ਰੈਡੀਕਲਾਈਜ਼ੇਸ਼ਨ ਜਾਂ ਕੱਟੜਪੰਥੀ ਤੋਂ ਭਾਵ ਪੂਰਵ ਨਿਰਧਾਰਿਤ ਸਮਾਜਕ ਕਦਰਾਂ ਕੀਮਤਾਂ, ਵਿਸ਼ਵਾਸ, ਸਾਰਥਿਕ ਵਿਚਾਰਾਂ ਅਤੇ ਧਾਰਮਿਕ ਮਰਯਾਦਾ ਦਾ ਪਾਲਣ ਕਰਨ ਦੇ ਵਿਵਹਾਰ ਤੋਂ ਹੈ, ਪਰ ਹੁਣ ਇਸ ਦੇ ਅਰਥ ਬਦਲ ਦਿੱਤੇ ਗਏ ਹਨ, ਇਹ ਹੁਣ ਵਿਅਕਤੀ ਜਾਂ ਸਮੂਹ ਦਾ ਸਮਾਜਿਕ ਅਤੇ ਰਾਜਨੀਤਿਕ ਇੱਛਾਵਾਂ ਦੀ ਪੂਰਤੀ ਲਈ ਧਾਰਮਿਕ ਰੂੜ੍ਹੀਵਾਦ ਦੇ ਓਹਲੇ ਲੋਕਤੰਤਰ ਅਤੇ ਕਾਨੂੰਨ ਦੇ ਰਾਜ ਸਮੇਤ ਸਮਾਜ ਦੇ ਸਥਾਪਿਤ ਬੁਨਿਆਦੀ ਮੁੱਲਾਂ ਅਤੇ ਨਿਯਮਾਂ ਦੇ ਵਿਰੋਧ ਵਿਚ ਹਿੰਸਾ ਤੋਂ ਵੀ ਗੁਰੇਜ਼ ਨਾ ਕਰਦਿਆਂ, ਉਹ ਧਾਰਮਿਕ ਸਮਾਜਿਕ ਪ੍ਰਤੀਕਰਮ ਦੇਣਾ ਜੋ ਲੋੜ ਪੈਣ ’ਤੇ ਹਿੰਸਾ ਦੁਆਰਾ ਤਬਦੀਲੀ ਦਾ ਸਮਰਥਨ ਵੀ ਕਰਦਾ ਹੈ ਅਤੇ ਸ਼ੋਸ਼ਣ ਹਿਤ ਜਾਣਬੁੱਝ ਕੇ ਡਰ ਦੀ ਸਿਰਜਣਾ ਕਰਦਿਆਂ ਵਿਅਕਤੀ ਜਾਂ ਸਮੂਹ ਦੇ ਵਿਚਾਰਾਂ ਨੂੰ ਸਥਾਪਿਤ ਮੁਖਧਾਰਾ ਤੋਂ ਦੂਰ ਲੈ ਜਾਣ ਦੀ ਪ੍ਰਕਿਰਿਆ ਨੂੰ ਅੰਜਾਮ ਦਿੰਦਾ ਹੈ।
ਇਹ ਵਿਸ਼ਵਾਸ ਪ੍ਰਣਾਲੀ ਦਾ ਇਕ ਅਜਿਹਾ ਪੈਰਾਡਾਇਮ ਹੈ, ਜੋ ਅੱਗੇ ਚੱਲ ਕੇ ਸਮਾਜਿਕ ਰਾਜਨੀਤਿਕ ਧਰੁਵੀਕਰਨ ਨੂੰ ਦਿਸ਼ਾ ਪ੍ਰਦਾਨ ਕਰਦਿਆਂ ਦੂਜੇ ਨਾਲ ਸੰਵਾਦ, ਸਮਝੌਤਾ ਅਤੇ ਸਹਿਣਸ਼ੀਲਤਾ ਦੀ ਥਾਂ ਅਸੰਵੇਦਣਸ਼ੀਲਤਾ, ਹਿੰਸਕ ਤੇ ਸਿਆਸੀ ਹਿੰਸਾ ਦੇ ਵੱਖ-ਵੱਖ ਰੂਪਾਂ ਦੀ ਵਰਤੋਂ ਕਰਦੇ ਹਨ। 20ਵੀਂ ਸਦੀ ਵਿੱਚ ਪੰਜਾਬ ਦਾ ਜਿੰਨਾ ਨੁਕਸਾਨ ਧਾਰਮਿਕ ਕੱਟੜਪੰਥੀਆਂ ਕਰਕੇ ਹੋਇਆ ਐਨਾ ਕੁੱਲ ਮਿਲਾ ਕੇ ਪੰਜਾਬ ਦੇ ਸਮੁੱਚੇ ਇਤਿਹਾਸ ਵਿੱਚ ਨਹੀਂ ਹੋਇਆ ਹੋਵੇਗਾ। ਅਜ਼ਾਦੀ ਵੇਲੇ ਰਾਜਨੀਤਕ ਆਗੂਆਂ ਵੱਲੋਂ ਕੱਟੜਪੰਥੀਆਂ ਅੱਗੇ ਹਥਿਆਰ ਸੁੱਟਣ ਕਰਕੇ ਦੇਸ਼ ਦੀ ਵੰਡ ਹੋਈ, ਜਿਸ ਦਾ ਸਭ ਤੋਂ ਵੱਡਾ ਸੰਤਾਪ 10 ਲੱਖ ਪੰਜਾਬੀਆਂ ਨੂੰ ਜਾਨ ਦੇਣ ਦੀ ਕੀਮਤ ’ਤੇ ਭੋਗਣਾ ਪਿਆ।
ਦਹਾਕਿਆਂ ਬਾਅਦ, ਅੱਜ ਫਿਰ ਤੋਂ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਕੁਝ ਤਾਕਤਾਂ ਵੱਲੋਂ ਗੁਪਤ ਰੂਪ ਵਿਚ ਅਤੇ ਕੁਝ ਵੱਲੋਂ ਖੁੱਲ ਕੇ ਭਾਰਤ ਵਿਰੋਧੀ ਭਾਵਨਾਵਾਂ ਨੂੰ ਉਕਸਾਉਣ ਅਤੇ ਖ਼ਾਲਿਸਤਾਨ ਲਹਿਰ ਦਾ ਸਮਰਥਨ ਕਰਨ ਲਈ ਭੜਕਾਇਆ ਜਾ ਰਿਹਾ ਹੈ । ਭਾਰਤ ਵਿਰੋਧੀ ਤਾਕਤਾਂ ਦਾ ਸੌਖਾ ਨਿਸ਼ਾਨਾ ਵਿੱਤੀ ਤੌਰ ’ਤੇ ਕਮਜ਼ੋਰ ਉਹ ਸਿੱਖ ਨੌਜਵਾਨ ਹਨ ਜਿਨ੍ਹਾਂ ਨੂੰ ਲੁਭਾਉਣਾ ਆਸਾਨ ਹੈ। ਅੱਜ ਪੰਜਾਬ ਦੇ ਲੋਕਾਂ ਖ਼ਾਸ ਕਰਕੇ ਵਪਾਰੀਆਂ ਨੂੰ ਇਹ ਡਰ ਸਤਾ ਰਿਹਾ ਹੈ ਕਿ ਸਿੱਖ ਨੌਜਵਾਨਾਂ ਦੇ ਕੱਟੜਪੰਥੀ ਹੋਣ ਨਾਲ ਹਿੰਸਾ ਅਤੇ ਖਾੜਕੂਵਾਦ ਦੀ ਵਾਪਸੀ ਹੋ ਸਕਦੀ ਹੈ। ਜਿਸ ਦੀ ਸ਼ੁਰੂਆਤ 'ਖਾਲਿਸਤਾਨ- ਖਾਲਸਾ ਰਾਜ' ਦੀਆਂ ਆਵਾਜ਼ਾਂ ਨਾਲ ਹੋ ਰਹੀ ਹੈ। ਹਾਲ ਹੀ ਵਿਚ ਇਕ ਸੰਪਰਦਾ ਨਾਲ ਸੰਬੰਧਿਤ ਸਿੱਖ ਨੌਜਵਾਨ ਨੂੰ ਆਪਣੇ ਖਿਲਾਫ ਸੋਸ਼ਲ ਮੀਡੀਆ ’ਤੇ ਪ੍ਰਚਾਰ ਕਰਨ ਬਦਲੇ ਉਸ ਨੂੰ ਅਗਵਾ ਕਰਨ ਅਤੇ ਕੁੱਟ ਮਾਰ ਕਾਰਨ ਵਿਵਾਦਾਂ ਵਿਚ ਘਿਰਿਆ ਇਕ ਚਰਚਿਤ ਆਗੂ, ਭਾਰਤੀ ਸੰਵਿਧਾਨ ਨੂੰ ਚੁਨੌਤੀ ਦਿੰਦਿਆਂ ਸਿੱਖ ਨੌਜਵਾਨਾਂ ਨੂੰ 'ਗ਼ੁਲਾਮੀ' ਦੀਆਂ ਜ਼ੰਜੀਰਾਂ ਤੋੜਨ ਅਤੇ ਵੱਖਰੇ ਰਾਜ ਦੀ ਪ੍ਰਾਪਤੀ ਲਈ ਪ੍ਰੇਰਿਤ ਕਰਨ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਵੀ ਧਮਕੀਆਂ ਦੇਣ ਤਕ ਚਲਾ ਗਿਆ।
ਬੇਸ਼ੱਕ ਉਸ ਵੱਲੋਂ ਅਜਿਹਾ ਕੀਤਾ ਜਾਣਾ ਮੀਡੀਆ ਦਾ ਧਿਆਨ ਆਪਣੇ ਵਲ ਖਿੱਚਣਾ ਹੀ ਕਿਉਂ ਨਾ ਹੋਵੇ, ਪਰ ਪੰਜਾਬ ਸਰਕਾਰ ਦਾ ਇਨ੍ਹਾਂ ਅਰਾਜਕਤਾਵਾਦੀ ਲੋਕਾਂ ਦੀਆਂ ਗਤੀਵਿਧੀਆਂ ਨੂੰ ਲੈ ਕੇ ਨਰਮ ਦ੍ਰਿਸ਼ਟੀਕੋਣ ਹੀ ਨਹੀਂ ਮੂਕ ਦਰਸ਼ਕ ਬਣਿਆ ਰਹਿਣਾ ਹੈਰਾਨੀ ਪੈਦਾ ਕਰ ਰਿਹਾ ਹੈ। ਇਹ ਆਗੂ ਸੰਵੇਦਨਸ਼ੀਲ ਮੁੱਦਿਆਂ ਪ੍ਰਤੀ ਹੋਕਾ ਦੇਣ ਦਾ ਢਕਵੰਜ ਰਚਦਾ ਹੈ ਅਤੇ ਸਿਰ ਦੇਣ ਦੀ ਗਲ ਕਰਦਿਆਂ ਉਹ ਸਿੱਖਾਂ ਨੂੰ ਦਰਪੇਸ਼ ਮਸਲਿਆਂ ਲਈ ਕੇਵਲ ਹਕੂਮਤ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਮੁੱਦਿਆਂ ਨੂੰ ਖ਼ਾਸ ਦਿਸ਼ਾ ਵਲ ਉਭਾਰ ਰਿਹਾ ਹੈ। ਚੱਲ ਰਿਹਾ ਇਹ ਰੁਝਾਨ ਇਹ ਸਮਝਣ ਲਈ ਕਾਫ਼ੀ ਹੈ ਕਿ ਉਹ ਸੌੜੀ ਸੋਚ ਰਾਹੀਂ ਸਿੱਖ ਨੌਜਵਾਨਾਂ ਨੂੰ ਕੱਟੜਪੰਥੀ ਕਰਨ ਵੱਲ ਲੈ ਜਾ ਰਿਹਾ ਹੈ। ਮਹੀਨਾ ਪਹਿਲਾਂ ਇਸ ਦੇ ਵਹੀਰ ਦੇ ਮੈਂਬਰਾਂ ਨੇ ਹੁਕਮਨਾਮੇ ਅਤੇ ਮਰਯਾਦਾ ਦੀ ਅਧੂਰੀ ਜਾਣਕਾਰੀ ਨੂੰ ਹੀ ਢਾਲ ਬਣਾਉਂਦਿਆਂ ਕਪੂਰਥਲਾ ਅਤੇ ਜਲੰਧਰ ਦੇ ਮਾਡਲ ਟਾਊਨ ਗੁਰਦੁਆਰੇ ਵਿੱਚੋਂ ਕੁਰਸੀਆਂ ਅਤੇ ਸੋਫ਼ਿਆਂ ਨੂੰ ਜ਼ਬਰਦਸਤੀ ਬਾਹਰ ਕੱਢ ਕੇ ਉਨ੍ਹਾਂ ਨੂੰ ਤੋੜਦਿਆਂ ਅੱਗ ਲਾ ਦਿੱਤੀ ਸੀ। ਜਿਸ ਦੀ ਸਿੱਖ ਸਮਾਜ ਵਿਚ ਵੀ ਵਿਆਪਕ ਚਰਚਾ ਹੋਈ, ਕਈਆਂ ਦੇ ਵਿਰੋਧ ਦੇ ਬਾਵਜੂਦ ਕੱਟੜ ਵਿਚਾਰਧਾਰਾ ਨੂੰ ਸਿੱਖ ਨੌਜਵਾਨਾਂ ਵਿੱਚ ਲਗਾਤਾਰ ਪਰੋਸਣ ਵਿਚ ਇਹ ਲੋਕ ਕਾਮਯਾਬ ਰਹੇ।
ਇਸ ਵਿਵਾਦਿਤ ਆਗੂ ਦੇ ਸਮਰਥਕਾਂ ਦੀ ਵਧ ਰਹੀ ਗਿਣਤੀ ਨਾ ਸਿਰਫ਼ ਉਸ ਦੀਆਂ ਹਰਕਤਾਂ ਨੂੰ ਜਾਇਜ਼ ਠਹਿਰਾ ਰਹੀ ਹੈ, ਸਗੋਂ ਕੱਟੜਪੰਥੀ ਵਿਚਾਰਧਾਰਾ ਨੂੰ ਫੈਲਾਉਣ ਲਈ 'ਲਾਹੇਵੰਦ ਮਾਹੌਲ' ਵੀ ਪੈਦਾ ਕਰ ਰਹੀ ਹੈ। ਵੱਡੀ ਜਨਤਕ ਪਹੁੰਚ ਵਾਲੇ ਬੇਰੋਕ ਸੋਸ਼ਲ ਮੀਡੀਆ ਵੀ ਉਸ ਦੀ ਕੱਟੜਪੰਥੀ ਵਿਚਾਰਧਾਰਾ ਨੂੰ ਅੱਗੇ ਵਧਾਉਣ ਵਿੱਚ ਮਦਦ ਕਰ ਰਿਹਾ ਹੈ । ਕੱਟੜਪੰਥੀ ਦੀ ਇਹ ਨਵੀਂ ਲਹਿਰ ਅੱਤਵਾਦ ਜਾਂ ਹਿੰਸਾ ਦੀਆਂ ਕਾਰਵਾਈਆਂ ਨੂੰ ਜਨਮ ਦੇ ਸਕਦੀ ਹੈ।
ਭਾਰਤ ਵਿਚ ਅਰਾਜਕਤਾ ਫੈਲਾਉਣ ਲਈ ਨੌਜਵਾਨਾਂ ਨੂੰ ਕੱਟੜਪੰਥੀ ਵਿਚਾਰਾਂ ਅਤੇ ਗਤੀਵਿਧੀਆਂ ਵਿਚ ਫਸਾਉਣ ਦੇ ਪਿੱਛੇ ਪਾਕਿਸਤਾਨ ਦੀ ਵੱਡੀ ਸਾਜ਼ਿਸ਼ ਤੋਂ ਇਲਾਵਾ ਸਿੱਖ ਵੱਖਵਾਦੀਆਂ ਦੇ ਜਨੂਨ ਨੂੰ ਵਿਦੇਸ਼ਾਂ ਵਿਚ ਵੱਸਦੇ ਧਨਾਢ ਸਿੱਖਾਂ ਨੇ ਵੀ ਵਿੱਤੀ ਪੋਸ਼ਣ ਕਰਦਿਆਂ ਬਲ ਦਿੱਤਾ ਹੈ। ਭਾਰਤ ਤੋਂ ਬਾਹਰ ਖਾਲਿਸਤਾਨੀ ਸਮੂਹਾਂ ਵੱਲੋਂ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ ਦੀਆਂ ਤੇਜ਼ ਕੀਤੀਆਂ ਗਈਆਂ ਕੋਸ਼ਿਸ਼ਾਂ ਵਿਚ ਉਹ ਸਿੱਖ ਨੌਜਵਾਨ ਰੈਡੀਕਲਾਈਜੇਸ਼ਨ ਦਾ ਜ਼ਿਆਦਾ ਸ਼ਿਕਾਰ ਹੋ ਰਹੇ ਹਨ ਜੋ ਪੜਾਈ ਜਾਂ ਰੁਜ਼ਗਾਰ ਦੀ ਤਲਾਸ਼ ਵਿਚ ਵਿਦੇਸ਼ਾਂ ਵਿਚ ਗਏ ਹਨ। ਉੱਥੇ ਮੌਜੂਦ ਕੱਟੜਪੰਥੀਆਂ ਵੱਲੋਂ ਮਾਲੀ ਮਦਦ ਅਤੇ ਸਿਆਸੀ ਸ਼ਰਨ ਦਿਵਾਉਣ ਦਾ ਲਾਲਚ ਦੇ ਕੇ ਇਨ੍ਹਾਂ ਨੂੰ ਫਸਾਇਆ ਜਾ ਰਿਹਾ ਹੈ।
ਉਨ੍ਹਾਂ ਨੂੰ ਖ਼ਾਲਿਸਤਾਨ ਅਤੇ ਰੈਫਰੈਡਮ ਦੇ ਨਾਮ ’ਤੇ ਗੁਮਰਾਹ ਕੀਤਾ ਜਾਂਦਾ ਹੈ। ਉਨ੍ਹਾਂ ਵੱਲੋਂ ਗੁਰਦੁਆਰਿਆਂ ਵਿੱਚ ਕੀਤੇ ਜਾ ਰਹੇ ਵੱਖਵਾਦੀ ਪ੍ਰਚਾਰ ਦਾ ਖ਼ਤਰਨਾਕ ਰੁਝਾਨ ਕਈ ਵਾਰ ਸਿੱਖਾਂ ਦੇ ਅਕਸ ਨੂੰ ਢਾਹ ਲਾਉਣ ਦਾ ਕਾਰਨ ਬਣਦਾ ਹੈ। ਅਮਰੀਕਾ ਅਧਾਰਿਤ ਖ਼ਾਲਿਸਤਾਨ ਪੱਖੀ ਸਮੂਹ ਸਿੱਖ ਫ਼ਾਰ ਜਸਟਿਸ ਵੱਲੋਂ ਯੂ ਐੱਸ ਏ, ਕੈਨੇਡਾ, ਯੂ ਕੇ, ਇਟਲੀ ਆਦਿ ਵਿਚ ਖ਼ਾਲਿਸਤਾਨ ਰੈਫਰੈਡਮ ਅਤੇ ਇਸ ਦੇ ਪ੍ਰਚਾਰ ਲਈ ਟੀ- ਸ਼ਰਟਾਂ ਦੇ ਕੇ ਖਾਲਿਸਤਾਨੀ ਲਹਿਰ ਨੂੰ ਹਵਾ ਦਿੱਤੀ ਜਾ ਰਹੀ ਹੈ। ਭਾਰਤ ਅਤੇ ਪੰਜਾਬ ਇਸ ਤੋਂ ਅਛੂਤਾ ਨਹੀਂ ਰਿਹਾ। ਕਿਸੇ ਵੀ ਜਨਤਕ ਥਾਂ 'ਤੇ 'ਖ਼ਾਲਿਸਤਾਨ' ਦਾ ਲਿਖਿਆ ਜਾਣਾ ਅਤੇ ਮਨੋਨੀਤ ਖਾਲਿਸਤਾਨੀ ਝੰਡੇ ਦਾ ਦੇਖਿਆ ਜਾਣਾ ਆਮ ਵਰਤਾਰਾ ਹੁੰਦਾ ਜਾ ਰਿਹਾ ਹੈ।
ਸਿੱਖ ਭਾਰਤੀ ਸਮਾਜ ਦਾ ਇਕ ਅਨਿੱਖੜਵਾਂ ਅੰਗ ਰਿਹਾ ਹੈ, ਪਰ ਜੂਨ 1984 ਨੂੰ ਅੰਜਾਮ ਦਿੱਤਾ ਗਿਆ ਸਾਕਾ ਨੀਲਾ ਤਾਰਾ ਅਤੇ ਨਵੰਬਰ ’84 ਵਿੱਚ ਦਿੱਲੀ ਸਮੇਤ ਹੋਰ ਥਾਂਵਾਂ ’ਤੇ ਸਿੱਖਾਂ ਦੇ ਕਤਲੇਆਮ ਦੀ ਤ੍ਰਾਸਦੀ ਸਥਾਪਤ ਨਿਜ਼ਾਮ ਵੱਲੋਂ ਧਾਰਮਿਕ ਕੱਟੜਪੰਥੀ ਸ਼ਕਤੀਆਂ ਅੱਗੇ ਗੋਡੇ ਟੇਕਣ ਦਾ ਨਤੀਜਾ ਸੀ। ਇਨ੍ਹਾਂ ਤ੍ਰਾਸਦੀਆਂ ਦੀ ਰਾਖ ਅੱਜ ਵੀ ਪੰਜਾਬ ਦੇ ਵਾਤਾਵਰਨ ਵਿੱਚ ਉੱਡ ਰਹੀ ਹੈ। ਜਿਸ ਦੇ ਹੇਠ ਧਾਰਮਿਕ ਕੱਟੜਵਾਦ ਦੀ ਚਿੰਗਾਰੀ ਨਿਰੰਤਰ ਧੁਖ ਰਹੀ ਹੈ। 2015 ’ਚ ਬਰਗਾੜੀ ਕਾਂਡ ਤੋਂ ਲੈ ਕੇ ਬੇਅਦਬੀਆਂ ਦੇ ਮਾਮਲੇ ਲਗਾਤਾਰ ਸਾਹਮਣੇ ਆਏ ਹਨ, ਇੱਥੋਂ ਤਕ ਕਿ ਦਸੰਬਰ 2021 ਵਿੱਚ ਇੱਕ ਨੂੰ ਹਰਿਮੰਦਰ ਸਾਹਿਬ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਵਿਚ ਅਤੇ ਦੂਜੇ ਨੂੰ ਕਪੂਰਥਲਾ ਦੇ ਇੱਕ ਗੁਰਦੁਆਰੇ ਵਿੱਚ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ।
ਇਨ੍ਹਾਂ ਵਰਤਾਰਿਆਂ ਤੋਂ ਕੱਟੜਪੰਥੀ ਸਭ ਤੋਂ ਵੱਧ ਫ਼ਾਇਦਾ ਚੁੱਕ ਰਹੇ ਹਨ। 1993 ਵਿੱਚ ਪੰਜਾਬ ਵਿੱਚ ਖਾੜਕੂਵਾਦ ਦੀ ਵਿਆਪਕ ਹਾਰ ਤੋਂ ਬਾਅਦ ਹੁਣ ਇਕ ਵਾਰ ਫਿਰ 'ਖ਼ਾਲਿਸਤਾਨ' ਦੇ ਨਾਅਰੇ ਦੇ ਸੁਰਜੀਤ ਹੋਣ ਪਿੱਛੇ 'ਕਈ ਕਾਰਨਾਂ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ' ਅਤੇ 'ਧਰਮ ਪੰਥ ਵਿਰੋਧੀ' ਸਮਝੇ ਜਾਣ ਵਾਲੇ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਵਾਰ ਵਾਰ ਪੈਰੋਲ ਦਿੱਤਾ ਜਾਣਾ ਵੀ ਹੈ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ 1978 ਦਾ ਨਿਰੰਕਾਰੀ ਕਾਂਡ ਖਾੜਕੂਵਾਦ ਨੂੰ ਹਵਾ ਦੇਣ ਦਾ ਪ੍ਰਮੁੱਖ ਕਾਰਨ ਬਣਿਆ ਸੀ।
ਮੌਜੂਦਾ ਚੱਲ ਰਿਹਾ ਰੁਝਾਨ ਅਤੇ ਪੰਜਾਬ ਵਿੱਚ ਪ੍ਰਚਾਰੀ ਜਾ ਰਹੀ ਖਾਲਿਸਤਾਨੀ ਵਿਚਾਰਧਾਰਾ ਸਿੱਖ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ ਵਲ ਕਦਮ ਹੈ। ਹਰ ਸਾਲ 6 ਜੂਨ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਸਾਕਾ ਨੀਲਾ ਤਾਰਾ ਦੀ ਵਰ੍ਹੇਗੰਢ ਮਨਾਈ ਜਾਂਦੀ ਹੈ, ਤਾਂ ਉਸ ਵਕਤ ਕੁਝ ਕੱਟੜਪੰਥੀ ਤੇ ਗਰਮ ਖ਼ਿਆਲੀ ਜਥੇਬੰਦੀਆਂ ਵੱਲੋਂ ਵਿਦੇਸ਼ੀ ਫੰਡਿੰਗ ਲਈ ਨੰਗੀਆਂ ਤਲਵਾਰਾਂ ਲਹਿਰਾ ਕੇ ਅਤੇ ਖ਼ਾਲਿਸਤਾਨ ਪੱਖੀ ਨਾਅਰੇ ਲਾ ਕੇ ਦਹਿਸ਼ਤ ਦਾ ਮਾਹੌਲ ਸਿਰਜ ਦਿੱਤਾ ਜਾਂਦਾ ਹੈ। ਜਿਸ ਨੂੰ ਬਹੁਤ ਸਾਰੇ ਸੋਸ਼ਲ ਮੀਡੀਆ ਚੈਨਲ ਆਪਣੀ ਟੀ ਆਰ ਪੀ ਵਧਾਉਣ ਲਈ ਤਰਾਂ ਤਰਾਂ ਦੇ ਮਸਾਲੇ ਲਗਾ ਕੇ ਪੇਸ਼ ਕਰਦੇ ਹਨ। ਇਸ ਤੋਂ ਇਲਾਵਾ ਇਹ ਦੇਖਿਆ ਗਿਆ ਹੈ ਕਿ ਵਿਦੇਸ਼ੀ ਅਧਾਰਿਤ ਖ਼ਾਲਿਸਤਾਨ ਸਮਰਥਕ ਤੱਤ ਗੈਂਗਸਟਰਾਂ/ ਕੱਟੜਪੰਥੀ ਨੌਜਵਾਨਾਂ ਨੂੰ ਭਰਤੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਵਿਦੇਸ਼ਾਂ ਵਿੱਚ ਬੈਠੇ ਸਥਿਤ ਕੱਟੜਪੰਥੀ ਅਤੇ ਗੈਂਗਸਟਰ ਪੰਜਾਬ ਵਿਚ ਅਪਰਾਧਾਂ ਨੂੰ ਅੰਜਾਮ ਦੇਣ ਅਤੇ ਕੰਟਰੋਲ ਰੂਮ ਵਜੋਂ ਕੰਮ ਕਰ ਰਹੇ ਹਨ। ਪੰਜਾਬ ਵਿੱਚ ਇਸ ਵਕਤ ਇੱਕ ਨਵਾਂ ਵਰਤਾਰਾ ਦੇਖਿਆ ਜਾ ਰਿਹਾ ਹੈ, ਉਹ ਹੈ ਸੂਬੇ ਵਿੱਚ ਪਾਕਿਸਤਾਨ ਦੀ ਹਮਾਇਤ ਪ੍ਰਾਪਤ ਅੱਤਵਾਦੀ-ਨਸ਼ਾ ਤਸਕਰਾਂ-ਗੈਂਗਸਟਰ ਦੇ ਗੱਠਜੋੜ ਵਾਲਾ ਨਾਰਕੋ ਅੱਤਵਾਦ । ਇਸ ਸਮੇਂ ਕਈ ਖਾਲਿਸਤਾਨੀ ਅਤੇ ਕੱਟੜਪੰਥੀ ਪਾਕਿਸਤਾਨ ਵਿੱਚ ਆਈਐਸਆਈ ਦੀ ਮੇਜ਼ਬਾਨੀ ਮਾਣ ਦੇ ਹੋਏ ਪੰਜਾਬ ’ਚ ਅੱਤਵਾਦ ਨੂੰ ਮੁੜ ਸੁਰਜੀਤ ਕਰਨ ਅਤੇ ਨੌਜਵਾਨਾਂ ਨੂੰ ਭੜਕਾਉਣ ਵਿੱਚ ਮਦਦ ਕਰ ਰਹੇ ਹਨ।
ਇਸ ਮਕਸਦ ਲਈ ਸਰਹੱਦ ਪਾਰੋਂ ਡਰੋਨਾਂ ਦੁਆਰਾ ਹਥਿਆਰ, ਗੋਲਾ ਬਾਰੂਦ ਅਤੇ ਨਸ਼ੀਲੇ ਪਦਾਰਥ ਸੁੱਟੇ ਜਾ ਰਹੇ ਹਨ। ਜਿਸ ਕਾਰਨ ਪੰਜਾਬ ਵਿੱਚ ਨਸ਼ਾਖੋਰੀ ਆਮ ਹੋ ਚੁੱਕੀ ਹੈ, ਗੈਂਗਸਟਰਾਂ ਦੁਆਰਾ ਇਕ ਫ਼ਿਰਕੇ ਦੇ ਲੋਕਾਂ ਦੀ ਟਾਰਗੈਟ ਕਿਲਿੰਗ ਰਾਜ ਵਿਚ ਅਰਾਜਕਤਾ ਫੈਲਾਉਣ ਅਤੇ ਖ਼ਾਲਿਸਤਾਨ ਲਹਿਰ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਦਾ ਹਿੱਸਾ ਹਨ। ਅਜਿਹੀਆਂ ਕਾਰਵਾਈਆਂ ਨਾਲ ਅੱਤਵਾਦੀਆਂ ਤੇ ਕੱਟੜਪੰਥੀਆਂ ਦਾ ਮਨੋਬਲ ਵਧਦਾ ਹੈ। ਇਨ੍ਹਾਂ ਉੱਭਰ ਰਹੇ ਖ਼ਤਰਿਆਂ ਦਾ ਮੁਕਾਬਲਾ ਕਰਨ ਲਈ ਪੰਜਾਬ ਪੁਲਿਸ ਨੂੰ ਅਤਿ ਆਧੁਨਿਕ ਤਕਨਾਲੋਜੀ ਨਾਲ ਲੈਸ ਕਰਦਿਆਂ ਮਜ਼ਬੂਤ ਕਰਨ ਦੀ ਸਖ਼ਤ ਲੋੜ ਹੈ।
ਪੰਜਾਬ ਪੁਲਿਸ ਨੇ 2021 ਤਕ ਖਾਲਿਸਤਾਨੀ ਸਮੂਹਾਂ ਦੇ ਰਣਨੀਤੀ ਦੇ ਹਿੱਸੇ ਵਜੋਂ ਸੋਸ਼ਲ ਮੀਡੀਆ 'ਤੇ ਕੱਟੜਪੰਥੀ ਗਤੀਵਿਧੀਆਂ ’ਚ ਸ਼ਾਮਿਲ 3,988 ਵਿਅਕਤੀਆਂ ਦੀ ਸ਼ਨਾਖ਼ਤ ਕੀਤੀ। ਇਨ੍ਹਾਂ ਵਿੱਚੋਂ 993 ਨੂੰ ਸਿੱਧੇ ਤੌਰ 'ਤੇ ਕਾਊਂਸਲਿੰਗ ਲਈ ਪੰਜਾਬ ਪੁਲਿਸ ਦੀ ਡੀਰੇਡੀਕਲਾਈਜ਼ੇਸ਼ਨ ਸਕੀਮ ਅਧੀਨ ਲਿਆਉਦਿਆਂ 207 ਨੂੰ ਮੁੱਖ ਧਾਰਾ ਵਿੱਚ ਵਾਪਸ ਲਿਆਂਦਾ ਗਿਆ । ਇਸ ਬਾਰੇ ਰਿਪੋਰਟ ’ਚ ਇਹ ਗਲ ਸਾਹਮਣੇ ਆਈ ਕਿ ਵਿਦੇਸ਼ੀ ਪੱਖੀ ਖਾਲਿਸਤਾਨੀ ਤੱਤਾਂ ਨੇ ਆਪਣੇ ਏਜੰਡੇ ਨੂੰ ਅੱਗੇ ਵਧਾਉਣ ਅਤੇ ਪੰਜਾਬ ਦੇ ਕਮਜ਼ੋਰ ਸਿੱਖ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ ਲਈ 1984 ਦੇ ਦੰਗਿਆਂ ਅਤੇ ਸਾਕਾ ਨੀਲਾ ਤਾਰਾ ਵਰਗੇ ਕਈ ਸੰਵੇਦਨਸ਼ੀਲ ਮੁੱਦਿਆਂ ਦਾ ਸ਼ੋਸ਼ਣ ਕੀਤਾ ਹੈ।
ਆਪਣੇ ਏਜੰਡੇ ਨੂੰ ਅੱਗੇ ਵਧਾਉਣ ਲਈ ਰਾਜ ਵਿੱਚ ਆਰਥਿਕ ਮੌਕਿਆਂ ਦੀ ਘਾਟ ਅਤੇ ਰਾਜਨੀਤਿਕ ਸਰਪ੍ਰਸਤੀ ਨੇ ਵੀ ਇਸ ਕੱਟੜਪੰਥੀ ਪ੍ਰਕਿਰਿਆ ਦੇ ਸਮਰਥਕਾਂ ਵਜੋਂ ਕੰਮ ਕੀਤਾ ਹੈ। ਇੱਥੇ ਹੀ ਪੰਜਾਬ ਪੁਲਿਸ ਨੇ ਪਾਬੰਦੀ ਸ਼ੁਦਾ ਸੰਗਠਨ ਸਿੱਖਸ ਫ਼ਾਰ ਜਸਟਿਸ ਦੁਆਰਾ ਵਿੱਤੀ ਸਹਾਇਤਾ ਪ੍ਰਾਪਤ ਕਰਨ ਵਾਲੇ ਲਗਭਗ 220 ਲੋਕਾਂ/ਪਰਿਵਾਰਾਂ ਦੀ ਪਛਾਣ ਕੀਤੀ, ਜੋ ਕਿ "ਰੈਫਰੈਂਡਮ 2020" ਦੇ ਮੁਹਿੰਮ ਰਾਹੀ ਖ਼ਾਲਿਸਤਾਨ ਅਤੇ ਪੰਜਾਬ ਵਿੱਚ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣਾ ਸੀ। ਇਸ ਮਕਸਦ ਲਈ ਉਨ੍ਹਾਂ ਵੱਲੋਂ ਸੈਂਕੜੇ ਫੇਸ ਬੁੱਕ ਖਾਤੇ, ਟਵਿੱਟਰ ਹੈਂਡਲ ਅਤੇ ਯੂਟਿਊਬ ਚੈਨਲ ਦਾ ਸਹਾਰਾ ਲਿਆ ਜਾ ਰਿਹਾ ਹੈ।
ਇਹ ਚਿੰਤਾ ਵਾਲੀ ਗੱਲ ਇਹ ਹੈ ਕਿ ਸਿੱਖ ਨੌਜਵਾਨ ਗੁਮਰਾਹ ਹੋ ਕੇ ਅੱਤਵਾਦੀ ਕਾਰਨਾਂ ਅਤੇ ਧਾਰਮਿਕ ਕੱਟੜਤਾ ਦੀ ਸਥਿਤੀ ਵੱਲ ਆਕਰਸ਼ਿਤ ਹੁੰਦੇ ਜਾ ਰਹੇ ਹਨ। ਪੰਜਾਬ ਦਾ ਨੌਜਵਾਨ ਕੱਟੜਵਾਦ ਦੇ ਪੁਜਾਰੀ ਨਾ ਹੋਣ ਦੇ ਬਾਵਜੂਦ, ਇਨ੍ਹਾਂ ਦਾ ਰੈਡੀਕਲਾਈਜ਼ੇਸ਼ਨ ਵਲ ਰੁਝਾਨ ਵਧਣ ਦੇ ਨਤੀਜੇ ਵਿਨਾਸ਼ਕਾਰੀ ਹੋ ਸਕਦੇ ਹਨ। ਜਿਸ ਦੀ ਤ੍ਰਾਸਦੀ ਪੰਜਾਬ ਹੰਢਾ ਚੁੱਕੀ ਹੈ। ਪੰਜਾਬ ਦੀ ਨਜ਼ਰ ਆ ਰਹੀ ਤਬਾਹੀ ਨੂੰ ਰੋਕਣ ਲਈ ਅਸਲ ਰੈਡੀਕਲਾਈਜ਼ੇਸ਼ਨ ਦੇ ਕਾਰਨਾਂ ਨੂੰ ਪਛਾਣ ਕੇ ਉਨ੍ਹਾਂ ਨੂੰ ਦੂਰ ਕਰਨਾ ਪਵੇਗਾ। ਇਸ ਵਕਤ ਪੰਜਾਬ ਪੁਲਿਸ ਦੇ ਡੀਰੇਡੀਕਲਾਈਜ਼ੇਸ਼ਨ ਸੈੱਲਾਂ ਨੂੰ ਕੱਟੜਪੰਥੀ ਰਸਤੇ ਵਲ ਵਧ ਰਹੇ ਨੌਜਵਾਨਾਂ ਨੂੰ ਹਮਦਰਦੀ ਨਾਲ ਸੁਣਨਾ ਹੋਵੇਗਾ ।
ਖਾਸਕਰ ਕੇ ਆਪਣੇ ਉਦੇਸ਼ ਲਈ ਕੰਮ ਕਰ ਰਹੀਆਂ ਫੁੱਟ ਪਾਊ ਤਾਕਤਾਂ ਦੁਆਰਾ ਨੌਜਵਾਨਾਂ ਨੂੰ ਭਰਤੀ ਕੀਤੇ ਜਾਣ ਤੋਂ ਰੋਕਣਾ ਹੋਵੇਗਾ। ਸਿੱਖਾਂ ਨੂੰ ਹਿੰਦੂ ਧਰਮ ਦੀ ਖਾੜਕੂ ਬਾਂਹ ਵਜੋਂ ਦੇਖਿਆ ਜਾਂਦਾ ਸੀ। ਸਿੱਖ ਨਾ ਸਿਰਫ਼ ਮੁਸਲਮਾਨਾਂ ਵਿਰੁੱਧ ਲੜੇ ਜਿਨ੍ਹਾਂ ਨੇ ਉਸ ਸਮੇਂ ਭਾਰਤ 'ਤੇ ਰਾਜ ਕੀਤਾ, ਸਗੋਂ ਫ਼ਾਰਸੀ, ਅਫ਼ਗ਼ਾਨ ਅਤੇ ਪਠਾਣ ਹਮਲਾਵਰਾਂ ਵਿਰੁੱਧ ਵੀ ਲੜਿਆ। ਅੱਜ ਹਿੰਦੂ ਅਤੇ ਸਿੱਖਾਂ ਵਿਚ ਕੁੜੱਤਣ ਪੈਦਾ ਕਰਨ ਦੀ ਕੋਸ਼ਿਸ਼ ਵਿਚ ਲੱਗੇ ਲੋਕਾਂ ਨੂੰ ਇਹ ਕਿਹਾ ਜਾਣਾ ਚਾਹੀਦਾ ਹੈ ਕਿ ’ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ।।’
-
ਪ੍ਰੋ: ਸਰਚਾਂਦ ਸਿੰਘ ਖਿਆਲਾ, ਸਲਾਹਕਾਰ, ਕੌਮੀ ਘੱਟ ਗਿਣਤੀ ਕਮਿਸ਼ਨ, ਭਾਰਤ ਸਰਕਾਰ
sarchandskhiala@gmail.com
9781355522
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.