ਸਫਲ ਲੋਕਾਂ ਦੇ ਸਿਧਾਂਤ ਜ਼ਿੰਦਗੀ ਵਿੱਚ ਬਹੁਤ ਸਖ਼ਤ ਵੀ ਹੁੰਦੇ ਹਨ । ਬਹੁਤ ਵਾਰ ਅਜਿਹਾ ਵੀ ਵਕਤ ਆਇਆ ਹੋਵੇਗਾ ਕਿ ਆਪਣਾ ਮੁਕਾਮ, ਆਪਣਾ ਉਦੇਸ਼ ਹਾਸਿਲ ਕਰਨ ਲਈ ਉਹਨਾਂ ਨੇ ਆਪਣੇ ਆਪ ਨੂੰ ਵੀ ਮੁਆਫ਼ ਨਹੀਂ ਕੀਤਾ ਹੋਵੇਗਾ। ਸਫ਼ਲ ਹੋਣ ਲਈ ਉਹ ਲੋਕ ਕੁਝ ਨਾ ਕੁਝ ਜ਼ਰੂਰ ਡਾਇਰੀ 'ਚ ਲਿਖਦੇ ਹੀ ਰਹਿੰਦੇ ਨੇ।ਕਿਆ ਸ਼ਾਨਦਾਰ ਮੌਕਾ ਹੁੰਦਾ ਉਹਨਾਂ ਕੋਲ਼ ਸਕੂਲ ਤੋਂ ਬਾਅਦ ਵੀ ਸਾਰੀ ਉਮਰ ਪੜ੍ਹਨ ਦਾ, ਨਹੀਂ ਤਾਂ ਵਧਦੀ ਉਮਰ ਅਤੇ ਜੀਵਨ ਦੇ ਰੁਝੇਵੇਂ ਕਿੱਥੇ ਝਾਤ ਮਾਰਨ ਦਿੰਦੇ ਨੇ ਬਚਪਨ ਦੀਆਂ ਝੀਥਾਂ ਵਿਚ? ਜ਼ਿੰਦਗੀ ਵਿੱਚ ਸਫਲ ਲੋਕਾਂ ਦੇ ਫਾਰਮੂਲੇ ਵੀ ਬੜੇ ਜ਼ਬਰਦਸਤ ਹੁੰਦੇ ਹਨ।ਜੀਵਨ ਦਾ ਉਦੇਸ਼ ਬਸ' ਸਫਲਤਾ ਤੋਂ ਬਿਨਾਂ ਕੁਝ ਮਨਜ਼ੂਰ ਨਹੀਂ' ਇਹ ਉਹਨਾਂ ਮਹਾਨ ਲੋਕਾਂ ਦੀ ਟੈਗ ਲਾਈਨ ਹੁੰਦੀ ਹੈ। ਇਹ ਲੋਕ ਅੰਤਰ ਆਤਮਾ ਨਾਲ ਆਪਣੇ ਇਸ਼ਟ (ਕੰਮ) ਵਿੱਚ ਡੁੱਬ ਜਾਂਦੇ ਹਨ।
ਆਓ ਅੱਜ ਆਪਾਂ ਕੁਝ ਸਵਾਲਾਂ ਨਾਲ ਗੱਲ ਕਰਦੇ ਹਾਂ । ਜ਼ਾਕਿਰ ਹੁਸੈਨ ਜਦੋਂ ਤਬਲਾ ਵਜਾਉਣਾ ਸ਼ੁਰੂ ਕਰਦੇ ਨੇ ਤਾਂ ਉਹਨਾਂ ਨੂੰ ਕਿੰਨਾ ਵਿਸ਼ਵਾਸ ਸੀ ਆਪਣੇ ਤੇ?,ਸਾਨੀਆ ਨੇਹਵਾਲ ਜਦੋਂ ਬੈਡਮਿੰਟਨ ਖੇਡਣ ਲੱਗੀ ਉਸਨੂੰ ਕਿੰਨੇ ਪ੍ਰਤੀਸ਼ਤ ਵਿਸ਼ਵਾਸ਼ ਸੀ ਆਪਣੇ ਉੱਪਰ?ਸਚਿਨ ਤੇਂਦੁਲਕਰ ਜਦੋਂ ਕਿ੍ਕਟ ਖੇਡਣ ਲੱਗਿਆ ਤਾਂ ਉਸਨੂੰ ਕਿੰਨਾ ਭਰੋਸਾ ਹੋਵੇਗਾ ਆਪਣੇ ਆਪ ਉੱਤੇ ਕਿ ਕਿ੍ਕਟ ਹੀ ਉਸਦਾ ਭਵਿੱਖ ਹੈ?' ਮੈਰੀਕਾਮ 'ਉੱਤਰ ਪੂਰਬੀ ਭਾਰਤ ਦੀ ਲੜਕੀ , ਜਦੋਂ ਮੁੱਕੇਬਾਜ਼ੀ ਸ਼ੁਰੂ ਕੀਤੀ, ਕੋਈ ਸਾਧਨ ਨਹੀਂ ਕਿੰਨੇ ਪਰਸੈਂਟ ਭਰੋਸਾ ਸੀ ਕਿ ਮੇਰਾ ਭਵਿੱਖ ਹੀ ਮੁੱਕੇਬਾਜ਼ੀ ਵਿੱਚ ਹੈ? 'ਨੈਲਸਨ ਮੰਡੇਲਾ '(ਦੱਖਣੀ ਅਫਰੀਕਾ ਦਾ ਰਾਸ਼ਟਰਪਤੀ) ਜ਼ਿੰਦਗੀ ਦੇ 27 ਸਾਲ ਜੇਲ੍ਹ ਵਿੱਚ ਗੁਜ਼ਾਰੇ ,ਹਰ ਚੜ੍ਹਦੇ ਸੂਰਜ ਨਾਲ਼ ਉਸਦਾ ਮਨੋਬਲ ਕਿੰਨ੍ਹਾਂ ਮਜ਼ਬੂਤ ਹੁੰਦਾ ਹੋਵੇਗਾ ਕਿ ਅਫਰੀਕੀ ਲੋਕਾਂ ਨੂੰ ਇੱਕ ਦਿਨ ਅਜ਼ਾਦ ਕਰਾ ਕੇ ਹੀ ਰਹਾਂਗਾ।ਖੇਤਰਫਲ ਪੱਖੋਂ ਦੁਨੀਆਂ ਦਾ ਸਭ ਤੋਂ ਵੱਡਾ ਦੇਸ਼ ਸੋਵੀਅਤ ਯੂਨੀਅਨ ਰਿਪਬਲਿਕਨ ਸੋਸ਼ਲਿਸਟ-ਰੂਸ (ਅੱਜ ਕੱਲ੍ਹ ਰੂਸ) ਦਾ ਮਹਾਨ ਨਾਇਕ ਯੋਧਾ 'ਵੀ .ਆਈ. ਲੈਨਿਨ' (ਵਲਾਦੀਮੀਰ ਇਲੀਚ ਲੈਨਿਨ) ਇਕੱਲੇ ਨੇ ਫਰਵਰੀ 1917 ਵਿੱਚ ਕ੍ਰਾਂਤੀਕਾਰੀ ਇਨਕਲਾਬ ਲਿਆ ਦਿੱਤਾ।ਕੀ ਇਹਨਾਂ ਸਾਰੇ ਲੋਕਾਂ ਨੂੰ ਨੜਿੰਨਵੇਂ ਪ੍ਰਤੀਸ਼ਤ ਵਿਸ਼ਵਾਸ਼ ਸੀ?ਉੱਤਰ ਮਿਲੇਗਾ ਨਹੀਂ। ਇਹ ਸਾਰੇ ਲੋਕ ਆਪਣੇ ਕੰਮ ਵਿੱਚ ਡੁੱਬੇ ਹੋਏ ਸਨ।ਇਤਿਹਾਸ ਭਰਿਆ ਪਿਆ ਹੈ ਸਫਲ ਲੋਕਾਂ ਨਾਲ਼, ਜਿੰਨਾਂ ਨੂੰ ਆਪਣੇ ਆਪ ਤੇ ਸੌ ਪ੍ਰਤੀਸ਼ਤ ਤੋਂ ਵੀ ਵੱਧ ਵਿਸ਼ਵਾਸ਼ ਸੀ ਕਿ ਅਸੀਂ ਕਾਮਯਾਬ ਹੋਣਾ ਹੀ ਹੋਣਾ ਹੈ ।
ਅਸੰਭਵ ਨਾਂ ਦਾ ਸ਼ਬਦ ਇਹਨਾਂ ਲੋਕਾਂ ਨੇ ਜ਼ਿੰਦਗੀ ਵਿੱਚ ਕਦੇ ਸੁਣਿਆ ਹੀ ਨਹੀਂ ਸੀ। ਸਫਲਤਾ ਕਹਿੰਦੀ ਹੈ,ਕਿ ਅੰਤਰ ਆਤਮਾ ਨਾਲ ਆਪਣੇ ਇਸ਼ਟ ਵਿੱਚ,ਕੰਮ ਵਿੱਚ ਡੁੱਬ ਜਾਓ,ਰਮ ਜਾਓ ਪੂਰੀ ਤਰ੍ਹਾਂ। ਭੁੱਲ ਜਾਓ ਆਪਣੇ ਆਪ ਨੂੰ ।ਆਓ ਹੋਰ ਮਜ਼ੇਦਾਰ ਗੱਲ ਕਰਦੇ ਹਾਂ, ਯੂ.ਐਸ.ਏ. (ਅਮਰੀਕਾ)ਦਾ ਮਹਾਨ ਰਸਲਰ ਜੋਹਨ ਸੀਨਾ ਦੋ ਸਾਲ ਬਾਅਦ ਸੋਚਦਾ ਕਿ ਯਾਰ ਰਸਲਿੰਗ ਵਿੱਚ ਮਜ਼ਾ ਨਹੀਂ, ਚਲੋ ਤੈਰਾਕੀ ਕਰਦੇ ਹਾਂ, ਰੋਨਾਲਡੋ ਫੁੱਟਬਾਲ ਨਾ ਖੇਡਦਾ, ਕਹਿੰਦਾ ਕਿ ਵਾਇਲਨ ਵਜਾਉਂਦੇ ਹਾਂ, ਰਾਜਕਪੂਰ ਸੋਚਦਾ ਕਿ ਐਕਟਿੰਗ ਨਹੀਂ,ਗਾਣਾ ਗਾਉਣ ਲੱਗਦੇ ਹਾਂ ਠੀਕ ਨਹੀਂ ਹੋ ਰਿਹਾ। ਇਹਨਾਂ ਸਾਰੇ ਲੋਕਾਂ ਨੂੰ ਆਪਣੇ ਆਪ ਉੱਤੇ ਇੱਕ ਸੌ ਇੱਕ ਪ੍ਰਤੀਸ਼ਤ ਵਿਸ਼ਵਾਸ਼ ਸੀ।ਔਰ ਮੈਂ ਹੈਰਾਨ ਹੋ ਜਾਂਦੀ ਹਾਂ ਜਦੋਂ ਉਮਰ ਦੀ ਅੱਧੀ ਸਦੀ ਬੀਤ ਜਾਣ ਤੇ ਵੀ ਲੋਕ ਆਪਣੇ ਕੰਮ ਵਿੱਚ ਭਰੋਸਾ ਹੀ ਨਹੀਂ ਜਤਾਉਂਦੇ।
ਫ਼ਿਲਮ ਬਣ ਰਹੀ ਸੀ 'ਮੁਗਲੇ ਆਜ਼ਮ ' 1944 ਵਿੱਚ, ਜਿਸ ਵਿੱਚ ਸੰਗੀਤ ਦੇ ਰਹੇ ਸਨ ਮਹਾਨ ਸੰਗੀਤਕਾਰ ' ਨੌਸ਼ਾਦ ਅਲੀ'। ਇਸ ਫ਼ਿਲਮ ਦਾ ਇੱਕ ਕਿੱਸਾ ਸਾਂਝਾ ਕਰਦੇ ਹਾਂ । ਫ਼ਿਲਮ ਦਾ ਇੱਕ ਸੀਨ ਹੈ ਤਾਨਸੈਨ ਵੀਣਾ ਤੇ ਪਿੱਛੇ ਗੀਤ ਗਾ ਰਹੇ ਹਨ, ਸਵੇਰ ਦੇ ਚਾਰ ਵੱਜੇ ਹਨ ਸ਼ਹਿਜ਼ਾਦਾ ਸਲੀਮ ਤੇ ਅਨਾਰਕਲੀ ਮਿਲ ਰਹੇ ਨੇ। ਕੇ ਆਸਿਫ਼ ਫ਼ਿਲਮ ਦੇ ਨਿਰਦੇਸ਼ਕ ਸੀ। ਆਸਿਫ਼ ਸਾਹਿਬ, ਨੌਸ਼ਾਦ ਅਲੀ ਨੂੰ ਕਹਿਣ ਲੱਗੇ ਕਿ ਅੱਜ ਦੇ ਜ਼ਮਾਨੇ ਦਾ ਕੌਣ ਅਜਿਹਾ ਵਿਅਕਤੀ ਹੈ ਜੋ ਤਾਨਸੈਨ ਦੇ ਮੁਕਾਬਲੇ ਦਾ ਗੀਤ ਗਾਏ, ਤਾਂ ਹੀ ਤਾਂ ਉਹ ਭਾਵਨਾ ਆਏਗੀ। ਨੌਸ਼ਾਦ ਕਹਿਣ ਲੱਗੇ ਕਿ ਅਜਿਹਾ ਇੱਕ ਵਿਅਕਤੀ ਤਾਂ ਹੈ ਪਰ ਉਹ ਫ਼ਿਲਮਾਂ ਵਿੱਚ ਗੀਤ ਨਹੀਂ ਗਾਉਂਦੇ।"ਨਾਮ ਦੱਸ।"
"ਉਸਤਾਦ ਬੜੇ ਗੁਲਾਮ ਅਲੀ ਖਾਂ ਸਾਹਿਬ"।
ਕੇ ਆਸਿਫ਼ ਨੇ ਕਿਹਾ ,"ਕਿੱਥੇ ਰਹਿੰਦੇ ਨੇ"?
" ਲਖਨਊ ਵਿੱਚ ਰਹਿੰਦੇ ਨੇ"।
ਆਸਿਫ਼ ਨੇ ਕਿਹਾ ,ਮੈਨੂੰ ਲੈ ਕੇ ਚੱਲ"।
"ਤੂੰ ਪਾਗ਼ਲ ਆਂ, ਉਹ ਫ਼ਿਲਮਾਂ ਲਈ ਗਾਣਾ ਨਹੀਂ ਗਾਉਂਦੇ , ਆਪਣੀ ਮਸਤੀ ਵਿੱਚ ਰਹਿੰਦੇ ਨੇ"। ਨੌਸ਼ਾਦ ਸਾਹਿਬ ਬੋਲੇ।
"ਤੂੰ ਮੈਨੂੰ ਲੈ ਚੱਲ ਨਾ ਬਸ"।
ਕੇ ਆਸਿਫ਼ ਤੇ ਨੌਸ਼ਾਦ ਅਲੀ ਪਹੁੰਚ ਜਾਂਦੇ ਨੇ ਬੜੇ ਗੁਲਾਮ ਅਲੀ ਖਾਂ ਸਾਹਿਬ ਕੋਲ। ਸਫਲਤਾ ਤੋਂ ਬਿਨਾਂ ਕੁਝ ਮਨਜ਼ੂਰ ਨਹੀਂ ਹੈ ਸਾਹਿਬ। ਨੌਸ਼ਾਦ ਸਾਹਿਬ , ਬੜੇ ਗੁਲਾਮ ਅਲੀ ਖਾਂ ਸਾਹਿਬ ਨੂੰ ਜਾਣਦੇ ਸਨ । ਜਾਣ ਪਹਿਚਾਣ ਹੁੰਦੀ ਹੈ ਕਿ' ਨੌਸ਼ਾਦ ਸਾਹਿਬ ਕਿਵੇਂ ਆਉਣੇ ਹੋਏ?"
" ਇਹਨਾਂ ਦਾ ਨਾਮ ਕੇ ਆਸਿਫ਼ ਹੈ, ਇਹ ਮੁਗ਼ਲੇ ਆਜ਼ਮ ਫਿਲਮ ਬਣਾ ਰਹੇ ਨੇ, ਇਹ ਚਾਹੁੰਦੇ ਨੇ ਤੁਸੀਂ ਫ਼ਿਲਮ ਵਿੱਚ ਗਾਣਾ ਗਾਓ"।
" ਨੌਸ਼ਾਦ ਸਾਹਿਬ ਤੁਹਾਨੂੰ ਪਤਾ ਹੈ ਕਿ ਮੈਂ ਫ਼ਿਲਮਾਂ ਲਈ ਗਾਣਾ ਵਾਣਾ ਨਹੀਂ ਗਾਉਂਦਾ "।"ਮੈਂ ਇਸਨੂੰ ਕਿਹਾ, ਇਹ ਮੰਨਦਾ ਹੀ ਨਹੀਂ"।"ਆਸਿਫ਼ ਸਾਹਿਬ ਮੈਂ ਫ਼ਿਲਮਾਂ ਲਈ ਗਾਣਾ ਨਹੀਂ ਗਾਉਂਦਾ", ਬੜੇ ਗੁਲਾਮ ਅਲੀ ਖਾਂ ਸਾਹਿਬ ਬੋਲੇ। ਆਸਿਫ਼ ਸਿਗਾਰ ਪੀਂਦੇ ਸੀ,ਸਿਗਾਰ ਦਾ ਕਸ਼ ਭਰਿਆ ਚੁਟਕੀ ਵਜਾਈ "ਗਾਣਾ ਤੇ ਤੁਸੀਂ ਹੀ ਗਾਓਗੇ"।"ਬੜਾ ਬਦਤਮੀਜ਼ ਆਦਮੀ ਹੈ ", ਗੁਲਾਮ ਅਲੀ ਖਾਂ ਸਾਹਿਬ ਨੇ ਸੋਚਿਆ।"ਗਾਣਾ ਤੇ ਤੁਸੀਂ ਹੀ ਗਾਓਗੇ ", ਆਸਿਫ਼ ਨੇ ਫਿਰ ਚੁਟਕੀ ਮਾਰੀ। ਗੁਲਾਮ ਅਲੀ ਖਾਂ, ਨੌਸ਼ਾਦ ਨੂੰ ਬੋਲੇ," ਸੈੱਟ ਕਰ ਦਿਆਂ ਇਹਨੂੰ"।"ਮੇਰੇ ਤੋਂ ਤਾਂ ਹੋ ਨਹੀਂ ਸਕਿਆ, ਤੁਸੀਂ ਦੇਖ ਲਓ"।"ਆਸਿਫ਼ ਸਾਹਿਬ ਆਓ ਕਮਰੇ ਵਿੱਚ ਗੱਲ ਕਰਦੇ ਹਾਂ, ਨੌਸ਼ਾਦ ਸਾਹਿਬ ਤੁਸੀਂ ਬੈਠੋ"। ਉਸ ਜ਼ਮਾਨੇ ਵਿਚ ਪੰਜ ਸੌ ਰੁਪਏ ਮਹੀਨਾ ਮਿਲਦਾ ਸੀ ਫ਼ਿਲਮ ਵਿੱਚ ਗਾਣਾ ਗਾਉਣ ਵਾਲੇ ਨੂੰ।
ਗੁਲਾਮ ਅਲੀ ਖਾਂ ਸਾਹਿਬ ਨੇ ਕੇ ਆਸਿਫ਼ ਨੂੰ ਕਿਹਾ ਗਾਣਾ ਗਾ ਲਵਾਂਗਾ,ਪਰ ਪੰਜਾਹ ਹਜ਼ਾਰ ਰੁਪਏ ਲਵਾਂਗਾ ਇੱਕ ਗਾਣੇ ਦਾ। ਕਹਿੰਦੇ ਆਸਿਫ਼ ਨੇ ਕੁੜਤਾ ਪਹਿਨਿਆ ਹੋਇਆ ਸੀ,ਖੀਸੇ 'ਚ ਹੱਥ ਮਾਰਿਆ ਦਸ ਹਜ਼ਾਰ ਦਾ ਬੰਡਲ ਮੇਜ਼ ਤੇ ਰੱਖਿਆ, ਸਿਗਾਰ ਦਾ ਕਸ਼ ਭਰਿਆ ਤੇ ਚੁਟਕੀ ਮਾਰੀ "ਕੇ ਗਾਣਾ ਤੇ ਤੁਸੀਂ ਹੀ ਗਾਓਗੇ"।ਦਸ ਹਜ਼ਾਰ ਪੇਸ਼ਗੀ,"ਗਾਣਾ ਤੇ ਤੁਸੀਂ ਹੀ ਗਾਓਗੇ"। ਚਾਲੀ ਹਜ਼ਾਰ ਰੁਪਏ ਗਾਉਣ ਤੇ। ਪੰਜਾਹ ਹਜ਼ਾਰ ਵਿੱਚ ਪੂਰੀ ਫ਼ਿਲਮ ਬਣ ਜਾਂਦੀ ਸੀ ਉਸ ਜ਼ਮਾਨੇ ਵਿਚ।ਬਸ ਦਿਮਾਗ ਵਿੱਚ ਇੱਕ ਗੱਲ ਘਰ ਕਰ ਗਈ ਸੀ ਕਿ ਕਾਮਯਾਬੀ ਲਈ ਸਮਝੌਤਾ ਨਹੀਂ ਕਰ ਸਕਦੇ।
ਸਤੱਤਰ ਸਾਲਾਂ ਬਾਅਦ ਅੱਜ ਅਸੀਂ ਉਸ ਫ਼ਿਲਮ ਦੀ ਗੱਲ ਕਰ ਰਹੇ ਹਾਂ। ਸੋਲ਼ਾਂ ਸਾਲ ਉਸ ਪਾਗ਼ਲ ਆਦਮੀ ਨੂੰ ਫ਼ਿਲਮ ਬਣਾਉਣ ਲਈ ਲੱਗ ਗਏ। ਸੋਲ਼ਾਂ ਸਾਲ ਇੱਕ ਹੀ ਆਦਮੀ ਪੂਰੀ ਤਰ੍ਹਾਂ ਸਮਰਪਿਤ ਹੋ ਕੇ ਇੱਕ ਹੀ ਪ੍ਰਾਜੈਕਟ ਤੇ ਕੰਮ ਕਰ ਰਿਹਾ ਹੈ , ਕੋਈ ਤਕਨੀਕ ਨਹੀਂ ਸੀ, ਕੋਈ ਸਾਧਨ ਨਹੀਂ ਸੀ, ਲੇਕਿਨ ਇੱਕ ਗੱਲ ਸੀ ਕਿ'ਸਫਲਤਾ ਤੋਂ ਬਿਨਾਂ ਕੁਝ ਮਨਜ਼ੂਰ ਹੀ ਨਹੀਂ '। ਜਦੋਂ ਫਿਰ 1960ਵਿੱਚ ਬਣ ਕੇ ਰਲੀਜ਼ ਹੋਈ ਤਾਂ ਫ਼ਿਲਮ ਇੰਡਸਟਰੀ ਵਿੱਚ ਤਹਿਲਕਾ ਮਚਾ ਦਿੱਤਾ। ਇਹਨਾਂ ਲੋਕਾਂ ਨੇ ਆਪਣੇ ਕੰਮ ਨੂੰ ਮੁਹੱਬਤ ਕੀਤੀ ਹੈ ਜਨਾਬ, ਇਹਨਾਂ ਨੇ ਆਪਣੇ ਕੰਮ ਤੇ ਕਦੇ ਸ਼ੱਕ ਨਹੀਂ ਕੀਤਾ। ਇਹਨਾਂ ਨੇ ਕਦੇ ਦੁਨੀਆਂ ਦੀ ਪ੍ਰਵਾਹ ਨਹੀਂ ਕੀਤੀ।ਇਹ ਆਪਣੇ ਇਸ਼ਟ ,ਆਪਣੇ ਕੰਮ ਵਿੱਚ ਡੁੱਬੇ ਹੋਏ ਲੋਕ ਨੇ।
ਕੰਮ ਵਿੱਚ ਡੁੱਬਣ ਦਾ ਮਤਲਬ ਕੀ ਹੁੰਦਾ?, ਮੈਂ ਆਪਣੇ ਕਰੋਨਾ ਦੇ ਸਤਾਰਾਂ ਕੁ ਦਿਨਾਂ ਵਿੱਚ ਉਸੇ ਮਹਾਨ ਸੰਗੀਤਕਾਰ ਨੌਸ਼ਾਦ ਅਲੀ ਸਾਹਿਬ ਦੀ ਜੀਵਨੀ ਪੜ੍ਹੀ (ਜੋ ਮੂਲ ਹਿੰਦੀ ਰਲਵੀਂ ਅੰਗਰੇਜ਼ੀ ਵਿੱਚ ਸੀ) ਜਿਸਦਾ ਨਾਮ ਸੀ' ਨੌਸ਼ਾਦ ਅਲੀ 'ਉਸ ਜੀਵਨੀ ਵਿੱਚ ਲਿਖਿਆ ਸੀ ਕਿ ਨੌਸ਼ਾਦ ਸਾਹਿਬ ਦੇ ਉਂਗਲੀਆਂ ਦੇ ਵਿਚਕਾਰ ਦੇ ਰਸਤੇ ਜੋ ਹੁੰਦੇ ਨੇ , ਉਹ ਸਾਰੇ ਜਲੇ ਹੋਏ ਸਨ। ਕਿਉਂ ਜਲਿਆ ਹੋਇਆ ਸੀ , ਸਿਗਾਰ ਪੀ ਰਹੇ ਨੇ , ਅਤੇ ਬੈਠ ਕੇ ਸੋਚ ਰਹੇ ਨੇ, ਤੇ ਸਿਗਾਰ ਜਲ ਜਲ ਕੇ ਉਂਗਲੀਆਂ ਨੂੰ ਜਲਾ ਕੇ ਬੁਝ ਗਈ,। ਲੇਕਿਨ ਧਿਆਨ ਜਿੱਥੇ ਲੱਗਿਆ , ਉੱਥੇ ਹੀ ਲੱਗਿਆ ਰਿਹਾ ਉਹ ਨਹੀਂ ਭਟਕਿਆ। ਦਿਮਾਗ ਜਿੱਥੇ ਚੱਲ ਰਿਹਾ ਹੈ ਉਹ ਨਹੀਂ ਹਟਿਆ।
ਉਪ੍ਰੇਸ਼ਨ ਥੀਏਟਰ ਵਿੱਚ ਹਾਂ, (ਜੁਲਾਈ ਮਹੀਨਾ ਹੈ) ਦੋ ਮੇਜਰ ਸਰਜਰੀ ਹੋ ਰਹੀਆਂ ਨੇ ਦਿਮਾਗ ਵਿੱਚ ਇੱਕੋ ਗੱਲ ਵਾਰ ਵਾਰ ਆ ਰਹੀ ਹੈ ਕਿ ਬੱਚਿਆਂ ਨੂੰ ਗਣਤੰਤਰ ਦਿਵਸ ਤੇ ਇਸ ਕਵਿਤਾ ਦੀ ,ਇਸ ਗੀਤ ਦੀ ਤਿਆਰੀ ਕਰਵਾਉਣੀ ਹੈ। ਈਮਾਨਦਾਰੀ ਨਾਲ ਗੱਲ ਕਰ ਰਹੇ ਹਾਂ, ਜਿੰਨ੍ਹਾ ਲੋਕਾਂ ਨੇ ਜ਼ਿੰਦਗੀ ਵਿੱਚ ਸ਼ੋਹਰਤ ਕਮਾਈ ਹੈ ਨਾ, ਇਹ ਲੋਕ ਕੰਮ ਵਿੱਚ ਡੁੱਬੇ ਹੋਏ ਲੋਕ ਨੇ। ਇਹਨਾਂ ਨੂੰ ਕੰਮ ਤੋਂ ਇਲਾਵਾ ਹੋਰ ਕੋਈ ਮਤਲਬ ਨਹੀਂ, ਔਰ ਵਿਸ਼ਵਾਸ਼ ਹੈ ਆਪਣੇ ਆਪ ਉੱਤੇ।
ਇੱਕ ਸ਼ਾਮ ਨੂੰ ਡੁੱਬ ਰਹੇ ਸੂਰਜ ਨੇ ਦੁਨੀਆਂ ਨੂੰ ਸਵਾਲ ਕੀਤਾ ਕਿ ਮੇਰੇ ਜਾਣ ਤੋਂ ਮਗਰੋਂ ਮੇਰੀ ਜਗ੍ਹਾ ਕੌਣ ਕੰਮ ਕਰੇਗਾ?
ਦੁਨੀਆਂ ਵਿੱਚ ਸਨਾਟਾ ਛਾ ਗਿਆ। ਦੂਰੋਂ ਇੱਕ ਛੋਟੇ ਜਿਹੇ ਦੀਵੇ ਦੀ ਮੱਧਮ ਜਿਹੀ ਅਵਾਜ਼ ਆਈ "ਮੈਂ ਕੋਸ਼ਿਸ਼ ਕਰਾਂਗਾ"।
-
ਅੰਮ੍ਰਿਤ ਪਾਲ ਕੌਰ ਕਲੇਰ, ਲੇਖਕ
kaleramritpalkaur@gmail.com
9915780980
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.