ਦੀਪ ਸਿੱਧੂ ਦੀ ਪੰਥ ਅਤੇ ਪੰਜਾਬ ਨੂੰ ਮਹਾਨ ਦੇਣ
ਦੀਪ ਸਿੱਧੂ ਦੇ ਸਿਵਿਆਂ ਦੀ ਅੱਗ ’ਚੋਂ ਮੈਂ ਪੰਜਾਬ ਵੇਖਿਆ,
ਨੌਜਵਾਨਾਂ ਦੀ ਅੱਖਾਂ ’ਚੋਂ ਡੁਲ੍ਹਦਾ ਮੈਂ ਆਬ ਵੇਖਿਆ।
ਆਜ਼ਾਦ ਮੁਲਕ ਆਪਣੇ ਦਾ ਮੈਂ ਖਵਾਬ ਵੇਖਿਆ,
ਨਹੀਂ ਬੁਝਦਾ ਇਹ ਦੀਪ, ਨੌਜਵਾਨਾਂ ’ਚ ਜਗਦਾ ਮੈਂ ਆਪ ਵੇਖਿਆ।
ਕੌਮੀ ਯੋਧਾ ਭਾਈ ਸੰਦੀਪ ਸਿੰਘ ਦੀਪ ਸਿੱਧੂ ਭਾਵੇਂ ਇੱਕ ਸਾਲ ਪਹਿਲਾਂ ਸਰੀਰਕ ਪੱਖੋਂ ਸਾਥੋਂ ਵਿਛੜ ਗਿਆ ਸੀ ਪਰ ਉਹ ਸਿੱਖ ਨੌਜਵਾਨਾਂ ਦੇ ਦਿਲਾਂ ’ਚ ਹਰ ਪਲ ਧੜਕਦਾ ਹੈ। ਜਿਉਂ-ਜਿਉਂ ਸਮਾਂ ਬੀਤਦਾ ਜਾਂਦਾ ਹੈ ਤਿਉਂ-ਤਿਉਂ ਹੀ ਉਸ ਦੇ ਬੋਲਾਂ ਦੀ ਅਹਿਮੀਅਤ ਵੱਧਦੀ ਜਾਂਦੀ ਹੈ। ਸਿੱਖ ਨੌਜਵਾਨੀ ਉਸ ਨੂੰ ਅੰਤਾਂ ਦਾ ਪਿਆਰ ਕਰਦੀ ਹੈ, ਉਹ ਨੌਜਵਾਨੀ ਦਾ ਰੋਲ ਮਾਡਲ ਬਣ ਚੁੱਕਾ ਹੈ, ਉਸ ਦੀਆਂ ਤਕਰੀਰਾਂ ਅੱਜ ਵੀ ਨਵੀਆਂ ਤੇ ਤਾਜੀਆਂ ਲਗਦੀਆਂ ਹਨ ਤੇ ਸੇਧ ਬਖ਼ਸ਼ਦੀਆਂ ਹਨ। ਦੀਪ ਸਿੱਧੂ ਦੀ ਸ਼ਖ਼ਸੀਅਤ ਬੜੀ ਮਨਮੋਹਕ ਅਤੇ ਹਰਮਨ-ਪਿਆਰੀ ਸੀ। ਉਸ ਦੀ ਬਹੁ-ਪੱਖੀ ਸ਼ਖ਼ਸੀਅਤ ਨੂੰ ਸ਼ਬਦਾਂ ’ਚ ਬਿਆਨ ਸੁਖਾਲਾ ਨਹੀਂ ਹੈ, ਉਹ ਬਹੁ-ਪੱਖੀ ਪ੍ਰਤਿਭਾ ਦਾ ਧਨੀ ਸੀ। ਉਸ ਅੰਦਰ ਕੌਮ ਪ੍ਰਤੀ ਅਥਾਹ ਜਜ਼ਬਾ ਅਤੇ ਪਿਆਰ ਸੀ ਜੋ ਉਸ ਨੂੰ ‘ਹੋਂਦ ਦੀ ਲੜਾਈ’ ਲੜਨ ਲਈ ਵੰਗਾਰਦਾ ਸੀ ਤਾਂਹੀਂ ਤਾਂ ਦੀਪ ਕਹਿੰਦਾ ਹੁੰਦਾ ਸੀ ਕਿ “ਸਾਡੀ ਲੜਾਈ ਹੋਂਦ ਦੀ ਲੜਾਈ ਹੈ, ਪਛਾਣ ਦੀ ਲੜਾਈ ਹੈ। ਏਸ ਧਰਤੀ ’ਤੇ ਸਾਡਾ ਖ਼ੂਨ ਡੁੱਲ੍ਹਿਆ, ਅਸੀਂ ਸੰਘਰਸ਼ ਕੀਤੇ ਐ, ਸੋ ਏਸ ਧਰਤੀ ’ਤੇ ਦਾਅਵਾ ਸਾਡਾ ਹੈ। ਕੋਈ ਹੋਰ ਇੱਥੇ ਆ ਕੇ ਕਿਵੇਂ ਦਾਅਵਾ ਕਰ ਸਕਦਾ ਹੈ ?”
ਇਸ ਵਾਰ 26 ਜਨਵਰੀ ਨੂੰ ਸਿੱਖ ਕੌਮ ਨੂੰ ਫਿਰ ਇਹ ਅਹਿਸਾਸ ਹੋਇਆ ਕਿ ਦੀਪ ਦੀ ਦੇਣ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਦੀਪ ਸਿੱਧੂ ਅਤੇ ਜੁਗਰਾਜ ਸਿੰਘ ਨੇ ਉਹ ਕਰ ਵਿਖਾਇਆ ਜੋ ਜਥੇਦਾਰ ਬਘੇਲ ਸਿੰਘ ਨੇ ਕੀਤਾ ਸੀ। 238 ਸਾਲਾਂ ਬਾਅਦ ਓਹੀ ਇਤਿਹਾਸ ਮੁੜ ਦੁਹਰਾਇਆ ਗਿਆ। ਦਿੱਲੀ ਦੇ ਲਾਲ ਕਿਲ੍ਹੇ ਉੱਤੇ ਖ਼ਾਲਸਈ ਨਿਸ਼ਾਨ ਸਾਹਿਬ ਝੁਲਾਅ ਕੇ ਹਿੰਦੁਤਵ ਉੱਤੇ ਖ਼ਾਲਸੇ ਦੀ ਜਿੱਤ ਦਾ ਬਾਖ਼ੂਬੀ ਪ੍ਰਗਟਾਵਾ ਕੀਤਾ ਗਿਆ। ਦੀਪ ਨੇ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦਿਆਂ ਹਿੰਦ ਸਰਕਾਰ ਦੇ ਪਰਖੱਚੇ ਉਡਾ ਦਿੱਤੇ। ਭਾਰਤੀਆਂ ਦਾ ਗਣਤੰਤਰ ਦਿਵਸ ਮਿੱਟੀ ’ਚ ਮਿਲ਼ਾ ਦਿੱਤਾ ਤੇ ਹੁਣ 26 ਜਨਵਰੀ ਸਦੀਆਂ ਤਕ ਦੀਪ ਸਿੱਧੂ ਦੇ ਨਾਂਅ ’ਤੇ ਰਹੇਗੀ।
ਦੀਪ ਸਿੱਧੂ ਨੇ ਸੱਚਮੁੱਚ ਇੱਕ ਵਾਰ ਫਿਰ ਅਵੇਸਲੀ ਹੋਈ ਸਿੱਖ ਕੌਮ ਨੂੰ ਐਸਾ ਹਲੂਣਿਆ ਕਿ ਕੌਮ ਆਪਣੇ ਧਰਮ, ਇਤਿਹਾਸ ਤੇ ਅਮੀਰ ਵਿਰਸੇ ਨਾਲ਼ ਜੁੜ ਗਈ। ਦੀਪ ਇੱਕ ਵਿਅਕਤੀ ਨਹੀਂ, ਇੱਕ ਸੋਚ ਸੀ, ਇੱਕ ਐਸੀ ਜਗਦੀ ਮਸ਼ਾਲ ਸੀ ਜੋ ਆਪਣੇ ਗਿਆਨ ਦੀ ਰੌਸ਼ਨੀ ਨਾਲ਼ ਘੁੱਪ-ਹਨੇਰਾ ਦੂਰ ਕਰਕੇ ਸਮਾਜ ’ਚ ਇੱਕ ਨਵੀਂ ਕ੍ਰਾਂਤੀ ਲਿਆ ਰਹੀ ਸੀ। ਦੀਪ ਨੇ ਭਾਰਤੀ ਬ੍ਰਿਤਾਂਤ ਦੇ ਸਾਹਮਣੇ ਐਸਾ ਸਿੱਖ ਬ੍ਰਿਤਾਂਤ ਸਿਰਜਿਆ ਕਿ ਜਿਸ ਨੇ ਦੁਸ਼ਮਣਾਂ ਨੂੰ ਤਰੇਲੀਆਂ ਲਿਆ ਦਿੱਤੀਆਂ। ਦੀਪ ਦੇ ਬੋਲਾਂ ’ਚ ਪੰਥ ਅਤੇ ਪੰਜਾਬ ਦੀ ਅਣਖ਼ ਬੋਲਦੀ ਸੀ। ਫਿਲਮ ਇੰਡਸਟਰੀ ’ਚ ਭਾਵੇਂ ਦੀਪ ਕਿੰਨੀਆਂ ਵੀ ਬੁਲੰਦੀਆਂ ਛੋਹ ਜਾਂਦਾ ਪਰ ਪੰਥ ਅਤੇ ਪੰਜਾਬ ਦੇ ਹੱਕਾਂ-ਹਿੱਤਾਂ ਦੀ ਗੱਲ ਕਰਕੇ ਜੋ ਉਸ ਨੂੰ ਮਾਣ, ਸਤਿਕਾਰ ਤੇ ਵਡਿਆਈ ਪ੍ਰਾਪਤ ਹੋਈ ਇਹ ਕਿੱਧਰੇ ਵੀ ਨਹੀਂ ਸੀ ਮਿਲਣੀ। ਅੱਜ ਦੀਪ ਸਿੱਧੂ ਦੀਆਂ ਤਸਵੀਰਾਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਤੇ ਹੋਰ ਸ਼ਹੀਦਾਂ ਨਾਲ਼ ਲਗ ਰਹੀਆਂ ਹਨ ਜੋ ਆਮ ਅਤੇ ਛੋਟੀ ਗੱਲ ਨਹੀਂ ਹੈ, ਇਹ ਵਰਤਾਰਾ ਕਿਸੇ ਭਾਗਾਂ ਵਾਲ਼ੇ ਨੂੰ ਹੀ ਪ੍ਰਾਪਤ ਹੁੰਦਾ ਹੈ।
ਦੀਪ ਸਿੱਧੂ ਨੂੰ ਕੇਵਲ ਕਿਸਾਨੀ ਮੋਰਚੇ ਤਕ ਹੀ ਸੀਮਤ ਕਰਕੇ ਨਾ ਵੇਖਿਆ ਜਾਵੇ। ਉਹ ਜੋ ਡੇਢ ਸਾਲਾਂ ’ਚ ਸਿੱਖ ਕੌਮ ਅਤੇ ਦੇਸ ਪੰਜਾਬ ਲਈ ਕਰ ਗਿਆ ਉਸ ਦੀ ਲੰਬੀ ਵਿਆਖਿਆ ਕਰਕੇ ਵੀ ਗੱਲ ਮੁੱਕਣੀ ਨਹੀਂ। ਦੀਪ ਸਿੱਧੂ ਦੀ ਸਰਗਰਮੀ ਕਰਕੇ ਨੌਜਵਾਨਾਂ ’ਚ ਵੱਡੀ ਤਬਦੀਲੀ ਆਈ ਹੈ ਤੇ ਉਹ ਪੰਥ ਅਤੇ ਪੰਜਾਬ ਪ੍ਰਤੀ ਚਿੰਤਤ ਤੇ ਸੰਘਰਸ਼ਸ਼ੀਲ ਹੋਏ ਹਨ। ਦੀਪ ਸਿੱਧੂ ਨੇ ਕਿਹਾ ਸੀ ਕਿ “ਇਹ ਸਾਡੀ ਹੋਂਦ ਦੀ ਲੜਾਈ ਹੈ।” ਤੇ ਨੌਜਵਾਨ ਅੱਜ ‘ਕੌਮੀ ਹੋਂਦ’ ਦੀ ਰਾਖੀ ਲਈ ਮੈਦਾਨ ’ਚ ਨਿੱਤਰ ਆਏ ਹਨ। ਦੀਪ ਨੇ ਕਾਮਰੇਡਾਂ ਨੂੰ ਵੰਗਾਰਿਆ ਸੀ ਕਿ “ਅਸੀਂ ਮੋਰਚੇ ਵੀ ਲਾਵਾਂਗੇ, ਇਕੱਠ ਕਰਕੇ ਵੀ ਵਿਖਾਵਾਂਗੇ ਤੇ ਬੰਦੀ ਸਿੰਘ ਵੀ ਛੁਡਾਵਾਂਗੇ।” ਤੇ ਅੱਜ ਚੰਡੀਗੜ੍ਹ ਦੀ ਬਰੂਹਾਂ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਇਨਸਾਫ਼ ਅਤੇ ਬੰਦੀ ਸਿੰਘਾਂ ਦੀਆਂ ਰਿਹਾਈਆਂ ਲਈ ਕੌਮੀ ਇਨਸਾਫ਼ ਮੋਰਚਾ ਲੱਗਿਆ ਹੋਇਆ ਹੈ ਜਿੱਥੇ ਜਗ੍ਹਾ-ਜਗ੍ਹਾ ’ਤੇ ਦੀਪ ਸਿੱਧੂ ਦੀਆਂ ਤਸਵੀਰਾਂ ਸ਼ੋਭ ਰਹੀਆਂ ਹਨ ਤੇ ਨੌਜਵਾਨੀ ’ਚ ਨਵਾਂ ਜੋਸ਼ ਅਤੇ ਉਤਸ਼ਾਹ ਭਰ ਰਹੀਆਂ ਹਨ।
ਦੀਪ ਸਿੱਧੂ ਦੇ ਅਣਖ਼ੀਲੇ ਬੋਲਾਂ ਨੇ ਹੀ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਝੋਲ਼ੀ ਵਿੱਚ ਸੰਗਰੂਰ ਹਲਕੇ ਤੋਂ ਜਿੱਤ ਪਵਾਈ ਸੀ। ਉਸ ਦੇ ਇੱਕ-ਇੱਕ ਬੋਲ ਪੰਜਾਬ ਦੀਆਂ ਫ਼ਿਜ਼ਾਵਾਂ ’ਚ ਗੂੰਜ ਰਹੇ ਹਨ। ਦੀਪ ਨੇ ਕਿਹਾ ਸੀ ਕਿ “ਆਪਣੇ ਲੋਕਾਂ ਨੂੰ ਜਗਾਉਣ ਦੀ ਲੋੜ ਹੈ ਜਦ ਇਹ ਜਾਗ ਪਏ ਤਾਂ ਵੱਡੇ-ਵੱਡੇ ਹਾਕਮਾਂ ਦੇ ਬੁਥਾੜੇ ਭੰਨ ਦੇਣਗੇ ਤੇ ਸਿਮਰਨਜੀਤ ਸਿੰਘ ਮਾਨ ਨੂੰ ਅਜਿਹਾ ਸਮਰਥਨ ਮਿਲ਼ੇਗਾ ਕਿ 1989 ਵਾਲ਼ਾ ਇਤਿਹਾਸ ਦੁਹਰਾਇਆ ਜਾਏਗਾ।” ਦੀਪ ਸਿੱਧੂ ਨੇ ਕਿਹਾ ਸੀ ਕਿ “ਲੜਨ ਵੇਲ਼ੇ ਤੁਹਾਡਾ ਹੋਣਾ ਬਹੁਤ ਜ਼ਰੂਰੀ ਹੁੰਦਾ, ਜਸ਼ਨ ’ਚ ਤੁਸੀਂ ਸ਼ਾਮਲ ਹੋਵੋ ਜਾਂ ਨਾ ਇਹ ਗੱਲ ਮੈਟਰ ਨਹੀਂ ਕਰਦੀ।” ਪਰ ਨਹੀਂ ਵੀਰਿਆ ਤੇਰਾ ਸਾਡੇ ਵਿੱਚ ਹੋਣਾ ਬਹੁਤ ਜ਼ਰੂਰੀ ਸੀ, ਤੇਰੀ ਘਾਟ ਸਾਨੂੰ ਹਮੇਸ਼ਾਂ ਰੜਕਦੀ ਰਹੇਗੀ। ਤੂੰ ਥੋੜ੍ਹੇ ਸਮੇਂ ’ਚ ਹੀ ਬਹੁਤ ਕੁਝ ਕੌਮ ਦੀ ਝੋਲ਼ੀ ਵਿੱਚ ਪਾ ਗਿਆ ਅਸੀਂ ਸਦਾ ਤੇਰੇ ਰਿਣੀ ਰਹਾਂਗੇ।
ਦੀਪ ਸਿੱਧੂ ਨੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਵੱਲੋਂ ਅਰੰਭੇ ਸਿੱਖ ਸੰਘਰਸ਼ ’ਚ ਆਈ ਖੜੋਤ ਨੂੰ ਵੀ ਤੋੜਿਆ ਤੇ ਸਿੱਖ ਜਵਾਨੀ ਨੂੰ ਮੁੜ ‘ਪਾਤਸ਼ਾਹੀ ਦਾਅਵੇ’ ਵੱਲ ਤੋਰਿਆ। ਦੀਪ ਸਿੱਧੂ ਨੇ ਸ਼ੰਭੂ ਮੋਰਚੇ ’ਚ ਵੀ ਕਿਹਾ ਸੀ ਕਿ “ਖ਼ਾਲਿਸਤਾਨ ਦਾ ਨਾਅਰਾ ਲਾਉਣਾ, ਮੈਂ ਫਿਰ ਕਹਿੰਨਾ ਬਈ ਸਾਡਾ ਹੱਕ ਆ, ਅਸੀਂ ਖ਼ਾਲਿਸਤਾਨ ਤੋਂ ਪਿੱਛੇ ਨਹੀਂ ਹੱਟਦੇ।” ਦੀਪ ਨੇ ਦਿੱਲੀ ਕਿਸਾਨ ਮੋਰਚੇ ’ਚ ਵੀ ਕਿਹਾ ਸੀ ਕਿ “ਹਾਂ, ਅਸੀਂ ਕਰਦੇ ਆਂ ਖ਼ਾਲਿਸਤਾਨ ਦੀ ਗੱਲ।” ਇਹ ਕਹਿੰਦਿਆਂ ਉਸ ਦੇ ਚਿਹਰੇ ’ਤੇ ਜਾਹੋ-ਜਲਾਲ ਵੇਖਣ ਵਾਲ਼ਾ ਸੀ ਤੇ ਨੌਜਵਾਨਾਂ ਨੇ ਵੀ ਬੁਲੰਦ ਆਵਾਜ਼ ’ਚ ਖ਼ਾਲਿਸਤਾਨ ਦੇ ਨਾਅਰੇ ਲਾ ਕੇ ਦਿੱਲੀ ਤਖ਼ਤ ਕੰਬਣ ਲਾ ਦਿੱਤਾ। ਕਿਸਾਨੀ ਮੋਰਚੇ ਦੀ ਜਿੱਤ ਵੇਲ਼ੇ ਦੀਪ ਸਿੱਧੂ ਨੇ ਮੈਨੂੰ ਕਿਹਾ ਕਿ “ਬਾਈ! ਜੇ ਦਰਬਾਰ ਸਾਹਿਬ ’ਚ ਸ਼ਹੀਦੀ ਯਾਦਗਾਰ ਬਣ ਸਕਦੀ ਏ ਤਾਂ ਖ਼ਾਲਿਸਤਾਨ ਵੀ ਜ਼ਰੂਰ ਬਣੂੰਗਾ, ਹੁਣ ਉਹ ਦਿਨ ਵੀ ਦੂਰ ਨਹੀਂ।”
ਦੀਪ ਆਪਣੀਆਂ ਤਕਰੀਰਾਂ ’ਚ ਇਹ ਬੋਲ ਵਾਰ-ਵਾਰ ਦੁਹਰਾਉਂਦਾ ਹੁੰਦਾ ਸੀ ਕਿ “ਜਿਹੜੀ ਕੌਮ ਨੇ ਆਪਣਾ ਰਾਜ ਮਾਣਿਆ ਹੋਵੇ, ਉਹਦੇ ਅੰਦਰੋਂ ਨਹੀਂ ਕੱਢ ਸਕਦੇ ਆਵਦਾ ਰਾਜ ਮਾਣਨ ਦੀ ਭਾਵਨਾ। ਅਸੀਂ ਆਪਣਾ ਰਾਜ ਮਾਣਿਆ ਹੋਇਐ ਤੇ ਅਸੀਂ ਆਪਣੇ ਰਾਜ ਦੀ ਗੱਲ ਕਰਦੇ ਆਂ, ਤੁਹਾਨੂੰ ਕੀ ਪ੍ਰੋਬਲਮ ਆਂ ?” ਉਸ ਦਾ ਮੰਨਣਾ ਸੀ ਕਿ ਸਿੱਖ ਧਰਮ ਦੀ ਰਾਖੀ ਤੇ ਪ੍ਰਫੁੱਲਤਾ ਦੇ ਲਈ ਆਪਣੇ ਰਾਜ ਦਾ ਹੋਣਾ ਬਹੁਤ ਜ਼ਰੂਰੀ ਹੈ।
ਦੀਪ ਦਾ ਕਹਿਣਾ ਸੀ ਕਿ “ਆਪਣਾ ਰਾਜ, ਜੇ ਕੋਈ ਕੌਮ ਮੰਗੇ ਉਹ ਤਾਂ ਮਾਣ ਵਾਲ਼ੀ ਗੱਲ ਹੁੰਦੀ ਹੈ, ਅੱਖ ਨੀਂਵੀਂ ਪਾਉਣ ਵਾਲ਼ੀ ਗੱਲ ਨਹੀਂ। ਇਹ ਤਾਂ ਬੜਾ ਪਾਕਿ ਤੇ ਪਵਿੱਤਰ ਜਜ਼ਬਾ। ਜੇ ਅਸੀਂ ਕਹਿੰਦੇ ਹਾਂ ਕਿ ਸਾਡਾ ਰਾਜ, ਸਾਡੀ ਕੌਮੀਅਤ ਦਾ। ਇਹ ਤਾਂ ਬਹੁਤ ਪਵਿੱਤਰ ਤੇ ਪਾਕਿ ਗੱਲ ਆ, ਇਹਦੇ ਲਈ ਤਾਂ ਸਾਨੂੰ ਮਾਣ ਹੋਣਾ ਚਾਹੀਦਾ। ਕੌਮ ਆਪਣੇ ਅੰਦਰ ਆਪਣੀ ਕੌਮੀਅਤ ਹਲੇ ਤਕ ਸਾਂਭੀ ਬੈਠੀ ਆ। ਡੇਢ ਸੌ ਸਾਲ ਦੀ ਗ਼ੁਲਾਮੀ ਸਿਰਾਂ ’ਤੇ ਆ ਪਰ ਕੌਮੀਅਤ ਅਸੀਂ ਸਾਂਭੀ ਬੈਠੇ ਹਾਂ ਤੇ ਰਾਜ ਤਾਂ ਕਿਸੇ ਹਾਲ ਨਹੀਂ ਛੱਡਾਂਗੇ।”
ਦੀਪ ਦੀਆਂ ਇਹਨਾਂ ਗੱਲਾਂ ਨਾਲ਼ ਖ਼ਾਲਿਸਤਾਨੀ ਸੰਘਰਸ਼ ਨੂੰ ਹੋਰ ਵੀ ਬਲ ਮਿਲ਼ਦਾ ਰਿਹਾ ਤੇ ਉਹ ਸਿੱਖ ਨੌਜਵਾਨਾਂ ’ਚ ਬੇਹੱਦ ਹਰਮਨ-ਪਿਆਰਾ ਹੋ ਗਿਆ। ਦੀਪ ਨੇ ਐਸ਼ੋ-ਇਸ਼ਰਤ ਦੀ ਜ਼ਿੰਦਗੀ ਛੱਡ ਕੇ ਖੰਡੇ ਦੀ ਧਾਰ ਵਾਲ਼ਾ ਰਾਹ ਚੁਣ ਲਿਆ ਸੀ। ਦੀਪ ਦੀ ਆਮਦ ਨਾਲ਼ ਨਿਘਾਰ ਦੂਰ ਹੋਇਆ ਤੇ ਨੌਜਵਾਨਾਂ ਦੇ ਕਿਰਦਾਰ, ਇਖ਼ਲਾਕ ਤੇ ਈਮਾਨ ਉੱਚੇ-ਸੁੱਚੇ ਹੋ ਗਏ ਅਤੇ ਨਿਰਾਸ਼ਾ ’ਚ ਡੁੱਬੇ ਤੇ ਹੱਥ ’ਤੇ ਹੱਥ ਧਰ ਕੇ ਬੈਠੇ ਨੌਜਵਾਨ ਵੀ ਮੋਦੀ ਹਕੂਮਤ ਨਾਲ਼ ਟੱਕਰ ਲੈਣ ਲਈ ਕਮਰਕੱਸੇ ਕਰ ਕੇ ਨਿੱਤਰ ਪਏ ਸਨ।
ਦੀਪ ਸਿੱਧੂ ਬੰਬੇ ਤੋਂ ਪੰਜਾਬ ਵੱਲ ਕੋਈ ਲਾਲਸਾ ਲੈ ਕੇ ਨਹੀਂ ਸੀ ਤੁਰਿਆ ਉਹ ਨਿਰਲੇਪ ਹੋ ਕੇ ਆਪਣੀ ਮੰਜਿਲ ਵੱਲ ਵਧਦਾ ਜਾ ਰਿਹਾ ਸੀ। ਉਹ ਈਰਖਾ, ਸਾੜਾ, ਨਫ਼ਰਤ ਅਤੇ ਨਿੰਦਿਆ ਦਾ ਸ਼ਿਕਾਰ ਵੀ ਬਣਿਆ ਪਰ ਉਸ ਦੀ ਗੁੱਡੀ ਹੋਰ ਉੱਚੀ ਉੱਡਦੀ ਗਈ। ਵਿਰੋਧੀਆਂ ਨੂੰ ਜਾਪਦਾ ਸੀ ਕਿ ਜੇਲ੍ਹ ਜਾਣ ਕਾਰਨ ਉਹ ਡਰ ਜਾਵੇਗਾ, ਝੁਕ ਜਾਵੇਗਾ ਤੇ ਉਸ ਦਾ ਕੋਈ ਭਵਿੱਖ ਨਹੀਂ ਰਹੇਗਾ ਪਰ ਜੇਲ੍ਹ ਨੇ ਤਾਂ ਦੀਪ ਦੀ ਸੋਚ ਨੂੰ ਹੋਰ ਵੀ ਬਲਵਾਨ, ਤਿੱਖਾ ਅਤੇ ਪ੍ਰਚੰਡ ਕਰ ਦਿੱਤਾ ਤੇ ਬਾਹਰ ਆਉਂਦੇ ਸਾਰ ਹੀ ਉਸ ਨੇ ਬੱਬਰ ਸ਼ੇਰ ਵਾਲ਼ੀ ਦਹਾੜ ਮਾਰੀ। ਉਹ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਦੇ ਮਿਸ਼ਨ ਨੂੰ ਸਮਰਪਿਤ ਹੋ ਕੇ ਰਣਤੱਤੇ ਵਿੱਚ ਨਿੱਤਰ ਆਇਆ ਸੀ। ਉਸ ਨੇ ਸਿੱਖਾਂ ਨੂੰ ਆਪਣੀ ਖੁੱਸੀ ਹੋਈ ਸ਼ਾਨ ਮੁੜ ਹਾਸਲ ਕਰਨ ਲਈ ਜੂਝਣ ਦਾ ਚੇਤਾ ਕਰਵਾਇਆ। ਉਹ ਸਿੱਖੀ ਸਰੂਪ ਧਾਰਨ ਕਰਕੇ ਖੰਡੇ-ਬਾਟੇ ਦਾ ਅੰਮ੍ਰਿਤ ਛਕਣ ਦੇ ਰਾਹ ਉੱਤੇ ਸੀ, ਉਸ ਨੇ ਆਪਣਾ ਸੀਸ ਤਲੀ ’ਤੇ ਟਿਕਾਅ ਲਿਆ ਸੀ।
ਦੀਪ ਜਦ ‘ਕਲਾ ਦੇ ਵਰਤਾਰੇ’ ਜਾਂ ‘ਸ਼ਹੀਦਾਂ ਦੇ ਪਹਿਰੇ’ ਦੀ ਗੱਲ ਕਰਦਾ ਸੀ ਤਾਂ ਸੌੜੀ ਸੋਚ ਵਾਲ਼ਿਆਂ ਨੂੰ ਇਹ ਗੱਲਾਂ ਸਮਝ ਨਹੀਂ ਸਨ ਆਉਂਦੀਆਂ। ਦੀਪ ਦੀਆਂ ਗੱਲਾਂ ਤਾਂ ਸਾਗਰ ਦੀ ਗਹਿਰਾਈ ਵਾਂਗ ਡੂੰਘੀਆਂ ਸਨ, ਉਸ ਦੇ ਬੋਲਾਂ ਵਿੱਚ ਬੜੀ ਵਿਸ਼ਾਲਤਾ ਅਤੇ ਰੂਹਾਨੀਅਤ ਸੀ। ਉਹ ਇੱਕ ਅਨੌਖੀ ਰੂਹ ਸੀ ਉਸ ਵਿੱਚ ਇੱਕ ਨਿਧੜਕ ਵਾਲ਼ੇ ਗੁਣ ਸਨ। ਜੇ ਦੀਪ ਸਿੱਧੂ ਨਾ ਹੁੰਦਾ ਤਾਂ ਗ਼ਦਰ ਲਹਿਰ ਵਾਂਗ ਕਿਸਾਨੀ ਮੋਰਚੇ ਨੂੰ ਵੀ ਕਾਮਰੇਡਾਂ ਨੇ ਹਾਈਜੈਕਰ ਕਰ ਲੈਣਾ ਸੀ ਪਰ ਇਹ ਦੀਪ ਹੀ ਸੀ ਜੋ ਪੰਥ ਦਾ ਝੰਡਾ ਚੁੱਕ ਕੇ ਉਹਨਾਂ ਮੂਹਰੇ ਹਿੱਕ ਤਾਣ ਕੇ ਡਟਿਆ ਰਿਹਾ। ਦੀਪ ਦਾ ਮੋਰਚਾ ਤਾਂ ਅਠਾਰ੍ਹਵੀਂ ਸਦੀ ਦੇ ਸਿੱਖਾਂ ਦੇ ਮੋਰਚਿਆਂ ਦੀ ਯਾਦ ਤਾਜ਼ਾ ਕਰਵਾਉਂਦਾ ਸੀ ਉਹ ਓਥੇ ਬਹਿ ਕੇ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਅਤੇ ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲ਼ਾ ਦੀਆਂ ਬਾਤਾਂ ਪਾਉਂਦਾ ਸੀ ਅਤੇ ਮੋਰਚੇ ਦੀ ਹਰੇਕ ਸਰਗਰਮੀ ’ਤੇ ਬਾਜ਼ ਅੱਖ ਰੱਖਦਾ ਸੀ ਤੇ ਕੱਲੀ-ਕੱਲੀ ਪਰਤ ਖੋਲ੍ਹਦਾ ਸੀ।
ਰਾਇਲ, ਪੌਸ਼ ਤੇ ਹਾਈ-ਫਾਈ ਜ਼ਿੰਦਗੀ ਛੱਡ ਕੇ ਜੁੱਲੜਾਂ ਤਕ ਆਉਣਾ ਸੌਖਾ ਨਹੀਂ ਹੁੰਦਾ। ਕਰੋੜਾਂ ਦੀਆਂ ਕਾਰਾਂ ਵਿੱਚ ਸਫ਼ਰ ਕਰਨ ਵਾਲ਼ੇ ਲਈ ਪਾਟੀਆਂ ਦਰੀਆਂ ’ਤੇ ਬਹਿਣਾ ਸੌਖਾ ਨਹੀਂ ਹੁੰਦਾ। ਮਹਿੰਗੇ ਹੋਟਲਾਂ ਵਿੱਚ ਸ਼ਾਨਦਾਰ ਕੱਪ-ਪਲੇਟਾਂ ਵਿੱਚ ਖਾਣ-ਪੀਣ ਵਾਲ਼ੇ ਦੇ ਹੱਥ ਵਿੱਚ ਚਾਹ ਦਾ ਬਾਟਾ ਵੇਖ ਕੇ ਉਸ ਦੇ ਸਿਦਕ ਦਾ ਸਿਖ਼ਰ ਮਹਿਸੂਸ ਕੀਤਾ ਜਾ ਸਕਦਾ ਸੀ। ਦੀਪ ਸਿੱਧੂ ਦੀ ਬਦਖੋਹੀ ਤੇ ਕਿਰਦਾਰਕੁਸ਼ੀ ਕਰਨ ਵਾਲ਼ਿਆਂ ਨੂੰ ਅੱਜ ਕੋਈ ਪੁੱਛਦਾ ਤਕ ਨਹੀਂ, ਪਰ ਦੀਪ ਦੇ ਵਿਛੋੜੇ ਮਗਰੋਂ ਵੀ ਉਸ ਦੀ ਜੈ-ਜੈਕਾਰ ਹੋ ਰਹੀ ਸੀ। ਇਹ ਉਸ ਦੀ ਕਮਾਈ ਤੇ ਸਤਿਗੁਰਾਂ ਦੀ ਬਖ਼ਸ਼ਿਸ਼ ਹੈ। ਦੀਪ ਸਿੱਧੂ ਪੰਜ ਦਰਿਆਵਾਂ ਦੀ ਧਰਤੀ ਦਾ ਹੀਰਾ ਸੀ, ਉਸ ਦੀ ਸੋਚ ਦਾ ਕੇਂਦਰੀ ਧੁਰਾ ‘ਪੰਥ ਪ੍ਰਥਮ ਸੀ।’
ਦੀਪ ਸਿੱਧੂ ਨੂੰ ਖ਼ਤਮ ਕਰਨ ਲਈ ਕਈ ਵਿਉਂਤਾਂ ਘੜੀਆਂ ਗਈਆਂ, ਸਾਜਿਸ਼ਾਂ ਰਚੀਆਂ ਗਈਆਂ ਤੇ ਆਖ਼ਰ ਐਕਸੀਡੈਂਟ ਦੀ ਆੜ ਹੇਠ ਉਸ ਕੌਮੀ ਹੀਰੇ ਨੂੰ ਹਿੰਦ ਸਰਕਾਰ ਨੇ ਸਾਥੋਂ ਖੋਹ ਲਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਚਿੱਠੀ ਦੇ ਬੋਲ ਯਾਦ ਆਉਂਦੇ ਹਨ ਕਿ “ਸਾਡੀ ਕੌਮ ਦੀਪ ਸਿੱਧੂ ਨੂੰ ਸੰਭਾਲ ਨਹੀਂ ਸਕੀ।” ਇਸ ਫਾਨੀ ਸੰਸਾਰ ਤੋਂ ਦੀਪ ਦਾ ਚਲੇ ਜਾਣਾ ‘ਕੌਮੀ ਸਦਮਾ’ ਸੀ। ਉਸ ਦੇ ਸਸਕਾਰ ਅਤੇ ਭੋਗ ’ਤੇ ਹੋਇਆ ਲੱਖਾਂ ਦਾ ਇਕੱਠ ਉਸ ਪ੍ਰਤੀ ਕੌਮੀ ਪਿਆਰ ਦੀ ਮੂੰਹ-ਬੋਲਦੀ ਤਸਵੀਰ ਸੀ। ਨੌਜਵਾਨਾਂ ਤੋਂ ਉਸ ਦਾ ਵਿਛੋੜਾ ਝੱਲਿਆ ਨਹੀਂ ਸੀ ਜਾਂਦਾ ਤੇ ਉਹ ਭੁੱਬਾਂ ਮਾਰ-ਮਾਰ ਰੋਏ। ਦੀਪ ਦੇ ਬਲ਼ ਰਹੇ ਸਿਵੇ ਕੋਲ਼ ਨੌਜਵਾਨ ਕੂਕ-ਕੂਕ ਕੇ ਕਹਿ ਰਹੇ ਸਨ ਕਿ :-
“ਸਾਨੂੰ ਸ਼ਸਤਰਾਂ ਨਾਲ਼ ਨਿਵਾਜੋ ਬਾਜ਼ਾਂ ਵਾਲ਼ਿਓ!
ਸਾਨੂੰ ਚਰਨਾਂ ਨਾਲ਼ ਲਾ ਲੋ ਬਾਜ਼ਾਂ ਵਾਲ਼ਿਓ!
ਸਾਡੇ ਗਾਤਰੇ ਪਵਾ ਦਿਓ ਬਾਜ਼ਾਂ ਵਾਲ਼ਿਓ!
ਸਾਨੂੰ ਭੁੱਲਿਆਂ ਨੂੰ ਰਸਤਾ ਵਿਖਾ ਦਿਓ ਬਾਜ਼ਾਂ ਵਾਲ਼ਿਓ!”
ਇਹ ਵੀ ਅਕਾਲ ਪੁਰਖ ਦੀ ਕਲਾ ਸੀ ਜੋ ਸਭ ਨੇ ਪ੍ਰਤੱਖ ਵਰਤਦੀ ਵੇਖੀ। ਦੀਪ ਦੇ ਮਗਰੋਂ ਜਦੋਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਪ੍ਰਧਾਨ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਬਣੇ ਤਾਂ ਉਹਨਾਂ ਦੇ ਸੱਦੇ ’ਤੇ ਹਜ਼ਾਰਾ ਨੌਜਵਾਨਾਂ ਨੇ ਅੰਮ੍ਰਿਤਪਾਨ ਕੀਤਾ, ਸਿੱਖ ਸੁਰਜੀਤੀ ਦਾ ਦੌਰ ਆਇਆ ਤੇ ਖ਼ਾਲਸਾ ਵਹੀਰ ’ਚ ਅਨੇਕਾਂ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਤੇ ਸਿੱਖ ਨੌਜਵਾਨਾਂ ਦਾ ਖ਼ਾਲਸਾਈ ਜੋਸ਼-ਜਲਵਾ ਤੇ ਵਰਤਾਰਾ ਵੇਖਣ ਹੀ ਵਾਲ਼ਾ ਸੀ। ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਦੀਪ ਸਿੱਧੂ ਦੀ ਸੋਚ, ਵਿਚਾਰਧਾਰਾ ਤੇ ਨਿਸ਼ਾਨੇ ਨੂੰ ਅਗਾਂਹ ਤੋਰਿਆ ਜਾ ਰਿਹਾ ਹੈ ਤੇ ਅਸਲ ’ਚ ਏਹੀ ਦੀਪ ਸਿੱਧੂ ਨੂੰ ਸੱਚੀ ਸ਼ਰਧਾਂਜਲੀ ਹੈ। ਕਿਸੇ ਸ਼ਾਇਰ ਨੇ ਖ਼ੂਬ ਲਿਖਿਆ ਹੈ “ਮੇਰੀ ਮੌਤ ’ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ।”
-
ਰਣਜੀਤ ਸਿੰਘ ਦਮਦਮੀ ਟਕਸਾਲ, ਪ੍ਰਧਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ
ranjitsinghsyfb1984@gmail.com
88722-93883
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.