ਪੁਰਾਤਨ ਸਮਿਆਂ ਤੋਂ ਹੀ ਸਿੱਖਿਆ ਦਾ ਮੁੱਖ ਉਦੇਸ਼ 'ਸਖ਼ਸ਼ੀਅਤ ਦਾ ਸਰਵਪੱਖੀ ਵਿਕਾਸ' ਰਿਹਾ ਹੈ। ਸੰਤੁਲਤ ਸਖ਼ਸ਼ੀਅਤਾ ਆਪਣੇ ਦੇਸ਼ਾਂ ਕੌਮਾਂ ਲਈ ਵੜਮੁੱਲਾ ਸਰਮਾਇਆ ਹੁੰਦੀਆਂ ਹਨ। ਸਰਵਪੱਖੀ ਵਿਕਾਸ ਦੀ ਪਹਿਲੀ ਪੌੜੀ ਹੈ - ਸਿਹਤ ਸੰਭਾਲ।
"ਸਿਹਤ ਸੰਭਾਲ ਮਨੁੱਖ ਦੇ ਰੋਗਾਂ, ਸੱਟਾਂ ਅਤੇ ਹੋਰ ਸਰੀਰਕ ਅਤੇ ਮਾਨਸਿਕ ਵਿਗਾੜਾਂ ਦੀ ਰੋਕਥਾਮ ਅਤੇ ਇਲਾਜ ਨਾਲ਼ ਸਿਹਤ ਦੀ ਦੇਖ-ਰੇਖ ਹੈ।" ਸਿਹਤ ਮਨੁੱਖ ਦੀ ਉਹ ਅਵਸਥਾ ਹੈ ਜਿਸ ਦੇ ਅਧੀਨ ਉਹ ਸਰੀਰਕ, ਮਾਨਸਿਕ, ਸਮਾਜਿਕ, ਆਰਥਿਕ ਅਤੇ ਭਾਵਨਾਤਮਕ ਤੌਰ ਉੱਤੇ ਕਾਰਜ ਪੂਰੀ ਸਮਰੱਥਾ ਨਾਲ਼ ਕਰਨ ਦੇ ਕਾਬਲ ਹੁੰਦਾ ਹੈ। ਸਿਹਤ ਸਬੰਧੀ ਗੱਲਬਾਤ ਕਰਦਿਆਂ ਸਾਨੂੰ ਹੇਠ ਲਿਖੇ ਅਨੁਸਾਰ ਸਾਰੀਆਂ ਕਿਸਮ ਦੀ ਸਿਹਤਾਂ ਦੀ ਸਿਹਤਯਾਬੀ ਲਈ ਯਤਨਸ਼ੀਲ ਰਹਿਣਾ ਬਣਦਾ ਹੈ:-
1. ਸਰੀਰਕ ਸਿਹਤ :- ਸਰੀਰਕ ਸਿਹਤ ਨੂੰ ਸੰਭਾਲਣ ਪ੍ਰਤੀ ਸਾਡਾ ਨਜ਼ਰੀਆ ਸਪੱਸ਼ਟ ਨਹੀਂ ਹੈ। ਅਸੀ ਦੇਖੋ ਦੇਖ ਯੋਗਾ ਕਲਾਸਾਂ ਅਤੇ ਜਿੰਮ ਵਿੱਚ ਜਾਣਾ ਸ਼ੁਰੂ ਕਰ ਦਿੰਦੇ ਹਾਂ ਪਰੰਤੂ ਬਹੁਤਾ ਸਮਾਂ ਇਹ ਸਿਲਸਿਲਾ ਜਾਰੀ ਰੱਖ ਨਹੀਂ ਪਾਉਂਦੇ। ਸਾਡੀਆਂ ਖਾਣ-ਪੀਣ, ਉੱਠਣ-ਬੈਠਣ ਅਤੇ ਚੱਲਣ ਦੀਆਂ ਗ਼ਲਤ ਆਦਤਾਂ ਸਰੀਰਕ ਸਿਹਤ ਨੂੰ ਵਿਗਾੜ ਦਿੰਦੀਆਂ ਹਨ। ਸਿਆਣੇ ਕਹਿੰਦੇ ਹਨ - ਇਲਾਜ ਨਾਲ਼ੋਂ ਪ੍ਰਹੇਜ ਚੰਗਾ। ਸੋ ਸਾਨੂੰ ਆਪਣੀਆਂ ਗ਼ਲਤ ਆਦਤਾਂ ਨੂੰ ਸੁਧਾਰਨ ਲਈ ਯਤਨ ਕਰਨੇ ਚਾਹੀਦੇ ਹਨ। ਰੋਜ਼ਾਨਾ ਸਵੇਰ ਦੀ ਸੈਰ ਅਤੇ ਕਸਰਤ ਕਰਨੀ ਚਾਹੀਦੀ ਹੈ। ਨਿੱਕੇ ਮੋਟੇ ਘਰੇਲੂ ਕੰਮਕਾਜ ਮਸ਼ੀਨ ਦੀ ਬਜਾਇ ਹੱਥਾਂ ਨਾਲ਼ ਕਰਨੇ ਚਾਹੀਦੇ ਹਨ। ਇਸ ਤਰ੍ਹਾਂ ਆਪਣੇ ਕੰਮ ਹੱਥੀਂ ਕਰਨ ਨਾਲ਼ "ਇੱਕ ਪੰਥ ਦੋ ਕਾਜ" ਸਹਿਜੇ ਹੀ ਹੋ ਜਾਂਦੇ, ਇੱਕ ਤਾਂ ਬਿਜਲੀ ਅਤੇ ਪੈਟਰੋਲ ਵਗੈਰਾ ਦੀ ਬੱਚਤ ਹੋ ਜਾਂਦੀ ਦੂਜਾ ਸਿਹਤ ਤੰਦਰੁਸਤ ਰਹਿੰਦੀ।
2. ਮਾਨਸਿਕ ਸਿਹਤ:- ਮਾਨਸਿਕ ਸਿਹਤ ਦੀ ਸੰਭਾਲ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਮਾਨਸਿਕ ਪੱਖ ਤੋਂ ਕਮਜ਼ੋਰ ਵਿਅਕਤੀ ਆਪਣੀ ਸਰੀਰਕ ਸਮਰੱਥਾ ਅਨੁਸਾਰ ਕੰਮ ਕਰਨ ਦੇ ਯੋਗ ਨਹੀਂ ਹੁੰਦਾ। ਮਾਨਸਿਕ ਸਿਹਤ ਵਿੱਚ ਵਿਗਾੜ ਆਉਣ ਕਰਕੇ ਸੰਸਾਰ ਵਿੱਚ ਮਾਨਸਿਕ ਰੋਗੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।ਮਾਨਸਿਕ ਸਿਹਤ ਸੰਭਾਲ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਪਰਿਵਾਰ ਨਾਲ਼ ਵੱਧ ਤੋਂ ਵੱਧ ਸਮਾਂ ਬਤੀਤ ਕਰੀਏ, ਚੰਗਾ ਗੀਤ-ਸੰਗੀਤ ਸੁਣੀਏ, ਸਾਹਿਤਕ ਕਿਤਾਬਾਂ ਨਾਲ਼ ਸਾਂਝ ਪਾਈਏ, ਖੇਡਾਂ ਅਤੇ ਹੋਰ ਸਹਿ-ਵਿਦਿਅਕ
ਗਤੀਵਿਧੀਆਂ ਵਿੱਚ ਹਿੱਸਾ ਜ਼ਰੂਰ ਲਈਏ।
3. ਸਮਾਜਿਕ ਸਿਹਤ:- ਸਮਾਜਿਕ ਸਿਹਤ ਸੰਭਾਲ ਵੀ ਅਜੋਕੇ ਸਮੇਂ ਦੀ ਮੁੱਖ ਲੋੜ ਹੈ। ਅਸੀਂ ਸਮਾਜ ਨਾਲ਼ ਕਿੰਝ ਵਿਚਰਨਾ ਹੈ ਇਹ ਗੱਲ ਅਜੋਕੇ ਸਮੇਂ ਵਿੱਚ ਸਭ ਤੋਂ ਟੇਡੀ ਖੀਰ ਹੈ। ਕਿਤਾਬੀ ਗਿਆਨ ਦੇ ਨਾਲ਼ ਨਾਲ਼ ਆਲੇ ਦੁਆਲੇ ਦੀ ਜਾਣਕਾਰੀ ਵੀ ਹੋਣੀ ਜ਼ਰੂਰੀ ਹੈ। ਪਦਾਰਥਵਾਦੀ ਯੁੱਗ ਵਿੱਚ ਨਿੱਜਤਾ ਪ੍ਰਧਾਨ ਹੋ ਰਹੀ ਹੈ ਅਤੇ ਸਮਾਜਿਕ ਰਿਸ਼ਤਿਆਂ ਦੀਆਂ ਤੰਦਾਂ ਤਿੜਕ ਰਹੀਆਂ ਹਨ। ਸਮਾਜ ਦੀ ਮੁੱਢਲੀ ਇਕਾਈ ਪਰਿਵਾਰ ਵੀ ਆਪਣੀ ਹੋਂਦ ਬਚਾਉਣ ਲਈ ਜੂਝ ਰਿਹਾ ਹੈ। ਸੋ ਸਾਨੂੰ ਆਪਣੀ ਸਮਾਜਿਕ ਸਿਹਤ ਨੂੰ ਸੰਭਾਲਣ ਦੇ ਯਤਨ ਕਰਦਿਆਂ ਆਪਣੇ ਆਢ-ਗੁਆਂਢ ਨਾਲ਼ ਮੇਲ ਮਿਲਾਪ ਰੱਖਣਾ ਚਾਹੀਦਾ ਹੈ। ਸਮਾਜਿਕ ਸਮਾਗਮਾਂ ਵਿੱਚ ਪਰਿਵਾਰ ਸਮੇਤ ਹਿੱਸਾ ਲੈਣਾ ਚਾਹੀਦਾ ਹੈ।
4. ਆਰਥਿਕ ਸਿਹਤ :- ਸਰੀਰਕ, ਮਾਨਸਿਕ ਅਤੇ ਸਮਾਜਿਕ ਸਿਹਤ ਤੋਂ ਇਲਾਵਾ ਸਾਨੂੰ ਆਪਣੀ ਆਰਥਿਕ ਸਿਹਤ ਵੱਲ ਵੀ ਧਿਆਨ ਜ਼ਰੂਰ ਦੇਣਾ ਚਾਹੀਦਾ ਹੈ। ਇੱਕ ਸਿਹਤਮੰਦ ਵਿਅਕਤੀ ਹੀ ਦੇਸ਼ ਦੀ ਅਰਥਵਿਵਸਥਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਭਾਉਂਦੇ ਹੋਏ ਆਪਣਾ ਬਣਦਾ ਯੋਗਦਾਨ ਨਿਭਾ ਸਕਦਾ ਹੈ। ਬਿਮਾਰ ਵਿਅਕਤੀ ਦੇਸ਼ ਦੀ ਆਰਥਿਕਤਾ ਉੱਤੇ ਬੋਝ ਹੁੰਦਾ ਹੈ ਜਦਕਿ ਸਿਹਤਮੰਦ ਵਿਅਕਤੀ ਮਨੁੱਖੀ ਸੰਸਾਧਨਾਂ ਦਾ ਮੁੱਖ ਅੰਗ ਹੁੰਦਾ ਹੈ। ਸੋ ਸਾਨੂੰ ਆਪਣੇ ਪਰਿਵਾਰ, ਸਮਾਜ ਅਤੇ ਦੇਸ਼ ਦੇ ਆਰਥਿਕ ਵਸੀਲਿਆਂ ਨੂੰ ਵਧਾਉਣ ਵਿੱਚ ਯੋਗਦਾਨ ਦੇਣਾ ਚਾਹੀਦਾ ਹੈ।
ਉਕਤ ਵਿਚਾਰ ਚਰਚਾ ਉਪਰੰਤ ਅਸੀਂ ਇਹ ਕਹਿ ਸਕਦੇ ਹਾਂ ਕਿ ਭਾਵੇਂ ਵਿਸ਼ਵ ਸਿਹਤ ਸੰਗਠਨ (WHO) 1948 ਤੋਂ ਲਗਾਤਾਰ ਹਰ ਸਾਲ 7 ਅਪਰੈਲ ਨੂੰ "ਵਿਸ਼ਵ ਸਿਹਤ ਦਿਵਸ" ਮਨਾਉਂਦੇ ਹੋਏ ਪੂਰੀ ਦੁਨੀਆਂ ਵਿੱਚ ਸਿਹਤ ਜਾਗਰੂਕਤਾ ਸਬੰਧੀ ਵੱਖ ਵੱਖ ਪ੍ਰੋਗਰਾਮ ਕਰਦੀ ਹੈ, ਪ੍ਰੰਤੂ ਫਿਰ ਵੀ ਸਾਨੂੰ ਆਪਣੇ ਪੱਧਰ ਉੱਤੇ ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ ਸੰਭਾਲ ਲਈ ਪੂਰਾ ਸਾਲ ਯਤਨਸ਼ੀਲ ਰਹਿਣਾ ਚਾਹੀਦਾ ਹੈ।
-
ਕੁਲਵਿੰਦਰ ਕਟਾਰੀਆ, (ਹੈੱਡਮਾਸਟਰ) ਸਰਕਾਰੀ ਹਾਈ ਸਮਾਰਟ ਸਕੂਲ, ਲਹਿਰਾ ਬੇਗਾ (ਬਠਿੰਡਾ)
katariakulwinder@gmail.com
8146587512
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.