ਡਾਃ ਜਗਤਾਰ ਤੇ ਡਾਃ ਅਤਰ ਸਿੰਘ ਦੇ ਦੀਪਕ ਪਬਲਿਸ਼ਰਜ਼ ਜਲੰਧਰ ਵੱਲੋਂ ਸੰਪਾਦਿਤ ਪਾਕਿਸਤਾਨੀ ਕਵਿਤਾ ਦੇ ਵੱਡੇ ਸੰਗ੍ਰਹਿ ਦੁੱਖ ਦਰਿਆਉਂ ਪਾਰ ਦੇ ਰਾਹੀਂ ਪਹਿਲੀ ਵਾਰ 1974-75 ਵਿੱਚ ਮੈਂ ਪਾਕਿਸਤਾਨ ਵੱਸਦੇ ਸਮਰੱਥ ਪੰਜਾਬੀ ਤੇ ਉਰਦੂ ਸ਼ਾਇਰ ਜ਼ਫ਼ਰ ਇਕਬਾਲ ਨਾਮ ਤੋਂ ਵਾਕਿਫ਼ ਹੋਇਆ ਸਾਂ।
ਉਨ੍ਹਾਂ ਦਾ ਜੋ ਸ਼ਿਅਰ ਮੇਰੇ ਲੜ ਗਿਆ ਸੀ ਉਹ ਤੁਸੀਂ ਵੀ ਸੁਣੋ।
ਕਦ ਤਾਈਂ ਸ਼ਰਮਾਵਣਾ ਤੇ ਕਿੱਥੋਂ ਤਾਈਂ ਸੰਙਣਾ।
ਆਖ਼ਰ ਇਨ੍ਹਾਂ ਪੁਲ਼ਾਂ ਦੇ ਹੇਠੋਂ ਪਾਣੀ ਲੰਘਣਾ।
ਉਨ੍ਹਾਂ ਦੀਆਂ ਲਿਖਤਾਂ ਨੂੰ ਬਹੁਤ ਵਾਰ ਵੱਖ ਵੱਖ ਸੋਮਿਆਂ ਤੋਂ ਲੱਭਿਆ ਪਰ ਕਦੇ ਕਦਾਈਂ ਹੀ ਕੋਈ ਲਿਖਤ ਮਿਲਦੀ। ਪਤਾ ਕੀਤਾ ਤਾਂ ਪਤਾ ਲੱਗਾ ਕਿ ਉਹ ਲਾਹੌਰ ਨਹੀਂ, ਉਕਾੜੇ ਰਹਿੰਦੇ ਹਨ। ਪਿਛਲੀ ਲਾਹੌਰ ਫੇਰੀ ਤੇ ਡਾਃ ਸੁਗਰਾ ਸੱਦਫ਼ ਨੇ ਦੱਸਿਆ ਕਿ ਉਹ ਲਾਹੌਰ ਆ ਗਏ ਹਨ। ਉਨ੍ਹਾਂ ਦਾ ਪੁੱਤਰ ਆਫ਼ਤਾਬ ਇਕਬਾਲ ਬਹੁਤ ਜ਼ਹੀਨ ਟੀ ਵੀ ਪ੍ਰੋਗ੍ਰਾਮ ਪੇਸ਼ਕਾਰ ਹੈ। ਮੈਂ ਜ਼ਫ਼ਰ ਇਕਬਾਲ ਜੀ ਦੇ ਚਰਨ ਪਰਸਣਾ ਚਾਹੁੰਦਾ ਸਾਂ ਪਰ ਸੰਪਰਕ ਨਾ ਹੋ ਸਕਿਆ।
ਕੁਝ ਮਹੀਨੇ ਪਹਿਲਾਂ ਟੋਰੰਟੋ ਤੋਂ ਮੇਰੇ ਪਿਆਰੇ ਵੀਰ ਇੰਦਰਜੀਤ ਸਿੰਘ ਬੱਲ ਦਾ ਫੋਨ ਬੋਲਿਆ!
ਪਾਕਿਸਤਾਨੋਂ ਆਫ਼ਤਾਬ ਇਕਬਾਲ ਆਇਆ ਹੋਇਐ। ਮੈਂ ਉਸ ਦਾ ਕਦਰਦਾਨ ਹਾਂ, ਮਿਲਣ ਜਾ ਰਿਹਾਂ।
ਮੇਰੀ ਧੜਕਣ ਤੇਜ਼ ਹੋ ਗਈ।
ਇੱਛਾ ਜ਼ਾਹਰ ਕੀਤੀ ਕਿ ਮੇਰੀ ਵੀ ਗੱਲ ਕਰਵਾ ਦੇਣਾ।
ਗੱਲ ਹੋਈ ਤਾਂ ਮੈਂ ਉਨ੍ਹਾਂ ਦੇ ਅੱਬਾ ਜਾਨ ਦੇ ਹਵਾਲੇ ਨਾਲ ਤੰਦ ਛੋਹੀ। ਬੱਤੀਆਂ ਜਗੀਆਂ ਸ਼ਬਦ ਦੀਆਂ। ਉਸ ਕਿਹਾ ਕਿ ਕਦੇ ਲਾਹੌਰ ਆਉ, ਅੱਬਾ ਖ਼ੁਸ਼ ਹੋਣਗੇ ਤੁਹਾਨੂੰ ਮਿਲ ਕੇ।
ਮੈਂ ਤਾਂ ਨਹੀਂ ਜਾ ਸਕਿਆ ਪਰ ਇੰਦਰਜੀਤ ਸਿੰਘ ਬੱਲ ਭਾ ਜੀ ਪਾਕਿਸਤਾਨ ਚ ਹਨ ਅੱਜ ਕੱਲ੍ਹ।
ਆਫਤਾਬ ਇਕਬਾਲ ਕੋਲ ਹੀ ਠਹਿਰੇ ਹਨ।
ਕੱਲ੍ਹ ਰਾਤੀਂ ਉਹ ਮੇਰੇ ਮਹਿਬੂਬ ਸ਼ਾਇਰ ਜ਼ਫ਼ ਇਕਬਾਲ ਸਾਹਿਬ ਨੂੰ ਮਿਲੇ। ਮੇਰੇ ਵੱਲੋਂ ਵੀ ਚਰਨ ਬੰਦਨਾ ਕੀਤੀ। ਮੇਰੇ ਨਾਲ ਗੱਲ ਵੀ ਕਰਵਾਈ। ਮੈਨੂੰ ਕੱਖ ਨਾ ਸੁੱਝੇ ਕਿ ਕੀ ਗੱਲ ਕਰਾਂ?
ਬੱਲ ਵੀਰ ਬੋਲਿਆ!
ਆਪਾਂ ਬਾਪੂ ਦੀ ਰੀਝ ਪੂਰੀ ਕਰਨੀ ਹੈ। ਉਨ੍ਹਾਂ ਨੇ ਤੁਹਾਡੇ ਲਈ ਆਪਣੀ ਸ਼ਾਹਮੁਖੀ ਚ ਛਪੀ ਸਮੁੱਚੀ ਸ਼ਾਇਰੀ ਦੀ ਵੱਡ ਆਕਾਰੀ ਕਿਤਾਬ ਭੇਜੀ ਹੈ। ਚਾਹੁੰਦੇ ਨੇ ਕਿ ਗੁਰਮੁਖੀ ਅੱਖਰਾਂ ਚ ਛਪੇ। ਮੈਂ ਮੁਕਤ ਕੰਠ ਹਾਮੀ ਭਰੀ ਤੇ ਜ਼ਫ਼ਰ ਇਕਬਾਲ ਸਾਹਿਬ ਲਈ ਇਕਰਾਰ ਦੁਹਰਾਇਆ।
ਕਮਰੇ ਚ ਪਹੁੰਚ ਕੇ ਬੱਲ ਸਾਹਿਬ ਦਾ ਫ਼ੋਨ ਆਇਆ, ਇਸ ਕਿਤਾਬ ਨੂੰ ਮੈਂ ਛਪਵਾਵਾਂਗਾ, ਤੁਸੀਂ ਬਾਕੀ ਪ੍ਰਬੰਧ ਕਰ ਲਵੋ। ਏਧਰ ਪੰਜਾਬੀ ਇੰਸਟੀਚਿਉਟ ਆਫ਼ ਪੰਜਾਬੀ ਲੈਂਗੂਏਜਿਜ ਐਂਡ ਕਲਚਰ ਵੱਲੋਂ ਡਾਃ ਸੁਗਰਾ ਸੱਦਫ਼ ਨੇ ਪ੍ਰਕਾਸ਼ਿਤ ਕੀਤੈ ਸ਼ਾਹਮੁਖੀ ਵਿੱਚ।
495 ਪੰਨਿਆਂ ਦੀ ਕਿਤਾਬ ਉਡੀਕ ਰਿਹਾਂ। ਅਗਲੇ ਦਿਨੀਂ ਇਸ ਤੇ ਸੱਜਣਾਂ ਦੀ ਮਦਦ ਨਾਲ ਕੰਮ ਸ਼ੁਰੂ ਕਰਾਂਗੇ।
ਪੁਲ਼ ਏਦਾਂ ਵੀ ਬਣਦੇ ਨੇ, ਅਣਦਿਸਦੇ। ਰੂਹ ਤੋਂ ਰੂਹ ਤੀਕ।
ਹਾਲ ਦੀ ਘੜੀ
ਜ਼ਫ਼ਰ ਇਕਬਾਲ ਜੀ ਦੀਆਂ ਕੁਝ ਗ਼ਜ਼ਲਾਂ ਤੁਸੀਂ ਵੀ ਪੜ੍ਹੋ।
1.
ਰਾਤੀਂ ਰੌਲਾ ਸੌਣ ਨਾ ਦੇਵੇ
ਰਾਤੀਂ ਰੌਲਾ ਸੌਣ ਨਾ ਦੇਵੇ ਸੁਫ਼ਨੇ ਦੀਆਂ ਬਲਾਵਾਂ ਦਾ ।
ਦਿਨ ਚੜ੍ਹਦਾ ਤੇ ਪਾਗਲ ਕਰਦਾ ਸ਼ੋਰ ਕਾਲਿਆਂ ਕਾਵਾਂ ਦਾ ।
ਪੈਰਾਂ ਦੇ ਵਿਚ ਪੁੜੇ ਨੇ ਕੰਡੇ ਅੰਦਰ ਵਾਲੇ ਜੰਗਲ ਦੇ,
ਵਾਲਾਂ ਉੱਤੇ ਜੰਮਿਆ ਹੋਇਆ ਘੱਟਾ ਦਿਲ ਦੇ ਰਾਹਵਾਂ ਦਾ ।
ਅੰਦਰ ਬਾਹਰ ਡੁੱਲ੍ਹੀ ਹੋਈ ਕਾਲਖ ਵਰਗੀ ਰਾਤ ਸੀ ਉਹ,
ਦੂਰ ਸਾਮ੍ਹਣੇ ਚਮਕ ਰਿਹਾ ਸੀ ਤਾਰਾ ਜਿਹਾ ਗੁਨਾਹਵਾਂ ਦਾ ।
ਸ਼ਾਖ਼ਾਂ ਵੀ ਸੁੱਤੀਆਂ ਰਹਿ ਗਈਆਂ ਪੱਤਰਾਂ ਨੂੰ ਵੀ ਪਤਾ ਨਹੀਂ,
ਮੇਰੀ ਚੋਟੀ ਉੱਤੋਂ ਲੰਘਿਆ ਅੱਜ ਹਨ੍ਹੇਰ ਹਵਾਵਾਂ ਦਾ ।
ਕਦੀ ਕੱਖ ਨਾ ਦੂਹਰਾ ਹੋਵੇ ਦੋਹਾਂ ਹੱਥਾਂ ਨਾਲ 'ਜ਼ਫ਼ਰ'
ਕਦੀ ਅੱਖ ਦਾ ਇੱਕ ਇਸ਼ਾਰਾ ਮੋੜੇ ਮੂੰਹ ਦਰਿਆਵਾਂ ਦਾ ।
2.
ਕੱਕਰ ਕਹਿਰ ਪਵੇ ਹਰ ਪਾਸੇ
ਕੱਕਰ ਕਹਿਰ ਪਵੇ ਹਰ ਪਾਸੇ ਰਹਿੰਦਾ ਸਾਰਾ ਪੋਹ ।
ਅੱਖਾਂ ਦੇ ਅੰਗਿਆਰੇ ਲੈ ਕੇ ਫੇਰ ਨਾ ਆਇਆ ਉਹ ।
ਨਜ਼ਰਾਂ ਦੇ ਬੱਦਲ ਦੇ ਪਿੱਛੇ ਲੁਕਿਆ ਲਹੂ ਦਾ ਚੰਨ,
ਸਾਵਲੀਆਂ ਰਾਤਾਂ ਨੂੰ ਰਹੀ ਸੂਹੇ ਚਾਨਣ ਦੀ ਟੋਹ ।
ਮੇਰੇ ਬਾਝੋਂ ਕੌਣ ਉਲਾਂਘੇ ਮੇਰਾ ਪੰਧ ਪਹਾੜ,
ਅੰਦਰੇ ਅੰਦਰ ਖਿਲਰੇ ਹੋਏ, ਲੱਖਾਂ ਲੰਮੇ ਕੋਹ ।
ਕਿਸਰਾਂ ਮੈਂ ਅਸਮਾਨੀ ਉੱਡਦਾ ਮੇਰੇ ਸਿਰ ਦੇ ਉੱਤੇ,
ਤੰਬੂ ਵਾਂਗੂੰ ਤਣਿਆ ਹੋਇਆ ਸੀ ਮਿੱਟੀ ਦਾ ਮੋਹ ।
'ਜ਼ਫ਼ਰਾ' ਬਹੁਤ ਪੁਰਾਣੇ ਹੋ ਗਏ ਦਿਲ ਦਿਲਬਰ ਦੇ ਕਿੱਸੇ,
ਅੱਜ ਹਵਾਵਾਂ ਤੇ ਰਾਹਵਾਂ ਦੀ ਨਵੀਂ ਕਹਾਣੀ ਛੋਹ।
3.
ਕਾਲਖ਼ ਸਾਰੀ ਰਾਤ ਦੀ ਅੱਖਾਂ ਵਿਚ
ਕਾਲਖ਼ ਸਾਰੀ ਰਾਤ ਦੀ ਅੱਖਾਂ ਵਿਚ ਪਰੋ ਕੇ ।
ਦੇਖਾਂ ਚੜ੍ਹਦੇ ਚੰਨ ਨੂੰ ਸ਼ਹਿਰੋਂ ਬਾਹਰ ਖਲੋ ਕੇ ।
ਅੰਦਰ ਬਾਹਰ ਗੂੰਜਦੀ ਗੁੱਝੀ ਪੀੜ ਇਕੱਲ ਦੀ,
ਲੱਭਾਂ ਆਪਣੇ-ਆਪ ਨੂੰ ਅੰਨ੍ਹਾਂ ਕਮਲਾ ਹੋ ਕੇ ।
ਸਾਰੇ ਪਾਸੇ ਰਹਿ ਗਿਆ ਮੈਲਾ ਪਾਣੀ ਹੜ੍ਹ ਦਾ,
ਹੱਸਾਂ ਕੀਹਦੇ ਸਾਹਵੇਂ ਦੱਸਾਂ ਕੀਹਨੂੰ ਰੋ ਕੇ ।
ਸ਼ੋਰ ਪੁਰਾਣੇ ਸ਼ਹਿਰ ਦਾ ਪੁੱਜਿਆ ਜੰਗਲ ਅੰਦਰ,
ਵਾਪਸ ਗਏ ਗੁਨਾਹ ਦਾ ਭਾਰ ਸਿਰਾਂ ਤੇ ਢੋਅ ਕੇ ।
ਟੱਕਰ ਮਾਰਨ ਲਈ 'ਜ਼ਫ਼ਰ' ਪੈ ਗਈ ਕੰਧ ਉਸਾਰਣੀ,
ਸਾਵੇ ਪੀਲੇ ਲਹੂ ਵਿਚ ਕਾਲੀ ਮਿੱਟੀ ਗੋ ਕੇ ।
4.
ਸੋਚ ਸਫ਼ਰ ਦੀ ਮੱਠੀ ਮੰਜ਼ਿਲ
ਸੋਚ ਸਫ਼ਰ ਦੀ ਮੱਠੀ ਮੰਜ਼ਿਲ ਅੱਖਾਂ ਦਾ ਅਸਮਾਨ ।
ਉਸ ਦੇ ਗਲਮੇ ਵਿੱਚੋਂ ਦਿਸਦਾ ਪਿੱਤ ਦਾ ਲਾਲ ਨਿਸ਼ਾਨ ।
ਹੋਰ ਕਿਸੇ ਦੇ ਨਾਂ ਦੀ ਤਖ਼ਤੀ ਬਾਹਰ ਲੱਗੀ ਹੋਈ,
ਹਰੀ ਉਦਾਸੀ ਵਿਚ ਭਿੱਜਿਆ ਹੋਇਆ ਕੋਠੀ ਦਾ ਲਾਨ ।
ਭਰ ਜਾਂਦਾ ਏ ਰੋਜ਼ ਬਦਨ ਦਾ ਕੋਈ ਨਾ ਕੋਈ ਕੰਢਾ,
ਰੋਜ਼ ਦਿਹਾੜੇ ਨਵੀਂ ਲੜਾਈ ਰੋਜ਼ ਨਵਾਂ ਨੁਕਸਾਨ ।
ਪਲਕਾਂ ਦੀ ਜਾਲੀ ਦੇ ਵਿੱਚੋਂ ਪੈਣ ਭੁਲੇਖੇ ਪੁੱਠੇ,
ਜਿਹੜਾ ਸੂਹਾ ਸਾਵਾ ਜੰਗਲ ਉਹ ਹੀ ਰੜਾ ਮੈਦਾਨ ।
'ਜ਼ਫ਼ਰਾ' ਮੂੰਹ ਤੇ ਜੰਮੀ ਰਹਿੰਦੀ ਏ ਗ਼ਰਜ਼ਾਂ ਦੀ ਧੂੜ,
ਕਿਸਰਾਂ ਮੇਰੀ ਬਾਤ ਸੁਣੇ ਉਹ ਕਿਸਰਾਂ ਕਰੇ ਪਛਾਣ ।
5.
ਕੰਡਿਆ ਵਾਂਗੂੰ ਰਾਹ ਤੇ ਆਪਣਾ
ਕੰਡਿਆ ਵਾਂਗੂੰ ਰਾਹ ਤੇ ਆਪਣਾ ਆਪ ਖਿਲਾਰ ਕੇ,
ਖਲੇ ਤਮਾਸ਼ਾ ਦੇਖਦੇ ਦੂਰੋਂ ਤਾੜੀ ਮਾਰ ਕੇ ।
ਸੀ ਦੁਸ਼ਮਨ ਦੀ ਅੱਖ ਵਿਚ ਮੂਰਤ ਆਪਣੇ ਆਪ ਦੀ,
ਮਰਦਾ ਮਰਦਾ ਬਚ ਗਿਆ ਰਹਿ ਗਏ ਡਾਂਗ ਉਲਾਰ ਕੇ ।
ਆਪਣੀ ਮਿੱਟੀ ਵਿਚ ਸੀ ਮਿੱਟੀ ਕਿਹੜੇ ਬੁੱਤ ਦੀ,
ਖ਼ਾਲਮ-ਖ਼ਾਲੀ ਰਹਿ ਗਏ ਕਿਸ ਨੂੰ ਮਨੋਂ ਵਿਸਾਰ ਕੇ ।
ਚੜ੍ਹਦੇ ਦਿਨ ਨੂੰ ਦੇਖਕੇ ਰੋਇਆ ਜ਼ਾਰੋ-ਜ਼ਾਰ ਕਿਉਂ,
ਸਬਰ ਸ਼ੁਕਰ ਦੇ ਨਾਲ ਮੈਂ ਸਾਰੀ ਰਾਤ ਗ਼ੁਜ਼ਾਰ ਕੇ ।
ਚੱਕਰੋਂ ਨਿਕਲ ਕੇ ਕਿੱਧਰ ਜਾਵਾਂਗਾ, 'ਜ਼ਫ਼ਰ',
ਫ਼ਿਰ ਰੌਲੇ ਵਿਚ ਪਾ ਲਈ ਸਾਰੀ ਗੱਲ ਨਿਤਾਰ ਕੇ ।
6.
ਚਿੱਟੇ ਦਿਨ ਦੀਵਾ ਵਰ੍ਹਦਿਆਂ ਬੱਦਲਾਂ
ਚਿੱਟੇ ਦਿਨ ਦੀਵਾ ਵਰ੍ਹਦਿਆਂ ਬੱਦਲਾਂ ਕੀਤਾ ਗੁਲ ।
ਧੂੰ ਹਨੇਰੇ ਵਿਚ ਖਿੜਿਆ ਭਿਜਦੀ ਮਿੱਟੀ ਦਾ ਫੁੱਲ ।
ਸੁੱਤੀ ਸੋ ਗਈ ਰਾਹਵਾਂ ਉੱਤੇ ਪੀਲੀ ਜ਼ਰਦ ਹਵਾ,
ਸੁਫ਼ਨੇ ਅੰਦਰ ਦੇਖੀ ਸਾਵਿਆਂ ਪੱਤਰਾਂ ਦੀ ਹਿੱਲ-ਜੁੱਲ ।
ਜਿੱਧਰ ਜਾਵਾਂ ਰੋਕੇ ਰਾਹ ਅੰਦਰ ਦਾ ਲਾਲ ਹਨੇਰਾ,
ਕਿਹੜੇ ਜੰਗਲ ਵਿਚ ਲਿਆਈ ਦੋ ਕਦਮਾਂ ਦੀ ਭੁੱਲ ।
ਭਰੇ ਬਜ਼ਾਰ 'ਚ ਟੰਗੀ ਹੋਈ ਨੰਗੀ ਬੁੱਚੀ ਅੱਖ,
ਲੰਘਦੇ ਜਾਂਦੇ ਗਾਹਕਾਂ ਨੂੰ ਦੱਸੇ ਵੇਖਣ ਦਾ ਮੁੱਲ ।
ਇਕ ਮੁਲਤਾਨਣ ਕੁੜੀ ਦੇ ਅੱਗੇ ਦਿਲ ਦਾ ਵਰਕਾ ਥੁੱਲਿਆ,
ਹੱਥ ਹਿਲਾ ਕੇ ਆਖਣ ਲੱਗੀ 'ਜੁੱਲ੍ਹ ਓ ਸਾਈਂ ਜੁੱਲ੍ਹ' ।
7.
ਸਾਡੀ ਧਮਕ ਹਿਲਾਵੇ ਕਦੀ ਦਿਲਾਂ ਦੇ
ਸਾਡੀ ਧਮਕ ਹਿਲਾਵੇ ਕਦੀ ਦਿਲਾਂ ਦੇ ਕੰਧਾਂ ਕੌਲੇ ।
ਕਦੀ ਅਸੀਂ ਇਨ੍ਹਾਂ ਗਲੀਆਂ ਦਿਆਂ ਕੱਖਾਂ ਤੋਂ ਵੀ ਹੌਲੇ ।
ਉੱਚੀਆਂ ਨੀਵੀਆਂ ਛੱਤਾਂ ਉੱਤੇ ਸੁੱਤਿਆਂ ਹੋਇਆਂ ਸਾਨੂੰ,
ਅੱਚਨ-ਚੇਤ ਜਗਾ ਜਾਂਦੇ ਨੇ ਅੱਧੀ ਰਾਤ ਦੇ ਰੌਲੇ ।
ਅੱਖਾਂ ਅੱਗੇ ਵਿਛੀ ਹੋਈ ਸੀ ਸੁੰਝੀ ਸੱਖਣੀ ਰਾਹ,
ਸਾਰਾ ਦਿਨ ਪੈਂਦੇ ਰਹੇ ਆਉਂਦਿਆਂ ਅਸਵਾਰਾਂ ਦੇ ਝੌਲੇ ।
ਉਹੋ ਅੰਨ੍ਹੀਆਂ ਰਾਤਾਂ ਉਹੋ ਧੂੰ ਧੁਆਖੇ ਦਿਨ,
ਦਿਲ ਨੇ ਅੱਖ ਨਾ ਪੁੱਟੀ ਐਥੇ ਕਾਲਿਉਂ ਆ ਗਏ ਧੌਲੇ ।
ਮੈਂ ਵੀ ਦੁੱਖ ਦੇ ਪਰਬਤ ਵਿੱਚੋਂ ਕੱਢੀ ਸੀ ਇਕ ਨਹਿਰ,
ਮੇਰੇ ਵੀ ਸਨ ਕਿਸੇ ਜ਼ਮਾਨੇ ਪੱਥਰ ਵਰਗੇ ਡੌਲੇ ।
8.
ਆਪਣੇ ਆਪੇ ਉੱਤੇ ਅੱਜ ਮੈਂ
ਆਪਣੇ ਆਪੇ ਉੱਤੇ ਅੱਜ ਮੈਂ ਆਪੇ ਫ਼ਿਕਰੇ ਕੱਸਾਂਗਾ ।
ਖੁੱਲੇ ਵਿਹੜੇ ਦੇ ਵਿਚ ਆਪਣੇ ਅੱਗੇ ਅੱਗੇ ਨੱਸਾਂਗਾ ।
ਦੁੱਖ ਵੀ ਮੇਰੇ ਸੁੱਖ ਵੀ ਮੇਰੇ ਫਿਰ ਵੀ ਸ਼ਹਿਰ ਸ਼ਰੀਕਾਂ ਦਾ,
ਹੌਲੀ ਹੌਲੀ ਰੋਵਾਂਗਾ ਮੈਂ ਉੱਚੀ ਉੱਚੀ ਹੱਸਾਂਗਾ ।
ਬਿਜਲੀ ਬਣ ਕੇ ਕੜਕਾਂਗਾ ਮੈਂ ਅੰਨ੍ਹੇ ਬੋਲੇ ਜੰਗਲ ਵਿਚ,
ਰੇਤ ਦਿਆਂ ਮਹਿਲਾਂ ਤੇ ਕਾਲੇ ਬੱਦਲ ਵਾਂਗੂੰ ਵੱਸਾਂਗਾ ।
ਮੈਂ ਵਹਿਮਾਂ ਦਾ ਸ਼ਹਿਰ ਹਾਂ ਮੇਰੇ ਰੂਪ ਨਿਆਰੇ ਦੇਖੋਗੇ,
ਵਸ-ਵਸ ਕੇ ਮੈਂ ਉਜੜਾਂਗਾ ਤੇ ਉਜੜ-ਉਜੜ ਕੇ ਵੱਸਾਂਗਾਂ ।
ਕੌਣ ਹਾਂ ਮੈਂ ਕਿੱਥੋਂ ਆਇਆ ਹਾਂ ਕਿਹੜੀ ਗੱਲ ਸੁਨਾਵਣ ਨੂੰ,
ਅੱਜ ਮੈਨੂੰ ਵੀ ਪਤਾ ਨਹੀਂ ਮੈਂ ਕੱਲ ਤੁਹਾਨੂੰ ਦੱਸਾਂਗਾ ।
9.
ਜਿਸ ਤਸਵੀਰ ਦੇ ਅੰਦਰ ਵੜ ਕੇ
ਜਿਸ ਤਸਵੀਰ ਦੇ ਅੰਦਰ ਵੜ ਕੇ ਰਾਜ਼ ਰੰਗਾਂ ਦੇ ਖੋਲੇ ।
ਕੌਣ ਸੀ ਜਿਸ ਨੇ ਮਿੱਟੀ ਉੱਤੇ ਨੈਣ ਨਕਸ਼ ਭਰ ਡੋਲੇ ।
ਅੱਧ ਅਸਮਾਨੇ ਤਾਰਾ ਬਣ ਗਈ ਸਰ-ਸਰ ਕਰਦੀ ਗੁੱਡੀ,
ਜਿਸ ਦੇ ਇਰਦੇ-ਗਿਰਦੇ ਮੈਲਾ ਰੰਗ ਹਵਾ ਦਾ ਡੋਲੇ ।
ਮੇਰੇ ਅੰਦਰ ਉੱਗਿਆ ਨੀਲੇ ਪੱਤਰਾਂ ਵਾਲਾ ਬੂਟਾ,
ਕਿਹੜੀਆਂ ਜ਼ਹਿਰੀ ਰੁੱਤਾਂ ਹੋ ਗਈਆਂ ਨੇ ਅੱਖ ਦੇ ਉਹਲੇ ।
ਕੰਢੇ ਉੱਤੇ ਬੈਠਾ ਦੇਖਾਂ ਅੰਨ੍ਹੀਆਂ ਅੱਖਾਂ ਟੱਡ ਕੇ,
ਡੁਬਦਾ ਸੂਰਜ ਤਨ ਪਾਣੀ ਵਿਚ ਮੌਤ ਸਿਆਹੀ ਘੋਲੇ ।
ਭਾਵੇਂ ਫ਼ਜਰੀਂ ਵਿੱਚ ਨਮਾਜ਼ੀਂ ਬੂਕੀਂ-ਚੀਖ਼ੀਂ ਰੋ ਰੋ ਰੋਵਣ
ਨਾਲ ਨਾ ਖ਼ਾਲੀ ਹੋਸੀ ਦੁੱਖ ਦੇ ਭਰੇ ਭੜੋਲੇ।
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajangill@gmail.com
98726 31199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.