'ਸਰਕਾਰੀ ਅਫ਼ਸਰ ਦੀ ਜੜ੍ਹ '
ਸਰਕਾਰ ਬਦਲਦਿਆਂ ਹੀ ਸਰਕਾਰੀ ਅਫ਼ਸਰਾਂ ਨੇ ਵਧੀਆ ਪੋਸਟਿੰਗ ਲਈ ਆਪਣੀ ਜ਼ੋਰ-ਅਜ਼ਮਾਈ ਸ਼ੁਰੂ ਕਰ ਦਿੱਤੀ ਅਤੇ ਹਰ ਉਸ ਵਿਅਕਤੀ ਵਿਸ਼ੇਸ਼ ਨੂੰ ਮਿਲਣਾ ਸ਼ੁਰੂ ਕਰ ਦਿੱਤਾ ਜਿਸ ਜਿਸ ਤੋਂ ਵੀ ਕੋਈ ਆਸ-ਮੁਰਾਦ ਸੀ।
ਹਰ ਤਰਫ਼ ਘੋੜੇ ਦੁੜਾਉਣ ਦੇ ਬਾਵਜੂਦ ਪਹਿਲੀ ਬਦਲੀਆਂ ਦੀ ਲਿਸਟ ਵਿੱਚ ਉਸ ਦਾ ਨਾਮ ਨਹੀਂ ਆਇਆ। ਉਹ ਬਹੁਤ ਮਾਯੂਸ ਹੋ ਗਿਆ ਅਤੇ ਆਪਣਾ ਮੋਬਾਇਲ ਫ਼ੋਨ ਹੀ ਬੰਦ ਕਰ ਲਿਆ ਪ੍ਰੰਤੂ ਕੋਸ਼ਿਸ਼ਾਂ ਜਾਰੀ ਰਹੀਆਂ।
ਅਖੀਰ ਮਿਹਨਤ ਰੰਗ ਲਿਆਈ। ਦੂਸਰੀ ਲਿਸਟ ਵਿੱਚ ਆਪਣਾ ਨਾਮ ਦੇਖ ਕੇ ਇਸ ਅਫ਼ਸਰ ਦੀ ਛਾਤੀ ਫੁੱਲ ਗਈ ਅਤੇ ਚਿਹਰੇ ਦੇ ਹਾਵ-ਭਾਵ ਹੀ ਬਦਲ ਗਏ। ਜਲਦਬਾਜ਼ੀ ਵਿੱਚ ਰਾਤੋ ਰਾਤ ਹੀ ਜਾ ਕੇ ਅਹੁਦਾ ਸੰਭਾਲ ਲਿਆ।
ਵਧਾਈਆਂ ਦਾ ਸਿਲਸਿਲਾ ਸ਼ੁਰੂ ਹੁੰਦੇ ਹੀ ਹੰਕਾਰ ਹੋਰ ਵਧ ਗਿਆ, "ਵੱਡੇ ਘਰ ਨਾਲ ਮੇਰੀ ਸਿੱਧੀ ਗੱਲਬਾਤ ਹੈ", ਹੁਣ ਯਾਰਾਂ ਨੂੰ ਕੋਈ ਹਿਲਾ ਨਹੀਂ ਸਕਦਾ। ਪੂਰੇ ਪੰਜ ਸਾਲ ਇਸ ਪੋਸਟਿੰਗ ਦੇ ਰਾਜ ਕਰੇਗਾ ਤੇਰਾ ਵੀਰ!"
ਖ਼ਬਰ ਆਈ ਕਿ ਅਫ਼ਸਰ ਨੇ ਆਪਣੇ ਸੁੱਖ ਅਰਾਮ ਲਈ ਦਫ਼ਤਰ ਅਤੇ ਰਿਹਾਇਸ਼ ਦਾ ਵੀ ਨਵੀਨੀਕਰਨ ਕਰਵਾਇਆ। ਐਸ਼-ਅਰਾਮ ਦਾ ਹਰ ਸਮਾਨ ਵੀ ਇਕੱਠਾ ਕਰ ਲਿਆ।
ਇੱਕ ਨਿਮਾਣੇ ਦੋਸਤ ਨੇ ਫ਼ੋਨ ਤੇ ਪੁੱਛਿਆ, "ਵੀਰ ਜੀ, ਆਪ ਦੇ ਸ਼ਹਿਰ ਮਿਲਣ ਆਏ ਸੀ, ਘਰ ਦਾ ਐਡਰੈਸ ਭੇਜਿਓ।
ਅਫ਼ਸਰ ਅੱਗੋਂ ਬੋਲਿਆ "ਯਾਰ, ਤੂੰ ਜੰਗਲ ਵਿੱਚ ਆ ਕੇ ਸ਼ੇਰ ਦਾ ਐਡਰੈਸ ਪੁੱਛਦੈਂ ? ਕਿਸੇ ਵੀ ਚੌਂਕ ਤੇ ਟਰੈਫ਼ਿਕ ਵਾਲੇ ਨੂੰ ਪੁੱਛ ਲੈ. ਪੋਸਟਿੰਗ ਤੋਂ ਬਾਅਦ ਅਫ਼ਸਰ ਦਾ ਅਸਲੀ ਵਿਹਾਰ ਸਾਹਮਣੇ ਆਉਣ ਲੱਗ ਪਿਆ ਅਤੇ ਲੋਕਾਂ ਦੇ ਹਰ ਕੰਮ ਦਾ ਕੇਂਦਰੀਕਰਨ ਕਰ ਦਿੱਤਾ।
ਵੱਡੇ ਸਾਹਿਬ ਦੇ ਹੁਕਮ ਤੋਂ ਬਿਨਾਂ ਪੱਤਾ ਵੀ ਨਹੀਂ ਸੀ ਹਿੱਲਦਾ। ਮਹਿਕਮੇ ਵਿੱਚ ਵੀ ਮਾਤਹਿਤ ਅਫ਼ਸਰ ਅਤੇ ਮੁਲਾਜ਼ਮ ਘੁਟਣ ਮਹਿਸੂਸ ਕਰਨ ਲੱਗ ਪਏ ਕਿਉਂਕਿ ਜਨਾਬ ਦੇ ਹੁਕਮ ਇਲਾਹੀ ਹੁੰਦੇ ਸਨ। ਲੋਕਾਂ ਵਿੱਚ ਬੇਚੈਨੀ ਦਾ ਮਾਹੌਲ ਪੈਦਾ ਹੋਣ ਲੱਗ ਪਿਆ ਕਿਉਂਕਿ ਲੋਕਾਂ ਦੇ ਜਾਇਜ਼ ਕੰਮਾਂ ਵਿੱਚ ਵੀ ਖੜੋਤ ਆ ਗਈ।
ਕਸ਼ਮਕਸ਼ ਦੇ ਮਾਹੌਲ ਵਿੱਚ ਸਰਕਾਰੇ ਦਰਬਾਰੇ ਵੱਖ-ਵੱਖ ਤਰ੍ਹਾਂ ਦੀਆਂ ਗੱਲਾਂ ਸ਼ੁਰੂ ਹੋ ਗਈਆਂ। ਕਈ ਚਮਚਾ-ਨੁਮਾ ਬੰਦੇ ਇਸ ਅਫ਼ਸਰ ਦੀਆਂ ਖ਼ੁਸ਼ਾਮਦਾਂ ਕਰਕੇ ਆਪਣਾ ਕੰਮ ਕੱਢ ਲੈਂਦੇ ਪ੍ਰੰਤੂ ਆਮ ਆਦਮੀ ਦਫ਼ਤਰਾਂ ਦੇ ਧੱਕੇ ਖਾਣ ਲਈ ਮਜਬੂਰ ਸੀ।
ਆਮ ਜਨਤਾ ਵਾਂਗ ਰਾਜਨੀਤਿਕ ਲੋਕ ਵੀ ਕਾਫ਼ੀ ਘੁਟਨ ਮਹਿਸੂਸ ਕਰਨ ਲੱਗ ਪਏ।
ਬਜ਼ਾਰ ਵਿੱਚ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਫੈਲ ਗਈਆਂ ਕਿ ਇਸ ਅਫ਼ਸਰ ਦਾ ਰਾਬਤਾ ਵੱਡੇ ਘਰ ਨਾਲ ਡੂੰਘਾ ਜਾਪਦਾ ਹੈ।
ਗੌਰਮਿੰਟ ਮੁਲਾਜ਼ਮ ਅਤੇ ਅਫ਼ਸਰ ਭੁੱਲ ਜਾਂਦੇ ਹਨ ਕਿ ਲੋਕਾਂ ਦੀ ਅਵਾਜ਼ ਅਤੇ ਸੂਹੀਆ ਤੰਤਰ ਆਪਣੇ ਦਾਇਰੇ ਅਨੁਸਾਰ ਨਿਰਵਿਘਨ ਕੰਮ ਕਰਦੇ ਰਹਿੰਦੇ ਹਨ। ਰਾਜਧਾਨੀ ਵਿੱਚ ਬੈਠੇ ਸਮੇਂ ਦੇ ਸਮਰੱਥ ਅਧਿਕਾਰੀ ਅਤੇ ਰਾਜਨੀਤਿਕ ਇਹਨਾਂ ਨੂੰ ਘੋਖਦੇ ਹੋਏ ਲਗਾਤਾਰ ਫ਼ੈਸਲੇ ਲੈਂਦੇ ਰਹਿੰਦੇ ਹਨ ਅਤੇ ਲਗਾਤਾਰਤਾ ਵਿੱਚ ਡੂੰਘਾਈ ਨਾਲ ਕੀਤੀਆਂ ਪੜਤਾਲਾਂ ਕਿਸੇ ਨਾਂ ਕਿਸੇ ਤਰੀਕੇ ਅਖੀਰ ਵਿੱਚ ਰੰਗ ਦਿਖਾਉਂਦੀਆਂ ਹਨ।
ਬਦਲੀ ਦੀਆਂ ਅਫ਼ਵਾਹਾਂ ਚਲਦਿਆਂ ਜਦੋਂ ਅਗਲੇ ਦਿਨ ਦੇਰ ਰਾਤ ਨੂੰ ਬਦਲੀਆਂ ਦੀ ਲਿਸਟ ਵਿੱਚ ਚੰਡੀਗੜ੍ਹ ਦੀ ਬਦਲੀ ਵੇਖੀ ਤਾਂ ਇਸ ਅਫ਼ਸਰ ਦੇ ਹੋਸ਼ ਉੱਡ ਗਏ ਅਤੇ ਹੱਥਾਂ-ਪੈਰਾਂ ਦੀ ਪੈ ਗਈ। ਬੜੇ ਫ਼ੋਨ ਘੁਮਾਏ ਅਤੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਕਿ ਬਦਲੀ ਰੁਕ ਜਾਵੇ ਪਰ ਕੋਸ਼ਿਸ਼ਾਂ ਨੂੰ ਕੋਈ ਬੂਰ ਨਾ ਪਿਆ। ਅੰਤ ਵਿੱਚ ਅਹੁਦੇ ਦਾ ਚਾਰਜ ਛੱਡਣਾ ਪਿਆ ਪਰ ਸੁਕਣੱਤ ਵਜੋਂ ਬਦਲੇ ਵਿੱਚ ਕਈ ਮਹੀਨਿਆਂ ਤੱਕ ਸਰਕਾਰੀ ਕੋਠੀ ਖ਼ਾਲੀ ਨਹੀਂ ਕੀਤੀ। ਜੋ ਅਫ਼ਸਰ ਵੱਡੇ ਘਰ ਦੀਆਂ ਤਾਰੀਫ਼ਾਂ ਕਰਦਾ ਨਹੀਂ ਧੱਕਦਾ ਸੀ, ਹੁਣ ਉਸ ਨੇ ਮਹਿਕਮੇ ਦੇ ਉਚ ਅਫ਼ਸਰਾਂ ਨੂੰ ਵੀ ਕੋਸਣਾ ਸ਼ੁਰੂ ਕਰ ਦਿੱਤਾ ਕਿ ਕਾਬਲ ਅਫ਼ਸਰਾਂ ਦੀ ਇੱਥੇ ਕੋਈ ਸੁਣਵਾਈ ਨਹੀਂ ਹੈ।
ਸੋ, ਕਿਸੇ ਨੇ ਸੱਚ ਹੀ ਕਿਹਾ ਹੈ ਕਿ "ਸਰਕਾਰੀ ਅਫ਼ਸਰ ਦੀਆਂ ਜੜ੍ਹਾਂ ਗਮਲੇ ਵਿੱਚ ਲੱਗੇ ਬੂਟੇ ਨਾਲੋਂ ਜ਼ਿਆਦਾ ਡੂੰਘੀਆਂ ਨਹੀਂ ਹੁੰਦੀਆਂ "
ਨੋਟ- ਇਹ ਲਿਖਤ ਪੂਰੀ ਤਰ੍ਹਾਂ ਕਾਲਪਨਿਕ ਹੈ, ਇਸ ਵਿੱਚ ਜ਼ਿਕਰ ਕੀਤੇ ਗਏ ਕਰੈਕਟਰ/ਘਟਨਾਵਾਂ ਦਾ ਕਿਸੇ ਵਿਅਕਤੀ ਵਿਸ਼ੇਸ਼ /ਘਟਨਾਕ੍ਰਮ ਦੇ ਨਾਲ ਮੇਲ ਖਾ ਜਾਣਾ ਸਿਰਫ਼ ਸਬੱਬ ਹੀ ਹੋਵੇਗਾ ਅਤੇ ਲੇਖਕ ਦੀ ਮਨਸ਼ਾ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਹੈ.
This is a work of fiction. Names, characters, business, events cand incidents are the products of the author's imagination. Any resemblance to actual persons, living or dead, or actual events is purely coincidental.
19 ਜਨਵਰੀ, 2023
ਇਹ ਵੀ ਜਰੂਰ ਪੜ੍ਹੋ
Published On : Jul 11, 2020
।
-
ਸੁਰਿੰਦਰ ਪਾਲ ਸਿੰਘ ਪਰਮਾਰ, IGP Bathinda Zone
parmarsps12@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.