ਜਥੇਦਾਰ ਫੂਲਾ ਸਿੰਘ 18ਵੀਂ ਸਦੀ ਦੇ ਮਹਾਨ ਸੂਰਬੀਰ ਸਿੱਖ ਜਰਨੈਲ, ਜਿਹਨਾਂ ਆਪਣਾ ਸਾਰਾ ਜੀਵਨ ਸਿੱਖ ਕੌਮ ਨੂੰ ਸਮਰਪਿਤ ਕੀਤਾ। ਜਬਰ-ਜ਼ੁਲਮ ਵਿਰੁੱਧ ਸੰਘਰਸ਼ ਕਰਦਿਆਂ ਅਨੇਕਾਂ ਯੁੱਧ ਲੜੇ ਤੇ ਫ਼ਤਹਿ ਹਾਸਲ ਕੀਤੀ। ਅਕਾਲੀ ਬਾਬਾ ਫੂਲਾ ਸਿੰਘ ਸੂਰਬੀਰ ਯੋਧੇ, ਸੁਘੜ ਨੀਤੀਵਾਨ, ਕੁਸ਼ਲ ਪ੍ਰਬੰਧਕ ਤੇ ਪਰਉਪਕਾਰੀ ਸਨ। ਸਿੱਖ ਕੌਮ ਦੇ ਸੰਘਰਸ਼ਮਈ ਸਮੇਂ ਆਪ ਜੀ ਨੇ ਸੁਯੋਗ ਅਗਵਾਈ ਕੀਤੀ ਤੇ ਪੰਥ ਦੀ ਮਹਾਨ ਸੇਵਾ ਕੀਤੀ। ਅਕਾਲੀ ਜੀ ਦੇ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਕੀਤੇ ਸੰਘਰਸ਼ ਤੇ ਯੋਗ ਅਗਵਾਈ ਨੂੰ ਸਨਮੁੱਖ ਰੱਖਦਿਆਂ ਮਹਾਰਾਜਾ ਰਣਜੀਤ ਸਿੰਘ ਹਮੇਸ਼ਾ ਸਤਿਕਾਰ ਦੇਂਦੇ ਸਨ। ਆਪ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਅਤੇ ਬੁੱਢਾ ਦਲ ਦੇ ਛੇਵੇਂ ਮੁਖੀ ਵਜੋਂ ਕੌਮ ਦੀ ਅਗਵਾਈ ਕਰਦੇ ਰਹੇ।
ਅਕਾਲੀ ਜੀ ਦੀ ਬਰਸੀ ਸਮਾਗਮ ਸਮੇਂ 2019 ਨੂੰ ਖਾਲਸਾ ਪੰਥ ਬੁੱਢਾ ਦਲ ਵੱਲੋਂ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਦੂਸਰੀ ਸ਼ਹੀਦੀ ਸ਼ਤਾਬਦੀ ਮਨਾਉਣ ਦਾ ਗੁਰਮਤਾ ਕੀਤਾ ਗਿਆ ਸੀ। ਆਪ ਭਲੀਭਾਂਤ ਜਾਣਦੇ ਹੋ, ਸਿੱਖ ਅਰਦਾਸ ਵਿਚ ਧਰਮ ਹੇਤ ਸੀਸ ਦੇਣ ਵਾਲਿਆਂ, ਬੰਦ ਬੰਦ ਕਟਾੳੇੁਣ, ਖੋਪਰੀਆਂ ਲੁਹਾਉਣ, ਚਰਖੜੀਆਂ `ਤੇ ਚੜ੍ਹਨ ਵਾਲਿਆਂ, ਆਰਿਆਂ ਨਾਲ ਸਰੀਰ ਚਿਰਾਉਣ ਵਾਲਿਆਂ ਤੇ ਕੇਸਾਂ ਸੁਆਸਾਂ ਨਾਲ ਸਿੱਖੀ ਨਿਭਾਉਣ ਵਾਲਿਆਂ ਸ਼ਹਾਦਤ ਦੇਣ ਵਾਲਿਆਂ ਦੀ ਸਦੀਵੀ ਯਾਦ ਦੀ ਮਹੱਤਤਾ ਤੇ ਮਹਾਨਤਾ ਨੂੰ ਸਿੱਖ ਮਨ ਵਿਚ ਦ੍ਰਿੜ੍ਹ ਕਰਾਉਣ ਲਈ ਰੋਜ਼ਾਨਾ ਜੀਵਨ ਦਾ ਅੰਗ ਬਣ ਗਈ ਹੈ। ਹਰ ਯੁੱਗ ਵਿਚ ਸ਼ਹੀਦੀ ਦਾ ਪਸਾਰ ਤੇ ਆਕਾਰ ਫੈਲਦਾ ਗਿਆ ਹੈ।
ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਕੀਤੀ ਹੋਈ ਹਰ ਕੁਰਬਾਨੀ, ਪੰਥ ਦੀ ਅਣਖ ਬਚਾਉਣ ਲਈ ਕੀਤਾ ਬਲੀਦਾਨ ਵੀ ਸੱਚੀ-ਸੁੱਚੀ ਸ਼ਹਾਦਤ ਹੁੰਦਾ ਹੈ। ਸ਼ਹੀਦ, ਧਰਮ, ਕੌਮ, ਦੇਸ਼ ਤੇ ਇਨਸਾਫ ਦੀ ਖਾਤਰ ਨਿਰਸੁਆਰਥ ਹੋ ਕੇ ਜਾਨ ਤਲੀ `ਤੇ ਧਰ ਕੇ ਮੈਦਾਨ ਵਿਚ ਆਉਂਦਾ ਹੈ। ਸ਼ਹੀਦ ਸਿੰਘ ਸਾਹਿਬ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ, ਮਹਾਰਾਜਾ ਰਣਜੀਤ ਸਿੰਘ ਸਮੇਂ ਦੇ ਸਿੱਖ ਰਾਜ ਦੇ ਸ਼ੁਭਚਿੰਤਕਾਂ ਤੇ ਆਪਾ ਵਾਰੂ ਸੇਵਕਾਂ ਵਿਚੋਂ ਸਭ ਤੋਂ ਅੱਗੇ ਸਨ। ਭੱਖਰ, ਬਹਾਵਲਪੁਰ, ਕਸ਼ਮੀਰ, ਮੁਲਤਾਨ, ਪਿਸ਼ਾਵਰ, ਨੌਸ਼ਹਿਰੇ ਦੀ ਜੰਗ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਅਗਵਾਈ, ਬਹਾਦਰੀ, ਸੂਰਮਗਤੀ ਕਾਰਨ ਜਿਤ ਹੋਈਆਂ। ਉਹ ਇਖ਼ਲਾਕ, ਨਿਡਰਤਾ ਤੇ ਧਰਮ-ਕਰਮ ਦੇ ਕੰਮਾਂ ਵਿਚ ਬੇਜੋੜ ਸਨ। ਗੁਰ-ਮਰਯਾਦਾ ਨੂੰ ਉਨ੍ਹਾਂ ਆਖਰੀ ਸੁਆਸਾਂ ਸੰਗ ਨਿਭਾਇਆ। ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਧਾਰਮਿਕ ਮਰਯਾਦਾ ਦੇ ਉਲੰਘਣ ਵਿਚ ਤਾੜਨਾ ਕਰਨ ਤੋਂ ਉਹ ਕਦੇ ਪਿਛੇ ਨਹੀ ਹਟਦੇ ਸਨ।
ਉਹ ਬੁੱਢਾ ਦਲ ਦੇ ਛੇਵੇਂ ਮੁੱਖੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਸਨ। ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਸਥਾਨ ਤੋਂ ਬਾਅਦ ਖਾਲਸਾ ਪੰਥ ਬੁੱਢਾ ਦਲ ਦੇ ਮੁਖੀ ਹੀ ਸਰਬੱਤ ਖਾਲਸੇ ਰਾਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਇਆ ਕਰਦੇ ਸਨ। ਜੇ ਮਹਾਰਾਜਾ ਰਣਜੀਤ ਸਿੰਘ ਆਪਣੀ ਸੂਝ ਬੂਝ ਅਨੁਸਾਰ ਅਕਾਲੀ ਫੂਲਾ ਸਿੰਘ ਨੂੰ ਸਿਰ ਝੁਕਾ ਸਤਿਕਾਰ ਨਾ ਦਿੰਦਾ ਸ਼ਾਇਦ ਖਾਲਸਾ ਰਾਜ ਦਾ ਵਿਸਥਾਰ ਏਨਾ ਨਾ ਹੰਦਾ। ਇਹ ਮਹਾਨ ਸਿੱਖ ਨਾਇਕ ਦਾ ਜਨਮ 14 ਫਰਵਰੀ 1761 ਈ. ਨੂੰ ਪਿੰਡ ਦੇਹਲਾਂ ਸੀਹਾਂ ਜ਼ਿਲ੍ਹਾ ਸੰਗਰੂਰ ਵਿਖੇ ਪਿਤਾ ਸ. ਈਸ਼ਰ ਸਿੰਘ ਦੇ ਗ੍ਰਹਿ ਮਾਤਾ ਹਰਿ ਕੌਰ ਦੀ ਕੁਖੋਂ ਹੋਇਆ। ਛੋਟੇ ਹੁੰਦਿਆਂ ਬਾਪ ਦਾ ਹੱਥ ਸਿਰ ਤੋਂ ਉਠ ਗਿਆ ਆਪ ਜਥੇਦਾਰ ਬਾਬਾ ਨੈਣਾ ਸਿੰਘ ਦੀ ਅਗਵਾਈ ਪ੍ਰਵਾਨ ਚੜੇ ਆਪ ਨੇ ਖਾਲਸਾ ਰਾਜ ਦੇ ਭਲੇ ਤੇ ਵਿਸਥਾਰ ਲਈ ਕਈ ਜੰਗਾਂ ਲੜੀਆਂ। ਸਭਨਾਂ ਤੇ ਫਤਿਹ ਪਾਈ। ਉਨ੍ਹਾਂ ਨੂੰ ਅਕਾਲ ਪੁਰਖ ਤੇ ਅਤੁੱਟ ਵਿਸ਼ਵਾਸ ਸੀ ਤੇ ਕੀਤੀ ਅਰਦਾਸ ਤੇ ਦਿੜ੍ਰਤਾ ਨਾਲ ਪਹਿਰਾ ਦੇਂਦੇ ਸਨ।
ਗੁਰੂ ਗ੍ਰੰਥ, ਗੁਰੂ ਪੰਥ ਅਤੇ ਗੁਰਮਤਿ ਸਿਧਾਂਤ ਨੂੰ ਆਪਣੀ ਜਾਨ ਨਾਲੋਂ ਵੱਧ ਪਿਆਰ ਕਰਨ ਵਾਲੇ “ਪੰਥ ਵਸੈ ਮੈਂ ਉਜੜਾਂ” ਵਾਲੀ ਗੁਰਮੁੱਖ ਬਿਰਤੀ ਦੇ ਮਾਲਕ ਫ਼ਖਰ-ਏ-ਕੌਮ, ਸ਼ਹੀਦ-ਏ-ਰਤਨ, ਸੂਰਬੀਰ ਬਹਾਦਰ, ਸਿੱਖ ਕੌਮ ਦੇ ਨਿਰਭੈ ਯੋਧਾ, ਪੰਥ ਹਿਤੈਸ਼ੀ, ਪੂਰਨ ਗੁਰਸਿੱਖ, ਸਿੱਖੀ ਸਿਦਕ ਵਾਲੇ, ਬੇਖੌਫ ਪੰਥਕ ਜਰਨੈਲ, ਅਕਾਲ ਪੁਰਖ ਦਾਤਾਰ ਦੀ ਅਪਾਰ ਕ੍ਰਿਪਾ ਵਾਲਾ ਅਣਖੀਲਾ ਬੀਰ, ਜਥੇ: ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਨੌਸ਼ਹਿਰੇ ਲਾਗੇ ਤਰਕੀ ਦੀਆਂ ਪਹਾੜੀਆਂ ਵਿਚ ਦੇ ਜੰਗੇ-ਮੈਦਾਨ, ਯੁੱਧ ਲੜਦਿਆਂ 14 ਮਾਰਚ 1823 ਨੂੰ ਸ਼ਹੀਦ ਹੋ ਗਏ ਸਨ। ਉਨ੍ਹਾਂ ਦੀ ਸ਼ਹੀਦੀ ਹੋਈ ਨੂੰ 200 ਸਾਲ 14 ਮਾਰਚ 2023 ਨੂੰ ਪੂਰੇ ਹੋ ਰਹੇ ਹਨ। ਉਸ ਮਹਾਨ ਆਤਮਾ ਦਾ ਸਿੱਖ ਇਤਿਹਾਸ ਵਿਚ ਬਹੁਤ ਕੀਮਤੀ ਯੋਗਦਾਨ ਹੈ।
ਬੁੱਢਾ ਦਲ ਦੇ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੀ ਅਗਵਾਈ ਵਿੱਚ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਦੇ ਸ਼ਹੀਦੀ ਦਿਹਾੜੇ ਦੀ (ਦੂਜੀ ਸ਼ਤਾਬਦੀ) 11 ਤੋਂ 14 ਮਾਰਚ ਦੇ ਸਮਾਗਮ ਸਮੂਹ ਨਿਹੰਗ ਸਿੰਘ ਜਥੇਬੰਦੀਆਂ, ਸ੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਸੰਸਥਾਵਾਂ, ਸਿੱਖ ਜਥੇਬੰਦੀਆਂ, ਸੰਤ ਮਹਾਪੁਰਸ਼ਾਂ, ਧਾਰਮਿਕ ਸੰਪਰਦਾਵਾਂ, ਧਾਰਮਿਕ ਸਭਾ ਸੋਸਾਇਟੀਆਂ ਅਤੇ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਸਹਿਯੋਗ ਨਾਲ ਪੰਥਕ ਸੱਜ-ਧੱਜ, ਖਾਲਸਾਈ ਜਾਹੋ ਜਲਾਲ ਤੇ ਸ਼ਰਧਾ ਭਾਵਨਾ ਨਾਲ ਮਨਾਉਣ ਦੇ ਉਪਰਾਲੇ ਨੂੰ ਅਮਲੀ ਰੂਪ ਹੀ ਨਹੀਂ ਦਿਤਾ ਸਗੋਂ ਖਾਲਸਾਈ ਸ਼ਾਨੋ-ਸ਼ੌਕਤ ਵਾਲਾ ਇਕ ਵੱਡਾ ਪਲੇਟ ਫਾਰਮ ਤਿਆਰ ਕਰ ਦਿਤਾ ਹੈ।
ਗੁਰੂ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਨਾਲ ਨਿਵਾਜਿਆ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਵਲੋਂ ਆਪਣੇ ਛੇਵੇਂ ਮੁਖੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਦੀ ਦੂਜੀ ਸ਼ਹੀਦੀ ਸ਼ਤਾਬਦੀ ਪੂਰੇ ਸਤਿਕਾਰ, ਪਿਆਰ ਚੜ੍ਹਦੀ ਕਲਾ ਨਾਲ ਮਨਾਈ ਜਾ ਰਹੀ ਹੈ। ਇਸ ਸ਼ਹੀਦੀ ਸ਼ਤਾਬਦੀ ਨੂੰ ਮਨਾਉਣ ਲਈ ਬੁੱਢਾ ਦਲ ਵੱਲੋਂ ਦੇਸ਼ ਦੇ ਵੱਖ-ਵੱਖ ਸ਼ਹਿਰਾਂ, ਮਹਾਂ ਨਗਰਾਂ, ਸਿੱਖ ਪੰਥ ਦੇ ਤਖਤ ਸਾਹਿਬਾਨਾਂ ਵਿਖੇ ਗੁਰਮਤਿ ਸਮਾਗਮ ਕਰਨ ਤੋਂ ਪਹਿਲਾਂ 14 ਸਤੰਬਰ 2022 ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਉਪਰੰਤ ਸਮੂਹਕ ਅਰਦਾਸ ਨਾਲ ਸ਼ਤਾਬਦੀ ਸਮਾਗਮਾਂ ਦੀ ਸ਼ੁਰੂਆਤ ਕੀਤੀ। ਇਸ ਉਪਰੰਤ ਤਖਤ ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਨਾਂਦੇੜ ਵਿਖੇ ਮਿਤੀ 2 ਨਵੰਬਰ 2022 ਨੂੰ ਮਹਾਨ ਕੀਰਤਨ ਦਰਬਾਰ ਕਰਵਾਏ ਗਏ, ਜਿਸ ਵਿਚ ਦੂਰ ਦੁਰਾਡੇ ਦੇ ਇਲਾਕਿਆਂ ਤੋਂ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇੰਝ ਹੀ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਵਿਖੇ ਮਿਤੀ 21 ਜਨਵਰੀ 2023 ਅਤੇ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਮਿਤੀ 29 ਜਨਵਰੀ 2023 ਨੂੰ ਮਹਾਨ ਗੁਰਮਤਿ ਸਮਾਗਮ ਹੋਏ।
ਇਸੇ ਲੜੀ ਵਿੱਚ 11 ਫਰਵਰੀ ਨੂੰ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਜਨਮ ਅਸਥਾਨ ਪਿੰਡ ਦੇਹਲਾਂ ਸੀਹਾਂ ਜ਼ਿਲ੍ਹਾ ਸੰਗਰੂਰ ਵਿਖੇ ਗੁਰਮਤਿ ਸਮਾਗਮ ਹੋਇਆ ਅਤੇ 12 ਫਰਵਰੀ ਨੂੰ ਏਥੋਂ ਹੀ ਇਕ ਵਿਸ਼ਾਲ (ਨਗਰ ਕੀਰਤਨ) “ਸ਼ਹੀਦੀ ਫਤਹਿ ਮਾਰਚ” ਅਰੰਭ ਹੋਇਆ। ਜੋ ਪੰਜਾਬ ਦੇ ਵੱਖ-ਵੱਖ ਸ਼ਹਿਰਾਂ, ਪਿੰਡਾਂ ਕਸਬਿਆਂ ਤੋਂ ਹੁੰਦਾ ਹੋਇਆ 16 ਫਰਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੰਪਨ ਹੋਇਆ। ਖਾਲਸੇ ਦੇ ਸਿਰਜਣਾ ਅਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਿਤੀ 26 ਫਰਵਰੀ ਅਤੇ ਕਿਲ੍ਹਾ ਗੁ: ਨਿਰਮੋਹਗੜ੍ਹ ਸਾਹਿਬ ਪਾ: 10ਵੀਂ ਵਿਖੇ 28 ਫਰਵਰੀ ਨੂੰ ਖਾਲਸਾ ਪੰਥ ਬੁੱਢਾ ਦਲ ਵੱਲੋਂ ਮਹਾਨ ਗੁਰਮਤਿ ਸਮਾਗਮ ਹੋਏ। ਬੁੱਢਾ ਦਲ ਦੇ ਮੁਖੀ ਸਾਹਿਬ ਨੇ ਇਹ ਸਮਾਗਮ ਦੇਸ਼-ਵਿਦੇਸ਼ ਵਿੱਚ ਮਾਰਚ 2024 ਤੀਕ ਚਲਦੇ ਰਹਿਣਗੇ ਦਾ ਐਲਾਨ ਕੀਤਾ ਹੈ। 11 ਮਾਰਚ ਦਿਨ ਸ਼ਨੀਵਾਰ ਨੂੰ ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਛਾਉਣੀ ਨਿਹੰਗ ਸਿੰਘ ਬੁੱਢਾ ਦਲ ਵਿਖੇ ਸੁਖਮਨੀ ਸੇਵਾ ਸੁਸਾਇਟੀਆਂ ਵੱਲੋਂ ਸ਼ਬਦ ਕੀਰਤਨ ਹੋਵੇਗਾ।
12 ਮਾਰਚ ਦਿਨ ਐਤਵਾਰ ਨੂੰ ਸਵੇਰੇ 9 ਵਜੇ ਗੁ: ਸ਼ਹੀਦ ਬਾਬਾ ਗੁਰਬਖਸ਼ ਸਿੰਘ ਨਿਹੰਗ ਸਿੰਘ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਸ਼ਹੀਦੀ ਫਤਿਹ ਮਾਰਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰੰਭ ਹੋ ਕੇ ਪੁਰਾਤਨ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ 12 ਦਰਵਾਜਿਆ ਤੋਂ ਹੁੰਦਾ ਹੋਇਆ ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਵਿਖੇ ਸਮਾਪਤ ਹੋਵੇਗਾ। ਇਸ ਸ਼ਹੀਦੀ ਫਤਿਹ ਮਾਰਚ ਵਿਚ ਸਮੁਚੀਆਂ ਸਿੱਖ ਸੰਸਥਾਵਾਂ ਅਤੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸਾਹਿਬਾਨ ਗੁਰੂ ਦੀਆਂ ਲਾਡਲੀਆਂ ਫੌਜਾਂ, ਘੋੜਿਆਂ, ਊਠਾਂ, ਹਾਥੀਆਂ ‘ਤੇ ਸੁੰਦਰ ਬੱਘੀਆਂ ਉਪਰ ਸਵਾਰ ਹੋ ਕੇ ਖਾਲਸਾਈ ਜਾਹੋ ਜਲਾਲ ਨਾਲ ਸ਼ਾਮਲ ਹੋਣਗੀਆਂ। 12 ਮਾਰਚ ਦਿਨ ਐਤਵਾਰ ਸ਼ਾਮ ਨੂੰ ਇੰਟਰਨੈਸ਼ਨਲ ਗੱਤਕਾ ਮੁਕਾਬਲੇ ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਵਿਖੇ ਹੋਣਗੇ। 13 ਮਾਰਚ ਦਿਨ ਸੋਮਵਾਰ ਸਵੇਰੇ 9 ਵਜੇ ਏਸੇ ਅਸਥਾਨ ਤੇ ਗੁਰਮਤਿ ਸਮਾਗਮ ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਛਾਉਣੀ ਨਿਹੰਗ ਸਿੰਘਾਂ ਵਿਖੇ ਸਾਰਾ ਦਿਨ ਗੁਰਮਤਿ ਸਮਾਗਮ ਹੋਣਗੇ, ਜਿਸ ਵਿਚ ਮਹਾਨ ਰਾਗੀ, ਢਾਡੀ, ਪ੍ਰਚਾਰਕ ਅਤੇ ਸਿੱਖ ਵਿਦਵਾਨ ਹਾਜ਼ਰੀ ਭਰਨਗੇ ਅਤੇ ਸ਼ਾਮ 7 ਵਜੇ ਲਾਈਟ ਐਂਡ ਸਾਉਂਡ ਦਾ ਪ੍ਰੋਗਰਾਮ ਹੋਵੇਗਾ। 14 ਮਾਰਚ ਦਿਨ ਮੰਗਲਵਾਰ ਨੂੰ ਸਵੇਰੇ 9 ਵਜੇ ਸ੍ਰੀ ਅਕਾਲ ਤਖਤ ਸਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗ: ਮੰਜੀ ਸਾਹਿਬ ਦੀਵਾਨ ਹਾਲ ਵਿਖੇ ਮੁਖ ਗੁਰਮਤਿ ਸਮਾਗਮ ਹੋਣਗੇ, ਜਿਸ ਵਿਚ ਤਖ਼ਤ ਸਾਹਿਬਾਨ ਦੇ ਜਥੇਦਾਰ ਅਤੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸਾਹਿਬਾਨ, ਸਿੱਖ ਸੰਪਰਦਾਵਾਂ, ਸਿੰਘ ਸਭਾਵਾਂ, ਸਭਾ ਸੁਸਾਇਟੀਆਂ, ਨਿਰਮਲੇ ਉਦਾਸੀ, ਦਮਦਮੀ ਟਕਸਾਲ, ਕਾਰ ਸੇਵਾ ਅਤੇ ਹੋਰ ਮਹਾਂਪੁਰਸ਼ ਵਿਸ਼ੇਸ਼ ਤੌਰ ਤੇ ਸ਼ਾਮਲ ਹੋਣਗੇ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਪੁਰਾਤਨ ਇਤਿਹਾਸਕ ਸ਼ਸਤਰਾਂ ਦੇ ਦਰਸ਼ਨ ਕਰਵਾਏ ਜਾਣਗੇ। ਇਸ ਸਮੇਂ ਬੁੱਢਾ ਦਲ ਵੱਲੋਂ ਵਿਸ਼ੇਸ਼ ਤੌਰ ਤੇ ਤਿਆਰ ਕੀਤਾ ਅਕਾਲੀ ਫੂਲਾ ਸਿੰਘ ਜੀ “ਅਭਿਨੰਦਨ ਗ੍ਰੰਥ” ਰਲੀਜ਼ ਹੋਵੇਗਾ।
-
ਦਿਲਜੀਤ ਸਿੰਘ ਬੇਦੀ, ਸਕੱਤਰ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ
dsbedisgpc@gmail.com
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.