ਨਰਪਾਲ ਸਿੰਘ ਸ਼ੇਰਗਿੱਲ ਦਾ '24ਵਾਂ ਸਾਲਾਨਾ ਪੰਜਾਬੀ ਸੰਸਾਰ' ਮਾਰਗ ਦਰਸ਼ਕ ਸਾਬਤ ਹੋਵੇਗਾ...ਉਜਾਗਰ ਸਿੰਘ ਦੀ ਕਲਮ ਤੋਂ
ਸੰਸਾਰ ਵਿਚ ਕੋਈ ਅਜਿਹਾ ਕੰਮ ਨਹੀਂ ਹੁੰਦਾ ਜਿਸ ਨੂੰ ਪੂਰਾ ਨਾ ਕੀਤਾ ਜਾ ਸਕੇ ਪੰਤੂ ਕਰਨ ਵਾਲੇ ਇਨਸਾਨ ਦਾ ਇਰਾਦਾ ਮਜ਼ਬੂਤ ਅਤੇ ਨਿਸ਼ਾਨੇ ’ਤੇ ਪਹੁੰਚਣ ਦੀ ਇੱਛਾ ਸ਼ਕਤੀ ਹੋਣੀ ਜ਼ਰੂਰੀ ਹੈ। ਕਈ ਵਿਅਕਤੀ ਅਜਿਹੇ ਹੁੰਦੇ ਹਨ ਜਿਹੜੇ ਸਰਕਾਰਾਂ ਅਤੇ ਸਮਾਜਿਕ ਸੰਸਥਾਵਾਂ ਦੇ ਬਰਾਬਰ ਕੰਮ ਕਰਦੇ ਰਹਿੰਦੇ ਹਨ ਪੰਤੂ ਉਸ ਦਾ ਪ੍ਰਚਾਰ ਨਹੀਂ ਕਰਦੇ। ਅਜਿਹੇ ਵਿਅਕਤੀਆਂ ਵਿੱਚ ਇਕ ਸ੍ਰੀ ਗਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵਿਚਾਰਧਾਰਾ ਦਾ ਮੁੱਦਈ ਨਰਪਾਲ ਸਿੰਘ ਸ਼ੇਰਗਿੱਲ ਹੈ, ਜਿਹੜਾ ਲਗਾਤਾਰ ਪਿਛਲੀ ਲਗਭਗ 60 ਸਾਲਾਂ ਤੋਂ ਪੰਜਾਬ, ਪੰਜਾਬੀ ਸਭਿਆਚਾਰ, ਸਾਹਿਤ ਅਤੇ ਪੰਜਾਬੀ ਪੱਤਰਕਾਰੀ ਵਿਚ ਵਿਲੱਖਣ ਕਾਰਜ ਕਰਦਾ ਆ ਰਿਹਾ ਹੈ। ਉਹ ਆਪਣੀ ਅਮੀਰ ਵਿਰਾਸਤ ’ਤੇ ਪਹਿਰਾ ਦੇ ਰਿਹਾ ਹੈ ਤਾਂ ਜੋ ਆਉਣ ਵਾਲੀ ਪੀੜੀ ਆਪਣੀ ਵਿਰਾਸਤ ਨੂੰ ਸਮਝ ਸਕੇ। ਨਰਪਾਲ ਸਿੰਘ ਸ਼ੇਰਗਿੱਲ ਅੱਧੀ ਸਦੀ ਤੋਂ ਵੀ ਵੱਧ ਸਮੇਂ ਤੋਂ ਪੰਜਾਬੀਆਂ ਦੀ ਸੱਚੇ ਦਿਲੋਂ ਸੇਵਾ ਕਰਦਾ ਆ ਰਿਹਾ ਹੈ। ਜੇ ਮੈਂ ਇਹ ਕਹਾਂ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ ਕਿ ਉਹ ਸਮੁੱਚੇ ਸੰਸਾਰ ਨੂੰ ਪੰਜਾਬੀਆਂ ਵੱਲੋਂ ਹਰ ਖੇਤਰ ਵਿੱਚ ਪਾਏ ਜਾ ਰਹੇ ਵਰਣਨਯੋਗ ਯੋਗਦਾਨ ਦੀ ਜਾਣਕਾਰੀ ਦੇ ਕੇ ਪੰਜਾਬੀਆਂ ਦਾ ਪੰਜਾਬ ਹਿਤੈਸ਼ੀ ਪਤੀਨਿਧ ਬਣ ਗਿਆ ਹੈ, ਜਿਹੜਾ ਸਹੀ ਅਰਥਾਂ ਵਿੱਚ ਪੰਜਾਬ ਹਿਤੈਸ਼ੀ ਕਹਾਉਣ ਦਾ ਹੱਕ ਬਰਦਾਰ ਬਣਿਆਂ ਹੈ। ਉਹ 1966 ਵਿੱਚ ਇੰਗਲੈਂਡ ਪਹੁੰਚ ਗਿਆ ਸੀ ਪੰਤੂ ਉਸ ਨੇ ਇੰਗਲੈਂਡ ਦੀ ਨਾਗਰਿਕਤਾ ਨਹੀਂ ਲਈ, ਜਿਸ ਤੋਂ ਉਸ ਦਾ ਦੇਸ਼ ਅਤੇ ਪੰਜਾਬ ਨਾਲ ਸਮਰਪਣ ਦਾ ਪ੍ਰਗਟਾਵਾ ਹੁੰਦਾ ਹੈ। ਪੰਜਾਬ ਖਾਸ ਤੌਰ 'ਤੇ ਆਪਣੇ ਪਿੰਡ 'ਮਜਾਲ ਖੁਰਦ' ਦੀ ਮਿੱਟੀ ਦਾ ਮੋਹ ਨਰਪਾਲ ਸਿੰਘ ਸ਼ੇਰਗਿੱਲ ਨੂੰ ਪੰਜਾਬ ਨਾਲ ਜੋੜੀ ਰੱਖਦਾ ਹੈ। ਆਪਣੀ ਜਨਮ ਭੂਮੀ ਪੰਜਾਬ ਨਾਲ ਉਸ ਦਾ ਮੋਹ ਕਮਾਲ ਦਾ ਹੈ, ਉਹ ਰਹਿੰਦਾ ਇੰਗਲੈਂਡ ਵਿੱਚ ਹੈ ਪੰਤੂ ਹਰ ਸਾਲ ਅੱਧਾ ਵਰ੍ਹਾ ਪੰਜਾਬ ਵਿੱਚ ਆ ਕੇ ਇਹ ਪੁਸਤਕ ਪ੍ਰਕਾਸ਼ਤ ਕਰਵਾਉਂਦਾ ਹੈ ਅਤੇ ਪੰਜਾਬ ਹਿਤੈਸ਼ੀ ਕੰਮ ਕਰਨ ਲਈ ਕਈ ਸਮਾਜਿਕ, ਸਭਿਆਚਾਰਕ ਅਤੇ ਪੱਤਰਕਾਰਾਂ ਦੀਆਂ ਸੰਸਥਾਵਾਂ ਨੂੰ ਪੇਰਤ ਕਰਦਾ ਰਹਿੰਦਾ ਹੈ। ਪਿਛਲੇ 24 ਸਾਲ ਤੋਂ ਉਹ ਲਗਾਤਾਰ 'ਇੰਡੀਅਨਜ਼ ਅਬਰਾਡ ਐਂਡ ਪੰਜਾਬ ਇਮਪੈਕਟ' ਵਡਆਕਾਰੀ ਰੰਗਦਾਰ ਪੁਸਤਕ ਪਕਾਸ਼ਤ ਕਰਦਾ ਆ ਰਿਹਾ ਹੈ। ਸਭ ਤੋਂ ਪਹਿਲਾਂ ਨਰਪਾਲ ਸਿੰਘ ਸ਼ੇਰਗਿੱਲ ਨੇ 1981 ਵਿੱਚ ਲੰਦਨ ਤੋਂ ਅੰਗਰੇਜ਼ੀ ਦਾ ਮਾਸਕ ਅਖ਼ਬਾਰ 'ਦਾ ਪਾਲਿਟਿਕਸ' ਪ੍ਰਕਾਸ਼ਤ ਕਰਨਾ ਸ਼ੁਰੂ ਕੀਤਾ ਸੀ। 1984 ਤੋਂ ਬਾਕਾਇਦਾ ਪੰਜਾਬੀ ਦੇ ਅਖ਼ਬਾਰਾਂ ਲਈ ਲੋਕ ਹਿਤਾਂ 'ਤੇ ਪਹਿਰਾ ਦੇਣ ਵਾਲੇ ਲੇਖ ਲਿਖਣੇ ਸ਼ੁਰੂ ਕੀਤੇ, ਜਿਹੜੇ ਇੰਗਲੈਂਡ, ਕੈਨੇਡਾ, ਅਮਰੀਕਾ, ਜਰਮਨ, ਹਾਲੈਂਡ, ਫਰਾਂਸ ਅਤੇ ਆਸਟਰੇਲੀਆ ਦੇ 14 ਅਖ਼ਬਾਰਾਂ ਵਿੱਚ ਪ੍ਰਕਾਸ਼ਤ ਹੁੰਦੇ ਸਨ। ਅੱਜ ਤੱਕ ਇਹਨਾਂ ਅਖ਼ਬਾਰਾਂ ਵਿੱਚ ਉਸ ਦੇ ਲੇਖ ਪ੍ਰਕਾਸ਼ਤ ਹੋ ਰਹੇ ਹਨ। ਫਿਰ ਜਲੰਧਰ ਤੋਂ ਪ੍ਰਕਾਸ਼ਤ ਹੋਣ ਵਾਲੇ ਅਜੀਤ ਅਖ਼ਬਾਰ ਲਈ ਇੰਗਲੈਂਡ ਤੋਂ ਲੇਖ ਲਿਖਣੇ ਸ਼ੁਰੂ ਕੀਤੇ ਜਿਹੜੇ ਪਰਵਾਸ ਵਿੱਚ ਵਸੇ ਪੰਜਾਬੀਆਂ ਦੀਆਂ ਪ੍ਰਾਪਤੀਆਂ ਅਤੇ ਸਮੱਸਿਆਵਾਂ ਨਾਲ ਸੰਬੰਧਤ ਹੁੰਦੇ ਸਨ। 1985 ਤੋਂ 'ਇੰਟਰਨੈਸ਼ਨਲ ਸਿੱਖ ਡਾਇਰੈਕਟਰੀ' ਜਿਸ ਵਿੱਚ ਲਗਪਗ 2000 ਗੁਰਦੁਆਰਿਆਂ ਤੇ ਸਿੱਖ ਸੰਸਥਾਵਾਂ ਦੇ ਐਡਰੈਸ ਸ਼ਾਮਲ ਸਨ ਅਤੇ 1998 ਤੋਂ 'ਇੰਡੀਅਨਜ਼ ਅਬਰਾਡ ਐਂਡ ਪੰਜਾਬ ਇਮਪੈਕਟ' ਨਾਂ ਦੀ ਪੁਸਤਕ ਪ੍ਰਕਾਸ਼ਤ ਕਰਨੀ ਸ਼ੁਰੂ ਕਰ ਦਿੱਤੀ। ਚਰਚਾ ਅਧੀਨ ਪੁਸਤਕ 'ਇੰਡੀਅਨ ਅਬਰਾਡ ਐਂਡ ਪੰਜਾਬ ਇਮਪੈਕਟ-22' ਦਾ '24ਵਾਂ ਪੰਜਾਬੀ ਸੰਸਾਰ' ਅੰਕ ਪ੍ਰਕਾਸ਼ਤ ਕੀਤਾ ਹੈ। ਇਸ ਪੁਸਤਕ ਦੀ ਵਿਲੱਖਣਤਾ ਇਹ ਹੈ ਕਿ ਇਸ ਵਿੱਚ ਕਈ ਨਵੇਂ ਚੈਪਟਰ/ਫੀਚਰ ਸ਼ੁਰੂ ਕੀਤੇ ਹਨ। ਇਹ ਪੁਸਤਕ ਭਾਰਤੀਆਂ/ਪੰਜਾਬੀਆਂ ਲਈ ਮਾਰਗ ਦਰਸ਼ਕ ਦਾ ਕੰਮ ਕਰਦੀ ਹੈ। ਇਸ ਪੁਸਤਕ ਵਿੱਚ ਸੰਸਾਰ ਵਿੱਚ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੇ ਭਾਰਤੀਆਂ/ਪੰਜਾਬੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਤਾਂ ਜੋ ਸਾਡੇ ਨੌਜਵਾਨ ਇਹਨਾਂ ਤੋਂ ਪ੍ਰੇਰਨਾ ਲੈ ਕੇ ਸੰਸਾਰ ਵਿੱਚ ਮਾਅਰਕੇ ਮਾਰ ਸਕਣ। ਪੁਸਤਕ ਵਿੱਚ ਭਾਰਤ ਦੀਆਂ ਸੰਸਾਰ ਵਿੱਚ ਅੰਬੈਸੀਆਂ ਅਤੇ ਹਾਈ ਕਮਿਸ਼ਨਜ਼ ਦੇ ਦਫਤਰਾਂ ਦੇ ਐਡਰੈਸ, ਪਤੇ ਅਤੇ ਈ ਮੇਲਜ਼ ਹਨ ਤਾਂ ਜੋ ਕਿਸੇ ਵੀ ਪਰਵਾਸੀ ਭਾਰਤੀ ਨੂੰ ਕਿਸੇ ਕਿਸਮ ਦੀ ਸਮੱਸਿਆ ਨਾ ਹੋਵੇ। ਇਸੇ ਤਰ੍ਹਾਂ ਸੰਸਾਰ ਵਿੱਚ ਵਸ ਰਹੇ ਮਹੱਤਵਪੂਰਨ ਭਾਰਤੀਆਂ ਖਾਸ ਤੌਰ 'ਤੇ ਪੰਜਾਬੀਆਂ ਦੇ ਐਡਰੈਸ, ਈ ਮੇਲਜ਼, ਟੈਲੀਫੋਨ ਨੰਬਰ ਦਿੱਤੇ ਹੋਏ ਹਨ। 106 ਭਾਰਤੀਆਂ ਪੰਜਾਬੀਆਂ ਦੀ ਡਾਇਰੈਕਟਰੀ, 125 ਭਾਰਤੀਆਂ/ਪੰਜਾਬੀਆਂ ਵੱਲੋਂ ਚਲਾਈਆਂ ਜਾ ਰਹੀਆਂ ਸੰਸਥਾਵਾਂ, 672 ਗੁਰਦੁਆਰੇ, ਭਾਰਤ ਵਿਚਲੇ ਗੁਰਦੁਆਰੇ, 124 ਉਦਮੀਆਂ, 92 ਲਾਅ ਦਫਤਰ ਅਤੇ ਇਮੀਗਰੇਸ਼ਨ ਸਲਾਹਕਾਰ, ਟਰੈਵਲ ਟੂਰਜ਼, ਮਨੀ ਟਰਾਂਸਫਰ, ਹੋਟਲ ਰੈਸਟੋਰੈਂਟਸ, ਪੰਜਾਬੀ ਲੇਖਕ, ਪੇਂਟਰ, 51 ਕਿਸੇ ਵੀ ਖੇਤਰ ਵਿੱਚ ਪਹਿਲਕਦਮੀ ਕਰਨ ਵਾਲੇ ਵਿਅਕਤੀਆਂ, ਗਲੋਬਲ ਮੀਡੀਆ, ਅਖ਼ਬਾਰ ਆਦਿ ਦੀਆਂ ਸੂਚੀਆਂ ਦਿੱਤੀਆਂ ਗਈਆਂ ਹਨ। ਪੰਜਾਬ ਦੇ ਸਾਰੇ ਵਿਧਾਨਕਾਰਾਂ ਦੇ ਵੀ ਟੈਲੀਫੋਨ ਨੰਬਰ ਦਿੱਤੇ ਗਏ ਹਨ। ਜਿਹੜੇ 124 ਉਦਮੀਆਂ ਦੀ ਸੂਚੀ ਦਿੱਤੀ ਗਈ ਹੈ ਉਨਾਂ ਦੇ ਜੀਵਨ ਬਿਊਰੇ ਵੀ ਦਿੱਤੇ ਗਏ ਹਨ, ਜਿਹਨਾਂ ਵਿੱਚ ਉਹਨਾਂ ਦੇ ਜੀਵਨ ਦੀ ਜਦੋ ਜਹਿਦ ਬਾਰੇ ਵੀ ਦੱਸਿਆ ਗਿਆ ਹੈ ਕਿ ਉਹਨਾਂ ਕਿਸ ਪ੍ਰਕਾਰ ਮਿਹਨਤ ਕਰਕੇ ਸੰਸਾਰ ਦੇ ਸਿਰਮੌਰ ਉਦਮੀ ਬਣੇ ਹਨ। ਸਿਆਸਤ ਵਿਚ ਜਿਹੜੇ ਭਾਰਤੀਆਂ/ਪੰਜਾਬੀਆਂ ਨੇ ਮੱਲ੍ਹਾਂ ਮਾਰੀਆਂ ਹਨ, ਉਹਨਾਂ ਦੀਆਂ ਰੰਗਦਾਰ ਤਸਵੀਰਾਂ ਅਤੇ ਜੀਵਨ ਬਿਓਰੇ ਦਿੱਤੇ ਗਏ ਹਨ। ਉਹਨਾਂ ਵਿੱਚ ਮੁੱਖ ਤੌਰ ’ਤੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ, ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸਟੇਟ ਦੇ ਸਾਬਕ ਪ੍ਰੀਮੀਅਰ ਉਜਲ ਦੋਸਾਂਝ, ਕੈਨੇਡਾ ਦੇ ਮੰਤਰੀ ਹਰਜੀਤ ਸਿੰਘ ਸੱਜਣ, ਨਵਦੀਪ ਸਿੰਘ, ਤਨਮਨਜੀਤ ਸਿੰਘ ਢੇਸੀ ਪਹਿਲੇ ਦਸਤਾਰਧਾਰੀ ਸਿੱਖ ਐਮ.ਪੀ. ਇੰਗਲੈਂਡ, ਵਰਿੰਦਰ ਸ਼ਰਮਾ ਚਾਰ ਵਾਰ ਲਗਾਤਾਰ ਐਮ.ਪੀ. ਇੰਗਲੈਂਡ, ਟਿਮ ਉਪਲ ਕੈਨੇਡਾ ਦਾ ਪਹਿਲਾ ਦਸਤਾਰਧਾਰੀ ਸਿੱਖ ਮੰਤਰੀ, ਪ੍ਰੀਤ ਕੌਰ ਗਿੱਲ ਪਹਿਲੀ ਸਿੱਖ ਇਸਤਰੀ ਐਮ.ਪੀ.ਇੰਗਲੈਂਡ, ਅਨੂਪ ਸਿੰਘ ਚੌਧਰੀ ਯੁਗਾਂਡਾ ਦੀ ਹਾਈ ਕੋਰਟ ਦੇ ਪਹਿਲੇ ਜੱਜ, ਗੁਰਭਜਨ ਸਿੰਘ ਗਿੱਲ ਅਤੇ ਰਾਵਿੰਦਰ ਰਵੀ ਪੰਜਾਬੀ ਸਾਹਿਤਕਾਰ, ਜਰਨੈਲ ਸਿੰਘ ਆਰਟਿਸਟ, ਪਲਬਿੰਦਰ ਕੌਰ ਸ਼ੇਰਗਿੱਲ ਪਹਿਲੀ ਦਸਤਾਰਧਾਰੀ ਸਿੱਖ ਕੈਨੇਡਾ ਦੀ ਹਾਈਕੋਰਟ ਦੀ ਜੱਜ, ਅਮਰ ਸਿੰਘ ਸ਼ਾਂਤ ਫਾਊਂਡਰ ਪਹਿਲੀ ਸਿੱਖ ਅਕੈਡਮੀ ਮਿਡਲਸੈਕਸ ਯੂ.ਕੇ. ਆਦਿ ਸ਼ਾਮਲ ਹਨ।
ਇਸ ਤੋਂ ਇਲਾਵਾ ਪੰਜਾਬ ਦੇ ਸਰੋਕਾਰਾਂ ਨਾਲ ਸੰਬੰਧਤ ਨਾਮਵਰ ਲੇਖਕਾਂ ਦੇ ਲੇਖ ਵੀ ਦਿੱਤੇ ਗਏ ਹਨ। ਪੰਜਾਬ ਜਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਉਹਨਾਂ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ, ਬਾਰੇ ਵੀ ਜਾਣਕਾਰੀ ਚੋਟੀ ਦੇ ਪੱਤਰਕਾਰਾਂ ਵੱਲੋਂ ਲਿਖੇ ਲੇਖ ਪ੍ਰਕਾਸ਼ਤ ਕੀਤੇ ਗਏ ਹਨ। ਪੰਜਾਬ ਦੇ ਪਾਣੀਆਂ ’ਤੇ ਹੋ ਰਹੀ ਸਿਆਸਤ ਅਤੇ ਜ਼ਮੀਨਦੋਜ਼ ਪਾਣੀ ਦਾ ਖ਼ਤਮ ਹੋਣ ਬਾਰੇ ਵੀ ਸੁਚੇਤ ਕੀਤਾ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਗੁਜਾਰੀ ਬਾਰੇ ਵੀ ਚਾਨਣਾ ਪਾਇਆ ਗਿਆ ਹੈ। ਕੇਂਦਰ ਸਰਕਾਰ ਦੀ ਪੰਜਾਬ ਪ੍ਰਤੀ ਬੇਰੁਖੀ ਪੰਜਾਬ ਦੇ ਵਿਕਾਸ ਵਿੱਚ ਰੋੜਾ ਬਣ ਰਹੀ ਹੈ। 264 ਪੰਨਿਆਂ ਦੀ ਵੱੜਆਕਾਰੀ ਪੁਸਤਕ ਵਿੱਚ ਹਰ ਖੇਤਰ ਦੇ ਪਤਵੰਤੇ ਵਿਅਕਤੀਆਂ ਦੀਆਂ ਰੰਗਦਾਰ ਤਸਵੀਰਾਂ ਪ੍ਰਕਾਸ਼ਤ ਕੀਤੀਆਂ ਗਈਆਂ ਹਨ। ਹੈਰਾਨੀ ਅਤੇ ਮਾਣ ਦੀ ਗੱਲ ਹੈ ਕਿ ਨਰਪਾਲ ਸਿੰਘ ਸ਼ੇਰਗਿੱਲ ਇਕੱਲਾ ਕਹਿਰਾ ਵਿਅਕਤੀ ਆਪਣੀ ਜੇਬ ਵਿੱਚੋਂ ਪੈਸੇ ਖ਼ਰਚ ਕੇ ਭਾਰਤੀਆਂ/ਪੰਜਾਬੀਆਂ ਦੇ ਹਿੱਤਾਂ ਦੀ ਰਖਵਾਲੀ ਕਰ ਰਿਹਾ ਹੈ। ਜਦੋਂ ਕਿ ਅਜਿਹੇ ਉਦਮ ਸਰਕਾਰਾਂ ਜਾਂ ਸੰਸਥਾਵਾਂ ਨੂੰ ਕਰਨੇ ਚਾਹੀਦੇ ਹਨ। ਉਹ ਇਹ ਪੁਸਤਕ ਹਰ ਸਾਲ ਪ੍ਰਕਾਸ਼ਤ ਕਰਦਾ ਹੈ। ਇਸ ਪੁਸਤਕ ਵਿੱਚ ਇਕ ਹੋਰ ਬਹੁਤ ਵਧੀਆ ਗੱਲ ਇਹ ਹੈ ਕਿ ਇਸ ਦੇ 60 ਪੰਨਿਆਂ ਵਿੱਚ ਪੰਜਾਬੀ ਦੇ ਲੇਖ ਹਨ, ਜਿਹੜੇ ਨਾਮਵਰ ਵਿਦਵਾਨਾਂ ਨੇ ਲਿਖੇ ਹਨ, ਜਿਹਨਾਂ ਲੇਖਾਂ ਵਿੱਚ ਪੰਜਾਬ ਦੀ ਵਿਰਾਸਤ, ਸਭਿਅਚਾਰ ਅਤੇ ਆਰਥਿਕ ਸਥਿਤੀ ਬਾਰੇ ਚਾਨਣਾ ਪਾਇਆ ਗਿਆ ਹੈ। ਪੰਜਾਬ ਨੇ ਜਿਹੜੇ ਖੇਤਰਾਂ ਵਿੱਚ ਨਾਮਣਾ ਖੱਟਿਆ ਹੈ ਅਤੇ ਜਿਹਨਾਂ ਖੇਤਰਾਂ ਵਿੱਚ ਹੋਰ ਪਾਰਦਰਸ਼ਤਾ ਲਿਆਉਣ ਦੀ ਲੋੜ ਹੈ, ਉਹਨਾਂ ਬਾਰੇ ਵੀ ਵਿਸਤਾਰ ਨਾਲ ਲਿਖਿਆ ਗਿਆ ਹੈ ਤਾਂ ਜੋ ਪਰਵਾਸ ਵਿੱਚ ਵਸਦੇ ਭਾਰਤੀਆਂ/ਪੰਜਾਬੀਆਂ ਨੂੰ ਜਾਣਕਾਰੀ ਮਿਲ ਸਕੇ। ਜਿਹੜੇ ਲੇਖ ਪ੍ਰਕਾਸ਼ਤ ਕੀਤੇ ਗਏ ਹਨ ਉਹਨਾਂ ਵਿੱਚ ਪੱਤਰਕਾਰੀ ਦੇ ਅਥਾਹ ਜਜ਼ਬੇ ਦਾ ਵਗਦਾ ਦਰਿਆ, ਫੁੱਲਾਂ ਦੀ ਖੇਤੀ ਦੇ ਸ਼ਾਹ ਅਸਵਾਰ ਸ਼ੇਰਗਿੱਲ ਭਰਾ ਕਰਮਜੀਤ ਸਿੰਘ ਸ਼ੇਰਗਿੱਲ ਅਤੇ ਗੁਰਪ੍ਰੀਤ ਸਿੰਘ ਸ਼ੇਰਗਿੱਲ, ਪੰਜਾਬ ਦਾ ਸਟਰੌਬਰੀ ਕਿੰਗ-ਨਵਜੋਤ ਸਿੰਘ ਸ਼ੇਰਗਿੱਲ, ਮੇਵਿਆਂ ਦਾ ਬਾਦਸ਼ਾਹ-ਬਲਜੀਤ ਸਿੰਘ ਚੱਢਾ, ਸੌਗੀ ਦਾ ਬਾਦਸ਼ਾਹ-ਚਰਨਜੀਤ ਸਿੰਘ ਬਾਠ, ਬਦਾਮਾ ਦੇ ਬਾਦਸ਼ਾਹ -ਟੁੱਟ ਬਰਦਰਜ਼, ਰੰਗੋਂ ਬੇਰੰਗ ਹੋਇਆ ਪੰਜਾਬ, ਚੋਣਾਂ ਵਿੱਚ ਪਾਰਦਰਸ਼ਤਾ ਕਿਉਂ ਨਹੀਂ?, ਪੰਜਾਬ ਦਾ ਸਰਬਪੱਖੀ ਵਿਕਾਸ ਕਿਵੇਂ ਹੋਵੇ, ਸਿੱਖਾਂ ਦੇ ਪਵਾਸ ਨਾਲ ਇੰਝ ਹੋਇਆ, ਸਿੱਖੀ ਸਰੂਪ ਦੀ ਆਨ ਤੇ ਸ਼ਾਨ ਦਸਤਾਰ, ਸਿੱਖ ਵਿਰੋਧੀ ਨਸਲਵਾਦ, ਸ਼ੇਰਗਿੱਲ ਦੀ 54 ਸਾਲਾ ਸੰਸਾਰ ਯਾਤਰਾ ਆਦਿ ਹਨ। ਸਿੱਖਾਂ ਨੂੰ ਪਰਵਾਸ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਦਸਤਾਰ ਅਤੇ ਨਸਲਵਾਦ ਬਾਰੇ ਸ਼ੇਰਗਿੱਲ ਅਗਾਊਂ ਚੇਤੰਨ ਕਰਦਾ ਆ ਰਿਹਾ ਹੈ। ਨਰਪਾਲ ਸਿੰਘ ਸ਼ੇਰਗਿੱਲ 80 ਸਾਲ ਦੀ ਉਮਰ ਵਿੱਚ ਵੀ ਇਤਨਾ ਸਰਗਰਮ ਹੈ, ਜਿਤਨਾਂ ਨੌਜਵਾਨਾ ਲਈ ਵੀ ਅਸੰਭਵ ਹੁੰਦਾ ਹੈ। ਹੈਰਾਨੀ ਇਹ ਵੀ ਹੈ ਕਿ ਉਹ ਖੁਦ ਮੈਟਰ ਦੀ ਚੋਣ ਕਰਦਾ ਹੈ, ਖੁਦ ਹੀ ਇਸ ਦੀ ਤਰਤੀਬ ਬਣਾਉਂਦਾ ਹੈ, ਆਪ ਹੀ ਦਿੱਲੀ ਜਾ ਕੇ ਛਾਪਕ ਨੂੰ ਸਮਝਾ ਕੇ ਆਉਂਦਾ ਹੈ। ਫਿਰ ਇਤਨੇ 264 ਵਡਅਕਾਰੀ ਪੰਨਿਆਂ ਦੇ ਪਰੂਫ਼ ਵੀ ਆਪ ਹੀ ਪੜਦਾ ਹੈ। ਸੰਸਥਾਵਾਂ ਨੇ ਤਾਂ ਅਮਲਾ ਭਰਤੀ ਕੀਤਾ ਹੁੰਦਾ ਹੈ ਪੰਤੂ ਨਰਪਾਲ ਸਿੰਘ ਸ਼ੇਰਗਿੱਲ ਖੁਦ ਹੀ ਇਕ ਸੰਸਥਾ ਹੈ। ਉਹ ਲੇਖਕ ਹੋਣ ਦੇ ਨਾਲ ਸੰਪਾਦਕ, ਪ੍ਰਕਾਸ਼ਕ ਅਤੇ ਮਾਲਕ ਵੀ ਆਪ ਹੀ ਹੈ। ਉਹ ਪੰਜਾਬੀ ਅਤੇ ਅੰਗਰੇਜ਼ੀ ਦਾ ਮਾਹਿਰ ਵੀ ਹੈ, ਜਿਸ ਕਰਕੇ ਉਸ ਨੂੰ ਕੋਈ ਸਮੱਸਿਆ ਨਹੀਂ ਹੁੰਦੀ। ਸ਼ਾਲਾ ਪਰਮਾਤਮਾ ਉਸ ਦੀ ਉਮਰ ਲੰਬੀ ਕਰੇ ਅਤੇ ਤੰਦਰੁਸਤੀ ਬਖ਼ਸ਼ੇ ਤਾਂ ਜੋ ਉਹ ਭਾਰਤੀਆਂ/ਪੰਜਾਬੀਆਂ ਦੀ ਇਤਨੇ ਹੀ ਉਤਸ਼ਾਹ ਅਤੇ ਜੋਸ਼ ਨਾਲ ਸੇਵਾ ਕਰਦਾ ਰਹੇ।
-
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.