ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦਲ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੋਲੇ ਮਹੱਲੇ ਦੇ ਪਾਵਨ ਦਿਵਸ ਤੇ ਵੱਖ-ਵੱਖ ਖੇਤਰਾਂ ਵਿਚ ਅਹਿਮ ਯੋਗਦਾਨ ਪਾਉਣ ਵਾਲੀਆਂ ਸਿੱਖ ਜਗਤ ਦੀਆਂ ਪੰਜ ਸਖਸ਼ੀਅਤਾਂ ਨੂੰ ਗੁਰੂ ਕਾ ਬਾਗ਼ ਛਾਉਣੀ ਬੁੱਢਾ ਦਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼੍ਰੋਮਣੀ ਸੇਵਾ ਰਤਨ ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਵੱਲੋਂ ਤਖ਼ਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ ਅਤੇ ਪੰਥ ਦੀਆਂ ਪ੍ਰਮੱਖ ਸਖਸ਼ੀਅਤਾਂ ਦੀ ਹਾਜ਼ਰੀ ਵਿਚ 7 ਮਾਰਚ 2023 ਨੂੰ ਸਨਮਾਨਤ ਕੀਤਾ ਜਾਵੇਗਾ। ਇਨ੍ਹਾਂ ਸਖਸ਼ੀਅਤਾਂ ਨੂੰ ਬੁੱਢਾ ਦਲ ਦੇ ਤੀਸਰੇ ਮੁਖੀ ਸਿੰਘ ਸਾਹਿਬ ਬਾਬਾ ਨਵਾਬ ਕਪੂਰ ਸਿੰਘ, ਚੌਥੇ ਮੁਖੀ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਹਲੂਵਾਲੀਆ ਅਤੇ ਛੇਵੇਂ ਮੁਖੀ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਐਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ।
ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ:- ਜਵੱਦੀ ਟਕਸਾਲ ਦੇ ਬਾਨੀ ਸੱਚਖੰਡ ਵਾਸੀ ਸੰਤ ਬਾਬਾ ਸੁੱਚਾ ਸਿੰਘ ਜੀ ਤੋਂ ਵਰੋਸਾਏ ਸੰਤ ਬਾਬਾ ਅਮੀਰ ਸਿੰਘ ਦਾ ਜਨਮ ਬਹੁਤ ਹੀ ਸਤਿਕਾਰਯੋਗ ਪਿਤਾ ਸ੍ਰ: ਤਿਰਲੋਕ ਸਿੰਘ ਦੇ ਗ੍ਰਹਿ ਵਿਖੇ ਮਾਤਾ ਗੁਰਬਚਨ ਕੌਰ ਦੀ ਕੁੱਖੋਂ ਸੰਨ 1971 ਵਿੱਚ ਜ਼ਿਲ੍ਹਾ ਕਰਨਾਲ ਦੇ ਪਿੰਡ ਠਰਵਾ ਮਾਜਰਾ ਵਿਖੇ ਹੋਇਆ। ਗੁਰਮਤਿ ਮਰਯਾਦਾ ਅਤੇ ਗੁਰਸਿੱਖੀ ਜੀਵਨ ਦੀ ਗੁੜ੍ਹਤੀ ਆਪ ਨੂੰ ਪਰਿਵਾਰ ਵਿਚੋਂ ਹੀ ਮਿਲੀ। ਸਾਹਿਬਜਾਦਾ ਜੁਝਾਰ ਸਿੰਘ ਗੁਰਮਤਿ ਕਾਲਜ ਤੋਂ ਗੁਰਮਤਿ ਦੀ ਵਿਦਿਆ ਪ੍ਰਾਪਤ ਕਰਨ ਦੌਰਾਨ ਆਪ ਦਾ ਮੇਲ ਸੰਤ ਬਾਬਾ ਸੁਚਾ ਸਿੰਘ ਜੀ ਨਾਲ ਹੋਇਆ। ਉਨ੍ਹਾਂ ਅਮੀਰ ਸਿੰਘ ਅੰਦਰ ਗੁਰਮਤਿ ਸਿਧਾਂਤ ਤੇ ਗੁਰਸਿਖੀ ਪ੍ਰਚਾਰ ਦੀ ਲਗਨ ਨੂੰ ਪਹਿਚਾਣਿਆ ਅਤੇ ਗੁਰਬਾਣੀ ਦੇ ਪੁਰਾਤਨ ਅਤੇ ਨਵੀਨਤਮ ਇਤਿਹਾਸ ਦੇ ਅਧਿਐਨ ਖੋਜ ਲਈ ਪ੍ਰੇਰਿਤ ਕੀਤਾ। ਆਪ ਦੀਆਂ ਸੇਵਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਸੰਤ ਬਾਬਾ ਸੁਚਾ ਸਿੰਘ ਜੀ ਨੇ ਆਪ ਨੂੰ ਜਵੱਦੀ ਟਕਸਾਲ ਦੇ ਹੈੱਡ ਗ੍ਰੰਥੀ ਦੀ ਸੇਵਾ ਬਖਸ਼ਿਸ਼ ਕੀਤੀ ਜਿਸ ਨੂੰ ਆਪ ਨੇ ਨਿਰੰਤਰ ਨਿਭਾਇਆ। ਬਾਬਾ ਜੀ ਦੇ ਪੰਜ ਭੁਤਕ ਸਰੀਰ ਤਿਆਗਣ ਤੋਂ ਬਾਅਦ ਸਮੁੱਚੀ ਸੰਗਤ ਵੱਲੋਂ ਆਪ ਨੂੰ ਜਵੱਦੀ ਟਕਸਾਲ ਦੇ ਮੁਖੀ ਦੀ ਸੇਵਾ ਤੇ ਜੁੰਮੇਵਾਰੀ ਸੌਂਪੀ।
ਸੰਤ ਬਾਬਾ ਅਮੀਰ ਸਿੰਘ, ਜਵੱਦੀ ਟਕਸਾਲ ਦੀ ਬੜੀ ਭਾਵ ਪੂਰਤ ਢੰਗ ਨਾਲ ਸੇਵਾ ਕਰ ਰਹੇ ਹਨ। ਗੁਰੂ ਕਿਰਪਾ ਸਦਕਾ ਆਪ ਜੀ ਨੇ ਨਵੀਆਂ ਇਮਾਰਤਾਂ ਦਾ ਨਿਰਮਾਣ ਕਰਵਾਇਆ। ਇਸਦੇ ਨਾਲ-ਨਾਲ ਵਿਦਿਆਰਥੀਆਂ ਨੂੰ ਗੁਰਮਤਿ ਸੰਗੀਤ, ਗੁਰਮਤਿ ਸਿਧਾਂਤ, ਗੁਰਬਾਣੀ ਸੰਥਿਆ, ਤੰਤੀ ਸਾਜ. ਤਬਲਾ, ਕਥਾ ਆਦਿ ਦੀ ਵਿਦਿਆ ਦੇਣ ਦੀਆਂ ਜੋ ਸੇਵਾਵਾਂ ਨਿਭਾ ਰਹੇ ਹਨ ਉਸਦੀ ਮਿਸਾਲ ਉਹ ਆਪ ਹਨ। ਸੰਤ ਬਾਬਾ ਅਮੀਰ ਸਿੰਘ ਨੇ ਤਨ, ਮਨ, ਧਨ ਅਤੇ ਅਣਥੱਕ ਮਿਹਨਤ ਸਦਕਾ ਇਕ ਲਾਇਕ ਸੁਪੁੱਤਰ ਹੋਣ ਦਾ ਪ੍ਰਤੱਖ ਪ੍ਰਮਾਣ ਦਿੱਤਾ ਹੈ। ਉਨ੍ਹਾਂ ਨੇ ਅਦੁੱਤੀ ਗੁਰਮਤਿ ਸੰਗੀਤ ਸੰਮੇਲਨਾਂ ਦੀ ਲੜੀ ਨੂੰ ਨਿਰੰਤਰ ਜਾਰੀ ਰੱਖਿਆ ਹੈ।
ਬਾਬਾ ਬੁੱਧ ਸਿੰਘ ਨਿੱਕੇ ਘੁੰਮਣਾਂ ਵਾਲੇ:- ਗੁਰਮੁਖ ਹਸਤੀ ਬਾਬਾ ਬੁੱਧ ਸਿੰਘ ਦਾ ਜਨਮ 14 ਅਪ੍ਰੈਲ 1967 ਈ: ਨੂੰ ਪਿੰਡ ਨਿੱਕੇ ਘੁੰਮਣ (ਗੁਰਦਾਸਪੁਰ) ਵਿਖੇ ਸ. ਮਹਿੰਦਰ ਸਿੰਘ, ਮਾਤਾ ਹਰਭਜਨ ਕੌਰ ਦੀ ਕੁੱਖੋ ਹੋਇਆ। ਆਪ ਨੇ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ `ਚੋਂ ਪ੍ਰਾਪਤ ਕੀਤੀ। ਉਪਰੰਤ ਆਪ ਨੇ ਗਿਆਨੀ ਦੀ ਪ੍ਰੀਖਿਆ ਪਾਸ ਕੀਤੀ।ਨਾਮ-ਸਿਮਰਨ ਅਤੇ ਗੁਰਬਾਣੀ ਦਾ ਪ੍ਰੇਮ ਆਪ ਨੂੰ ਗੁੜ੍ਹਤੀ ਵਜੋਂ ਮਿਲੇ। ਆਪ ਨੇ ਆਪਣੇ ਵੱਡੇ-ਵਡੇਰਿਆਂ ਦਾ ਗੌਰਵਮਈ ਵਿਰਸਾ ਹਿਰਦੇ ਵਿੱਚ ਧਾਰਨ ਕੀਤਾ। ਆਪ ਸੱਚ, ਸੇਵਾ, ਸੰਜਮ, ਸਾਦਗੀ, ਪਰਉਪਕਾਰ ਅਤੇ ਸਿਮਰਨ ਦਾ ਮਜੁੱਸਮਾ ਹਨ। ਧਾਰਮਿਕ ਸਹਿਨਸ਼ੀਲਤਾ ਅਤੇ ਗੁਰੂ ਪ੍ਰਤੀ ਵਫਾਦਾਰੀ ਆਪ ਦੇ ਜੀਵਨ ਦਾ ਖਾਸਾ ਹੈ। ਆਪ ਮਨੁੱਖੀ ਏਕਤਾ ਦੇ ਮੁਦੱਈ ਹਨ।
ਮਾਨਵਤਾ ਦੇ ਭਲੇ ਲਈ ਆਪ ਨੇ “ਸ਼ੁਭ ਕਰਮਨ ਸੇਵਾ ਸੁਸਾਇਟੀ, ਨਿੱਕੇ ਘੁੰਮਣ (ਰਜਿ:)” ਦਾ ਗਠਨ ਕੀਤਾ ਅਤੇ ਬੇ-ਸਹਾਰਾ ਬਜ਼ੁਰਗਾਂ ਦੀ ਸੇਵਾ ਸੰਭਾਲ ਲਈ “ਮਾਤਾ ਅਵਤਾਰ ਕੌਰ ਬਿਰਧ ਆਸ਼ਰਮ” ਦੀ ਸਥਾਪਨਾ ਕੀਤੀ। ਸਾਦੇ ਵਿਆਹ ਦੀ ਰਸਮ ਨੂੰ ਪ੍ਰੇਰਿਆ। ਸਿਹਤ ਸੰਭਾਲ ਲਈ ਆਪ ਨੇ “ਸੰਤ ਬਾਬਾ ਹਜ਼ਾਰਾ ਸਿੰਘ ਚੈਰੀਟੇਬਲ ਹਸਪਤਾਲ” ਸੰਸਥਾ ਸ਼ੁਰੂ ਕੀਤੀ। ਗੁਰਮਤਿ ਪ੍ਰਚਾਰ ਦੇ ਆਸ਼ੇ ਨਾਲ ਸੰਗਤਾਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਾਉਣ ਦੇ ਨਾਲ-ਨਾਲ, ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ, ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨਾ, ਨਰੋਏ ਸਮਾਜ ਦੀ ਸਿਰਜਨਾ ਕਰਨੀ, ਆਪ ਦੇ ਜੀਵਨ ਦਾ ਪਰਮ ਲਕਸ਼ ਹੈ।
ਸਿੱਖਿਆ, ਸਾਹਿਤ ਅਤੇ ਸਮਾਜ-ਸੇਵਾ ਨੂੰ ਸਮਰਪਿਤ ਸ਼੍ਰੋਮਣੀ ਸਾਹਿਤਕਾਰ ਪ੍ਰੋ. ਅੱਛਰੂ ਸਿੰਘ:-ਪ੍ਰੋ. ਅੱਛਰੂ ਸਿੰਘ ਦਾ ਜਨਮ ਮਾਤਾ ਪ੍ਰਸਿੰਨ ਕੌਰ ਦੀ ਕੁੱਖ ਤੋਂ ਪਿਤਾ ਸ. ਹੰਸਾ ਸਿੰਘ ਦੇ ਘਰ ਮਾਨਸਾ ਦੇ ਇਕ ਸਧਾਰਣ ਪਰਿਵਾਰ ਵਿਚ ਹੋਇਆ। ਉਨ੍ਹਾਂ ਦਾ ਪੁਰਾਣਾ ਪਿੰਡ ਉੱਭਾ ਸੀ। ਪ੍ਰੋ. ਅੱਛਰੂ ਸਿੰਘ ਨੇ ਆਪਣੀ ਮੁਢਲੀ ਪੜ੍ਹਾਈ ਸਥਾਨਕ ਖਾਲਸਾ ਹਾਇਰ ਸੈਕੰਡਰੀ ਸਕੂਲ ਅਤੇ ਆਪਣੀ ਬੀ.ਏ. ਨਹਿਰੂ ਮੈਮੋਰੀਅਲ ਕਾਲਜ, ਐਮ.ਏ (ਇੰਗਲਿਸ਼) ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਕੀਤੀ। ਉਹ ਆਪਣੇ ਹੀ ਕਾਲਜ ਵਿਚ ਬਤੌਰ ਲੈਕਚਰਾਰ ਨੌਕਰੀ ਤੇ ਲੱਗ ਗਏ। ਇਸ ਦੋਰਾਨ ਪ੍ਰੋ. ਅੱਛਰੂ ਸਿੰਘ ਇੱਕ ਪ੍ਰਤੀਬੱਧ, ਸੁਹਿਰਦ ਅਤੇ ਸੱਚੇ ਕਰਮਯੋਗੀ ਵਜੋਂ ਕਾਰਜਸ਼ੀਲ ਰਹੇ। ਉਨ੍ਹਾਂ ਨੇ ਯਾਦਗਾਰੀ ਪੁਸਤਕਾਂ ਦੀ ਰਚਨਾ ਕੀਤੀ। ਹੁਣ ਤੱਕ ਅੰਗ੍ਰੇਜ਼ੀ ਦੀਆਂ ਤਿੰਨ ਦਰਜਨ ਤੋਂ ਉੱਪਰ ਪੁਸਤਕਾਂ ਨੂੰ ਪੰਜਾਬੀ ਵਿਚ ਅਤੇ ਪੰਜਾਬੀ ਦੀਆਂ ਪੁਸਤਕਾਂ ਨੂੰ ਅੰਗਰੇਜ਼ੀ ਵਿਚ ਅਨੁਵਾਦ ਕਰ ਚੁੱਕੇ ਹਨ। ਉਨ੍ਹਾਂ ਦੀਆਂ ਮੌਲਿਕ ਰਚਨਾਵਾਂ ਵਿਚ ਉਨ੍ਹਾਂ ਦੀ ਸਵੈ-ਜੀਵਨੀ ‘ਕੀਟਾ ਆਈ ਰੀਸ’, ‘ਜੀਵਨ ਦੇ ਰੰਗ’, ‘ਵਿਰਸਾ ਅਤੇ ਸਭਿਆਚਾਰ ਦੇਖਿਆ, ਸੁਣਿਆਂ ਅਤੇ ਹੰਢਾਇਆ’, ‘ਸਿੱਖ ਧਰਮ ਅਤੇ ਜੀਵਨ-ਦਰਸ਼ਨ’, ‘ਜੀਵਨ-ਬਾਤਾਂ’ ਆਦਿ ਸ਼ਾਮਲ ਸਨ।
ਸਾਹਿਤਕ ਖੇਤਰ ਵਿੱਚ ਪਾਏ ਯੋਗਦਾਨ ਲਈ ਪ੍ਰੋ. ਅੱਛਰੂ ਸਿੰਘ ਨੂੰ ਬਹੁਤ ਸਾਰੇ ਮਾਨ-ਸਨਮਾਨ ਹਾਸਿਲ ਹੋ ਚੁੱਕੇ ਹਨ। ਭਾਸ਼ਾ ਵਿਭਾਗ ਪੰਜਾਬ ਵੱਲੋਂ ‘ਸ਼੍ਰੋਮਣੀ ਸਾਹਿਤਕਾਰ ਪੁਰਸਕਾਰ’ ਦਿੱਤਾ ਗਿਆ। ਪ੍ਰੋ: ਅੱਛਰੂ ਸਿੰਘ ਇਕ ਵਧੀਆ ਅਧਿਆਪਕ, ਅਨੁਵਾਦਕ, ਲੇਖਕ, ਭਾਸ਼ਣ-ਕਰਤਾ ਅਤੇ ਸਮਾਜ-ਸੇਵਕ ਹੋਣ ਦੇ ਨਾਲ-ਨਾਲ ਉਹ ਇਕ ਬਹੁਤ ਹੀ ਮਿਲਣਸਾਰ, ਮਿਠਬੋਲੜੇ, ਖੁਸ਼ਤਬੀਅਤ, ਸੁਹਿਰਦ, ਸਹਿਯੋਗੀ ਅਤੇ ਨੇਕ ਇਨਸਾਨ ਹਨ।
ਗਿਆਨੀ ਪ੍ਰਿਤਪਾਲ ਸਿੰਘ ਕਥਾਵਾਚਕ:- ਗਿਆਨੀ ਪ੍ਰਿਤਪਾਲ ਸਿੰਘ ਦਾ ਜਨਮ ਸ. ਕਲਿਆਣ ਸਿੰਘ ਅਤੇ ਮਾਤਾ ਜੋਗਿੰਦਰ ਕੌਰ ਦੇ ਘਰ ਪਿੰਡ ਬਪਰੌਰ ਤਹਿ. ਰਾਜਪੂਰਾ ਜ਼ਿਲ੍ਹਾ ਪਟਿਆਲਾ ਵਿਖੇ ਹੋਇਆ। ਸਕੂਲੀ ਪੜਾਈ ਪੂਰੀ ਕਰਨ ਉਪਰੰਤ ਆਪ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ, ਸ੍ਰੀ ਦਸਮ ਗ੍ਰੰਥ ਸਾਹਿਬ, ਸ੍ਰੀ ਸਰਬਲੋਹ ਗ੍ਰੰਥ ਸਾਹਿਬ, ਸੂਰਜ ਪ੍ਰਕਾਸ਼ ਇਤਿਆਦ ਇਤਿਹਾਸਕ ਗ੍ਰੰਥਾਂ ਦੀ ਸੰਥਿਆ ਪੰਥ ਦੇ ਪ੍ਰਸਿੱਧ ਵਿਦਵਾਨ ਗਿਆਨੀ ਸ਼ੇਰ ਸਿੰਘ ਜੀ ਅੰਬਾਲੇ ਵਾਲਿਆਂ ਪਾਸੋਂ ਗ੍ਰਹਿਣ ਕੀਤੀ। ਵੇਦਾਂਤ ਦੇ ਗ੍ਰੰਥਾਂ ਦੀ ਸੰਥਿਆ ਉਦਾਸੀ ਸੰਪ੍ਰਦਾਇ ਦੇ ਧਰਮ ਭੂਸ਼ਣ ਸੁਆਮੀ ਪੰਥ ਪ੍ਰਕਾਸ਼ ਪਾਸੋਂ ਪ੍ਰਾਪਤ ਕੀਤੀ। ਆਪ ਨੇ ਗੁਰਦੁਆਰਾ ਸ੍ਰੀ ਸੰਤੋਖ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਦਰਬਾਰ ਅਤੇ ਗੁਰਦੁਆਰਾ ਬਾਦਸ਼ਾਹੀ ਬਾਗ਼ ਅੰਬਾਲਾ ਸ਼ਹਿਰ ਵਿਚ ਕੁੱਝ ਸਾਲ ਕਥਾ ਦੀ ਸੇਵਾ ਕੀਤੀ। 2003 ਤੋਂ ਲਗਾਤਾਰ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਕਥਾ ਦੀ ਸੇਵਾ ਨਿਭਾ ਰਹੇ ਹਨ। ਸ਼ਹਿਰ ਦੀਆਂ ਕੁਝ ਸੰਸਥਾਵਾਂ ਵੱਲੋਂ ਦੋ ਵਾਰ ਗਿਆਨੀ ਸੰਤ ਸਿੰਘ ਮਸਕੀਨ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਗਿਆਨੀ ਜੀ ਵਿਦੇਸ਼ਾਂ ਵਿਚ ਅਤੇ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਦੇ ਪੰਥ ਪ੍ਰਸਿੱਧ ਗੁਰਮਤਿ ਸਮਾਗਮਾਂ ਦੀਆਂ ਸਟੇਜਾਂ ਤੇ ਅਵਸਰ ਕਥਾ ਦੀਆਂ ਸੇਵਾਵਾਂ ਨਿਭਾੳਂਦੇ ਰਹਿੰਦੇ ਹਨ।
ਡਾ. ਇੰਦਰਜੀਤ ਸਿੰਘ ਜੀ ਗੋਗੋਆਣੀ:- ਡਾ. ਇੰਦਰਜੀਤ ਸਿੰਘ ਗੋਗੋਆਣੀ ਕਿੱਤੇ ਪੱਖੋਂ ਅਧਿਆਪਕ ਹਨ ਅਤੇ ਖਾਲਸਾ ਕਾਲਜ ਸੀਨੀਅਰ ਸਕੈਡਰੀ ਸਕੂਲ ਖਾਲਸਾ ਕਾਲਜ ਵਿਖੇ ਪ੍ਰਿੰਸੀਪਲ ਵਜੋਂ ਸੇਵਾ ਨਿਭਾ ਰਹੇ ਹਨ। ਇਨ੍ਹਾਂ ਦਾ ਜਨਮ 26 ਜਨਵਰੀ 1962 ਨੂੰ ਪਿੰਡ ਗੋਗੋਆਣੀ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਸ. ਗੁਰਮੇਜ ਸਿੰਘ ਦੇ ਗ੍ਰਹਿ ਮਾਤਾ ਬਲਬੀਰ ਕੌਰ ਦੀ ਕੁੱਖੋਂ ਹੋਇਆ। ਆਪ ਨੇ ਐਮ.ਏ ਧਰਮ ਅਧਿਐਨ ਪੰਜਾਬੀ ਸੰਗੀਤ ਪ੍ਰਭਾਕਰ, ਵਿਸ਼ਾਰਦ, ਬੀ.ਐਡ, ਪੀ.ਐਚ.ਡੀ ਤੀਕ ਵਿਦਿਆ ਹਾਸਲ ਕੀਤੀ। ਆਪ ਨੇ ਦਰਜਨ ਤੋਂ ਵੱਧ ਪੁਸਤਕਾਂ ਦੀ ਰਚਨਾ ਕੀਤੀ ਹੈ ਅਤੇ ਇਨ੍ਹਾਂ ਐਨੀਮੇਸ਼ਨ ਫਿਲਮਾਂ ਅਤੇ ਡਾਕੂਮੈਂਟਰੀ ਜਿਨ੍ਹਾਂ ਵਿੱਚ ਛੋਟੇ ਸਾਹਿਬਜ਼ਾਦੇ ਜੀਵਨ ਤੇ ਸ਼ਹਾਦਤ; ਗੁਰੂ ਮਾਨਿਉਂ ਗ੍ਰੰਥ, ਸਿੰਘ ਸੂਰਮੇ, ਦਾਸਤਾਨ-ਏ-ਮੀਰੀ ਪੀਰੀ; ਸ੍ਰੀ ਹਰਿਮੰਦਰ ਦਰਸ਼ਨ, ਮੇਰੀ ਦਸਤਾਰ ਮੇਰਾ ਮਾਣ, ਦੀਆਂ ਸਕਰਿਪਟਾਂ ਲਿਖੀਆਂ। ਇਨ੍ਹਾਂ ਵੱਲੋਂ ਮੌਜੂਦਾ ਹਲਾਤ ਅਤੇ ਇਤਿਹਾਸਕ ਵਿਰਤਾਂਤ ਪ੍ਰਤੀ ਵੱਖ-ਵੱਖ ਟੀ.ਵੀ ਚੈਨਲਾਂ ਅਤੇ ਰੇਡੀਓ ਪੁਰ ਸਮੂਲੀਅਤ ਹੁੰਦੀ ਰਹਿੰਦੀ ਹੈ।
-
ਦਿਲਜੀਤ ਸਿੰਘ ਬੇਦੀ , ਸਕੱਤਰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ
dsbedisgpc@gmail.com
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.