7 ਮਾਰਚ 2023 ਨੂੰ ਗੁਜਰਾਤ ਦੇ ਤੱਟ ਤੋਂ 61 ਕਿਲੋ ਹੈਰੋਇਨ ਫੜੀ ਗਈ ਹੈ, ਇਸ ਦੀ ਕੌਮਾਂਤਰੀ ਬਜ਼ਾਰ 'ਚ ਕੀਮਤ 425 ਕਰੋੜ ਆਂਕੀ ਗਈ ਹੈ।
ਸਤੰਬਰ 2022 'ਚ 40 ਕਿਲੋਗ੍ਰਾਮ ਅਤੇ ਅਕਤੂਬਰ 2021 'ਚ ਗੁਜਰਾਤ ਦੀ ਬੰਦਰਗਾਹ ਤੋਂ ਹੀ 2988 ਕਿਲੋਗ੍ਰਾਮ ਦੀ ਵੱਡੀ ਖੇਪ ਫੜੀ ਗਈ ਸੀ। ਗੁਜਰਾਤ ਸੂਬੇ ਦੀਆਂ ਬੰਦਰਗਾਹਾਂ ਤੋਂ ਫੜੇ ਨਸ਼ੇ ਸਬੰਧੀ ਗੁਜਰਾਤ ਦੇ ਅਧਿਕਾਰੀ ਦਾਅਵਾ ਕਰਦੇ ਹਨ ਕਿ ਇਹ ਨਸ਼ੀਲੇ ਪਦਾਰਥ ਪੰਜਾਬ ਪਹੁੰਚਾਏ ਜਾਣੇ ਸਨ। ਤਸਕਰਾਂ ਦੇ ਗਰੋਹਾਂ ਵਲੋਂ ਪਾਕਿਸਤਾਨ, ਇਰਾਨ ਤੋਂ ਇਹ ਨਸ਼ੇ ਪੰਜਾਬ 'ਚ ਸਪਲਾਈ ਕਰਨ ਦੀਆਂ ਖ਼ਬਰਾਂ ਵੀ ਹਨ।
ਨਸ਼ਿਆਂ ਦਾ ਪ੍ਰਕੋਪ ਇਕੱਲੇ ਪੰਜਾਬ, ਜਾਂ ਭਾਰਤ ਦੇ ਵੱਖ-ਵੱਖ ਸੂਬਿਆਂ 'ਚ ਹੀ ਪੈਰ ਨਹੀਂ ਪਸਾਰ ਰਿਹਾ ਸਗੋਂ ਕੈਨੇਡਾ,ਅਮਰੀਕਾ ਵਰਗੇ ਦੇਸ਼ਾਂ ਵਿੱਚ ਵੀ ਹਰ ਕਿਸਮ ਦੇ ਨਸ਼ੇ ਤਸਕਰਾਂ ਰਾਹੀਂ ਪਹੁੰਚਾਏ ਜਾਂਦੇ ਹਨ ਅਤੇ ਉਥੇ ਵੀ ਨੌਜਵਾਨਾਂ ਵਲੋਂ ਇਸ ਦੀ ਵਰਤੋਂ ਹੁੰਦੀ ਹੈ। ਇਸ ਨਾਲ ਟੱਬਰਾਂ ਦੇ ਟੱਬਰ ਤਬਾਹ ਹੋ ਰਹੇ ਹਨ, ਉਜੜ ਰਹੇ ਹਨ। ਅਪਰਾਧਾਂ 'ਚ ਅਤਿਅੰਤ ਵਾਧਾ ਹੋ ਰਿਹਾ ਹੈ। ਨਸ਼ਿਆਂ 'ਚ ਇਹ ਵਾਧਾ ਵਿਸ਼ਵ ਪੱਧਰੀ ਸਰਕਾਰਾਂ ਲਈ ਚਿੰਤਾ ਦਾ ਵਿਸ਼ਾ ਹੈ।
ਪੰਜਾਬ ਵਰਗਾ ਖੁਸ਼ਹਾਲ ਸੂਬਾ, ਜਿਥੋਂ ਦੇ ਵਾਸੀਆਂ ਦੇ ਸੁਡੋਲ ਜੁੱਸੇ ਹਨ, ਜਿਥੋਂ ਦੇ ਨੌਜਵਾਨ, ਮੁਟਿਆਰਾਂ ਛੈਲ ਛਬੀਲੇ ਹਨ, ਨਸ਼ਿਆਂ 'ਚ ਗ੍ਰਸਕੇ ਔਝੜੇ ਰਾਹੀਂ ਪਏ ਹੋਏ ਆਪਣੀ ਹੋਂਦ ਤੇ ਸ਼ਾਖ ਗੁਆ ਰਹੇ ਹਨ।
ਪੰਜਾਬ 'ਚ ਨਸ਼ੇ ਵਰਤਣ ਵਾਲਿਆਂ ਦੀ ਸਥਿਤੀ ਵੇਖੋ। ਆਲ ਇੰਡੀਆ ਇੰਸਟੀਚੀਊਟ ਆਫ ਮੈਡੀਕਲ ਸਾਇੰਸ ਦੇ ਡਾ: ਅਤੁਲ ਅੰਬੇਦਕਰ ਅਨੁਸਾਰ ਪੰਜਾਬ 'ਚ ਅਲਕੋਹਲ (ਸ਼ਰਾਬ) ਪੀਣ ਵਾਲੇ 28.5 ਫੀਸਦੀ ਲੋਕ ਹਨ ਜਦਕਿ ਰਾਸ਼ਟਰੀ ਔਸਤ 14.6 ਫੀਸਦੀ ਹੈ। ਅਫੀਮ ਅਤੇ ਹੈਰੋਇਨ ਚਿੱਟਾ ਆਦਿ ਪੀਣ ਵਾਲੇ ਪੰਜਾਬ 'ਚ 9.7 ਫੀਸਦੀ ਹਨ ਜਦਕਿ ਰਾਸ਼ਟਰੀ ਔਸਤ 2.1 ਫੀਸਦੀ ਹੈ। ਜ਼ਾਹਿਰ ਹੈ ਕਿ ਨਸ਼ੇ ਵਰਤਣ ਵਾਲਿਆਂ ਦੀ ਗਿਣਤੀ ਪੰਜਾਬ 'ਚ ਜ਼ਿਆਦਾ ਹੈ। ਪੰਜਾਬ 'ਚ ਨਸ਼ੇ ਵਰਤਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧੀ ਹੈ ਅਤੇ ਪੰਜਾਬ 'ਚ ਐਡਵੋਕੇਟ ਨਵਕਿਰਨ ਸਿੰਘ ( ਜੋ ਪੰਜਾਬ,ਹਰਿਆਣਾ ਹਾਈਕੋਰਟ 'ਚ ਨਸ਼ਿਆਂ ਪ੍ਰਤੀ ਕੇਸ ਲੜ ਰਹੇ ਹਨ) ਅਨੁਸਾਰ ਪੰਜਾਬ 'ਚ ਨਸ਼ੇ ਉਦੋਂ ਤੱਕ ਬੰਦ ਨਹੀਂ ਹੋ ਸਕਦੇ ਜਦੋਂ ਤੱਕ ਨਸ਼ਾ ਤਸਕਰਾਂ, ਭੈੜੇ ਪੁਲਿਸ ਅਫ਼ਸਰਾਂ ਅਤੇ ਲਾਲਚੀ ਸਿਆਸਤਦਾਨਾਂ ਦੀ ਤਿੱਕੜੀ ਤੋੜੀ ਨਹੀਂ ਜਾਂਦੀ।
ਪੰਜਾਬ ਦਾ ਪੇਂਡੂ ਇਲਾਕਾ ਖ਼ਾਸ ਤੌਰ 'ਤੇ ਨਸ਼ਿਆਂ ਦੀ ਲਪੇਟ ਵਿੱਚ ਹੈ। ਨਸ਼ਿਆਂ 'ਚ ਪੇਂਡੂ ਨੌਜਵਾਨਾਂ ਦਾ ਵੱਧ ਹੋਣਾ ਬੇਰੁਜ਼ਗਾਰੀ ਰਿਸ਼ਤਿਆਂ 'ਚ ਟੁੱਟ ਭੱਜ,ਆਰਥਿਕ ਤੰਗੀ-ਤੁਰਸ਼ੀ, ਅਤੇ ਸਭਿਆਚਾਰਕ ਤਾਣੇ-ਬਾਣੇ 'ਚ ਵਿਗਾੜ ਦਾ ਹੋਣਾ ਹੈ। 1984 ਤੋਂ ਬਾਅਦ ਖ਼ਾਸ ਤੌਰ 'ਤੇ ਨੌਜਵਾਨ ਗਰਮ-ਸਰਦ ਲਹਿਰ ਤੋਂ ਬਾਅਦ ਪ੍ਰੇਸ਼ਾਨੀ, ਨਿਰਾਸ਼ਤਾ ਦੇ ਆਲਮ 'ਚ ਨਸ਼ਿਆਂ ਨਾਲ ਵਧੇਰੇ ਜੁੜੇ। ਨਸ਼ਿਆਂ ਕਾਰਨ ਸਮਾਜਿਕ ਵਿਗਾੜ ਤਾਂ ਵਧਿਆ ਹੀ, ਸਿਹਤ ਨੇ ਤਾਂ ਖਰਾਬ ਹੋਣਾ ਹੀ ਸੀ, ਪਰ ਨੌਜਵਾਨ ਗੱਭਰੂ-ਮੁਟਿਆਰਾਂ 'ਚ ਜਨਣ ਪ੍ਰਕਿਰਿਆ 'ਚ ਘਾਟ ਦਿਸਣ ਲੱਗੀ ਹੈ। ਇਹ ਅਣਖੀਲੀ ਪੰਜਾਬੀ ਕੌਮ ਲਈ ਇਕ ਤ੍ਰਿਸਕਾਰ ਦੀ ਸਥਿਤੀ ਬਣ ਚੁੱਕੀ ਹੈ। ਪੰਜਾਬ ਨੂੰ ਪਹਿਲਾਂ “ਕੁੜੀ-ਮਾਰ” ਸੂਬੇ ਵਜੋਂ ਅਤੇ ਹੁਣ ਪੰਜਾਬੀਆਂ ਨੂੰ ਨੱਸ਼ਈਆਂ ਵਜੋਂ ਸ਼ਰਮਿੰਦਗੀ ਉਠਾਉਣੀ ਪੈ ਰਹੀ ਹੈ। ਇੱਕ ਸਰਵੇ ਅਨੁਸਾਰ ਗੋਆ ਦੀ 78 ਫੀਸਦੀ, ਪੰਜਾਬ ਦੀ 77.5 ਫੀਸਦੀ ਪੇਂਡੂ ਅਬਾਦੀ ਕੋਈ ਨਾ ਕੋਈ ਨਸ਼ਾ ਕਰਦੀ ਹੈ, ਜਿਸ ਵਿੱਚ ਸ਼ਰਾਬ, ਡੋਡੇ, ਅਫੀਮ, ਹੈਰੋਇਨ ਅਤੇ ਹੋਰ ਸੰਥੈਟਿਕ ਨਸ਼ੇ ਸ਼ਾਮਲ ਹਨ। ਇਕ ਹੋਰ ਰਿਪੋਰਟ ਇਹ ਵੀ ਕਹਿੰਦੀ ਹੈ ਕਿ ਮੇਘਾਲਿਆਂ ਦੇ 90.7 ਫੀਸਦੀ ਅਤੇ ਮੀਜ਼ੋਰਮ ਦੇ 91 ਫੀਸਦੀ ਸ਼ਹਿਰੀ ਲੋਕ ਨਸ਼ਿਆਂ ਤੋਂ ਛੁਟਕਾਰਾ ਪਾਉਣ ਲਈ ਅਤੇ ਇਲਾਜ ਕਰਾਉਣ ਲਈ ਅੱਗੇ ਆਏ। ਜਦਕਿ ਪੰਜਾਬ ਦੇ ਨੌਜਵਾਨ ਜਾਂ ਲੋਕ ਵਾਹ ਲੱਗਦਿਆਂ ਨਸ਼ਾ ਛੁਡਾਊ ਕੇਂਦਰਾਂ 'ਚ ਜਾਣ ਤੋਂ ਕੰਨੀ ਕਤਰਾਉਂਦੇ ਹਨ ਅਤੇ ਉਥੇ ਜਾਣ 'ਚ ਸ਼ਰਮਿੰਦਗੀ ਮਹਿਸੂਸ ਕਰਦੇ ਹਨ।
ਨਸ਼ਿਆਂ ਦੀ ਮਾਰ ਘਰ-ਘਰ ਵਿੱਚ ਹੈ। ਕੋਈ ਸ਼ਰਾਬ ਦੇ ਨਾਲ ਪੀੜਤ ਹੈ ਅਤੇ ਕੋਈ ਹੋਰ ਕਿਸੇ ਸੰਥੈਟਿਕ ਨਸ਼ੇ ਨਾਲ। ਨਿੱਤ ਦਿਹਾੜੇ ਨਸ਼ੇ ਦੀ ਵਾਧੂ ਖੁਰਾਕ ਲੈਣ ਨਾਲ ਨੌਜਵਾਨਾਂ ਦਾ ਮਰਨਾ ਸੁਣਨ ਨੂੰ ਮਿਲਦਾ ਹੈ। ਪਰਿਵਾਰਾਂ 'ਚ ਕਲੇਸ਼ ਤਾਂ ਪੈਂਦਾ ਹੀ ਹੈ, ਨਸ਼ੇ ਕਰਨ ਵਾਲੇ ਚੋਰੀਆਂ, ਲੁੱਟਾਂ ਦੇ ਰਾਹ ਪੈ ਕੇ ਆਪਣਾ ਜੀਵਨ ਔਖਾ ਕਰ ਰਹੇ ਹਨ। ਬਾਵਜੂਦ ਇਸ ਗੱਲ ਦੇ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨਿਰੰਤਰ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਯਤਨਸ਼ੀਲ ਹੈ, ਪਰ ਗੁਜਰਾਤ ਬੰਦਰਗਾਹ ਅਤੇ ਪਾਕਿਸਤਾਨ ਵਾਲੀ ਸਰਹੱਦ ਦੇ ਪਾਸਿਓਂ ਡਰੋਨ ਰਾਹੀਂ ਨਸ਼ਿਆਂ ਦਾ ਨਿਰੰਤਰ ਆਉਣਾ ਵੱਡੇ ਸਵਾਲ ਪੈਦਾ ਕਰ ਰਿਹਾ ਹੈ। ਨਸ਼ਿਆਂ ਦਾ ਪੰਜਾਬ ਦੀਆਂ ਜੇਲ੍ਹਾਂ ਵਿੱਚ ਮਿਲਣਾ ਹੋਰ ਵੀ ਹੈਰਾਨੀਜਨਕ ਹੈ। ਨਸ਼ਿਆਂ ਦੀ ਲਾਹਨਤ ਕਾਰਨ ਪੰਜਾਬ ਵੱਡਾ ਨੁਕਸਾਨ ਝੱਲ ਚੁੱਕਾ ਹੈ ਅਤੇ ਹਰ ਦਿਨ, ਲਗਾਤਾਰ ਨਸ਼ਿਆਂ ਦੀ ਮਾਰ ਹੇਠ ਆ ਰਿਹਾ ਹੈ।
ਪੰਜਾਬ ਵਿੱਚ ਪੰਜਾਬੀਆਂ ਖ਼ਾਸ ਕਰਕੇ ਨੌਜਵਾਨਾਂ ਦਾ ਹਰ ਹੀਲੇ ਪ੍ਰਵਾਸ ਕੀ ਦਰਸਾਉਂਦਾ ਹੈ? ਪੰਜਾਬ ਵਿੱਚ ਗੈਗਾਂ ਦੀਆਂ ਲੜਾਈਆਂ ਅਤੇ ਆਮ ਲੋਕਾਂ ਨੂੰ ਉਹਨਾਂ ਵਲੋਂ ਮਿਲਦੀਆਂ ਧਮਕੀਆਂ ਅਤੇ ਕਤਲਾਂ ਦੀਆਂ ਵਾਰਦਾਤਾਂ ਕੀ ਦਰਸਾਉਂਦੀਆਂ ਹਨ? ਪੰਜਾਬ ਦਾ ਪੋਟਾ- ਪੋਟਾ ਕਰਜਾਈ ਹੋਣਾ, ਖੁਦਕੁਸ਼ੀਆਂ ਖ਼ਾਸ ਕਰਕੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਕੀ ਦਰਸਾਉਂਦੀਆਂ ਹਨ? ਪੰਜਾਬ ਦੇ ਹਿੱਤ, ਮਸਲੇ, ਔਕੜਾਂ, ਦੁਸ਼ਵਾਰੀਆਂ ਨੂੰ ਦੂਰ ਛੱਡਕੇ ਸਿਆਸਤਦਾਨਾਂ ਦੀਆਂ ਆਪਸੀ ਲੜਾਈਆਂ ਕਿਹੜੇ ਪੰਜਾਬ ਦੇ ਹਿਤੈਸ਼ੀ ਹੋਣ ਦਾ ਪ੍ਰਮਾਣ ਹੈ?
ਪੰਜਾਬ 'ਚ ਸਭਿਆਚਾਰਕ ਸੰਕਟ ਵਧ ਰਿਹਾ ਹੈ। ਖੇਤੀ ਦਾ ਤਾਣਾ-ਬਾਣਾ ਟੁੱਟ ਰਿਹਾ ਹੈ। ਪੰਜਾਬ ਆਪਣੇ ਆਪ ਤੋਂ ਭੱਜ ਰਿਹਾ ਹੈ। ਪੰਜਾਬ ਕਦੇ ਭੱਜੂ ਨਹੀਂ ਸੀ, ਪੰਜਾਬ ਲੜਦਾ ਸੀ, ਪੰਜਾਬ ਖੜਦਾ ਸੀ, ਪੰਜਾਬ ਆਫ਼ਤਾਂ ਸਹਿੰਦਾ ਸੀ। ਪਰ ਪੰਜਾਬ ਹੁਣ ਭਗੌੜਾ ਹੋਇਆ ਦਿਸਦਾ ਹੈ। ਇਹ ਭਗੋੜਾਪਨ ਉਸ ਦੀ ਦਿੱਖ ਬਦਲ ਰਿਹਾ ਹੈ। ਉਸਦੀ ਆਰਥਿਕਤਾ ਨਿਚੋੜ ਰਿਹਾ ਹੈ। ਉਸਦੇ ਸਭਿਆਚਾਰ 'ਚ ਬਦਲਾ ਲਿਆ ਰਿਹਾ ਹੈ। ਉਸਦੇ ਰੀਤੀ-ਰਿਵਾਜ, ਬੋਲੀ, ਉਸ ਤੋਂ ਖੁਸ ਰਹੇ ਹਨ। ਨਸ਼ਿਆਂ ਨੇ ਤਾਂ ਉਸਦਾ ਲੱਕ ਹੀ ਤੋੜ ਦਿੱਤਾ ਹੈ। ਪਿੰਡਾਂ ਦੀ ਪਰਿਆ 'ਚ ਸੋਗ ਦੇ ਝਲਕਾਰੇ, ਪਿੰਡਾਂ ਦੇ ਲਹਿਲਾਉਂਦੇ ਖੇਤਾਂ ਦੇ ਲਿਸ਼ਕਾਰਿਆਂ ਤੇ ਭਾਰੂ ਹੋ ਗਏ ਜਾਪਦੇ ਹਨ।
"ਉਡਦਾ ਪੰਜਾਬ" ਦੀ ਉਪਾਧੀ ਪ੍ਰਾਪਤ ਕਰ ਚੁੱਕੇ ਪੰਜਾਬ 'ਚ ਇੱਕ ਸਰਕਾਰੀ ਸਰਵੇ ਅਨੁਸਾਰ 8,60,000 ਨੌਜਵਾਨ ਨਸ਼ਾ ਕਰਦੇ ਹਨ ਅਤੇ ਉਹਨਾ 'ਚੋਂ 53 ਫੀਸਦੀ ਮਾਰੂ ਨਸ਼ਾ ਹੈਰੋਇਨ ਲੈਂਦੇ ਹਨ, ਇਹ ਨੌਜਵਾਨ 15 ਤੋਂ 35 ਸਾਲ ਦੀ ਉਮਰ ਦੇ ਹਨ। ਇੱਕ ਹੋਰ ਸਰਵੇ-ਅੰਦਾਜਾ ਤਾਂ ਇਹ ਵੀ ਕਹਿੰਦਾ ਹੈ ਕਿ ਪੰਜਾਬ ਦੇ ਦੋ ਤਿਹਾਈ ਘਰਾਂ 'ਚ ਕੋਈ ਨਾ ਕੋਈ ਇੱਕ ਵਿਅਕਤੀ ਕਿਸੇ ਨਾ ਕਿਸੇ ਕਿਸਮ ਦਾ ਨਸ਼ਾ ਜ਼ਰੂਰ ਕਰਦਾ ਹੈ। ਕਿੱਡਾ ਵੱਡਾ ਦੁਖਾਂਤ ਹੈ ਇਹ! ਉਹ ਪੰਜ ਦਰਿਆਵਾਂ ਦਾ ਜਰਖੇਜ਼ ਇਲਾਕਾ ਜਿਥੋਂ ਦੇ ਪੌਣ ਪਾਣੀ, ਉਪਜਾਊ ਧਰਤੀ, ਦਾ ਵਿਸ਼ਵ ਭਰ 'ਚ ਮੁਕਾਬਲਾ ਹੀ ਕੋਈ ਨਹੀਂ ਸੀ, ਅੱਜ ਖਾਦਾਂ, ਕੀਟਨਾਸ਼ਕਾਂ ਦੀ ਜ਼ਹਿਰ ਨਾਲ ਲਵਰੇਜ ਹੈ ਅਤੇ ਇਥੋਂ ਦੇ ਲੋਕ ਧਾਰਮਿਕ ਵਿਰਤੀ ਦੇ ਹੋਣ ਦੇ ਬਾਵਜੂਦ ਵੀ ਨਸ਼ਿਆਂ ਨੇ ਉਵੇਂ ਹੀ ਅੰਦਰੋਂ-ਅੰਦਰੀ ਖਾ ਲਏ ਹਨ, ਜਿਵੇਂ ਘੁਣ ਲੱਕੜ ਨੂੰ ਚੱਬ ਜਾਂਦਾ ਹੈ। ਪੋਸਟ ਗਰੈਜੂਏਟ ਇਨਸਟੀਚੀਊਟ ਆਫ ਮੈਡੀਕਲ ਐਜੂਕੇਸ਼ਨ ਚੰਡੀਗੜ੍ਹ ਦੇ ਇੱਕ ਸਰਵੇ ਅਨੁਸਾਰ ਪੰਜਾਬ ਦੇ ਸੱਤ ਵਿਅਕਤੀਆਂ ਵਿਚੋਂ ਇੱਕ ਨਸ਼ਾ ਕਰਦਾ ਹੈ ਅਤੇ ਸਲਾਨਾ ਪੰਜਾਬ ਵਿੱਚ 7500 ਕਰੋੜ ਰੁਪਏ ਦਾ ਵਪਾਰ ਹੁੰਦਾ ਹੈ। ਸ਼ਾਇਦ ਹੀ ਪੰਜਾਬ ਦਾ ਕੋਈ ਬਜ਼ਾਰ,ਪਿੰਡ ਦਾ ਕੋਈ ਮੁਹੱਲਾ ਇਹੋ ਜਿਹਾ ਹੋਵੇ ਜੋ ਨਸ਼ੇ ਤੋਂ ਮੁਕਤ ਹੋਵੇ।
ਪੰਜਾਬ 'ਚ ਸਭ ਤੋਂ ਪ੍ਰੇਸ਼ਾਨੀ ਵਾਲੀ ਗੱਲ ਤਾਂ ਇਹ ਹੈ ਕਿ ਨਸ਼ੇ ਹੁਣ ਬਾਲਗਾਂ ਦੇ ਪੱਲੇ ਹੀ ਨਹੀਂ ਰਹੇ, ਸਗੋਂ ਬੱਚਿਆਂ ਕੋਲ ਸਕੂਲਾਂ ਤੱਕ ਵੀ ਪੁੱਜ ਗਏ ਹਨ। ਪਿਛਲੇ ਦਿਨੀਂ ਜਦੋਂ ਗਵਰਨਰ ਪੰਜਾਬ ਨੇ ਸਰਹੱਦੀ ਜ਼ਿਲਿਆਂ ਦਾ ਦੌਰਾ ਕੀਤਾ ਤਾਂ ਆਮ ਲੋਕਾਂ ਨੇ ਸ਼ਕਾਇਤ ਕੀਤੀ ਕਿ ਪਿੰਡਾਂ 'ਚ ਕਰਿਆਨੇ ਦੀਆਂ ਦੁਕਾਨਾਂ ਉਤੇ ਨਸ਼ੇ ਮਿਲਦੇ ਹਨ। ਨਸ਼ਾ ਤਸਕਰ ਕਿਸ਼ੋਰ ਬੱਚਿਆਂ ਨੂੰ ਨਸ਼ਾ ਵਾਹਕ ਦੇ ਤੌਰ 'ਤੇ ਵੀ ਵਰਤ ਰਹੇ ਹਨ।
ਭਾਰਤ ਦੀ ਸੁਪਰੀਮ ਕੋਰਟ ਦੇ ਮਾਨਯੋਗ ਜੱਜ ਐਮ.ਆਰ.ਸ਼ਾਹ ਦੀ ਅਗਵਾਈ ਵਾਲੇ ਬੈਂਚ ਨੇ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਨਸ਼ੇ ਸਰਹੱਦੀ ਸੂਬੇ ਪੰਜਾਬ ਨੂੰ ਪਹਿਲਾਂ ਤਬਾਹ ਕਰਨਗੇ ਅਤੇ ਫਿਰ ਪੂਰੇ ਦੇਸ਼ ਨੂੰ ਖ਼ਤਮ ਕਰ ਦੇਵੇਗਾ। ਭਾਵੇਂ ਕਿ ਪੰਜਾਬ ਸਰਕਾਰ ਵਲੋਂ ਸੁਪਰੀਮ ਕੋਰਟ 'ਚ ਦੱਸਿਆ ਗਿਆ ਕਿ ਪਿਛਲੇ ਦੋ ਸਾਲਾਂ 'ਚ 34,000 ਐਫ. ਆਈ. ਆਰ. ਨਸ਼ੱਈਆਂ ਵਿਰੁੱਧ ਦਰਜ਼ ਕੀਤੀਆਂ ਗਈਆਂ ਹਨ ਪਰ ਸੁਪਰੀਮ ਕੋਰਟ ਨੇ ਜਦੋਂ ਪੁੱਛਿਆ ਕੀ ਇਨ੍ਹਾਂ ਵਿਰੁੱਧ ਚਾਰਜਸ਼ੀਟ ਅਦਾਲਤਾਂ 'ਚ ਪੇਸ਼ ਕੀਤੀਆਂ ਗਈਆਂ ਤਾਂ ਸਰਕਾਰ ਵਲੋਂ ਤਸੱਲੀਬਖ਼ਸ਼ ਜਵਾਬ ਨਹੀਂ ਮਿਲਿਆ। ਸੁਪਰੀਮ ਕੋਰਟ ਨੇ ਨਸ਼ਾ ਤਸਕਰਾਂ ਅਤੇ ਨਸ਼ੱਈਆਂ ਨੂੰ ਨੱਥ ਪਾਉਣ ਲਈ ਸਖ਼ਤ ਹੁਕਮ ਜਾਰੀ ਕੀਤੇ।
ਪੰਜਾਬ 'ਚ ਹਰ ਔਰਤ ਦੀ ਇੱਕ ਆਵਾਜ਼ ਗੁੰਜਦੀ ਹੈ, ਨਸ਼ਿਆਂ ਤੋਂ ਪੰਜਾਬ ਨੂੰ ਬਚਾ ਲਵੋ। ਪੰਜਾਬ 'ਚ ਬੁੱਢੇ ਬਾਬੇ ਦੀ ਇੱਕ ਆਵਾਜ਼ ਪੁਕਾਰ ਲਾਉਂਦੀ ਹੈ, ਪੰਜਾਬ ਨੂੰ ਨਸ਼ਿਆਂ ਦੇ ਸੌਦਾਗਰਾਂ ਹੈਂਸਆਰਿਆਂ ਤੋਂ ਦੂਰ ਰੱਖੋ। ਪੰਜਾਬ ਦਾ ਬਚਪਨ ਬਚੇਗਾ, ਪੰਜਾਬ ਦੀ ਨੌਜਵਾਨੀ ਬਚੇਗੀ, ਤਦੇ ਪੰਜਾਬ ਬਚੇਗਾ।
ਇਵੇਂ ਜਾਪਦਾ ਹੈ ਕਿ ਪੰਜਾਬ ਤਾਂ ਨਸ਼ਿਆਂ ਦੀ ਦਲਦਲ 'ਚ ਇੱਕ ਸਾਜਿਸ਼ ਅਨੁਸਾਰ ਫਸਾ ਦਿੱਤਾ ਗਿਆ ਹੈ। ਦੇਸ਼ ਦੇ ਅੰਦਰੋਂ-ਬਾਹਰੋਂ ਇਸਨੂੰ ਖੋਖਲਾ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਪੰਜਾਬ ਦੇ ਹਾਲਾਤ ਕਿਸੇ ਪੱਖ ਤੋਂ ਵੀ ਸੁਖਾਵੇਂ ਨਹੀਂ ਨਾ ਆਰਥਿਕ ਤੌਰ 'ਤੇ, ਨਾ ਰਾਜਨੀਤਕ ਤੌਰ 'ਤੇ ਅਤੇ ਨਾ ਹੀ ਸਮਾਜਿਕ ਤੌਰ 'ਤੇ ।
ਪੰਜਾਬ 'ਚੋ ਨਸ਼ਿਆਂ ਨੂੰ ਖ਼ਤਮ ਕਰਨ ਲਈ "ਪੱਗੜੀ ਸੰਭਾਲ" ਵਰਗੀ ਲਹਿਰ ਖੜੀ ਕਰਨੀ ਪਵੇਗੀ, ਸਰਕਾਰ ਨੂੰ ਜਿਥੇ ਸੰਜੀਦਾ ਕੋਸ਼ਿਸ਼ ਕਰਨੀ ਹੋਵੇਗੀ, ਉਥੇ ਸਮੁੱਚੇ ਸਮਾਜ ਅਤੇ ਚੇਤੰਨ ਲੋਕਾਂ ਨੂੰ ਮਹੱਤਵਪੂਰਨ ਭੂਮਿਕਾ ਲਈ ਤਿਆਰ ਹੋਣਾ ਪਵੇਗਾ ਅਤੇ ਬੱਚਿਆਂ ਦੇ ਮਾਪਿਆਂ ਨੂੰ ਵੀ ਆਪਣਾ ਫਰਜ਼ ਨਿਭਾਉਣਾ ਹੋਏਗਾ।
-
ਗੁਰਮੀਤ ਸਿੰਘ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.