ਭਾਰਤ ਦੇ ਦੱਖਣ ਵਿੱਚ ਸਥਿਤ ਇਕ ਛੋਟੇ ਜਿਹੇ ਟਾਪੂ ਨੁਮਾ ਸੂਬੇ ਗੋਆ ਦਾ ਧਿਆਨ ਜ਼ਿਹਨ ਤੇ ਆਉਂਦਿਆਂ ਹੀ ਹਰ ਇਕ ਦੀਆਂ ਅੱਖਾਂ ਵਿੱਚ ਚਮਕ ਅਤੇ ਇੱਕ ਵੱਖਰੀ ਹੀ ਤਰ੍ਹਾਂ ਦਾ ਨੂਰ ਚਿਹਰੇ ਤੇ ਆ ਜਾਂਦਾ ਹੈ , ਕੁਦਰਤੀ ਹਰਿਆਵਲ ਨਾਲ ਲਬਰੇਜ਼ ਅਤੇ ਪਾਣੀਆਂ ਦੀ ਧਰਤੀ ਗੋਆ ਨੂੰ ਵੇਖਣ ਦੇ ਲਈ ਹਰ ਇਨਸਾਨੀ ਮਨ ਦੇ ਅੰਦਰ ਇਕ ਚਾਹਤ ਜ਼ਰੂਰ ਹੁੰਦੀ ਹੈ , ਛੋਟੇ ਵੀਰ ਅਮਨਦੀਪ ਦੇ ਵਿਛੋੜੇ ਤੋਂ ਬਾਅਦ ਮੇਰਾ ਮਨ ਉਚਾਟ ਸੀ , ਖੈਰ ਕੁਦਰਤੀ ਭਾਣਾ ਮੰਨ ਕੇ ਮੈਂ ਲੰਘੇ ਵਰ੍ਹਿਆਂ ਦੌਰਾਨ ਦੱਖਣ ਭਾਰਤ ਦੇ ਟੂਰ ਤੋਂ ਬਾਅਦ ਗੋਆ ਨੂੰ ਵੇਖਣ ਦੀ ਇੱਛਾ ਨੂੰ ਮਨ ਵਿੱਚ ਧਾਰ ਕੇ ਉਲੀਕੇ ਪ੍ਰੋਗਰਾਮ ਦੇ ਤਹਿਤ ਅਸੀਂ 10 ਜਣੇ ਮਾਰਕੀਟਿੰਗ-ਕਮ-ਪ੍ਰੋਸੈਸਿੰਗ ਸੁਸਾਇਟੀ ਮਲੇਰਕੋਟਲਾ ਦੇ ਪ੍ਰਧਾਨ ਹਰਬੰਸ ਸਿੰਘ ਚੌਂਦਾ ਦੇ ਨਾਲ ਮੁਹਾਲੀ ਹਵਾਈ ਅੱਡੇ ਤੋਂ ਲਗਪਗ ਢਾਈ ਘੰਟੇ ਦੇ ਹਵਾਈ ਸਫ਼ਰ ਦੌਰਾਨ ਗੋਆ ਦੇ ਵਾਸਕੋ ਹਵਾਈ ਅੱਡੇ ਤੇ ਜਾ ਉੱਤਰੇ , ਸਾਡੀ ਵਾਪਸੀ 5 ਦਿਨਾਂ ਬਾਅਦ ਦੀ ਸੀ , ਪੰਜਾਬ ਤੋਂ ਗੋਆ ਦੀ ਦੂਰੀ ਲਗਪਗ 2200 ਕਿਲੋਮੀਟਰ ਦੇ ਕਰੀਬ ਹੈ , ਗੋਆ ਦੇ ਇਤਿਹਾਸ ਤੇ ਝਾਤ ਮਾਰੀਏ ਤਾਂ ਇਸ ਛੋਟੇ ਜਿਹੇ ਖਿੱਤੇ ਤੇ ਕਿਸੇ ਸਮੇਂ ਪੁਰਤਗਾਲ ਦਾ ਕਬਜ਼ਾ ਸੀ ਜਿਸ ਨੂੰ ਭਾਰਤੀ ਫੌਜ ਨੇ ਖ਼ੂਨ ਡੋਲ੍ਹਵੀਂ ਲੜਾਈ ਲੜਦਿਆਂ 19 ਦਸੰਬਰ 1961 ਨੂੰ ਆਜ਼ਾਦ ਕਰਵਾ ਕੇ ਤਿਰੰਗਾ ਝੰਡਾ ਚਾੜ੍ਹਿਆ , ਗੋਆ ਦੀ ਆਜ਼ਾਦੀ ਦੇ ਵਿੱਚ ਪੰਜਾਬ ਦੇ ਸਿੱਖ ਫ਼ੌਜੀ ਸ਼ਹੀਦ ਕਰਨੈਲ ਸਿੰਘ ਈਸੜੂ ਦਾ ਵੱਡਾ ਯੋਗਦਾਨ ਹੈ ਜਿਨ੍ਹਾਂ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਪੁਰਤਗਾਲੀ ਫੌਜੀਆਂ ਦੇ ਆਹੂ ਲਾਹ ਕੇ ਸ਼ਹਾਦਤ ਦਾ ਜਾਮ ਪੀਤਾ , ਸ਼ਹੀਦ ਕਰਨੈਲ ਸਿੰਘ ਈਸੜੂ ਨੂੰ ਗੋਆ ਦੇ ਲੋਕ ਅੱਜ ਵੀ ਆਪਣਾ ਹੀਰੋ ਮੰਨ ਕੇ ਬੜੇ ਮਾਣ ਨਾਲ ਉਨ੍ਹਾਂ ਨੂੰ ਯਾਦ ਕਰਦੇ ਹਨ
ਬਾਕੀ ਭਾਰਤ ਤੋਂ 14 ਸਾਲ ਬਾਅਦ ਆਜ਼ਾਦੀ ਦਾ ਮੂੰਹ ਵੇਖਣ ਵਾਲੇ ਗੋਆ ਨੇ ਬਿਨਾਂ ਸੱਕ ਤਰੱਕੀ ਦੀਆਂ ਸਿਖਰਾਂ ਨੂੰ ਛੋਹਿਆ ਹੈ । ਬੱਚਿਆਂ ਨੂੰ ਸਿੱਖਿਆ ਦੇਣ ਲਈ ਸਕੂਲਾਂ ਦੀਆਂ ਆਲੀਸ਼ਾਨ ਇਮਾਰਤਾਂ, ਸਰਕਾਰੀ ਤੰਤਰ ਪੂਰੀ ਤਰ੍ਹਾਂ ਚੁਸਤ ਅਤੇ ਭ੍ਰਿਸ਼ਟਾਚਾਰ ਤੋਂ ਰਹਿਤ ਹੋਣ ਦੇ ਨਾਲ-ਨਾਲ ਆਮ ਲੋਕਾਂ ਲਈ ਇਨਸਾਫ਼ ਦਾ ਜ਼ਰੀਆ ਮੰਨਿਆ ਜਾਂਦਾ ਹੈ , ਪੁਰਤਗਾਲੀਆਂ ਵੱਲੋਂ ਸਮੁੰਦਰ ਕੰਢੇ ਬਣਾਈ ਮਹਾ ਜੇਲ੍ਹ ਅਤੇ ਆਦਮ ਕੱਦ ਕਿਲ੍ਹੇ ਦੀਆਂ ਕੰਧਾਂ ਅੱਜ ਵੀ ਉਸੇ ਤਰ੍ਹਾਂ ਕਾਇਮ ਹਨ ਜਿੱਥੇ ਬਾਹਰੀ ਹਮਲਾਵਰਾਂ ਤੋਂ ਰੱਖਿਆ ਲਈ ਫੌਜ ਤਾਇਨਾਤ ਕੀਤੀ ਜਾਂਦੀ ਸੀ , ਗੋਆ ਵਿੱਚ ਅਪਰਾਧ ਦਰ ਬਹੁਤ ਘੱਟ ਹੈ ਪਰ ਨਸ਼ਾ ਬਹੁਤ ਜ਼ਿਆਦਾ ਹੈ , ਨੌਜਵਾਨ ਲੜਕੇ-ਲੜਕੀਆਂ ਨਸ਼ੇ ਦੀ ਦਲਦਲ ਵਿੱਚ ਡੁੱਬ ਕੇ ਦੇਰ ਰਾਤ ਤੱਕ ਸਮੁੰਦਰ ਕੰਢੇ ਸਮਾਂ ਬਤੀਤ ਕਰਨ ਨੂੰ ਹੀ ਆਪਣੀ ਜ਼ਿੰਦਗੀ ਦਾ ਸੁਨਹਿਰੀ ਮੌਕਾ ਮੰਨ ਕੇ ਵਿਚਰ ਰਹੇ ਹਨ , ਜੇ ਇਹ ਵੀ ਕਹਿ ਲਿਆ ਜਾਵੇ ਕਿ ਗੋਆ ਵਾਸੀਆਂ ਦੀ ਜ਼ਿੰਦਗੀ ਤਾਂ ਕੇਵਲ ਸਮੁੰਦਰ ਕੰਢੇ ਹੀ ਧੜਕਦੀ ਹੈ ਤਾਂ ਇਸ ਵਿਚ ਕੋਈ ਅਤਕਥਨੀ ਨਹੀਂ ਹੋਵੇਗੀ , ਹੱਥ ਵਿੱਚ ਸ਼ਰਾਬ ਦੀਆਂ ਬੋਤਲਾਂ ਫੜੀ ਨੌਜਵਾਨੀ ਬੀਚਾਂ ਤੇ ਸ਼ਰ੍ਹੇਆਮ ਪੂਰੀ ਦੁਨੀਆਂ ਤੋਂ ਬੇਖ਼ਬਰ ਆਪਣੀ ਹੀ ਵੱਖਰੀ ਦੁਨੀਆਂ ਵਿੱਚ ਪਹੁੰਚ ਕੇ ਜ਼ਿੰਦਗੀ ਦਾ ਆਨੰਦ ਲੈਣ ਵਿੱਚ ਮਸਰੂਫ਼ ਹੈ , ਸੂਬੇ ਅੰਦਰ ਨਸ਼ੇ ਸੰਬੰਧੀ ਕੋਈ ਖਾਸ ਰੌਲਾ-ਰੱਪਾ ਵੀ ਵਿਖਾਈ ਨਹੀਂ ਦਿੰਦਾ ਜਿਵੇਂ ਉਥੋਂ ਦੇ ਲੋਕਾਂ ਅਤੇ ਪ੍ਰਸ਼ਾਸਨ ਨੇ ਨਸ਼ੇ ਨੂੰ ਕਾਨੂੰਨੀ ਮਾਨਤਾ ਦੇ ਰੱਖੀ ਹੋਵੇ , ਸ਼ਰਾਬ ਤੋਂ ਬਾਅਦ ਅਫੀਮ, ਗਾਂਜਾ, ਸਮੈਕ ਆਦਿ ਉੱਥੋਂ ਦੇ ਵਾਸੀਆਂ ਵਿੱਚ ਵੱਡੀ ਪੱਧਰ ਤੇ ਫੈਲ ਚੁੱਕਿਆ ਹੈ
ਸੋਹਣੇ ਸੁਨੱਖੇ ਸ਼ਹਿਰ ਰਾਜਧਾਨੀ ਪਣਜੀ ਨੂੰ ਆਧਾਰ ਬਣਾ ਕੇ ਪ੍ਰਸ਼ਾਸਨ ਵੱਲੋਂ ਸੂਬੇ ਨੂੰ ਮੁੱਖ ਸ਼ਹਿਰਾਂ ਪਣਜੀ, ਵਾਸਕੋ ਅਤੇ ਬਡਗਾਮ ਤੋਂ ਇਲਾਵਾ 2 ਜ਼ਿਲ੍ਹਿਆਂ ਉੱਤਰ ਅਤੇ ਦੱਖਣ ਵਿੱਚ ਵੰਡ ਕੇ ਪੂਰੇ ਵਿਉਂਤਬੰਦ ਤਰੀਕੇ ਨਾਲ ਹਰ ਇੱਕ ਹੋਣ ਵਾਲੀ ਗਤੀਵਿਧੀ ਤੇ ਨਜ਼ਰ ਰੱਖਣ ਦੇ ਲਈ ਸਪੈਸ਼ਲ ਟੀਮਾਂ ਬਣਾ ਕੇ ਕੰਮ ਚਲਾਇਆ ਜਾ ਰਿਹਾ ਹੈ , ਜਿਸ ਨੂੰ ਵੇਖ ਕੇ ਸੁਸਾਇਟੀ ਦੀ ਪੂਰੀ ਟੀਮ ਨੇ ਆਖਿਆ ਕਿ ਰਾਜ ਹੋਵੇ ਤਾਂ ਅਜਿਹਾ , ਸੂਬੇ ਦੇ 40 ਵਿਧਾਇਕ, 2 ਮੈਂਬਰ ਪਾਰਲੀਮੈਂਟ ਤੇ 1 ਰਾਜ ਸਭਾ ਮੈਂਬਰ ਸਾਦਗੀ ਦੀ ਮਿਸਾਲ ਪੈਦਾ ਕਰਦੇ ਹਨ , ਉਨ੍ਹਾਂ ਵੱਲੋਂ ਆਪਣੇ ਸਿਆਸੀ ਨੇਤਾਵਾਂ ਵਾਂਗ ਤਾਮ ਝਾਮ ਲੈ ਕੇ ਬਾਜ਼ਾਰਾਂ ਵਿੱਚ ਨਿਕਲਣ ਨੂੰ ਚੰਗਾ ਨਹੀਂ ਮੰਨਿਆ ਜਾਂਦਾ , ਇੱਥੋਂ ਦੇ ਸਿਆਸੀ ਨੇਤਾਵਾਂ ਕੋਲ ਕੋਈ ਗੰਨਮੈਨਾਂ ਦੀ ਫ਼ੌਜ ਜਾਂ ਲਾਮ ਲਸ਼ਕਰ ਨਹੀਂ ਹੁੰਦਾ , ਕੇਵਲ ਸਾਦਗੀ ਜਾਂ ਵਿਕਾਸ ਜ਼ਰੀਏ ਲੋਕਾਂ ਦੇ ਦਿਲ ਜਿੱਤਣ ਨੂੰ ਆਧਾਰ ਬਣਾ ਕੇ ਸਿਆਸੀ ਨੇਤਾਵਾਂ ਵੱਲੋਂ ਰਾਜਨੀਤੀ ਦੇ ਖੇਤਰ ਨੂੰ ਤਰਜੀਹ ਦਿੱਤੀ ਜਾਂਦੀ ਹੈ , ਸੰਨ 2012 ਦੀ ਜਨਗਣਨਾ ਅਨੁਸਾਰ ਗੋਆ ਦੀ ਆਬਾਦੀ ਲਗਭਗ 20 ਲੱਖ ਦੇ ਕਰੀਬ ਹੈ ਅਤੇ ਇੱਥੋਂ ਦਾ ਸਡ਼ਕੀ ਸਫ਼ਰ ਬਹੁਤ ਹੀ ਦਿਲ ਲੁਭਾਉਣਾ ਹੈ , ਸੱਪ ਵਾਂਗ ਨਦੀਆਂ ਅਤੇ ਸਮੁੰਦਰੀ ਕੰਢਿਆਂ ਦੇ ਨਾਲ ਖਹਿੰਦੀਆਂ ਵਲ਼-ਵਲੇਵੇਂ ਖਾਂਦੀਆਂ ਵਧੀਆ ਸੜਕਾਂ, ਕਦੇ ਪਹਾੜ, ਕਦੇ ਮੈਦਾਨੀ ਇਲਾਕੇ ਹਰਿਆਵਲ ਨਾਲ ਭਰਪੂਰ ਲਪਾ-ਲੱਪ ਕਰਦੇ ਸਮੁੰਦਰੀ ਕਿਨਾਰੇ ਹਰ ਇਨਸਾਨ ਨੂੰ ਆਪਣੇ ਵੱਲ ਖਿੱਚਦੇ ਹਨ , ਲਾਲ ਜ਼ਰਖੇਜ਼ ਜ਼ਮੀਨ ਤੇ ਵਸੇ ਗੋਆ ਅੰਦਰ ਕਦੇ ਵੀ ਧੂੜ- ਮਿੱਟੀ ਅਸਮਾਨ ਤੇ ਨਹੀਂ ਚੜ੍ਹਦੀ ਅਤੇ ਵਾਤਾਵਰਨ ਹਮੇਸ਼ਾਂ ਸਾਫ਼ ਸੁਥਰਾ ਰਹਿੰਦਾ ਹੈ , ਇੱਥੋਂ ਦੇ ਅਮੀਰ ਸਿੱਖਾਂ ਵੱਲੋਂ 3 ਸਿੰਘ ਸਭਾ ਗੁਰਦੁਆਰਾ ਸਾਹਿਬ ਦਾ ਨਿਰਮਾਣ ਵੀ ਕੀਤਾ ਗਿਆ ਹੈ ਇਸਾਈ ਲੋਕਾਂ ਵੱਲੋਂ ਚਰਚਾਂ ਵੀ ਵੱਡੀ ਪੱਧਰ ਤੇ ਬਣਾਈਆਂ ਗਈਆਂ ਹਨ , ਸਰਕਾਰ ਵੱਲੋਂ ਸੂਬੇ ਦੇ ਪਿੰਡਾਂ ਅੰਦਰ ਵਿਕਾਸ ਦੀਆਂ ਪਾਈਆਂ ਪਿਰਤਾਂ ਨੂੰ ਵੇਖ ਕੇ ਇਨਸਾਨ ਦੀਆਂ ਅੱਖਾਂ ਚੁੰਧਿਆ ਜਾਂਦੀਆਂ ਹਨ , ਗੋਆ ਦਾ ਮਿਲਕ ਪਲਾਂਟ ਵੀ ਤਰੱਕੀ ਦੀਆਂ ਲੀਹਾਂ ਤੇ ਹੈ
ਇਥੋਂ ਦੇ ਲੋਕਾਂ ਦਾ ਮੁੱਖ ਰੁਜ਼ਗਾਰ ਕੇਵਲ ਸੈਲਾਨੀਆਂ ਦੇ ਸਿਰ ਤੇ ਟਿਕਿਆ ਹੋਇਆ ਹੈ ਇਸ ਲਈ ਇੱਥੋਂ ਦੀ ਸਰਕਾਰ ਪ੍ਰਸ਼ਾਸਨ ਅਤੇ ਆਮ ਲੋਕਾਂ ਵੱਲੋਂ ਬਾਹਰੋਂ ਆਏ ਲੋਕਾਂ ਦਾ ਮਾਣ ਸਤਿਕਾਰ ਵੱਡੀ ਪੱਧਰ ਤੇ ਕੀਤਾ ਜਾਂਦਾ ਹੈ , ਕਿਸੇ ਨੂੰ ਵੀ ਕਦੇ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਂਦੀ, ਹਾਂ ਮਹਿਗਾਈ ਬਹੁਤ ਜ਼ਿਆਦਾ ਹੈ , ਕਾਫ਼ੀ ਲੋਕ ਦੁਕਾਨਦਾਰੀ ਤੋਂ ਇਲਾਵਾ ਮੱਛੀ ਦਾ ਕਾਰੋਬਾਰ ਕਰਦੇ , ਬਾਕੀ ਸੂਬਿਆਂ ਦੇ ਮੁਕਾਬਲੇ ਖਾਣ-ਪੀਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਉੱਚੀਆਂ ਹਨ , ਸੁੱਕੇ ਮੇਵੇ ਬਾਜ਼ਾਰਾਂ ਵਿੱਚ ਆਮ ਮਿਲ ਜਾਂਦੇ , ਗੋਆ ਅੰਦਰ ਕਾਜੂ ਵੱਡੇ ਪੱਧਰ ਤੇ ਹੋਣ ਦੇ ਬਾਵਜੂਦ ਇਸ ਦੀ ਕੀਮਤ ਵੀ ਘੱਟ ਨਹੀਂ ਹੈ ਪਰ ਕੁਆਲਿਟੀ ਬਹੁਤ ਚੰਗੀ ਹੈ , ਸੂਬੇ ਅੰਦਰ ਨਦੀਆਂ ਨਾਲਿਆਂ ਦੀ ਭਰਮਾਰ ਹੈ , ਬਾਜ਼ਾਰਾਂ ਅੰਦਰ ਵੀ ਛੋਟੇ-ਛੋਟੇ ਤਾਲਾਬ ਰੂਪੀ ਨਦੀਆਂ ਗੋਆ ਦੀ ਸਜਾਵਟ ਨੂੰ ਚਾਰ ਚੰਦ ਲਗਾਉਂਦੀਆਂ ਹਨ , ਸਮੁੰਦਰ ਕੰਢੇ ਵੱਡੇ ਪਹਾੜਾਂ ਨੂੰ ਪੱਧਰ ਕਰਕੇ ਉਸ ਉੱਤੇ ਏਅਰਪੋਰਟ ਦਾ ਕੀਤਾ ਨਿਰਮਾਣ ਦਿਲ ਖਿੱਚਵਾਂ ਹੈ , ਕਿਉਂਕਿ ਜਦ ਜਹਾਜ਼ ਏਅਰਪੋਰਟ ਤੋਂ ਉਡਾਣ ਭਰਦਾ ਹੈ ਤਾਂ ਸਮੁੰਦਰ ਉੱਪਰ ਦੀ ਗੁਜ਼ਰਨ ਸਮੇਂ ਇਨਸਾਨੀ ਮਨ ਦੇ ਅੰਦਰ ਲਹਿਰਾਂ ਜਰੂਰ ਉੱਠਦੀਆਂ ਹਨ , ਸਮੁੰਦਰ ਵਿੱਚ ਘਿਰੇ ਸੂਬੇ ਗੋਆ ਨੂੰ ਸੜਕੀ ਰਸਤੇ ਕਰਨਾਟਕ ਅਤੇ ਮਹਾਰਾਸ਼ਟਰ ਦੀਆਂ ਹੱਦਾਂ ਲੱਗਦੀਆਂ ਹਨ । ਬੰਬਈ ਤੋਂ ਗੋਆ ਮੁੱਖ ਸੜਕ ਤੇ ਬਣਿਆ ਮਹਾਂਕੱਦ ਓਵਰਬ੍ਰਿਜ ਵੀ ਵੇਖਣਯੋਗ ਹੈ । ਜੇਕਰ ਕਿਸੇ ਨੇ ਬੀਚ ਵੇਖਣੇ ਹੋਣ ਤਾਂ ਆਜੁਮਾ , ਮੋਰਜਮ ਅਰਮਬੋਲ, ਬਾਘਾ ਆਦਿ ਮੁੱਖ ਹਨ ਜਿੱਥੇ ਲੋਕਲ ਸੈਲਾਨੀਆਂ ਦੀ ਗਿਣਤੀ ਕਾਫੀ ਹੁੰਦੀ ਹੈ , ਪਰ ਪਿਛਲੇ ਵਰ੍ਹਿਆਂ ਦੇ ਮੁਕਾਬਲੇ ਇਕ ਹੈਰਾਨੀਜਨਕ ਤੱਥ ਇਹ ਹੈ ਕਿ ਇੱਥੇ ਹੁਣ ਕੋਰੋਨਾ ਕਾਲ ਤੋਂ ਬਾਅਦ ਘੁੰਮਣ ਆਏ ਬਾਹਰੀ ਸੈਲਾਨੀਆਂ ਦੀ ਗਿਣਤੀ ਹਰ ਰੋਜ਼ ਘਟ ਰਹੀ ਹੈ ਜਿਸ ਨਾਲ ਮੱਧਮ ਹੋ ਰਹੇ ਰੁਜ਼ਗਾਰ ਦੇ ਕਾਰਨ ਮਹਿੰਗਾਈ ਵਧ ਰਹੀ ਹੈ
ਲਗਪਗ 250 ਕਿਲੋਮੀਟਰ ਦੇ ਘੇਰੇ ਵਿੱਚ ਫੈਲੇ ਗੋਆ ਦੀ ਰਾਜਧਾਨੀ ਪਣਜੀ ਅੰਦਰ ਸਮੁੰਦਰ ਦੇ ਵਿਚ ਨਕਾਰਾ ਹੋ ਚੁੱਕੇ ਜਹਾਜ਼ਾਂ ਨੂੰ ਨੁੱਕਰੇ ਲਾ ਕੇ ਜੂਆ ਖੇਡਣ ਦੇ ਲਈ ਬਣਾਏ ਜੂਆ ਘਰਾਂ ਅੰਦਰ ਕਰੋੜਾਂ ਦਾ ਲੈਣ ਦੇਣ ਹੁੰਦਾ ਹੈ । ਇਨ੍ਹਾਂ ਜੂਆ ਘਰਾਂ ਅੰਦਰ ਸ਼ਾਮ ਵੇਲੇ ਹਜ਼ਾਰਾਂ ਲੋਕ ਜੂਆ ਖੇਡਣ ਦੇ ਆਉਂਦੇ ਹਨ । ਦਿਲਚਸਪ ਗੱਲ ਇਹ ਹੈ ਕਿ ਪੂਰੇ ਪਾਰਦਰਸ਼ੀ ਢੰਗ ਦੇ ਨਾਲ ਜੂਆ ਖੇਡਣ ਵਾਲੇ ਵਿਅਕਤੀ ਨੂੰ ਸੁਰੱਖਿਆ ਮੁਹੱਈਆ ਕਰਵਾਉਣਾ ਵੀ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਹੁੰਦੀ ਹੈ । ਜਿੱਤਣ ਤੋਂ ਬਾਅਦ ਉਕਤ ਵਿਅਕਤੀ ਨੂੰ ਉਸ ਦੇ ਘਰ ਤਕ ਪਹੁੰਚਾਉਣਾ ਵੀ ਪ੍ਰਬੰਧਕਾਂ ਲਈ ਲਾਜ਼ਮੀ ਹੈ । ਨਸ਼ੇ ਵਾਂਗ ਇਨ੍ਹਾਂ ਜੂਆ ਘਰਾਂ ਨੂੰ ਵੇਖ ਕੇ ਵੀ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਇੱਥੇ ਵੀ ਕਾਨੂੰਨੀ ਮਾਨਤਾ ਅਨੁਸਾਰ ਕੰਮ ਚਲਦਾ ਹੋਵੇ । ਕਿਸੇ ਨੂੰ ਕੋਈ ਡਰ ਭੈਅ ਨਹੀਂ, ਕਿਸੇ ਨੂੰ ਕੋਈ ਪੁੱਛਗਿੱਛ ਨਹੀਂ । ਬਿਨਾਂ ਕਿਸੇ ਝਿਜਕ ਦੇ ਹਜ਼ਾਰਾਂ ਲੋਕ ਸ਼ਾਮ ਵੇਲੇ ਇਨ੍ਹਾਂ ਜੂਆ ਘਰਾਂ ਵਿੱਚ ਪਹੁੰਚਦੇ ਹਨ , ਸ਼ਾਇਦ ਇਹ ਚੀਜ਼ਾਂ ਸਰਕਾਰ ਦੀ ਆਮਦਨੀ ਦਾ ਹਿੱਸਾ ਹੋਣ ਇਸੇ ਲਈ ਇਨ੍ਹਾਂ ਤੇ ਕੋਈ ਨਕੇਲ ਨਹੀਂ ਕਸੀ ਜਾਂਦੀ , ਰਾਤ ਨੂੰ ਜਨਤਕ ਥਾਵਾਂ ਤੇ ਔਰਤਾਂ ਦੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਪ੍ਰਸ਼ਾਸਨ ਦੀ ਚੰਗੀ ਪਕੜ ਅਤੇ ਸਥਾਨਕ ਲੋਕਾਂ ਦੀ ਵਧੀਆ ਸਮਝ ਨੂੰ ਦਰਸਾਉਂਦੀ ਹੈ , ਨੌਜਵਾਨ ਲੜਕੀਆਂ ਰਾਤਾਂ ਨੂੰ ਬਿਨਾਂ ਕਿਸੇ ਡਰ ਭੈਅ ਦੇ ਆਮ ਘੁੰਮਦੀਆਂ ਵੇਖੀਆਂ ਜਾ ਸਕਦੀਆਂ ਹਨ , ਕੁਝ ਵੀ ਹੋਵੇ ਵਾਤਾਵਰਨ ਪੱਖੋਂ ਰਣਮੀਕ ਅਤੇ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਇਹ ਛੋਟਾ ਜਿਹਾ ਸੂਬਾ ਦੁਨੀਆਂ ਭਰ ਦੇ ਸੈਲਾਨੀਆਂ ਅੰਦਰ ਆਪਣਾ ਵਿਲੱਖਣ ਇਤਿਹਾਸ ਸਮੋਈ ਬੈਠਾ ਹੈ
-
ਮਨਜਿੰਦਰ ਸਿੰਘ ਸਰੌਦ, ਮੁੱਖ ਪ੍ਰਚਾਰ ਸਕੱਤਰ ( ਵਿਸ਼ਵ ਪੰਜਾਬੀ ਲੇਖਕ ਮੰਚ )
manjindersinghkalasaroud@gmail.com
9463463136
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.