ਕਿਉਂ ਹੋ ਰਿਹੈ ਦੇਸ਼ ਬੇਗਾਨਾ?
ਭਾਰਤ ਦੇ ਵਿਦੇਸ਼ ਮੰਤਰੀ ਨੇ ਭਾਰਤੀ ਸੰਸਦ ਵਿੱਚ ਇੱਕ ਲਿਖਤੀ ਬਿਆਨ 'ਚ ਕਿਹਾ ਕਿ ਪਿਛਲੇ ਸਾਲ ਸਵਾ ਦੋ ਲੱਖ ਤੋਂ ਵੱਧ ਭਾਰਤੀਆਂ ਨੇ ਦੇਸ਼ ਦੀ ਨਾਗਰਿਕਤਾ ਛੱਡੀ ਅਤੇ ਭਾਰਤ ਤੋਂ ਬਾਹਰ ਵੱਖੋ-ਵੱਖਰੇ ਦੇਸ਼ਾਂ ਦੀ ਨਾਗਰਿਕਤਾ ਹਾਸਲ ਕੀਤੀ। ਇਹਨਾ ਲੋਕਾਂ ਨੇ ਕਾਰੋਬਾਰ ਜਾਂ ਨੌਕਰੀ ਲਈ ਭਾਰਤੀ ਨਾਗਰਿਕਤਾ ਛੱਡੀ।
ਸਾਡੇ ਦੇਸ਼ ਵਿੱਚ ਕਿਉਂਕਿ ਦੋਹਰੀ ਨਾਗਰਿਕਤਾ ਦੀ ਸਹੂਲਤ ਨਹੀਂ ਹੈ, ਇਸ ਲਈ ਜਿਹੜੇ ਲੋਕ ਦੂਜੇ ਦੇਸ਼ਾਂ 'ਚ ਵਸ ਜਾਂਦੇ ਹਨ, ਜਦੋਂ ਉਥੋਂ ਦੇ ਨਾਗਰਿਕ ਬਣ ਜਾਂਦੇ ਹਨ, ਉਹਨਾ ਦੀ ਭਾਰਤੀ ਨਾਗਰਿਕਤਾ ਖ਼ਤਮ ਹੋ ਜਾਂਦੀ ਹੈ। ਪਿਛਲੇ ਬਾਰਾਂ ਸਾਲਾਂ 'ਚ (2011 ਤੋਂ 2022 ਤੱਕ) ਸੋਲਾਂ ਲੱਖ ਤਰੇਹਟ ਹਜ਼ਾਰ ਚਾਰ ਸੌ ਚਾਲੀ ਲੋਕਾਂ ਨੇ ਭਾਰਤੀ ਨਾਗਰਿਕਤਾ ਛੱਡੀ ਹੈ।
ਸਾਡੇ ਦੇਸ਼ ਦੇ ਵੱਡੀ ਗਿਣਤੀ ਵਿਦਿਆਰਥੀ ਪੜ੍ਹਾਈ ਲਈ ਵਿਦੇਸ਼ਾਂ ਨੂੰ ਚਾਲੇ ਪਾਉਂਦੇ ਹਨ। ਉਹਨਾ ਵਿਚੋਂ ਵਿਦੇਸ਼ਾਂ 'ਚ ਪੜ੍ਹਾਈ ਕਰਨ ਉਪਰੰਤ ਦੇਸ਼ ਵਾਪਿਸ ਆਉਣ ਵਾਲਿਆਂ ਦੀ ਗਿਣਤੀ ਬਹੁਤ ਹੀ ਘੱਟ ਹੁੰਦੀ ਹੈ। ਬਹੁਤੇ ਤਾਂ ਪੜ੍ਹਾਈ ਦੇ ਬਹਾਨੇ ਵਿਦੇਸ਼ ਵਿੱਚ ਹੀ ਟਿਕਦੇ ਹਨ। ਪਹਿਲਾਂ ਉਥੇ ਵਰਕ ਪਰਮਿੱਟ ਲੈਂਦੇ ਹਨ। ਫਿਰ ਪੀਆਰ(ਪੱਕੇ ਸ਼ਹਿਰੀ) ਨਾਗਰਿਕਤਾ ਹਾਸਲ ਕਰਨ ਦੀ ਦੌੜ 'ਚ ਲੱਗ ਜਾਂਦੇ ਹਨ। ਇਸ ਕੰਮ ਲਈ ਉਹ ਸਾਲਾਂ ਬੱਧੀ ਜੱਦੋ-ਜਹਿਦ ਕਰਦੇ ਹਨ। ਇਹੋ ਹਾਲ ਕਾਰੋਬਾਰ, ਖੇਤੀ ਆਦਿ 'ਚ ਲੱਗੇ ਲੋਕਾਂ ਦਾ ਹੈ, ਜੋ ਭਾਰਤ ਦੇਸ਼ ਦੀਆਂ ਕਾਰੋਬਾਰ, ਖੇਤੀ ਖੇਤਰ ਦੀਆਂ ਮਾੜੀਆਂ ਹਾਲਤਾਂ ਦੇ ਮੱਦੇ ਨਜ਼ਰ ਵਿਦੇਸ਼ ਜਾ ਵਸਦੇ ਹਨ ਅਤੇ ਉਥੋਂ ਦੀ ਨਾਗਰਿਕਤਾ ਹਾਸਲ ਕਰਦੇ ਹਨ।
ਪਰੰਤੂ ਅਸਲੀਅਤ ਇਹ ਹੈ ਕਿ ਦੂਜੇ ਦੇਸ਼ਾਂ ਦੀ ਨਾਗਰਿਕਤਾ ਲੈਣਾ ਸੌਖਾ ਨਹੀਂ ਹੈ। ਭਾਰਤ ਛੱਡਣ ਵਾਲਿਆਂ 'ਚ ਸਭ ਤੋਂ ਜ਼ਿਆਦਾ ਲੋਕਾਂ ਨੇ ਅਮਰੀਕਾ ਦੀ ਨਾਗਰਿਕਤਾ ਲਈ ਹੈ। ਉਥੋਂ ਦੀ ਨਾਗਰਿਕਤਾ ਲੈਣਾ ਔਖਾ ਹੈ ਫਿਰ ਵੀ ਲੱਖਾਂ ਭਾਰਤੀ ਉਥੋਂ ਦੀ ਨਾਗਰਿਕਤਾ ਲੈਣ ਲਈ ਜਦੋ-ਜਹਿਦ ਕਰ ਰਹੇ ਹਨ। ਇਸੇ ਜਦੋ-ਜਹਿਦ 'ਚ ਉਹ ਮਜ਼ਬੂਰੀ 'ਚ ਭਾਰਤੀ ਨਾਗਰਿਕ ਬਣੇ ਰਹਿੰਦੇ ਹਨ।
ਅਸਲ 'ਚ ਸਿੱਖਿਆ ਅਤੇ ਰੁਜ਼ਗਾਰ 'ਚ ਸੁਖਾਵੇਂ ਮੌਕੇ ਨਾ ਮਿਲਣ ਕਾਰਨ ਲੱਖਾਂ ਵਿਦਿਆਰਥੀ ਹਰ ਸਾਲ ਦੇਸ਼ ਛਡਣ ਲਈ ਮਜ਼ਬੂਰ ਹੁੰਦੇ ਹਨ। ਅੰਕੜੇ ਗਵਾਹ ਹਨ ਕਿ ਭਾਰਤੀ ਸੰਸਥਾਵਾਂ ਵਿਚੋਂ ਜਿੰਨੇ ਵਿਦਿਆਰਥੀ ਹਰ ਸਾਲ ਤਕਨੀਕੀ ਸਿੱਖਿਆ ਪ੍ਰਾਪਤ ਕਰਕੇ ਬਾਹਰ ਨਿਕਲਦੇ ਹਨ, ਉਹਨਾ ਵਿੱਚ ਮਸਾਂ ਇੱਕ ਤਿਹਾਈ ਲੋਕ ਹੀ ਸਨਮਾਨਜਨਕ ਨੌਕਰੀ ਪ੍ਰਾਪਤ ਕਰਨ 'ਚ ਕਾਮਯਾਬ ਹੁੰਦੇ ਹਨ। ਇਸ ਗੱਲ ਦੀਆਂ ਵੱਡੀਆਂ ਉਦਾਹਰਨਾਂ ਹਨ ਕਿ ਐਮ.ਟੈਕ,ਬੀ.ਟੈਕ, ਵਕਾਲਤ, ਡਾਕਟਰੀ ਪਾਸ ਨੌਜਵਾਨ ਵਿਦੇਸ਼ੀ ਹੋਟਲਾਂ 'ਚ ਸਧਾਰਨ ਨੌਕਰੀਆਂ ਕਰਦੇ ਹਨ, ਹਾਲਤ ਤੋਂ ਮਜ਼ਬੂਰ ਟੈਕਸੀ, ਟਰੱਕ ਚਲਾਉਂਦੇ ਹਨ ਅਤੇ ਆਪਣੇ ਜੀਵਨ ਦਾ ਨਿਰਬਾਹ ਕਰਦੇ ਹਨ।
ਅਸਲ ਵਿੱਚ ਦੇਸ਼ ਭਾਰਤ ਵਿੱਚ ਕਾਰੋਬਾਰ ਦਾ ਸੁਰੱਖਿਅਤ ਵਾਤਾਵਰਨ ਨਹੀਂ। ਜ਼ਿਆਦਾ ਪੜ੍ਹੇ ਵਿਦਿਆਰਥੀਆਂ, ਇੱਥੋਂ ਤੱਕ ਕਿ ਡਾਕਟਰੀ, ਇੰਜੀਨੀਰਿੰਗ, ਸਾਇੰਸ 'ਚ ਵੱਡੀਆ ਡਿਗਰੀਆਂ ਵਾਲਿਆਂ ਲਈ ਸਨਮਾਨਜਨਕ ਨੌਕਰੀਆਂ ਨਹੀਂ ਹਨ।ਇਸ ਕਰਕੇ ਉਹ ਵਿਦੇਸ਼ਾਂ ਵੱਲ ਭੱਜਦੇ ਹਨ।ਇਹਨਾਂ ਸਾਰੀਆਂ ਸਥਿਤੀਆਂ ਨਾਲ ਦੇਸ਼ ਦੀ ਆਰਥਿਕਤਾ ਉੱਤੇ ਉਲਟ ਅਸਰ ਪੈਂਦਾ ਹੈ। ਜਦੋਂ ਕਾਰੋਬਾਰੀ ਦੇਸ਼ ਛੱਡਦੇ ਹਨ। ਉਹ ਆਪਣਾ ਸਰਮਾਇਆ ਵਿਦੇਸ਼ਾਂ 'ਚ ਲੈ ਜਾਂਦੇ ਹਨ। ਜਦੋਂ ਵਿਦਿਆਰਥੀ ਪੜ੍ਹਨ ਲਈ ਜਾਂਦੇ ਹਨ, ਉਹ ਲੱਖਾਂ ਦੀ ਫੀਸ ਵਿਦੇਸ਼ੀ ਯੂਨੀਵਰਸਿਟੀਆਂ ਨੂੰ ਤਾਰਦੇ ਹਨ। ਇਕੱਲੇ ਪੰਜਾਬ ਵਿੱਚੋਂ ਪਿਛਲੇ ਸਾਲ ਡੇਢ ਲੱਖ ਵਿਦਿਆਰਥੀ ਕੈਨੇਡਾ 'ਚ ਪੜ੍ਹਾਈ ਕਰਨ ਗਏ। ਔਸਤਨ 16 ਤੋ 20 ਲੱਖ ਪ੍ਰਤੀ ਵਿਦਿਆਰਥੀ ਨੇ ਫੀਸਾਂ ਭਰੀਆਂ। ਇਹਨਾ ਦਾ ਅਸਰ ਸਿਰਫ਼ ਪੰਜਾਬ ਦੀ ਆਰਥਿਕਤਾ ਉੱਤੇ ਹੀ ਨਹੀਂ ਸਗੋਂ ਪੰਜਾਬ 'ਚ ਖੁੱਲ੍ਹੇ ਇੰਜੀਨੀਰਿੰਗ ਟੈਕਨੋਲੋਜੀ, ਆਰਟਸ ਕਾਲਜਾਂ ਉੱਤੇ ਵੀ ਪਿਆ, ਜਿੱਥੇ ਵਿਦਿਆਰਥੀਆਂ ਦੀ ਗਿਣਤੀ ਘਟੀ ਅਤੇ ਕਈ ਕਾਲਜ, ਤਕਨੀਕੀ ਅਦਾਰੇ ਤਾਂ ਬੰਦ ਹੋਣ ਕਿਨਾਰੇ ਹੋ ਗਏ ਕਿਉਂਕਿ ਉਹਨਾ ਨੂੰ ਕਈ ਤਕਨੀਕੀ ਕੋਰਸ ਵਿਦਿਆਰਥੀਆਂ ਦੀ ਘਾਟ ਕਾਰਨ ਬੰਦ ਕਰਨੇ ਪਏ।
ਬਿਨ੍ਹਾਂ ਸ਼ੱਕ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਾਡੇ ਦੇਸ਼ ਦੇ ਕਈ ਹਿੱਸਿਆਂ ਅਤੇ ਤਬਕਿਆਂ ਵਿੱਚ ਵਿਦੇਸ਼ ਜਾ ਕੇ ਵਸਣਾ ਮਾਣ ਦੀ ਗੱਲ ਸਮਝੀ ਜਾਂਦੀ ਹੈ। ਇਹ ਵੀ ਠੀਕ ਹੈ ਕਿ ਲੱਖਾਂ ਲੋਕ ਜੋ ਵਿਦੇਸ਼ ਜਾ ਕੇ ਖ਼ਾਸ ਕਰਕੇ ਅਰਬ ਦੇਸ਼ਾਂ 'ਚ ਨੌਕਰੀ ਕਰਦੇ ਹਨ ਅਤੇ ਵੱਡੀ ਮਾਤਰਾ 'ਚ ਵਿਦੇਸ਼ੀ ਮੁਦਰਾ ਭਾਰਤ ਭੇਜਦੇ ਹਨ ਪਰ ਇਹ ਸਵਾਲ ਤਾਂ ਫਿਰ ਵੀ ਬਣਿਆ ਹੋਇਆ ਹੈ ਕਿ ਆਖ਼ਰ ਲੋਕਾਂ ਦੇ ਸਾਹਮਣੇ ਇਹ ਸਥਿਤੀ ਕਿਉਂ ਬਣੀ ਰਹਿੰਦੀ ਹੈ ਕਿ ਆਪਣੇ ਦੇਸ਼ ਦੀ ਨਾਗਰਿਕਤਾ ਛੱਡ ਕੇ ਪਰਾਈ ਜ਼ਮੀਨ ਉਤੇ ਵੱਸਣਾ ਜ਼ਿਆਦਾ ਸੁਰੱਖਿਅਤ ਹੈ।
ਪ੍ਰਵਾਸ ਨਵਾਂ ਵਰਤਾਰਾ ਨਹੀਂ ਹੈ। ਰੋਟੀ- ਰੋਜ਼ੀ ਲਈ ਦੁਨੀਆ ਦੇ ਇਕ ਖਿੱਤੇ ਤੋਂ ਦੂਜੇ ਖਿੱਤੇ 'ਚ ਲੋਕ ਜਾਂਦੇ ਹਨ, ਰੁਜ਼ਗਾਰ ਕਰਦੇ ਹਨ, ਉਥੇ ਹੀ ਵਸ ਜਾਂਦੇ ਹਨ, ਪਰਿਵਾਰ ਬਣਾ ਲੈਂਦੇ ਹਨ ਅਤੇ ਮੁੜ ਦੇਸ਼ ਪਰਤਦੇ ਵੀ ਨਹੀਂ। ਪਰ ਮਿੱਟੀ ਦਾ ਮੋਹ ਅਤੇ ਪ੍ਰਵਾਸ ਹੰਡਾਉਣ ਦੀ ਚੀਸ, ਉਹਨਾਂ ਦੇ ਮਨਾਂ 'ਚ ਦਰਦ ਬਣ ਜਾਂਦੀ ਹੈ।
"ਜੋ ਸੁੱਖ ਛੱਜੂ ਦੇ ਚੁਬਾਰੇ, ਉਹ ਬਲਖ ਨਾ ਬੁਖਾਰੇ" ਵਾਲੀ ਕਹਾਵਤ ਤਾਂ ਭਾਵੇਂ ਸੱਚੀ ਦਿਸਦੀ ਹੈ, ਪਰ ਭੁੱਖਾ ਢਿੱਡ ਭਰਨ ਅਤੇ ਅੱਜ ਦੇ ਯੁੱਗ 'ਚ ਰੁਜ਼ਗਾਰ ਦੇ ਨਵੇਂ ਮੌਕੇ ਅਤੇ ਸੌਖੀ ਜ਼ਿੰਦਗੀ ਦੀ ਭਾਲ 'ਚ ਪ੍ਰਵਾਸ ਦੇ ਰਸਤੇ ਪੈਣਾ ਆਮ ਵਰਤਾਰਾ ਹੋ ਗਿਆ ਹੈ, ਕਿਉਂਕਿ ਮਨੁੱਖੀ ਫਿਤਰਤ ਅੱਗੇ ਵਧਣਾ ਤੇ ਸੰਘਰਸ਼ ਕਰਨਾ ਹੈ। ਮਾਰਟਿਨ ਲੂਥਰ ਕਿੰਗ ਜੂਨੀਅਰ ਦੇ ਸ਼ਬਦ, "ਜੇਕਰ ਤੁਸੀਂ ਉਡ ਨਹੀਂ ਸਕਦੇ, ਤਾਂ ਭੱਜੋ, ਜੇਕਰ ਭੱਜ ਨਹੀਂ ਸਕਦੇ ਤਾਂ ਚੱਲੋ, ਜੇਕਰ ਚੱਲ ਨਹੀਂ ਸਕਦੇ ਤਾਂ ਰਿੜੋ, ਤੁਸੀਂ ਜੋ ਵੀ ਕਰੋ ਤੁਹਾਨੂੰ ਅੱਗੇ ਵੱਧਦੇ ਰਹਿਣਾ ਹੈ"।
ਭਾਰਤ ਇੱਕ ਇਹੋ ਜਿਹਾ ਦੇਸ਼ ਹੈ, ਜਿਥੋਂ ਵੱਡੀ ਗਿਣਤੀ ਲੋਕ ਪ੍ਰਵਾਸ ਦੇ ਰਾਹ ਪਏ ਹਨ। ਆਪਣਾ ਦੇਸ਼ ਛੱਡਣ ਵਾਲੇ ਭਾਰਤੀਆਂ ਦੀ ਗਿਣਤੀ ਯੂਨਾਈਟਿਡ ਨੇਸ਼ਨਜ਼ ਅਨੁਸਾਰ 2020 ਦੇ ਇੱਕ ਸਰਵੇ ਅਨੁਸਾਰ 1 ਕਰੋੜ 80 ਲੱਖ ਹੈ। ਇਹ ਦੁਨੀਆਂ ਭਰ 'ਚ ਸਭ ਤੋਂ ਜ਼ਿਆਦਾ ਹੈ। ਇਹਨਾ ਵਿਚੋਂ ਯੂ.ਏ.ਈ. 'ਚ 35 ਲੱਖ, ਅਮਰੀਕਾ 'ਚ 27 ਲੱਖ, ਸਾਊਦੀ ਅਰਬ 'ਚ 25 ਲੱਖ ਅਤੇ ਹੋਰ ਦੇਸ਼ਾਂ ਅਸਟਰੇਲੀਆ, ਕੈਨੇਡਾ, ਯੂਕੇ, ਨਿਊਜ਼ੀਲੈਂਡ, ਕੁਵੈਤ ਆਦਿ ਦੇਸ਼ਾਂ 'ਚ ਹੈ। ਕਰੋਨਾ ਕਾਲ ਅਤੇ ਮੁੜ ਰੂਸ-ਯੂਕਰੇਨ ਯੂੱਧ ਤੋਂ ਪਹਿਲਾਂ 59 ਲੱਖ ਵਿਦਿਆਰਥੀ ਪੜ੍ਹਾਈ ਲਈ ਵੱਖੋ-ਵੱਖਰੇ ਦੇਸ਼ਾਂ 'ਚ ਵਿਦੇਸ਼ੀ ਯੂਨੀਵਰਸਿਟੀਆਂ 'ਚ ਦਾਖ਼ਲ ਹੋਏ। ਪਰ ਭਾਰਤ ਸਰਕਾਰ ਦੇ ਅੰਕੜਿਆਂ ਅਨੁਸਾਰ ਨਾਨ-ਰੈਜੀਡੈਂਟ ਇੰਡੀਅਨਜ਼ (ਐਨ.ਆਰ.ਆਈ.) ਅਤੇ ਉਵਰਸੀਜ਼ ਸਿਟੀਜਨਸ ਆਫ਼ ਇੰਡੀਆ, ਜਿਹੜੇ ਭਾਰਤ ਤੋਂ ਬਾਹਰ ਰਹਿੰਦੇ ਹਨ ਉਹਨਾ ਦੀ ਕੁਲ ਗਿਣਤੀ 3 ਕਰੋੜ 20 ਲੱਖ ਹੈ। ਇਹ ਭਾਰਤੀ, ਦੁਨੀਆ ਦੇ 131 ਮੁਲਕਾਂ ਵਿੱਚ ਰਹਿ ਰਹੇ ਹਨ ਅਤੇ ਹਰ ਸਾਲ 25 ਲੱਖ ਦੇਸ਼ ਤੋਂ ਦੂਜੇ ਮੁਲਕਾਂ ਨੂੰ ਜਾ ਰਹੇ ਹਨ।
ਕੀ ਭਾਰਤੀਆਂ ਵਲੋਂ ਦੇਸ਼ ਛੱਡਣ ਦਾ ਮੁਖ ਉਦੇਸ਼ ਸਿਰਫ਼ ਪੈਸੇ ਕਮਾਉਣਾ ਹੈ? ਜਾਂ ਇਸਦੇ ਕੋਈ ਹੋਰ ਕਾਰਨ ਵੀ ਹਨ। ਭਾਰਤ ਦੇ ਸਰਹੱਦੀ ਸੂਬੇ ਪੰਜਾਬ ਦੇ ਲੋਕਾਂ ਬਾਰੇ ਇਹ ਕਿਹਾ ਜਾਂਦਾ ਰਿਹਾ ਹੈ ਕਿ ਇਥੋਂ ਦੇ ਲੋਕ ਪੈਸਾ ਕਮਾਉਣ ਲਈ ਵਿਦੇਸ਼ ਗਏ ਅਤੇ ਉਹਨਾ ਲੋਕਾਂ ਦੀ ਕਮਾਈ ਦੀ ਚੱਕਾਚੌਂਧ ਤੋਂ ਹੋਰ ਪੰਜਾਬੀ ਪ੍ਰੇਰਿਤ ਹੋਏ ਤੇ ਕੈਨੇਡਾ, ਇੰਗਲੈਂਡ, ਅਮਰੀਕਾ ਮੁਲਕਾਂ 'ਚ ਵੱਡੀ ਗਿਣਤੀ 'ਚ ਹਰ ਹੀਲਾ ਵਸੀਲਾ ਕਰਕੇ ਪੁੱਜੇ। ਹੁਣ ਇਹ ਵਰਤਾਰਾ ਹੋਰ ਵੀ ਜ਼ਿਆਦਾ ਹੈ, ਜਦੋਂ ਵੱਡੀ ਗਿਣਤੀ 'ਚ ਵਿਦਿਆਰਥੀ ਵਿਦੇਸ਼ਾਂ 'ਚ ਦਾਖ਼ਲਾ ਲੈਕੇ ਪੁੱਜ ਰਹੇ ਹਨ। ਕੀ ਇਹ ਸਿਰਫ਼ ਚੰਗੇ ਭਵਿੱਖ ਲਈ ਹੈ?
ਪੰਜਾਬ ਦੇ ਹਾਲਾਤ ਸੁਖਾਵੇਂ ਨਹੀਂ ਹਨ, ਲੋਕ ਆਰਥਿਕ ਪੱਖੋਂ ਥੁੜ ਰਹੇ ਹਨ। ਬੇਰੁਜ਼ਗਾਰੀ ਵਧੀ ਹੈ, ਨੌਕਰੀਆਂ ਨਹੀਂ ਹਨ। ਗੁੰਡਾ ਅਨਸਰ ਅਤੇ ਨਸ਼ਿਆਂ ਦਾ ਪ੍ਰਕੋਪ ਵਧਿਆ ਹੈ। ਲੋਕ ਉਪਰਾਮ ਹੋ ਰਹੇ ਹਨ। ਉਹਨਾ ਦਾ ਦਿਲ ਨਹੀਂ ਲੱਗ ਰਿਹਾ। ਮਾਪੇ ਆਪਣੇ ਬੱਚਿਆਂ ਦੀ ਭਵਿੱਖ ਪ੍ਰਤੀ ਚਿੰਤਤ ਹਨ ਅਤੇ ਮਜ਼ਬੂਰੀ ਵੱਸ ਬੱਚਿਆਂ ਨੂੰ ਔਝੜੇ ਰਾਹ ਤੋਰ ਰਹੇ ਹਨ। ਪੰਜਾਬ ਨੌਜਵਾਨਾ ਤੋਂ ਵਿਰਵਾ ਹੋ ਰਿਹਾ ਹੈ। ਪੰਜਾਬ ਬੁੱਢਾ ਹੋ ਰਿਹਾ ਹੈ।
ਸੈਕੂਲਰ ਭਾਰਤ 'ਚ ਵਧ ਰਹੀ ਬੇਰੁਜ਼ਗਾਰੀ ਭੁੱਖਮਰੀ, ਅਮੀਰ-ਗਰੀਬ ਦੇ ਪਾੜੇ, ਧੱਕਾ ਧੌਂਸ ਦੀ ਸਿਆਸਤ ਅਤੇ ਆਮ ਲੋਕਾਂ ਦੇ ਜੀਵਨ ਦੀ ਅਸੁਰੱਖਿਆ ਨੇ ਇਥੋਂ ਦੇ ਸ਼ਹਿਰੀਆਂ 'ਚ ਇੱਕ ਡਰ ਪੈਦਾ ਕੀਤਾ ਹੈ। ਇਹ ਡਰ ਸਿਰਫ਼ ਕਾਰੋਬਾਰੀਆਂ 'ਚ ਹੀ ਨਹੀਂ ਹੈ, ਜਿਹੜੇ ਕਾਰੋਬਾਰਾਂ ਸਮੇਤ ਦੁਨੀਆਂ 'ਚ ਕੋਈ ਸੁਰੱਖਿਅਤ ਕੋਨਾ ਲੱਭ ਰਹੇ ਹਨ, ਇਹ ਹੇਠਲੇ ਮੱਧ ਵਰਗ ਵਿੱਚ ਜ਼ਿਆਦਾ ਹੈ, ਜਿਹਨਾ ਨੂੰ ਆਪਣੇ ਭਵਿੱਖ 'ਚ ਬਿਹਤਰ ਜੀਵਨ ਦੀ ਵੱਧ ਤਮੰਨਾ ਹੁੰਦੀ ਹੈ। ਇਹ ਲੋਕ ਹਰ ਹੀਲਾ ਵਸੀਲਾ ਵਰਤਕੇ, ਆਪਣੀ ਜਮ੍ਹਾਂ ਪੂੰਜੀ, ਆਪਣੀ ਛੋਟੀ ਮੋਟੀ ਜਾਇਦਾਦ ਗਿਰਵੀ ਰੱਖਕੇ ਆਪਣੇ ਬੱਚਿਆਂ ਨੂੰ ਅਤੇ ਫਿਰ ਆਪ ਬਾਹਰ ਤੁਰ ਰਹੇ ਹਨ। ਮੁੱਖ ਤੌਰ ਤੇ ਪੰਜਾਬ ਦੀ ਨਪੀੜੀ ਜਾ ਰਹੀ ਛੋਟੀ ਕਿਸਾਨੀ ਆਰਥਿਕ ਤੰਗੀ ਕਾਰਨ ਵਧੇਰੇ ਕਰਕੇ ਇਸੇ ਰਾਹ ਪੈ ਰਹੀ ਹੈ।ਗੱਲ ਹਰਿਆਣਾ ਦੀ ਵੀ ਇਹੋ ਹੈ ਅਤੇ ਦੱਖਣੀ ਸੂਬਿਆਂ ਦੀ ਵੀ ਇਹੋ ਹੈ।
ਦੇਸ਼ ਦੀ ਹਕੂਮਤ ਨੌਜਵਾਨਾ ਲਈ ਦੋ ਕਰੋੜ ਨੌਕਰੀਆਂ ਦਾ ਵਾਇਦਾ ਪਰੋਸਦੀ ਹੈ, ਪਰ ਪੱਲੇ ਕੁਝ ਨਹੀਂ ਪਾਉਂਦੀ। ਦੇਸ਼ ਦੀ ਹਕੂਮਤ “ਵਿਸ਼ਵ ਗੁਰੂ” ਦਾ ਨਾਹਰਾ ਦਿੰਦੀ ਹੈ, ਪਰ ਪੱਲੇ ਗਰੀਬਾਂ ਲਈ ਹੋਰ ਗਰੀਬੀ ਪਾਉਂਦੀ ਹੈ। ਹਿੰਦੂਤਵੀ ਅਜੰਡਾ ਅਤੇ ਸਿਰਫ ਵੋਟਾਂ ਦੀ ਨੀਤ ਅਤੇ ਨੀਤੀ ਚਮਕਾਉਂਦੀ ਹੈ।
ਫਿਰ ਲੋਕਾਂ ਲਈ ਇਹ ਦੇਸ਼ ਬੇਗਾਨਾ ਕਿਉਂ ਨਾ ਹੋਏਗਾ?
-
ਗੁਰਮੀਤ ਸਿੰਘ ਪਲਾਹੀ, Journalist
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.