ਖੇਤੀ ਨੀਤੀ ਦੀ ਤਜਵੀਜ਼ ਬਣੀ ਸਬੱਬ "ਖੇਤੀਬਾੜੀ -ਡਾਇਰੀ" ਦੇ ਗਿਆਨ ਭੰਡਾਰ ਦੀ ..
ਇਹ ਸਾਰੀ ਜਾਣਕਾਰੀ ਪੰਜਾਬੀ ਭਾਸ਼ਾ ਵਿਚ ਵਿਚ ਦਿੱਤੀ ਹੋਈ ਹੈ .
ਸਾਰੀ ਡਾਇਰੀ ਵਿਚ ਕਿਤੇ ਵੀ ਮੌਜੂਦਾ ਵੀ ਸੀ ਡਾਕਟਰ ਗੋਸਲ ਦੀ ਤਸਵੀਰ ਨਹੀਂ ਲਾਈ ਗਈ
ਬਲਜੀਤ ਬੱਲੀ
ਭਗਵੰਤ ਸਰਕਾਰ ਪੰਜਾਬ ਲਈ ਨਵੀਂ ਖੇਤੀ ਨੀਤੀ ਬਣਾਉਣ ਲੱਗੀ ਹੋਈ ਹੈ . ਖੇਤੀ ਮੰਤਰੀ ਕੁਲਦੀਪ ਧਾਲੀਵਾਲ ਨੇ ਰਸਮੀ ਤੌਰ ਤੇ ਵੀ ਇਹ ਐਲਾਨ ਵੀ ਕਰ ਦਿੱਤਾ ਹੈ ਅਤੇ ਇਸ ਲਈ ਮਾਹਰਾਂ ਤੇ ਅਫ਼ਸਰਾਂ ਦੀ ਕਮੇਟੀ ਵੀ ਬਣਾ ਦਿੱਤੀ ਹੈ .ਪਹਿਲਕਦਮੀ ਬਹੁਤ ਅੱਛੀ ਹੈ. ਉਮੀਦ ਹੈ ਕਿ ਪਿਛਲੀਆਂ ਸਰਕਾਰਾਂ ਵਾਂਗ ਇਹ ਤਜਵੀਜ਼ ਸਿਰਫ਼ ਮੀਟਿੰਗਾਂ ਅਤੇ ਪਾਲਿਸੀ ਦੇ ਖਰੜੇ ਤੱਕ ਹੀ ਸੀਮਿਤ ਨਾ ਰਹਿ ਜਾਵੇ. ਕੁਦਰਤੀ ਹੈ ਕਿ ਇਸ ਨੀਤੀ ਵਿਚ ਪੰਜਾਬ ਖੇਤੀ ਯੂਨੀਵਰਸਿਟੀ ( ਪੀ ਏ ਯੂ ) ਦਾ ਅਹਿਮ ਹਿੱਸਾ ਹੋਵੇਗਾ . ਇਸ ਨੀਤੀ ਦੀ ਮੁੱਢਲੀ ਤਿਆਰੀ ਲਈ ਮੀਟਿੰਗਾਂ ਪਿਛਲੇ ਮਹੀਨੇ ਤੋਂ ਹੀ ਹੋ ਰਹੀਆਂ ਸਨ
ਕੁਝ ਦਿਨ ਪਹਿਲਾਂ ਚੰਡੀਗੜ੍ਹ 'ਚ ਸੀ ਐਮ ਵੱਲੋਂ ਕੀਤੀ ਇਕ ਮੀਟਿੰਗ 'ਚ ਹਿੱਸਾ ਲੈਣ ਚੰਡੀਗੜ੍ਹ ਆਏ ਪੀ ਏ ਯੂ ਦੇ ਵੀ ਸੀ ਡਾਕਟਰ ਸਤਿਬੀਰ ਸਿੰਘ ਗੋਸਲ ਨਾਲ ਸਬੱਬੀਂ ਮੁਲਾਕਾਤ ਹੋ ਗਈ. ਪੀ ਏ ਯੂ ਬਾਰੇ , ਇਸ ਦੇ ਪਿਛੋਕੜ ਬਾਰੇ , ਖੇਤੀ ਇਨਕਲਾਬ 'ਚ ਪਾਏ ਇਸ ਦੇ ਰੋਲ ਬਾਰੇ , ਪੀ ਏ ਯੂ ਦੇ ਸੰਚਾਰ ਵਿਭਾਗ ( ਕਮਿਊਨੀਕੇਸ਼ਨ ) ਦੇ ਪਿਛਲੇ ਅਤੇ ਮੌਜੂਦਾ ਰੋਲ ਤੋਂ ਲੈਕੇ ਸਾਬਕਾ ਵੀ ਸੀ ਸਵਰਗੀ ਡਾਕਟਰ ਮਹਿੰਦਰ ਸਿੰਘ ਰੰਧਾਵਾ ਦੇ ਬੇਮਿਸਾਲ ਯੋਗਦਾਨ ਤੱਕ ਚਰਚਾ ਹੋਈ . ਉਨ੍ਹਾਂ ਦੇ ਨਾਲ ਪੀ ਏ ਯੂ ਦੇ ਡਾਇਰੈਕਟਰ ਕਮਿਊਨੀਕੇਸ਼ਨ ਡਾਕਟਰ ਟੀ ਐਸ ਰਿਆੜ ਅਤੇ ਡਾਇਰੈਕਟਰ ਖੋਜ ਡਾਕਟਰ ਅਜਮੇਰ ਸਿੰਘ ਢੱਟ ਵੀ ਮੌਜੂਦ ਸਨ .
ਪੀ ਏ ਯੂ ਦੇ ਮੋਹਾਲੀ ਦਫ਼ਤਰ ਵਿਚ ਹੋਈ ਇਸ ਮਿਲਣੀ ਦੇ ਅੰਤ ਵਿਚ ਡਾਕਟਰ ਗੋਸਲ ਨੇ ਮੈਨੂੰ ਪੀ ਏ ਯੂ ਦੀ "ਖੇਤੀ ਬਾੜੀ ਡਾਇਰੀ 2023 " ਭੇਟ ਕੀਤੀ .ਮੈਂ ਸੌਗਾਤ ਵਜੋਂ ਇਹ ਡਾਇਰੀ ਨਿੱਘ ਨਾਲ ਕਬੂਲ ਕੀਤੀ ਹਾਲਾਂਕਿ ਅੱਜ ਕੱਲ੍ਹ ਡਾਇਰੀ ਵਰਤਣ ਦੀ ਆਦਤ ਨਹੀਂ .ਆਮ ਤੌਰ ਤੇ ਜੋ ਵੀ ਡਾਇਰੀ ਨਵੇਂ ਸਾਲ ਦੀ ਮਿਲਦੀ ਹੈ , ਅੱਗੇ ਕਿਸੇ ਨਾ ਕਿਸੇ ਨੂੰ ਦੇ ਦਿੰਦਾ ਹਾਂ .
ਡਾਕਟਰ ਗੋਸਲ ਨੇ ਮੋਟਾ ਜਿਹਾ ਵੇਰਵਾ ਵੀ ਇਸ ਡਾਇਰੀ ਬਾਰੇ ਦਿੱਤਾ ਸੀ ਪਰ ਜਦੋਂ ਮੈਂ ਘਰ ਆ ਕੇ ਇਸ ਡਾਇਰੀ ਦੇ ਅੰਦਰ ਝਾਤੀ ਮਾਰੀ ਤਾਂ ਮੈਂ ਬਹੁਤ ਖੁਸ਼ ਵੀ ਹੋਇਆ ਤੇ ਹੈਰਾਨ ਵੀ .ਮੈਨੂੰ ਇਹ ਡਾਇਰੀ ਕਈ ਪੱਖਾਂ ਤੋਂ ਆਮ ਗਿਆਨ ( GK ) ਦਾ ਭੰਡਾਰ ਨਜ਼ਰ ਆਇਆ . ਯੂਨੀਵਰਸਿਟੀ ਦੇ ਕਲੰਡਰ ਅਤੇ ਇਸ ਦੇ ਪ੍ਰਬੰਧਕੀ ਢਾਂਚੇ ਅਤੇ ਸੰਪਰਕ ਲਿਸਟ ਤੋਂ ਇਲਾਵਾ
ਪੰਜਾਬ ਦੀ ਖੇਤੀ , ਇਸ ਦੀ ਜ਼ਮੀਨ, ਇਸ ਦੇ ਰਕਬੇ , ਫ਼ਸਲਾਂ , ਮੌਸਮ ਅਤੇ ਕਾਸ਼ਤਕਾਰੀ ਬਾਰੇ ਬਹੁ-ਵੰਨਗੀ ਅਤੇ ਬਾਰੀਕੀ ਭਰਪੂਰ ਵੇਰਵਾ ਦਰਜ ਹੈ .
ਡਾਇਰੀ ਦੇ ਪਹਿਲੇ 72 ਸਫ਼ਿਆਂ 'ਚ ਲੰਘੇ ਸਾਲ ਦੀਆਂ ਫ਼ਸਲਾਂ , ਰਕਬਾ , ਉਤਪਾਦਨ , ਔਸਤਨ ਝਾੜ , MSP , ਮਿੱਟੀ ਅਤੇ ਪਾਣੀ ਦੀ ਪਰਖ ਸੇਵਾ , ਰਸਾਇਣਿਕ ਤੇ ਜੈਵਿਕ ਖਾਦਾਂ ,ਫ਼ਸਲਾਂ ਅਤੇ ਫਲਾਂ -ਸਬਜ਼ੀਆਂ ਦੀਆਂ ਬਿਮਾਰੀਆਂ ਅਤੇ ਇਲਾਜ , ਦਵਾਈਆਂ , ਪੰਜਾਬ ਲਈ ਸੁਧਰੀਆਂ ਫ਼ਸਲਾਂ , ਪੰਜਾਬ ਦੇ ਵੱਖ ਵੱਖ ਇਲਾਕਿਆਂ ਦੇ ਮੌਸਮ , ਫਲਦਾਰ ਬੂਟਿਆਂ ਦੀਆਂ ਕਿਸਮਾਂ, ਨਰਸਰੀਆਂ ਦੀ ਸੂਚੀ , ਕੀੜੇ -ਮਕੌੜਿਆਂ ਦੀ ਜਾਣਕਾਰੀ ਅਤੇ ਰੋਕਥਾਮ, ਪੰਜਾਬ ਵਿਚ ਵਣ -ਖੇਤੀ ( ਐਗਰੋ-ਫ਼ਾਰੈਸਟਰੀ ) ਅਤੇ ਸਜਾਵਟੀ ਰੁੱਖਾਂ ਬਾਰੇ ਜਾਣਕਾਰੀ ਵੀ ਸ਼ਾਮਲ ਹੈ.
ਇਸ ਤੋਂ ਇਲਾਵਾ ਪੰਜਾਬ ਦੇ ਸਿੰਚਾਈ ਪ੍ਰਬੰਧ , ਅਨਾਜ ਦੀ ਪੈਦਾਵਾਰ , ਕੇਂਦਰੀ ਪੂਲ 'ਚ ਇਸ ਦੇ ਹਿੱਸੇ , ਮੰਡੀਆਂ 'ਚ ਇਸ ਦੀ ਵਿੱਕਰੀ ,ਖੇਤੀ-ਮਸ਼ੀਨਰੀ , ਕਤਾਈ ਮਿੱਲਾਂ ਅਤੇ ਪਸ਼ੂ-ਧਨ ਅਧਿਕ ਬਾਰੇ ਵੇਰਵੇ ਅਤੇ ਟੇਬਲਾਂ ਸਾਹਿਤ ਜਾਣਕਾਰੀ ਦਰਜ ਹੈ .
ਵਿਚਲੇ ਪੰਨਿਆਂ ਵਿਚ ਇਸ ਵਿਚੋਂ ਬਹੁਤ ਅਹਿਮ ਜਾਣਕਾਰੀ ਰੰਗਦਾਰ ਆਰਟ ਪੇਪਰ ਤੇ ਛਾਪ ਕੇ ਦਿੱਤੀ ਹੋਈ ਹੈ .ਪੰਜਾਬ ਬੜੇ ਅਜਿਹੀ ਜਾਣਕਾਰੀ ਏਨੇ ਸੁਚੱਜੇ , ਤਰਤੀਬਵਾਰ ਸੌਖੇ ਢੰਗ ਨਾਲ ਸ਼ਾਇਦ ਹੀ ਕਿਸੇ ਇਕ ਜਗਾ ਮੌਜੂਦ ਹੋਵੇ .
ਦੋ ਹੋਰ ਅਹਿਮ ਅਤੇ ਸ਼ਲਾਘਾ ਯੋਗ ਪੱਖ ਜ਼ਿਕਰ ਕਰਨੇ ਬਣਦੇ ਹਨ - ਪਹਿਲਾ ਇਹ ਕਿ ਇਹ ਸਾਰੀ ਜਾਣਕਾਰੀ ਪੰਜਾਬੀ ਭਾਸ਼ਾ ਵਿਚ ਵਿਚ ਦਿੱਤੀ ਹੋਈ ਹੈ .
ਦੂਜਾ ਇਹ ਕਿ ਸਾਰੀ ਡਾਇਰੀ ਵਿਚ ਕਿਤੇ ਵੀ ਮੌਜੂਦਾ ਵੀ ਸੀ ਡਾਕਟਰ ਗੋਸਲ ਦੀ ਤਸਵੀਰ ਨਹੀਂ ਲਾਈ ਗਈ .
ਜਿਸ -ਜਿਸ ਦਾ ਇਸ ਡਾਇਰੀ ਨੂੰ ਤਿਆਰ ਕਰਨ ਵਿਚ ਹਿੱਸਾ ਹੈ , ਉਹ ਸਾਰੇ ਹੀ ਦਾਦ ਦੇ ਹੱਕਦਾਰ ਨੇ .
-
ਬਲਜੀਤ ਬੱਲੀ, ਸੰਪਾਦਕ , ਬਾਬੂਸ਼ਾਹੀ ਨੈਟਵਰਕ , Chandigarh
tirshinazar@gmail.com
+91-915177722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.