- ਖੇਤੀ ਪ੍ਰਧਾਨ ਭਾਰਤ ਦੇਸ਼ ਵਿੱਚ ਵੈਸਾਖ ਦਾ ਦਿਹਾੜਾ ਹੈ ਕਿਸਾਨ ਦੀ ਖੁਸ਼ਹਾਲੀ ਦਾ ਪ੍ਰਤੀਕ
- ਭਾਰਤ ਦੇ ਤਿਉਹਾਰ, ਉਹਨਾਂ ਬਾਹਰੀ ਤਾਕਤਾਂ ਨੂੰ ਕਰਾਰਾ ਜਵਾਬ ਹਨ ਜੋ ਦੇਸ਼ ਨੂੰ ਟੁਕੜਿਆਂ 'ਚ ਵੰਡਣਾ ਚਾਹੁੰਦੀਆਂ ਹਨ
ਭਾਰਤ ਅਨੇਕਤਾ ਵਿੱਚ ਏਕਤਾ ਦੀ ਸਭ ਤੋਂ ਉੱਤਮ ਮਿਸਾਲ ਹੈ, ਜੋਕਿ ਹਜ਼ਾਰਾਂ ਸਾਲਾਂ ਤੋਂ ਪੂਰੀ ਦੁਨੀਆ ਨੂੰ ਏਕਤਾ ਦਾ ਸੰਦੇਸ਼ ਦਿੰਦਾ ਆ ਰਿਹਾ ਹੈ। ਭਾਰਤ ਮਹਿਜ਼ ਇੱਕ ਸ਼ਬਦ ਨਹੀਂ ਸਗੋਂ ਹਰ ਭਾਰਤੀ ਦੀ ਆਤਮਾ ਹੈ ਜੋ ਉਨ੍ਹਾਂ ਨੂੰ ਏਕਤਾ ਦੇ ਧਾਗੇ ਵਿੱਚ ਬੰਨ੍ਹਦੀ ਹੈ। ਜਿਸਦੀ ਆਨ-ਬਾਨ-ਸ਼ਾਨ ਲਈ ਲੋਕ ਆਪਣਾ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਹੋ ਜਾਂਦੇ ਹਨ, ਜਿਸ ਦੀ ਆਜ਼ਾਦੀ ਲਈ ਲੱਖਾਂ ਲੋਕਾਂ ਨੇ ਆਪਣੇ ਖੂਨ ਦੀਆਂ ਨਦੀਆਂ ਵਹਾ ਦਿੱਤੀਆਂ, ਜਿਸ ਵਿੱਚ ਕਈ ਜਾਤਾਂ, ਧਰਮਾਂ, ਸੰਪਰਦਾਵਾਂ, ਭਾਸ਼ਾਵਾਂ, ਸਭਿਆਚਾਰਾਂ, ਸੱਭਿਅਤਾਵਾਂ ਦੇ ਲੋਕ ਰਹਿੰਦੇ ਹਨ, ਜਿਨ੍ਹਾਂ ਦੇ ਰੰਗ, ਰੂਪ, ਪਹਿਰਾਵੇ, ਬੋਲੀਆਂ ਭਾਵੇਂ ਕਈ ਹੋਣ ਪਰ ਉਨ੍ਹਾਂ ਦੀ ਪਛਾਣ ਸਿਰਫ਼ ਇੱਕ ਭਾਰਤੀ ਦੀ ਹੈ। ਜਿੱਥੇ ਦੀਵਾਲੀ, ਈਦ, ਹੋਲੀ, ਕ੍ਰਿਸਮਸ, ਵਿਸਾਖੀ ਕਿਸੇ ਇੱਕ ਧਰਮ ਤੱਕ ਸੀਮਤ ਨਹੀਂ ਹੈ, ਜਿੱਥੇ ਸਵੇਰੇ-ਸ਼ਾਮ ਅਜ਼ਾਨ, ਮੰਦਰਾਂ ਅਤੇ ਚਰਚਾਂ ਦੀਆਂ ਘੰਟੀਆਂ ਸੁਣਾਈ ਦਿੰਦੀਆਂ ਹਨ।
ਅੱਜ ਮੈਂ ਗੱਲ ਕਰਾਂਗਾ ਵੈਸਾਖ ਦਿਹਾੜੇ ਦੀ, ਜੋਕਿ ਭਾਰਤ ਦੇ ਅੰਨਦਾਤਾਵਾਂ ਲਈ ਖੁਸ਼ੀਆਂ-ਖੇੜੇ ਲੈ ਕੇ ਆਉਂਦਾ ਹੈ, ਇਹ ਸਾਲ ਦਾ ਉਹ ਦਿਹਾੜਾ ਹੁੰਦਾ ਹੈ ਜਦੋਂ ਸਾਨੂੰ ਭਾਰਤ ਦੀਆਂ ਵਿਭਿੰਨ ਸੰਸਕ੍ਰਿਤੀਆਂ ਦੀ ਝਲਕ ਵੇਖਣ ਨੂੰ ਮਿਲਦੀ ਹੈ ਅਤੇ ਇਹਨਾਂ ਖੁਸ਼ੀਆਂ-ਖੇੜਿਆਂ ਤੇ ਤਿਉਹਾਰਾਂ ਦਾ ਮੁੱਖ ਕਾਰਨ ਹੁੰਦਾ ਹੈ ਫਸਲਾਂ ਦੀ ਵਾਢੀ। ਨਵੇਂ ਸਾਲ ਦੀ ਪਹਿਲੀ ਫ਼ਸਲ ਨੂੰ ਤਿਆਰ ਅਤੇ ਝੂਮਦੀ ਵੇਖ ਕੇ, ਦੇਸ਼ ਦੇ ਅੰਨਦਾਤਾ ਵੀ ਝੂਮਣ ਲੱਗਦੇ ਹਨ ਅਤੇ ਆਪਣੀ ਇਸ ਖੁਸ਼ੀ ਦਾ ਪ੍ਰਗਟਾਵਾ ਉਹ ਵਿਸਾਖੀ, ਬੋਹਾਗ ਬਿਹੂ, ਵਿਸ਼ੂ, ਪੋਇਲਾ ਬੋਸ਼ਾਖ ਅਤੇ ਪੁਥੰਡੂ ਆਦਿ ਤਿਉਹਾਰ ਬੜੇ ਜੋਸ਼ ਅਤੇ ਉਤਸ਼ਾਹ ਨਾਲ ਮਨਾ ਕੇ ਕਰਦੇ ਹਨ। ਭਾਰਤ ਦੇ ਲਗਭਗ ਹਰ ਸੂਬੇ ਦੇ ਕਿਸਾਨ ਆਪਣੇ-ਆਪਣੇ ਦੇਵੀ ਦੇਵਤਿਆਂ ਦੇ ਨਾਲ, ਫ਼ਸਲਾਂ ਦੀ ਵੀ ਪੂਜਾ ਕਰਦੇ ਹੋਏ ਆਪੋ ਆਪਣੇ ਨਾਚਾਂ ਰਾਹੀਂ ਖੁਸ਼ੀ ਦਾ ਪ੍ਰਗਟਾਵਾ ਕਰਦੇ ਹਨ। ਪਿੱਛਲੇ ਕੁਝ ਦਹਾਕਿਆਂ ਦੌਰਾਨ ਕਿਸਾਨੀ ਦੇ ਸੰਕਗ੍ਰਸਤ ਹੋਣ ਤੋਂ ਬਾਅਦ, ਮੌਜੂਦਾ ਸਰਕਾਰ ਕਿਸਾਨੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਖੇਤੀ ਵਿੱਚ ਨਿਵੇਸ਼ ਕਰ ਰਹੀ ਹੈ ਅਤੇ ਖੇਤੀ ਦੀ ਉੱਨਤੀ ਲਈ ਕਈ ਨਵੇਂ ਪ੍ਰੋਗਰਾਮ ਲੈ ਕੇ ਆ ਰਹੀ ਹੈ। ਇਸੇ ਲੜੀ 'ਚ ਕੇਂਦਰ ਸਰਕਾਰ ਨੇ ਖੇਤੀ ਵਿਭਿੰਨਤਾ ਬਿੱਲ 2021 ਪਾਸ ਕੀਤਾ ਹੈ।
ਜੇ ਵੈਸਾਖ ਦਿਹਾੜੇ ਦੀ ਪੰਜਾਬ ਦੇ ਇਤਿਹਾਸਿਕ ਅਤੇ ਧਾਰਮਿਕ ਸੰਦਰਭ ਵਿੱਚ ਗੱਲ ਕੀਤੀ ਜਾਵੇ ਤਾਂ, 13 ਅਪ੍ਰੈਲ 1699 ਦੀ ਖਾਲਸਾ ਸਾਜਨਾ ਦੀ ਘਟਨਾ ਇੱਕ ਇਨਕਲਾਬੀ ਹਾਸਿਲ ਹੈ। 1699 ਈਸਵੀ ਵਿੱਚ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 'ਖਾਲਸਾ ਪੰਥ ਦੀ ਸਥਾਪਨਾ' ਕੀਤੀ ਅਤੇ ਖਾਲਸਿਆਂ ਦੀ ਸਾਜਨਾ ਕੀਤੀ। ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਜੁਲਮ ਖਿਲਾਫ਼ ਲੜਨ ਅਤੇ ਸਮਾਜ ਵਿੱਚ ਵਧ ਰਹੇ ਜਾਤ-ਪਾਤ ਦੇ ਭੇਦ-ਭਾਵ ਨੂੰ ਖ਼ਤਮ ਕਰਕੇ, ਲੋਕਾਂ ਨੂੰ ਇੱਕਜੁੱਟ ਕਰਨ ਦੇ ਉਦੇਸ਼ ਨਾਲ ਕੀਤੀ ਸੀ।
ਖਾਲਸਾ ਦਾ ਅਰਥ ਹੈ ਸ਼ੁੱਧ, ਭਾਵ ਉਹ ਵਿਅਕਤੀ ਜਾਂ ਸੱਤਾ ਸ਼ੁੱਧ ਹੋਵੇਗੀ ਜੋ ਲੁੱਟ ਅਤੇ ਦਮਨ ਰਹਿਤ ਹੋਵੇ। ਭਾਰਤ ਦੇ ਰਾਜਨੀਤੀ ਸ਼ਾਸਤਰ ਨੂੰ ਇਸਦੀ ਅਹਿਮ ਦੇਣ ਹੈ। ਇਸ ਦੌਰਾਨ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛੱਕਾ ਕੇ ਖੁੱਦ ਉਹਨਾਂ ਕੋਲੋਂ ਆਪ ਵੀ ਅੰਮ੍ਰਿਤ ਛੱਕਿਆ ਅਤੇ ਸੱਚੇ ਜਮਹੂਰੀ/ਲੋਕਤੰਤਰੀ ਸ਼ਾਸ਼ਨ ਪ੍ਰਣਾਲੀ ਦਾ ਮੁੱਢ ਬੰਨਿਆਂ। ਗੌਰ ਫਰਮਾਈਏ ਕਿ ਪੰਜ ਪਿਆਰੇ ਭਾਰਤ ਦੇ ਅਲੱਗ ਅਲੱਗ ਸੂਬਿਆਂ, ਅਲੱਗ ਧਰਮਾਂ ਅਤੇ ਜਾਤਾਂ ਵਿਚੋਂ ਸਨ ਜਿਥੋਂ ਇਹ ਸਮਝਣਾ ਚਾਹੀਦਾ ਹੈ ਕਿ ਖਾਲਸਾ/ਸ਼ੁੱਧ ਰਾਜ ਉਹੀਓ ਹੈ ਜੋ ਸਭ ਨੂੰ ਬਰਾਬਰ ਮਾਨਤਾ ਪ੍ਰਧਾਨ ਕਰਦਾ ਹੈ। ਇਸੇ ਖਾਲਸਾ ਫੌਜ ਨੇ ਮੁਗਲ ਹਕੂਮਤ ਦੀ ਇੱਟ ਨਾਲ ਇੱਟ ਖੜਕਾਈ। ਯੁੱਧ ਸ਼ਾਸਤਰ ਵਿੱਚ ਵੀ ਖਾਲਸਾ ਫੌਜ਼ ਦੀ ਗੁਰੀਲਾ ਯੁੱਧਨੀਤੀ ਦੀ ਅਹਿਮ ਦੇਣ ਹੈ।
ਸਿੱਖ ਇਤਿਹਾਸ ਵਿੱਚ ਇਸ ਦਿਨ 'ਗੁਰੂ ਦਾ ਲੰਗਰ' ਦੀ ਵੀ ਸਥਾਪਨਾ ਕੀਤੀ ਗਈ ਸੀ। ਵੈਸੇ ਤਾਂ ਲੰਗਰ ਦੀ ਪ੍ਰਥਾ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤੀ ਸੀ, ਪਰ ਇਸਨੂੰ ਸਿੱਖ ਧਰਮ ਦਾ ਜਰੂਰੀ ਅੰਗ ਬਣਾਇਆ ਸੀ ਸਿੱਖਾਂ ਦੇ ਤੀਜੇ ਗੁਰੂ, ਗੁਰੂ ਅਮਰਦਾਸ ਜੀ ਨੇ। ਉਸ ਵੇਲੇ ਭਾਰਤ ਜਾਤ-ਪਾਤ ਦੇ ਨਾਂ 'ਤੇ ਵੰਡਿਆ ਜਾ ਰਿਹਾ ਸੀ, ਉੱਚੀ ਜਾਤ ਵਾਲੇ ਨੀਵੀਂ ਜਾਤ ਵਾਲਿਆ ਨਾਲ ਭੇਦ-ਭਾਵ ਕਰਦੇ ਸਨ, ਇਸ ਭੇਦ-ਭਾਵ ਨੂੰ ਘੱਟ ਕਰਨ ਦੇ ਮਕਸਦ ਨਾਲ ਉਹਨਾਂ ਨੇ 1539 'ਚ ਵਿਸਾਖੀ ਵਾਲੇ ਦਿਨ 'ਸੰਗਤ-ਪੰਗਤ-ਲੰਗਰ' ਦੀ ਪ੍ਰਥਾ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਅੱਜ ਲੰਗਰ ਦੀ ਸਿੱਖ ਧਰਮ ਵਿੱਚ ਬਹੁਤ ਵੱਡੀ ਮਹੱਤਤਾ ਹੈ। ਪੰਜਾਬ ਵਿੱਚ ਥਾਂ-ਥਾਂ ਵਿਸਾਖੀ ਦੇ ਮੇਲੇ ਲੱਗਦੇ ਹਨ, ਅਤੇ ਉਹਨਾਂ ਮੇਲਿਆਂ ਵਿੱਚ ਅਟੁੱਟ ਲੰਗਰ ਚਲਾਏ ਜਾਂਦੇ ਹਨ। ਕੇਵਲ ਖੁਸ਼ੀ ਦੇ ਮੌਕਿਆਂ 'ਤੇ ਹੀ ਨਹੀਂ, ਭਾਰਤ ਜਾਂ ਵਿਦੇਸ਼ਾਂ ਵਿੱਚ ਕਿਤੇ ਵੀ, ਕਿਸੇ ਵੀ ਤਰ੍ਹਾਂ ਦੀ ਵਿਪਤਾ ਆ ਜਾਵੇ ਤਾਂ ਸਿੱਖ, ਜਾਤ-ਪਾਤ, ਧਰਮ, ਭਾਸ਼ਾ, ਰੰਗ-ਰੂਪ ਦੇ ਭੇਦ ਤੋਂ ਬਿਨਾਂ ਹਰ ਥਾਂ ਲੰਗਰ ਲਗਾਉਣ ਪਹੁੰਚ ਜਾਂਦੇ ਹਨ।
ਜਲ੍ਹਿਆਂਵਾਲੇ ਬਾਗ਼ ਦਾ ਸਾਕਾ ਅੰਗਰੇਜ਼ ਸਮਰਾਜ ਅਤੇ ਗੁਲਾਮੀ ਖਿਲਾਫ਼ ਭਾਰਤੀਆਂ ਦੀ ਸਾਂਝੀ ਲੜਾਈ ਦਾ ਪ੍ਰਤੀਕ ਹੈ। ਰੌਲਟ ਐਕਟ ਵਰਗੇ ਕਾਲੇ ਕਾਨੂੰਨਾਂ ਖਿਲਾਫ ਇਕਜੁੱਟ ਹੋ ਕੇ ਲੜਾਈ ਦਾ ਮੁੱਢ ਬੰਨਿਆਂ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਸਭਨਾਂ ਧਰਮਾਂ ਦੇ ਲੋਕਾਂ ਨੇ ਜ਼ੁਲਮ ਖਿਲਾਫ ਆਪਣਾ ਖੂਨ ਡੋਲਿਆ। ਜਲ੍ਹਿਆਂਵਾਲਾ ਬਾਗ਼ ਜ਼ੁਲਮ ਖਿਲਾਫ ਸਾਂਝੀ ਲੜਾਈ ਦਾ ਪ੍ਰਤੀਕ ਹੈ ਜਿਸਨੇ ਕਰਤਾਰ ਸਿੰਘ ਸਰਾਭਾ, ਊਧਮ ਸਿੰਘ ਅਤੇ ਭਗਤ ਸਿੰਘ ਵਰਗੇ ਸ਼ਹੀਦ ਸੂਰਮਿਆਂ ਲੜਨ ਦੀ ਪ੍ਰੇਰਨਾ ਪ੍ਰਦਾਨ ਕੀਤੀ।
ਵੈਸਾਖ ਦਿਹਾੜੇ 'ਤੇ ਅਸਾਮ, ਮਨੀਪੁਰ, ਬੰਗਾਲ, ਨੇਪਾਲ, ਉੜੀਸਾ, ਕੇਰਲ ਅਤੇ ਤਾਮਿਲਨਾਡੂ ਦੇ ਕੁਝ ਹਿੱਸਿਆਂ ਵਿੱਚ ਬੋਹਾਗ ਬਿਹੂ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਬੋਹਾਗ ਬੀਹੂ ਦੇ ਦਿਨ ਕਿਸਾਨ ਆਪਣੀ ਤਿਆਰ ਫ਼ਸਲ ਦੀ ਵਾਢੀ ਸ਼ੁਰੂ ਕਰਦੇ ਹਨ, ਆਪਣੀਆਂ ਫ਼ਸਲਾਂ ਅਤੇ ਪਸ਼ੂਆਂ ਦੀ ਪੂਜਾ ਕਰਦੇ ਹਨ, ਆਪਣੇ ਦੇਵੀ ਦੇਵਤਿਆਂ ਅਤੇ ਵੱਡੇ-ਵੱਡੇਰਿਆਂ ਦੀ ਪੂਜਾ ਕਰਦੇ ਹਨ, ਮੰਗਸ਼ੋ, ਚਿਰਾ ਅਤੇ ਪੀਠਾ ਵਰਗੇ ਵੱਖ-ਵੱਖ ਪਕਵਾਨ ਬਣਾਏ ਜਾਂਦੇ ਹਨ, ਔਰਤਾਂ, ਮਰਦ ਅਤੇ ਬੱਚੇ ਇਸ ਦਿਨ ਗਾਉਂਦੇ, ਦਾਵਤ ਕਰਦੇ, ਤੋਹਫ਼ਿਆਂ ਦਾ ਆਦਾਨ-ਪ੍ਰਦਾਨ ਕਰਦੇ, ਬਜ਼ੁਰਗਾਂ ਤੋਂ ਅਸ਼ੀਰਵਾਦ ਲੈਂਦੇ, ਨਵੇਂ ਕੱਪੜੇ ਪਹਿਨਦੇ ਅਤੇ ਰਵਾਇਤੀ ਬੀਹੂ ਨਾਚ ਕਰਦੇ ਦੇਖੇ ਜਾ ਸਕਦੇ ਹਨ।
ਕੇਰਲਾ ਅਤੇ ਕਰਨਾਟਕ ਵਿੱਚ ਇਸਨੂੰ 'ਵਿਸ਼ੂ' ਜਾਂ 'ਚਿਥਿਰਾਈ' ਦੇ ਰੂਪ 'ਚ ਮਨਾਇਆ ਜਾਂਦਾ ਹੈ। ਵਿਸ਼ੂ ਕੇਰਲ ਵਿੱਚ ਬਸੰਤ ਅਤੇ ਵਾਢੀ ਦੇ ਮੌਸਮ ਦੀ ਸ਼ੁਰੂਆਤ ਨੂੰ ਦਰਸਾਉਣ ਲਈ ਮਨਾਇਆ ਜਾਂਦਾ ਹੈ। ਇਹ ਨਰਕਾਸੁਰ ਉੱਤੇ ਭਗਵਾਨ ਕ੍ਰਿਸ਼ਨ ਦੀ ਜਿੱਤ ਨੂੰ ਵੀ ਦਰਸਾਉਂਦਾ ਹੈ। ਵਿਸ਼ੂ ਦੀਆਂ ਸਭ ਤੋਂ ਮਹੱਤਵਪੂਰਨ ਘਟਨਾਵਾਂ ਵਿੱਚੋਂ ਇੱਕ ਵਿਸ਼ੂ ਕੰਨੀ ਨੂੰ ਦੇਖਣਾ ਹੈ।
ਤਿਉਹਾਰ ਨੂੰ ਦੇਖਣ ਅਤੇ ਮਨਾਉਣ ਵਾਲੇ ਲੋਕ ਸਵੇਰ ਵੇਲੇ ਵਿਸ਼ੂ ਕੰਨੀ ਨੂੰ ਪਹਿਲੀ ਚੀਜ਼ ਦੇ ਰੂਪ ਵਿੱਚ ਦੇਖਦੇ ਹਨ। ਕੇਰਲਾਈ ਲੋਕਾਂ ਦਾ ਮੰਨਣਾ ਹੈ ਕਿ ਵਿਸ਼ੂ ਕੰਨੀ ਦੇ ਦਰਸ਼ਨ ਉਹਨਾਂ ਦਾ ਪੂਰਾ ਸਾਲ ਬਿਹਤਰ ਬਣਾ ਸਕਦੇ ਹਨ ਅਤੇ ਲੋਕਾਂ ਲਈ ਚੰਗੀ ਕਿਸਮਤ ਲਿਆ ਸਕਦੇ ਹਨ। ਅਤੇ ਕਰਨਾਟਕ ਦੀਆਂ ਮਿਥਿਹਾਸਕ ਮਾਨਤਾਵਾਂ ਦੇ ਅਨੁਸਾਰ, ਹਿੰਦੂ ਧਰਮ ਦੇ ਤਿੰਨ ਸਰਵਉੱਚ ਦੇਵਤਿਆਂ ਵਿੱਚੋਂ ਇੱਕ ਅਤੇ ਪੂਰੇ ਬ੍ਰਹਿਮੰਡ ਦੇ ਸਿਰਜਣਹਾਰ, ਭਗਵਾਨ ਬ੍ਰਹਮਾ ਨੇ ਇਸ ਦਿਨ ਸੰਸਾਰ ਦੀ ਰਚਨਾ ਕੀਤੀ ਸੀ।
ਬੰਗਾਲੀ ਕੈਲੰਡਰ ਦੇ ਅਨੁਸਾਰ, ਇਸ ਦਿਨ ਪੋਇਲਾ ਬੋਸ਼ਾਖ ਦਾ ਤਿਓਹਾਰ ਮਨਾਇਆ ਜਾਂਦਾ ਹੈ। ਇਸ ਦਿਨ ਬੰਗਾਲੀ ਲੋਕ ਪਿਛਲੇ ਸਾਲ ਦੀ ਫ਼ਸਲ ਦੀ ਵਾਢੀ ਲਈ ਅਤੇ ਨਵੇਂ ਸਾਲ ਵਿੱਚ ਆਉਂਣ ਵਾਲੀਆਂ ਫ਼ਸਲਾਂ ਲਈ, ਦੈਵੀ ਸ਼ਕਤੀਆਂ ਦਾ ਧੰਨਵਾਦ ਕਰਦੇ ਹਨ। ਇਹ ਬੰਗਾਲੀ ਵਣਜ ਲਈ ਵੀ ਇੱਕ ਮਹੱਤਵਪੂਰਨ ਦਿਨ ਹੈ ਕਿਉਂਕਿ, ਇਸ ਦਿਨ ਵਪਾਰੀ ਨਵੇਂ ਲੇਖਾ ਸਾਲ ਦੀ ਸ਼ੁਰੂਆਤ, ਹਾਲ ਖਾਤਾ ਨਾਮਕ ਨਵੀਂ ਖਾਤਾ ਕਿਤਾਬ ਖੋਲ੍ਹ ਕੇ ਕਰਦੇ ਹਨ।
ਇਸ ਦਿਨ ਉਡੀਸ਼ਾ ਦੇ ਲੋਕ ਵੀ ਆਪਣਾ ਨਵਾਂ ਸਾਲ ਮਨਾਉਂਦੇ ਹਨ, ਇਸਨੂੰ ਮਹਾ ਬਿਸ਼ੁਵ ਸੰਕ੍ਰਾਂਤੀ ਜਾਂ ਪਾਨਾ ਸੰਕ੍ਰਾਂਤੀ ਕਿਹਾ ਜਾਂਦਾ ਹੈ। ਇਹ ਤਿਉਹਾਰ ਸ਼ਿਵ, ਸ਼ਕਤੀ ਜਾਂ ਹਨੂੰਮਾਨ ਮੰਦਰਾਂ ਵਿੱਚ ਮੱਥਾ ਟੇਕ ਕੇ ਮਨਾਇਆ ਜਾਂਦਾ ਹੈ।
ਭਾਰਤ ਦੇ ਤਿਉਹਾਰ, ਭਾਰਤ ਦੇ ਲੋਕਾਂ ਨੂੰ ਇੱਕਜੁੱਟ ਰੱਖਣ ਦਾ ਇੱਕ ਮਾਧਿਅਮ ਹਨ, ਅਤੇ ਉਹਨਾਂ ਪੱਛਮੀ ਤਾਕਤਾਂ ਨੂੰ ਇੱਕ ਕਰਾਰਾ ਜਵਾਬ ਹਨ ਜੋ ਸਾਨੂੰ ਤੋੜਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੀਆਂ ਹੋਈਆਂ ਹਨ। ਵੈਸੇ ਤਾਂ ਸਾਡੇ ਦੇਸ਼ ਦੇ ਸਾਰੇ ਤਿਓਹਾਰ ਖੂਬਸੂਰਤ ਹਨ, ਪਰ ਵੈਸਾਖ ਦਾ ਤਿਓਹਾਰ ਇਸ ਲਈ ਜਿਆਦਾ ਮਹੱਤਵਪੂਰਨ ਹੈ, ਕਿਉਂਕਿ ਇਹ ਤਿਓਹਾਰ ਦੇਸ਼ ਭਰ ਦੇ ਅੰਨਦਾਤਾ ਇੱਕਠੇ ਹੋ ਕੇ ਮਨਾਉਂਦੇ ਹਨ। ਇਸੇ ਲਈ ਇਹ ਤਿਓਹਾਰ ਭਾਰਤ ਦੀ ਏਕਤਾ ਦਾ ਪ੍ਰਤੀਕ ਵੀ ਹੈ। ਆਓ ਹਰ ਸਾਲ ਇਸੇ ਤਰ੍ਹਾਂ ਆਪਣੇ ਤਿਉਹਾਰਾਂ ਦੇ ਮਾਧਿਅਮ ਰਾਹੀਂ ਅਸੀਂ ਦੁਨੀਆਂ ਨੂੰ ਸੁਨੇਹਾ ਦੇਈਏ ਕਿ ਭਾਰਤ ਨੂੰ ਜੋ ਬਾਹਰੀ ਤਾਕਤਾਂ ਸਦੀਆਂ ਤੋਂ ਤੋੜ ਨਹੀਂ ਸਕੀਆਂ, ਉਹ ਅੱਗੇ ਵੀ ਕਦੇ ਸੰਭਵ ਨਹੀਂ ਹੋਵੇਗਾ।
-
ਸਤਨਾਮ ਸਿੰਘ ਸੰਧੂ , ਚਾਂਸਲਰ, ਚੰਡੀਗੜ੍ਹ ਯੂਨੀਵਰਸਿਟੀ ਸੰਸਥਾਪਕ, ਇੰਡੀਅਨ ਮਿਨਿਓਰਿਟੀ ਫਾਂਉਡੇਸ਼ਨ
chancellor@cumail.in
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.