ਪਿਛਲੇ ਸਾਲ ਜਦ ਮੈਂ ਵਰਧਾ (ਮਹਾਂਰਾਸ਼ਟਰ) ਮਹਾਤਮਾ ਗਾਂਧੀ ਅੰਤਰਰਾਸ਼ਟਰੀ ਹਿੰਦੀ ਯੂਨਿਵਰਸਿਟੀ ਵਿਖੇ ਜੁਆਇਨ ਕੀਤਾ, "ਰਾਈਟਰ ਇਨ ਰੈਜੀਡੈਂਟ", ਤਾਂ ਸਾਡੇ ਹਰਮਨ ਪਿਆਰੇ IPS ਅਫਸਰ, ਮੇਰੇ ਨੇੜਲੇ ਮਿੱਤਰ ਦੀਪਕ ਪਾਰਿਕ ਨੇ ਫੋਨ ਕਰਕੇ ਪੁੱਛਿਆ ਕਿ ਤੂੰ ਵਰਧਾ ਜਿਲੇ ਦੇ ਐਸ ਐਸ ਪੀ ਸਾਹਬ ਦੀ ਕਹਾਣੀ ਪੜੀ ਹੋਈ ਹੈ? ਮੇਰੇ 'ਨਾਂਹ' ਆਖਣ ਉਤੇ ਦੀਪਕ ਪਾਰਿਕ ਨੇ ਵਟਸ ਐਪ ਉਤੇ ਇਕ ਕਹਾਣੀ ਭੇਜੀ। ਰੌਚਕ ਗੱਲਬਾਤ ਸੀ ਤੇ ਹੋਰਨਾਂ ਨਾਲ ਸਾਂਝੀਕਰਨ ਯੋਗ ਵੀ ਸੀ "ਨੂਰ ਉਲ ਹਸਨ" ਦੀ ਕਹਾਣੀ ਤੇ ਜਿਸ ਦਿਨ ਮੈਂ ਜਿਲਾ ਪੁਲੀਸ ਮੁਖੀ ਵਰਧਾ ਜਨਾਬ ਨੂਰਅਲ ਹਸਨ IPS ਨੂੰ ਮਿਲਿਆ, ਤਾਂ ਉਹਨਾਂ ਦੀ ਨਿੱਘੀ ਸ਼ਖਸੀਅਤ ਤੇ ਹਲੀਮੀ ਨੇ ਉਹਨਾਂ ਕੋਲੋਂ ਉਠਣ ਨਾ ਦਿੱਤਾ ਜਦ ਕਿ ਮੈਂ ਵਾਰ ਵਾਰ ਜਾਣ ਲਈ ਆਖਿਆ।
ਯੂਪੀ ਦੀ ਅਦਾਲਤ ਦੇ ਇਕ ਜੱਜ ਦੇ ਅਰਦਲੀ ਦਾ ਮੁੰਡਾ IPS ਬਣ ਕੇ ਏਨਾ ਸੂਖਮ ਭਾਵੀ ਹੈ ਤੇ ਪੜਨ ਲਿਖਣ ਦਾ ਸ਼ੌਕੀਨ ਵੀ, ਤੇ ਹੋਰਨਾਂ ਵਾਸਤੇ ਪ੍ਰੇਰਨਾ ਦਾ ਸ੍ਰੋਤ ਵੀ, ਇਹ ਚੰਗਾ ਸਬੱਬ ਹੀ ਸੀ। ਲੱਗਿਆ ਕਿ ਨੂਰ ਅਲ ਹਸਨ ਜਿਵੇਂ ਮੈਨੂੰ ਹੀ ਉਡੀਕ ਰਿਹਾ ਸੀ ਬੈਠਾ! ਖੈਰ!
**
ਯੂ ਪੀ ਦੇ ਪੀਲੀਭੀਤ ਨੇੜੇ ਇਕ ਛੋਟਾ ਜਿਹਾ ਪਿੰਡ ਹੈ ਹਰਰਾਏਪੁਰ। ਪਿੰਡ ਦੇ ਇਕ ਗਰੀਬ ਪਰਿਵਾਰ ਦਾ ਮੁੰਡਾ ਨੂਰ ਉਲ ਆਪਣੀ ਮੁੱਢਲੀ ਪੜਾਈ ਪਿੰਡ ਦੇ ਹੀ ਸਕੂਲ 'ਚੋ ਹਿੰਦੀ ਮੀਡੀਅਮ ਰਾਹੀਂ ਕਰਦਾ ਹੈ। ਜਿਵੇਂ ਜਿਕਰ ਕੀਤਾ ਹੈ ਕਿ ਪਿਤਾ ਜੀ ਜੱਜ ਦੇ ਅਰਦਲੀ ਤੇ ਘਰ ਦਾ ਤੋਰਾ ਔਖਾ ਹੀ ਤੁਰਦਾ ਸੀ। ਜਦ ਨੂਰ ਉਲ ਨੇ ਬਾਰਵੀਂ ਪਾਸ ਕਰ ਲਈ, ਤਾਂ ਬੀ ਟੈਕ ਕਰਨੀ ਸੀ ਤੇ ਪਿਤਾ ਜੀ ਕੋਲ ਪੈਸੇ ਨਹੀਂ ਸਨ, ਪੈਂਤੀ ਹਜਾਰ ਰੁਪਏ ਦੀ ਲੋੜ ਸੀ। ਪਿਤਾ ਜੀ ਨੇ ਪਿੰਡ ਵਾਲੀ ਆਪਣੀ ਇਕ ਏਕੜ ਜਮੀਨ ਵੇਚ ਦਿੱਤੀ। ਨੂਰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿਚ ਚਲਾ ਗਿਆ ਤੇ ਅੱਗੇ ਫੀਸ ਭਰਨ ਵਾਸਤੇ ਉਸਨੇ ਫਿਜ਼ਿਕਸ ਤੇ ਕਮਿਸਟਰੀ ਦੀ ਟਿਊਸ਼ਿਨ ਪੜਾਉਣੀ ਸ਼ੁਰੂ ਕਰ ਦਿੱਤੀ। ਬੀ ਟੈਕ ਹੋ ਗਈ। ਹੁਣ ਦੋ ਛੋਟੇ ਭਰਾਵਾਂ ਦੀ ਪੜਾਈ ਦਾ ਵੀ ਉਸਨੂੰ ਫਿਕਰ ਸੀ, ਉਸ ਨੇ ਸਿਮੇਨਿਸ ਨਾਮੀਂ ਇਕ ਵੱਡੀ ਕੰਪਨੀ ਵਿਚ ਨੌਕਰੀ ਕਰਨੀ ਸ਼ੁਰੂ ਕੀਤੀ ਤੇ ਆਪ ਵੀ ਅੱਗੇ ਪੜਦਾ ਗਿਆ।
ਉਸਨੇ ਭਾਭਾ ਆਟੋਮੈਟਿਕ ਰਿਸਰਚ ਇੰਸਟੀਚਿਊਟ ਵਿਚ ਇੰਟਰਵਿਊ ਦਿੱਤੀ,ਉਹ ਤਾਰਾਪੁਰ ਸੈਂਟਰ ਵਿੱਚ ਵਿਗਿਆਨੀ ਵਜੋਂ ਨਿਯੁਕਤ ਹੋ ਗਿਆ। ਚੰਗੀ ਤਨਖਾਹ ਤੇ ਵਧੀਆ ਪਦਵੀ ਸੀ, ਉਹ ਫਿਰ ਵੀ ਪੜਦਾ ਰਿਹਾ ਤੇ IAS ਦੀ ਤਿਆਰੀ ਵਿਚ ਜੁਟਿਆ ਰਿਹਾ। ਦੋ ਵਾਰੀ ਸਫਲ ਨਾ ਹੋਇਆ ਪਰ ਯਤਨ ਜਾਰੀ ਹੀ ਰੱਖਿਆ। ਉਸਨੇ ਮਨ ਵਿਚ ਧਾਰੀ ਹੋਈ ਸੀ ਕਿ ਸਮਾਜ ਨੂੰ ਕੁਝ ਕਰਕੇ ਵਿਖਾਉਣਾ ਹੈ ਤੇ ਕਠਿਨ ਮਿਹਨਤ ਕਰਨੀ ਹੀ ਕਰਨੀ ਹੈ।ਪੀਲੀਭੀਤ ਦੇ ਇਕ ਗੁਰਦੁਆਰੇ ਵਿਚ ਜਾ ਜਾ ਕੇ ਪੰਜਾਬੀ ਸਿੱਖੀ ਤੇ ਕਈ ਸਾਲ ਗੁਰੂ ਘਰ ਦੇ ਸਕੂਲੇ ਪੜਿਆ। ਆਖਿਰ 2015 ਵਿਚ ਨੂਰ ਉਲ ਹਸਨ ਮਹਾਂਰਾਸ਼ਟਰ ਪ੍ਰਾਂਤ ਵਾਸਤੇ IPS ਚੁਣਿਆ ਗਿਆ। ਕਈ-ਕਈ ਥਾਈਂ ਰਹਿਕੇ ਉਹ ਪਿਛਲੇ ਸਾਲ ਹੀ ਵਰਧਾ ਦਾ ਜਿਲਾ ਪੁਲਿਸ ਮੁਖੀ ਬਣਿਆ। ਉਹ ਆਪਣਾ ਆਦਰਸ਼ ਡਾ ਏ ਪੀ ਜੇ ਅਬਦੁਲ ਕਲਾਮ ਨੂੰ ਮੰਨਦਾ ਹੈ। ਉਸਨੇ ਸਿੱਧ ਕੀਤਾ ਹੈ ਕਿ ਜਿੰਨਾ ਨੇ ਆਪਣੀ ਮੰਜਿਲ ਪਾਉਣੀ ਹੁੰਦੀ ਹੈ, ਉਨਾਂ ਲਈ 'ਗਰੀਬੀ' ਤੇ 'ਧਰਮ' ਵਰਗੇ ਸ਼ਬਦ ਕੋਈ ਮਾਇਨੇ ਨਹੀਂ ਰੱਖਦੇ ਹੁੰਦੇ ਤੇ ਉਨਾਂ ਦੀਆਂ ਕੀਤੀਆਂ ਮਿਹਨਤਾਂ ਨੂੰ ਹੀ ਮੇਵੇ ਮਿਲਦੇ ਨੇ। ਸ਼ੁਭ ਇਛਾਵਾਂ ਨੂਰ ਅਲ ਹਸਨ ਭਾਈ!
(ਲੰਬੇ ਲੇਖ 'ਚੋਂ ਕੁਝ ਹਿੱਸਾ)
-
ਨਿੰਦਰ ਘੁਗਿਆਣਵੀ, ਲੇਖਕ
ninder_ghugianvi@yahoo.com
94174 21700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.