8 ਮਾਰਚ : ਕੌਮਾਂਤਰੀ ਇਸਤਰੀ ਦਿਹਾੜਾ ਹੈ। ਇਸਤਰੀ ਹਰ ਰੂਪ ਵਿੱਚ ਮਹਾਨ ਹੈ। ਧੀਆਂ ਦੇ ਰੂਪ ਵਿੱਚ ਤਾਂ ਕਹਿਣਾ ਹੀ ਕੀ ਹੈ! ਅੱਜ ਦੋਹੇਂ ਧੀਆਂ ਸਾਹਿਬ ਕੌਰ ਅਤੇ ਅਬਿਨਾਸ਼ ਕੌਰ, ਦੂਰ ਯੂਨੀਵਰਸਿਟੀ ਆਫ ਓਟਵਾ 'ਚ ਉੱਚ ਵਿੱਦਿਆ ਹਾਸਲ ਕਰ ਰਹੀਆਂ ਹਨ! ਰੱਬ ਵਰਗੀਆ ਪਿਆਰੀਆ ਧੀਆ 'ਤੇ ਅੰਤਾਂ ਦਾ ਫਖਰ ਮਹਿਸੂਸ ਕਰਦਿਆਂ, ਐਬਸਫੋਰਡ ਬੈਠਿਆਂ, ਉਹਨਾਂ ਨੂੰ ਜੀਵਨ ਦਾ 'ਹਰ ਮੈਦਾਨ ਫਤਿਹ ਕਰਨ' ਅਤੇ ਸਦਾ 'ਚੜ੍ਹਦੀ ਕਲਾ' ਵਿੱਚ ਰਹਿਣ ਦੀ ਅਸੀਸ ਦੇ ਰਹੇ ਹਾਂ। ਅੰਤਰਰਾਸ਼ਟਰੀ ਇਸਤਰੀ ਦਿਵਸ 'ਤੇ ਇਹ ਕਵਿਤਾ, ਧੀਆਂ ਨੂੰ ਸਮਰਪਿਤ ਹੈ, ਜੋ ਆਪ ਨਾਲ ਸਾਂਝੀ ਕਰ ਰਹੇ ਹਾਂ।
(ਡਾ ਗੁਰਵਿੰਦਰ ਸਿੰਘ)
ਧੀਆਂ ਖੁਸ਼ੀਆਂ ਖੇੜੇ,
ਰੱਬ ਕਿਉਂ ਨਾ ਦੇਵੇ?
ਧੀਆਂ ਮਿੱਠੜੇ ਮੇਵੇ ,
ਰੱਬ ਸਭ ਨੂੰ ਦੇਵੇ।
ਜਿਸ ਘਰ ਦੇ ਵਿੱਚ ਧੀ ਜੰਮਦੀ ਹੈ।
ਆਮਦ ਦਇਆ, ਖਿਮਾ, ਸੰਗ ਦੀ ਹੈ।
ਬਿਨਾਂ ਲੋਰੀਆਂ ਅਤੇ ਪਿਆਰੋਂ,
ਦੌਲਤ ਹੋਰ ਨਾ ਧੀ ਮੰਗਦੀ ਹੈ।
ਕਾਹਤੋਂ ਬੂਹੇ ਭੇੜੇ?
ਰੱਬ ਸਭ ਨੂੰ ਦੇਵੇ।
ਧੀਆਂ ਮਿੱਠੜੇ ਮੇਵੇ,
ਰੱਬ ਸਭ ਨੂੰ ਦੇਵੇ।
ਮਾਂ ਦਾ ਦਰਦ ਵਡਾਂਉਂਦੀ ਧੀ ਹੈ।
ਪੱਗ ਦੀ ਸ਼ਾਨ ਵਧਾਉਂਦੀ ਧੀ ਹੈ।
ਸਬਰ-ਸਿਦਕ ਦੀਆਂ ਰਿਸ਼ਮਾਂ ਵੰਡਦੀ,
ਵਿਹੜੇ ਨੂੰ ਰੁਸ਼ਨਾਉਂਦੀ ਧੀ ਹੈ।
ਫਿਰ ਕਿਉਂ ਰਹਿਣ ਹਨ੍ਹੇਰੇ?
ਰੱਬ ਸਭ ਨੂੰ ਦੇਵੇ।
ਧੀਆਂ ਮਿੱਠੜੇ ਮੇਵੇ,
ਰੱਬ ਸਭ ਨੂੰ ਦੇਵੇ।
ਵਿੱਦਿਆ ਦੇ ਖੇਤਰ ਵਿੱਚ ਅੱਗੇ।
ਮਾਪਿਆਂ ਤਾਈਂ ਬੋਝ ਨਾ ਲੱਗੇ।
ਹਿੰਮਤ ਅਤੇ ਮੁਸ਼ੱਕਤ ਸਦਕਾ,
ਫ਼ਰਜ਼ ਨਿਭਾਉਂਦੀ ਕਸਰ ਨਾ ਛੱਡੇ।
ਐਸੇ ਹੁਨਰ ਬਥੇਰੇ।
ਰੱਬ ਕਿਉਂ ਨਾ ਦੇਵੇ?
ਧੀਆਂ ਮਿੱਠੜੇ ਮੇਵੇ ,
ਰੱਬ ਸਭ ਨੂੰ ਦੇਵੇ।
ਧੀ ਕਿਉਂ ਧਨ ਪਰਾਇਆ ਲੋਕੋ?
ਉਸਦੇ ਪਰ-ਉਪਕਾਰ ਨਾ ਟੋਕੋ।
ਦੂਜੇ ਦੇ ਘਰ ਸੂਰਜ ਬਣ ਕੇ,
ਨ੍ਹੇਰ ਮੁਕਾਵੇ, ਇਹ ਤਾਂ ਸੋਚੋ।
ਬਦਲੋ ਰਸਮਾਂ ਝੇੜੇ।
ਰੱਬ ਕਿਉਂ ਨਾ ਦੇਵੇ?
ਧੀਆਂ ਮਿੱਠੜੇ ਮੇਵੇ ,
ਰੱਬ ਸਭ ਨੂੰ ਦੇਵੇ।
ਹੱਕਾਂ ਦੇ ਲਈ ਧੀ ਹੈ ਲੜਦੀ।
ਨਾ ਭੈਅ ਦਿੰਦੀ, ਨਾ ਭੈਅ ਜਰਦੀ।
ਜ਼ਾਲਮ ਸਾਹਵੇਂ 'ਸ਼ੀਹਣੀ' ਬਣ ਕੇ,
ਮਜ਼ਲੂਮਾਂ ਦੀ ਰੱਖਿਆ ਕਰਦੀ।
ਵੈਰੀ ਆਉਣ ਨਾ ਨੇੜੇ।
ਰੱਬ ਕਿਉਂ ਨਾ ਦੇਵੇ?
ਧੀਆਂ ਮਿੱਠੜੇ ਮੇਵੇ ,
ਰੱਬ ਸਭ ਨੂੰ ਦੇਵੇ।
ਮਿੱਠੜੇ ਮੇਵੇ ਧੀਆਂ ਹੀ ਨੇ।
ਪੱਕੀਆਂ ਨੀਂਹਾਂ ਧੀਆਂ ਹੀ ਨੇ।
ਧੀਆਂ ਨੂੰ ਨਿੰਦਣ ਜੋ ਕਲਮਾਂ,
ਗ਼ਲਤ ਪਾਉਂਦੀਆਂ ਲੀਹਾਂ ਹੀ ਨੇ।
ਲਾਅਣਤ, ਲਿਖਦੇ ਜਿਹੜੇ।
ਰੱਬ ਕਿਉਂ ਨਾ ਦੇਵੇ?
ਧੀਆਂ ਮਿੱਠੜੇ ਮੇਵੇ ,
ਰੱਬ ਸਭ ਨੂੰ ਦੇਵੇ।
ਸਾਡੇ ਘਰ ਜਦ ਧੀਆਂ ਆਈਆਂ।
ਰੌਣਕ-ਮੇਲੇ ਨਾਲ ਲਿਆਈਆਂ।
ਰੂਹਾਂ ਨੂੰ ਮੁਸਕਾਨ ਬਖ਼ਸ਼ ਕੇ,
ਸਭਨਾਂ ਦੇ ਦਿਲ ਅੰਦਰ ਛਾਈਆਂ।
ਖ਼ੁਸ਼ੀਆਂ ਲਾਏ ਡੇਰੇ।
ਰੱਬ ਸਭ ਨੂੰ ਦੇਵੇ।
ਧੀਆਂ ਮਿੱਠੜੇ ਮੇਵੇ,
ਰੱਬ ਸਭ ਨੂੰ ਦੇਵੇ।
ਜੀਵਨ ਵਿਚ ਜੋ ਘੜੀਆਂ ਲੰਘਣ।
ਧੀਆਂ ਸਦਾ ਦੁਆਵਾਂ ਮੰਗਣ।
ਬਾਬੇ ਨਾਨਕ ਦੇ ਵਰੋਸਾਇ,
ਧੀ ਮੰਗਣ ਤੋਂ ਕਦੀ ਨਾ ਸੰਗਣ।
ਗੁਰ ਬਲਿਹਾਰੇ ਤੇਰੇ।
ਰੱਬ ਸਭ ਨੂੰ ਦੇਵੇ।
ਧੀਆਂ ਖੁਸ਼ੀਆਂ ਖੇੜੇ,
ਰੱਬ ਕਿਉਂ ਨਾ ਦੇਵੇ?
ਧੀਆਂ ਮਿੱਠੜੇ ਮੇਵੇ,
ਰੱਬ ਸਭ ਨੂੰ ਦੇਵੇ।
-
ਡਾ ਗੁਰਵਿੰਦਰ ਸਿੰਘ, ਲੇਖਕ
singhnewscanada@gmail.com
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.