ਸਮੁੱਚੇ ਬ੍ਰਹਿਮੰਡ ਦੇ ਸਾਰੇ ਗ੍ਰਹਿਆਂ ਵਿਚੋ ਧਰਤੀ ਸਭ ਤੋਂ ਉਤਮ ਅਤੇ ਕਿਸਮਤ ਵਾਲਾ ਗ੍ਰਹਿ ਮੰਨਿਆ ਗਿਆ ਹੈ, ਕਿਉਂਕਿ ਸਾਡੇ ਹੁਣ ਤੱਕ ਦੇ ਗਿਆਨ ਮੁਤਾਬਕ ਸਿਰਫ ਧਰਤੀ ਉਪਰ ਹੀ ਸਚੁੱਜਾ ਜੀਵਨ ਸੰਭਵ ਹੈ। ਇਥੇ ਜਿੰਦਗੀ ਬਹੁਤ ਹੀ ਸੁਚਾਰੂ ਢੰਗ ਨਾਲ ਵਿਕਸਿਤ ਹੋਈ ਹੈ, ਚਾਹੇ ਉਹ ਮਨੁੱਖੀ ਜਿੰਦਗੀ ਦੇ ਰੂਪ ਵਿੱਚ ਹੋਵੇ ਜਾਂ ਪਸ਼ੂ ਪੰਛੀਆਂ, ਪੇੜ ਪੌਂਦੇ ਜਾਂ ਸਮੂੰਦਰੀ ਜੀਵਾ ਦੀ ਜਿੰਦਗੀ ਹੋਵੇ। ਇਹ ਸਭ ਇੱਕ ਦੂਜੇ ਦੇ ਪੂਰਕ ਹਨ, ਧਰਤੀ ਉੱਪਰ ਕੁਦਰਤ ਦਾ ਸੰਤੁਲਨ ਬਣਾਈ ਰੱਖਣ ਲਈ ਇਹਨਾਂ ਸਭ ਦੀ ਹੋਂਦ ਜ਼ਰੂਰੀ ਹੈ। ਧਰਤੀ , ਮਾਂ ਦੇ ਰੂਪ ਵਿੱਚ ਇਹਨਾਂ ਸਭ ਦਾ, ਇਕ ਸਮਾਨ ਧਿਆਨ ਰੱਖਦੀ ਹੈ। ਮਨੁੱਖੀ ਜੀਵਨ ਇਸ ਧਰਤੀ ਉਪਰ ਕੁਦਰਤ ਦਾ ਸਭ ਤੋਂ ਵੱਡਾ ਤੋਹਫਾ ਹੈ। ਪੂਰੇ ਵਿਸ਼ਵ ਵਿੱਚ 800 ਕਰੋੜ ਤੋਂ ਵੱਧ ਮਨੁੱਖੀ ਜੀਵ ਇਸ ਧਰਤੀ ਮਾਂ ਦੀ ਬਦੌਲਤ ਹੀ ਸੁਚੱਜਾ ਜੀਵਨ ਬਤੀਤ ਕਰ ਰਹੇ ਹਨ।
ਮਨੁੱਖੀ ਜੀਵਨ ਨੂੰ ਸੁਚੱਜੇ ਢੰਗ ਨਾਲ ਬਤੀਤ ਕਰਨ ਲਈ ਕੁਦਰਤ ਨੇ ਮਨੁੱਖੀ ਜਨਮ ਸਮੇਂ ਸ਼ੂਧ ਹਵਾਂ, ਨਿਰਮਲ ਜਲ, ਸੀਤਲ ਚਾਦਨੀ ਅਤੇ ਸੁਨਿਹਰੀ ਕਿਰਨਾ ਪੈਦਾ ਕੀਤੀਆਂ ਤਾਂ ਜੋ ਕੁਦਰਤ ਦਾ ਸੰਤੁਲਨ ਬਣਿਆ ਰਹੇ। ਅੱਜ ਤੋਂ ਸੈਕੜੇ ਸਾਲ ਪਹਿਲਾ ਮਹਾਨ ਗੁਰੂ ਨਾਨਕ ਦੇਵ ਜੀ ਨੂੰ ਆਪਣੀ ਬਾਣੀ ਵਿੱਚ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਹੈ। ਹਿੰਦੂ ਧਰਮ ਦੇ ਪਵਿੱਤਰ ਗ੍ਰੰਥਾ ਵਿੱਚ ਵੀ ਧਰਤੀ ਦਾ ਪੂਜਨ ਯੋਗ ਸਥਾਨ ਦੱਸਿਆ ਹੈ ।ਪ੍ਰੰਤੂ ਮਨੁੱਖ ਨੇ ਜਿਉ ਜਿਉ ਤਰੱਕੀ ਕੀਤੀ ਨਾਲ ਨਾਲ ਹੀ ਕੁਦਰਤ ਦੇ ਦਿੱਤੇ ਅਨਮੋਲ ਤੋਹਫਿਆ ਨੂੰ ਇਕ ਦੈਂਤ ਦੀ ਤਰਾ ਲੁਟਿੱਆ ਅਤੇ ਧਰਤੀ ਰੂਪੀ ਗ੍ਰਹਿ ਨੂੰ ਪੂਰੀ ਤਰਾਂ ਪ੍ਰਦੁਸ਼ਿਤ ਕਰ ਦਿੱਤਾ।
ਅੱਜ ਦੁਖ ਦੀ ਗੱਲ ਹੈ ਕਿ ਧਰਤੀ ਮਾਂ ਦੀ ਰੱਖਿਆ ਲਈ ਅਤੇ ਇਸ ਦੀ ਸੰਭਾਲ ਪ੍ਰਤੀ ਸਮਾਜ ਨੂੰ ਜਾਗਰੂਕ ਕਰਨ ਲਈ ਅਨੇਕਾ ਮੁਹਿੰਮਾ ਚਲਾਉਂਨੀਆ ਪੈ ਰਹੀਆ ਹਨ। ਇਸੇ ਕੜੀ ਤਹਿਤ ਹੀ 22 ਅਪ੍ਰੈਲ ਦਾ ਦਿਨ ਪੂਰੇ ਵਿਸ਼ਵ ਵਿੱਚ ਵਿਸ਼ਵ ਧਰਤ ਦਿਵਸ ਵਲੋਂ ਮਨਾਇਆ ਜਾਂਦਾ ਹੈ, ਇਸ ਦਿਨ ਦੀ ਸ਼ੁਰੂਆਤ 22 ਅਪ੍ਰੈਲ 1970 ਵਿੱਚ ਅਮਰੀਕਾ ਦੇ ਸੈਨੇਟਰ ਗੇਲਾਰਡ ਨੈਲਸ਼ਨ ਵਲੋਂ ਕੀਤੀ ਗਈ। ਇਸ ਦਿਨ ਧਰਤੀ ਦੀ ਮਹੱਤਤਾਂ ਨੂੰ ਦਰਸਾਉਦੇ ਅਨੇਕਾ ਪ੍ਰੋਗਰਾਮ ਕਰਵਾਏ ਜਾਦੇ ਹਨ।
ਸਕੂਲਾਂ, ਕਾਲਜਾ ਅਤੇ ਯੁਨੀਵਰਸਿਟੀਆਂ ਵਿੱਚ ਸੈਮੀਨਰ, ਭਾਸ਼ਨ ਮੁਕਾਬਲੇ, ਪੇਟਿੰਗ ਮੁਕਬਲੇ ਅਤੇ ਚੇਤਨਾ ਰੈਲੀਆ ਦਾ ਆਯੋਜਨ ਕਰਕੇ ਧਰਤੀ ਨੂੰ ਸਵੱਛ ਅਤੇ ਪ੍ਰਦਸ਼ਨ ਮੁਕਤ ਕਰਨ ਲਈ ਜਾਗਰੂਕ ਕੀਤਾ ਜਾਂਦਾ ਹੈ।ਸਾਲ 2023 ਦੇ ਵਿਸ਼ਵ ਧਰਤ ਦਿਵਸ ਲਈ ਥੀਮ "ਸਾਡੇ ਗ੍ਰਹਿ ਵਿਚ ਨਿਵੇਸ਼ ਕਰੋ" ਅਰਥਾਤ ਇਸ ਦਿਨ ਉੱਪਰ ਧਰਤੀ ਨੂੰ ਸੁਰੱਖਿਅਤ ਰੱਖਣ ਲਈ ਪ੍ਰਦੂਸ਼ਣ ਅਤੇ ਦਰੱਖਤਾਂ ਦੀ ਅੰਨ੍ਹੇਵਾਹ ਕਟਾਈ ਨੂੰ ਰੋਕਣ ਲਈ ਜਾਗਰੂਕਤਾ ਪੈਦਾ ਕਰਨ ਲਈ ਜਾਗਰੂਕਤਾ ਪ੍ਰੋਗਰਾਮ ਕਰਨ ਦੇ ਯਤਨ ਕੀਤੇ ਜਾਣਗੇ ,ਤਾਂ ਜੋ ਧਰਤੀ ਖੁਸ਼ਹਾਲ ਅਤੇ ਸਿਹਤਮੰਦ ਰਹਿ ਸਕੇ। ਵਿਸ਼ਵ ਦੇ 190 ਤੋਂ ਵੱਧ ਦੇਸ਼ਾਂ ਦੇ 100 ਕਰੋੜ ਤੋਂ ਵੱਧ ਲੋਕਾਂ ਨੂੰ ਇਸ ਮੁਹਿੰਮ ਨਾਲ ਜੋੜਨ ਦਾ ਟੀਚਾ ਹੈ।
ਮਨੁੱਖੀ ਨੇ ਆਪਣੀ ਉਣੀ ਸੋਚ ਸਦਕਾ ਇਸ ਧਰਤੀ ਉਪਰ ਹਵਾ ਨੂੰ ਇਸ ਕਦਰ ਪ੍ਰਦਸ਼ਿਤ ਕਰ ਦਿਤਾ ਹੈ ਕਿ ਅੱਜ ਮਨੁੱਖ ਤਾ ਕੀ ਜੀਵ ਜੰਤੂਆਂ ਦਾ ਸਾਹ ਲੈਣਾ ਵੀ ਔਖਾ ਹੋ ਰਿਹਾ ਹੈ। ਹਵਾ ਵਿੱਚ ਨਾਈਟਰੋਜਨ ਆਕਸਾਈਡ ਕਾਰਬਨ ਡਾਈਆਂਕਸਾਈਡ, ਸਲਫਰਡਾਈਆਕਸਾਈਡ ਅਤੇ ਕਲੌਰੋ ਫਲੋਰੋ ਕਾਰਬਨ ਵਰਗੀਆਂ ਜਹਿਰੀਲੀਆਂ ਗੈਸਾ ਦੀ ਵੱਧਦੀ ਮਾਤਰਾ ਕਰਨ ਅਨੇਕਾ ਲਾਇਲਾਜ ਬਿਮਾਰੀਆ ਤੋ ਪੀੜਤ ਲੋਕਾ ਦੀ ਗਿਣਤੀ ਤੇਜੀ ਨਾਲ ਵੱਧ ਰਹੀ ਹੈ। ਮਨੁੱਖੀ ਗਲਤੀਆਂ ਦੇ ਕਾਰਨ ਹੀ ਕਰੋਨਾ ਵਰਗੀ ਮਹਾਂਮਾਰੀ ਦਾ ਸਾਹਮਣਾ ਪੂਰੇ ਵਿਸ਼ਵ ਨੂੰ ਕਰਨਾ ਪੈ ਰਿਹਾ ਹੈ। ਹਵਾਂ ਪ੍ਰਦਸ਼ਨ ਦੇ ਕਾਰਨ ਮਨੁੱਖਤਾ ਦੀ ਅਰੋਗਤਾ ਨੂੰ ਬਹੁਤ ਵੱਡਾ ਧੱਕਾ ਲੱਗਿਆ ਹੈ।
ਧਰਤੀ ਜਿਸ ਨੂੰ ਅਸੀਂ ਵੱਡੀ ਮਾਂ ਦਾ ਦਰਜਾ ਦਿੰਦੇ ਹਾਂ, ਅੱਜ ਸਾਨੂੰ ਖਾਣ ਲਈ ਜਹਿਰੀਲੀਆਂ ਫਸਲਾ ਪੈਦਾ ਕਰਕੇ ਦੇ ਰਹੀ ਹੈ, ਜਿਸ ਦਾ ਮੁੱਖ ਕਾਰਨ ਕਿਸਾਨ ਭਰਾਵਾ ਵਲੋਂ ਵੱਧ ਪੈਦਾਵਾਰ ਦੇ ਲਾਲਚ ਵਸ ਕੀੜੇਮਾਰ ਰਸਾਇਨ, ਨਦੀਨ ਨਾਸ਼ਕ, ਰਸਾਇਨਕ ਖਾਦਾਂ ਆਦਿ ਦੀ ਅੰਨੇਵਾਹ ਵਰਤੋਂ ਕਰਨਾ ਹੈ। ਉਦਯੋਗਿਕ ਪ੍ਰਦਸ਼ਨ ਅਤੇ ਰੇਡੀਉ ਐਕਟਿਵ ਪਦਾਰਥ ਵੀ ਪ੍ਰਦੂਸ਼ਣ ਵਿੱਚ ਵਾਧਾ ਕਰ ਰਹੇ ਹਨ। ਕਿਸਾਨ ਵੀਰਾ ਵਲੋਂ ਸਾਲ ਵਿੱਚ ਦੋ ਵਾਰ ਝੌਨੇ ਅਤੇ ਕਣਕ ਦੀ ਫਸਲ ਤੋਂ ਬਾਅਦ ਫਸਲ ਦੀ ਰਹਿੰਦ ਖੁੰਹਦ ਅਤੇ ਪਰਾਲੀ ਨੂੰ ਸਾੜਨ ਵਰਗੇ ਆਤਮਘਾਤੀ ਕੰਮਾ ਸਦਕਾ ਉਸ ਸਮੇਂ ਵਾਤਾਵਰਨ ਇਸ ਕਦਰ ਪ੍ਰਦੂਸ਼ਿਤ ਅਤੇ ਜਹਿਰੀਲਾ ਹੋਂ ਜਾਂਦਾ ਹੈ ਕਿ ਸਾਹ ਲੈਣਾ ਵੀ ਮੁਸ਼ਕਲ ਹੋ ਜਾਂਦਾ ਹੈ ਅਤੇ ਅੱਖਾ ਦੇ ਰੋਗ, ਦਮਾ, ਖਾਸੀ, ਚਮੜੀ ਦੇ ਰੋਗ ਅਤੇ ਫੇਫੜਿਆ ਦੀਆਂ ਅਨੇਕਾ ਭਿਅੰਕਰ ਬਿਮਾਰੀਆ ਉਤਪੰਨ ਹੋ ਜਾਂਦੀਆ ਹਨ।
ਇਸ ਤੋਂ ਇਲਾਵਾ ਜੀਵ ਜੰਤੂ ਵੀ ਇਸਦਾ ਸੰਤਾਪ ਭੋਗ ਰਹੇ ਹਨ। ਅਨੇਕਾ ਜੀਵ ਜਾਤੀਆਂ ਜਿਵੇਂ ਕਿ ਚਿੜੀਆਂ, ਇੱਲਾਂ, ਉਲੂ ਅਤੇ ਗੁਟਾਰਾ ਆਦਿ ਦਾ ਤੇਜੀ ਨਾਲ ਖਾਤਮਾ ਹੋ ਰਿਹਾ ਹੈ। ਕਿਸਾਨਾ ਦੇ ਮਿੱਤਰ ਕੀੜੇ ਪਤੰਗੇ, ਗਡੋਏ, ਡੱਡੂ, ਡੱਡੀਆਂ, ਸੱਪ ਅਤੇ ਕਿਰਲੇ ਖੁੱਡਾ ਵਿੱਚ ਹੀ ਮਰ ਜਾਂਦੇ ਹਨ, ਅਨੇਕਾ ਦਰਖਤ ਸੜ ਜਾਂਦੇ ਹਨ ਅਤੇ ਅਨੇਕਾ ਵਾਰ ਖੜੀ ਫਸਲ ਵੀ ਸੜ ਜਾਂਦੀ ਹੈ। ਜਹਿਰੀਲੀਆਂ ਗੈਸਾ ਹਵਾ ਵਿੱਚ ਘੁਲਦੀਆ ਹਨ, ਜਿੰਨਾ ਦਾ ਅਸਰ ਬਹੁਤ ਲੰਮਾ ਸਮਾਂ ਹਵਾ ਵਿੱਚ ਰਹਿੰਦਾ ਹੈ। ਜਿਸਦੇ ਕਾਰਨ ਵਾਤਾਵਰਣ ਦਾ ਅਸਤੁੰਲਨ ਲਗਾਤਾਰ ਵੱਧ ਰਿਹਾ ਹੈ। ਕਿਸਾਨਾ ਨੂੰ ਇਸ ਪ੍ਰਤੀ ਜਾਗਰੂਕ ਕਰਕੇ ਇਸ ਆਤਮਘਾਤੀ ਕਦਮ ਤੋਂ ਰੋਕਣਾ ਸਮੇਂ ਦੀ ਵੱਡੀ ਜਰੂਰਤ ਹੈ।
ਵਧਦੇ ਪ੍ਰਦੂਸ਼ਨ ਦੇ ਨਤੀਜੇ ਵਜੋ ਤਾਪਮਾਨ ਵਿੱਚ ਭਾਰੀ ਵਾਧਾ ਹੋ ਰਿਹਾ ਹੈ। ਜਿਸਦੀ ਬਦੋਲਤ ਗਲੋਬਲ ਵਾਰਮਿੰਗ ਵਰਗੀਆਂ ਸਮੱਸਿਆਵਾਂ ਹੋਰ ਗੰਭੀਰ ਹੋ ਰਹਿਆ ਹਨ, ਜਿਸਦੇ ਕਾਰਨ ਗਲੇਸ਼ੀਅਰ ਪਿਘਲ ਰਹੇ ਹਨ, ਸਮੂੰਦਰ ਤਲ ਲਗਾਤਾਰ ਵੱਧ ਰਹੇ ਹਨ, ਵੱਧ ਤਾਪਮਾਨ ਨਾਲ ਫਸਲਾ ਵੀ ਛੇਤੀ ਪੱਕ ਰਹੀਆ ਹਨ, ਜਿਸਦਾ ਮਾੜਾ ਅਸਰ ਫ਼ਸਲਾ ਦੀ ਉਤਪਾਦਕਤਾਂ ਤੇ ਪੈ ਰਿਹਾ ਹੈ, ਉਪਜਾਉ ਸ਼ਕਤੀ ਲਗਾਤਾਰ ਘੱਟ ਰਹੀ ਹੈ। ਵਾਤਾਵਰਣ ਪ੍ਰੇਮੀ ਇਹਨਾਂ ਭਿਅਕੰਰ ਸਿੱਟਿਆਂ ਤੋਂ ਬੇਹਦ ਚਿੰਤਤ ਹਨ।
ਸਮੂੱਚੀ ਧਰਤੀ ਦਾ 70 ਤੋਂ 75 ਫੀਸਦੀ ਹਿੱਸਾ ਪਾਣੀ ਹੈ, ਜਿਹੜਾ ਕਿ ਸਮੁੰਦਰਾ, ਨਦੀਆਂ, ਤਲਾਬਾ, ਗਲੇਸ਼ੀਅਰਾ ਅਤੇ ਧਰਤੀ ਹੇਠਲੇ ਪਾਣੀ ਦੇ ਰੂਪ ਵਿੱਚ ਮੌਜੂਦ ਹੈ। ਕੁਦਰਤ ਵਲੋਂ ਦਿੱਤੇ ਤੋਹਫਿਆ ਵਿਚੋ ਪਾਣੀ ਇੱਕ ਅਨਮੋਲ ਤੋਹਫਾ ਹੈ, ਪਰੰਤੂ ਮਨੁੱਖੀ ਗਲਤੀਆ ਕਾਰਨ ਅੱਜ ਪੂਰਾ ਦੇਸ਼ ਗੰਭੀਰ ਪਾਣੀ ਸੰਕਟ ਵਿਚੋ ਗੁਜਰ ਰਿਹਾ ਹੈ। ਮੌਜੂਦਾ ਸਮੇਂ ਜਲ ਸਰੋਤਾ ਨੂੰ ਦੂਰੀ ਮਾਰ ਪੈ ਰਹੀ ਹੈ, ਪਹਿਲਾ ਧਰਤੀ ਹੇਠਲਾ ਜਲ ਸਤਰ ਲਗਾਤਾਰ ਬਹੁਤ ਤੇਜੀ ਨਾਲੀ ਨੀਵਾ ਜਾਣਾ ਅਤੇ ਦੂਜਾ ਮੌਜੂਦਾ ਪਾਣੀ ਵਿੱਚ ਵੱਧਦਾ ਪ੍ਰਦੂਸ਼ਨ। ਪਾਣੀ ਦੀ ਘਾਟ ਕਾਰਨ ਧਰਤੀ ਬੰਜਰ ਹੋ ਰਹੀ ਹੈ ਅਤੇ ਜਲ ਪ੍ਰਦੂਸ਼ਨ ਨੇ ਪਾਣੀ ਨੂੰ ਵਿਕਾਉ ਚੀਜ ਬਣਾ ਦਿੱਤਾ ਹੈ। ਅੱਜ ਧਰਤੀ ਦੀ ਉਪਜਾਊ ਸ਼ਕਤੀ ਬਨਾਈ ਰੱਖਣ ਲਈ ਪਾਣੀ ਦੀ ਬੂੰਦ ਬੂੰਦ ਬਚਾਉਣ ਦੀ ਸਖ਼ਤ ਜਰੂਰਤ ਹੈ।
ਧਰਤੀ ਉੱਪਰ ਵੱਧਦੀ ਜਨਸੰਖਿਆ ਦਾ ਪੇਟ ਭਰਨ ਅਤੇ ਰਹਿਣ ਲਈ ਮਕਾਨ ਬਨਾਉਂਣ ਲਈ ਦਰਖ਼ਤਾਂ ਦੀ ਕਟਾਈ ਲਗਾਤਾਰ ਬੇ ਰਹਿਮੀ ਨਾਲ ਹੋ ਰਹੀ ਹੈ। ਜੰਗਲ ਹੇਠ ਰਕਬਾ ਜੋ ਘੱਟ ਤੋਂ ਘੱਟ 33 ਫੀਸਦੀ ਹੋਣਾ ਚਾਹੀਦਾ ਹੈ, ਜੋ ਸਿਰਫ 9 ਤੋਂ 10 ਫੀਸਦੀ ਹੀ ਰਹਿ ਗਿਆ ਹੈ, ਜੋ ਕਿ ਖਤਰੇ ਦੀ ਘੰਟੀ ਹੈ। ਵਧਦੇ ਸ਼ਹਿਰੀਕਰਨ ਦੇ ਕਾਰਨ ਫਾਲਤੂ ਕੁੜਾ ਕਰਕਟ, ਗੰਦਗੀ, ਪਲਾਸਟਿਕ ਪ੍ਰਦਾਰਥ ਅਤੇ ਵਿਸ਼ੇਸ਼ ਤੌਰ ਤੇ ਪੋਲੀਥੀਨ ਬੈਗ ਦੀ ਵਧਦੀ ਵਰਤੋਂ ਧਰਤੀ ਨੂੰ ਕੂੜੇ ਦੇ ਢੇਰ ਵਿੱਚ ਤਬਦੀਲ ਕਰ ਰਹੇ ਹਨ।
ਅਜੇ ਵੀ ਸਮਾਂ ਗਵਾਏ ਬਗੈਰ ਧਰਤੀ ਦੀ ਸੰਭਾਲ ਅਤੇ ਇਸਨੂੰ ਪਰਦੂਸ਼ਨ ਮੁਕਤ ਕਰਨ ਵਿੱਚ ਯੋਗਦਾਨ ਪਾਉਂਣ ਦੀ ਸਖਤ ਜਰੂਰਤ ਹੈ,ਇਸ ਦੀ ਸ਼ੁਰੂਆਤ ਸਾਨੂੰ ਆਪਣੇ ਘਰ ਤੋਂ ਹੀ ਕਰਨੀ ਪਵੇਗੀ। ਅੱਜ ਅਸੀਂ ਘਰ ਅੰਦਰ ਆਉਂਦੀ ਧੂੜ ਮਿੱਟੀ ਤੋਂ ਤਾਂ ਚਿੰਤਤ ਹਾਂ, ਪਰੰਤੂ ਧਰਤੀ ਉਪਰ ਮੌਜੂਦ ਕੁਦਰਤੀ ਸੋਮਿਆ ਦੀ ਕੋਈ ਚਿੰਤਾ ਨਹੀ ਹੈ।
ਧਰਤੀ ਨੂੰ ਪ੍ਰਦੂਸ਼ਨ ਮੁਕਤ ਕਰਨ ਲਈ ਵਿਸ਼ੇਸ਼ ਯਤਨ ਕਰਨ ਦੀ ਜਰੂਰਤ ਹੈ। ਵੱਧ ਤੋਂ ਵੱਧ ਦਰਖਤ ਲਗਾਏ ਜਾਣ ਅਤੇ ਉਹਨਾ ਦੀ ਸੰਭਾਲ ਯਕੀਨੀ ਬਨਾਈ ਜਾਵੇ, ਬੂਟੇ ਲਗਾਉਂਣ ਦੀ ਮੁਹਿੰਮ ਫੋਟੋ ਸ਼ੋਅ ਤੱਕ ਹੀ ਸੀਮਿਤ ਨਾ ਹੋਵੇ, ਪੋਲੀਥੀਨ ਬੈਗ ਦਾ ਪ੍ਰਯੋਗ ਬੰਦ ਹੋਵੇ, ਮੋਟਰ ਗੱਡੀਆਂ ਦੀ ਵਰਤੋਂ ਘੱਟ ਕੀਤੀ ਜਾਵੇ ਤੇ ਇਹਨਾ ਉਪਰ ਵਿਸੇਸ਼ ਕਿਸਮ ਦੇ ਸਾਇਲੈਸਰ ਲਗਾਏ ਜਾਣ, ਲੈਡ ਰਹਿਤ ਪਟਰੋਲ ਦੀ ਵਰਤੋਂ ਕੀਤੀ ਜਾਵੇ, ਕਾਰਖਾਨਿਆ ਵਿੱਚ ਵਿਸੇਸ਼ ਕਿਸਮ ਦੀਆਂ ਚਿਮਨੀਆ ਲੱਗਣ, ਬਿਜਲੀ ਦੇ ਉਪਕਰਨਾਂ ਦੀ ਵਰਤੋਂ ਸਿਰਫ ਜਰੂਰਤ ਸਮੇਂ ਹੀ ਸੀਮਤ ਮਾਤਰਾ ਵਿੱਚ ਕੀਤੀ ਜਾਵੇ, ਅਜਿਹੇ ਛੋਟੇ ਛੋਟੇ ਕਦਮ ਧਰਤੀ ਨੂੰ ਸਵੱਛ ਰੱਖਣ ਵਿੱਚ ਵੱਡਾ ਯੋਗਦਾਨ ਪਾ ਸਕਦੇ ਹਨ।
ਵਿਸ਼ਵ ਧਰਤ ਦਿਵਸ ਸਿਰਫ 22 ਅਪ੍ਰੈਲ ਤੱਕ ਹੀ ਸੀਮਤ ਨਾ ਰਹੇ, ਹਰ ਦਿਨ ਹੀ ਧਰਤ ਦਿਵਸ ਦੀ ਤਰਾ ਹੀ ਬਤੀਤ ਕਰਦੇ ਹੋਏ ਇਸ ਦਾ ਸਤਿਕਾਰ ਕਰਨਾ ਚਾਹੀਦਾ ਹੈ ਤਾਂ ਜੋ ਸਾਡੀ ਧਰਤੀ ਸਵੱਛ ਤੇ ਸੁੰਦਰ ਦਿਖ ਸਕੇ।
-
ਡਾ: ਸਤਿੰਦਰ ਸਿੰਘ , (ਨੈਸ਼ਨਲ ਅਵਾਰਡੀ ਪ੍ਰਿੰਸੀਪਲ) ਪ੍ਰਧਾਨ ਐਗਰੀਡ ਫਾਉਂਡੇਸ਼ਨ ਪੰਜਾਬ
dr.satinder.fzr@gmail.com
98154 27554
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.