਜ਼ ਬੀ.ਜੇ.ਪੀ. ਕੋਲ NPS ਦੇ ਹੱਕ 'ਚ ਕਹਿਣ ਨੂੰ ਤਾਂ ਕੁੱਝ ਵੀ ਨਹੀਂ ਹੈ ਜੋ ਕਰਮਚਾਰੀਆਂ ਦੇ ਹਿਤ 'ਚ ਹੋਵੇ ਪਰ OPS ਵਿਰੁੱਧ ਕੂੜ ਪ੍ਰਚਾਰ ਦੀ ਮੁਹਿੰਮ ਜ਼ਰੂਰ ਸ਼ੁਰੂ ਕਰ ਦਿੱਤੀ ਹੈ ਜਿਸ ਦਾ ਉੱਪਰ ਜਿਕਰ ਕੀਤਾ ਗਿਆ ਹੈ। ਇਸ ਤੋਂ ਬਿਨਾਂ OPS ਬਹਾਲ ਕਰਨ ਦਾ ਐਲਾਨ ਕਰਨ ਵਾਲੀਆਂ ਰਾਜ ਸਰਕਾਰਾਂ ਵੱਲੋਂ NPS ਦੇ ਖਾਤੇ 'ਚ ਜਮ੍ਹਾਂ ਹੋਏ, ਕਾਰਪੋਰੇਟਾਂ ਨੂੰ ਸੌਪੇ, ਕਰਮਚਾਰੀਆਂ ਤੇ ਸਰਕਾਰਾਂ ਦੇ ਅਰਬਾਂ ਰੁਪਏ ਵਾਪਿਸ ਕਰਨ ਤੋਂ, NPS ਕਾਨੂੰਨ ਦੇ ਬਹਾਨੇ, ਮੋਦੀ ਸਰਕਾਰ ਜੁਆਬ ਦੇ ਰਹੀ ਹੈ ਜਦਕਿ ਕਾਨੂੰਨੀ ਤੌਰ 'ਤੇ ਉਹ ਇਉਂ ਕਰ ਨਹੀਂ ਸਕਦੀ।
* ਪਹਿਲੀ ਗੱਲ, NPS ਨੂੰ ਲਾਗੂ ਕਰਨ ਵਾਲਾ ਜੋ PFRDA ਕਾਨੂੰਨ ਬਣਿਆ ਹੈ ਉਸੇ ਸੰਸਥਾ ਨੂੰ ਕਿਸੇ ਵੀ ਕਾਨੂੰਨ ਦੀ ਸੋਧ ਕਰਨ ਦਾ ਅਧਿਕਾਰ ਵੀ ਉਸੇ ਕਾਨੂੰਨ 'ਚ ਹੀ ਦਰਜ ਹੈ। ਸੋਧਾਂ ਹੋਈਆਂ ਵੀ ਹਨ, ਜਿਵੇਂ ਕਿ NPS ਵਾਲੇ ਕਰਮਚਾਰੀਆਂ ਨੂੰ ਸੇਵਾ ਮੁਕਤੀ ਸਮੇਂ 'ਗ੍ਰੈਚੂਟੀ', ਸੇਵਾ ਦੌਰਾਨ ਮੌਤ ਹੋਣ 'ਤੇ 'ਐਕਸ-ਗ੍ਰੇਸ਼ੀਆ', 'ਫੈਮਿਲੀ ਪੈਨਸ਼ਨ' ਦੇਣ ਦੀਆਂ ਸੋਧਾਂ, ਜਿਨ੍ਹਾਂ ਦੀ ਕਾਨੂੰਨ ਅੰਦਰ ਪਹਿਲਾਂ ਵਿਵਸਥਾ ਨਹੀਂ ਸੀ। ਇਸ ਲਈ ਕਰਮਚਾਰੀਆਂ/ਸਰਕਾਰ ਦੇ NPS ਖਾਤੇ 'ਚ ਜਮ੍ਹਾਂ ਹੋਈ ਰਕਮ ਮੋੜਨ ਦੀ ਸੋਧ ਕਿਉਂ ਨਹੀਂ ਕੀਤੀ ਜਾ ਸਕਦੀ? ਅਸਲ 'ਚ ਸ਼ੇਅਰ ਬਾਜ਼ਾਰ ਰਾਹੀਂ ਕਾਰਪੋਰੇਟਾਂ ਦੇ ਹਵਾਲੇ ਕੀਤੀ ਅਰਬਾਂ-ਖਰਬਾਂ ਰੁਪਏ ਦੀ ਇਸ ਰਕਮ ਨੂੰ, ਮੋਦੀ ਸਰਕਾਰ ਦੀ ਮੁਲਕ ਦੇ ਮੁਕੰਮਲ ਅਰਥਚਾਰੇ ਦੇ ਕਾਰਪੋਰੇਟੀਕਰਨ ਦੀ ਨੀਤੀ ਨਹੀਂ ਮੁੜਵਾਉਣ ਦਿੰਦੀ।
* ਦੂਜੀ ਅਹਿਮ ਗੱਲ, ਜੋ ਪਿਛਲੇ ਦਿਨੀਂ ਸਾਹਮਣੇ ਆਈ ਹੈ ਜਿਸ ਨਾਲ ਮੋਦੀ ਸਰਕਾਰ ਵੱਲੋਂ NPS ਖਾਤੇ 'ਚ ਜਮ੍ਹਾਂ ਹੋਈ ਰਕਮ ਨਾ ਮੋੜਨ ਦੀ ਕਾਨੂੰਨੀ ਢੁੱਚਰ ਦਾ ਦੰਭ ਨੰਗਾ ਕਰਦੀ ਹੈ, ਉਹ ਹੈ ਕੇਂਦਰ ਸਰਕਾਰ ਦੇ 'ਪਰਸੋਨਲ' ਵਿਭਾਗ ਵੱਲੋਂ 03 ਮਾਰਚ, 2023 ਦਾ ਜਾਰੀ ਕੀਤਾ ਉਹ ਪੱਤਰ ਜਿਸ ਰਾਹੀਂ 19 ਸਾਲ ਪਹਿਲਾਂ NPS ਤਹਿਤ ਭਰਤੀ ਕੀਤੇ ਉਨ੍ਹਾਂ ਕੇਂਦਰੀ ਕਰਮਚਾਰੀਆਂ ਨੂੰ ਮੁੜ OPS ਅੰਦਰ ਆਉਣ ਦੀ 'ਆਪਸ਼ਨ' ਦਿੱਤੀ ਗਈ ਹੈ ਜਿਹੜੇ ਨੌਕਰੀ 'ਤੇ ਹਾਜ਼ਰ ਤਾਂ 01ਜਨਵਰੀ, 2004 ਤੋਂ ਬਾਅਦ 'ਚ ਹੋਏ ਸਨ ਪਰ ਪੋਸਟਾਂ 23-12-2003 (ਵਾਜਪਾਈ ਸਰਕਾਰ ਵੱਲੋਂ NPS ਦੇ ਨੋਟੀਫਿਕੇਸ਼ਨ ਜਾਰੀ ਕਰਨ ਦੀ ਮਿਤੀ) ਤੋਂ ਪਹਿਲਾਂ ਕੱਢੀਆਂ ਗਈਆਂ ਸਨ। ਇਹ ਪੱਤਰ 'ਕੋਰਟਾਂ/ਟ੍ਰਿਬਿਊਨਲਾਂ' ਦੇ ਹੋਏ ਫੈਸਲਿਆਂ ਕਾਰਨ ਜਾਰੀ ਕਰਨਾ ਪਿਆ ਹੈ। ਪਰ ਇਸ ਵਿੱਚ ਜੋ ਅਹਿਮ ਗੱਲ ਹੈ ਉਹ ਇਹ ਹੈ ਕਿ ਉਨ੍ਹਾਂ ਕਰਮਚਾਰੀਆਂ ਵੱਲੋਂ NPS ਖਾਤੇ 'ਚ ਜਮ੍ਹਾਂ ਕਰਾਈ ਗਈ 19 ਸਾਲਾਂ ਦੀ ਕੁੱਲ ਬਣਦੀ ਰਾਸ਼ੀ ਉਨ੍ਹਾਂ ਦੇ ਜੀ.ਪੀ.ਐੱਫ. ਖਾਤੇ ਖੋਲ੍ਹ ਕੇ ਜਮ੍ਹਾਂ ਕਰਵਾਉਣ ਲਈ ਅਤੇ ਕੇਂਦਰ ਸਰਕਾਰ ਦੇ ਹਿੱਸੇ ਦੀ ਜਮ੍ਹਾਂ ਹੋਈ ਰਾਸ਼ੀ ਨੂੰ ਵੀ ਮੁੜਵਾ ਕੇ ਪਾਉਣ ਲਈ ਕੇਂਦਰ ਸਰਕਾਰ ਦੇ ਖਾਤਿਆਂ ਦੇ 'ਹੈੱਡ' ਦੱਸੇ ਗਏ ਹਨ। ਇਸ ਸਾਰੀ ਕਾਰਵਾਈ ਦੀ ਮਨਜੂਰੀ ਕੇਂਦਰ ਦੇ ਵਿੱਤ ਵਿਭਾਗ ਨੇ ਅਤੇ PFRDA ਨੇ ਦਿੱਤੀ ਹੋਈ ਹੈ।
ਇਸ ਲਈ ਜੇ ਇਹ ਰਾਸ਼ੀ ਕੇਂਦਰ ਸਰਕਾਰ ਦੇ ਖਾਤੇ 'ਚ ਮੁੜ ਜਮ੍ਹਾਂ ਹੋ ਸਕਦੀ ਹੈ ਤਾਂ ਜੇ ਕੋਈ ਰਾਜ ਸਰਕਾਰ ਫੈਸਲਾ ਕਰਕੇ ਆਪਣੇ ਕਰਮਚਾਰੀਆਂ ਨੂੰ NPS 'ਚੋਂ ਕੱਢ ਕੇ OPS 'ਚ ਲਿਆਉਂਦੀ ਹੈ ਤਾਂ PFRDA ਦਾ ਕਾਨੂੰਨ ਕਿਵੇਂ ਰਾਹ ਰੋਕਦਾ ਹੈ, ਕਰਮਚਾਰੀਆਂ ਤੇ ਰਾਜ ਸਰਕਾਰ ਦੀ NPS ਵਿੱਚ ਜਮ੍ਹਾਂ ਹੋਈ ਰਾਸ਼ੀ ਨੂੰ। ਅਸਲ 'ਚ ਅੜਿੱਕਾ ਉਹੀ ਹੈ, ਮੋਦੀ ਸਰਕਾਰ ਦਾ ਕਾਰਪੋਰੇਟ ਹਿਤਾਂ ਦੀ ਰਾਖੀ ਦਾ ਰਣਨੀਤਕ ਏਜੰਡਾ।
NPS ਤੋਂ OPS 'ਚ ਜਾਣ ਵਾਲੇ ਰਾਜਾਂ ਨੂੰ ਇਹ ਕਦਮ ਚੱਕਣ ਤੋਂ ਵਰਜਣ ਲਈ ਮੋਦੀ ਸਰਕਾਰ ਨੇ ਇੱਕ ਹੋਰ ਧਮਕੀ ਵੀ ਦਿੱਤੀ ਹੈ ਕਿ ਉਨ੍ਹਾਂ ਦੀ ਕੇਂਦਰੀ ਕਰਜੇ ਦੀ 'ਲਿਮਿਟ' ਘਟਾ ਦਿੱਤੀ ਜਾਵੇਗੀ। ਨਾਲ ਲਾਲਚ ਵੀ ਦਿੱਤਾ ਹੈ ਕਿ ਜੇ ਉਹ NPS 'ਚ ਹੀ ਰਹਿੰਦੇ ਹਨ ਤਾਂ ਜਿੰਨੀ ਰਾਸ਼ੀ NPS ਖਾਤੇ 'ਚ ਜਮ੍ਹਾਂ ਹੋਵੇਗੀ ਉਸ ਅਨੁਪਾਤ 'ਚ ਇਹ 'ਲਿਮਿਟ' ਵਧਾ ਦਿੱਤੀ ਜਾਵੇਗੀ। ਕਈ ਸਰਕਾਰਾਂ ਇਸ ਦਬਾਅ ਹੇਠ ਆ ਵੀ ਸਕਦੀਆਂ ਹਨ। ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ OPS ਬਹਾਲ ਕਰਨ ਅਤੇ ਇੱਕ ਅਧੂਰੇ ਜਿਹੇ ਨੋਟੀਫਿਕੇਸ਼ਨ ਜਾਰੀ ਕਰਨ ਬਾਅਦ, ਅੱਗੇ ਪੈਰ ਨਾ ਪੁੱਟਣ ਨੂੰ ਇਸ ਸੰਦਰਭ 'ਚ ਵੀ ਦੇਖਣਾ ਬਣਦਾ ਹੈ ਜਦਕਿ ਹਿਮਾਚਲ ਸਰਕਾਰ ਵੱਲੋਂ ਅਗਲਾ ਕਦਮ ਚੁੱਕਦਿਆਂ, ਇੱਕ ਅਪ੍ਰੈਲ, 2023 ਤੋਂ NPS ਕਟੌਤੀ ਬੰਦ ਕਰਕੇ ਜੀ.ਪੀ.ਐੱਫ. ਖਾਤੇ 'ਚ ਜਮ੍ਹਾਂ ਕਰਨ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ।
* ਉਕਤ ਸਾਰੀ ਚਰਚਾ ਤੋਂ ਬਾਅਦ ਆਪਾਂ ਮੁੜ ਉਸ ਕਮੇਟੀ ਵੱਲ ਪਰਤਦੇ ਹਾਂ ਜਿਸ ਦਾ ਐਲਾਨ ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਸੀਤਾਰਮਨ ਵੱਲੋਂ ਲੋਕ ਸਭਾ 'ਚ ਮਾਲੀ ਬਿਲ 2023 ਪੇਸ਼ ਕਰਨ ਸਮੇਂ ਕੀਤਾ ਗਿਆ ਸੀ। ਐਲਾਨ ਕਰਦੇ ਸਮੇਂ ਉਸ ਵੱਲੋਂ ਇਹ ਵੀ ਕਿਹਾ ਸੀ ਕਿ ਇਹ ਕਮੇਟੀ NPS 'ਚ ਕੁੱਝ 'ਸੁਧਾਰ' ਕਰਨ ਲਈ ਗਠਿਤ ਕੀਤੀ ਗਈ ਹੈ। ਤੇ 'ਸੁਧਾਰਾਂ' ਦੇ ਜੋ ਫਾਰਮੂਲੇ ਸੁਝਾਏ ਜਾ ਰਹੇ ਹਨ, ਸਰਕਾਰੀ 'ਮਾਹਰਾਂ' ਵੱਲੋਂ, ਉਹ ਕੌੜੀ NPS ਨੂੰ ਥੋੜ੍ਹੀ 'ਮਿੱਠੀ' ਬਣਾਕੇ ਕਰਮਚਾਰੀਆਂ ਦੇ ਗਲ਼ੋ ਹੇਠਾਂ ਲੰਘਾਉਣ ਦੇ ਨੁਸਖੇ ਹਨ। ਮਤਲਬ,1972 ਦੇ ਨਿਯਮਾਂ ਵਾਲੀ ਚੱਲ ਰਹੀ OPS (ਡੀ.ਏ/ ਮੈਡੀਕਲ ਭੱਤਾ/ ਬੁਢਾਪਾ ਭੱਤਾ/ ਐਲ.ਟੀ.ਸੀ./ ਪੇਅ-ਕਮਿਸ਼ਨ ਸੋਧ ਸਮੇਤ) ਬਹਾਲੀ ਕਦਾਚਿੱਤ ਨਹੀਂ।
* ਅਸਲ ਹਕੀਕਤ ਇਹ ਹੈ ਕਿ ਮੋਦੀ ਸਰਕਾਰ ਨੇ ਆਪਣੇ ਕਾਰਪੋਰੇਟ ਹਿਤ ਤੇ ਚੋਣ-ਮਜ਼ਬੂਰੀ ਦੇ ਦਵੰਦ ਦੀ ਸਮੱਸਿਆ/ਸੰਕਟ ਨੂੰ ਹੱਲ ਕਰਨ ਲਈ ਹੀ ਇਹ ਕਮੇਟੀ ਗਠਿਤ ਕੀਤੀ ਹੈ ਕਿ 'ਸੱਪ ਵੀ ਮਰਜੇ ਤੇ ਲਾਠੀ ਵੀ ਨਾ ਟੁੱਟੇ'।
* ਦੂਜਾ, ਇਸ ਕਮੇਟੀ ਦਾ ਇੱਕ ਹੋਰ ਖ਼ਤਰਨਾਕ ਪਹਿਲੂ/ਮਕਸਦ ਜਿਸ ਵੱਲ ਇਸ਼ਾਰਾ ਕੇਂਦਰੀ ਵਿਤ ਮੰਤਰੀ ਨੇ ਆਪਣੇ ਉਸੇ ਐਲਾਨ 'ਚ ਹੀ ਕੀਤਾ ਹੈ ਕਿ ਇਹ ਕਮੇਟੀ ਜੋ ਫਾਰਮੂਲਾ ਸੁਝਾਏਗੀ "ਉਸ ਨੂੰ ਰਾਜਾਂ 'ਤੇ ਵੀ ਲਾਗੂ ਕੀਤਾ ਜਾਵੇਗਾ", ਮਤਲਬ 'ਇੱਕ ਤੀਰ ਨਾਲ ਦੋ ਸ਼ਿਕਾਰ' ਕੀਤੇ ਜਾਣਗੇ। ਨਾ ਕੇਂਦਰ ਦੀ ਮੋਦੀ ਸਰਕਾਰ ਖੁਦ OPS ਬਹਾਲ ਕਰੇ, ਨਾ ਰਾਜ ਸਰਕਾਰਾਂ ਕਰ ਸਕਣ, ਨਾ ਵਿਰੋਧੀ ਪਾਰਟੀਆਂ ਇਸ ਨੂੰ ਚੋਣ ਪ੍ਰਚਾਰ ਦਾ ਮੁੱਦਾ ਬਣਾ ਸਕਣ ਅਤੇ ਕਰਮਚਾਰੀਆਂ ਨੂੰ ਵੀ ਭਰਮ-ਜਾਲ਼ 'ਚ ਰੱਖਿਆ ਜਾ ਸਕੇ। ਕਿਉਂਕਿ ਮੋਦੀ ਸਰਕਾਰ ਵੱਲੋਂ OPS ਵਿਰੁੱਧ ਕੂੜ-ਪ੍ਰਚਾਰ ਦੇ ਸਿਰਜੇ ਗਏ ਝੂਠੇ ਬਿਰਤਾਂਤ ਨੇ ਸਗੋਂ ਕਰਮਚਾਰੀਆਂ ਦੇ ਰੋਹ ਨੂੰ ਹੋਰ ਭੜਕਾਇਆ ਹੈ।
* ਪੁਰਾਣੀ ਪੈਨਸ਼ਨ ਪ੍ਰਣਾਲੀ (OPS) ਦੀ ਬਹਾਲੀ ਨੂੰ ਲੈਕੇ ਸੰਘਰਸ਼ ਕਰ ਰਹੀਆਂ ਜਥੇਬੰਦੀਆਂ/ਪਲੇਟਫਾਰਮਾਂ ਲਈ ਕੇਂਦਰ ਦੀ ਮੋਦੀ ਸਰਕਾਰ ਦੇ ਇਸ ਦੰਭ ਨੂੰ ਨੰਗਾ ਕਰਨ ਤੇ ਭਰਮ-ਜਾਲ਼ ਨੂੰ ਤੋੜਨ ਦਾ ਅਹਿਮ ਕਾਰਜ ਵੀ ਹੱਥ ਲੈਣਾ ਹੋਵੇਗਾ।
-
ਯਸ਼ ਪਾਲ, ਲੇਖਕ
yashpal.vargchetna@gmail.com
98145-35005
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.