25 ਫਰਵਰੀ ਨੂੰ ਅਮਰੀਕਾ ਦੀ ਵਿੱਤੀ ਖੋਜ ਕੰਪਨੀ ਹਿੰਡਨਬਰਗ ਨੇ ਜਿਵੇਂ ਹੀ ਗੌਤਮ ਅਡਾਨੀ ਦੀ ਕੰਪਨੀ ਅਡਾਨੀ ਗਰੁੱਪ ਵੱਲੋਂ ਕੀਤੇ ਜਾ ਰਹੇ ਕਥਿੱਤ ਘੁਟਾਲਿਆਂ ਬਾਰੇ 413 ਪੇਜ਼ਾਂ ਦੀ ਇੱਕ ਵਿਸਥਾਰਿਤ ਰਿਪੋਰਟ ਦੁਨੀਆਂ ਦੇ ਸਾਹਮਣੇ ਪੇਸ਼ ਕੀਤੀ, ਅਡਾਨੀ ਗਰੁੱਪ ਦੇ ਸ਼ੇਅਰਾਂ ਦੀ ਕੀਮਤ ਧੜਾ ਧੜ ਥੱਲੇ ਨੂੰ ਆਉਣ ਲੱਗ ਪਈ, ਕੁਝ ਹੀ ਦਿਨਾਂ ਵਿੱਚ ਗੌਤਮ ਅਡਾਨੀ ਸੰਸਾਰ ਦੇ ਦੂਸਰੇ ਅਮੀਰ ਆਦਮੀ ਦੀ ਪਦਵੀ ਤੋਂ ਡਿੱਗ ਕੇ ਦਸਵੇਂ ਸਥਾਨ 'ਤੇ ਪਹੁੰਚ ਗਿਆ ਹੈ , ਹਿੰਡਨਬਰਗ ਦੀ ਰਿਪੋਰਟ ਨੇ ਵਿਸ਼ਵ ਪੱਧਰ 'ਤੇ ਐਸੀ ਤਰਥੱਲੀ ਮਚਾਈ ਹੈ ਕਿ ਅੱਜ ਤੱਕ ਅਡਾਨੀ ਗਰੁੱਪ ਦੇ ਸ਼ੇਅਰ ਥੱਲੇ ਤੋਂ ਥੱਲੇ ਹੀ ਜਾ ਰਹੇ ਹਨ , ਆਖਰ ਕੌਣ ਹੈ ਇਹ ਹਿੰਡਨਬਰਗ ਕੰਪਨੀ ਜਿਸ ਦੀਆਂ ਖੋਜੀ ਰਿਪੋਰਟਾਂ ਨੂੰ ਵਿਸ਼ਵ ਪੱਧਰ 'ਤੇ ਐਨੀ ਤਵੱਜ਼ੋ ਅਤੇ ਵਿਸ਼ਵਾਸ਼ ਹਾਸਲ ਹੈ ਕਿ ਉਹਨਾਂ ਨੂੰ ਪੱਥਰ 'ਤੇ ਲਕੀਰ ਮੰਨ ਲਿਆ ਜਾਂਦਾ ਹੈ , ਹਿੰਡਨਬਰਗ ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿੱਚ ਕੰਮ ਕਰ ਰਹੀ ਇੱਕ ਵਿੱਤੀ ਖੋਜ ਕੰਪਨੀ ਹੈ ਜੋ ਵਿਸ਼ਵ ਪੱਧਰ ਦੀਆਂ ਖਰਬਪਤੀ ਕੰਪਨੀਆਂ ਦੇ ਕਾਲੇ ਕਾਰ ਵਿਹਾਰ, ਗੁਪਤ ਖਾਤੇ ਅਤੇ ਭ੍ਰਿਸ਼ਟ ਲੈਣ ਦੇਣ ਆਦਿ ਬਾਰੇ ਬਰੀਕੀ ਅਤੇ ਵਿਸਥਾਰ ਨਾਲ ਖੋਜ ਪੜਤਾਲ ਕਰ ਕੇ ਉਹਨਾਂ ਵੱਲੋਂ ਸਰਕਾਰ, ਨਿਵੇਸ਼ਕਾਂ ਅਤੇ ਗਾਹਕਾਂ ਨਾਲ ਕੀਤੇ ਜਾ ਰਹੇ ਧੋਖੇ ਅਤੇ ਵਿੱਤੀ ਘਪਲਿਆਂ ਨੂੰ ਸਾਹਮਣੇ ਲਿਆਉਂਦੀ ਹੈ , ਇਸ ਵੱਲੋਂ ਪ੍ਰਕਾਸ਼ਿਤ ਰਿਪੋਰਟਾਂ ਐਨੀ ਸਟੀਕਤਾਅਤੇ ਸਖਤ ਪੁਣ ਛਾਣ ਤੋਂ ਬਾਅਦ ਤਿਆਰ ਕੀਤੀਆਂ ਜਾਂਦੀਆਂ ਹਨ ਕਿ ਅੱਜ ਤੱਕ ਕਿਸੇ ਕੰਪਨੀ ਨੇ ਇਹਨਾਂ ਦੇ ਖਿਲਾਫ ਅਦਾਲਤ ਵਿੱਚ ਜਾਣ ਦੀ ਹਿੰਮਤ ਨਹੀਂ ਕੀਤੀ, ਤੇ ਜੇ ਕਿਸੇ ਨੇ ਕੀਤੀ ਵੀ ਤਾਂ ਉਸ ਦੇ ਅਨੇਕਾਂ ਹੋਰ ਪੋਲ ਖੁੱਲ੍ਹ ਗਏ ਹਨ
ਇੱਕ ਹਫਤਾ ਪਹਿਲਾਂ ਤੱਕ ਭਾਰਤ ਵਿੱਚ ਕੋਈ ਨੇਥਨ ਐਂਡਰਸਨ ਅਤੇ ਹਿੰਡਨਬਰਗ ਦਾ ਨਾਮ ਤੱਕ ਨਹੀਂ ਸੀ ਜਾਣਦਾ। ਨੇਥਨ ਐਂਡਰਸਨ ਦਾ ਜਨਮ ਅਮਰੀਕਾ ਦੇ ਕਨੈਕਟੀਕਟ ਸੂਬੇ ਦੇ ਸ਼ਹਿਰ ਹਾਰਟਫੋਰਡ ਦੇ ਇੱਕ ਸਧਾਰਨ ਪਰਿਵਾਰ ਵਿੱਚ ਹੋਇਆ ਸੀ। ਸਕੂਲੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਉਸ ਇਜ਼ਰਾਈਲ ਚਲਾ ਗਿਆ ਤੇ ਕੁਝ ਸਾਲਾਂ ਤੱਕ ਯੋਰੂਸ਼ਲਮ ਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚ ਐਂਬੂਲੈਂਸ ਚਲਾਉਂਦਾ ਰਿਹਾ। ਉਥੋਂ ਵਾਪਸ ਆ ਕੇ ਉਸ ਨੇ ਯੂਨੀਵਰਸਿਟੀ ਆਫ ਕਨੈਕਟੀਕਟ ਤੋਂ ਇੰਟਰਨੈਸ਼ਨਲ ਬਿਜ਼ਨਸ ਵਿੱਚ ਡਿਗਰੀ ਹਾਸਲ ਕੀਤੀ ਤੇ ਇੱਕ ਵਿੱਤੀ ਖੋਜ ਕੰਪਨੀ ਫੈਕਟਸੈਟ ਵਿੱਚ ਬਤੌਰ ਡਾਟਾ ਐਨੀਲੈਸਟ ਨੌਕਰੀ ਸ਼ੁਰੂ ਕਰ ਦਿੱਤੀ। ਇਹ ਕੰਪਨੀ ਵੀ ਛੋਟੇ ਪੱਧਰ 'ਤੇ ਵਿੱਤੀ ਘੁਟਾਲਿਆਂ ਦੀ ਖੋਜਬੀਨ ਦਾ ਕੰਮ ਕਰਦੀ ਸੀ। ਇਥੇ ਕੰਮ ਕਰਦੇ ਸਮੇਂ ਉਸ ਨੂੰ ਅਪਾਰ ਤਜ਼ਰਬਾ ਹਾਸਲ ਹੋਇਆ ਤੇ ਉਸ ਦਾ ਮਨ ਇਸ ਕੰਮ ਵਿੱਚ ਪੂਰੀ ਤਰਾਂ ਨਾਲ ਖੁਭ ਗਿਆ। ਇਸ ਕੰਪਨੀ ਵਿੱਚ ਛੇ ਸਾਲ ਕੰਮ ਕਰਨ ਤੋਂ ਬਾਅਦ ਉਸ ਨੇ 2017 ਵਿੱਚ ਆਪਣੀ ਅਲੱਗ ਕੰਪਨੀ ਖੋਲ੍ਹ ਲਈ ਤੇ ਜਲਦੀ ਹੀ ਅਮਰੀਕੀ ਬਿਜ਼ਨਸ ਸੰਸਾਰ ਵਿੱਚ ਇੱਕ ਵੱਡਾ ਨਾਮ ਬਣ ਗਿਆ। ਹੈਰਾਨੀ ਦੀ ਗੱਲ ਹੈ ਕਿ ਉਸ ਦੀ ਕੰਪਨੀ ਵਿੱਚ ਉਸ ਸਮੇਤ ਸਿਰਫ ਦਸ ਕਰਮਚਾਰੀ ਕੰਮ ਕਰਦੇ ਹਨ ਤੇ ਇੱਹ ਇੱਕ ਕਮਰੇ ਦੇ ਦਫਤਰ ਤੋਂ ਆਪਣਾ ਸਾਰਾ ਕੰਮ ਕਾਜ ਚਲਾਉਂਦੀ ਹੈ
ਉਸ ਨੇ ਆਪਣੀ ਕੰਪਨੀ ਦਾ ਨਾਮ ਹਾਈਡਰੋਜਨ ਗੈਸ ਦੇ ਵਿਸ਼ਾਲ ਗੁਬਾਰੇ ਦੀ ਮਦਦ ਨਾਲ ਉੱਡਣਵਾਲੇ ਜਰਮਨੀ ਨਿਰਮਿਤ ਹਿੰਡਨਬਰਗ ਏਅਰਸ਼ਿੱਪ ਦੇ ਨਾਮ 'ਤੇ ਰੱਖਿਆ ਹੈ ਜੋ 6 ਮਈ 1937 ਨੂੰ ਅਮਰੀਕਾ ਦੇ ਮਾਨਚੈਸਟਰ ਸ਼ਹਿਰ (ਨਿਊ ਜਰਸੀ ਸਟੇਟ) ਦੇ ਨੇਵਲ ਏਅਰਪੋਰਟ 'ਤੇ ਉੱਤਰਦੇ ਸਮੇਂ ਹਾਈਡਰੋਜਨ ਗੈਸ ਨੂੰ ਅੱਗ ਲੱਗ ਜਾਣ ਕਾਰਨ ਤਬਾਹ ਹੋ ਗਿਆ ਸੀ , ਇਸ ਹਾਦਸੇ ਕਾਰਨ 35 ਯਾਤਰੀ ਮਾਰੇ ਗਏ ਸਨ ਤੇ 45 ਦੇ ਕਰੀਬ ਜ਼ਖਮੀ ਹੋਏ ਸਨ। ਬਾਅਦ ਵਿੱਚ ਹੋਈ ਜਾਂਚ ਪੜਤਾਲ ਵਿੱਚ ਇਹ ਹਾਦਸਾ ਪੂਰੀ ਤਰਾਂ ਨਾਲ ਇਨਸਾਨੀ ਅਣਗਹਿਲੀ ਕਾਰਨ ਹੋਇਆ ਪਾਇਆ ਗਿਆ ਸੀ।ਨੇਥਨ ਦਾ ਕਹਿਣਾ ਹੈ ਕਿ ਧੋਖੇਬਾਜ਼ ਕੰਪਨੀਆਂਵੀ ਨਿਵੇਸ਼ਕਾਂ ਨੂੰ ਠੱਗਣ ਲਈ ਹਿੰਡਨਬਰਗ ਵਰਗੇ ਵਿਸ਼ਾਲ ਤੇ ਝੂਠੇ ਸੁਪਨੇ ਵਿਖਾਉਂਦੀਆਂ ਹਨ ਜੋ ਬਾਅਦ ਵਿੱਚ ਹਿੰਡਨਬਰਗ ਵਾਂਗ ਫਟ ਕੇ ਲੱਖਾਂ ਲੋਕਾਂ ਦੀ ਜ਼ਿੰਦਗੀ ਭਰ ਦੀ ਕਮਾਈ ਸਵਾਹ ਕਰ ਦਿੰਦੇ ਹਨ ਤੇ ਕੰਪਨੀਆਂ ਕਾਨੂੰਨੀ ਦਾਅ ਪੇਚਾਂ ਦਾ ਸਹਾਰਾ ਲੈ ਕੇ ਸਾਫ ਬਚ ਨਿਕਲਦੀਆਂ ਹਨ।ਹਿੰਡਨਬਰਗ ਕੰਪਨੀ ਦੀ ਵੈੱਬਸਾਈਟ ਦੇ ਮੁਤਾਬਕ ਉਹ ਹੁਣ ਤੱਕ ਵਿਸ਼ਵ ਭਰ ਦੀਆਂ 17 ਕੰਪਨੀਆਂ ਦੇ ਗਲਤ ਕੰਮਾਂ ਦਾ ਭਾਂਡਾ ਫੋੜ ਕੇ ਉਹਨਾਂ ਦੇ ਕਾਲੇ ਕਾਰਨਾਮੇ ਦੁਨੀਆਂ ਦੇ ਸਾਹਮਣੇ ਲਿਆ ਚੁੱਕੀ ਹੈ।
ਹਿੰਡਨਬਰਗ ਕੰਪਨੀ ਦਾ ਕੰਮ ਕਰਨ ਦਾ ਤਰੀਕਾ ਬਹੁਤ ਹੀ ਧੀਰਜ ਵਾਲਾ ਅਤੇ ਅੱਤ ਆਧੁਨਿਕ ਹੈ। ਜਿਸ ਸ਼ੱਕੀ ਕੰਪਨੀ ਦੀ ਉਸ ਨੇ ਜਾਂਚ ਕਰਨੀ ਹੋਵੇ, ਉਸ ਨੂੰ ਪਤਾ ਲੱਗੇ ਬਗੈਰ ਬਹੁਤ ਹੀ ਗੁੱਪ ਚੁੱਪ ਤਰੀਕੇ ਉਸ ਦੇ ਵਹੀ ਖਾਤੇ ਅਤੇ ਕੰਮ ਕਰਨ ਦੇ ਤਰੀਕਿਆਂ ਦਾ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਇਸ ਕੰਮ ਵਿੱਚ ਇਸ ਦੀ ਸਭ ਤੋਂ ਵੱਧ ਮਦਦ ਖੋਜੀ ਪੱਤਰਕਾਰ,ਕੰਪਨੀ ਤੋਂ ਨਰਾਜ਼ ਤੇ ਬਰਤਰਫ ਕੀਤੇ ਹੋਏਕਰਮਚਾਰੀ ਅਤੇ ਹੋਰ ਘਰ ਦੇ ਭੇਤੀ ਕਰਦੇ ਹਨ। ਅਡਾਨੀ ਗਰੁੱਪ ਬਾਰੇ ਹਿੰਡਨਗਰਗ ਦਾ ਦਾਅਵਾ ਹੈ ਕਿ ਉਸ ਦੀ ਜਾਂਚ ਪੜਤਾਲ ਵਾਸਤੇ ਉਸ ਨੇ ਤਿੰਨ ਸਾਲ ਖਰਚ ਕੀਤੇ ਹਨ। ਅਡਾਨੀ ਗਰੁੱਪ ਤੋਂ ਇਲਾਵਾ ਉਸ ਦੀਅ ਸਭ ਤੋਂ ਪ੍ਰਸਿੱਧ ਵਿੱਤੀ ਬੇਨਿਯਮੀ ਖੋਜਾਂ ਵਿੱਚ ਬਿਜਲਈ ਗੱਡੀਆਂ ਬਣਾਉਣ ਵਾਲੀ ਨਿਕੋਲਾ ਕੰਪਨੀ ਅਤੇ ਦਵਾਈਆਂ ਬਣਾਉਣ ਵਾਲੀ ਕਲੋਵ ਹੈੱਲਥ ਕੰਪਨੀ ਸ਼ਾਮਲ ਹੈ। ਨਿਕੋਲਾ ਕੰਪਨੀ ਦਾਅਵਾ ਕਰਦੀ ਸੀ ਕਿ ਉਹ ਹਾਈਡਰੋਜ਼ਨ ਅਤੇ ਇਲੈੱਕਟਰਿਕ ਫਿਊਲ ਸੈੱਲ ਦੁਆਰਾ ਚੱਲਣ ਵਾਲੀਆਂ ਜੀਰੋ ਪ੍ਰਦੂਸ਼ਣ ਗੱਡੀਆਂ ਤਿਆਰ ਕਰਦੀ ਹੈ। ਉਸ ਬਾਰੇ ਡੁੰਘਾਈ ਨਾਲ ਜਾਂਚ ਪੜਤਾਲ ਕਰ ਕੇ ਹਿੰਡਨਬਰਗ ਨੇ ਸਤੰਬਰ 2020 ਵਿੱਚ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਕਿ ਨਿਕੋਲਾ ਕੰਪਨੀ ਇੱਕ ਬਹੁਤ ਵੱਡੇ ਫਰਾਡ ਤੋਂ ਇਲਾਵਾ ਕੁਝ ਨਹੀਂ ਹੈ। ਇਸ਼ਤਿਹਾਰੀ ਵੀਡੀਉ ਵਿੱਚ ਜਿਸ ਬਿਜਲਈ ਟਰੱਕ ਨੂੰ ਬਹੁਤ ਤੇਜ਼ੀ ਨਾਲ ਦੌੜਦਾ ਹੋਇਆ ਵਿਖਾਇਆ ਗਿਆ ਹੈ, ਅਸਲ ਵਿੱਚ ਉਹ ਢਲਾਣ ਤੋਂ ਥੱਲੇ ਵੱਲ ਜਾ ਰਿਹਾ ਸੀ। ਹੋਰ ਤਾਂ ਹੋਰਉਹ ਟਰੱਕ ਨਿਕੋਲਾ ਕੰਪਨੀ ਦਾ ਹੈ ਹੀ ਨਹੀਂ ਸੀ, ਸਗੋਂ ਜਨਰਲ ਮੋਟਰ ਦਾ ਬਣਿਆ ਹੋਇਆ ਸੀ ਤੇ ਉਸ 'ਤੇ ਸਿਰਫ ਨਿਕੋਲਾ ਦਾ ਲੋਗੋ ਚੇਪਿਆ ਹੋਇਆ ਸੀ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਨਿਕੋਲਾ ਕੰਪਨੀ ਲਗਾਤਾਰ ਨਿਵੇਸ਼ਕਾਂ ਅਤੇ ਸ਼ੇਅਰ ਹੋਲਡਰਾਂ ਨੂੰ ਧੋਖਾ ਦੇ ਰਹੀ ਹੈ ਜਿਸ ਵਿੱਚ ਉਸ ਦਾ ਚੇਅਰਮੈਨ ਟਰੈਵਰ ਮਿਲਟਨ ਪੂਰੀ ਤਰਾਂ ਨਾਲ ਸ਼ਾਮਲ ਹੈ। ਇਸ ਰਿਪੋਰਟ ਦੇ ਪ੍ਰਕਾਸ਼ਿਤ ਹੁੰਦੇ ਸਾਰ ਨਿਕੋਲਾ ਦੇ ਸ਼ੇਅਰ 40% ਤੱਕ ਡਿੱਗ ਪਏ ਤੇ ਉਸ ਦੇ ਖਿਲਾਫ ਅਮਰੀਕੀ ਨਿਆਂ ਵਿਭਾਗ ਦੀਜਾਂਚ ਪੜਤਾਲ ਖੁਲ੍ਹ ਗਈ। ਪਹਿਲਾਂ ਤਾਂ ਚੇਅਰਮੈਨ ਨੇ ਕਾਫੀ ਰੌਲਾ ਗੌਲਾ ਪਾਇਆ ਪਰ ਬਾਅਦ ਵਿੱਚ ਉਸ ਨੇ ਆਪਣਾ ਗੁਨਾਹ ਮੰਨ ਲਿਆ ਤੇ ਚੇਅਰਮੈਨ ਦੀ ਪਦਵੀ ਤੋਂ ਅਸਤੀਫਾ ਦੇ ਦਿੱਤਾ। ਪੜਤਾਲ ਵਿੱਚ ਉਹ ਦੋਸ਼ੀ ਪਾਇਆ ਗਿਆ ਤੇ ਦਸ ਲੱਖ ਡਾਲਰ ਦਾ ਜ਼ੁਰਮਾਨਾ ਭੁਗਤਣਾ ਪਿਆ। ਦਸੰਬਰ 2022 ਵਿੱਚ ਇੱਕ ਅਦਾਲਤ ਨੇ ਵੀ ਉਸ ਨੂੰ ਸਾਰੇ ਇਲਜ਼ਾਮਾਂ ਵਿੱਚ ਦੋਸ਼ੀ ਪਾਇਆ ਹੈ ਤੇ ਜਲਦੀ ਹੀ ਉਹ ਜੇਲ੍ਹ ਯਾਤਰਾ 'ਤੇ ਜਾ ਰਿਹਾ ਹੈ। ਹਿੰਡਨਬਰਗ ਦੇ ਇੰਕਸ਼ਾਫ ਤੋਂ ਬਾਅਦ ਨਿਕੋਲਾ ਦੁਬਾਰਾ ਆਪਣੇ ਪੈਰਾਂ 'ਤੇ ਖੜੀ ਨਹੀਂ ਹੋ ਸਕੀ।
ਫਰਵਰੀ 2021 ਵਿੱਚ ਹਿੰਡਨਬਰਗ ਨੇ ਹੈਲਥਕੇਅਰ ਕੰਪਨੀ ਕਲੋਵਰ ਹੈਲਥ ਦੇ ਖਿਲਾਫ ਰਿਪੋਰਟ ਛਾਇਆ ਕੀਤੀ ਸੀ ਕਿ ਉਸ ਨੇ ਆਪਣੇ ਨਿਵੇਸ਼ਕਾਂ ਨੂੰਇਹ ਗੱਲ ਲੁਕਾ ਕੇ ਧੋਖਾ ਦਿੱਤਾ ਹੈ ਕਿ ਉਸ ਦੇ ਖਿਲਾਫ ਅਮਰੀਕਾ ਦੇ ਵਣਜ ਵਿਭਾਗ ਵੱਲੋਂ ਵਿੱਤੀ ਬੇਨਿਯਮੀਆਂ ਦੀ ਜਾਂਚ ਪੜਤਾਲ ਚੱਲ ਰਹੀ ਹੈ। ਇਸ ਤੋਂ ਇਲਾਵਾ ਉਸ ਨੇ ਇਸ ਕੰਪਨੀ ਦੀਆਂ ਹੋਰ ਵੀ ਅਨੇਕਾਂ ਗੜਬੜੀਆਂ ਨੂੰ ਸਾਹਮਣੇ ਲਿਆਂਦਾ ਜਿਸ ਕਾਰਨ ਇਹ ਕੰਪਨੀ ਵੀ ਰਾਤੋ ਰਾਤ ਬਰਬਾਦੀ ਦੇ ਕੰਢੇ ਪਹੁੰਚ ਗਈ। ਇਸ ਤੋਂ ਇਲਾਵਾ ਉਹ ਡਰਾਫਕਿੰਗ, ਆਰਮਟ ਟੈਕਨੋਲਾਜੀ, ਮੁੱਲਾਨ, ਚੀਨੀ ਕੰਪਨੀ ਬਲਾਕਚੇਨ ਅਤੇ ਕ੍ਰਿਪਟੋ ਕਰੰਸੀ ਐਸ.ਉ.ਐਸ. ਆਦਿ ਦੇ ਖਿਲਾਫ ਜਾਂਚ ਪੜਤਾਲ ਕਰ ਚੁੱਕੀ ਹੈ ਜੋ ਹਰ ਵਾਰ ਸਹੀ ਪਾਈ ਗਈ। ਹਿੰਡਨਬਰਗ ਇਹ ਕੰਮ ਕੋਈ ਸਮਾਜ ਸੇਵਾ ਲਈ ਜਾਂ ਮੁਫਤ ਵਿੱਚ ਨਹੀਂ ਕਰਦਾ। ਜਦੋਂ ਉਹ ਕਿਸੇ ਕੰਪਨੀ ਦੀਆਂ ਵਿੱਤੀ ਗੜਬੜੀਆਂ ਸਾਹਮਣੇ ਲਿਆਉਂਦਾ ਹੈ ਤਾਂ ਇੱਕ ਜਾਸੂਸੀ ਕੰਪਨੀ ਵਜੋਂ ਕੰਮ ਕਰਦਾ ਹੈ। ਕਈ ਵਾਰ ਨਿਵੇਸ਼ਕ ਉਸ ਨੂੰ ਇਹ ਕੰਮ ਕਰਨ ਲਈ ਕਹਿੰਦੇ ਹਨ ਤਾਂ ਜੋ ਉਹ ਕਿਸੇਖਾਸ ਕੰਪਨੀ ਵਿੱਚ ਪੈਸਾ ਲਗਾਉਣ ਜਾਂ ਨਾ। ਇਸ ਕੰਮ ਦੀ ਉਹ ਮੋਟੀ ਫੀਸ ਵਸੂਲਦਾ ਹੈ। ਇਸ ਤੋਂ ਇਲਾਵਾ ਕਿਸੇ ਕੰਪਨੀ ਦੀ ਗੜਬੜੀ ਸਾਹਮਣੇ ਲਿਆਉਣ 'ਤੇ ਉਸ ਨੂੰ ਅਮਰੀਕੀ ਵਿੱਤ ਵਿਭਾਗ ਵੱਲੋਂ ਮੋਟੀ ਰਾਸ਼ੀ ਕਮਿਸ਼ਨ ਦੇ ਤੌਰ 'ਤੇ ਮਿਲਦੀ ਹੈ। ਅੱਜ ਕਲ੍ਹ ਉਹ ਟੈਥਰ ਨਾਮਕ ਕ੍ਰਿਪਟੋਕਰੰਸੀ ਕੰਪਨੀ ਦੇ ਪਿੱਛੇ ਪਿਆ ਹੋਇਆ ਹੈ। ਅਕਤੂਬਰ 2022 ਵਿੱਚ ਉਸ ਨੇ ਟੈਥਰ ਦੀ ਕਿਸੇ ਠੋਸ ਵਿੱਤੀ ਗੜਬੜੀ ਦੀ ਸੂਚਨਾ ਦੇਣ ਵਾਲੇ ਨੂੰ ਇੱਕ ਲੱਖ ਅਮਰੀਕਨ ਡਾਲਰ (ਕਰੀਬ 83 ਲੱਖ ਰੁਪਏ) ਇਨਾਮ ਦੇਣ ਦੀ ਘੋਸ਼ਣਾ ਕੀਤੀ ਸੀ। ਇਸ ਤੋਂ ਪਤਾ ਲਗਦਾ ਹੈ ਕਿ ਇਸ ਕੰਮ ਵਿੱਚ ਹਿੰਡਨਬਰਗ ਨੂੰ ਕਿੰਨੀ ਕਮਾਈ ਹੋ ਰਹੀ ਹੈ।
ਅਡਾਨੀ ਤੋਂ ਇਲਾਵਾ ਹਿੰਡਨਬਰਗ ਦੀ ਜਾਂਚ ਪੜਤਾਲ ਕਾਰਨ ਵਿੰਨਜ਼ ਫਾਈਨਾਂਸ, ਜੀਨੀਅਸ ਬਰਾਂਡ, ਚਾਈਨਾ ਮੈਟਲ ਕੰਪਨੀ, ਪਰੀਡਿਕਟਵ ਟੈਕਨੋਲਾਜੀ ਕੰਪਨੀ ਅਤੇ ਐਚ ਐਫਫੂਡ ਨੂੰ ਵੀ ਸ਼ੇਅਰ ਡਿੱਗਣ ਕਾਰਨ ਕਰੋੜਾਂ ਦਾ ਨੁਕਸਾਨ ਹੋਇਆ ਸੀ। ਹੁਣ ਅਡਾਨੀ ਗਰੁੱਪ ਹਿੰਡਨਬਰਗ ਦੇ ਖਿਲਾਫ ਕੀ ਕਾਨੂੰਨੀ ਕਾਰਵਾਈ ਕਰਦਾ ਹੈ ਜਾਂ ਭਾਰਤ ਸਰਕਾਰ ਅਡਾਨੀ ਗਰੁੱਪ ਦੇ ਖਿਲਾਫ ਕੀ ਕਾਰਵਾਈ ਕਰਦੀ ਹੈ, ਇਹ ਅਜੇ ਸਮੇਂ ਦੇ ਗਰਭ ਵਿੱਚ ਹੈ। ਪਰ ਇੱਕ ਵਾਰ ਤਾਂ ਉਸ ਨੇ ਅਡਾਨੀ ਗਰੁੱਪ ਨੂੰ ਹਿਲਾ ਕੇ ਰੱਖ ਦਿੱਤਾ ਹੈ
-
ਬਲਰਾਜ ਸਿੰਘ ਸਿੱਧੂ ਕਮਾਂਡੈਂਟ, ਕਮਾਂਡੈਂਟ
bssidhupps@gmail.com
9501100062
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.