ਬਾਪੂ ਨੂੰ ਨਾਮੁਰਾਦ ਬਿਮਾਰੀ ਨੇ ਘੇਰ ਲਿਆ ਸੀ।ਛੇ ਮਹੀਨਿਆਂ ਵਿਚ ਹੀ ਬਾਪੂ ਸੁੱਕ ਕੇ ਤੀਲਾ ਬਣ ਗਿਆ ਸੀ। ਬਹੁਤ ਸਾਰੇ ਡਾਕਟਰਾਂ ਨੂੰ ਦਿਖਾਇਆ ਪਰ ਹਰ ਪਾਸਿਓਂ ਜਵਾਬ ਹੀ ਮਿਲਿਆ।ਅਖੀਰ ਅੱਜ ਬਾਪੂ ਨੇ ਲੰਮੀਆਂ ਤਾਣ ਲਈਆਂ ਸਨ। ਸਕੀਰੀਆਂ ਵਿੱਚ ਫੋਨ ਕੀਤੇ ਜਾ ਰਹੇ ਸਨ। ਮਾਂ ਨੇ ਸੱਥਰ ਉੱਤੇ ਬੈਠੀ ਨੇ ਅਵਾਜ਼ ਦਿੱਤੀ,"ਪੱਖੋਂ ਵੀ ਫੋਨ ਕਰ ਦਿਓ ਤੇਜ ਨੂੰ"। ਤੇਜ ਮਾਸੀ ਤੇ ਬਾਪੂ ਮੇਰੇ ਚੇਤਿਆਂ ਵਿੱਚ ਵਹਿਣ ਲੱਗੇ।
ਬਾਪੂ ਬਹੁਤ ਸ਼ੌਕੀਨ ਸੀ ਪਰ ਥੋੜ੍ਹਾ ਕੱਬੇ ਸੁਭਾਅ ਦਾ ਸੀ। ਮਾਂ ਦੀ ਕੀ ਮਜ਼ਾਲ ਸੀ ਕਿ ਘਰੋਂ ਪੈਰ ਬਾਹਰ ਵੀ ਧਰ ਲੈਂਦੀ ,ਪਰ ਮਾਂ ਦੀ ਹਰ ਖਾਹਿਸ਼ ਬਾਪੂ ਨੇ ਪੂਰੀ ਕੀਤੀ ਸੀ। ਬਾਪੂ ਦੀ ਹਰ ਗੱਲ ਮੇਰੇ ਚੇਤਿਆਂ ਵਿੱਚੋਂ ਅੱਖਾਂ ਰਾਹੀਂ ਵਹਿਣ ਲੱਗੀ।
" ਮੈਡਮ, ਮੇਰੀ ਖਾਕੀ ਪੈਂਟ ਤੇ ਮੋਟੇ ਚੈੱਕ ਵਾਲੀ ਨਾਭੀ ਤੇ ਕਰੀਮ ਰੰਗ ਦੀ ਸ਼ਰਟ ਪ੍ਰੈੱਸ ਕਰ ਦੇਣਾ "
" ਅੱਜ ਤਾਂ ਐਤਵਾਰ ਆ , ਸਕੂਲ ਤਾਂ ਜਾਣਾ ਨਹੀਂ, "। ਮਾਂ ਨੇ ਹੈਰਾਨਗੀ ਪ੍ਰਗਟ ਕਰਦਿਆਂ ਕਿਹਾ। " ਬਠਿੰਡੇ ਜਾਣਾ?
"ਨਹੀਂ ਘਰ ਹੀ ਹਾਂ "। ਬਾਪੂ ਨੇ ਮੋੜਵਾਂ ਜਵਾਬ ਦਿੱਤਾ। ਬਾਪੂ ਅਕਸਰ ਮਾਂ ਨੂੰ ਮੈਡਮ ਕਹਿ ਕੇ ਬੁਲਾਉਂਦਾ। ਇੱਕ ਵਾਰ ਮਾਂ ਤੇ ਬਾਪੂ ਨਾਨਕੇ ਗਏ। ਬਾਪੂ ਨੇ ਸੁਭਾਅ ਮੁਤਾਬਿਕ ਮਾਂ ਨੂੰ ਮੈਡਮ ਕਹਿ ਦਿੱਤਾ ਤਾਂ ਨਾਨੀ ਨੇ ਬਹੁਤ ਬੁਰਾ ਮਨਾਇਆ,ਕਿ "ਸਾਊ, ਪਹਿਲਾਂ ਛੱਤੜੇ ਦੀਆਂ ਸ਼ਤੀਰੀਆਂ ਬਦਲ, ਫਿਰ ਮਾਡਮ , ਮੂਡਮ ਕਹੀਂ"।ਨਾਨੀ ਦੀ ਕਹੀ ਗੱਲ ਬਾਪੂ ਦੇ ਤੀਰ ਵਾਂਗ ਲੱਗੀ।
ਬਾਪੂ ਦੀ ਨਾਭੀ ਚੈੱਕ ਵਾਲੀ ਕਮੀਜ਼ ਤੇ ਕਰੀਮ ਪੈਂਟ ਮਨ ਪਸੰਦੀਦਾ ਸੀ। ਖ਼ੁਸ਼ੀ ਮੌਕੇ ਬਾਪੂ ਅਕਸਰ ਇਹ ਹੀ ਪਹਿਨਦਾ ਸੀ। ਹਰ ਐਤਵਾਰ ਨੂੰ ਬਾਪੂ ਨੇ ਬਠਿੰਡੇ ਜਾਣਾ ਹੁੰਦਾ। ਬੱਸ ਅੱਡੇ ਤੋਂ ਤੁਰ ਕੇ ਬਜ਼ਾਰ ਵਿੱਚ ਦੀ ਹੁੰਦੇ ਹੋਏ, ਧੋਬੀ ਬਜ਼ਾਰ ਜਾਣਾ ਤੇ ਫਿਰ ਗਾਂਧੀ ਮਾਰਕੀਟ ਲੰਘ ਕੇ ਪੁਰਾਣੇ ਗੀਤਾਂ ਦੀ ਦੁਕਾਨ ਤੇ ਜਾਣਾ । ਬਾਪੂ ਨੂੰ ਪੁਰਾਣੇ ਗੀਤ ਬਹੁਤ ਪਸੰਦ ਸਨ। ਉੱਥੇ ਦਸ ਮਿੰਟ ਰੁਕ ਕੇ ਪੁਰਾਣੇ ਗਾਣਿਆਂ ਦੇ ਤਵੇ ਜੇ ਪਸੰਦ ਆਉਣੇ ਤਾਂ ਖਰੀਦਣਾ ਨਹੀਂ ਤਾਂ ਫਿਰ ਰੇਲਵੇ ਸਟੇਸ਼ਨ ਵੱਲ ਨੂੰ ਹੋ ਤੁਰਨਾ। ਪਹਿਲਾਂ ਸਾਰੇ ਰੇਲਵੇ ਸਟੇਸ਼ਨ ਦਾ ਚੱਕਰ ਲਾਉਣਾ, ਫਿਰ ਰੇਲ ਦੀ ਉਡੀਕ ਕਰ ਰਹੀਆਂ ਸਵਾਰੀਆਂ ਨੂੰ ਗਹੁ ਨਾਲ਼ ਤੱਕਣਾ,ਹਰ ਚਿਹਰੇ ਨੂੰ ਅੰਦਰ ਤੱਕ ਪੜ੍ਹਨਾ। ਫਿਰ ਪਲੇਟਫਾਰਮ ਦੀ ਟਿਕਟ ਲੈ ਕੇ ਪਲੇਟਫਾਰਮ ਤੇ ਜਾਣਾ, ਕਿੰਨਾ ਚਿਰ ਆਉਂਦੀਆਂ ਜਾਂਦੀਆਂ ਸਵਾਰੀਆਂ ਨੂੰ ਨਿਹਾਰਨਾ । ਕਣਕਵਾਲ ਨੂੰ ਜਾਣ ਵਾਲੀ ਰੇਲ ਕੋਲ਼ ਜਾਣਾ, ਅਤੇ ਪਥਰਾਈਆਂ ਅੱਖਾਂ ਨਾਲ ਕਿੰਨ੍ਹਾ ਸਮਾਂ ਦੇਖਦੇ ਰਹਿਣਾ। ਕਣਕਵਾਲ ਬਾਪੂ ਦੇ ਨਾਨਕੇ ਸਨ ਤੇ ਬਚਪਨ ਨਾਨਕੇ ਹੀ ਬੀਤਿਆ ਸੀ। ਰੇਲਵੇ ਸਟੇਸ਼ਨ ਤੋਂ ਚੱਕਰ ਮਾਰ ਕੇ ਗੋਲਡੱਗੀ ਕੋਲ਼ ਦੀ ਹੁੰਦਿਆਂ ਪੁਰਾਣੇ ਬੱਸ ਅੱਡੇ ਕੋਲ ਆ ਪਿੰਡ ਵਾਲੀ ਬੱਸ ਆ ਚੜ੍ਹਨਾ।
ਮਾਂ ਹੈਰਾਨ ਸੀ ਕਿ "ਅੱਜ ਤਾਂ ਬਠਿੰਡੇ ਵੀ ਨਹੀਂ ਜਾਣਾ? ਫਿਰ ਅੱਜ ਕਿੱਥੋਂ ਦੀਆਂ ਤਿਆਰੀਆਂ ਕਰੀ ਬੈਠਾ।" ਮਾਂ ਦੀ ਸੋਚ ਕਿਸੇ ਸਾਹਿਤਕ ਸਮਾਗਮ ਵੱਲ ਨੂੰ ਹੋ ਤੁਰਦੀ ,ਕਿ ਹੋ ਸਕਦਾ ਕਿਸੇ ਸਿਰ ਖਪਾਈ ਵਾਲ਼ੀ ਜਗ੍ਹਾ ਜਾਣਾ ਹੋਵੇ। ਮਾਂ, ਅਨਪੜ੍ਹ ਹੋਣ ਕਰਕੇ ਬਾਪੂ ਦੇ ਸਾਹਿਤਕ ਸਮਾਗਮਾਂ ਤੇ ਜਾਣ ਨੂੰ ਸਿਰਖਪਾਈ ਤੇ ਵਿਹਲੜਾਂ ਦਾ ਕਿੱਤਾ ਹੀ ਸਮਝਦੀ ਅਤੇ ਕਹਿੰਦੀ ਕਿ" ਅੱਜ ਤੱਕ ਕੀ ਬਦਲਿਆ? ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹ ਵਿਹਲੜ ਕੱਠੇ ਹੋ ਕੇ ਐਵੇਂ ਦਿਮਾਗ ਖਰਾਬ ਕਰਦੇ ਨੇ। ਮਹਿੰਗਾਈ੍ ਤਾਂ ਅੱਗੇ ਨਾਲੋਂ ਵੀ ਪਰਾਲ਼ੀ ਦੀ ਅੱਗ ਵਾਂਗ ਵਧਦੀ ਹੀ ਜਾਂਦੀ ਆ,ਰੁਕਣ ਦਾ ਨਾਂ ਹੀ ਨਹੀਂ ਲੈਂਦੀ"। ਅੱਜ ਉਸਦੇ ਚੇਤਿਆਂ ਵਿੱਚੋਂ ਵਿਸਰ ਗਿਆ ਸੀ ਕਿ ਪਰਸੋਂ ਪੱਖੋ ਕਲਾਂ ਵਾਲ਼ੀ ਤੇਜ ਮਾਸੀ ਦਾ ਫੋਨ ਆਇਆ ਸੀ, ਕਿ ਅੱਜ ਉਸ ਨੇ ਆਉਣਾ ਸੀ। ਜਦੋਂ ਮਾਸੀ ਨੇ ਆਉਣਾ ਹੁੰਦਾ ਬਾਪੂ ਦਾ ਧਰਤੀ ਪੈਰ ਨਾ ਲੱਗਦਾ।ਬਾਪੂ ਤੋਂ ਖੁਸ਼ੀ ਸੰਭਾਲੀ ਨਾ ਜਾਂਦੀ। ਸਵੇਰੇ ਹੀ ਨਹਾ ਧੋ ਕੇ ਹਵਾ ਪਿਆਜ਼ੀ ਪੱਗ ਬੰਨ੍ਹ, ਨਾਭੀ ਚੈੱਕ ਵਾਲੀ ਕਮੀਜ਼ ਦੇ ਨਾਲ਼ ਘਿਓ ਕਪੂਰੀ ਪੈਂਟ ਪਾ ਤਿਆਰ ਹੋ ਜਾਂਦਾ। ਮਾਸੀ ਦੇ ਆਉਣ ਤੋਂ ਪਹਿਲਾਂ ਸਾਈਕਲ ਚੁੱਕਦਾ ਤੇ ਨਥਾਣੇ ਸਬਜ਼ੀ ਅਤੇ ਹੋਰ ਬਿਸਕੁਟ ਤੇ ਖਾਣ ਪੀਣ ਵਾਲਾ ਨਿੱਕ ਸੁੱਕ ਲੈਣ ਚਲਾ ਜਾਂਦਾ। ਮਾਸੀ ਵੀ ਅਕਸਰ ਛੁੱਟੀ ਵਾਲ਼ੇ ਦਿਨ ਹੀ ਆਉਂਦੀ । ਤਾਂ ਕਿ ਸਾਰੇ ਘਰੇ ਮਿਲ ਜਾਣ।
ਮਾਸੀ, ਮਾਂ ਦੀ ਸਕੀ ਭੈਣ ਨਹੀਂ ਸੀ, ਬਲਕਿ ਮਾਂ ਦੀ ਅੱਗੇ ਮਾਸੀ ਦੀ ਕੁੜੀ ਸੀ। ਬਾਪੂ ਨੇ ਮਾਸੀ ਦਾ ਰਿਸ਼ਤਾ ਆਪਣੀ ਛੋਟੀ ਮਾਸੀ ਦੇ ਮੁੰਡੇ ਨੂੰ ਪੱਖੋਕਲਾਂ ਕਰਾਇਆ ਸੀ। ਮਾਸੀ ਦਾ ਸਾਕ ਕਰਾਉਣਾ ਉਸ ਲਈ ਜੰਗ ਜਿੱਤਣ ਬਰਾਬਰ ਸੀ। ਬਹੁਤ ਅੜਚਣਾਂ ਸੀ ਮਾਸੀ ਦੇ ਸਾਕ ਲਈ। ਬਾਪੂ , ਨਾਨੀ ਨਾਲ਼ ਘੱਟ ਹੀ ਬੋਲਦਾ ਸੀ, ਨਾਨੀ ਵੀ ਕਹਿੰਦੇ ਕਹਾਉਂਦੇ ਨੂੰ ਠਿੱਬੀ ਲਾ ਜਾਂਦੀ ਸੀ ਤੇ ਬਾਪੂ ਵਿੱਚ ਵੀ ਸਿਰੇ ਦਾ ਰੰਘੜਊ ਸੀ,ਨੱਕ ਤੇ ਮੱਖੀ ਬਾਪੂ ਵੀ ਨਹੀਂ ਸੀ ਬਹਿਣ ਦਿੰਦਾ ।ਬਸ ਸਾਰੀ ਉਮਰ ਦੋਨਾਂ ਦੀ ਇਸ ਗੱਲ ਕਰਕੇ ਹੀ ਨਹੀਂ ਸੀ ਬਣੀ। ਗੱਲ ਹੁਣ ਮਾਸੀ ਦੇ ਸਾਕ ਲਈ ਨਾਨੀ ਨੂੰ ਮਨਾਉਣ ਦੀ ਸੀ ਕਿ ਉਹ ਆਪਣੀ ਭੈਣ ਨੂੰ ਰਿਸ਼ਤਾ ਕਰਨ ਲਈ ਮਨਾਵੇ। ਬਾਪੂ ਨੇ ਸਾਕ ਲਈ ਮਾਂ ਨੂੰ ਮੋਹਰਾ ਬਣਾਇਆ ਸੀ। ਘੱਟ ਨਾਨੀ ਵੀ ਨਹੀਂ ਸੀ, ਮਾਂ ਨੂੰ ਕਹਿੰਦੀ
,"ਕੁੜੀਏ, ਐਂ ਸਾਕ ਕਿਵੇਂ ਕਰ ਦੇਣ, ਕੀ ਆ ਉਹਨਾਂ ਨੰਗਾਂ ਮਲੰਗਾਂ ਕੋਲ਼। ਪਹਿਲਾਂ ਤਾਂ ਤੇਰੇ ਪਿਉ ਦੀ ਸਹੇੜ ਹੀ ਠੀਕ ਨਹੀਂ ਆਉਂਦਾ,ਆਕੜ ਸੱਤਾ ਚੂਹੜਿਆਂ ਜਿੰਨੀ"।
" ਮਾਂ ਮਾਸੀ ਨਾਲ ਗੱਲ ਤਾਂ ਤੋਰ"। ਮਾਂ ਨੇ ਵਿਚਾਰਾ ਜਿਹਾ ਮੂੰਹ ਬਣਾ ਕੇ ਕਿਹਾ ਸੀ। ਨਾਨੀ , ਮਾਂ ਦੀ ਖੁਸ਼ੀ ਲਈ ਅਗਲੇ ਹੀ ਦਿਨ ਜੋਧਪੁਰ ਚੀਮੇ ਜਾ ਧਮਕੀ। ਆਥਣੇ ਗੱਲਾਂ ਬਾਤਾਂ ਕੀਤੀਆਂ। ਨਾਨੀ ਦੀ ਭੈਣ ਵੀ ਭਾਂਪ ਗਈ, ਕਿ ਗੱਲ ਤਾਂ ਕੋਈ ਭੈਣ ਜ਼ਰੂਰੀ ਕਰਨ ਆਈ ਆ। ਰਾਤ ਨੂੰ ਗੱਲ ਛੇੜੀ ਲਈ , "ਅਖੇ ਜੀਤੋ , ਕੁੜੀ ਵਾਸਤੇ ਕੋਈ ਥਾਂ ਥੂੰ ਦੇਖੀ ਆ ?"
"ਨਹੀਂ ਭੈਣੇ, ਇਹਦਾ ਪਿਉ ਕਹਿੰਦਾ ਹਾੜੀਆਂ ਤੋਂ ਪਿੱਛੋਂ ਦੇਖਾਂਗੇ ਕਿਤੇ, ਦੱਸ ਤਾਂ ਬਥੇਰਿਆਂ ਨੇ ਪਾਈ ਆ"।
"ਆਪਣਾ ਪੂਹਲੇ ਵਾਲਾ ਪ੍ਰਾਹਣਾ ਭਾਈ ਸਾਕ ਮੰਗਦਾ, ਆਵਦੇ ਮਾਸੀ ਦੇ ਮੁੰਡੇ ਨੂੰ ,ਊ ਤਾਂ ਚੰਗਾ ਸੋਹਣਾ ਕੰਮ ਕਰਦਾ ਮੁੰਡਾ, ਪਹਿਲਾਂ ਜ਼ਿਮੀਂਦਾਰਾਂ ਦੇ ਸੀਰੀ ਰਲ਼ਦਾ ਸੀ,ਹੁਣ ਮਿਸਤਰੀ ਨਾਲ ਦਿਹਾੜੀ ਕਰਦਾ ,ਚੰਗੇ ਦੋ ਕਮਰੇ ਛੱਤੇ ਆ"।
"ਤੇਜ ਦਾ ਪਿਓ ,ਭੈਣ ਤੇਜ ਦੇ ਸਾਕ ਨੂੰ ਆਈ ਆ"।
"ਚਾਰ ਮਣ ਦਾਣੇ ਕੱਠੇ ਕਰ ਕੇ ਦੇਖ ਆਵਾਂਗੇ ਮੁੰਡਾ "।ਮਾਸੀ ਦੇ ਪਿਉ ਨੇ ਨਾਨੀ ਨੂੰ ਕਿਹਾ ਸੀ।
ਭਿਣਕ ਤੇਜ ਮਾਸੀ ਨੂੰ ਵੀ ਪੈ ਗਈ ਕਿ ਵੱਡੀ ਮਾਸੀ ਸਾਕ ਮੰਗਣ ਆਈ ਆ। ਮਾਸੀ ਦੇ ਵੀ ਦਿਲ ਵਿੱਚ ਲੱਡੂ ਭੁਰਨ ਲੱਗੇ। ਬਾਪੂ ਦੇ ਵਿਆਹ ਮੌਕੇ ਤੇਜ ਮਾਸੀ ਨੇ ਹੀ ਬਰਾਤ ਦਾ ਬਾਰ ਰੋਕਿਆ ਸੀ ਅਤੇ ਬਾਪੂ ਨਾਲ ਹਾਸਾ ਮਖੌਲ ਕੀਤਾ ਸੀ। ਮਾਸੀ ,ਬਾਪੂ ਦੀ ਰੂਹ ਦੀ ਦੇਹਲੀ ਟੱਪ ਗਈ ਸੀ ,ਜਦੋਂ ਬਾਰ ਰੁਕਾਈ ਵੇਲੇ ਮਾਸੀ ਨੇ ਬਾਪੂ ਨੂੰ ਸਿੱਠਣੀਆਂ ਦਿੱਤੀਆਂ ਸੀ..
" ਲਾੜ੍ਹਿਆ ਕੱਲਾ ਕਿਉਂ ਆਇਆ ਵੇ ਤੂੰ ਅੱਜ ਦੀ ਘੜੀ,
ਨਾਲ਼ ਭੈਣਾਂ ਨੂੰ ਨਾ ਲਿਆਇਆ ਵੇ ਤੂੰ ਅੱਜ ਦੀ ਘੜੀ।'
ਉਨ੍ਹਾਂ ਵੇਲਿਆਂ ਵਿੱਚ ਬੁੜ੍ਹੀਆਂ ਕੁੜੀਆਂ ਬਰਾਤ ਨਹੀਂ ਸਨ ਜਾਇਆ ਕਰਦੀਆਂ। ਬਾਪੂ ਨੇ ਮਾਸੀ ਨੂੰ ਮਖੌਲ ਵਿੱਚ ਕਿਹਾ ਸੀ ," ਛਮਕ ਛੱਲੋ, ਤਿਆਰ ਰਹੀਂ , ਹੁਣ ਤੈਨੂੰ ਵਿਆਹੁਣ ਆਵਾਂਗੇ ਬਰਾਤੀ ਬਣ ਕੇ"। ਮਾਸੀ, ਸ਼ਰਮ ਨਾਲ਼ ਗੁਲਾਬੀ ਜਿਹੀ ਹੋ ਗਈ ਅਤੇ ਉਸ ਨੇ ਚੁੰਨੀ ਦੰਦਾਂ 'ਚ ਦਬਾ ਲਈ ਸੀ। ਬਾਪੂ ਨੇ ਸ਼ਰਾਬੀ ਜਿਹਾ ਹਾਸਾ ਹੱਸ ਕੇ ਰੀਬਨ ਕੱਟਿਆ ਸੀ। ਮਾਸੀ ਦਾ ਹਾਸਾ ਸੀ ਅਤੇ ਬਾਪੂ ਦੀ ਰੂਹ, ਦੋਨੋਂ ਇਕਮਿਕ ਹੋ ਗਏ ਸਨ । ਹੁਣ ਤੇਜ ਮਾਸੀ ਦਾ ਸਾਕ ਬਾਪੂ ਲਈ ਇੱਜ਼ਤ ਦਾ ਸਵਾਲ ਬਣ ਗਿਆ ਸੀ। ਨਾਨੀ ਨੇ ਇਸ ਮੌਕੇ ਦਾ ਫ਼ਾਇਦਾ ਉਠਾਇਆ ਅਤੇ ਬਾਪੂ ਨੂੰ ਕਿਹਾ,
"ਸਾਊ , ਜਿੱਦੇਂ ਰਲੌ਼ ਦਾ ਸਾਕ ਕੀਤਾ ਇਹਦੇ ਪਿਓ ਨੇ , ਕਹਿੰਦੇ ਸੀ,ਚਾਰ ਘੁਮਾਅ ਆਉਂਦੇ ਨੇ ਮੁੰਡੇ ਨੂੰ , ਅਸੀਂ ਤਾਂ ਆਖਿਆ ਬਈ ਚੰਗੀ ਸੋਹਣੀ ਕਬੀਲਦਾਰੀ ਹੋਊਗੀ, ਇਹ ਤਾਂ ਮਗਰੋਂ ਪਤਾ ਲੱਗਿਆ ਕਿ ਬਈ ਛੱਤੜੇ ਹੇਠਾਂ ਵੀ ਲਟੈਣ ਦਿੱਤੀ ਹੋਈ ਆ। ਮੇਰੇ ਪਿਓ ਦੇ ਸਾਲ਼ੇ ਵਿਚੋਲੇ ਨੇ ਭਿਣਕ ਨਹੀਂ ਦਿੱਤੀ,ਕੁੜੀ ਡੋਬਤੀ"।
ਜੀਅ ਤਾਂ ਬਾਪੂ ਦਾ ਵੀ ਕੀਤਾ ਸੀ ਕਿ ਕਹਿ ਦੇਵੇ ,ਕਿ
"ਸੋਡੇ ਕਿਹੜਾ ਬਲੌਰ ਝੂਲਦੇ ਸੀ",
ਪਰ ਭਰਮ ਦੀ ਸੰਦਲੀ ਖ਼ੁਸ਼ਬੂ ਨੇ ਬਾਪੂ ਨੂੰ ਫਿਰ ਕਲਾਵੇ ਵਿੱਚ ਲੈ ਲਿਆ ਸੀ ਅਤੇ ਨਾਨੀ ਦੀ ਅੱਕ ਚੱਬੀ ਬੋਲੀ ਬਾਪੂ ਦੇ ਆਦਰਸ਼ਵਾਦ ਨੂੰ ਲੀਰਾਂ ਲੀਰਾਂ ਕਰ ਗਈ । ਕਿਸੇ ਕਿਤਾਬ ਵਿਚ ਪੜ੍ਹੀ ਇਹ ਸਤਰ ਬਾਪੂ ਦੇ ਪਟੱਕ ਦੇਣੇ ਯਾਦ ਆ ਕੇ ਚਿੜਾਉਣ ਲੱਗੀ, ਕਿ ਔਰਤ ਸਦੀਆਂ ਤੋਂ ਗੁਲਾਮ ਹੈ।
ਨਾਨੀ, ਬਾਪੂ ਨੂੰ ਨੀਵਾਂ ਦਿਖਾਉਣ ਦਾ ਕੋਈ ਵੀ ਮੌਕਾ ਨਹੀਂ ਸੀ ਜਾਣ ਦਿੰਦੀ। ਮਾਸੀ ਦਾ ਸਾਕ ਸੁੱਖੀ ਸਾਂਦੀ ਨੇਪਰੇ ਚੜ੍ਹ ਗਿਆ। ਜ਼ਿੰਦਗੀ ਆਪਣੀ ਤੋਰ ਤੁਰਦੀ ਗਈ। ਰਿਸ਼ਤਿਆਂ ਦੀ ਪਾਕੀਜ਼ਗੀ ਗੁਲਾਬੀ ਤੋਂ ਸੰਧੂਰੀ ਹੁੰਦੀ ਗਈ। ਉਮਰ ਦੀ ਢਲ਼ਦੀ ਦੁਪਹਿਰ ਨੇ ਮੋਹ ਦੀਆਂ ਤੰਦਾਂ ਨੂੰ ਪੀਢਾ ਕਰ ਦਿੱਤਾ।
ਬਾਪੂ ਨੂੰ ਅਚਾਨਕ ਲਾਇਲਾਜ ਬਿਮਾਰੀ ਨੇ ਘੇਰ ਲਿਆ। ਬਹੁਤ ਇਲਾਜ ਕਰਾਇਆ ਪਰ ਖੂਨ ਘਟਦਾ ਹੀ ਗਿਆ। ਹੁਣ ਤਾਂ ਮਹੀਨੇ ਤੋਂ ਦਸ ਦਿਨਾਂ ਵਿੱਚ ਖੂਨ ਚੜ੍ਹਾਉਣਾ ਪੈਂਦਾ। ਸਾਰੇ ਸਾਕ ਸਬੰਧੀ ਆ ਕੇ ਪਤਾ ਲੈ ਜਾਣ ਲੱਗੇ। ਬਾਪੂ ਪਥਰਾਈਆਂ ਅੱਖਾਂ ਨਾਲ਼ ਹਰ ਪਤਾ ਲੈਣ ਆਏ ਵੱਲ ਦੇਖਦਾ ਅਤੇ ਅੱਖਾਂ ਬੰਦ ਕਰ ਲੈਂਦਾ। ਬਾਪੂ ਦੀ ਰੂਹ ਰੋਹੀ ਬੀਆਬਾਨ ਵਿੱਚ ਭਟਕ ਜਾਂਦੀ। ਅੱਜ ਪੱਖੋਂ ਕਲਾਂ ਤੋਂ ਦੂਰ ਦੀ ਰਿਸ਼ਤੇਦਾਰੀ ਵਿੱਚੋਂ ਗਾਮਾ ਤਾਇਆ ਆਇਆ ਸੀ। ਉਸ ਨੇ ਬਾਪੂ ਦੇ ਮੋਢੇ ਨੂੰ ਹਲੂਣ ਕੇ ਕਿਹਾ,
"ਬਾਈ ,ਤੂੰ ਫ਼ਿਕਰ ਨਾ ਕਰ ਠੀਕ ਹੋਜੇਂਗਾ,ਬਾਈ ਬਾਈ...."।
ਤੇ ਬਾਪੂ ਸਦਾ ਲਈ ਲੰਮੀਆਂ ਤਾਣ ਜਣੀ ਕਦੋਂ ਦਾ ਸੌਂ ਗਿਆ ਸੀ । ਗਾਮਾ ਤਾਇਆ ਕਹਿ ਰਿਹਾ ਸੀ ਕੇ ,
"ਮੈਨੂੰ ਵੀ ਕੱਲ੍ਹ ਹੀ ਪਤਾ ਲੱਗਿਆ ਬਾਈ ਦੇ ਬਿਮਾਰ ਦਾ। ਤੇਜ ਚਾਚੀ ਆਵਦੇ ਵੱਡੇ ਮੁੰਡੇ ਨੂੰ ਕਹਿ ਰਹੀ ਸੀ," ਵੇ ਚਰਨਿਆ, ਪੂਹਲੇ ਨਾ ਜਾਈਂ ਵੇ,ਖੂਨ ਕੱਢ ਲੈਣਗੇ, ਤੇਰੇ ਮਾਸੜ ਨੂੰ ਦੇਣ ਵਾਸਤੇ "।
-
ਅੰਮ੍ਰਿਤਪਾਲ ਕਲੇਰ, ਲੇਖਿਕਾ
kaleramritpalkaur@gmail.com
9915780980
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.