ਕੌਣ ਸੀ ਦੁੱਲਾ ਭੱਟੀ ਜਿਸਦਾ ਜ਼ਿਕਰ ਲੋਹੜੀ ’ਤੇ ਖਾਸ ਆਉਂਦਾ ਹੈ...ਪੜ੍ਹੋ ਜਗਤਾਰ ਸਿੰਘ ਦੀ ਕਲਮ ਤੋਂ
ਦੁੱਲਾ ਭੱਟੀ ਦਾ ਅਸਲ ਨਾਂ ਰਾਏ- ਅਬਦੁੱਲਾ ਖ਼ਾਨ ਭੱਟੀ ਸੀ ਜੋ ਰਾਜਪੂਤ ਭਾਈਚਾਰੇ ਨਾਲ ਸਬੰਧ ਰੱਖਦਾ ਸੀ।
ਉਹ ਮੁਗਲ ਸਮਰਾਟ ਅਕਬਰ ਦੇ ਖਿਲਾਫ ਬਗ਼ਾਵਤ ਕਰਨ ਲਈ ਪ੍ਰਸਿੱਧ ਹੋਇਆ। ਉਸਦੀ ਮਾਂ ਦਾ ਨਾਂ ਲੱਧੀ ਤੇ ਪਿਉ ਦਾ ਨਾਂ ਫਰੀਦ ਸੀ।ਦੁੱਲੇ ਦੀ ਮਾਂ ਲੱਧੀ ਨੇ ਅਕਬਰ ਦੇ ਪੁੱਤ ਸ਼ੇਖੂ ਨੂੰ ਦੁੱਧ ਚੁੰਘਾਇਆ ਤੇ ਮਹੱਲਾਂ ਵਿੱਚ ਦੁੱਧ ਚੁੰਘਾਵੀ ਦੇ ਤੌਰ ’ਤੇ ਕੰਮ ਕੀਤਾ। ਰਾਏ ਅਬਦੁੱਲਾ ਖਾਨ ਯਾਨੀ ਦੁੱਲਾ ਭੱਟੀ ਨੇ ਇਸ ਹੱਦ ਤੱਕ ਹਕੂਮਤ ਨੂੰ ਵਖਤ ਪਾ ਰੱਖਿਆ ਸੀ ਕਿ ਅਕਬਰ ਨੂੰ ਆਪਣੀ ਰਾਜਧਾਨੀ ਦਿੱਲੀ ਤੋਂ ਤਬਦੀਲ ਕਰਨੀ ਪਈ ਅਤੇ ਲਗਭਗ 20 ਸਾਲਾਂ ਲਈ ਲਾਹੌਰ ਵਿੱਚ, ਲਾਹੌਰ ਕਿਲ੍ਹੇ ਨੂੰ ਆਪਣਾ ਹੈੱਡਕੁਆਰਟਰ ਬਣਾਉਣਾ ਪਿਆ ਸੀ ਅਤੇ ਇਹਦੇ ਬੁਨਿਆਦੀ ਢਾਂਚੇ ਨੂੰ ਵੀ ਬਦਲਣਾ ਪਿਆ ਸੀ। ਦੁੱਲੇ ਦੇ ਇਤਿਹਾਸ ਨੂੰ ਲੈਕੇ ਪੰਜਾਬੀ ਭਾਸ਼ਾ ਵਿੱਚ ਇੱਕ ਕਿੱਸਾ ਹੈ ਜਿਸਨੂੰ 'ਦੁੱਲੇ ਦੀ ਵਾਰ' ਕਿਹਾ ਜਾਂਦਾ ਹੈ। ਇਸ ਵਿੱਚ ਪਾਕਿਸਤਾਨੀ ਪੰਜਾਬ ਵਿੱਚ ਦੁੱਲਾ ਭੱਟੀ ਦੀ ਲੜਾਈ ਦੀਆਂ ਘਟਨਾਵਾਂ ਦਾ ਵਿਸਥਾਰ ਨਾਲ ਵਰਣਨ ਹੈ। 'ਦੁੱਲੇ ਦੀ ਬਾਰ' ਯਾਨੀ ਦੁੱਲਾ ਭੱਟੀ ਦਾ ਜੰਗਲ ਹੈ।
ਅਜਿਹੀ ਧਾਰਨਾ ਹੈ ਕਿ ਇਸ ਮਹਾਨ ਰਾਜਪੂਤ ਨਾਇਕ ਦੀ ਕਬਰ ਪਾਕਿਸਤਾਨ ਦੇ ਪੰਜਾਬ ਵਿਚ ਮੈਣੀ ਸਾਹਿਬ ਵਿਖੇ ਬਣੀ ਹੋਈ ਹੈ।
ਦੁੱਲੇ ਦੀ ਦਾਸਤਾਨ ਅਕਬਰ ਦੇ ਸਮੇਂ ਦੀ ਹੈ। ਦੁੱਲੇ ਦਾ ਦਾਦਾ ਸਾਂਦਲ ਭੱਟੀ ਬੜਾ ਬਹਾਦਰ ਆਗੂ ਸੀ। ਉਸਨੇ ਮੁਗ਼ਲ ਸਰਕਾਰ ਦੇ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ, ਜ਼ਮੀਨਾਂ ਦਾ ਲਗਾਨ ਦੇਣਾ ਬੰਦ ਕਰ ਦਿੱਤਾ। ਉਸਨੇ ਰਾਵੀ ਦੀ ਜੰਗ ਵਿੱਚ ਮੁਗ਼ਲ ਸਰਕਾਰ ਦੇ ਸੈਨਿਕਾਂ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ ਸੀ। ਦੁੱਲੇ ਦਾ ਪਿਉ ਫਰੀਦ ਵੀ ਉਵੇਂ ਹੀ ਸੂਰਬੀਰ ਸੀ। ਅਕਬਰ ਨੇ ਉਨ੍ਹਾਂ ਨੂੰ ਈਨ ਮਨਾਉਣ ਦੇ ਬੜੇ ਯਤਨ ਕੀਤੇ ਪਰ ਜਦ ਉਹ ਕਿਸੇ ਤਰ੍ਹਾਂ ਨਾ ਝੁਕੇ ਤਾਂ ਅਕਬਰ ਨੇ ਦਹਿਸ਼ਤ ਪਾਉਣ ਲਈ ਉਨ੍ਹਾਂ ਦੇ ਸਿਰ ਕਲਮ ਕਰਕੇ ਲਾਸ਼ਾਂ ਵਿੱਚ ਫੂਸ ਭਰ ਕੇ ਲਾਹੌਰ ਦੇ ਮੁੱਖ ਦਰਵਾਜੇ ’ਤੇ ਪੁੱਠੀਆਂ ਲਟਕਵਾ ਦਿੱਤੀਆਂ ਸਨ। ਅਜਿਹਾ ਮੰਨਿਆ ਜਾਂਦਾ ਹੈ ਕਿ ਦੁੱਲੇ ਭੱਟੀ ਦੀ ਮੌਤ 1599 ਵਿਚ ਹੋਈਸੀ।
ਲੋਹੜੀ ਦਾ ਇਤਿਹਾਸ :
ਦੁੱਲਾ ਭੱਟੀ ਦਾ ਜ਼ਿਕਰ ਲੋਹੜੀ ’ਤੇ ਵਿਸ਼ੇਸ਼ ਤੌਰ ’ਤੇ ਆਉਂਦਾ ਹੈ। ਇਲਾਕੇ ਦੇ ਗਰੀਬ ਲੋਕ ਦੁੱਲਾ ਭੱਟੀ ਦੀਰਹਿਮ ਦਿਲੀ ਤੇ ਦਰਿਆ ਮਿਲੀ ਦੇ ਕਾਇਲ ਸਨ। ਉਸਨੇ ਇਕਵਾਰ ਇਕ ਲੜਕੀ ਨੂੰ ਅਗਵਾਕਾਰਾਂ ਦੇ ਚੁੰਗਲ ਤੋਂ ਛੁਡਾਇਆ ਤੇਆਪਣੀ ਧੀ ਬਣਾ ਲਿਆ ਸੀ ਜਿਸਦਾ ਉਸਨੇ ਬਾਅਦ ਵਿਚ ਵਿਆਹ ਕੀਤਾ। ਉਸਨੇ ਵਿਆਹ ਵਿਚ ਲੜਕੀ ਨੂੰ ਸ਼ੱਕਰ ਤੋਹਫੇ ਵਜੋਂ ਦਿੱਤੀ ਸੀ। ਅਜਿਹਾ ਮੰਨਿਆ ਜਾਂਦਾ ਹੈ ਕਿ ਸੁੰਦਰੀ-ਮੁੰਦਰੀ ਇੱਕ ਗਰੀਬ ਬ੍ਰਾਹਮਣ ਦੀਆਂ ਮੰਗੀਆਂ ਹੋਈਆਂ ਧੀਆਂ ਸਨ ਪਰ ਗਰੀਬੀ ਕਾਰਨ ਵਿਆਹ ਵਿੱਚ ਦੇਰ ਹੋ ਰਹੀ ਸੀ। ਹਾਕਮ ਨੂੰ ਕੁੜੀਆਂ ਦੇ ਹੁਸਨ ਦਾ ਪਤਾ ਲੱਗ ਗਿਆ ਤਾਂ ਉਸ ਨੇ ਇਨ੍ਹਾਂ ਨੂੰ ਜ਼ੋਰੀਂ ਚੁੱਕਣ ਦੀ ਧਾਰ ਲਈ ਲਈ। ਇਸ ਦੀ ਭਿਣਕ ਬ੍ਰਾਹਮਣ ਨੂੰ ਵੀ ਪੈ ਗਈ। ਇਸ ਲਈ ਉਸਨੇ ਕੁੜੀਆਂ ਦਾ ਜਲਦੀ ਵਿਆਹ ਕਰਨ ਲਈ ਜੰਗਲ ਵਿੱਚ ਦੁੱਲੇ ਨਾਲ ਸੰਪਰਕ ਕੀਤਾ ਅਤੇ ਦੁੱਲੇ ਨੇ ਵਿਆਹ ਦੀ ਜਿੰਮੇਵਾਰੀ ਲੈ ਲਈ। ਇਹ ਵੀ ਮੰਨਿਆ ਜਾਂਦਾ ਹੈ ਕਿ ਕੁੜੀਆਂ ਦੇ ਸਹੁਰਿਆਂ ਨੇ ਹਾਕਮ ਤੋਂ ਡਰਦਿਆਂਰਾਤ ਸਮੇਂ ਹੀ ਵਿਆਹ ਕਰਨ ਦਾ ਫੈਸਲਾ ਲਿਆ। ਪਿੰਡ ਤੋਂ ਬਾਹਰ ਜੰਗਲ ਵਿੱਚ ਵਿਆਹ ਰਚਾਉਣ ਦਾ ਪ੍ਰਬੰਧ ਕੀਤਾ ਗਿਆ। ਰੋਸ਼ਨੀ ਲਈ ਲੱਕੜੀਆਂ ਇਕੱਠੀਆਂ ਕਰ ਕੇ ਅੱਗ ਬਾਲੀ ਗਈ। ਦੁੱਲੇ ਨੇ ਆਲੇ-ਦੁਆਲੇ ਦੇ ਪਿੰਡਾਂ ਤੋਂ ਦਾਨ ਇਕੱਠਾ ਕੀਤਾ। ਪਿੰਡ ਵਿੱਚ ਜਿਨ੍ਹਾਂ ਦੇ ਘਰ ਨਵੇਂ ਵਿਆਹ ਹੋਏ ਸਨ ਜਾਂ ਜਿਨ੍ਹਾਂ ਦੇ ਬਾਲ ਜਨਮੇ ਸਨ ਉਨ੍ਹਾਂ ਨੇ ਵੀ ਸੁੰਦਰ-ਮੁੰਦਰੀ ਦੇ ਵਿਆਹ ’ਤੇ ਆਪਣੇ ਵੱਲੋਂ ਕੁਝ ਨਾ ਕੁਝ ਗੁੜ-ਸ਼ੱਕਰ ਤੇ ਦਾਣੇ ਆਦਿ ਦੇ ਰੂਪ ਵਿੱਚ ਦਾਨ ਦਿੱਤਾ। ਦੁੱਲੇ ਕੋਲ ਕੰਨਿਆ-ਦਾਨ ਦੇਣ ਲਈ ਇੱਕ ਲੱਪ ਸ਼ੱਕਰ ਦੀ ਹੀ ਸੀ। ਕੁੜੀਆਂ ਦਾ ਡੋਲਾ ਤੁਰ ਗਿਆ ਤੇ ਗ਼ਰੀਬ ਬ੍ਰਾਹਮਣ ਨੇ ਦੁੱਲੇ ਦਾ ਲੱਖ-ਲੱਖ ਸ਼ੁਕਰ ਕੀਤਾ।
ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਸਮੇਂ ਤੋਂ ਹੀ ਲੋਹੜੀ ਮਨਾਉਣ ਦਾ ਰਿਵਾਜ ਪੈ ਗਿਆ।ਇਸੇ ਕਾਰਨ ਹਰ ਲੋਹੜੀ ਦੇ ਦਿਨ ਦੁੱਲੇ ਨੂੰ ਹਰ ਲੋਹੜੀ ਦੇ ਸਮੇਂ ਯਾਦ ਕੀਤਾ ਜਾਂਦਾ ਹੈ। ਛੋਟੇ ਛੋਟੇ ਬੱਚੇ ਜਦ ਲੋਹੜੀ ਮੰਗਣ ਲੋਕਾਂ ਦੇ ਘਰਾਂ ’ਚ ਜਾਂਦੇ ਹਨ ਤਾਂ ਉਹ ਇਹ ਗੀਤ ਗਾਉਂਦੇ ਹੋਏ ਨਜ਼ਰ ਆਉਂਦੇ ਹਨ।:
ਸੁੰਦਰ ਮੁੰਦਰੀਏ ਹੋ!
ਤੇਰਾ ਕੌਣ ਵਿਚਾਰ ਹੋ!
ਦੁੱਲਾ ਭੱਟੀ ਵਾਲਾ ਹੋ!
ਦੁੱਲੇ ਧੀ ਵਿਆਹੀ ਹੋ!
ਸੇਰ ਸੱਕਰ ਪਾਈ ਹੋ!
ਕੁੜੀ ਦਾ ਲਾਲ ਪਤਾਕਾ ਹੋ!
ਕੁੜੀ ਦਾ ਸਾਲੂ ਪਾਟਾ ਹੋ!
ਸਾਲੂ ਕੌਣ ਸਮੇਟੇ!
ਚਾਚਾ ਗਾਲ਼ੀ ਦੇਸੇ!
ਚਾਚੇ ਚੂਰੀ ਕੁੱਟੀ!
ਜ਼ਿੰਮੀਦਾਰਾਂ ਲੁੱਟੀ!
ਜ਼ਿੰਮੀਦਾਰ ਸੁਧਾਏ!
ਗਿਣ ਗਿਣ ਪੌਲੇ ਲਾਏ!
ਇੱਕ ਭੋਲ਼ਾ ਰਹਿ ਗਿਆ!
ਸਿਪਾਹੀ ਫੜ ਕੇ ਲੈ ਗਿਆ!
ਸਿਪਾਹੀ ਨੇ ਮਾਰੀ ਇੱਟ!
ਭਾਵੇਂ ਰੋ 'ਤੇ ਭਾਵੇਂ ਪਿੱਟ!
ਸਾਨੂੰ ਦੇ ਦੇ ਲੋਹੜੀ,
'ਤੇ ਤੇਰੀ ਜੀਵੇ ਜੋੜੀ!
-
ਜਗਤਾਰ ਸਿੰਘ, ਪੱਤਰਕਾਰ ਅਤੇ ਲੇਖਕ
jagtarsingh6398@gmail.com
99142-13103
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.