ਪਦਮ ਸ੍ਰੀ ਮਿਲਣ ‘ਤੇ ਵਿਸ਼ੇਸ਼
ਸਿਪਾਹੀ ਤੋਂ ਪਦਮ ਸ੍ਰੀ ਤੱਕ ਪਹੁੰਚਣ ਵਾਲਾ ਸਿਰੜ੍ਹੀ ਖੋਜੀ ਡਾ. ਰਤਨ ਸਿੰਘ ਜੱਗੀ...ਉਜਾਗਰ ਸਿੰਘ ਦੀ ਕਲਮ ਤੋਂ
ਸਾਡੇ ਨੌਜਵਾਨ ਪੰਜਾਬ ਵਿੱਚ ਰੋਜ਼ਗਾਰ ਦੀ ਘਾਟ ਦਾ ਬਹਾਨਾ ਬਣਾ ਕੇ ਪਰਵਾਸ ਵਲ ਵਹੀਰਾਂ ਘੱਤ ਕੇ ਜਾ ਰਹੇ ਹਨ। ਉਨ੍ਹਾਂ ਲਈ ਡਾ.ਰਤਨ ਸਿੰਘ ਜੱਗੀ ਪ੍ਰੇਰਨਾ ਸਰੋਤ ਬਣ ਸਕਦੇ ਹਨ, ਜਿਹੜੇ ਆਪਣੀ ਮਿਹਨਤ ਅਤੇ ਦ੍ਰਿੜ੍ਹ ਇਰਾਦੇ ਕਰਕੇ ਇਕ ਪੁਲਿਸ ਦੇ ਸਿਪਾਹੀ ਤੋਂ ਭਰਤੀ ਹੋ ਕੇ ਪਦਮ ਸ੍ਰੀ ਦੀ ਉਪਾਧੀ ਤੱਕ ਪਹੁੰਚ ਗਏ ਹਨ।
ਭਾਰਤ ਸਰਕਾਰ ਨੇ ਡਾ.ਰਤਨ ਸਿੰਘ ਜੱਗੀ ਨੂੰ ਸਾਹਿਤ ਅਤੇ ਸਿੱਖਿਆ ਦੇ ਖੇਤਰ ਵਿੱਚ ਯੋਗਦਾਨ ਪਾਉਣ ਲਈ ਪਦਮ ਸ੍ਰੀ ਦੇਣ ਦਾ ਐਲਾਨ ਕੀਤਾ ਹੈ। ਦੇਸ਼ ਵਿੱਚੋਂ 91 ਵਿਅਕਤੀਆਂ ਨੂੰ ਪਦਮ ਸ੍ਰੀ ਦਾ ਖਿਤਾਬ ਐਲਾਨ ਕੀਤਾ ਗਿਆ ਹੈ, ਪੰਜਾਬ ਵਿੱਚੋਂ ਇਕੱਲੇ ਡਾ.ਰਤਨ ਸਿੰਘ ਜੱਗੀ ਹਨ। ਸੰਸਾਰ ਵਿਚ ਕੋਈ ਕੰਮ ਵੀ ਅਸੰਭਵ ਨਹੀਂ ਹੁੰਦਾ ਜੇਕਰ ਉਸਨੂੰ ਕਰਨ ਵਾਲੇ ਵਿਅਕਤੀ ਦਾ ਦ੍ਰਿੜ੍ਹ ਇਰਾਦਾ, ਲਗਨ ਅਤੇ ਮਿਹਨਤੀ ਸੁਭਾਅ ਹੋਣਾ ਹੋਵੇ। ਸਾਡੇ ਨੌਜਵਾਨ ਔਖੇ ਕੰਮ ਨੂੰ ਕਰਨ ਦੀ ਹਿੰਮਤ ਕਰਨ ਤੋਂ ਪਹਿਲਾਂ ਹੀ ਢੇਰੀ ਢਾਹ ਬੈਠਦੇ ਹਨ ਪ੍ਰੰਤੂ ਕੁਝ ਅਜਿਹੇ ਉਦਮੀ ਹੁੰਦੇ ਹਨ, ਜਿਹੜੇ ਜਿਸ ਕੰਮ ਨੂੰ ਕਰਨ ਬਾਰੇ ਸੋਚ ਲੈਣ ਉਸਨੂੰ ਪੂਰਾ ਕਰਕੇ ਹੀ ਹੱਟਦੇ ਹਨ। ਇਨ੍ਹਾਂ ਉਦਮੀਆਂ ਵਿਚ ਹੀ ਇੱਕ ਅਜਿਹਾ ਖੋਜੀ ਧੁਰੰਦਰ ਵਿਦਵਾਨ ਸਾਹਿਤਕਾਰ ਡਾ.ਰਤਨ ਸਿੰਘ ਜੱਗੀ ਹੈ, ਉਸਨੇ ਜਿਸ ਵੀ ਅਤਿ ਕਠਨ ਕੰਮ ਨੂੰ ਹੱਥ ਪਾਇਆ ਉਤਨੀ ਦੇਰ ਚੈਨ ਨਾਲ ਟਿਕ ਕੇ ਨਹੀਂ ਬੈਠਿਆ, ਜਿਤਨੀ ਦੇਰ ਉਸਨੂੰ ਨੇਪਰੇ ਨਹੀਂ ਚਾੜ੍ਹ ਲਿਆ। ਸਾਹਿਤਕ ਅਤੇ ਇਤਿਹਾਸਕ ਖੋਜ ਦੇ ਕੰਮਾਂ ਵਿਚ ਉਸਨੂੰ ਅਨੇਕਾਂ ਮੁਸ਼ਕਲਾਂ ਅਤੇ ਤਕਲੀਫਾਂ ਦਾ ਮੁਕਾਬਲਾ ਕਰਨਾ ਪਿਆ। ਕਈ ਵਾਰ ਤਾਂ ਜਾਨ ਵੀ ਜੋਖ਼ਮ ਵਿਚ ਪਾਉਣੀ ਪਈ ਪ੍ਰੰਤੂ ਉਸਨੇ ਜੋ ਨਿਸ਼ਾਨਾ ਮਿਥਿਆ ਉਸਨੂੰ ਹਰ ਹਾਲਤ ਵਿਚ ਪੂਰਾ ਕੀਤਾ। ਉਸਦੀ ਬਚਪਨ ਤੋਂ ਲੈ ਕੇ ਹੁਣ ਤੱਕ ਸਾਰੀ ਜ਼ਿੰਦਗੀ ਹੀ ਜਦੋਜਹਿਦ ਵਾਲੀ ਰਹੀ ਹੈ। ਇਨ੍ਹਾਂ ਖੋਜਾਂ ਲਈ ਉਸਨੂੰ ਸਾਰੇ ਦੇਸ਼ ਦਾ ਭਰਮਣ ਕਰਨਾ ਪਿਆ। ਭਾਵੇਂ ਉਸਨੂੰ ਦਸਵੀਂ ਤੋਂ ਬਾਅਦ ਪਰਿਵਾਰ ਪੜ੍ਹਾਉਣਾ ਨਹੀਂ ਚਾਹੁੰਦਾ ਸੀ ਪ੍ਰੰਤੂ ਉਸਦੀ ਲਗਨ ਅਤੇ ਦ੍ਰਿੜ੍ਹਤਾ ਨੇ ਸਾਹਿਤਕ ਖੇਤਰ ਦੀ ਸਭ ਤੋਂ ਸਰਵੋਤਮ ਡਿਗਰੀ ਡੀ.ਲਿਟ.ਪ੍ਰਾਪਤ ਕਰਕੇ ਹੀ ਦਮ ਲਿਆ। ਡੀ.ਲਿਟ.ਵੀ ਇੱਕ ਨਹੀਂ ਸਗੋਂ ਤਿੰਨ-ਤਿੰਨ ਪ੍ਰਾਪਤ ਕੀਤੀਆਂ। ਦੇਸ਼ ਦੀ ਵੰਡ ਨੇ ਵੀ ਉਸਦੇ ਰਸਤੇ ਵਿਚ ਰੁਕਾਵਟਾਂ ਖੜ੍ਹੀਆਂ ਕੀਤੀਆਂ। ਪੱਛਮੀਂ ਪੰਜਾਬ ਤੋਂ ਪੂਰਬੀ ਪੰਜਾਬ ਵਿਚ ਤਪਾਮੰਡੀ, ਨਰਾਇਣਗੜ੍ਹ ਕੋਲ ਅੰਬਾਲਾ ਜਿਲ੍ਹੇ ਦੇ ਲੋਟੋਂ ਪਿੰਡ ਜਿਥੇ ਪਰਿਵਾਰ ਨੂੰ ਜ਼ਮੀਨ ਅਲਾਟ ਹੋਈ ਸੀ, ਲੁਧਿਆਣਾ, ਦਿੱਲੀ, ਸੋਨੀਪਤ, ਅਖ਼ੀਰ ਪਟਿਆਲਾ ਆ ਕੇ ਵਸ ਗਏ। ਸਭ ਤੋਂ ਪਹਿਲਾਂ ਉਨ੍ਹਾਂ ਅੰਬਾਲੇ ਫ਼ੌਜ ਵਿਚ ਸਿਵਲੀਅਨ ਕਲਰਕ ਦੀ ਨੌਕਰੀ ਕੀਤੀ। ਇੱਕ ਮਹੀਨੇ ਬਾਅਦ ਦਿੱਲੀ ਵਿਖੇ ਪੁਲਿਸ ਵਿਭਾਗ ਦੇ ਗੁਪਤਚਰ ਵਿਭਾਗ ਵਿਚ 7 ਜਨਵਰੀ 1949 ਨੂੰ ਨੌਕਰੀ 135 ਰੁਪਏ ਮਹੀਨਾ ਨਾਲ ਸ਼ੁਰੂ ਕੀਤੀ ਅਤੇ ਲਗਪਗ 7 ਸਾਲ ਨੌਕਰੀ ਕਰਦਿਆਂ ਪਹਿਲਾਂ ਗਿਆਨੀ, ਐਫ.ਏ.ਅਤੇ ਪ੍ਰਭਾਕਰ ਪਾਸ ਕੀਤੀਆਂ। ਇਸ ਤੋਂ ਇਲਾਵਾ 1952 ਵਿਚ ਬੀ.ਏ.ਪਾਰਟ ਟਾਈਮ ਅਤੇ ਬਾਅਦ ਵਿਚ ਬੀ.ਏ.ਫਾਰਸੀ, ਹਿੰਦੀ ਅਤੇ ਸੰਸਕ੍ਰਿਤ ਵਿਚ ਵੀ ਪਾਸ ਕੀਤੀਆਂ। ਈਵਨਿੰਗ ਕਲਾਸਾਂ ਵਿਚ ਪੱਤਰਕਾਰਤਾ ਦਾ ਡਿਪਲੋਮਾ ਵੀ ਕੀਤਾ। 1955 ਵਿਚ ਐਮ.ਏ.ਪੰਜਾਬੀ ਅਤੇ 1957 ਵਿਚ ਐਮ.ਏ.ਹਿੰਦੀ ਪਾਸ ਕੀਤੀਆਂ। ਇਹ ਸਾਰੀ ਪੜ੍ਹਾਈ ਦਿੱਲੀ ਰਹਿੰਦਿਆਂ ਕੀਤੀ। 95 ਸਾਲ ਦੀ ਉਮਰ ਵਿਚ ਵੀ ਉਹ ਖੋਜ ਪ੍ਰਤੀ ਪੂਰੇ ਸੁਚੇਤ ਹਨ, ਅਜੇ ਵੀ ਸਿੱਖ ਸੰਕਲਪ ਦੀ ਪੂਰਤੀ ਲਈ ਲਗਾਤਾਰ ਖੋਜ ਕਰ ਰਿਹਾ ਹੈ। ਪੰਜਾਬੀ ਭਾਸ਼ਾ ਅਤੇ ਸਾਹਿਤ ਨਾਲ ਦਿਲੋਂ ਜੁੜੇ ਹੋਏ ਰਤਨ ਸਿੰਘ ਜੱਗੀ ਦਾ ਜਨਮ ਪੱਛਮੀਂ ਪੰਜਾਬ ਦੇ ਅਟਕ ਜ਼ਿਲ੍ਹੇ ਦੇ ਪਿੰਡ ਪਿੰਡੀਘੇਬ ਵਿਖੇ 27 ਜੁਲਾਈ 1927 ਨੂੰ ਮਾਤਾ ਨਾਨਕੀ ਦੇਵੀ ਅਤੇ ਪਿਤਾ ਲੋੜੀਂਦਾ ਮੱਲ ਜੱਗੀ ਦੇ ਘਰ ਹੋਇਆ ਸੀ। ਹੁਣ ਇਹ ਪਿੰਡ ਪਾਕਿਸਤਾਨ ਦੇ ਕੈਂਬਲਪੁਰ ਜ਼ਿਲ੍ਹੇ ਵਿਚ ਹੈ। ਬਚਪਨ ਵਿਚ ਪੂਰਾ ਨਟਖਟ ਰਤਨ ਸਿੰਘ ਜੱਗੀ ਗੁੱਲੀ ਡੰਡਾ, ਕਬੱਡੀ ਅਤੇ ਘੁਲਣ ਦਾ ਸ਼ੌਕੀਨ ਰਿਹਾ ਹੈ। ਪੰਜ ਭਰਾ ਅਤੇ ਦੋ ਭੈਣਾਂ ਦੇ ਪਰਿਵਾਰ ਦੇ ਗੁਜ਼ਾਰੇ ਲਈ ਆਪਣੇ ਪਿਤਾ ਦਾ ਪੂਰਾ ਸਹਿਯੋਗੀ ਰਿਹਾ। ਘੁਲਾੜੀ ਚਲਾਉਂਦਾ ਅਤੇ ਘੁਲਾੜੀ ਵਿਚ ਗੰਨੇ ਵੀ ਦਿੰਦਾ ਰਿਹਾ। ਉਸ ਦੇ ਪਿਤਾ ਨੇ ਪਰਿਵਾਰ ਦੇ ਪਾਲਣ ਪੋਸ਼ਣ ਲਈ ਖੇਤੀਬਾੜੀ ਦੇ ਨਾਲ ਵਪਾਰ ਅਤੇ ਠੇਕੇਦਾਰੀ ਵੀ ਕੀਤੀ। ਉਹ ਹਮੇਸ਼ਾ ਉਨ੍ਹਾਂ ਦੇ ਨਾਲ ਹੁੰਦੇ ਸਨ। ਇਸ ਕਰਕੇ ਉਨ੍ਹਾਂ ਨੇ ਵਿਸ਼ਾਲ ਤਜ਼ਰਬਾ ਗ੍ਰਹਿਣ ਕੀਤਾ। ਉਸ ਦਾ ਦਾਦਾ ਮੂਲ ਰਾਜ ਜੱਗੀ ਹਿਕਮਤ ਦਾ ਕੰਮ ਕਰਦਾ ਸੀ। ਪੜ੍ਹਨ ਲਿਖਣ ਦਾ ਸ਼ੌਕ ਉਸ ਨੂੰ ਬਚਪਨ ਤੋਂ ਮਹੰਤ ਪੰਡਿਤ ਸੁੱਚਾ ਸਿੰਘ ਦੀ ਪ੍ਰੇਰਨਾ ਨਾਲ ਪੈ ਗਿਆ ਸੀ। ਖੋਜ ਦੇ ਕੰਮ ਲਈ ਪੰਜਾਬੀ ਵਿਚ ਡਾ.ਹਰਭਜਨ ਸਿੰਘ ਅਤੇ ਹਿੰਦੀ ਵਿਚ ਹਜ਼ਾਰੀ ਪ੍ਰਸਾਦਿ ਦਿਵੇਦੀ ਉਨ੍ਹਾਂ ਦੇ ਪ੍ਰੇਰਨਾ ਸਰੋਤ ਸਨ। ਅੱਠਵੀਂ ਤੱਕ ਦੀ ਪੜ੍ਹਾਈ ਉਸ ਨੇ ਪਿੰਡੀਘੇਬ ਖਾਲਸਾ ਸਕੂਲ ਅਤੇ ਦਸਵੀਂ 1943 ਵਿਚ ਸਰਕਾਰੀ ਹਾਈ ਸਕੂਲ ਪਿੰਡੀਘੇਬ ਤੋਂ ਪਾਸ ਕੀਤੀ। ਦਸਵੀਂ ਤੱਕ ਪੜ੍ਹਾਈ ਲੈਂਪ ਦੀ ਰੌਸ਼ਨੀ ਵਿਚ ਹੀ ਕੀਤੀ। ਉਹ ਕਿਹੜੀ ਸਮੱਸਿਆ ਹੈ, ਜਿਸਦਾ ਰਤਨ ਸਿੰਘ ਜੱਗੀ ਨੇ ਮੁਕਾਬਲਾ ਨਹੀਂ ਕੀਤਾ ਪ੍ਰੰਤੂ ਹਮੇਸ਼ਾ ਸਫਲਤਾ ਉਸ ਦੇ ਪੈਰ ਚੁੰਮਦੀ ਰਹੀ। ਮੁੱਢਲੀ ਸਿਖਿਆ ਪ੍ਰਾਪਤ ਕਰਨ ਉਪਰੰਤ ਉਸ ਨੇ ਐਮ. ਏ .ਪੰਜਾਬੀ ਅਤੇ ਹਿੰਦੀ ਦੇ ਵਿਸ਼ਿਆਂ ਵਿੱਚ ਕੀਤੀ। ਇਸ ਤੋਂ ਬਾਅਦ ਪੀ .ਐਚ.ਡੀ. ਅਤੇ ਡੀ. ਲਿਟ. ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ । ਉਸ ਦਾ ਸੁਭਾਅ ਸ਼ੁਰੂ ਤੋਂ ਹੀ ਖੋਜੀ ਰਿਹਾ ਹੈ। ਉਸ ਹਰ ਕੰਮ ਖੋਜ ਦੇ ਆਧਾਰ ’ਤੇ ਕਰਨ ਦੇ ਆਦੀ ਹਨ, ਇਸ ਕਰਕੇ ਹੀ ਉਸ ਨੂੰ ਖੋਜੀ ਸਾਹਿਤਕਾਰ ਕਿਹਾ ਜਾਂਦਾ ਹੈ। ਉਹ ਮੁੱਖ ਤੌਰ ’ਤੇ ਗੁਰਬਾਣੀ, ਪੁਰਾਤਨ ਪੰਜਾਬੀ ਵਾਰਤਕ, ਪੁਰਾਤਨ ਹੱਥ ਲਿਖਤਾਂ ਅਤੇ ਇਤਿਹਾਸ ਆਦਿ ਦੇ ਵਿਸ਼ਿਆਂ ਨੂੰ ਚੁਣਦੇ ਹਨ ਅਤੇ ਉਹਨਾਂ ਤੇ ਵਿਸ਼ਿਆਂ ਤੇ ਉਸ ਦੀਆਂ 144 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਡਾ. ਜੱਗੀ ਅੱਧੀ ਸਦੀ ਤੋਂ ਪੰਜਾਬੀ ਸਾਹਿਤ ਜਗਤ ਦੀ ਸੇਵਾ ਕਰ ਰਿਹਾ ਹੈ। ਉਸ ਨੇ ਜੀਵਨੀ ਸਾਹਿਤ ਉਪਰ ਵੀ ਤਿੰਨ ਪੁਸਤਕਾਂ ਭਾਈ ਗੁਰਦਾਸ ਦੀਆਂ ਵਾਰਾਂ ਬਾਰੇ ਸ਼ਬਦ ਕੋਸ਼ ਤੇ ਅਨੁਕਰਮਣਿਕਾ ਅਤੇ ਚਾਰ ਹਵਾਲਾ ਕੋਸ਼ ਲਿਖੇ ਹਨ। ਸੰਪਾਦਨ ਦੇ ਖੇਤਰ ਵਿੱਚ ਉਨ੍ਹਾਂ ਦੀ ਦੇਣ ਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਨੇ ਪੰਜ ਪੁਰਾਤਨ ਹੱਥ ਲਿਖਤਾਂ, ਤਿੰਨ ਬਾਣੀ ਸੰਗ੍ਰਹਿਆਂ ਅਤੇ ਨੌਂ ਰਚਨਾ ਸੰਗ੍ਰਹਿ ਸੰਪਾਦਿਤ ਕੀਤੇ ਹਨ। ਉਨ੍ਹਾਂ ਨੇ ਖੋਜ ਪੱਤਰਕਾਰ ਦੇ ਲਗਪਗ 20 ਵਿਸ਼ੇਸ਼ ਤੇ ਸਾਧਾਰਨ ਅੰਕਾਂ ਦਾ ਸੰਪਾਦਨ ਕੀਤਾ ਹੈ। ਟੀਕਾਕਾਰੀ ਦੇ ਖੇਤਰ ਵਿੱਚ ਵੀ ਉਸ ਦੀ ਦੇਣ ਵਰਣਨਯੋਗ ਹੈ। ਤੁਲਸੀ ਰਾਮਾਇਣ ਦਾ ਟੀਕਾ ਅਤੇ ਛੇ ਪੁਸਤਕਾਂ ਦਾ ਅਨੁਵਾਦ ਵੀ ਕੀਤਾ ਹੈ। ਉਨ੍ਹਾਂ ਨੇ 150 ਤੋਂ ਉਪਰ ਖੋਜ ਪੱਤਰ ਅਤੇ ਲੇਖ, ਵਾਰਤਾਵਾਂ ਦੀ ਰਚਨਾ ਕੀਤੀ ਹੈ। ਉਨ੍ਹਾਂ ਨੇ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਦੇ ਹਵਾਲਾ ਕੋਸ਼ਾਂ ਲਈ ਇੰਦਰਾਜ ਇੱਕਤਰ ਕੀਤੇ ਅਤੇ ਪੰਜਾਬੀ ਦੇ ਵਿਕਾਸ ਲਈ ਹਮੇਸ਼ਾ ਸਹਿਯੋਗ ਦਿੱਤਾ ਹੈ। ਪੁਲਿਸ ਦੀ ਨੌਕਰੀ ਛੱਡਣ ਤੋਂ ਬਾਅਦ 17 ਮਾਰਚ 1957 ਨੂੰ ਹਿੰਦੂ ਕਾਲਜ ਸੋਨੀਪਤ, ਮਾਰਚ 1958 ਵਿਚ ਸਰਕਾਰੀ ਕਾਲਜ ਹਿਸਾਰ ਅਤੇ 25 ਮਈ 1963 ਤੋਂ ਜੁਲਾਈ 1965 ਤੱਕ ਮਹਿੰਦਰਾ ਕਾਲਜ ਪਟਿਆਲਾ ਵਿਚ ਬਤੌਰ ਲੈਕਚਰਾਰ ਸੇਵਾ ਨਿਭਾਈ। ਫਿਰ ਉਹ ਜੁਲਾਈ 1965 ਵਿਚ ਪੰਜਾਬੀ ਯੂਨੀਵਰਸਿਟੀ ਵਿਚ ਲੈਕਚਰਾਰ ਲੱਗ ਗਏ। ਦਸੰਬਰ 1962 ਵਿਚ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ‘‘ਦਸਮ ਗ੍ਰੰਥ ਦੀਆਂ ਪੌਰਾਣਿਕ ਕ੍ਰਿਤੀਆਂ ਦਾ ਆਲੋਚਨਾਤਮਕ ਅਧਿਐਨ’’ ਦੇ ਵਿਸ਼ੇ ’ਤੇ ਪੀ.ਐਚ.ਡੀ.ਕਰ ਲਈ ਸੀ। 1971 ਵਿਚ ਉਹ ਪੰਜਾਬੀ ਯੂਨੀਵਰਸਿਟੀ ਵਿੱਚ ਰੀਡਰ ਦੇ ਅਹੁਦੇ ’ਤੇ ਨਿਯੁਕਤ ਹੋ ਗਏ। ਜੁਲਾਈ 1978 ਵਿਚ ਪੰਜਾਬੀ ਸਾਹਿਤ ਅਧਿਐਨ ਵਿਭਾਗ ਵਿਚ ਪ੍ਰੋਫ਼ੈਸਰ ਦੇ ਤੌਰ ’ਤੇ ਚੋਣ ਹੋ ਗਈ, ਜਿਸ ਅਹੁਦੇ ’ਤੇ ਉਹ 1987 ਤੱਕ ਰਹੇ। ਸੇਵਾ ਮੁਕਤੀ ਤੋਂ ਬਾਅਦ ਉਨ੍ਹਾਂ ਨੂੰ ਕਈ ਯੂਨੀਵਰਸਿਟੀਆਂ ਨੇ ਸੀਨੀਅਰ ਫੈਲੋਸ਼ਿਪ ਦਿੱਤੀ। ਇਸ ਸਮੇਂ ਉਹ ਪੰਜਾਬੀ ਯੂਨੀਵਰਸਿਟੀ ਵਿਚ ਆਜੀਵਨ ਫੈਲੋਸ਼ਿਪ ’ਤੇ ਹਨ। ਉਨ੍ਹਾਂ ਨੇ 1973 ਵਿਚ ਮਗਧ ਯੂਨੀਵਰਸਿਟੀ ਗਯਾ ਤੋਂ ‘‘ਗੁਰੂ ਨਾਨਕ ਵਿਕਤਿਤਵ, ਕਿ੍ਰਤਿਤਵ ਅਤੇ ਚਿੰਤਨ’’ ਦੇ ਵਿਸ਼ੇ ’ਤੇ ਡੀ.ਲਿਟ.ਦੀ ਡਿਗਰੀ ਪ੍ਰਾਪਤ ਕੀਤੀ। ਇਸ ਤੋਂ ਬਾਅਦ ਸਨਮਾਨ ਵੱਜੋਂ ਪੰਜਾਬੀ ਯੂਨੀਵਰਸਿਟੀ ਨੇ 2014 ਵਿਚ ਉਨ੍ਹਾਂ ਨੂੰ ਡੀ.ਲਿਟ.(ਮਾਨਾਰਥ) ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ 2015 ਵਿਚ ਡੀ.ਲਿਟ.(ਮਾਨਾਰਥ) ਪ੍ਰਦਾਨ ਕੀਤੀਆਂ। ਉਨ੍ਹਾਂ ਦੀ ਵਿਸ਼ੇਸ਼ਤਾ ਪੰਜਾਬੀ ਅਤੇ ਹਿੰਦੀ ਦਾ ਮੱਧਕਾਲੀਨ ਸਾਹਿਤ ਅਤੇ ਭਗਤੀ ਅੰਦੋਲਨ ਸੰਬੰਧੀ ਸਾਹਿਤ, ਸਿੱਖ ਧਰਮ ਗ੍ਰੰਥ ਅਤੇ ਭਾਰਤੀ ਕਾਵਿ ਸ਼ਾਸਤ੍ਰ ਵਿਚ ਹੈ।
1959 ਵਿਚ ਉਨ੍ਹਾਂ ਦਾ ਵਿਆਹ ਦਿੱਲੀ ਦੀ ਬੀਬੀ ਰਾਜਿੰਦਰ ਕੌਰ ਨਾਲ ਹੋ ਗਿਆ। ਜਿਸ ਤੋਂ ਉਨ੍ਹਾਂ ਦੇ ਦੋ ਸਪੁੱਤਰ ਵਰਿੰਦਰ ਸਿੰਘ ਅਤੇ ਮਲਵਿੰਦਰ ਸਿੰਘ ਪੈਦਾ ਹੋਏ। ਵਰਿੰਦਰ ਸਿੰਘ ਸਵਰਗਵਾਸ ਹੋ ਗਏ ਸਨ। ਮਾਲਵਿੰਦਰ ਸਿੰਘ ਜੱਗੀ ਆਈ.ਏ.ਐਸ.ਅਧਿਕਾਰੀ ਹਨ। 24 ਮਾਰਚ 1975 ਨੂੰ ਰਾਜਿੰਦਰ ਕੌਰ ਕੈਂਸਰ ਦੀ ਬਿਮਾਰੀ ਨਾਲ ਸਵਰਗਵਾਸ ਹੋ ਗਏ। ਫਿਰ ਉਨ੍ਹਾਂ ਦੀ ਸ਼ਾਦੀ ਡਾ.ਗੁਰਸ਼ਰਨ ਕੌਰ ਨਾਲ ਹੋ ਗਈ, ਜਿਹੜੇ ਮਹਿੰਦਰਾ ਕਾਲਜ ਦੇ ਪ੍ਰਿੰਸੀਪਲ ਸੇਵਾ ਮੁਕਤ ਹੋਏ ਹਨ। ਡਾ.ਗੁਰਸ਼ਰਨ ਕੌਰ ਨੇ ਥੋੜ੍ਹਾ ਸਮਾ ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਦੇ ਤੌਰ ’ਤੇ ਵੀ ਕੰਮ ਕੀਤਾ। ਉਨ੍ਹਾਂ ਨੂੰ ਅਧਿਐਨ, ਸੰਪਾਦਨ ਅਤੇ ਵਿਆਖਿਆ ਉਪਰ ਸਾਹਿਤ ਅਕਾਦਮੀ ਦਿੱਲੀ ਦਾ ਰਾਸ਼ਟਰੀ ਅਨੁਵਾਦ ਪੁਰਸਕਾਰ, ਭਾਸ਼ਾ ਵਿਭਾਗ ਪੰਜਾਬ ਵੱਲੋਂ 8 ਪੁਸਤਕਾਂ ਉਪਰ ਸਰਵੋਤਮ ਪੁਰਸਕਾਰ, ਇੱਕ ਪੁਸਤਕ ਉਪਰ ਹਰਿਆਣਾ ਸਰਕਾਰ ਵਲੋਂ ਸ਼੍ਰੋਮਣੀ ਸਾਹਿਤਕਾਰ ਸਨਮਾਨ, ਉਤਰ ਪ੍ਰਦੇਸ਼ ਹਿੰਦੀ ਸੰਸਥਾਨ ਵਲੋਂ ਸਨਮਾਨ ਤੋਂ ਇਲਾਵਾ ਅਨੇਕਾਂ ਧਾਰਮਕ ਸੰਸਥਾਵਾਂ ਅਤੇ ਸਾਹਿਤਕ ਅਦਾਰਿਆਂ ਵਲੋਂ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ ਹੈ। ਸੰਨ 1996 ਵਿੱਚ ਭਾਸ਼ਾ ਵਿਭਾਗ ਪੰਜਾਬ ਵਲੋਂ ਪੰਜਾਬੀ ਸਾਹਿਤ ਸ਼੍ਰੋਮਣੀ ਪੁਰਸਕਾਰ ਨਾਲ ਸਨਮਾਨਿਆ ਗਿਆ ਸੀ। 1999 ਵਿਚ ਉਨ੍ਹਾਂ ਨੂੰ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਨੇ ਕਰਤਾਰ ਸਿੰਘ ਧਾਲੀਵਾਲ ਸਾਹਿਤ ਪੁਰਸਕਾਰ ਦੇ ਕੇ ਸਨਮਾਨਤ ਕੀਤਾ। ਜਿਵੇਂ ਕਿਹਾ ਜਾਂਦਾ ਹੈ ਕਿ ਇਕ ਸਫਲ ਆਦਮੀ ਪਿਛੇ ਇਸਤਰੀ ਦਾ ਹੱਥ ਹੁੰਦਾ ਹੈ, ਉਸੇ ਤਰ੍ਹਾਂ ਡਾ.ਰਤਨ ਸਿੰਘ ਜੱਗੀ ਦੇ ਖੋਜ ਕਾਰਜਾਂ ਵਿੱਚ ਸਫਲਤਾ ਪਿਛੇ ਡਾ.ਗੁਰਸ਼ਰਨ ਕੌਰ ਜੱਗੀ ਦਾ ਯੋਗਦਾਨ ਮਹੱਤਵਪੂਰਨ ਹੈ।
-
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.